You are here

ਪੰਜਾਬ

ਪਿੰਡ ਮਲਕ ਦੇ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਸਰਪੰਚ ਤੇ ਮਿ੍ਤਕਾਂ ਦੀਆਂ ਬੁਢਾਪਾ ਪੈਨਸ਼ਨਾਂ ਖਾਣ ਦੇ ਦੋਸ਼

ਵਿਭਾਗ ਵਲੋਂ ਮੁਹੱਈਆ ਕਰਵਾਏ ਰਿਕਾਰਡ ਅਨੁਸਾਰ ਸਾਲ 2013 ਤੋਂ 2017 ਦੌਰਾਨ ਪਿੰਡ ਦੇ ਮਰ ਚੁੱਕੇ ਅਨੇਕਾਂ ਬਜੁਰਗ ਲਗਤਾਰ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ 

ਜਗਰਾਉਂ/ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਨਜ਼ਦੀਕੀ ਪਿੰਡ ਮਲਕ ਦੇ ਸਾਬਕਾ ਸਰਪੰਚ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ ਮਿ੍ਤਕ ਵਿਅਕਤੀਆਂ ਅਤੇ ਔਰਤਾਂ ਦੀਆਂ 2-3 ਸਾਲ ਪੈਨਸ਼ਨਾਂ ਛਕਦਾ ਰਿਹਾ | ਜਿਸਦਾ ਖ਼ੁਲਾਸਾ ਬੂਟਾ ਸਿੰਘ ਢਿੱਲੋਂ ਵਲੋਂ ਆਰ.ਟੀ.ਆਈ. ਕਨੂੰਨ ਅਧੀਨ ਪ੍ਰਾਪਤ ਸੂਚਨਾ ਦੇ ਅਧਾਰ 'ਤੇ ਕੀਤਾ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਭਰ 'ਚ ਬੁਢਾਪਾ, ਬੇਸਹਾਰਾ ਆਦਿ ਪੈਨਸ਼ਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਰਾਹੀ ਵੰਡੀਆਂ ਜਾਂਦੀਆਂ ਸਨ | ਇਸੇ ਲੜੀ ਅਧੀਨ ਹਲਕਾ ਜਗਰਾਉਂ ਦੇ ਪਿੰਡ ਮਲਕ 'ਚ 2013 ਤੋਂ 2017 ਤੱਕ ਜ਼ਰੂਰਤਮੰਦਾਂ ਨੂੰ ਪਿੰਡ ਦੇ ਸਰਪੰਚ ਬਲਦੇਵ ਸਿੰਘ ਜਿਊਣਾ ਦੀ ਅਗਵਾਈ 'ਚ ਸਬੰਧਿਤ ਕਮੇਟੀ ਵਲੋਂ ਪੈਨਸ਼ਨਾਂ ਵੰਡੀਆਂ ਜਾਂਦੀਆਂ ਸਨ | ਇਸੇ ਪਿੰਡ ਦੇ ਨਾਗਰਿਕ ਬੂਟਾ ਸਿੰਘ ਢਿੱਲੋਂ ਵਲੋਂ ਸਾਲ 2013 ਤੋਂ 2017 ਦੌਰਾਨ ਪਿੰਡ ਮਲਕ 'ਚ ਵੰਡੀਆਂ ਗਈਆਂ ਪੈਨਸ਼ਨਾਂ ਦੀ ਆਰ.ਟੀ.ਆਈ ਅਧੀਨ ਬਾਲ ਵਿਕਾਸ ਅਤੇ ਸਮਾਜ ਭਲਾਈ ਵਿਭਾਗ ਤੋਂ ਜਾਣਕਾਰੀ ਮੰਗੀ ਗਈ | ਪਰ ਵਿਭਾਗ ਵਲੋਂ ਲੰਮਾ ਸਮਾਂ ਸੂਚਨਾ ਮੁਹੱਈਆ ਨਾ ਕਰਵਾਏ ਜਾਣ ਕਾਰਨ ਅਖੀਰ ਬੂਟਾ ਸਿੰਘ ਢਿੱਲੋਂ ਨੂੰ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ | ਜਿਸ ਤੋਂ ਬਾਅਦ ਵਿਭਾਗ ਵਲੋਂ ਪਿੰਡ ਮਲਕ 'ਚ ਵੰਡੀਆਂ ਗਈਆਂ ਪੈਨਸ਼ਨਾਂ ਦਾ ਰਿਕਾਰਡ ਮੁਹੱਈਆਂ ਕਰਵਾਇਆ | ਜਿਸ ਨੂੰ ਦੇਖ ਕੇ ਹਰੇਕ ਵਿਅਕਤੀ ਦੇ ਦੰਦ ਜੁੜ ਗਏ, ਕਿਉਂਕਿ ਵਿਭਾਗ ਵਲੋਂ ਮੁਹੱਈਆ ਕਰਵਾਏ ਰਿਕਾਰਡ ਅਨੁਸਾਰ ਸਾਲ 2013 ਤੋਂ 2017 ਦੌਰਾਨ ਪਿੰਡ ਦੇ ਮਰ ਚੁੱਕੇ ਅਨੇਕਾਂ ਬਜੁਰਗ ਲਗਤਾਰ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ | ਜਿਨ੍ਹਾਂ ਦੀ ਪੈਨਸ਼ਨ ਛਕਣ ਲਈ ਸਰਪੰਚ ਵਲੋਂ ਫਰਜ਼ੀ ਅੰਗੂਠੇ ਲਾਏ ਗਏ ਹਨ | ਇਥੇ ਹੀ ਬਸ ਨਹੀਂ ਪਿੰਡ ਮਲਕ ਦੇ ਇਕ ਮਹੀਨੇ ਦੀ ਪੂਰੀ ਦੀ ਪੂਰੀ ਪੈਨਸ਼ਨ ਵੰਡੇ ਜਾਣ ਦਾ ਸਰਪੰਚ ਵਲੋਂ ਵਿਭਾਗ ਕੋਲ ਰਿਕਾਰਡ ਜਮ੍ਹਾਂ ਨਹੀਂ ਕਰਵਾਇਆ ਗਿਆ, ਜਦੋਂ ਕਿ ਸਰਪੰਚ ਵਲੋਂ ਬਕਾਇਦਾ ਉਸ ਮਹੀਨੇ ਦੀ ਪੈਨਸ਼ਨ ਦੀ ਰਾਸ਼ੀ ਕਰੀਬ 1 ਲੱਖ 50 ਹਜ਼ਾਰ ਬੈਂਕ 'ਚੋ ਕਢਵਾਈ ਗਈ ਹੈ | ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਮਿ੍ਤਕਾਂ ਦੀ ਪੈਨਸ਼ਨਾਂ ਹੜੱਪਣ 'ਚ ਸਰਪੰਚ ਦੇ ਨਾਲ-ਨਾਲ ਪੈਨਸ਼ਨਾਂ ਵੰਡਣ ਵਾਲੀ ਕਮੇਟੀ ਦੇ ਮੈਂਬਰ ਅਤੇ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ | ਜਿਸਦਾ ਸੱਚ ਜਲਦੀ ਸਾਹਮਣੇ ਲਿਆਂਦਾ ਜਾਵੇਗਾ | ਪਿੰਡ ਮਲਕ 'ਚ ਅਕਾਲੀ ਸਰਪੰਚ ਵਲੋਂ ਪੈਨਸਨਾਂ ਵੰਡਣ 'ਚ ਕੀਤੀ ਗਈ ਹੇਰਾਫੇਰੀ ਦਾ ਪਰਦਾਫਾਸ਼ ਕਰਨ ਵਾਲੇ ਬੂਟਾ ਸਿੰਘ ਢਿੱਲੋਂ ਨੇ ਕਿਹਾ ਸਰਪੰਚ ਬਲਦੇਵ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਜਿੱਥੇ ਪਿੰਡ ਦੇ ਮਿ੍ਤਕਾਂ ਦੀਆਂ ਪੈਨਸ਼ਨਾਂ ਖਾਧੀਆਂ ਹਨ, ਉੱਥੇ ਸਰਪੰਚ ਵਲੋਂ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਖਰਚ ਕੀਤੀ 1 ਕਰੋੜ ਤੋਂ ਵੱਧ ਦੀ ਗ੍ਰਾਟ 'ਚ ਵੀ ਗੜਬੜੀ ਕੀਤੇ ਦਾ ਸ਼ੱਕ ਹੈ | ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦੀ ਪਿਛਲੀ ਗ੍ਰਾਮ ਪੰਚਾਇਤ ਵਲੋਂ ਕਰਵਾਏ ਗਏ ਵਿਕਾਸ ਕਾਰਜ਼ਾਂ ਦੀ ਵਿਜੀਲੈਂਸ ਤੋਂ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ ਅਤੇ ਸਰਪੰਚ ਬਲਦੇਵ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਮਿ੍ਤਕ ਵਿਅਕਤੀਆਂ ਦੇ ਫਰਜ਼ੀ ਅੰਗੂਠੇ ਲਾ ਕੇ ਹੜੱਪ ਕੀਤੀਆਂ ਪੈਨਸ਼ਨਾਂ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨੂੰ ਕੀਤੀ ਜਾ ਰਹੀ ਹੈ | ਉੱਧਰ ਮਿ੍ਤਕਾਂ ਦੀ ਪੈਨਸ਼ਨਾਂ ਖਾਣ ਸਬੰਧੀ ਸਰਪੰਚ ਬਲਦੇਵ ਸਿੰਘ ਨਾਲ ਗੱਲ ਕੀਤੀ ਤਾ ਉਸਨੇ ਪਹਿਲਾਂ ਕਿਹਾ ਕਿ ਖਾਧੀਆਂ ਪੈਨਸ਼ਨਾਂ ਉਸਨੇ ਹੁਣ ਜਮ੍ਹਾ ਕਰਵਾ ਦਿੱਤੀਆਂ ਹਨ | ਪਰ ਬਾਅਦ 'ਚ ਉਸਨੇ ਇਹ ਵੀ ਕਿਹਾ ਕਿ ਉਹ ਬੈਂਕ 'ਚੋ ਪੈਨਸ਼ਨਾਂ ਦੀ ਰਕਮ ਕਢਵਾ ਕੇ ਪਿੰਡ ਦੀ ਕਮੇਟੀ ਦੇ ਮੈਂਬਰਾਂ ਨੂੰ ਫੜਾ ਦਿੰਦਾ ਸੀ ਅਤੇ ਕਮੇਟੀ ਦੇ ਮੈਂਬਰ ਹੀ ਪੈਨਸ਼ਨਾਂ ਵੰਡਦੇ ਸਨ |

