You are here

ਪੰਜਾਬ

ਡਾ ਮਨਮੋਹਨ ਸਿੰਘ ਦਾ ਬਿਆਨ ਗਾਂਧੀ ਪਰਿਵਾਰ ਨੂੰ ਦੋਸ਼ ਮੁਕਤ ਕਰਨ ਦੀ ਮੰਦਭਾਗੀ ਕੋਸ਼ਿਸ਼: ਸੁਖਬੀਰ ਸਿੰਘ ਬਾਦਲ

ਕਿਹਾ ਕਿ ਪਰ ਇਸ ਨਾਲ ਸਾਡੇ ਪੱਖ ਦੀ ਪੁਸ਼ਟੀ ਹੋਈ ਕਿ ਫੌਜ ਸਿੱਖਾਂ ਦਾ ਕਤਲੇਆਮ ਰੋਕ ਸਕਦੀ ਸੀ

ਸਰਦਾਰ ਬਾਦਲ ਨੇ ਇਹ ਸਾਬਿਤ ਕਰਨ ਲਈ ਸਰਕਾਰੀ ਰਿਕਾਰਡ ਪੇਸ਼ ਕੀਤੇ ਕਿ ਰਾਜੀਵ ਨੇ ਫੌਜ ਦੀ ਤਾਇਨਾਤੀ ਦੇ ਖ਼ਿਲਾਫ ਫੈਸਲਾ ਲਿਆ ਸੀ

ਕਿਹਾ ਕਿ ਹੁਣ ਅਜਿਹੇ ਦਾਅਵੇ ਕਰਨਾ, ਜਦੋਂ ਰਾਓ ਅਤੇ ਗੁਜਰਾਲ ਇਸ ਦੁਨੀਆ ਵਿਚ ਨਹੀਂ ਹਨ, ਬਿਲਕੁੱਲ ਹੀ ਅਨੈਤਿਕ ਹਰਕਤ ਹੈ

ਚੰਡੀਗੜ੍ਹ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

 ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਤਾਇਨਾਤ ਨਾ ਕਰਨ ਦਾ ਫੈਸਲਾ ਕਿਸੇ ਨੇ ਲਿਆ ਸੀ, ਦੇ ਮੁੱਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਘੇਰ ਲਿਆ ਹੈ। ਉਹਨਾਂ ਇਹ ਸਾਬਿਤ ਕਰਨ ਲਈ ਦਿੱਲੀ ਸਰਕਾਰ ਦੇ ਸਰਕਾਰੀ ਰਿਕਾਰਡਾਂ ਦਾ ਹਵਾਲਾ ਦਿੱਤਾ ਹੈ ਕਿ ਇਹ ਰਾਜੀਵ ਗਾਂਧੀ ਹੀ ਸੀ, ਜਿਸ ਨੇ ਦਿੱਲੀ ਦੇ ਅਧਿਕਾਰੀਆਂ ਦੇ ਫੌਜ ਸੱਦਣ ਦੀਆਂ ਸਿਫਾਰਿਸ਼ਾਂ ਨੂੰ ਠੁਕਰਾ ਦਿੱਤਾ ਸੀ। ਇਸ ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰੀ ਰਿਕਾਰਡ ਬਿਲਕੁੱਲ ਸਪੱਸ਼ਟ ਕਰਦੇ ਹਨ ਕਿ   ਫੌਜ ਤਾਇਨਾਤ ਨਾ ਕਰਨ ਦਾ ਫੈਸਲਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਰਿਹਾਇਸ਼ ਉੱਤੇ ਸੱਦੀ ਮੀਟਿੰਗ ਵਿਚ ਲਿਆ ਗਿਆ ਸੀ। ਪਰੰਤੂ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਨੇ ਫੌਜ ਨਾ ਸੱਦਣ ਲਈ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਦਿੱਤੇ ਬਿਆਨ ਨੂੰ ਪੜ੍ਹ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ, ਜਿਹਨਾਂ ਨੇ ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਨੂੰ ਨਾ ਸੱਦਣ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਦੋਸ਼ੀ ਠਹਿਰਾਇਆ ਹੈ।

ਡਾਕਟਰ ਮਨਮੋਹਨ ਸਿੰਘ ਦੇ ਬਿਆਨ ਨੂੰ 'ਰਾਜੀਵ ਗਾਂਧੀ ਅਤੇ ਨਹਿਰੂ ਗਾਂਧੀ ਪਰਿਵਾਰ ਦਾ ਦੋਸ਼ ਉਸ ਸਮੇਂ ਦੇ ਗ੍ਰਹਿ ਮੰਤਰੀ ਉੱਤੇ ਮੜ੍ਹਣ ਦੀ ਇੱਕ ਮੰਦਭਾਗੀ ਕੋਸ਼ਿਸ਼' ਕਰਾਰ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਡਾਕਟਰ ਸਿੰਘ ਵੱਲੋਂ ਕੀਤਾ ਦਾਅਵਾ ਨਾ ਸੱਚਾ ਅਤੇ ਨਾ ਹੀ ਢੁੱਕਵਾਂ ਹੈ।  ਉਹਨਾਂ ਕਿਹਾ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਇਹ ਇਸ ਲਈ ਮੰਦਭਾਗਾ ਹੈ, ਕਿਉਂਕਿ ਇਹ ਡਾਕਟਰ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਹੈ, ਜਿਹਨਾਂ ਦਾ ਅਸੀਂ ਹਮੇਸ਼ਾਂ ਸਤਿਕਾਰ ਕੀਤਾ ਹੈ। ਇਹ ਬਿਆਨ ਇਸ ਲਈ ਨਿੰਦਣਯੋਗ ਹੈ, ਕਿਉਂਕਿ ਇਸ ਵਿਚ ਦੋ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਅਤੇ ਆਈਕੇ ਗੁਜਰਾਲ ਨੂੰ ਘਸੀਟਿਆ ਗਿਆ ਹੈ, ਜਿਹਨਾਂ ਵਿਚੋਂ ਕੋਈ ਵੀ ਇਸ ਦਾਅਵੇ ਦਾ ਖੰਡਨ ਕਰਨ ਲਈ ਇਸ ਸੰਸਾਰ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਸਿੰਘ ਨੇ ਇੰਨੇ ਸਾਲਾਂ ਦੌਰਾਨ ਇਸ ਮੁੱਦੇ ਉੱਪਰ ਚੁੱਪ ਧਾਰੀ ਰੱਖੀ, ਜਦੋਂ ਜਦੋਂ ਰਾਓ ਅਤੇ ਗੁਜਰਾਲ ਜੀਉਂਦੇ ਸਨ ਅਤੇ ਇਸ ਦਾ ਜੁਆਬ ਦੇ ਸਕਦੇ ਸਨ।

ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਡਾਕਟਰ ਸਿੰਘ ਦਾ ਬਿਆਨ ਸਪੱਸ਼ਟ ਰੂਪ ਵਿਚ ਸਾਡੇ ਪੱਖ ਦੀ ਪੁਸ਼ਟੀ ਕਰਦਾ ਹੈ ਕਿ ਆਜ਼ਾਦ ਭਾਰਤ ਅੰਦਰ ਵਾਪਰੇ ਉਸ ਸਭ ਤੋਂ ਦੁਖਾਂਤਕ ਕਤਲੇਆਮ ਨੂੰ ਬੜੀ ਆਸਾਨੀ ਨਾਲ ਰੋਕਿਆ ਜਾ ਸਕਦਾ, ਜੇਕਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੱਥੋਂ ਬਾਹਰ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਸਮੇਂ ਸਿਰ ਫੌਜ ਸੱਦਣ ਦੀ ਆਗਿਆ ਦੇ ਦਿੱਤੀ ਹੁੰਦੀ। ਉਹਨਾਂ ਕਿਹਾ ਕਿ ਪਰ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਕਮਜ਼ੋਰ ਦਲੀਲ ਨਾਲ ਗਾਂਧੀ ਪਰਿਵਾਰ ਦੇ ਬਚਾਅ ਵਾਸਤੇ ਅੱਗੇ ਆਉਣ ਵਿਚ 35 ਸਾਲ ਲੱਗ ਗਏ।

ਸਰਦਾਰ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਿਕਾਰਡਾਂ ਨੂੰ ਦੁਬਾਰਾ ਚੈਕ ਕਰਨ, ਜਿਹਨਾਂ ਵਿਚ ਉਸ ਸਮੇਂ ਦੇ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਚੰਦਰ ਪਰਕਾਸ਼ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਫੌਜ ਨੂੰ ਨਾ ਸੱਦਣ ਦਾ ਫੈਸਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਰਿਹਾਇਸ਼ ਉੱਤੇ ਹੋਈ ਮੀਟਿੰਗ ਵਿਚ ਲਿਆ ਜਾ ਚੁੱਕਿਆ ਸੀ। ਆਪਣੇ ਸਰਕਾਰੀ ਰਿਕਾਰਡ ਵਿਚ ਡੀਸੀ ਨੇ ਲਿਖਿਆ ਸੀ ਕਿ ਉਹਨਾਂ ਨੇ ਫੌਜ ਤਾਇਨਾਤ ਕਰਨ ਅਤੇ ਕਰਫਿਊ ਲਗਾਉਣ ਦੀ ਸਿਫਾਰਿਸ਼ ਕੀਤੀ ਸੀ, ਪਰੰਤੂ ਦਿੱਲੀ ਦੇ ਵਧੀਕ ਪੁਲਿਸ ਕਮਿਸ਼ਨਰ ਗੌਤਮ ਕੌਲ ਨੇ ਮੇਰੇ ਸੁਝਾਅ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਤੇ ਕੁੱਝ ਸਮਾਂ ਪਹਿਲਾਂ ਇੱਕ ਮੀਟਿੰਗ ਹੋ ਚੁੱਕੀ ਹੈ ਅਤੇ ਉਸ ਮੀਟਿੰਗ ਵਿਚ ਫੌਜ ਨੂੰ ਨਾ ਸੱਦਣ ਅਤੇ  ਕਰਫਿਊ ਨਾ ਲਗਾਉਣ ਦਾ ਫੈਸਲਾ ਲਿਆ ਜਾ ਚੁੱਕਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਰਾਓ ਵਿਰੁੱਧ ਸਭ ਤੋਂ ਮਾੜਾ ਇਹੀ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਉਹ ਰਾਜੀਵ ਨਾਲ ਮਿਲ ਗਿਆ ਸੀ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਬਾਅਦ ਵਿਚ ਪ੍ਰਧਾਨ ਮੰਤਰੀ ਬਣੇ ਮਰਹੂਮ ਸ੍ਰੀ ਆਈਕੇ ਗੁਜਰਾਲ ਤੋਂ ਇਲਾਵਾ ਏਅਰ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਜੇ ਐਸ ਅਰੋੜਾ, ਉੱਘੇ ਲੇਖਕ ਪਤਵੰਤ ਸਿੰਘ ਅਤੇ ਕਪੂਰਥਲਾ ਸ਼ਾਹੀ ਪਰਿਵਾਰ ਦੇ ਸੁਖਜੀਤ ਸਿੰਘ ਵੱਲੋਂ ਵੀ  ਕੀਤੀ ਗਈ ਸੀ, ਜਿਹੜੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਮਿਲੇ ਸਨ ਅਤੇ ਉਸ ਨੂੰ ਫੌਜ ਤਾਇਨਾਤ ਕਰਨ ਦੀ ਬੇਨਤੀ ਕੀਤੀ ਸੀ। ਪਰੰਤੂ ਗਿਆਨੀ ਜੀ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਨਰਸਿਮਹਾ ਰਾਓ ਕੋਲ ਭੇਜ ਦਿੱਤਾ ਸੀ। ਪਰੰਤੂ ਜਦੋਂ ਇਹਨਾਂ ਉੱਘੇ ਪੰਜਾਬੀਆਂ ਨੇ ਸ੍ਰੀ ਰਾਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗ੍ਰਹਿ ਮੰਤਰੀ ਦੇ ਸਟਾਫ ਵੱਲੋਂ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਰਾਓ  ਰਾਜੀਵ ਗਾਂਧੀ ਦੇ ਘਰ ਮੀਟਿੰਗ ਵਿਚ ਸੀ। ਸਰਦਾਰ ਬਾਦਲ ਨੇ ਕਿਹਾ ਕਿ ਬਾਅਦ ਵਿਚ ਡਿਪਟੀ ਕਮਿਸ਼ਨਰ ਚੰਦਰ ਪ੍ਰਕਾਸ਼ ਨੇ ਗੌਤਮ ਕੌਲ ਦਾ ਹਵਾਲਾ ਦਿੱਤਾ ਸੀ, ਜਿਸ ਨੇ ਇਸੇ ਮੀਟਿੰਗ ਬਾਰੇ ਦੱਸਦਿਆਂ ਕਿਹਾ ਸੀ ਕਿ ਫੌਜ ਨਾ ਸੱਦਣ ਦਾ ਫੈਸਲਾ ਲਿਆ ਜਾ ਚੁੱਕਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਹੀ ਡਾਕਟਰ ਸਿੰਘ ਦਾ ਬਹੁਤ ਸਤਿਕਾਰ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਡਾਕਟਰ ਸਿੰਘ ਦੇ ਦਿਲ ਦਾ ਆਪਰੇਸ਼ਨ ਹੋਇਆ ਸੀ ਤਾਂ ਸਰਦਾਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹਨਾਂ ਦੀ ਤੰਦਰੁਸਤੀ ਲਈ ਆਖੰਡ ਪਾਠ ਵੀ ਕਰਵਾਇਆ ਸੀ। ਉਹਨਾਂ ਲਈ ਸਾਡਾ ਸਤਿਕਾਰ ਹਮੇਸ਼ਾਂ ਬਣਿਆ ਰਹੇਗਾ, ਪਰੰਤੂ ਡਾਕਟਰ ਸਿੰਘ ਦੇ ਤਾਜ਼ਾ ਬਿਆਨ ਨੇ ਸਾਨੂੰ, ਸਮੁੱਚੇ ਸਿੱਖ ਭਾਈਚਾਰੇ ਨੂੰ ਅਤੇ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਸਾਰੇ ਵਿਅਕਤੀਆਂ ਨੂੰ ਵੱਡੀ ਠੇਸ ਪਹੁੰਚਾਈ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਨੇ ਫੌਜ ਨੂੰ ਉਹਨਾਂ ਸਿੱਖਾਂ ਦੀ ਮੱਦਦ ਲਈ ਆਉਣ ਦੀ ਆਗਿਆ ਨਹੀਂ ਸੀ ਦਿੱਤੀ, ਜਿਹਨਾਂ ਨੂੰ ਗਾਂਧੀ ਪਰਿਵਾਰ ਦੇ ਨਿਰਦੇਸ਼ਾਂ ਉੱਤੇ ਕਾਂਗਰਸੀ ਗੁੰਡਿਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਨੂੰ ਰਾਜੀਵ ਗਾਂਧੀ ਨੂੰ ਮਰਨ ਉਪਰੰਤ ਦਿੱਤਾ 'ਭਾਰਤ ਰਤਨ' ਦਾ ਖ਼ਿਤਾਬ ਵਾਪਸ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਤੁਰੰਤ ਸਾਰੀਆਂ ਸੰਸਥਾਵਾਂ, ਹਵਾਈ ਅੱਡਿਆਂ, ਸਰਕਾਰੀ ਇਮਾਰਤਾਂ ਅਤੇ ਸਕੀਮਾਂ ਉੱਪਰੋਂ ਗਾਂਧੀ ਪਰਿਵਾਰ ਦੇ ਮੈਬਰਾਂ ਦੇ ਨਾਂ ਹਟਾ ਦੇਣੇ ਚਾਹੀਦੇ ਹਨ।

ਦੋ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ

ਡੇਰਾ ਬਾਬਾ ਨਾਨਕ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਸਿੰਘਪੁਰਾ ਦਾ ਨਾਬਾਲਗ ਬੱਚਾ ਜੋ ਲੰਘੇ ਦੋ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਅੱਜ ਪਿੰਡ ਸਿੰਘਪੁਰਾ ਕੋਲ ਮਿਲੀ ਹੈ।
ਬੱਚੇ ਦੇ ਪਿਤਾ ਜਤਿੰਦਰ ਮਸੀਹ ਨੇ ਦੱਸਿਆ ਕਿ ਉਸ ਦਾ ਪੁੱਤਰ ਰਾਜਾ ਮਸੀਹ ਸੋਮਵਾਰ ਸ਼ਾਮ ਨੂੰ ਕਰੀਬ 7 ਵਜੇ ਘਰੋਂ ਨਜ਼ਦੀਕ ਹੋ ਰਹੇ ਵਿਆਹ ਨੂੰ ਦੇਖਣ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ। ਜਤਿੰਦਰ ਮਸੀਹ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਦੀ ਗੁੰਮਸ਼ਦਗੀ ਬਾਰੇ ਰਿਪੋਰਟ ਪੁਲੀਸ ਚੌਕੀ ਧਰਮਕੋਟ ਰੰਧਾਵਾ ਵਿੱਚ ਦਰਜ ਕਰਵਾਈ ਸੀ। ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦੇ ਪੁੱਤਰ ਰਾਜਾ ਮਸੀਹ (8) ਦੀ ਲਾਸ਼ ਪਿੰਡ ਸ਼ਾਹਪੁਰ ਕੋਲ ਮਿਲੀ ਹੈ। ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਬੱਚੇ ਦੇ ਸਰੀਰ ’ਤੇ ਮਾਮੂਲੀ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬੱਚੇ ਦੀ ਲਾਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਖੇਡ ਮੈਦਾਨ ’ਚ ਪਈ ਬੱਜਰੀ ਦੇ ਢੇਰ ਤੋਂ ਮਿਲੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜੀ ਗਈ ਹੈ।

ਰਾਮਗੜ੍ਹ ਦੇ ਸਕੂਲ ਨੂੰ ਜ਼ਿਲ੍ਹੇ ਚੋਂ ਪਹਿਲੇ ਨੰਬਰ ਦਾ ਸਕੂਲ ਬਣਾਉਣ ਦਾ ਮੇਰਾ ਸੁਪਨਾ - ਮੁੱਖ ਅਧਿਆਪਕ ਹਾਕਮ ਸਿੰਘ

ਮੈਡਮ ਮਨਜਿੰਦਰ ਕੌਰ ਨੇ 32000 ਦੀ  ਡਿਜੀਟਲ ਮੈਥ  ਲੈਬ ਆਪਣੀ ਜੇਬ ਖਰਚੇ ਚੋਂ ਬਣਾਈ 

ਬਰਨਾਲਾ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)- 

ਸਿੱਖਿਆ ਪ੍ਰਣਾਲੀ ਦੇ ਨਿੱਜੀਕਰਨ ਦੀ ਨੀਤੀ ਲਾਗੂ ਹੋਣ ਮਗਰੋਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਤੇ ਖ਼ਾਸਕਰ ਪ੍ਰਾਇਮਰੀ ਸਕੂਲਾਂ ਨੂੰ ਗਰਾਂਟਾਂ ,ਫ਼ੰਡ ਆਦਿ ਦੇਣਾ ਜ਼ਰੂਰੀ ਨਹੀਂ ਸਮਝਿਆ।  ਜਿਸ ਦਾ ਉਲਟਾ ਅਸਰ ਇਹ ਹੋਇਆ ਕਿ ਪੰਜਾਬ ਵਿੱਚ ਖੁੰਭਾਂ ਵਾਂਗ ਪ੍ਰਾਈਵੇਟ ਸਕੂਲ ਖੁੱਲ੍ਹ ਚੁੱਕੇ ਹਨ ਤੇ ਖੁੱਲ੍ਹ ਰਹੇ ਹਨ । ਪਰ ਕੁਝ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਮੁਢਲਾ ਫਰਜ਼ ਸਮਝਦੇ  ਪਹਿਲ ਕਦਮੀ ਕਰਦਿਆਂ ਸਰਕਾਰੀ ਸਕੂਲਾਂ ਨੂੰ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਉਣ ਦੇ ਯਤਨ ਜਾਰੀ  ਹਨ। ਜਿਸ ਦੀ ਤਾਜ਼ਾ ਮਿਸਾਲ ਪਿੰਡ ਰਾਮਗੜ੍ਹ ਦੇ ਸਰਕਾਰੀ ਹਾਈ ਸਕੂਲ ਤੋਂ ਮਿਲਦੀ ਹੈ ਜਿੱਥੇ ਮੁੱਖ ਅਧਿਆਪਕ ਸਰਦਾਰ ਹਾਕਮ ਸਿੰਘ ਮਾਸ਼ੀਕੇ ਦੀ ਅਗਵਾਈ ਹੇਠ ਦਾਨੀ ਸੱਜਣਾਂ ,ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ  ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਣਾਉਣ ਦੇ ਲਈ ਕੁਝ ਨਾ ਕੁਝ ਨਵਾਂ ਕਰ ਰਹੇ ਹਨ ।ਪੱਤਰਕਾਰਾਂ ਨੂੰ ਜਾਣਕਾਰੀ ਦੇ ਮੁੱਖ ਅਧਿਆਪਕ ਹਾਕਮ  ਸਿੰਘ ਨੇ ਦੱਸਿਆ ਕਿ ਉਕਤ ਸਕੂਲ ਵਿੱਚ ਉਨ੍ਹਾਂ ਦੀ 2005 ਦੇ ਵਿੱਚ ਬਤੌਰ ਸਕੂਲ ਇੰਚਾਰਜ ਬਦਲੀ ਹੋਈ ਸੀ ।  ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰਾ ਸਟਾਫ ਸਕੂਲ ਨੂੰ  ਸੁੰਦਰ ਬਣਾਉਣ ਦਾ ਯਤਨ ਕਰ ਰਹੇ ਹਾਂ ।  ਜਿਸ ਵਿੱਚ ਸੁੰਦਰ ਫੁੱਲ, ਕੰਧਾਂ ਤੇ ਵੱਖ ਵੱਖ ਤਰ੍ਹਾਂ ਦੇ ਦੇਸ਼ ਭਗਤੀ ਅਤੇ ਹੋਰ ਜਾਣਕਾਰੀ  ਭਰਭੂਰ ਮਾਟੋ ਰੰਗ ਕਰਵਾ ਕੇ ਲਿਖਾਏ ਗਏ ਹਨ ਅਤੇ ਇਹ ਕੰਮ ਨਿਰੰਤਰ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਮੇਰੀ ਧਰਮ ਪਤਨੀ ਮੈਥ  ਇੰਚਾਰਜ ਮੈਡਮ ਮਨਿੰਦਰ ਕੌਰ ਦੇ ਸਹਿਯੋਗ ਨਾਲ  ਸਕੂਲ ਵਿੱਚ ਇੱਕ ਡਿਜੀਟਲ ਮੈਥ ਲੈਬ  ਵੀ ਬਣਾਈ ਗਈ ਹੈ । ਜਿਸ ਤੇ ਸਾਰਾ ਹੋਣ ਵਾਲਾ 32000 ਤੋਂ ਵਧੇਰੇ ਦੀ ਰਕਮ ਵਾਲਾ ਖਰਚਾ ਉਨ੍ਹਾਂ ਨੇ ਆਪਣੀ ਨਿੱਜੀ ਜੇਬ ਵਿੱਚੋਂ ਕੀਤਾ ਹੈ । ਇਸ ਮੌਕੇ ਮੈਡਮ ਮਨਜਿੰਦਰ ਕੌਰ ਨੇ ਕਿਹਾ ਕਿ ਮੇਰੀ ਹਮੇਸ਼ਾ ਹੀ ਕੁਝ ਰਹੀ ਹੈ ਕਿ ਸਾਡੇ ਕੋਲ ਪੜ੍ਹ ਰਹੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਤਰ੍ਹਾਂ ਹਰ ਇੱਕ ਸਹੁਲਤ ਮੁਹੱਈਆ ਕਰਵਾਈ ਜਾਵੇ । ਅਖੀਰ ਵਿੱਚ ਮੁੱਖ ਅਧਿਆਪਕ ਹਾਕਮ  ਸਿੰਘ ਨੇ ਪਿੰਡ ਵਾਸੀਆਂ ਅਤੇ  NRI ਦਾਨੀ ਸੱਜਣ ਨੂੰ ਬੇਨਤੀ ਕੀਤੀ ਕਿ ਉਕਤ ਸਕੂਲ ਹੋਰ ਵਧੇਰੇ ਵਧੀਆ ਬਣਾਉਣ ਲਈ ਆਪਣਾ ਯੋਗਦਾਨ ਜ਼ਰੂਰ ਪਾਉਣ ਤਾਂ ਜੋ ਪਿੰਡ ਰਾਮਗੜ੍ਹ ਦਾ ਸਕੂਲ ਬਰਨਾਲਾ ਜ਼ਿਲ੍ਹੇ ਵਿੱਚੋਂ   ਪਹਿਲੇ ਨੰਬਰ ਦਾ ਸਕੂਲ ਬਣ ਸਕੇ । ਇਸ ਮੌਕੇ ਸਕੂਲੀ ਸਟਾਫ ਵਿੱਚ ਕੁਲਵਿੰਦਰ ਸਿੰਘ ਮੈਡਮ ਹਰਪ੍ਰੀਤ ਕੌਰ ਮੈਡਮ ਹਰਮਨਦੀਪ ਕੌਰ ਅੰਮ੍ਰਿਤਪਾਲ ਕੌਰ ਰਾਜੀਵ ਗੁਪਤਾ ਗਗਨਦੀਪ ਕੌਰ ਹਾਜ਼ਰ ਸਨ।

ਗਲਤ ਹਰਕਤਾਂ ਵਾਲੇ ਸਾੲਿੰਸ ਅਧਿਅਾਪਕ ਖ਼ਿਲਾਫ਼ ਸਕੂਲ ਅੱਗੇ ਲੱਗਿਅਾ ਧਰਨਾ(ਵੀਡਿਓ)

ਜਿਲ੍ਹਾ ਸਿੱਖਿਅਾ ਅਫ਼ਸਰ ਤੇ SHO ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- 

ਬਰਨਾਲਾ ਜਿਲ੍ਹੇ ਦੇ ਪਿੰਡ ਛੀਨੀਵਾਲ ਖ਼ੁਰਦ ਦੇ ਸਰਕਾਰੀ ਹਾੲੀ ਸਕੂਲ ਦੇ ਸਾੲਿੰਸ ਅਧਿਅਾਪਕ ਹਰਮੀਤ ਸਿੰਘ ਠੀਕਰੀਵਾਲ ਦਾ ਵਿਵਾਦ ਠੱਲਣ ਦਾ ਨਾਮ ਨਹੀਂ ਲੈ ਰਿਹਾ। ਅੱਜ ਮਿਤੀ 4 ਦਸੰਬਰ ਨੂੰ ਪਿੰਡ ਸੱਦੋਵਾਲ ਤੇ ਛੀਨੀਵਾਲ ਖੁਰਦ ਦੀਅਾਂ ਪੰਚਾੲਿਤਾਂ, ਮਾਪਿਅਾਂ ਦੀ ਅਗਵਾੲੀ 'ਚ ਬੱਚਿਅਾਂ ਵੱਲੋਂ ਸਕੂਲ ਅੱਗੇ ਧਰਨਾਂ ਲਾੲਿਅਾ ਗਿਅਾ। ੲਿਸ ਮੌਕੇ ਪੰਚਾੲਿਤ ਮੈਬਰ ਪਰਗਟ ਸਿੰਘ ਨੇ ਦੋਸ਼ ਲਾੲੇ ਹਰਮੀਤ ਸਿੰਘ ਠੀਕਰੀਵਾਲ ਜੋ ਬੱਚਿਅਾਂ ਨੂੰ ਪੈਸੇ ਦੇ ਕੇ ਬਲੈਕਮੇਲ ਕਰਦਾ ਹੈ, ਅਸ਼ਲੀਲ ਤੇ ਗੈਂਗਸਟਰ ਬਣਾੳੁਣ ਲੲੀ ਭੜਕਾ ਰਿਹਾ ਹੈ, ਬੱਚਿਅਾਂ ਨੂੰ ਜਾਤੀਸੂਚਕ ਸ਼ਬਦ ਬੋਲਦਾ ਹੈ, ਮਾਨਸਿਕ ਤੌਰ 'ਤੇ ਅੱਤਿਅਾਚਾਰ ਕਰਦਾ ਹੈ। ੲਿਸ ਮੌਕੇ ਸਟੇਜ ਤੋਂ ਮੀਡੀਅਾ ਸਾਹਮਣੇ ਬੱਚਿਅਾਂ, ਮਾਪਿਅਾਂ, ਮਹਿਲਾ ਅਧਿਅਾਪਕਾਵਾਂ ਨੇ ਗੰਭੀਰ ਦੋਸ਼ ਲਾੲੇ। ਪਰਗਟ ਸਿੰਘ ਨੇ ਦੋਹਾਂ ਪਿੰਡਾਂ ਦੀਅਾਂ ਪੰਚਾੲਿਤਾਂ ਮਾਪਿਅਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਕਿ ੲਿਸ ਖਿਲਾਫ਼ ਯੋਗ ਧਰਾਵਾਂ ਤਹਿਤ ਪਰਜਾ ਦਰਜ ਕੀਤਾ ਜਾਵੇ ਅਤੇ ਸਿੱਖਿਅਾ ਵਿਭਾਗ ਅਜਿਹੇ ਗਲਤ ਅਨਸਰ ਨੂੰ ਬਰਖ਼ਾਸਤ ਕਰ ਮਹਿਕਮੇ ਤੋਂ ਬਾਹਰ ਦਾ ਰਸਤਾ ਵਿਖਾਵੇ। ੲਿਸ ਧਰਨੇ ਮੌਕੇ ਜਿਲ੍ਹਾ ਸਿੱਖਿਅਾ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਪੰਚਾੲਿਤਾਂ ਦੇ ਨੁਮਾੲਿੰਦਿਅਾਂ, ਜਨਤਕ ਜੱਥੇਬੰਦੀਅਾਂ 'ਚ ੲਿਸ ਮਾਮਲੇ ਦੀ ਪੜਤਾਲ ਲੲੀ ਕੱਲ੍ਹ ਮਿਤੀ 5 ਦਸੰਬਰ ਨੂੰ ੲਿਨਕੁਅਾਰੀ ਕਮੇਟੀ ਭੇਜਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਲਾੲੇ ਗੲੇ ਦੋਸ਼ ਅੈਨੇ ਗੰਭੀਰ ਹਨ, ਜੋ ੲਿਹ ਮਾਸਟਰ ਦੋਸ਼ੀ ਪਾੲਿਅਾ ਜਾਂਦਾ ਹੈ ਤਾਂ ਲਾਜ਼ਮ ਬਰਖ਼ਾਸਤ ਕੀਤਾ ਜਾਵੇਗਾ। ਜਿਲ੍ਹਾ ਸਿੱਖਿਅਾ ਅਫ਼ਸਰ ਨੇ ਸਕੂਲ ੲਿੰਚਾਰਜ ਮੱਘਰ ਸਿੰਘ ਦੇ ਗਲਤ ੲਿਕਪਾਸੜ ਵਿਵਹਾਰ ਕਰਕੇ ੳੁਨ੍ਹਾਂ ਤੋਂ ਚਾਰਜ ਲੈ ਕੇ ਮੈਡਮ ਮਿਸ਼ੂ ਰਾਣੀ ਨੂੰ ੲਿੰਚਾਰਜ ਲਾੳੁਣ ਬਾਰੇ ਕਿਹਾ। ਲੋਕਾਂ ਦੇ ੲਿਕੱਠ ਵਿੱਚ SHO ਟੱਲੇਵਾਲ ਮੈਡਮ ਕਮਲਜੀਤ ਕੌਰ ਨੇ ਵਾਅਦਾ ਕੀਤਾ ਕਿ ਕੱਲ੍ਹ ਸਿੱਖਿਅਾ ਵਿਭਾਗ ਦੀ ਟੀਮ ਦੇ ਨਾਲ ਹੀ ਪੁਲਿਸ ਪ੍ਰਸ਼ਾਸ਼ਨ ੲਿਸ ਮਾਮਲੇ ਦੇ ਸਬੰਧ 'ਚ ਪੀੜਤ ਬੱਚਿਅਾਂ, ਮਾਪਿਅਾਂ ਤੇ ਮਹਿਲਾ ਅਧਿਅਾਕਾਂ ਦੇ ਸਕੂਲ 'ਚ ਬਿਅਾਨ ਦਰਜ ਕਰ, ਦੋਸ਼ੀ ਪਾੲੇ ਜਾਣ 'ਤੇ ਪਰਚਾ ਦਰਜ਼ ਕਰਨਗੇ। ੲਿਸ ਸਾਰੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਅਾ। ਪੰਚਾੲਿਤ ਦੇ ਨੁਮਾੲਿੰਦਿਅਾਂ ਕਿਹਾ ਜੇ ੲਿਹ ਸਾਡੀਅਾਂ ਮੰਗਾਂ ਪੂਰੀਅਾਂ ਨਾ ਹੋੲੀਅਾਂ ਤਾਂ ਭਰਾਤਰੀ ਜੱਥੇਬੰਦੀਅਾਂ ਨੂੰ ਨਾਲ ਲੈ ਕੇ ਅਗਲਾ ਸੰਘਰਸ਼ ਵਿੱਢਣਗੇ। ਦੋਸ਼ੀ ਅਧਿਅਾਪਕ ਖਿਲਾਫ਼ ਪਰਚਾ ਦਰਜ ਕਰਨ ਦੀ ਰੋਹ ਭਰਭੂਰ ਨਾਅਰੇਬਾਜ਼ੀ ਕੀਤੀ ਗੲੀ।

ੲਿਸ ਮੌਕੇ ਭਰਾਤਰੀ ਜੱਥੇਬੰਦੀਅਾਂ ਵੱਲੋਂ ਕੁਲ ਹਿੰਦ ਸਿੱਖਿਅਾ ਅਧਿਕਾਰ ਮੰਚ ਦੇ ਜਿਲ੍ਹਾ ਕਨਵੀਨਰ ਵਰਿੰਦਰ ਦੀਵਾਨਾ, ੲਿਨਕਲਾਬੀ ਨੌਜਵਾਨ ਸਭਾ ਦੇ ਹਰਮਨਦੀਪ ਹਿੰਮਤਪੁਰਾ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਪ੍ਰੈਸ ਸਕੱਤਰ ਬਲਜਿੰਦਰ ਪ੍ਰਭੂ, ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ(ਜਿਲ੍ਹਾ ਸਕੱਤਰ), ਭਾਨ ਸਿੰਘ ਸੰਘੇੜਾ(ਜਿਲ੍ਹਾ ਪ੍ਰਧਾਨ), ਭਾਰਤੀ ਕਿਸਾਨ ਯੂਨੀਅਨ ੲੇਕਤਾ ੳੁਹਰਾਹਾਂ ਦੇ ਜਿਲ੍ਹਾ ਪ੍ਰਧਾਨ ਚਮਕੌਰ  ਨੈਣੇਵਾਲ, ਜਿਲ੍ਹਾ ੳੁਪ ਪ੍ਰਧਾਨ ਬੁੱਕਣ  ਸਿੰਘ ਅਾਦਿ ਨੇ ਸੰਬੋਧਨ ਕੀਤਾ ਕਿ ੳੁਹ  ਪੰਚਾੲਿਤਾਂ, ਮਾਪਿਅਾਂ ਵੱਲੋਂ ਧੱਕੇ ਧੋੜੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ 'ਚ ਸਾਥ ਦੇਣਗੇ। ਬੁਲਾਰਿਅਾਂ ਨੇ ਕਿਹਾ ਰਾਜਨੀਤਿਕ ਪਹੁੰਚ, ਪੈਸੇ ਦੇ ਰੋਅਬ 'ਚ ਬੱਚਿਅਾਂ ਨਾਲ ਬਦਸਲੂਕੀ ਕਰਨ ਵਾਲੇ ਸਾੲਿੰਸ ਮਾਸਟਰ ਹਰਮੀਤ ਸਿੰਘ ਠੀਕਰੀਵਾਲ ਖਿਲਾਫ਼ ਪੁਲਿਸ ਪਰਚਾ ਦਰਜ਼ ਕੀਤਾ ਜਾਵੇ, ਨੌਕਰੀ ਤੋਂ ਬਰਖਾਸਤ ਕੀਤਾ ਜਾਵੇੇ।

ੲਿਸ ਮੌਕੇ ਸਰਪੰਚ ਪਰਮਿੰਦਰ ਕੌਰ ਛੀਨੀਵਾਲ ਖੁਰਦ, ਸਰਪੰਚ ਸੁਖਵਿੰਦਰ ਸਿੰਘ ਸੱਦੋਵਾਲ, ਬਲਰਾਜ ਸਿੰਘ ਮੈਂਬਰ, ਬਲਵੰਤ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਰਮਨਦੀਪ ਸਿੰਘ ਤੇ ਦੋਹਾਂ ਪਿੰਡਾਂ ਦੇ ੲਿਨਸਾਫ਼ਪਸੰਦ ਲੋਕ ਹਾਜ਼ਰ ਸਨ।  (ਦੇਖੋ ਵੀਡਿਓ)

26 ਵੇਂ ਸਲਾਨਾ ਟੂਰਨਾਮੈਂਟ ਦੀਆਂ ਤਰੀਕਾ ਦਾ ਐਲਾਨ-

 27 ਦਸੰਬਰ ਤੋਂ ਪੈਣਗੀਆਂ ਮਹਿਲ ਕਲਾਂ ਦੀ ਧਰਤੀ ਤੇ  ਕਬੱਡੀਆਂ - ਸੋਨੋ ਕਨੇਡਾ  

ਬਰਨਾਲਾ ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)- 

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸਆਿ ਦੇ ਸਹਿਯੋਗ ਨਾਲ 26 ਵਾਂ ਸਲਾਨਾ ਸਾਨਦਾਰ ਪੇਂਡੂ ਖੇਡ ਮੇਲਾ ਮਿਤੀ 27,28,29 ਅਤੇ 30 ਦਸੰਬਰ ਸਹੀਦ ਕਿਰਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆਾ ਰਿਹਾ ਹੈ। ਇਹ ਜਾਣਕਾਰੀ ਸੋਨੋ ਕਨੇਡਾ ਅਤੇ ਕਲੱਬ ਦੇ ਪ੍ਰੈਸ ਸਕੱਤਰ ਬਲਜਿੰਦਰ ਪ੍ਰਭੂ ਨੇ ਦੱਸਿਆਂ ਕਿ 4 ਰੋਜ਼ਾ ਖੇਡ ਮੇਲੇ ਚ ਫੁੱਟਬਾਲ ਓਪਨ,ਟਰਾਲੀ ਬੈਕ,ਵਾਲੀਬਾਲ ਸੂਟਿੰਗ ,ਕਬੱਡੀ 55 ਕਿਲੋਂ, 75 ਕਿਲੋ ਅਤੇ ਓਪਨ ਦੇ ਸਾਨਦਾਰ ਮੁਕਾਬਲੇ ਕਰਵਾਏ ਜਾਣਗੇ। ਸੋਨੋ ਕਨੇਡਾ ਨੇ ਦੱਸਿਆ ਕਿ 27 ਦਸੰਬਰ ਨੂੰ ਫੁੱਟਬਾਲ ਦੇ ਮੁਕਾਬਲੇ, 28 ਦਸੰਬਰ ਕਬੱਡੀ 55 ਕਿਲੋਂ, ਵਾਲੀਬਾਲ ਸੂਟਿੰਗ , 29 ਦਸµਬਰ ਨੂੰ ਕਬੱਡੀ 75 ਕਿਲੋਂ  ਅਤੇ ਟਰਾਲੀ ਬੈਕ ਅਤੇ ਅਖਰੀਲੇ ਦਿਨ 30ਦਸੰਬਰ ਨੂੰ ਕਬੱਡੀ ਓਪਨ ਦੇ ਮੈਚਾਂ ਚ ਪµਜਾਬ ਨਾਮੀ ਖਿਡਾਰੀ ਆਪਣੀ ਕਲਾ ਦਾ ਪ੍ਰਦਰਸਨ ਕਰਨਗੇ। ਇਸ ਮੌਕੇ ਕਲੱਬ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਪੱਪੂ, ਮੁੱਖ ਸਲਾਹਕਾਰ ਰਵਿੰਦਰ ਰਵੀ, ਵਾਇਸ ਚੇਅਰਮੈਨ ਬੱਬੂ ਸਰਮਾ, ਵਾਇਸ ਪਰਧਾਨ ਜਗਦੀਪ ਸਰਮਾ,ਖਜਾਨਚੀ ਹਰਪਾਲ ਸਿੰਘ ਪਾਲਾ, ਸੁਖਦੀਪ ਸੀਪਾ, ਟੋਨੀ ਸਿੱਧੂ, ਅਮਰੀਕ ਸਿµਘ ਆਦਿ ਕਲੱਬ ਅਹੁਦੇਦਾਰ ਹਾਜਰ ਸਨ।

ਗਗਨ ਮਲਕ ਦੇ ਦਿਹਾਂਤ ਨਾਲ ਕਬੱਡੀ ਜਗਤ ਨੂੰ ਪਿਆ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ- ਵੀਡੀਓ

