ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਐਡੀਲੇਡ(ਆਸਟਰੇਲੀਆ) ਵੱਸਦੇ ਪੰਜਾਬੀ ਮਨੋਵਿਗਿਆਨੀ ਤੇ ਵਾਰਤਕਕਾਰ ਰਿਸ਼ੀ ਗੁਲ੍ਹਾਟੀ ਦੀ ਪੁਸਤਕ ਜ਼ਿੰਦਗੀ ਅਜੇ ਬਾਕੀ ਹੈ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿਖੇ ਲੋਕ ਅਪਰਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਚ ਵੱਸਦੇ ਪੰਦਾਬੀਆਂ ਦੇ ਮਨੋਵਿਗਿਆਨ ਨੂੰ ਸਮਝਣਾ, ਗੁੰਝਲਾਂ ਨੂੰ ਸੁਲਝਾਉਣਾ ਏਨਾ ਸਹਿਲ ਕਾਰਜ ਨਹੀਂ ਹੈ। ਵਿਸ਼ੇਸ਼ ਸੰਮੋਹਨ ਮੁਹਾਰਤ ਵਿਧੀ ਨਾਲ ਰਿਸ਼ੀ ਗੁਲ੍ਹਾਟੀ ਨੇ ਇਸ ਵਿੱਚ ਮਹੱਤਵਪੂਰਨ ਸਥਾਨ ਬਣਾਇਆ ਹੈ ਅਤੇ ਆਪਣੇ ਤਜ਼ਰਬਿਆਂ ਦੇ ਆਧਾਰ ਤੇ ਜ਼ਿੰਦਗੀ ਅਜੇ ਬਾਕੀ ਹੈ ਪੁਸਤਕ ਦੀ ਸਿਰਜਣਾ ਕੀਤੀ ਹੈ। ਉਨਾਂ ਕਿਹਾ ਕਿ ਆਤਮ ਹੱਤਿਆ ਦੀ ਸੋਚ ,ਆਤਮ ਵਿਸ਼ਵਾਸ ਦੀ ਘਾਟ, ਗੁੱਸਾ, ਬੁਰੀਆਂ ਆਦਤਾਂ ਤੇ ਘਰੇਲੂ ਕਾਟੋ ਕਲੇਸ਼ ਨੇ 21ਵੀਂ ਸਦੀ ਨੂੰ ਪਹਿਲੇ ਦੋ ਦਹਾਕਿਆਂ ਚ ਹੀ ਅਮਰਵੇਲ ਵਾਂਗ ਘੇਰ ਲਿਆ ਹੈ, ਇਸ ਤੋਂ ਮੁਕਤੀ ਲਈ ਦੇਸ਼ ਬਦੇਸ਼ ਚ ਵੱਸਦੇ ਪੰਜਾਬੀਆਂ ਨੂੰ ਅਤਮ ਵਿਸ਼ਵਾਸ ਲਹਿਰ ਚਲਾਉਣ ਦੀ ਲੋੜ ਹੈ। ਇਸ ਮੌਕੇ ਪੁਸਤਕ ਨੂੰ ਆਸ਼ੀਰਵਾਦ ਦਿੰਦਿਆਂ ਪ੍ਰਸਿੱਧ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ: ਵਾਈਸ ਚਾਂਸਲਰ ਪ੍ਰੋ: ਪਿਰਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਬਦੇਸ਼ਾਂ ਚ ਰਹਿ ਕੇ ਸਾਹਿੱਤ ਸਿਰਜਣਾ ਕਰਨਾ ਆਸਾਨ ਕੰਮ ਨਹੀਂ ਸਗੋਂ ਤਾਰ ਤੇ ਤੁਰਨ ਬਰਾਬਰ ਹੈ। ਅਸਲ ਚ ਇਹ ਲੋਕ ਮਾਂ ਬੋਲੀ ਦੇ ਪਰਦੇਸ ਚ ਅਣਐਲਾਨੇ ਰਾਜਦੂਤ ਹੁੰਦੇ ਹਨ ਜਿੰਨ੍ਹਾਂ ਦੀ ਸਰਾਹਣਾ ਕਰਨੀ ਬਣਦੀ ਹੈ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੂੰ ਇਹੋ ਜਹੇ ਲੇਖਕਾਂ ਨਾਲ ਸੰਪਰਕ ਹੋਰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਸਤਕ ਦੇ ਮੁੱਢਲੇ ਪੰਨਿਆਂ ਤੇ ਰੰਗੀਨ ਇਸ਼ਤਿਹਾਰਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਇਸ ਨਾਲ ਪੁਸਤਕ ਦੀ ਪੜ੍ਹਨ ਵਾਲੇ ਦੀ ਬਿਰਤੀ ਖੰਡਿਤ ਹੁੰਦੀ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਸਲੋਂ ਨਵੇਂ ਵਿਸ਼ੇ ਤੇ ਪਰਦੇਸੀ ਪਰਿਵਾਰਾਂ ਲਈ ਇਹ ਕਿਤਾਬ ਸਫ਼ਲ ਮਾਰਗ ਦਰਸ਼ਕ ਬਣਨ ਦੀ ਸਮਰਥਾ ਰੱਖਦੀ ਹੈ ਪਰ ਮੁਸੀਬਤ ਇਹ ਹੈ ਕਿ ਬਦੇਸ਼ਾਂ ਚ ਵੱਸਦੀ ਨਵੀਂ ਪੀੜ੍ਹੀ ਗੁਰਮੁਖੀ ਅੱਖਰਾਂ ਤੋਂ ਪਰਹੇਜ਼ਗਾਰ ਹੈ। ਇਸ ਪੁਸਤਕ ਦਾ ਹਿੰਦੀ ਤੇ ਅੰਗਰੇਜ਼ੀ ਚ ਵੀ ਅਨੁਵਾਦ ਛਪਣਾ ਚਾਹੀਦਾ ਹੈ ਤਾਂ ਜੋ ਵਿਸ਼ਾਲ ਪਾਠਕ ਵਰਗ ਤੀਕ ਇਹ ਗਿਆਨ ਪੁੱਜ ਸਕੇ। ਉਨ੍ਹਾਂ ਇੰਡੋਜ਼ ਪੰਜਾਬੀ ਸਾਹਿੱਤ ਅਕਾਡਮੀ ਆਫ ਆਸਟਰੇਲੀਆ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਪ੍ਰੇਰਨਾ ਅਤੇ ਪਹਿਲਕਦਮੀ ਕਾਰਨ ਇਹ ਮਹੱਤਵਪੂਰਨ ਕਿਤਾਬ ਸਾਡੇ ਤੀਕ ਪਹੁੰਚੀ ਹ ਜਿਸ ਵਿੱਚ ਮਾਨਸਿਕ ਸਿਹਤ ਵਰਗੇ ਮਹੱਤਵਪੂਰਨ ਵਿਸ਼ੇ ਤੇ ਲਿਖ ਕੇ ਰਿਸ਼ੀ ਗੁਲ੍ਹਾਟੀ ਜੀ ਨੇ ਅਹਿਮ ਕੰਮ ਕੀਤਾ ਹੈ। ਕਾਲਿਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਪੁਸਤਕ ਪਾਠ ਪੁਸਤਕ ਵਾਂਗ ਗਿਆਨ ਦੇ ਖਿੜਕੀਆਂ ਦਰਵਾਜ਼ੇ ਖੋਲ੍ਹ ਕੇ ਸਾਨੂੰ ਜੀਵਨ ਦੀ ਭਰਪੂਰਤਾ ਦੇ ਦਰਸ਼ਨ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਬਦੇਸ਼ਾਂ ਚ ਰਹਿੰਦੇ ਲੇਖਕਾਂ ਲਈ ਇਹ ਕਾਲਿਜ ਤੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਲਗਾਤਾਰ ਕਾਰਜਸ਼ੀਲ ਰਹੇਗਾ। ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ, ਮੈਨੇਜਮੈਂਟ ਮੈਂਬਰ ਕੁਲਜੀਤ ਸਿੰਘ , ਹਰਦੀਪ ਸਿੰਘ ਤੇ ਹਰਸ਼ਰਨ ਸਿੰਘ ਨਰੂਲਾ (ਨਾਈਜੇਰੀਆ) ਨੇ ਵੀ ਰਿਸ਼ੀ ਗੁਲ੍ਹਾਟੀ ਜੀ ਨੂੰ ਖੂਬਸੂਰਤ ਕਿਤਾਬ ਲਿਖਣ ਲਈ ਮੁਬਾਰਕ ਭੇਂਟ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ, ਪ੍ਰੋ: ਸ਼ਰਨਜੀਤ ਕੌਰ ਤੇ ਡਾ: ਤੇਜਿੰਦਰ ਕੌਰ ਨੇ ਵੀ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਇਸ ਬਾਰੇ 23-24 ਜਨਵਰੀ ਨੂੰ ਜੀ ਜੀ ਐੱਨ ਖਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਕਰਵਾਈ ਜਾਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਅਧਿਐਨ ਦਾ ਵਿਸ਼ਾ ਬਣਾਇਆ ਜਾਵੇਗਾ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।