ਪਟਿਆਲਾ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਸਥਿਤ ਮੈਡੀਕਲ ਕਾਲਜ ਅਤੇ ਹਸਪਤਾਲਾਂ ਤੋਂ ਪੀ. ਜੀ. ਆਈ. ਦੀ ਤਰਜ਼ 'ਤੇ ਮਿਲਿਆ ਕਰਨਗੀਆਂ ਸੇਵਾਵਾਂ- ਸੋਨੀ

ਕਿਹਾ! ਪੰਜਾਬ ਸਰਕਾਰ ਵੱਲੋਂ ਦੋਵੇਂ ਕਾਲਜਾਂ ਦੀ ਸਮੁੱਚੀ ਕਾਇਆ ਕਲਪ ਕਰਨ ਲਈ ਯਤਨ ਜਾਰੀ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪਟਿਆਲਾ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਚੱਲ ਰਹੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਤੋਂ ਜਲਦ ਹੀ ਪੀ. ਜੀ. ਆਈ. ਦੀ ਤਰਜ਼ 'ਤੇ ਸਿਹਤ ਸੇਵਾਵਾਂ ਮਿਲਿਆ ਕਰਨਗੀਆਂ। ਉਹ ਅੱਜ ਸਥਾਨਕ ਗਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਰੰਗਾਰੰਗ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨਾਂ ਨਾਲ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ ਵੀ ਮੌਜੂਦ ਸਨ। ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਹੀ ਇਨਾਂ ਦੋ ਅਹਿਮ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਹਰ ਸਹੂਲਤ ਨਾਲ ਲੈੱਸ ਕਰਨ ਦੇ ਨਾਲ-ਨਾਲ ਇਨਾਂ ਸੰਸਥਾਵਾਂ ਦੀ ਕਾਰਜਕੁਸ਼ਲਤਾ ਵਿੱਚ ਸਰਲਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਮਾਹਿਰ ਅਤੇ ਹੋਰ ਡਾਕਟਰਾਂ ਦੀ ਭਾਰੀ ਕਮੀ ਸੀ, ਜਿਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਦਿਨੋਂ ਦਿਨ ਵੱਧ ਰਹੇ ਹਵਾ ਪ੍ਰਦੂਸ਼ਣ ਬਾਰੇ ਪੁੱਛੇ ਜਾਣ 'ਤੇ ਉਨਾਂ ਕਿਹਾ ਕਿ ਭਾਵੇਂਕਿ ਹਵਾ ਪ੍ਰਦੂਸ਼ਣ ਪਿਛਲੇ ਦਿਨਾਂ ਦੌਰਾਨ ਕਾਫੀ ਵਧਿਆ ਹੋਇਆ ਹੈ ਪਰ ਇਸ ਤੋਂ ਹੋਣ ਵਾਲੇ ਨੁਕਸਾਨਾਂ ਦੇ ਰਾਹਤ ਕਾਰਜਾਂ ਲਈ ਪੰਜਾਬ ਸਰਕਾਰ ਪੂਰੀ ਤਰਾਂ ਸੁਹਿਰਦ ਹੈ। ਉਨਾਂ ਕਿਹਾ ਕਿ ਵਧੇ ਹੋਏ ਪ੍ਰਦੂਸ਼ਣ ਲਈ ਇਕੱਲੇ ਕਿਸਾਨਾਂ ਨੂੰ ਹੀ ਕਸੂਰਵਾਰ ਠਹਿਰਾਉਣਾ ਵੀ ਠੀਕ ਨਹੀਂ ਹੈ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜ ਕੇ ਇਸ ਨੂੰ ਆਪਣੇ ਖੇਤਾਂ ਵਿੱਚ ਹੀ ਵਾਹੁਣ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖੀ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁੱਢਾ ਨਾਲਾ ਦੀ ਸਫਾਈ ਅਤੇ ਸੁੰਦਰੀਕਰਨ ਲਈ ਬਕਾਇਦਾ ਖਾਕਾ ਤਿਆਰ ਕੀਤਾ ਗਿਆ ਹੈ। ਜਿਸ 'ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਉਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਉਨਾਂ ਨੂੰ ਸ਼ਰਧਾ ਅਤੇ ਸਤਿਕਾਰ ਵੀ ਭੇਟ ਕੀਤਾ। ਉਨਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਇਕੱਠੇ ਹੋ ਕੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਉਪਰੰਤ ਮੁੱਖ ਮਹਿਮਾਨ ਸੋਨੀ ਨੂੰ ਐਨ.ਸੀ.ਸੀ. ਕੈਡੇਟਸ ਦੁਆਰਾ ਗਾਰਡ ਆਫ ਆਨਰ ਦਿੱਤਾ ਗਿਆ। ਪ੍ਰੋਗਰਾਮ ਦਾ ਆਰੰਭ ਉਨਾਂ ਦੀਪ ਜਗਾ ਕੇ ਕੀਤਾ। ਰੰਗਾਰੰਗ ਪ੍ਰੋਗਰਾਮ ਪੰਜਾਬੀ ਵਿਰਸਾ ਦਾ ਆਰੰਭ ਦੁਰਗਾ ਬੰਦਨਾ ਨਾਲ ਕੀਤਾ ਗਿਆ। ਸੋਨੀ ਨੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਨੈਤਿਕ ਮੁੱਲਾਂ ਦਾ ਮਹੱਤਵ ਦੱਸਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਗਿਆਨ ਹੈ ਜੋ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਈ ਹੋਣਗੇ। ਉਨਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਵਿੱਚ ਉਤਸ਼ਾਹ ਦੀ ਭਾਵਨਾ ਜਗਾ ਕੇ ਸਮਾਜਿਕ ਬੁਰਾਈਆਂ ਤੋਂ ਬਚਾਉਂਦੇ ਹੋਏ ਉਨਾਂ ਨੂੰ ਨਿਰਸਵਾਰਥ ਸੇਵਾ ਸਿਖਾਉਣੀ ਚਾਹੀਦੀ ਹੈ। ਉਨਾਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਸ਼੍ਰੀਮਤੀ ਬਲਦੀਪ ਪੰਧੇਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਨਾਂ ਨੇ ਵਿਦਿਆਰਥੀਆਂ ਦੁਆਰਾ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਲਗਾਤਾਰ ਸਕੂਲ ਦੀ ਹੋ ਰਹੀ ਉੱਨਤੀ ਬਾਰੇ ਦੱਸਿਆ। ਵਿਦਿਆਰਥੀਆਂ ਦੁਆਰਾ ਕੀਤੀਆਂ ਅਲੱਗ ਅਲੱਗ ਪੇਸ਼ਕਸ਼ਾਂ ਵਿੱਚ ਉਨਾਂ ਨੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ। ਨਾਟਕ 'ਹੀਰ ਰਾਂਝਾ' ਵਿੱਚ ਪੰਜਾਬੀ ਵਿਰਸੇ ਨੂੰ ਦਿਖਾਇਆ ਗਿਆ। ਡਾਂਸ ਪ੍ਰਫੋਰਮੈਂਸ 'ਫਿੱਟ ਇੰਡੀਆ' ਅਤੇ 'ਨਵਰਸ' ਨੇ ਤਾਂ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਰੰਗ ਬਿਰੰਗੇ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਪੰਜਾਬ ਦਾ ਲੋਕ ਨਾਚ ਪੇਸ਼ ਕੀਤਾ। ਗਰੀਨ ਲੈਂਡ ਸਕੂਲ ਦੇ ਚੇਅਰਮੈਨ-ਕਮ-ਡਾਇਰੈਕਟਰ ਡਾ. ਰਾਜੇਸ਼ ਰੁਦਰਾ ਨੇ ਸੋਨੀ ਦਾ ਸਕੂਲ ਪਹੁੰਚਣ 'ਤੇ ਧੰਨਵਾਦ ਕੀਤਾ।