ਜਗਰਾਉਂ/ਲੁਧਿਆਣਾ, ਦਸੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

 ਅੰਤਰਰਾਸ਼ਟਰੀ ਕਬੱਡੀ ਿਖ਼ਡਾਰੀ ਗਗਨਦੀਪ ਸਿੰਘ ਧਾਲੀਵਾਲ (ਗਗਨ ਮਲਕ) ਦਾ ਜਨਮ 1992 ਨੂੰ ਪਿਤਾ ਪਿ੍ਤਪਾਲ ਸਿੰਘ ਪ੍ਰਧਾਨ ਦੇ ਘਰ ਅਤੇ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਪਿੰਡ ਲੀਲਾਂ ਮੇਘ ਸਿੰਘ ਨੇੜੇ ਜਗਰਾਉਂ ਵਿਖੇ ਹੋਇਆ | ਆਪਣੇ ਸਮੇਂ ਗਗਨ ਮਲਕ ਦਾ ਪਿਤਾ ਪਿ੍ਤਪਾਲ ਸਿੰਘ ਪਿ੍ਥੀ ਕਬੱਡੀ ਦਾ ਨਾਮੀ ਖਿਡਾਰੀ ਸੀ, ਜਿਸ ਨੂੰ ਦੇਖ ਕੇ ਗਗਨ ਵੀ ਛੋਟੀ ਉਮਰੇ ਕਬੱਡੀ ਖੇਡਣ ਲੱਗ ਗਿਆ | ਇਸ ਦੌਰਾਨ ਗਗਨ ਪਿੰਡ ਮਲਕ ਦੇ ਨੌਜਵਾਨਾਂ ਨਾਲ ਕਬੱਡੀ ਖੇਡਦਾ ਰਿਹਾ, ਜਿਸ ਕਾਰਨ ਗਗਨ ਦੇ ਨਾਂਅ ਨਾਲ ਪੱਕੇ ਤੌਰ 'ਤੇ ਪਿੰਡ ਮਲਕ ਦਾ ਨਾਂਅ ਜੁੜ ਗਿਆ ਅਤੇ ਖੇਡ ਮੈਦਾਨਾਂ 'ਚ ਗਗਨਦੀਪ ਸਿੰਘ ਧਾਲੀਵਾਲ ਗਗਨ ਮਲਕ ਦੇ ਨਾਂਅ ਨਾਲ ਜਾਣਿਆਂ ਜਾਣ ਲੱਗਾ | ਅਨੇਕਾਂ ਕਬੱਡੀ ਮੇਲਿਆਂ ਦਾ ਸ਼ਿੰਗਾਰ ਕਬੱਡੀ ਖਿਡਾਰੀ ਗਗਨ ਮਲਕ ਬੀਤੀ 25 ਨਵੰਬਰ ਨੂੰ ਆਪਣੇ ਬੁਲਟ ਮੋਟਰਸਾਈਕਲ 'ਤੇ ਮੁੱਲਾਂਪੁਰ ਤੋਂ ਵਾਪਿਸ ਆ ਰਿਹਾ ਸੀ | ਇਸ ਦੌਰਾਨ ਪਿੰਡ ਸੇਖੂਪੁਰਾ ਨਜ਼ਦੀਕ ਬਣੇ ਟੋਲ ਪਲਾਜ਼ਾ ਕੋਲ ਗਗਨ ਮਲਕ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਗਗਨ ਦੇ ਬੇਵਕਤੀ ਵਿਛੋੜੇ ਕਾਰਨ ਕਬੱਡੀ ਖੇਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਪਿੰਡ ਲੀਲਾ ਮੇਘ ਸਿੰਘ ਵਿਖੇ ਅੱਜ ਗਗਨ ਦੀਪ ਦੀ ਅੰਤਿਮ ਅਰਦਾਸ ਸਮੇ ਇਲਾਕਾ ਭਰ ਤੋਂ ਸੰਗਤਾਂ ਨੇ ਹਾਜਰੀਆਂ ਭਰਿਆ। ਉਸ ਸਮੇ ਹਜਾਰਾਂ ਦੀ ਗਿਣਤੀ ਵਿਚ ਜੁੜੇ ਲੋਕਾਂ ਵਲੋਂ ਨੇ ਆਪਣੇ ਹਰਮਨ ਪਿਆਰੇ ਕਬੱਡੀ ਖਿਡਾਰੀ ਨੂੰ ਸਰਦਾ ਦੇ ਫੁੱਲ ਭੇਟ ਕੀਤੇ। (ਇਸ ਸਮੇ ਨਾਲ ਜੁੜਨ ਲਈ ਦੇਖੋ ਵੀਡਿਓ )

ਕੇਂਦਰ ਵਲੋਂ ਮੁੱਕਰਨਾ ਮੰਦਭਾਗਾ-ਕਮਲਦੀਪ ਕੌਰ

ਪਟਿਆਲਾ,ਦਸੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)- 

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕੇਂਦਰ ਵਲੋਂ ਮੁਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅੱਜ ਸੰਸਦ 'ਚ ਆਪਣੇ ਬਿਆਨ ਤੋਂ ਮੁਕਰ ਜਾਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਕੀਤਾ ਗਿਆ ਇਕ ਕੋਝਾ ਮਜ਼ਾਕ ਹੈ ਅਤੇ ਧੋਖਾ ਹੈ।

ਗ੍ਰਹਿ ਮੰਤਰੀ ਦੇ ਬਿਆਨ ਨੇ ਸਿੱਖਾਂ ਨੰੂ ਡਾਹਢੀ ਪੀੜ ਪਹੰੁਚਾਈ-ਸੁਖਬੀਰ

ਚੰਡੀਗੜ੍ਹ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ, ਨੇ ਸਿੱਖਾਂ ਨੂੰ ਡਾਹਢੀ ਪੀੜ ਪਹੰੁਚਾਈ ਹੈ | ਉਨ੍ਹਾਂ ਕਿਹਾ ਕਿ ਅੱਜ ਸਾਨੰੂ ਸਾਰਿਆਂ ਨੰੂ ਬਹੁਤ ਵੱਡਾ ਧੱਕਾ ਲੱਗਾ ਹੈ, ਜਦੋਂ ਕਿ ਪਿਛਲੇ ਮਹੀਨੇ ਬਿਆਨ ਛਪੇ ਸਨ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਹੈ ਪਰ ਅੱਜ ਦੇ ਬਿਆਨ ਨੇ ਸਾਰਿਆਂ ਨੰੂ ਵੱਡਾ ਝਟਕਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਸਿੱਖਾਂ ਨੰੂ ਇਨਸਾਫ਼ ਨਹੀਂ ਦਿੱਤਾ ਗਿਆ ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਪਣਾਈ ਦਇਆ ਦੀ ਭਾਵਨਾ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ | ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਬਿਨਾਂ ਪੈਰੋਲ ਤੋਂ 23 ਤੋਂ ਵੱਧ ਸਾਲ ਜੇਲ੍ਹ ਵਿਚ ਕੱਟ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅਕਾਲੀ ਦਲ ਸਿਧਾਂਤਕ ਤੌਰ 'ਤੇ ਵੀ ਮੌਤ ਦੀ ਸਜ਼ਾ ਦੇ ਿਖ਼ਲਾਫ਼ ਹੈ | ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਕ ਉੱਚ ਪੱਧਰੀ ਵਫ਼ਦ ਜਲਦੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ ਤੇ ਉਨ੍ਹਾਂ ਨੰੂ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਏਗਾ ਤੇ ਅਪੀਲ ਕਰੇਗਾ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੀ ਇਹੀ ਭਾਵਨਾ ਰੱਖਦੀ ਹੈ, ਜਿਹੜੀ ਕਿ ਇਸ ਸਬੰਧੀ ਸਰਬਸੰਮਤੀ ਨਾਲ ਮਤਾ ਵੀ ਪਾਸ ਕਰ ਚੁੱਕੀ ਹੈ, ਜਿਸ ਦੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਵਲੋਂ ਵੀ ਹਮਾਇਤ ਕੀਤੀ ਜਾ ਚੁੱਕੀ ਹੈ |

ਬਲਵੰਤ ਸਿੰਘ ਰਾਜੋਆਣਾ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ-ਅਮਿਤ ਸ਼ਾਹ

ਲੋਕ ਸਭਾ 'ਚ ਕਿਹਾ, 'ਮੀਡੀਆ ਦੀਆਂ ਖ਼ਬਰਾਂ 'ਤੇ ਨਾ ਜਾਓ'
ਨਵੀਂ ਦਿੱਲੀ, ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਦੀਆਂ ਖ਼ਬਰਾਂ ਨੂੰ ਮੀਡੀਆ 'ਚ ਛਪੀਆਂ ਰਿਪੋਰਟਾਂ ਕਰਾਰ ਦਿੰਦਿਆਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ | ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ਦਾ ਜਿਥੇ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਸਵਾਗਤ ਕਰਦੇ ਨਜ਼ਰ ਆਏ, ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਸਬੰਧ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵਫ਼ਦ ਪੱਧਰ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ 'ਚ ਬਿਆਨ ਦਿੰਦਿਆਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਮੁਆਫ਼ੀ ਨਹੀਂ ਦਿੱਤੀ ਗਈ | ਅਮਿਤ ਸ਼ਾਹ ਵਲੋਂ ਇਹ ਬਿਆਨ ਰਵਨੀਤ ਸਿੰਘ ਬਿੱਟੂ ਵਲੋਂ ਉਠਾਏ ਸਵਾਲ ਦੇ ਜਵਾਬ 'ਚ ਦਿੱਤਾ ਗਿਆ | ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਅੱਜ ਪ੍ਰਸ਼ਨ ਕਾਲ 'ਚ ਸਵਾਲ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਲੋਕ ਸਭਾ 'ਚ ਚਰਚਾ ਕਰਕੇ ਔਰਤਾਂ ਦੇ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਫਾਂਸੀ 'ਤੇ ਲਟਕਾਉਣ ਬਾਰੇ ਵਿਚਾਰ ਕਰ ਰਹੀ ਹੈ ਪਰ ਦੂਜੇ ਪਾਸੇ ਬੇਦਰਦੀ ਨਾਲ ਇਕ ਮੁੱਖ ਮੰਤਰੀ ਦਾ ਕਤਲ ਕਰਨ ਵਾਲੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਰਹੀ ਹੈ | ਬਿੱਟੂ ਵਲੋਂ ਇਹ ਸਵਾਲ ਓਡੀਸ਼ਾ 'ਚ ਆਏ ਫਾਨੀ ਤੂਫਾਨ ਬਾਰੇ ਪੁੱਛੇ ਜਾ ਰਹੇ ਸਵਾਲ ਦੇ ਪੂਰਕ ਸਵਾਲ ਵਜੋਂ ਪੁੱਛਿਆ ਗਿਆ ਸੀ | ਸਬੰਧਿਤ ਮੁੱਦੇ 'ਤੇ ਸਵਾਲ ਨਾ ਹੋਣ ਕਾਰਨ ਸਪੀਕਰ ਨੇ ਇਸ ਸਵਾਲ ਦਾ ਜਵਾਬ ਦੇ ਰਹੇ ਗ੍ਰਹਿ ਰਾਜ ਮੰਤਰੀ ਕ੍ਰਿਸ਼ਨਾ ਰੈਡੀ ਨੂੰ ਜਵਾਬ ਨਾ ਦੇਣ ਲਈ ਕਿਹਾ, ਪਰ ਸਦਨ 'ਚ ਮੌਜੂਦ ਗ੍ਰਹਿ ਮੰਤਰੀ ਨੇ ਖ਼ੁਦ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਮੁਆਫ਼ ਨਹੀਂ ਕੀਤੀ ਗਈ | ਦੋ ਵਾਕਾਂ ਦੇ ਸਪੱਸ਼ਟੀਕਰਨ 'ਚ ਗ੍ਰਹਿ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਮੀਡੀਆ ਰਿਪੋਰਟਾਂ 'ਤੇ ਯਕੀਨ ਨਾ ਕਰੋ | ਸਰਕਾਰ ਨੇ ਰਾਜੋਆਣਾ ਦੀ ਮੁਆਫ਼ੀ ਬਾਰੇ ਕੋਈ ਆਦੇਸ਼ ਨਹੀਂ ਦਿੱਤਾ | ਗ੍ਰਹਿ ਮੰਤਰੀ ਦਾ ਇਹ ਬਿਆਨ ਪਿਛਲੇ ਮਹੀਨੇ ਛਪੀ ਉਸ ਰਿਪੋਰਟ ਦੇ ਬਿਲਕੁਲ ਉਲਟ ਹੈ, ਜਿਸ 'ਚ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ | ਗ੍ਰਹਿ ਮੰਤਰਾਲੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ 9 ਸਿੱਖ ਕੈਦੀਆਂ ਦੀ ਸਜ਼ਾ ਮੁਆਫ਼ੀ ਦਾ ਆਦੇਸ਼ ਦਿੱਤਾ ਸੀ, ਜਿਸ 'ਚ ਰਾਜੋਆਣਾ ਦਾ ਨਾਂਅ ਹੋਣ ਦੀ ਚਰਚਾ 'ਤੇ ਹੀ ਰਵਨੀਤ ਸਿੰਘ ਬਿੱਟੂ ਨੇ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਸੁਪਰੀਮ ਕੋਰਟ ਤੱਕ ਜਾਣਗੇ | ਬੇਅੰਤ ਸਿੰਘ ਹੱਤਿਆ ਕਾਂਡ 'ਚ ਇਕ ਵਿਸ਼ੇਸ਼ ਅਦਾਲਤ ਨੇ ਜੁਲਾਈ, 2007 'ਚ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ | ਰਾਜੋਆਣਾ ਨੂੰ 31 ਮਾਰਚ, 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਸ਼ਟਰਪਤੀ ਨੂੰ ਲਾਈ ਰਹਿਮ ਦੀ ਗੁਹਾਰ ਤੋਂ ਬਾਅਦ 28 ਮਾਰਚ 2012 ਨੂੰ ਉਸ ਸਮੇਂ ਦੀ ਯੂ. ਪੀ. ਏ. ਸਰਕਾਰ ਨੇ ਰਾਜੋਆਣਾ ਦੀ ਫਾਂਸੀ ਦੇ ਅਮਲ 'ਤੇ ਰੋਕ ਲਾ ਦਿੱਤੀ ਸੀ |

ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ 7 ਦਸੰਬਰ ਨੂੰ ਪੰਜਾਬੀ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ 7 ਦਸੰਬਰ ਨੂੰ ਸਵੇਰੇ 11.30 ਵਜੇ ਬਲਰਾਜ ਸਾਹਨੀ ਯਾਦਗਾਰੀ ਸੁਹਿਰਦ ਸਿਨੇਮਾ ਸਨਮਾਨ ਨਾਲ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਲੁਧਿਆਣਾ ਵਿਖੇ ਦੋ ਰੋਜ਼ਾ ਲਘੂ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਜਾਵੇਗਾ। ਦੋ ਰੋਜ਼ਾ ਫਿਲਮ ਫੈਸਟੀਵਲ ਦਾ ਉਦਘਾਟਨ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ ਕਰਨਗੇ। ਇਹ ਜਾਣਕਾਰੀ ਦਿੰਦਿਆਂ ਆਵਰ ਸਪੇਸ ਸਿਨੇਮਾ ਦੇ ਸੰਚਾਲਕਾਂ ਪਰਦੀਪ ਸਿੰਘ ਯੂ ਐੱਸ ਏ ਤੇ ਡਾ: ਪਰਮਜੀਤ ਸੋਹਲ ਨੇ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਪਿਛਲੇ ਚਾਰ ਸਾਲ ਤੋਂ ਲੁਧਿਆਣਾ ਲਘੂ ਫਿਲਮ ਮੇਲੇ ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਉਨ੍ਹਾਂ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਅਦਾਰਿਆਂ ਨਾਲ ਵੀ ਸਾਡੀ ਸੰਸਥਾ ਦਾ ਸਬੰਧ ਜੋੜਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਜੀਵਨ ਵੇਰਵੇ ਬਾਰੇ ਜਾਣਕਾਰੀ ਦਿੰਦਿਆਂ ਪਰਦੀਪ ਸਿੰਘ ਤੇ ਸਲਾਹਕਾਰ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਅਜਿਹੇ ਪੰਜਾਬੀ ਸਾਹਿਤਕਾਰ ਹਨ, ਜਿਨ੍ਹਾਂ ਨੇ ਆਪਣੀ ਨਵੀਨਤਮ ਅਤੇ ਵੱਖਰੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਦੇ ਕਾਵਿ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੈ । ਕਵਿਤਾ, ਗਜ਼ਲ ਅਤੇ ਗੀਤਾਂ ਦੀਆਂ ਵੰਨਗੀਆਂ ਨਾਲ ਸਜੀਆਂ ਉਹਨਾਂ ਦੀਆਂ 14 ਮੌਲਿਕ ਕਿਤਾਬਾਂ ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖ਼ੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ ਛਪ ਚੁਕੀਆਂ ਹਨ। ਵਾਰਤਕ ਦੀ ਇੱਕ ਪੁਸਤਕ ਕੈਮਰੇ ਦੀ ਅੱਖ ਬੋਲਦੀ ਤੋਂ ਇਲਾਵਾ ਇਨ੍ਹਾਂ ਦੀਆਂ ਰਚਨਾਵਾਂ ਦੇ ਚਾਰ ਸੰਪਾਦਿਤ ਸੰਗ੍ਰਹਿ ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ,ਤੇ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਹਨ। 2 ਮਈ 1953 ਨੂੰ ਬਸੰਤ ਕੋਟ (ਗੁਰਦਾਸਪੁਰ)ਵਿਖੇ ਪਿਤਾ ਸ: ਹਰਨਾਮ ਸਿੰਘ ਗਿੱਲ ਤੇ ਮਾਤਾ ਜੀ ਸਰਦਾਰਨੀ ਤੇਜ ਕੌਰ ਦੇ ਘਰ ਜਨਮੇ ਪ੍ਰੋ: ਗੁਰਭਜਨ ਸਿੰਘ ਗਿੱਲ ਅਜਿਹੇ ਪੰਜਾਬੀ ਸਾਹਿਤਕਾਰ ਹਨ, ਜਿਨ੍ਹਾਂ ਨੇ ਆਪਣੀ ਨਵੀਨਤਮ ਅਤੇ ਵੱਖਰੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਦੇ ਕਾਵਿ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੈ । ਉਨ੍ਹਾਂ ਦੱਸਿਆ ਕਿ 1976 ਤੋਂ ਸ਼ੁਰੂ ਕਰਕੇ ਸੱਤ ਸਾਲ ਕਾਲਜਾਂ ਚ ਪੜ੍ਹਾਉਣ ਮਗਰੋਂ 1983 ਤੋਂ 2013 ਤੀਕ ਤੀਹ ਸਾਲ ਪੰਜਾਬ ਐਗਰੀਕਲਚਰ ਯੁਨੀਵਰਸਿਟੀ, ਲੁਧਿਆਣਾ ਵਿੱਚ ਸੀਨੀਅਰ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਚੁੱਕੇ ਹਨ । ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 2010 ਤੋਂ 2014 ਤੀਕ ਚਾਰ ਸਾਲ ਪ੍ਰਧਾਨ ਰਹੇ ਹਨ ਅਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ ਲੈ ਕੇ 2014 ਤੀਕ ਲਗ ਪਗ ਪੈਂਤੀ ਸਾਲ ਪ੍ਰਮੁੱਖ ਅਹੁਦੇਦਾਰ ਰਹੇ ਹਨ। ਇਸ ਵਕਤ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ, ਬੱਸੀਆਂ ਕੋਠੀ (ਰਾਏਕੋਟ)ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਵੀ ਹਨ । ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਤੇ ਪਾਕਿਸਤਾਨ ਵਿੱਚ ਪਿਛਲੇ 15 ਸਾਲ ਵਿੱਚ ਅਨੇਕਾਂ ਅੰਤਰ ਰਾਸ਼ਟਰੀ ਸੈਮੀਨਾਰਾਂ ਤੇ ਕਾਨਫਰੰਸਾਂ ਚ ਹਿੱਸਾ ਲੈ ਚੁਕੇ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਆਪ ਜੀ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ। ਪ੍ਰੋ: ਗਿੱਲ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਾਹਿਤ ਸਭਾਵਾਂ ਵਲੋਂ ਨੈਸ਼ਨਲ ਅਤੇ ਇੰਟਰ-ਨੈਸ਼ਨਲ ਅਵਾਰਡਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਹਨਾਂ ਵਿਚੋਂ ਭਾਈ ਵੀਰ ਸਿੰਘ ਅਵਾਰਡ 1979, ਸ਼ਿਵ ਕੁਮਾਰ ਬਟਾਲਵੀ ਅਵਾਰਡ 1992, ਬਾਵਾ ਬਲਵੰਤ ਅਵਾਰਡ 1999, ਪ੍ਰੋ: ਪੂਰਨ ਸਿੰਘ ਅਵਾਰਡ 2002, ਗਿਆਨੀ ਸੁੰਦਰ ਸਿੰਘ ਅਵਾਰਡ 2002, ਐਸ.ਐਸ.ਮੀਸ਼ਾ ਅਵਾਰਡ 2002, ਸਫਦਰ ਹਾਸ਼ਮੀ ਲਿਟਰੇਰੀ ਅਵਾਰਡ 2003, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ 2003, ਸੁਰਜੀਤ ਰਾਮਪੁਰੀ ਅਵਾਰਡ 2003, ਬਲਵਿੰਦਰ ਰਿਸ਼ੀ ਮੈਮੋਰੀਅਲ ਗਜ਼ਲ ਅਵਾਰਡ 005,ਹਰਿਭਜਨ ਹਲਵਾਰਵੀ ਕਵਿਤਾ ਪੁਰਸਕਾਰ, ਬਾਬਾ ਫ਼ਰੀਦ ਪੁਰਸਕਾਰ, ਸ਼ਾਹ ਹੁਸੈਨ ਪੁਰਸਕਾਰ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਪ੍ਰਮੁੱਖ ਹਨ । ਪਿਛਲੇ ਸਮੇਂ ਚ ਉਹਨਾਂ ਦੀਆਂ ਸੇਵਾਵਾਂ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਸਾਹਿਤ ਅਕਾਦਮੀ ਨੇ ਫੈਲੋਸ਼ਿਪ ਦੇ ਕੇ ਸਨਮਾਨਿਤ ਕੀਤਾ ਹੈ।ਪ੍ਰੋ: ਗੁਰਭਜਨ ਗਿੱਲ ਪਿਛਲੇ 5 ਸਾਲ ਤੋਂ ਆਵਰ ਸਪੇਸ ਸਿਨੇਮਾ ਨਾਲ ਜੁੜੇ ਹੋਏ ਹਨ । ਉਨ੍ਹਾਂ ਨੇ ਸੰਸਥਾ ਨੂੰ ਸੇਧ ਅਤੇ ਅਗਵਾਈ ਦਿੱਤੀ ਹੈ । ਸੰਸਥਾ ਇਹ ਆਸ ਵੀ ਕਰਦੀ ਹੈ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਸਾਹਿੱਤ ਦੀ ਪ੍ਰਫੁਲੱਤਾ ਅਤੇ ਲਘੂ ਫ਼ਿਲਮ ਲਹਿਰ ਲਈ ਵੀ ਕਾਰਜ ਕਰਦੇ ਰਹਿਣਗੇ । ਉਹਨਾਂ ਦੇ ਪੰਜਾਬੀ ਸਾਹਿਤ ਨੂੰ ਦਿੱਤੇ ਯੋਗਦਾਨ ਸਦਕਾ ਹੀ ਆਵਰ ਸਪੇਸ ਸਿਨੇਮਾ ਸੰਸਥਾ ਉਨ੍ਹਾਂ ਦਾ ਬਲਰਾਜ ਸਾਹਨੀ ਸੁਹਿਰਦ ਸਿਨੇਮਾ ਸਨਮਾਨ ਕਰ ਰਹੀ ਹੈ।

ਅੱਜ ਦੇ ਦਿਨ (ਮਿਤੀ 04 ਦਸੰਬਰ, 2019 (੧੯ ਮੱਘਰ)) ਦਾ ਇਤਿਹਾਸ

ਸ਼ਹੀਦੀ ਦਿਵਸ: ਬਾਬਾ ਗੁਰਬਖਸ਼ ਸਿੰਘ ਜੀ

ਬਾਬਾ ਗੁਰਬਖਸ਼ ਸਿੰਘ ਜੀ ਰਹਿਤਵਾਨ ਅਤੇ ਸੂਰਬੀਰ ਸਿੰਘ ਸਨ । ਆਪ ਜੀ ਖੇਮਕਰਨ ਦੇ ਨੇੜੇ ਪਿੰਡ ਲੀਲ੍ਹ ਦੇ ਰਹਿਣ ਵਾਲੇ ਸਨ। ਆਪ ਜੀ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਸੀ । ਆਪ ਜੀ ਜਿੱਥੇ ਕਿਤੇ ਵੀ ਜ਼ਾਲਮਾਂ ਦੇ ਅੱਤਿਆਚਾਰ ਦੀ ਖਬਰ ਸੁਣਦੇ, ਉੱਥੇ ਜ਼ਾਲਮਾਂ ਨੂੰ ਸੋਧਣ ਲਈ ਨਗਾਰੇ ਵਜਾਉਂਦੇ ਪੁੱਜ ਜਾਂਦੇ । 

ਸਿੱਖਾਂ ਵੱਲੋਂ ਜਵਾਹਰ ਸਿੰਘ ਭਰਤਪੁਰੀਏ ਦੀ ਮਦਦ ਲਈ ਦਿੱਲੀ ਜਾਣਾ 

 ਭਰਤਪੁਰ ਰਿਆਸਤ ਦੇ ਰਾਜਾ ਸੂਰਜ ਮੱਲ ਅਤੇ ਦਿੱਲੀ ਤੇ ਕਾਬਜ਼ ਰੋਹੇਲਾ ਸਰਦਾਰ, ਨਜੀਬ-ਉਦ-ਦੌਲਾ, ਵਿਚਕਾਰ ਅਕਸਰ ਟੱਕਰ ਹੁੰਦੀ ਰਹਿੰਦੀ ਸੀ। 25 ਦਸੰਬਰ, 1763 ਦੇ ਦਿਨ ਨਜੀਬ-ਉਦ-ਦੌਲਾ ਨੇ ਸੂਰਜ ਮੱਲ ਦਾ ਕਤਲ ਕਰ ਦਿੱਤਾ। ਸੂਰਜ ਮੱਲ ਦੇ ਪੁੱਤਰ ਜਵਾਹਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰਕੇ ਨਜੀਬ-ਉਦ-ਦੌਲਾ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖਾਲਸਾ ਜੀ ਅਤੇ ਮਰਾਠਿਆਂ ਤੋਂ ਸਹਾਇਤਾ ਮੰਗੀ ਸੀ। ਮਰਾਠਿਆਂ ਦਾ ਸਰਦਾਰ ਮਲਹਾਰ ਰਾਓ ਹੁਲਕਰ ਤਾਂ ਖੜ੍ਹਾ ਤਮਾਸ਼ਾ ਹੀ ਦੇਖਦਾ ਰਿਹਾ ਪਰ ਦਲ ਖਾਲਸਾ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ 15 ਹਜ਼ਾਰ ਸਿੰਘਾਂ ਸਮੇਤ ਜਵਾਹਰ ਸਿੰਘ ਦੀ ਮਦਦ ਲਈ ਦਿੱਲੀ ਪਹੁੰਚ ਗਏ ਸਨ। ਨਜੀਬ-ਉਦ-ਦੌਲਾ ਨੇ ਆਪਣੇ ਆਪ ਨੂੰ ਮੁਸੀਬਤ ਵਿੱਚ ਘਿਰਿਆ ਦੇਖ ਕੇ ਅਬਦਾਲੀ ਵੱਲ ਮਦਦ ਲਈ ਸੁਨੇਹਾ ਭੇਜਿਆ ਜਿਸ ਨੂੰ ਅਬਦਾਲੀ ਨੇ ਸਵੀਕਾਰ ਕਰ ਲਿਆ।

ਅਬਦਾਲੀ ਦਾ ਹਿੰਦੁਸਤਾਨ ਉੱਪਰ ਸੱਤਵਾਂ ਹਮਲਾ 

 ਅਬਦਾਲੀ ਨੂੰ ਇਹ ਖ਼ਬਰਾਂ ਮਿਲ ਰਹੀਆਂ ਸਨ ਕਿ ਸਿੰਘਾਂ ਨੇ ਪੰਜਾਬ ਵਿੱਚ ਦੁਰਾਨੀਆਂ ਨੂੰ ਹੂੰਝਾ ਫੇਰ ਦਿੱਤਾ ਹੈ। ਉਨ੍ਹਾਂ ਨੇ ਸਰਹੰਦ ਉੱਪਰ ਕਬਜ਼ਾ ਕਰ ਲਿਆ ਸੀ, ਲਾਹੌਰ ਦੇ ਗਵਰਨਰ ਕਾਬਲੀ ਮੱਲ ਨੇ ਖਾਲਸਾ ਜੀ ਦੀ ਈਨ ਮੰਨ ਲਈ ਸੀ। ਸਿੱਖਾਂ ਦੇ ਵੱਧ ਰਹੇ ਉਭਾਰ ਨੂੰ ਦਬਾਉਣ ਲਈ ਅਬਦਾਲੀ ਵੱਲੋਂ ਭੇਜੇ ਜਰਨੈਲ ਜਹਾਨ ਖ਼ਾਨ ਨੂੰ ਸਰਦਾਰ ਚੜ੍ਹਤ ਸਿੰਘ ਅਤੇ ਸਾਥੀਆਂ ਨੇ ਸਿਆਲਕੋਟ ਦੇ ਸਥਾਨ ਤੇ ਕਰਾਰੀ ਹਾਰ ਦਿੱਤੀ। ਉਨ੍ਹਾਂ ਨੇ ਰੁਹਤਾਸ ਕਿਲ੍ਹੇ ਤੇ ਕਾਬਜ਼ ਸਰਬਲੰਦ ਖ਼ਾਨ ਨੂੰ ਬੜੀ ਸਿਆਣਪ ਅਤੇ ਯੁੱਧਨੀਤੀ ਨਾਲ ਕਿਲ੍ਹੇ ਵਿੱਚੋਂ ਬਾਹਰ ਕੱਢ ਕੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਸੀ। ਸਰਬਲੰਦ ਖ਼ਾਨ ਸਰਦਾਰ ਚੜ੍ਹਤ ਸਿੰਘ ਦੇ ਰਵੱਈਏ ਤੋਂ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਬੜੀ ਖੁਸ਼ੀ ਨਾਲ ਖਾਲਸੇ ਦੀ ਅਧੀਨਗੀ ਸਵੀਕਾਰ ਕਰ ਲਈ। ਇਨ੍ਹਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖ ਕੇ ਅਬਦਾਲੀ ਨੇ ਕਲਾਤ ਦੇ ਬਲੋਚ ਹਾਕਮ ਨਸੀਰ ਖ਼ਾਨ ਨੂੰ ਆਪਣੇ ਨਾਲ ਲਿਆ ਅਤੇ ਸਿੰਘਾਂ ਵਿਰੁੱਧ ਜਹਾਦ ਦਾ ਨਾਹਰਾ ਦਿੰਦੇ ਹੋਏ ਦਸੰਬਰ, 1764 ਈ. ਵਿੱਚ ਹਿੰਦੁਸਤਾਨ ਉੱਪਰ ਆਪਣਾ ਸੱਤਵਾਂ ਹਮਲਾ ਬੋਲ ਦਿੱਤਾ।

  ਸਰਦਾਰ ਚੜ੍ਹਤ ਸਿੰਘ ਜੀ ਵੱਲੋਂ ਅਬਦਾਲੀ ਦੀਆਂ ਫ਼ੌਜਾਂ ਉੱਤੇ ਹਮਲਾ 

 ਅਬਦਾਲੀ ਦੇ ਹਮਲੇ ਵੇਲੇ ਸਿੱਖ ਸਰਦਾਰ ਵੱਖ-ਵੱਖ ਮੁਹਿੰਮਾਂ ਉੱਪਰ ਚੜ੍ਹੇ ਹੋਏ ਸਨ ਅਤੇ ਕੇਂਦਰੀ ਪੰਜਾਬ ਸਿੰਘਾਂ ਤੋਂ ਲਗਭਗ ਖਾਲੀ ਹੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਵਾਹਰ ਸਿੰਘ ਦੀ ਸਹਾਇਤਾ ਲਈ ਦਿੱਲੀ ਵਿੱਚ ਸਨ। ਭੰਗੀ ਸਰਦਾਰ ਸਾਂਦਲ ਬਾਰ ਦੇ ਇਲਾਕੇ ਵੱਲ ਸਨ। ਕੇਵਲ ਸਰਦਾਰ ਚੜ੍ਹਤ ਸਿੰਘ ਹੀ ਸਿਆਲਕੋਟ ਸੀ ਅਤੇ ਉਸ ਨੇ ਜਦ ਅਬਦਾਲੀ ਦੇ ਲਾਹੌਰ ਪਹੁੰਚਣ ਦੀ ਖ਼ਬਰ ਸੁਣੀ ਤਾਂ ਇਕਦਮ ਅਬਦਾਲੀ ਦੇ ਕੈਂਪ ਉੱਤੇ ਹਮਲਾ ਬੋਲ ਦਿੱਤਾ। ਹਮਲਾ ਇੰਨਾ ਤੇਜ਼ ਅਤੇ ਮਾਰੂ ਸੀ ਕਿ ਦੁਰਾਨੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ। ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਅਬਦਾਲੀ ਨਾਲ ਇੱਕ ਸਫ਼ਲ ਟੱਕਰ ਲੈ ਕੇ, ਫਿਰ ਕਿਸੇ ਮੌਕੇ ਦੀ ਤਾੜ ਲਈ ਇੱਕ ਪਾਸੇ ਹਟ ਗਿਆ।

ਅਬਦਾਲੀ ਵੱਲੋਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ 

 ਅਬਦਾਲੀ ਨੂੰ ਖ਼ਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵੱਲ ਗਏ ਹੋਏ ਹਨ। ਸਿੰਘਾਂ ਦਾ ਪਿੱਛਾ ਕਰਨ ਲਈ ਉਸ ਨੇ ਅੰਮ੍ਰਿਤਸਰ ਵੱਲ ਕੂਚ ਕੀਤਾ। ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਇਸ ਵੇਲੇ ਕੇਵਲ ਤੀਹ ਕੁ ਸਿੰਘ ਹੀ ਸਨ ਅਤੇ ਇਨ੍ਹਾਂ ਦੇ ਜਥੇਦਾਰ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਸਨ। ਅਬਦਾਲੀ ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਖ਼ਬਰ ਸੁਣਦਿਆਂ ਹੀ ਬਾਬਾ ਗੁਰਬਖਸ਼ ਸਿੰਘ ਅਤੇ ਉਸ ਦੇ ਤੀਹ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀ ਅਰੰਭ ਕਰ ਦਿੱਤੀ। ਉਹ ਸਾਰੇ ਸਨਮੁੱਖ ਸ਼ਹੀਦੀਆਂ ਪ੍ਰਾਪਤ ਕਰਨ ਦੀਆਂ ਅਰਜ਼ੋਈਆਂ ਕਰ ਰਹੇ ਸਨ। ਪੂਰੀ ਤਿਆਰੀ ਕਰਨ ਉਪਰੰਤ ਅਕਾਲ ਬੁੰਗੇ ਤੋਂ ਉਤਰਕੇ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅਰਦਾਸ ਕਰਨ ਲਈ ਗਏ। 

ਉਨ੍ਹਾਂ ਸਾਰੇ ਸਿੰਘਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ :

ਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।

ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ।

(ਪ੍ਰਾਚੀਨ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਭੰਗੂ )

ਦੁਰਾਨੀਆਂ ਦੇ ਸਰੀਰ ਸੰਜੋਆਂ ਵਿੱਚ ਢਕੇ ਹੋਏ ਸਨ। ਪਰ ਸਿੰਘਾਂ ਪਾਸ ਸਰੀਰ ਢਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਦੁਰਾਨੀਆਂ ਪਾਸ ਲੰਬੀ ਮਾਰ ਕਰਨ ਵਾਲੇ ਹਥਿਆਰ, ਤੀਰ, ਬੰਦੂਕ ਆਦਿ ਸਨ। ਸਿੰਘਾਂ ਪਾਸ ਤੇਗਾਂ ਤੇ ਬਰਛੇ ਹੀ ਸਨ, ਪਰ ਸਿੰਘਾਂ ਦੇ ਮਨਾਂ ਵਿੱਚ ਆਪਣੇ ਪਵਿੱਤਰ ਅਸਥਾਨ ਦੀ ਰੱਖਿਆ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਚਾਅ ਸੀ-

ਆਪ ਬਿਚ ਤੇ ਕਰੇ ਕਰਾਰ।

ਤੁਹਿ ਤੇ ਅਗੇ ਮੈਂ ਹੋਗੁ ਸਿਧਾਰ॥52॥

ਅਬਦਾਲੀ ਦੀਆਂ ਫ਼ੌਜਾਂ ਪ੍ਰਕਰਮਾ ਨੇੜੇ ਪਹੁੰਚ ਗਈਆਂ ਸਨ। ਸਿੰਘ ਗਿਣਤੀ ਵਿੱਚ ਕੇਵਲ ਤੀਹ ਸਨ, ਪ੍ਰੰਤੂ ਅਬਦਾਲੀ ਦੀਆਂ ਫ਼ੌਜਾਂ ਦੀ ਗਿਣਤੀ ਛੱਤੀ ਹਜ਼ਾਰ ਸੀ। ਸਿੰਘ ਜਿਸ ਪਾਸੇ ਵੀ ਪੈਂਦੇ, ਦੁਸ਼ਮਣਾਂ ਦੀਆਂ ਸਫ਼ਾਂ ਵਿਹਲੀਆਂ ਕਰੀ ਜਾਂਦੇ। ਇਸ ਤਰ੍ਹਾਂ ਉਹ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਦੁਸ਼ਮਣ ਨਾਲ ਲੋਹਾ ਲੈਂਦੇ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦ ਹੁੰਦੇ ਗਏ। ਬਾਬਾ ਗੁਰਬਖਸ਼ ਸਿੰਘ ਜੀ ਸਭ ਨੂੰ ਹੌਂਸਲਾ ਦੇ ਰਹੇ ਸਨ ਅਤੇ ਅੱਗੇ ਤੋਂ ਅੱਗੇ ਹੋ ਕੇ ਲੜਨ ਦੀ ਪ੍ਰੇਰਨਾ ਕਰ ਰਹੇ ਸਨ। ਇਸ ਪ੍ਰੇਰਨਾ ਸਦਕਾ ਉਹ ਰਣ ਭੂਮੀ ਵਿੱਚ ਹੋਰ ਅੱਗੇ ਹੋ ਕੇ ਜੂਝਦੇ ਅਤੇ ਦੁਸ਼ਮਣਾਂ ਦੀਆਂ ਸਫਾਂ ਲਪੇਟਦਿਆਂ ਅਤੇ ਫੱਟ ਸਹਿੰਦਿਆਂ ਵੀ ਅੱਗੇ ਹੀ ਅੱਗੇ ਵਧਦੇ ਅਤੇ ਸ਼ਹੀਦੀ ਦਾ ਜਾਮ ਪੀ ਜਾਂਦੇ :

ਪਗ ਆਗੇ ਪਤ ਊਬਰੈ ਪਗ ਪਾਛੈ ਪਤ ਜਾਇ।

ਬੈਰੀ ਖੰਡੇ ਸਿਰ ਧਰੈ, ਬੈਰੀ ਕ੍ਯਾ ਤਕਨ ਸਹਾਇ॥58॥

ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣ ਦੇ ਕੰਨੀਂ ਹੱਥ ਲੁਆ ਦਿੱਤੇ। ਬਾਬਾ ਗੁਰਬਖਸ਼ ਸਿੰਘ ਜੀ ਆਪ ਵੀ ਤੇਗਾ ਲੈ ਕੇ ਵੈਰੀ ਦਾ ਮੁਕਾਬਲਾ ਕਰ ਰਹੇ ਸਨ। ਉਹ ਸਰੀਰਾਂ ਨੂੰ ਸੰਜੋਆਂ ਸਹਿਤ ਚੀਰਦੇ ਹੋਏ ਵੈਰੀ ਦੀਆਂ ਸਫ਼ਾਂ ਵਿਹਲੀਆਂ ਕਰਦੇ ਗਏ। ਵੈਰੀ ਢਾਲ ਦਾ ਆਸਰਾ ਲੈਂਦੇ ਸਨ, ਪਰ ਸਿੰਘ ਜੀ ਨੇ ਢਾਲ ਵੀ ਛੱਡ ਦਿੱਤੀ, ‘ਮੂੰਹ ਲੁਕਾ ਕੇ ਨਹੀਂ, ਹੁਣ ਸਨਮੁਖ ਹੋ ਕੇ ਲੜਨਾ ਹੈ।’ ਬਾਬਾ ਗੁਰਬਖਸ਼ ਸਿੰਘ ਜੀ ਹੁਣ ਨੰਗੇ ਧੜ ਮੈਦਾਨ ਵਿੱਚ ਨਿੱਤਰ ਆਏ। ਗਿਲਜ਼ੇ ਹੁਣ ਦੂਰੋਂ ਹੀ ਗੋਲੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ, ਨੇੜੇ ਆਉਣ ਦੀ ਜੁਰਅੱਤ ਨਹੀਂ ਸਨ ਕਰ ਰਹੇ। ਵੈਰੀ ਦੇ ਤੀਰਾਂ ਨਾਲ ਅਣਗਿਣਤ ਜ਼ਖ਼ਮਾਂ ਕਾਰਨ ਸਰੀਰ ਵਿੱਚੋਂ ਖੂਨ ਇਵੇਂ ਚੋਅ ਰਿਹਾ ਸੀ, ਜਿਵੇਂ ਕੋਹਲੂ ਵਿੱਚੋਂ ਪਰਨਾਲੇ ਛੁੱਟ ਰਹੇ ਹੋਣ ਜਾਂ ਜਿਵੇਂ ਵੱਡੀ ਮਸ਼ਕ ਵਿੱਚ ਛੇਕ ਹੋਏ ਹੋਣ ਤੇ ਉਸ ਵਿੱਚੋਂ ਚਾਰੇ ਪਾਸੀਂ ਫੁਹਾਰੇ ਛੁੱਟ ਰਹੇ ਹੋਣ :

ਜਨੁ ਬਡ ਮਛਕ ਸੁ ਭਏ ਸੁਲਾਕ।

ਛੁਟੇ ਫੁਹਾਰੇ ਚਹੂੰ ਵਲ ਝਾਕ।

ਸਰੀਰ ਰਤ-ਹੀਣ ਹੋ ਗਿਆ, ਪਰ ਪੈਰ ਫਿਰ ਵੀ ਅੱਗੇ ਵੱਲ ਹੀ ਜਾਂਦੇ ਸਨ। ਚਾਰ-ਚੁਫ਼ੇਰੇ ਘੇਰਾ ਪੈ ਗਿਆ। ਗਿਲਜ਼ਿਆਂ ਨੇ ਚੁਫੇਰਿਓਂ ਨੇਜੇ ਮਾਰੇ ਅਤੇ ਬਾਬਾ ਜੀ ਗੋਡਿਆਂ ਭਾਰ ਡਿੱਗ ਪਏ ਪਰ ਹੱਥੋਂ ਤੇਗ ਨਹੀਂ ਛੱਡੀ, ਉਹ ਚਲਦੀ ਰਹੀ। ਅਖੀਰ, ਅੰਤ ਸਮਾਂ ਆ ਗਿਆ ਅਤੇ ਉਹ ਗੁਰੂ-ਚਰਨਾਂ ਵਿੱਚ ਜਾ ਬਿਰਾਜੇ।

ਜੰਗਨਾਮੇ ਦੇ ਕਰਤਾ ਕਾਜ਼ੀ ਨੂਰ ਮੁਹੰਮਦ ਨੇ ਇਹ ਸਾਰਾ ਯੁੱਧ ਅੱਖੀਂ ਦੇਖਿਆ ਸੀ। ਉਹ ਇਸ ਹਮਲੇ ਦੌਰਾਨ ਅਬਦਾਲੀ ਦੇ ਨਾਲ ਹੀ ਸੀ। ਇਸ ਸਾਕੇ ਬਾਰੇ ਨੂਰ ਮੁਹੰਮਦ ਲਿਖਦਾ ਹੈ-

ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ (ਗੁਰੂ) ਚੱਕ (ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ਉੱਥੇ ਨਜ਼ਰ ਨਾ ਆਇਆ। ਪਰ ਕੁਝ ਥੋੜ੍ਹੇ ਜਿਹੇ ਬੰਦੇ ਗੜ੍ਹੀ (ਬੁੰਗੇ) ਵਿੱਚ ਟਿਕੇ ਹੋਏ ਸਨ ਤਾਂ ਜੋ ਲੋੜ ਪੈਣ ਤੇ (ਗੁਰਦੁਆਰਿਆਂ ਦੀ ਰਾਖੀ ਲਈ) ਆਪਣਾ ਖੂਨ ਡੋਲ੍ਹ ਸਕਣ ਅਤੇ ਜਿਨ੍ਹਾਂ ਨੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਆਏ। ਉਹ ਸਾਰੇ ਗਿਣਤੀ ਵਿੱਚ ਤੀਹ ਸਨ। ਉਹ ਜ਼ਰਾ ਭਰ ਵੀ ਡਰੇ ਜਾਂ ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਭੈਅ। ਉਹ ਗਾਜ਼ੀਆਂ ਨਾਲ ਉਲਝ ਪਏ ਅਤੇ ਇਸ ਲੜਾਈ ਵਿੱਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ (ਸਿੰਘ) ਕਤਲ ਹੋ ਗਏ।”

ਇਹ ਹੈ ਕਾਜ਼ੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਬਿਆਨ ਕਿ ਕਿਵੇਂ ਕੇਵਲ ਤੀਹ ਸਿੰਘਾਂ ਨੇ ਅਬਦਾਲੀ ਦੀ ਤੀਹ ਹਜ਼ਾਰ ਅਫਗਾਨੀ ਤੇ ਬਲੋਚ ਫ਼ੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ਉੱਪਰ ਆਪਣੀਆਂ ਜਾਨਾਂ ਵਾਰ ਗਏ।

ਸਿੱਖਿਆ 

 ਬਾਬਾ ਗੁਰਬਖਸ਼ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿੱਖ ਲਈ ਗੁਰੂ ਦਾ ਪਿਆਰ ਅਤੇ ਸਤਿਕਾਰ ਉਸ ਦੀ ਜਾਨ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਸਿੱਖੀ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਣ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸਾਨੂੰ ਵੀ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

 ਸਾਡਾ ਇਤਿਹਾਸ (ਪ੍ਰਿੰ. ਸਤਿਬੀਰ ਸਿੰਘ) ਪ੍ਰਕਾਸ਼ਕ: ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ

ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

ਸਿੱਖ ਇਤਿਹਾਸ (ਪ੍ਰਿੰਸੀਪਲ ਤੇਜਾ ਸਿੰਘ, ਡਾ. ਗੰਡਾ ਸਿੰਘ) ਪ੍ਰਕਾਸ਼ਕ: ਪੰਜਾਬੀ ਯੂਨੀਵਰਸਿਟੀ, ਪਟਿਆਲਾ  

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਧੰਨਵਾਦੀ ਹਾਂ-ਅਮਨਜੀਤ ਸਿੰਘ ਖਹਿਰਾ

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

 http://www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਲੋਕਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ

ਅਨਸੂਚਿਤ ਜਾਤੀ ਅਤੇ ਲੋੜਵੰਦ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਵਿਆਪਕ ਨੀਤੀ ਤਿਆਰ ਕਰਨ ਦੀ ਮੰਗ
ਰਾਏਕੋਟ/ਸ੍ਰੀ ਫਤਿਹਗੜ੍ਹ ਸਾਹਿਬ/ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੋਕਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ ਕਰਕੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਉਨ੍ਹਾਂ ਅਨਸੂਚਿਤ ਜਾਤੀ ਅਤੇ ਗਰੀਬ ਵਿਦਿਆਰਥੀਆਂ ਦੇ ਗੰਭੀਰ ਮੁੱਦਿਆਂ ਨੂੰ ਉਭਾਰਦੇ ਹੋਏ ਕੇਂਦਰੀ ਮੰਤਰੀ ਕੋਲੋਂ ਅਨੁਸੂਚਿਤ ਜਾਤੀ ਅਤੇ ਗਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਸਕਾਲਰਸ਼ਿਪ ਅਤੇ ਫੰਡਾਂ ਸਬੰਧੀ ਇਕ ਵਿਅਪਕ ਨੀਤੀ ਤਿਆਰ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਲੋੜਵੰਦ ਅਤੇ ਗਰੀਬ ਵਿਦਿਆਰਥੀ ਉਚੇਰੀ ਸਿੱਖਿਆ ਤੋਂ ਵਾਂਝੇ ਨਾਂ ਰਹਿਣ। ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ ਸਮੇਂ ਡਾ. ਅਮਰ ਸਿ,ੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਕਾਰਨ ਵਿਦਿਆਰਥੀਆਂ ਨੂੰ ਫੀਸਾਂ ਸਬੰਧੀ ਕਾਫੀ ਸਮੱਸਿਆ ਪੇਸ਼ ਆ ਰਹੀ ਹੈ, ਕਿਉਂਕਿ ਸਰਕਾਰ ਵਲੋਂ ਕੀਤੇ ਗਏ ਬਦਲਾਅ ਕਾਰਨ ਹੋਣ ਵਾਲੀ ਵੰਡ ਦੀ ਦੇਰੀ ਕਾਰਨ ਅਦਾਰਿਆਂ ਵਲੋਂ ਫੀਸ ਦੀ ਅਗੇਤੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਕੇਂਦਰ ਸਰਕਾਰ ਦੇ ਵਜ਼ੀਫੇ 'ਤੇ ਨਿਰਭਰ ਕਈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਡਾ. ਅਮਰ ਸਿੰਘ ਕੇਂਦਰੀ ਮੰਤਰੀ ਥਾਵਰ ਨੂੰ ਬੇਨਤੀ ਕੀਤੀ ਕਿ ਉਹ ਅਨੁਸੂਚਿਤ ਜਾਤੀ ਅਤੇ ਗਰੀਬ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫ਼ੇ ਅਤੇ ਫੰਡਾਂ ਸਬੰਧੀ ਵਧੇਰੇ ਵਿਅਪਕ ਨੀਤੀ ਤਿਆਰ ਕਰਨ ਤਾਂ ਜੋ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀ ਸਿੱਖਿਆ ਦੀ ਵਧਦੀ ਕੀਮਤ ਦਾ ਮੁਕਾਬਲਾ ਕਰ ਸਕਣ।

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤੇ ਗੁਰਮਤਿ ਸਮਾਗਮ 8 ਦਸੰਬਰ ਨੂੰ - ਸੰਤ ਬਾਬਾ ਸੂਬਾ ਸਿੰਘ

ਬਰਨਾਲਾ, ਦਸੰਬਰ 2019-(ਗੁਰਸੇਵਕ ਸੋਹੀ)- 

 ਪਿੰਡ ਨਰੈਣਗੜ੍ਹ ਸੋਹੀਆ, ਦੀਵਾਨੇ,ਛੀਨੀਵਾਲ ਖੁਰਦ, ਗਹਿਲਾ ਇਨ੍ਹਾਂ ਚੌਹਾਂ ਨਗਰਾਂ ਦੇ ਵਿੱਚਕਾਰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਗੁਰਮਤਿ ਸੰਗੀਤ ਵਿਦਿਆਲਾ, ਨੇਤਰਹੀਣ ਅਤੇ ਅਨਾਥ ਆਸ਼ਰਮ ਚੰਦੂਆਣਾ ਸਹਿਬ ਵਿਖੇ ਸਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਹਿਬ ਜੀ ਦਾ ਪ੍ਰਕਾਸ਼ ਮਿਤੀ 9 ਦਸੰਬਰ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 11 ਦਸੰਬਰ ਨੂੰ 9 ਵਜੇ ਉਪਰੰਤ ਕੀਰਤਨ ਦਰਬਾਰ ਸਜੇਗਾ। ਸਰਦਾਰੀਆਂ ਟਰੱਸਟ ਪੰਜਾਬ ਵਲੋਂ 4 ਦਸੰਬਰ ਤੋਂ 10 ਦਸੰਬਰ ਤੱਕ ਦਸਤਾਰ ਸਿੱਖਲਾਈ ਕੈਂਪ ਆਸਰਮ ਵਿੱਚ ਲਾਇਆ ਜਾਵੇਗਾ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ 3 ਤੋ 10 ਸਾਲ ਜਾਪੁਜੀ ਸਾਹਿਬ ਪਹਿਲਾ ਇਨਾਮ 1500 ਦੂਜਾ 1100 ਤੀਜਾ 800 ਅਤੇ 10 ਤੋਂ 15 ਸਾਲ ਨਿਤਨੇਮ ਪਹਿਲਾ ਇਨਾਮ 2100 ਦੂਜਾ1500 ਤੀਜਾ 800 ਅਤੇ 15 ਤੋ 30 ਸਾਲ ਪਹਿਲਾ ਇਨਾਮ 3100 ਦੂਜਾ 2100 ਤੀਜਾ 1100 ਦਸਤਾਰ ਮੁਕਾਬਲਿਆਂ ਦਾ ਸਮਾਂ 8 ਤੋਂ 10 ਵਜੇ  ਸਵੇਰੇ 11 ਦਸੰਬਰ ਨੂੰ 3 ਤੋਂ 14 ਸਾਲ ਪਹਿਲਾ ਇਨਾਮ 2100 ਦੂਜਾ 1500 ਤੀਜਾ 1100 ਅਤੇ 14 ਤੋਂ 22 ਸਾਲ ਪਹਿਲਾ ਇਨਾਮ 3100 ਦੂਜਾ 2100 ਤੀਜਾ 1100 ਦੁਮਾਲਾ ਮੁਕਾਬਲਾ ਬੀਬੀਆਂ ਪਹਿਲਾ ਇਨਾਮ 2100 ਦੂਜਾ 1500 ਤੀਜਾ 1100 ਰਜਿਸਟ੍ਰੇਸਨ 1 ਦਸੰਬਰ ਤੋਂ 7 ਦਸੰਬਰ ਤੱਕ ਹੋਵੇਗੀ । ਵਿਸੇਸ ਸਹਿਯੋਗ ਸਰਦਾਰ ਹਰਜਿੰਦਰ ਸਿੰਘ ਕਨੇਡਾ, ਨਿਰਮਲ ਸਿੰਘ ਇਗਲੈਡ,ਸਕੰਦਰ ਸਿੰਘ ਅਸਟ੍ਰੇਲੀਆ ਆਦਿ ।

ਸੁਵਾਮੀ ਜਮੀਤ ਸਿੰਘ ਜੀ ਲੋਪੋਂ ਵਾਲਿਆਂ ਦੀ ਸਲਾਨਾ ਬਰਸੀ ਦੀਆਂ ਤਿਆਰੀਆਂ ਜੋਰਾਂ ਤੇ - ਸੁਵਾਮੀ ਜਗਰਾਜ ਸਿੰਘ ਜੀ

ਬੱਧਣੀ ਕਲਾਂ,ਦਸੰਬਰ 2019-( ਗੁਰਸੇਵਕ ਸੋਹੀ)- 

ਸੁਵਾਮੀ ਜਮੀਤ ਸਿੰਘ ਜੀ ਲੋਪੋ ਵਾਲਿਆ ਦੀ ਬਰਸੀ 13 ਦਸੰਬਰ ਨੂੰ ਧੂਮਧਾਮ ਨਾਲ ਮਨਾਈ ਜਾਵੇਗੀ । ਸਵਾਮੀ ਮਹਿੰਦਰ ਸਿੰਘ ਭਗਤ ਜੀ ਦੇ ਅਸ਼ੀਰਵਾਦ ਸਦਕਾ ਗੱਦੀ ਨਸ਼ੀਨ ਸੁਵਾਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆ ਵਲੋਂ ਨਿਰਮਲ ਆਸਰਮ ਲੋਪੋਂ (ਮੋਗਾ) ਵਿਖੇ ਮਨਾਈ ਜਾਵੇਗੀ 13 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਰਾਗੀ ਢਾਡੀ ਕਵੀਸ਼ਰੀ ਜਥੇ ਹਰੀ ਜਸ ਕਰਨਗੇ 2 ਵਜੇ ਸਵਾਮੀ ਜਗਰਾਜ ਸਿੰਘ ਜੀ ਰੁਹਾਨੀ ਕਥਾ ਕਰਨਗੇ। ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈਂਕਅੱਪ ਕੈਂਪ ਵੀ ਲਾਇਆ ਜਾਵੇਗਾ ।

ਜੋਨ ਮਸੀਹ ਬਣਕੇ ਆਇਆ ਸਜਾਦ ਮਸੀਹ ਲਈ ਲਈ ਰੱਬ ਦਾ ਰੂਪ।

ਬਰਨਾਲਾ,ਦਸੰਬਰ 2019- (ਗੁਰਸੇਵਕ ਸੋਹੀ) -

ਭਦੌੜ ਵਿੱਚ ਇੱਕ ਜੋਨ ਮਸੀ ਟੈਰਾ ਵਾਲਾ ਰਹਿੰਦਾ ਹੈ ਕਿ ਉਸ ਨੇ ਸਜਾਦ ਮਸੀਹ ਜੋ ਕਿ ਸਮਾਜ ਸੇਵੀ ਆਗੂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਲਿਆ । ਸਜਾਦ ਮਸੀਹ ਤੇ ਮਾੜਾ ਸਮਾਂ ਆਇਆ ਉਸ ਨੂੰ ਅਧਰੰਗ ਹੋ ਹੱਥ ਪੈਰ ਖੜਗੇ ਆਵਾਜ਼ ਬੰਦ ਹੋ ਗਈ ਅਤੇ ਹਮੇਸ਼ਾਂ ਦੇ ਲਈ ਬੈਡ ਤੇ ਪੈ ਗਿਆ।ਜੋਨ ਮਸੀਹ ਨੂੰ ਪਤਾ ਲੱਗਿਆ ਉਹ ਉਸ ਨੂੰ ਆਪਣੇ ਘਰ ਲੈ ਆਇਆ ਤੇ ਆਪਣੇ ਵਲੋਂ ਦੇਸੀ ਦਵਾਈ ਨਾਲ ਉਸ ਨੂੰ ਇੱਕ ਮਹੀਨੇ ਵਿੱਚ ਚਲਣ ਯੋਗ ਬਣਾ ਦਿੱਤਾ ।ਸਜਾਦ ਮਸੀਹ ਰੋ ਰੋ ਕਿ ਕਹਿੰਦਾ ਕਿ ਜੋਨ ਮਸੀਹ ਮੇਰੇ ਲਈ ਰੱਬ ਦਾ ਰੂਪ ਹੈ। ਪੂਰੇ ਭਦੌੜ ਵਿੱਚ ਜੋਨ ਮਸੀਹ ਦੀ ਚਰਚਾ ਹੋ ਰਹੀ ਹੈ।

ਵਿਸ਼ਵ ਏਡਜ਼ ਦਿਵਸ –  1ਦਸੰਬਰ 2019-ਗੋਬਿੰਦਰ ਸਿੰਘ ‘ਬਰੜ੍ਹਵਾਲ’

 

ਸੰਗਰੂਰ ਦੇ ਲਾਗਲੇ ਪਿੰਡ ਬਡਰੁੱਖਾਂ ਦੀ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ 16 ਨੌਜਵਾਨਾਂ ਦੇ ਐੱਚ.ਆਈ.ਵੀ. ਰੀਐਕਟਿਵ ਸੰਬੰਧੀ ਛਪੀ ਖ਼ਬਰ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿਸਦਾ ਮੁੱਖ ਕਾਰਨ ਨਸ਼ੇ ਦੇ ਟੀਕਿਆਂ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਸੀ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1993 ਤੋ ਅਕੂਤਬਰ 2019 ਤੱਕ ਕੁੱਲ 78589 ਮਾਮਲੇ ਐੱਚ.ਆਈ.ਵੀ. ਦੇ ਰਿਕਾਰਡ ਹੋਏ ਹਨ ਅਤੇ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 16848ਰੀਐਕਟਿਵ ਭਾਵ ਪੌਜ਼ੀਟਿਵ ਕੇਸ ਹਨ। ਮਾਹਿਰਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਐਨੇ ਰੀਐਕਟਿਵ ਕੇਸਾਂ ਪਿੱਛੇ ਨਸ਼ੇ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਹੀ ਹੈ।

ਦੁਨੀਆਂ ਵਿੱਚੋਂ ਐੱਚ.ਆਈ.ਵੀ. ਪੀੜਤਾਂ ਦੀ ਗਿਣਤੀ ਵਿੱਚ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ ਤੇ ਹੈ। ਭਾਰਤ ਵਿੱਚ ਤਕਰੀਬਨ 21.40 ਲੱਖ ਤੋਂ ਅਧਿਕ ਲੋਕ ਐੱਚ.ਆਈ.ਵੀ. ਪੀੜਤ ਹਨ। ਏਡਜ਼ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਏਡਜ਼ ਸੰਬੰਧੀ ਜਾਗਰੂਕਤਾ ਲਈ 1 ਦਸੰਬਰ 2007 ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ ਅਤੇ ਦੂਰਦਰਸ਼ਨ ਤੇ ਲੜੀਵਾਰ ਜਾਸੂਸ ਵਿਜੇ ਵੀ ਏਡਜ਼ ਸੰਬੰਧੀ ਜਾਗਰੂਕਤਾ ਲਈ ਪ੍ਰਸਾਰਿਤ ਹੁੰਦਾ ਰਿਹਾ ਹੈ।

ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸਦਾ ਮੰਤਵ ਐੱਚ.ਆਈ.ਵੀ. ਏਡਜ਼ ਤੋਂ ਗ੍ਰਸਤ ਲੋਕਾਂ ਦੀ ਮੱਦਦ ਕਰਨ ਲਈ ਧਨ ਜੁਟਾਉਣ, ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਅਤੇ ਏਡਜ਼ ਨਾਲ ਜੁੜੇ ਮਿੱਥ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ। ਇਸ ਰੋਗ ਨੂੰ ਪਹਿਲੀ ਬਾਰ 1981 ਵਿੱਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਮ ਨਾਲ ਪਹਿਲੀ ਵਾਰ 27 ਜੁਲਾਈ 1982 ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸੰਬੰਧੀ ਪਹਿਲੀ ਵਾਰ ਕਲਪਨਾ 1987 ਵਿੱਚ ਅਗਸਤ ਮਹੀਨੇ ਵਿੱਚ ਥਾਮਸ ਨੇੱਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਨੋਂ ਵਿਸ਼ਵ ਸਿਹਤ ਸੰਗਠਨ-ਜਿਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਦੇ ਲਈ ਸਰਵਜਨਿਕ ਸੂਚਨਾ ਅਧਿਕਾਰੀ ਸੀ। ਉਹਨਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਦੇਸ਼ਕ) ਨਾਲ ਸਾਂਝਾ ਕੀਤਾ ਜਿਹਨਾਂ ਨੇ ਇਸ ਵਿਚਾਰ ਨੂੰ ਮਨਜੂਰੀ ਦੇ ਦਿੱਤੀ ਅਤੇ ਸਾਲ 1988 ਵਿੱਚ 1ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੂਰੁ ਕਰ ਦਿੱਤਾ। ਐੱਚ.ਆਈ.ਵੀ. ਏਡਜ਼ ਦਾ ਅੰਤਰ ਰਾਸ਼ਟਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿੱਚ ਅਪਣਾਇਆ ਗਿਆ। ਸਾਲ 2019 ਦੇ ਵਿਸ਼ਵ ਏਡਜ਼ ਦਿਵਸ ਦਾ ਵਿਸ਼ਾ ਹੈ “ ਕਮਿਊਨਿਟੀ ਫ਼ਰਕ ਲਿਆਉਂਦੀ ਹੈ (Communities make the difference)”

ਏਡਜ਼ (ਐਕੂਆਇਰਡ ਇਮਿਊਨੋ ਡੈਫੀਸੀਐਂਸੀ ਸਿੰਡ੍ਰੋਮ) ਐੱਚ.ਆਈ.ਵੀ. (ਹਿਊਮਨ ਇਮਿਊਨੋ ਡੈਫੀਸੀਐਂਸੀ ਵਾਇਰਸ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਪ੍ਰਤੀਰੋਧੀ ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਕਿ ਐੱਚ.ਆਈ.ਵੀ. ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ ਤੇ ਐੱਚ.ਆਈ.ਵੀ. ਗ੍ਰਸਤ ਵਿਅਕਤੀ ਵਿੱਚ 8 ਤੋਂ 10 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚ.ਆਈ.ਵੀ. ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਇੱਕ ਅਵਸਥਾ ਹੈ। ਏਡਜ਼ ਪੀੜਤਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤੱਕ ਬੁਖਾਰ ਦੀ ਸ਼ਿਕਾਇਤ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿੱਚ ਸੋਜ ਆਦਿ ਵੀ ਹੋ ਸਕਦੀ ਹੈ।

ਏਡਜ਼ ਸੰਬੰਧਤ ਜਾਂਚਾ ਵਿੱਚ ਐਲੀਸਾ ਟੈਸਟ, ਵੈਸਟਰਨ ਬਲਾਟ ਟੈਸਟ, ਐੱਚ.ਆਈ.ਵੀ. ਪੀ 24 ਐਂਟੀਜੇਨ (ਪੀ.ਸੀ.ਆਰ.), ਸੀਡੀ 4 ਕਾਊਂਟ ਆਦਿ ਹਨ। ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲਕਾਲਜਾਂ ਅਤੇ ਕੁੱਝ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਇਸਦੀ ਮੁੱਢਲੀ ਰੀਐੱਕਟਿਵ ਜਾਂ ਨਾੱਨ ਰੀਐੱਕਟਿਵ (ਪੌਜ਼ੀਟਿਵ ਜਾਂ ਨੈਗੀਟਿਵ) ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿੱਚ ਇਸ ਬਿਮਾਰੀ ਦਾ ਕੋਈ ਸਫ਼ਲ ਇਲਾਜ ਨਹੀਂ ਹੈ ਲੇਕਿਨ ਕੁਝ ਉਪਚਾਰਾ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ, ਨਿਯੰਤ੍ਰਣ ਕਰਨ ਵਿੱਚ ਮੱਦਦ ਮਿਲ ਸਕਦੀ ਹੈ। ਪੰਜਾਬ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਪਠਾਨਕੋਟ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਆਦਿ 8 ਏ.ਆਰ.ਟੀ. (ਐਂਟੀ ਰਿਟ੍ਰੋਵਾਇਰਲ ਥੇਰੈਪੀ) ਸੈਂਟਰ ਹਨ, ਇੱਕ ਏ,ਆਰ.ਟੀ, ਪਲੱਸ ਟ੍ਰੀਟਮੈਂਟ ਸੈਂਟਰ ਅੰਮ੍ਰਿਤਸਰ, ਚਾਰ ਐੱਫ-ਆਈ. ਏ.ਆਰ.ਟੀ. ਸੈਂਟਰ ਬਟਾਲਾ, ਮੋਗਾ, ਰੂਪਨਗਰ ਅਤੇ ਫਰੀਦਕੋਟ, ਇੱਕ ਲਿੰਕ ਏ.ਆਰ.ਟੀ. ਪਲੱਸ ਸੈਂਟਰ ਸੰਗਰੂਰ, 12 ਲਿੰਕ ਏ.ਆਰ.ਟੀ. ਸੈਂਟਰ ਬਰਨਾਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਹਾਲੀ, ਮੁਕਤਸਰ ਸਾਹਿਬ, ਸੰਗਰੂਰ, ਨਵਾਂ ਸ਼ਹਿਰ (ਆਈ ਸੀ ਟੀ ਸੀ ਅਤੇ ਓ ਐੱਸ ਟੀ) ਅਤੇ ਮੰਡੀ ਗੋਬਿੰਦਗੜ੍ਹ ਆਦਿ ਹਨ ਜਿੱਥੋਂ ਰੀਐਕਟਿਵ ਮਰੀਜ਼ ਉਪਚਾਰ ਸੰਬੰਧੀ ਸੇਵਾਵਾਂ ਲੈ ਸਕਦੇ ਹਨ।

ਏਡਜ਼ ਛੂਆ ਛੂਤ ਦੀ ਬਿਮਾਰੀ ਨਹੀਂ ਹੈ, ਨਾ ਹੀ ਇਹ ਕਿਸੇ ਨਾਲ ਉੱਠਣ ਬੈਠਣ ਨਾਲ ਫੈਲਦੀ ਹੈ ਨਾ ਹੀ ਇਹ ਹੱਥ ਮਿਲਾਉਣ ਨਾਲ। ਇਹ ਮੱਛਰ ਦੇ ਕੱਟਣ ਨਾਲ, ਗਲੇ ਮਿਲਣ ਜਾਂ ਖੰਗਣ ਆਦਿ ਨਾਲ ਵੀ ਨਹੀਂ ਫੈਲਦਾ। ਏਡਜ਼ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧਾਂ ਨਾਲ, ਸੰਕ੍ਰਮਿਤ ਲਹੂ ਜਾਂ ਲਹੂ ਪਦਾਰਥ ਸਰੀਰ ਵਿੱਚ ਚੜਨ ਜਾਂ ਸੰਪਰਕ ਵਿੱਚ ਆਉਣ ਤੇ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦਾ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧ ਸਥਾਪਤ ਕਰਨਾ ਇਸਦੇ ਫੈਲਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਜਿਹੇ ਸੰਬੰਧ ਸਮਲੈਂਗਿਕ ਵੀ ਹੋ ਸਕਦੇ ਹਨ। ਸੁੱਰਖਿਅਤ ਯੌਨ ਸੰਬੰਧ ਸਥਾਪਤ ਕਰਨ ਲਈ ਕੰਡੋਮ ਜਾਂ ਨਿਰੋਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਡੋਮ ਬਾਜ਼ਾਰ ਵਿੱਚ ਸਾਧਾਰਨ ਮੁੱਲ ਉੱਪਰ ਉਪਲੱਬਧ ਹਨ ਅਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ. ਕੇਂਦਰ, ਪੀ.ਪੀ.ਸੀ.ਟੀ. ਕੇਂਦਰ, ਕਮਿਊਨਿਟੀ ਕੇਅਰ ਸੈਂਟਰ, ਐੱਸ.ਟੀ.ਡੀ. ਕਲੀਨਿਕ ਆਦਿ ਤੋਂ ਵੀ ਮੁਫ਼ਤ ਪ੍ਰਾਪਤ ਕੀਤੇ ਜਾਸਕਦੇ ਹਨ। ਯੋਗ ਡਾਕਟਰਾਂ ਦੀ ਦੇਖ ਰੇਖ ਹੇਠ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ।

10 ਸਤੰਬਰ 2018 ਤੋਂ ਐੱਚ.ਆਈ.ਵੀ. ਅਤੇ ਏਡਜ਼ ਪੀੜਤਾਂ ਨਾਲ ਉਪਚਾਰ ਸੰਬੰਧੀ, ਰੁਜ਼ਗਾਰ ਅਤੇ ਕਾਰਜ ਸਥਾਨ ਆਦਿ ਤੇ ਕਿਸੇ ਤਰ੍ਹਾਂ ਦਾ ਭੇਦਭਾਵ, ਸ਼ੋਸ਼ਣ ਨਾ ਹੋਵੇ ਇਸ ਲਈ ਐਚ.ਆਈ.ਵੀ. ਅਤੇ ਏਡਜ਼ (ਰੋਕਥਾਮ ਅਤੇ ਨਿਯੰਤਰਣ) ਐਕਟ, 2017 ਲਾਗੂ ਹੋਇਆ ਹੈ ਜਿਸ ਵਿੱਚ ਦੋਸ਼ੀ ਨੂੰ ਸਜ਼ਾ ਅਤੇ ਜ਼ੁਰਮਾਨੇ ਆਦਿ ਦਾ ਪ੍ਰਾਵਧਾਨ ਹੈ।

ਐੱਚ.ਆਈ.ਵੀ. ਅਤੇ ਏਡਜ਼ ਦੇ ਸਫ਼ਲ ਇਲਾਜ ਲਈ ਵਿਗਿਆਨਕਾਂ ਦੁਆਰਾ ਨਿਰੰਤਰ ਖੋਜ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਜਿਸਦੇ ਭਵਿੱਖ ਵਿੱਚ ਚੰਗੇ ਸਿੱਟੇ ਪ੍ਰਾਪਤ ਹੋ ਸਕਦੇ ਹਨ ਪਰੰਤੂ ਵਰਤਮਾਨ ਸਮੇਂ ਵਿੱਚ ਲਾਜ਼ਮੀ ਤੌਰ ਤੇ ਪੀੜਤਾਂ ਨੂੰ ਕਿਸੇ ਦੇ ਰੂੜੀਵਾਦੀ ਕੀਤੇ ਜਾਂਦੇ ਦਾਅਵਿਆਂ, ਵਾਅਦਿਆਂ  ਦੇ ਭੰਬਲਭੂਸੇ ਚ ਪੈ ਕੇ ਜਾਦੂ ਟੂਣਿਆਂ, ਬਾਬਿਆਂ, ਜੜੀ ਬੂਟੀਆਂ ਦੇ ਚੱਕਰਾਂ ‘ਚ ਪੈਣ ਦੀ ਬਜਾਇ ਏ.ਆਰ.ਟੀ. ਸੈਂਟਰਾਂ ਤੋਂ ਉਪਚਾਰ ਲੈਣਾ ਚਾਹੀਦਾ ਹੈ। 

ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਯੌਨ ਸੰਬੰਧਾਂ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ ਕੇ ਗੱਲ ਕਰਨ ਤੋਂ ਪਾਸਾ ਵੱਟਦਾ ਹੈ ਜੋ ਕਿ ਅਗਾਂਹਵਧੂ ਸਮਾਜ ਦਾ ਗੁਣ ਨਹੀਂ ਹੈ। ਬਹੁਤੇ ਲੋਕ ਕੰਡੋਮ ਖਰੀਦਣ ਜਾਂ ਮੰਗਣ ਤੋਂ ਹੀ ਝਿਝਕਦੇ ਹਨ ਅਤੇ ਅਸੁੱਰਖਿਅਤ ਯੌਨ ਸੰਬੰਧ ਸਥਾਪਤ ਕਰ ਲੈਂਦੇ ਹਨ, ਜੋ ਕਿ ਖੁੱਲ੍ਹਾ ਏਡਜ਼ ਨੂੰ ਸੱਦਾ ਸਾਬਤ ਹੋ ਸਕਦਾ ਹੈ। ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋਕਿ ਉਨ੍ਹਾਂ ਦੀ ਰੂਹ ਨੂੰ ਤਾਰ ਤਾਰ ਕਰ ਛੱਡਦੇ ਹਨ। ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਯੌਨ ਸੰਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਸਕਾਰਾਤਮਕਤਾ ਨਾਲ ਵਿਚਰੀਏ ਤਾਂ ਜੋ ਪੀੜਤ ਵਿਅਕਤੀ ਆਪਣੇ ਆਪ ਨੂੰ ਹੀਣ, ਸ਼ਰਮਿੰਦਾ, ਬਦਚਲਣ ਜਾਂ ਕਿਸੇ ਤਰ੍ਹਾਂ ਦਾ ਸਮਾਜਿਕ ਅਪਰਾਧੀ ਨਾ ਮਹਿਸੂਸ ਕਰਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ'

ਚੰਡੀਗੜ੍ਹ,ਦਸੰਬਰ 2019- (ਹਰਜਿੰਦਰ ਸਿੰਘ/ ਮਨਜਿੰਦਰ ਗਿੱਲ )-

ਹਰਜੀਤ ਹਰਮਨ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਉਣ ਵਾਲਾ ਸੱਭਿਆਚਾਰਿਕ ਫਨਕਾਰ ਹੈ।ਆਪਣੇ ਨਾਮ ਵਰਗੀ ਹੀ ਹਰਮਨ ਪਿਆਰੀ ਆਵਾਜ ਵਿੱਚ ਗਾਏ ਜਾਦੇਂ ਉਸ ਦੇ ਉਸਦੇ ਗੀਤ ਸੱਜਰੀ ਸਵੇਰ ਦੀ ਕੋਸੀ ਧੁੱਪ ਵਰਗੇ ਹੁੰਦੇ ਹਨ ਜੋ ਕਦੇ ਵੀ ਸੱਭਿਆਚਾਰ ਦੇ ਘੇਰੇ ਤੋ ਬਾਹਰ ਨਹੀ ਹੁੰਦੇ। ਉਸਦੀ ਪਰਿਵਾਰਿਕ ਗਾਇਕੀ ਨੇ ਦਰਸ਼ਕਾਂ ਦੇ ਦਿਲਾਂ ‘ਚ ਇੱਕ ਵਿਸ਼ੇਸ਼ ਜਗ੍ਹਾ ਬਣਾਈ ਹੋਈ ਹੈ।ਜਦਂੋ ਵੀ ਕਿਤੇ ਸੱਭਿਆਚਾਰਿਕ ਗਾਇਕੀ ਦੀ ਗੱਲ ਤੁਰਦੀ ਹੈ ਤਾਂ ਹਰਜੀਤ ਹਰਮਨ ਦਾ ਨਾਮ ਆਪ ਮੁਹਾਰੇ ਹੀ ਅੱਗੇ ਆ ਜਾਦਾ ਹੈ।ਦੌਰ ਚਾਹੇ ਜਿਹੋ ਜਾ ਵੀ ਰਿਹਾ ਹੋਵੇ।ਉਸਨੇ ਆਪਣੇ ਗਾਉਣ ਦੇ ਤਰੀਕੇ ਅਤੇ ਸਲੀਕੇ ਵਿੱਚ ਕੋਈ ਬਦਲਾਅ ਨਹੀ ਲਿਆਦਾਂ।ਜਿਸਦੀ ਬਦੌਲਤ ਉਹ ਅਜੋਕੇ ਦੌਰ ਦਾ ਸਿਰਮੌਰ ਗਾਇਕ ਹੈ।ਪਾਏਦਾਰ ਗਾਇਕੀ ਦੇ ਮਾਲਕ ਇਸ ਗਾਇਕ ਨੇ ਜਦੋ ਫਿਲਮ 'ਕੁੜਮਾਈਆਂ' ਰਾਹੀਂ ਬਤੌਰ ਹੀਰੋ ਪਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਤਾਂ ਦਰਸ਼ਕਾਂ ਨੇ ਉਸਦੇ ਫਿਲਮੀ ਅੰਦਾਜ਼ ਨੂੰ ਚੰਗਾ ਹੁੰਗਾਰਾ ਦਿੱਤਾ।ਜਿਸਦੇ ਫਲਸਰੂਪ ਹਰਜੀਤ ਹਰਮਨ ਇੱਕ ਵਾਰ ਫਿਰ ਆਪਣੀ ਨਵੀ ਫਿਲਮ 'ਤੰੂ ਮੇਰਾ ਕੀ ਲੱਗਦਾ' ਰਾਹੀ ਬਤੌਰ ਹੀਰੋ ਵੱਡੇ ਪਰਦੇ ਤੇ ਨਜ਼ਰ ਆਉਣ ਜਾ ਰਿਹਾ ਹੈ।ਵਿਨਰਜ਼ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਣ ਬੇਹਤਰੀਨ ਅਦਾਕਾਰ ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਵੱਲੋ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਬਾਰੇ ਗੱਲ ਕਰਦਿਆਂ ਗਾਇਕ-ਅਦਾਕਾਰ ਹਰਜੀਤ ਹਰਮਨ ਨੇ ਦੱਸਿਆ ਕਿ ਇਹ ਫਿਲਮ ਮੌਜੂਦਾ ਪੰਜਾਬੀ ਸਿਨੇਮੇ 'ਚ ਬਿਲਕੁੱਲ ਨਿਵੇਕਲੇ ਵਿਸ਼ੇ ਦੀ ਕਹਾਣੀ ਹੈ ਜੋ ਪਿਆਰ ਮੁਹੱਬਤ, ਹਾਸਿਆਂ-ਠੱਠਿਆਂ ਅਤੇ ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਦੱਸਦੀ ਹੈ। ਇਹ ਫ਼ਿਲਮ ਪਿਆਰ ਮੁੱਹਬਤ ਵਿੱਚ ਦੀਵਾਰ ਬਣੀ ਸਮਾਜਿਕ ਸੋਚ, ਜਾਤ ਪਾਤ ਅਤੇ ਪੈਸੇ ਨਾਲ ਬਣੀ ਊਚ ਨੀਚਤਾ ਨੂੰ ਢਾਹੁੰਦੀ ਸੱਚੇ ਦਿਲਾਂ ਦੀ ਗਵਾਹੀ ਭਰਦੀ ਇੱਕ ਰੂਮਾਂਟਿਕ ਅਤੇ ਭਾਵਨਾਤਮਕ ਵਿਸ਼ੇ ਦੀ ਕਹਾਣੀ ਹੈ ਜੋ ਦਰਸ਼ਕਾ ਦਾ ਹਰ ਪੱਖੋਂ ਭਰਪੂਰ ਮਨੋਰੰਜਨ ਕਰੇਗੀ।

ਦਰਸ਼ਕ ਉਸਦੀ ਪਹਿਲੀ ਫ਼ਿਲਮ ਵਾਂਗ ਇਸ ਨੂੰ ਹੋਰ ਵੀ ਜਿਆਦਾ ਪਿਆਰ ਦੇਣਗੇ।ਇਸ ਫ਼ਿਲਮ ਵਿਚ ਪੰਜਾਬੀ ਗਾਇਕ-ਅਦਾਕਾਰ ਹਰਜੀਤ ਹਰਮਨ ਤੇ ਸੇਫ਼ਾਲੀ ਸ਼ਰਮਾ ਦੀ ਜੋੜੀ ਮੁੱਖ ਭੂਮਿਕਾ ਵਿੱਚ ਹੈ ਜਦਕਿ ਬਾਕੀ ਕਲਾਕਾਰਾਂ ਵਿੱਚ ਯੋਗਰਾਜ ਸਿੰਘ,ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ , ਪ੍ਰਿੰਸ ਕੰਵਲਜੀਤ, ਨਿਸ਼ਾ ਬਾਨੋਂ, ਹਰਪਾਲ ਸਿੰਘ, ਜਸ਼ਨਜੀਤ ਗੋਸ਼ਾ, ਨੀਟਾ ਤੰਬੜਭਾਨ, ਪਰਮ ਸਿੱਧੂ, ਪ੍ਰਵੀਨ ਅਖ਼ਤਰ, ਹਨੀ ਮੱਟੂ, ਸਤਵੰਤ ਕੌਰ, ਨਰਿੰਦਰ ਨੀਨਾ, ਮਿੰਟੂ ਜੱਟ ਤੇ ਚਾਚਾ ਬਿਸ਼ਨਾ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਤੋਂ ਇਲਾਵਾ ਰਵਿੰਦਰ ਗਰੇਵਾਲ ਤੇ ਜਸਪਿੰਦਰ ਚੀਮਾ ਵੀ ਵਿਸ਼ੇਸ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਲਾਡੀ ਗਿੱਲ, ਅਤੁਲ ਸ਼ਰਮਾ, ਇਕਵਿੰਦਰ ਸਿੰਘ ਤੇ ਡੀ ਜੇ ਸਟ੍ਰਿੰਗ ਵਲੋਂ ਦਿੱਤਾ ਸੰਗੀਤ ਬਹੁਤ ਹੀ ਦਿਲਚਸਪ ਹੈ।ਪ੍ਰਸਿੱਧ ਗੀਤਕਾਰ ਬਚਨ ਬੇਦਿਲ, ਹਰਮਨਜੀਤ,ਆਰ ਨੈਤ, ਅਮਰਪ੍ਰੀਤ ਬਾਜਵਾ ਤੇ ਬਿੱਟੂ ਮਹਿਲਕਲਾਂ ਦੇ ਲਿਖੇ ਗੀਤਾਂ ਨੂੰ ਹਰਜੀਤ ਹਰਮਨ, ਨਿੰਜਾ, ਆਰ ਨੈਤ, ਸਿਪਰਾ ਗੋਇਲ ਤੇ ਸੁਦੇਸ਼ ਕੁਮਾਰੀ ਨੇ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਲੇਖਕ ਅਤੇ ਨਿਰਮਾਤਾ -ਨਿਰਦੇਸ਼ਕ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਹਨ। ਸਹਿ ਨਿਰਮਾਤਾ ਸਤਨਾਮ ਬਤੱਰਾ ਤੇ ਗੁਰਮੀਤ ਸਿੰਘ, ਭੋਲਾ ਲਾਇਲਪੁਰੀਆ ਹਨ। ਹੈਪੀ ਗੋਇਲ, ਬਾਗੀ ਸੰਧੂ ਰੁੜਕਾ ਕਲਾਂ ( ਯੂ ਕੇ) ਇਸ ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ ਹਨ। ਇਹ ਫ਼ਿਲਮ 6 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।

 

ਮਿਤੀ 1 ਦਸੰਬਰ, 2019 (੧੬ ਮੱਘਰ) ਨੂੰ ਇਤਿਹਾਸਿਕ ਦਿਹਾੜਾ 

ਸ਼ਹੀਦੀ ਪੁਰਬ : ਸ੍ਰੀ ਗੁਰੂ ਤੇਗ ਬਹਾਦਰ ਜੀ 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

ਮਾਤਾ ਜੀ : ਮਾਤਾ ਨਾਨਕੀ ਜੀ 

ਪਿਤਾ ਜੀ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 

ਜਨਮ ਮਿਤੀ : 5 ਵਿਸਾਖ, ਸੰਮਤ 1678 ਬਿ. (1 ਅਪ੍ਰੈਲ, 1621 ਈ.)

ਜਨਮ ਸਥਾਨ :  ਸ੍ਰੀ ਅੰਮ੍ਰਿਤਸਰ ਸਾਹਿਬ (ਗੁਰੂ ਕੇ ਮਹਿਲ) 

ਮਹਿਲ : ਮਾਤਾ ਗੁਜਰ ਕੌਰ ਜੀ 

ਸੰਤਾਨ : ਸ੍ਰੀ ਗੁਰੂ ਗੋਬਿੰਦ ਸਿੰਘ ਜੀ 

ਸ਼ਹੀਦੀ ਦਿਨ : 11 ਮੱਘਰ, ਸੰਮਤ 1732 ਬਿ. (11 ਨਵੰਬਰ, 1675 ਈ.) 

ਸ਼ਹੀਦੀ ਸਥਾਨ : ਚਾਂਦਨੀ ਚੌਂਕ, ਦਿੱਲੀ  

ਮੁੱਢਲਾ ਜੀਵਨ :

ਬਚਪਨ ਤੋਂ ਹੀ ਆਪ ਜੀ ਦਲੇਰ, ਤਿਆਗੀ, ਪਰਉਪਕਾਰੀ ਅਤੇ ਸਾਧੂ ਸੁਭਾਅ ਦੇ ਮਾਲਕ ਸਨ। ਗੁਰਮਤਿ ਦੀ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਪ ਜੀ ਨੇ ਯੁੱਧ ਕਲਾ ਵੀ ਸਿੱਖੀ। ਆਪ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਉਹ ਜੌਹਰ ਦਿਖਾਏ ਕਿ ਆਪ ਜੀ ਦੇ ਪਿਤਾ ਜੀ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਉੱਤੇ ਪ੍ਰਸੰਨ ਹੋ ਕੇ ਆਪ ਜੀ ਦਾ ਨਾਂ ਤਿਆਗ ਮੱਲ ਤੋਂ ਬਦਲ ਕੇ *ਤੇਗ ਬਹਾਦਰ* ਰੱਖ ਦਿੱਤਾ।

ਗੁਰੂ ਜੀ ਦੁਅਾਰਾ ਸ੍ਰੀ ਅਨੰਦਪੁਰ ਸਾਹਿਬ  ਵਸਾੳੁਣਾ :

 ਗੁਰੂ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਪਾਸੋਂ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਲੈ ਕੇ ਅਕਤੂਬਰ 1665 ਈ. ਵਿੱਚ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਇਸ ਨਗਰ ਦਾ ਪਹਿਲਾ ਨਾਂ ਚੱਕ ਨਾਨਕੀ ਸਤਿਗੁਰਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ, ਜੋ ਬਾਅਦ ਵਿੱਚ ਅਨੰਦਪੁਰ ਸਾਹਿਬ (ਅਨੰਦਾਂ ਦੀ ਪੁਰੀ) ਦੇ ਨਾਂ ਨਾਲ ਪ੍ਰਸਿੱਧ ਹੋਇਆ। 

ਪ੍ਰਚਾਰ ਦੌਰੇ :

 ਆਪਣੇ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਜੀ ਪੰਜਾਬ ਦੇ ਪਿੰਡਾਂ ਤੋਂ ਇਲਾਵਾ ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਮਥੁਰਾ, ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਗਯਾ, ਢਾਕਾ ਅਤੇ ਆਸਾਮ ਆਦਿ ਦੇ ਇਲਾਕਿਆਂ ਵਿੱਚ ਗਏ। ਗੁਰੂ ਜੀ ਨੇ ਧੂਬੜੀ (ਅਸਾਮ) ਵਿਖੇ ਰਾਜਾ ਰਾਮ ਸਿੰਘ ਅਤੇ ਹੋਮੀ ਕਬੀਲੇ ਦੇ ਸਰਦਾਰ ਚੱਕਰਧਵੱਜ ਵਿੱਚ ਸੁਲ੍ਹਾ ਕਰਵਾਈ। ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਦੋਹਾਂ ਧਿਰਾਂ ਦੇ ਮਨਾਂ ਵਿੱਚੋਂ ਵੈਰ ਭਾਵਨਾ ਨੂੰ ਖਤਮ ਕਰ ਦਿੱਤਾ। ਇਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਜੀ ਨੇ ਮੁੱਖ ਤੌਰ ਤੇ ਲੋਕਾਂ ਨੂੰ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਕਿਸੇ ਨੂੰ ਡਰਾਉਣ ਦੀ ਪ੍ਰੇਰਨਾ ਕਰਕੇ ਉਨ੍ਹਾਂ ਅੰਦਰ ਕੁਰਬਾਨੀ ਦਾ ਜਜ਼ਬਾ ਭਰਿਆ।

ਅੌਰੰਗਜ਼ੇਬ ਦੇ ਅੱਤਿਆਚਾਰ :

ਮੁਗਲ ਬਾਦਸ਼ਾਹ ਅੌਰੰਗਜ਼ੇਬ ਨੇ 1658 ਈ. ਤੋਂ 1707 ਈ. ਤੱਕ ਦੇ ਆਪਣੇ ਰਾਜ ਦੇ ਸਮੇਂ ਦੌਰਾਨ ਭਾਰਤ ਵਿੱਚ ਹਰ ਪਾਸੇ ਬਹੁਤ ਜ਼ੁਲਮ ਕੀਤੇ। ਉਸ ਦੇ ਹੁਕਮ ਨਾਲ ਦੇਸ਼ ਅੰਦਰ ਧਾਰਮਿਕ ਕੱਟੜਤਾ ਦੀ ਲਹਿਰ ਚਲਾਈ ਗਈ, ਜਿਸ ਤਹਿਤ ਹਿੰਦੂ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢਿਆ ਜਾਣ ਲੱਗਿਆ। ਅੌਰੰਗਜ਼ੇਬ ਨੇ 1674 ਈ. ਵਿੱਚ ਫ਼ੈਸਲਾ ਕੀਤਾ ਕਿ ਗੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾੲਿਅਾ ਜਾਵੇ। ਉਸ ਨੇ ਇਸ ਲਈ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਚੁਣਿਅਾ ਕਿਉਂਕਿ ਉਹ ਸੋਚਦਾ ਸੀ ਕਿ ਕਸ਼ਮੀਰ ਦੇ ਪੰਡਿਤ ਬਹੁਤ ਵਿਦਵਾਨ ਹਨ। ਇਸ ਲਈ ਜੇਕਰ ਉਹ ਇਸਲਾਮ ਧਰਮ ਅਪਣਾ ਲੈਣਗੇ ਤਾਂ ਬਾਕੀ ਦੇ ਆਮ ਲੋਕ ਵੀ ਉਨ੍ਹਾਂ ਵੱਲ ਵੇਖ ਕੇ ਅਸਾਨੀ ਨਾਲ ਆਪਣਾ ਧਰਮ ਬਦਲ ਲੈਣਗੇ।

ਕਸ਼ਮੀਰੀ ਪੰਡਿਤਾਂ ਦੀ ਪੁਕਾਰ :

 ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਬਚਾਉਣ ਦੀ ਫਰਿਆਦ ਲੈ ਕੇ, ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ, ਕੁੱਝ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਵਫ਼ਦ ਸ੍ਰੀ ਅਨੰਦਪੁਰ ਸਾਹਿਬ ਪੁੱਜਾ। 25 ਮਈ, 1675 ਈ. ਨੂੰ ਉਨ੍ਹਾਂ ਦੀ ਮੁਲਾਕਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਈ। ਸਤਿਗੁਰਾਂ ਨੇ ਕਸ਼ਮੀਰੀ ਪੰਡਿਤਾਂ ਦੇ ਦੁੱਖ ਨੂੰ ਬਹੁਤ ਹਮਦਰਦੀ ਨਾਲ ਸੁਣਿਅਾ। ਗੁਰੂ ਜੀ ਨੇ ਸੋਚ ਵਿਚਾਰ ਕਰਨ ਉਪਰੰਤ ਇਹ ਬਚਨ ਕੀਤਾ ਕਿ ਇਹ ਸੰਕਟ ਤਾਂ ਟਲ ਸਕਦਾ ਹੈ, ਜੇਕਰ ਕੋਈ ਮਹਾਨ ਵਿਅਕਤੀ ਆਪਣਾ ਬਲੀਦਾਨ ਦੇਵੇ। ਇਹ ਸੁਣ ਕੇ ਪਾਸ ਬੈਠੇ ਬਾਲ ਸ੍ਰੀ ਗੋਬਿੰਦ ਰਾੲਿ ਜੀ ਨੇ ਕਿਹਾ ਕਿ ਪਿਤਾ ਜੀ! ਤੁਹਾਡੇ ਤੋਂ ਮਹਾਨ ਵਿਅਕਤੀ ਹੋਰ ਕੌਣ ਹੋ ਸਕਦਾ ਹੈ? ਇਹ ਸੁਣ ਕੇ ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਬਾਦਸ਼ਾਹ ਨੂੰ ਲਿਖ ਭੇਜੋ ਕਿ ਗੁਰੂ ਤੇਗ ਬਹਾਦੁਰ ਸਾਡੇ ਧਾਰਮਿਕ ਰਹਿਬਰ ਹਨ। ਜੇਕਰ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। ਇਸ ਤਰ੍ਹਾਂ ਗੁਰੂ ਜੀ ਨੇ ਅੌਰੰਗਜ਼ੇਬ ਦੇ ਜ਼ੁਲਮ ਨੂੰ ਵੰਗਾਰਿਆ। 

ਗੁਰੂ ਸਾਹਿਬ ਜੀ ਦੀ ਸ਼ਹੀਦੀ :

 ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣ ਵੇਲੇ ਸੰਗਤਾਂ ਨੂੰ ਬਚਨ ਕੀਤਾ ਕਿ ਸਾਡੇ ਤੋਂ ਬਾਅਦ ਗੁਰਿਅਾੲੀ ਦੀ ਜ਼ੁੰਮੇਵਾਰੀ ਗੋਬਿੰਦ ਰਾੲਿ ਜੀ ਸੰਭਾਲਣਗੇ। ਮਿਤੀ 11 ਜੁਲਾਈ, 1675 ਈ. ਨੂੰ ਗੁਰੂ ਜੀ ਪੰਜ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ। ਉਸ ਸਮੇਂ ਭਾਵੇਂ ਅੌਰੰਗਜ਼ੇਬ ਦਿੱਲੀ ਵਿੱਚ ਨਹੀਂ ਸੀ, ਪਰ ਉਸ ਦੇ ਹੁਕਮ ਨਾਲ ਹੀ ਸਭ ਕੁਝ ਹੋ ਰਿਹਾ ਸੀ। ਅੌਰੰਗਜ਼ੇਬ ਦੇ ਭੇਜੇ ਹੁਕਮ ਅਨੁਸਾਰ ਸਥਾਨਕ ਹਾਕਮਾਂ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਅਾਂ, *'ਇਸਲਾਮ ਕਬੂਲ ਕਰੋ, ਕਰਾਮਾਤ ਵਿਖਾਓ ਜਾਂ ਮੌਤ ਕਬੂਲ ਕਰੋ।'* ਗੁਰੂ ਜੀ ਨੇ ਉੱਤਰ ਦਿੱਤਾ ਕਿ *ਸਾਡੇ ਲੲੀ ਆਪਣਾ ਧਰਮ ਪਿਆਰਾ ਹੈ; ਕਰਾਮਾਤ ਕਹਿਰ ਦਾ ਨਾਂ ਹੈ, ਇਹ ਅਸਾਂ ਦਿਖਾੳੁਣੀ ਨਹੀਂ, ਕਿਉਂਕਿ ਇਹ ਗੁਰੂ ਅਾਸ਼ੇ ਦੇ ੳੁਲਟ ਹੈ। ਤੀਸਰੀ ਰਹੀ ਮੌਤ ਦੀ ਗੱਲ, ਇਸ ਨੂੰ ਅਸੀਂ ਪ੍ਰਵਾਨ ਕਰਦੇ ਹਾਂ।* ਇਹ ਸੁਣ ਕੇ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਇਹ ਵਰਤਾਰਾ ਵੇਖਣ ਵਾਲਿਆਂ ਦੀ ਭੀੜ ਲੱਗ ਗਈ। ਗੁਰੂ ਜੀ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਮਾਨਸਿਕ ਤੌਰ ਤੇ ਡਰਾਉਣ ਧਮਕਾਉਣ ਦੇ ਨਾਲ ਨਾਲ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ ਤਿੰਨ ਸਿੱਖਾਂ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਸਾਹਿਬ ਤਸੀਹਿਆਂ ਤੋਂ ਡਰ ਕੇ ਈਨ ਮੰਨ ਲੈਣ ਅਤੇ ਮੁਸਲਮਾਨ ਧਰਮ ਕਬੂਲ ਲੈਣ। ਇਸ ਤਹਿਤ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਆਰੇ ਨਾਲ ਚੀਰਿਅਾ ਗਿਅਾ। ਫਿਰ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀਅ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਅਾ ਗਿਅਾ। ੲਿਹਨਾਂ ਤੋਂ ਬਾਅਦ ਭਾਈ ਦਿਅਾਲਾ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਉਬਾਲਿਅਾ ਗਿਅਾ। ਗੁਰੂ ਜੀ ਦੇ ਤਿੰਨ ਪਿਆਰੇ ਸਿੱਖ, ਆਪਣਾ ਸਿੱਖੀ ਸਿਦਕ ਨਿਭਾੳੁਂਦੇ ਹੋਏ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਤਿੰਨਾਂ ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜ਼ਬੂਰ ਕੀਤਾ ਗਿਆ ਪਰ ਗੁਰੂ ਸਾਹਿਬ ਨੇ ਸ਼ਹੀਦੀ ਨੂੰ ਪ੍ਰਵਾਨ ਕੀਤਾ ਅਤੇ 11 ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਲਾਦ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਵੱਖ ਕਰਨ ਦਾ ਕਹਿਰ ਕਮਾਇਆ। ਇਸ ਸਥਾਨ ਉੱਤੇ ਹੁਣ ਗੁਰਦੁਵਾਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਮੁਗਲ ਹਕੂਮਤ ਦੁਆਰਾ ਭਾਰਤ ਦੇ ਗਲ਼ ਪਾਈਆਂ ਗੁਲਾਮੀ ਦੀਆਂ ਜ਼ੰਜੀਰਾਂ ਸਦਾ ਲਈ ਤੋੜਨ ਦਾ ਬਿਗਲ ਵਜਾ ਦਿੱਤਾ। 

ਸੀਸ ਦਾ ਸਸਕਾਰ :

 ਗੁਰੂ ਜੀ ਦੀ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਨੇ ਬਹੁਤ ਹੀ ਫੁਰਤੀ ਅਤੇ ਨਿਡਰਤਾ ਨਾਲ ਹਾਕਮਾਂ ਨੂੰ ਬਿਨਾਂ ਪਤਾ ਲੱਗਣ ਦਿੱਤੇ ਸਤਿਗੁਰਾਂ ਦਾ ਸੀਸ ਉਠਾ ਲਿਆ। ਇਸ ਨਿਰਭੈ ਸੂਰਮੇ ਨੇ ਜ਼ਾਲਮ ਹਕੂਮਤ ਦੀ ਪ੍ਰਵਾਹ ਨਹੀਂ ਕੀਤੀ ਤੇ ਦਿਨ ਰਾਤ ਚੱਲਦਾ ਹੋਇਆ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਿਅਾ। ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲ਼ ਨਾਲ ਲਾੲਿਅਾ ਅਤੇ ਪਿਆਰ ਨਾਲ ਬਚਨ ਕਹੇ, 'ਰੰਘਰੇਟੇ ਗੁਰ ਕੇ ਬੇਟੇ।' ਜਿੱਥੇ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਅਾ, ੳੁੱਥੇ ਅਨੰਦਪੁਰ ਸਾਹਿਬ ਵਿਖੇ ਗੁਰਦੁਵਾਰਾ ਸੀਸ ਗੰਜ ਸਾਹਿਬ ਸਸ਼ੋਭਿਤ ਹੈ।

ਗੁਰੂ ਜੀ ਦੇ ਧੜ ਦਾ ਸਸਕਾਰ :

 ਸਤਿਗੁਰਾਂ ਦੇ ਧੜ ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਕੀਤੀ। ਉਹ ਸਮਾਂ ਦੇਖ ਕੇ ਸਤਿਗੁਰਾਂ ਦਾ ਧੜ ੳੁਠਾ ਕੇ ਘਰ ਲੈ ਅਾੲੇ। ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਚਿਖਾ ਬਣਾ ਕੇ ਸਤਿਕਾਰ ਨਾਲ ਸਤਿਗੁਰਾਂ ਦੀ ਦੇਹ ਰੱਖੀ ਤੇ ਘਰ ਨੂੰ ਹੀ ਅੱਗ ਲਗਾ ਦਿੱਤੀ। ਜਿੱਥੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਹੋਇਆ, ੲਿੱਥੇ ਗੁਰਦੁਵਾਰਾ 'ਰਕਾਬ ਗੰਜ ਸਾਹਿਬ' (ਦਿੱਲੀ) ਸੁਸ਼ੋਭਿਤ ਹੈ। 

ਸ੍ਰਿਸ਼ਟੀ ਦੀ ਚਾਦਰ :

 ਆਪਣਾ ਬਲੀਦਾਨ ਦੇ ਕੇ ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਜੀ, ਨੇ ਸਿਰਫ਼ ਹਿੰਦੂ ਧਰਮ ਦੇ ਤਿਲਕ ਤੇ ਜੰਞੂ ਨੂੰ ਹੀ ਨਹੀਂ ਬਚਾਇਆ ਸਗੋਂ ਸਾਰੀ ਮਨੁੱਖਤਾ ਦੀ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਦੀ ਅਵਾਜ਼ ਬੁਲੰਦ ਕੀਤੀ। ਕਲਯੁੱਗ ਵਿੱਚ ਸ਼ਹੀਦੀ ਪਾ ਕੇ ਸਤਿਗੁਰਾਂ ਨੇ ਬਹੁਤ ਵੱਡਾ ਸਾਕਾ ਕਰ ਦਿਖਾੲਿਅਾ। ਸ਼ਰਨ ਵਿੱਚ ਆਇਆਂ ਲਈ ਭਲਾਈ ਕਰਦਿਅਾਂ ਅਾਪਣਾ ਸੀਸ ਕੁਰਬਾਨ ਕਰ ਦਿੱਤਾ, ਪਰ ਮੁੱਖ ਤੋਂ 'ਸੀ' ਤੱਕ ਨਾ ੳੁਚਾਰੀ। ਧਰਮ ਦੀ ਰੱਖਿਅਾ ਲੲੀ ੲਿਹ ਮਹਾਨ ਸਾਕਾ ਕੀਤਾ। ਸਤਿਗੁਰਾਂ ਨੇ ਆਪਣਾ ਸੀਸ ਤਾਂ ਵਾਰ ਦਿੱਤਾ, ਪਰ ਸਿਦਕ ਨਾ ਹਾਰਿਆ। ਇਸ ਮਹਾਨ ਕੁਰਬਾਨੀ ਦੇ ਸਦਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 'ਧਰਮ ਦੀ ਚਾਦਰ' ਵੀ ਕਿਹਾ ਜਾਂਦਾ ਹੈ। 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਚਿੱਤਰ ਨਾਟਕ ਵਿੱਚ, ੲਿਉਂ ਫ਼ਰਮਾੳੁਂਦੇ ਹਨ :- 

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥

ਕੀਨੋ ਬਡੋ ਕਲੂ ਮਹਿ ਸਾਕਾ॥

ਸਾਧਨਿ ਹੇਤਿ ੲਿਤੀ ਜਿਨਿ ਕਰੀ॥

ਸੀਸੁ ਦੀਅਾ ਪਰੁ ਸੀ ਨ ੳੁਚਰੀ॥

ਧਰਮ ਹੇਤ ਸਾਕਾ ਜਿਨਿ ਕੀਅਾ॥

ਸੀਸੁ ਦੀਅਾ ਪਰੁ ਸਿਰਰੁ ਨ ਦੀਅਾ॥

ਬਾਣੀ ਰਚਨਾ :

 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 59 ਸ਼ਬਦ ਅਤੇ 57 ਸਲੋਕ ਉਚਾਰਨ ਕੀਤੇ ਹਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਇਹ ਮਨੁੱਖਾ ਜੀਵਨ ਅਜਾਈਂ ਨਾ ਗੁਆਉਣ ਅਤੇ ਪ੍ਰਭੂ ਨਾਲ ਜੁੜ ਕੇ ਸਫਲ ਕਰਨ ਉੱਤੇ ਜ਼ੋਰ ਦਿੱਤਾ ਹੈ।

 ਸਿੱਖਿਆ :

 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਕਦੇ ਵੀ ਜ਼ਾਲਮ ਦੇ ਜ਼ੁਲਮ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

1.ਹਵਾਲਾ ਪੁਸਤਕਾਂ : 1. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ, ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ 

2. ਸਿੱਖਾਂ ਦੀ ਸੰਖੇਪ ਗਾਥਾ ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ

3. ਜੀਵਨ ਦਸ ਪਾਤਸ਼ਾਹੀਆਂ (ਸ. ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਸਾਹਿਬ 

4. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

1 ਦਸੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਦਸੰਬਰ 2019- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ

ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ

ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

 

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਅੱਜ ਦੇ ਦਿਨ (ਮਿਤੀ 29 ਨਵੰਬਰ, 2019) ਦਾ ਇਤਿਹਾਸ 

ਗੁਰਗੱਦੀ ਦਿਵਸ : ਸ੍ਰੀ ਗੁਰੂ ਗੋਬਿੰਦ ਸਿੰਘ ਜੀ 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ, ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

ਮਾਤਾ ਜੀ : ਮਾਤਾ ਗੁਜਰ ਕੌਰ ਜੀ

ਪਿਤਾ ਜੀ : ਸ੍ਰੀ ਗੁਰੂ ਤੇਗ ਬਹਾਦਰ ਜੀ

ਜਨਮ ਮਿਤੀ : ੨੩ ਪੋਹ, ਸੰਮਤ ੧੭੨੩ ਬਿ. (22 ਦਸੰਬਰ, 1666 ਈ.)

ਜਨਮ ਸਥਾਨ : ਸ੍ਰੀ ਪਟਨਾ ਸਾਹਿਬ, ਬਿਹਾਰ

ਮਹਿਲ : ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ

ਸੰਤਾਨ : ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ

ਗੁਰਿਆਈ : ੧੧ ਮੱਘਰ, ਸੰਮਤ ੧੭੩੨ ਬਿ. (11 ਨਵੰਬਰ, 1675 ਈ.)

 ਪ੍ਰਮੁੱਖ ਧਰਮ ਯੁੱਧ : 

1. ਭੰਗਾਣੀ 

2. ਨਦੌਣ 

3. ਹੁਸੈਨੀ

4. ਨਿਰਮੋਹੀ

5. ਬਸਾਲੀ 

6. ਅਨੰਦਪੁਰ ਸਾਹਿਬ (4 ਜੰਗਾਂ) 

7. ਸਰਸਾ

8. ਚਮਕੌਰ ਸਾਹਿਬ

9. ਸ੍ਰੀ ਮੁਕਤਸਰ ਸਾਹਿਬ 

ਜੋਤੀ-ਜੋਤ : ੬ ਕੱਤਕ, ਸੰਮਤ ੧੭੬੫ ਬਿ. (7 ਅਕਤੂਬਰ,1708 ਈ.)

ਜੋਤੀ-ਜੋਤ ਸਥਾਨ : ਸ੍ਰੀ ਹਜ਼ੂਰ ਸਾਹਿਬ, ਨੰਦੇੜ, ਮਹਾਂਰਾਸ਼ਟਰ 

ਮੁੱਢਲਾ ਜੀਵਨ : 

ਆਪ ਜੀ ਨੇ ਆਪਣੇ ਜੀਵਨ ਦੇ ਮੁੱਢਲੇ ਕੁਝ ਸਾਲ ਪਟਨਾ ਸਾਹਿਬ ਵਿਖੇ ਬਤੀਤ ਕੀਤੇ। ਬਚਪਨ ਵਿੱਚ ਆਪ ਜੀ ਨੂੰ ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰਾਂ ਦੀ ਸਿਖਲਾਈ ਦਿੱਤੀ ਗਈ। ਆਪ ਆਪਣੇ ਹਾਣੀਆਂ ਦੀਆਂ ਜੋਟੀਆਂ ਬਣਾ ਕੇ ਨਕਲੀ ਯੁੱਧ ਖੇਡਣ ਦਾ ਅਭਿਆਸ ਕਰਨ ਦੀਆਂ ਖੇਡਾਂ ਖੇਡਦੇ। ਆਪ ਜੀ ਦੇ ਆਸ-ਪਾਸ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ।

ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਣਾ ਅਤੇ ਵਿੱਦਿਆ ਪ੍ਰਾਪਤੀ : 

ਆਪ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੱਦੇ ਤੇ ਪਰਿਵਾਰ ਸਮੇਤ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਗਏ। ਇੱਥੇ ਆਪ ਜੀ ਨੇ ਮੁਣਸ਼ੀ ਸਾਹਿਬ ਚੰਦ ਅਤੇ ਮਦਰੱਸੇ ਵੱਲੋਂ ਬਣਾਈ ਪਾਠਸ਼ਾਲਾ ਵਿੱਚ ਸੰਸਕ੍ਰਿਤ ਅਤੇ ਫ਼ਾਰਸੀ ਦੀ ਪੜ੍ਹਾਈ ਕੀਤੀ। ਆਪ ਜੀ ਨੂੰ ਗੁਰਬਾਣੀ ਦਾ ਗਿਆਨ ਮਾਤਾ ਗੁਜਰੀ ਜੀ ਅਤੇ ਮੁਣਸ਼ੀ ਸਾਹਿਬ ਚੰਦ ਨੇ ਦਿੱਤਾ। ਕੁਰਾਨ ਸ਼ਰੀਫ ਆਪ ਜੀ ਨੇ ਕਾਜ਼ੀ ਪੀਰ ਮੁਹੰਮਦ ਪਾਸੋਂ ਪੜ੍ਹਿਆ। ਆਪ ਜੀ ਨੇ 6 ਮਹੀਨਿਆਂ ਵਿੱਚ ਹੀ ਆਦਿ ਗ੍ਰੰਥ ਸਾਹਿਬ ਜੀ ਦੇ ਗੁਹਝ ਸਮਝ ਕੇ ਅਧਿਐਨ ਕਰਨ ਦੇ ਨਾਲ-ਨਾਲ ਕੰਠ ਵੀ ਕਰ ਲਿਆ।

ਗੁਰਗੱਦੀ :

 ਆਪਣੀ ਸ਼ਹਾਦਤ ਦੇਣ ਲਈ ਅਨੰਦਪੁਰ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੁਕਮ ਕਰ ਗਏ ਸਨ ਕਿ "ਸਾਡੇ ਪਿੱਛੋਂ ਗੁਰਗੱਦੀ ਦੀ ਜ਼ਿੰਮੇਵਾਰੀ ਗੋਬਿੰਦ ਰਾਇ ਜੀ ਸੰਭਾਲਣਗੇ", ਜਿਸਨੂੰ ਆਪ ਜੀ ਨੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਵਾਲੇ ਦਿਨ (11 ਨਵੰਬਰ, 1675 ਈ.) ਤੋਂ ਹੀ ਸੰਭਾਲ ਲਿਆ ਸੀ।

ਪਾਉਂਟਾ ਸਾਹਿਬ ਦੀ ਉਸਾਰੀ : 

ਨਾਹਨ (ਸਰਮੌਰ) ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੀ ਰਿਆਸਤ ਵਿੱਚ ਕਿਲ੍ਹਾ ਬਣਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਸੰਨ ੧੬੮੫ ਈ. ਵਿੱਚ ਜਮਨਾ ਦਰਿਆ ਦੇ ਕੰਢੇ ਕਿਲ੍ਹਾ ਤਿਆਰ ਕੀਤਾ ਜਿਸਦਾ ਨਾਮ ਪਾਉਂਟਾ ਰੱਖਿਆ। ਪਾਉਂਟਾ ਸਾਹਿਬ ਦੇ ਨਜ਼ਦੀਕ ਹੋਏ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਆਪਣੇ ਸੈਂਕੜੇ ਸ਼ਰਧਾਲੂਆਂ ਦੇ ਨਾਲ ਸ਼ਾਮਲ ਹੋਏ, ਜਿਸ ਵਿੱਚ ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਭਰਾ ਸ਼ਹੀਦ ਹੋ ਗਏ।

ਖਾਲਸਾ ਪੰਥ ਦੀ ਸਾਜਣਾ : 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਪਰੀਖਿਆ ਲੈਣ ਉਪਰੰਤ ਉਹਨਾਂ ਨੂੰ ਨਾਨਕ ਜੋਤ ਦਾ ਵਾਰਿਸ ਬਣਾਇਆ ਸੀ। ਇਸੇ ਸਫ਼ਰ ਦੇ ਅਖੀਰਲੇ ਪੜਾਅ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਜੋਤ ਦਾ ਵਾਰਿਸ, ਆਦਰਸ਼ (ਸਚਿਆਰ) ਮਨੁੱਖਾਂ ਦੇ ਸਮੂਹ ਨੂੰ ਥਾਪਣਾ ਚਾਹੁੰਦੇ ਸਨ। ਇਸ ਉਦੇਸ਼ ਦੀ ਪੂਰਤੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ ੧੭੫੬ ਦੀ ਵੈਸਾਖੀ (30 ਮਾਰਚ, ਸੰਨ 1699) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਸਾਹਮਣੇ 5 ਸਿਰਾਂ ਦੀ ਮੰਗ ਕੀਤੀ। 

ਤਦ ਪੰਜ ਸਿੱਖ:

1. ਭਾਈ ਦਇਆ ਸਿੰਘ ਜੀ

2. ਭਾਈ ਧਰਮ ਸਿੰਘ ਜੀ

3. ਭਾਈ ਹਿੰਮਤ ਸਿੰਘ ਜੀ

4. ਭਾਈ ਮੋਹਕਮ ਸਿੰਘ ਜੀ

5. ਭਾਈ ਸਾਹਿਬ ਸਿੰਘ ਜੀ

ਸੀਸ ਦੇਣ ਲਈ ਗੁਰੂ ਜੀ ਦੇ ਸਨਮੁੱਖ ਹਾਜ਼ਰ ਹੋਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਪੰਜ ਪਿਆਰਿਆਂ ਦੀ ਪਦਵੀ ਦੇ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ। ਆਪੇ ਹੀ ਸਾਜੇ ਪੰਜ ਪਿਆਰਿਆਂ ਪਾਸੋਂ ਗੁਰੂ ਜੀ ਨੇ ਇੱਕ ਸਿੱਖ ਬਣਕੇ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਅਤੇ ਆਪੇ ਗੁਰ ਚੇਲਾ ਦੀ ਨਵੀਂ ਪ੍ਰਥਾ ਨੂੰ ਜਨਮ ਦਿੱਤਾ। ਇਸ ਤਰ੍ਹਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਰੀਖਿਆ ਵਿੱਚ ਸੀਸ ਦੇਣ ਦੀ ਸ਼ਰਤ ਸੰਕੇਤ ਕਰਦੀ ਹੈ ਕਿ ਜੋ ਸਨਮਾਨ, ਅਹੁਦਾ ਅਤੇ ਜ਼ਿੰਮੇਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਦੇਣੀ ਚਾਹੁੰਦੇ ਸਨ, ਉਸ ਨੂੰ ਨਿਭਾਉਣ ਲਈ ਆਪਾ (ਭਾਵ ਹਉਮੈਂ) ਨੂੰ ਸਿਧਾਂਤ ਤੋਂ ਕੁਰਬਾਨ ਕਰਨਾ ਲਾਜ਼ਮੀ ਹੈ। ਫਿਰ ਗੁਰੂ ਜੀ ਨੇ ਹੁਕਮ ਦਿੱਤਾ ਕਿ ਕੋਈ ਪੰਜ ਅੰਮ੍ਰਿਤਧਾਰੀ ਸਿੱਖ, ਜੋ ਰਹਿਤ ਵਿੱਚ ਪੱਕੇ ਧਾਰਨੀ ਹੋਣ, ਹੋਰਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੇ ਹਨ।

 ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਣਾ : 

ਚਮਕੌਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਤੋਂ ਹੁੰਦੇ ਹੋਏ ਦੀਨਾ ਕਾਂਗੜ ਪੁੱਜੇ। ਇੱਥੋਂ ਹੀ ਆਪ ਜੀ ਨੇ ਔਰੰਗਜ਼ੇਬ ਨੂੰ ਜਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਿਆ। ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਦੇ ਦਿਲ ਉੱਤੇ ਡੂੰਘਾ ਅਸਰ ਹੋਇਆ। ਉਸ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਪਛਤਾਵਾ ਹੋਇਆ।

ਦਮਦਮੀ ਬੀੜ ਤਿਆਰ ਕਰਵਾਉਣਾ : 

ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਜੰਗਾਂ ਯੁੱਧਾਂ ਵਿੱਚ ਬਤੀਤ ਹੋਇਆ ਪਰ ਉਨ੍ਹਾਂ ਨੇ ਧਰਮ ਪ੍ਰਚਾਰ ਵੱਲ ਪੂਰਾ ਧਿਆਨ ਦਿੱਤਾ। ਆਪ ਜੀ ਨੇ ਆਪ ਬਾਣੀ ਰਚੀ ਅਤੇ ਆਪਣੇ ਕਵੀਆਂ ਪਾਸੋਂ ਧਾਰਮਿਕ ਸਾਹਿਤ ਲਿਖਵਾਇਆ। ਧਰਮ ਪ੍ਰਚਾਰ ਲਈ ਆਪ ਰਵਾਲਸਰ, ਹਰਿਦੁਆਰ, ਕੁਰੂਕਸ਼ੇਤਰ ਅਤੇ ਤਲਵੰਡੀ ਸਾਬੋ ਸਮੇਤ ਬਹੁਤ ਸਾਰੀਆਂ ਥਾਂਵਾਂ ਉੱਤੇ ਗਏ। ਤਲਵੰਡੀ ਸਾਬੋ ਵਿਖੇ ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ, ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਮ ਬਾਣੀ ਦਰਜ ਕਰਵਾ ਕੇ ਇਸਨੂੰ ਸੰਪੂਰਨ ਕੀਤਾ। ਇਸ ਬੀੜ ਨੂੰ ਦਮਦਮੀ ਬੀੜ ਵੀ ਕਿਹਾ ਜਾਂਦਾ ਹੈ।

ਨੰਦੇੜ ਵਿਖੇ ਮਾਧੋ ਦਾਸ ਬੈਰਾਗੀ (ਬੰਦਾ ਸਿੰਘ ਬਹਾਦਰ) ਨਾਲ ਮੁਲਾਕਾਤ :

 ਨੰਦੇੜ ਵਿਖੇ ਮਾਧੋ ਦਾਸ ਨਾਂ ਦਾ ਬੈਰਾਗੀ ਆਪਣੀਆਂ ਰਿੱਧੀਆਂ-ਸਿੱਧੀਆਂ ਨਾਲ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਂਦਾ ਸੀ। ਜਦ ਗੁਰੂ ਜੀ ਉੱਤੇ ਉਸਦੀ ਕੋਈ ਕਰਾਮਾਤ ਨਾ ਚੱਲੀ ਤਾਂ ਉਹ ਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ ਅਤੇ ਆਪਣਾ ਸਿੱਖ ਬਣਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਸਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇੱਕ ਨਗਾਰਾ ਅਤੇ ਕੁਝ ਸਿੰਘ ਦੇ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਭੇਜਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣਾ :

 14 ਸਤੰਬਰ, 1708 ਈ. ਦੀ ਸ਼ਾਮ ਨੂੰ ਗੁਰੂ ਜੀ ਆਪਣੇ ਤੰਬੂ ਵਿੱਚ ਅਰਾਮ ਕਰ ਰਹੇ ਸਨ, ਜਦੋਂ ਮੌਕੇ ਦੀ ਭਾਲ ਕਰਦੇ ਦੋ ਪਠਾਣਾਂ, ਜਮਸ਼ੇਦ ਖਾਂ ਅਤੇ ਗੁਲ ਖਾਂ ਵਿੱਚੋਂ ਇੱਕ ਨੇ ਗੁਰੂ ਜੀ ਉੱਤੇ ਛੁਰੇ ਨਾਲ ਵਾਰ ਕੀਤਾ। ਗੁਰੂ ਜੀ ਨੇ ਹਮਲਾਵਰ ਨੂੰ ਤੁਰੰਤ ਮਾਰ ਦਿੱਤਾ ਅਤੇ ਉਸਦੇ ਸਾਥੀ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਜੀ ਦਾ ਜਖ਼ਮ ਸੀਤਾ ਗਿਆ ਜੋ ਠੀਕ ਹੋ ਰਿਹਾ ਸੀ। ਪਰੰਤੂ 6 ਅਕਤੂਬਰ,1708 ਈ. ਨੂੰ ਆਪ ਇੱਕ ਸਖ਼ਤ ਕਮਾਨ ਉੱਤੇ ਚਿੱਲਾ ਚੜ੍ਹਾਉਣ ਲੱਗੇ, ਤਾਂ ਅੱਲੇ ਜਖ਼ਮ ਦੇ ਤੋਪੇ ਟੁੱਟ ਗਏ ਅਤੇ ਲਹੂ ਵਗ ਤੁਰਿਆ। ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਆਇਆ ਪ੍ਰਤੀਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖਾਲਸਾ ਪੰਥ ਨੂੰ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਗੁਰੂ ਮੰਨਣ ਦਾ ਹੁਕਮ ਕੀਤਾ।

ਸੱਚਖੰਡ ਵਾਪਸੀ : 

ਅਗਲੇ ਦਿਨ ੬ ਕੱਤਕ, ੧੭੬੫ ਬਿ. (7 ਅਕਤੂਬਰ,1708 ਈ.) ਨੂੰ ਆਪ ਜੀ ਜੋਤੀ-ਜੋਤ ਸਮਾ ਗਏ। 

 ਸਿੱਖਿਆ : 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਕਰਨੇ ਚਾਹੀਦੇ ਹਨ। ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹੋਏ ਨਾ ਤਾਂ ਕਿਸੇ ਉੱਤੇ ਜ਼ੁਲਮ ਕਰਨਾ ਚਾਹੀਦਾ ਹੈ ਅਤੇ ਨਾ ਹੀ ਜ਼ੁਲਮ ਸਹਿਣਾ ਚਾਹੀਦਾ ਹੈ। ਆਓ ਅਸੀਂ ਸਾਰੇ ਗੁਰੂ ਜੀ ਵਲੋਂ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਤਿਆਰ ਬਰ ਤਿਆਰ ਖ਼ਾਲਸੇ ਸਜ ਜਾਈਏ ਅਤੇ ਗੁਰੂ ਜੀ ਦੇ ਆਸ਼ੇ ਅਨੁਸਾਰ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਵਿਉਂਤਬੰਦੀ ਨਾਲ ਕਾਰਜਸ਼ੀਲ ਹੋਈਏ। ਇਸ ਮਿਸ਼ਨ ਦੀ ਸਫਲਤਾ ਲਈ ਆਤਮ ਪਰਗਾਸ ਟੀਮ ਆਪ ਜੀ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਜੀ। 

ਹਵਾਲਾ ਪੁਸਤਕਾਂ:- 

1. ਦਸ ਪਾਤਸ਼ਾਹੀਆਂ ਜੀਵਨ, ਕਾਰਜ ਤੇ ਉਪਦੇਸ਼ (ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸ੍ਰੀ ਅੰਮ੍ਰਿਤਸਰ

2. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ  

3. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

4. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ : ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ,ਲੁਧਿਆਣਾ-142022