17 ਨਵੰਬਰ  2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਨਵੰਬਰ 2019- ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਇਕਬਾਲ ਸਿੰਘ ਰਸੂਲਪੁਰ

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਅਕਾਲੀ ਦਲ ਵੱਲੋਂ ਦਲਿਤ ਨੌਜਵਾਨ ਉੱਤੇ ਜਾਬਰਾਨਾ ਅੱਤਿਆਚਾਰ ਦੀ ਨਿਖੇਧੀ

ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਦਲਿਤਾਂ ਉੱਤੇ ਅਜਿਹੇ ਅੱਤਿਆਚਾਰ ਹੋ ਰਹੇ ਹਨ ਤਾਂ ਮੁੱਖ ਮੰਤਰੀ ਯੂਰਪ 'ਚ ਛੁੱਟੀਆਂ ਮਨਾ ਰਿਹਾ ਹੈ

ਜਗਮੇਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਉਹਨਾਂ ਲਈ ਇਨਸਾਫ ਦੀ ਲੜਾਈ ਲੜੇਗਾ

ਚੰਡੀਗੜ੍ਹ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਹਕੂਮਤ ਦੌਰਾਨ ਇੱਕ ਦਲਿਤ ਨੌਜਵਾਨ ਉੱਤੇ ਕੀਤੇ ਜਾਬਰਾਨਾ ਅੱਤਿਆਚਾਰਾਂ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ 37 ਸਾਲ ਦਲਿਤ ਮਜ਼ਦੂਰ ਦੀ ਮੌਤ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ, ਜਿਸ ਦੀ ਬੁਰੀ ਤਰ੍ਹਾਂ ਕੁੱਟਣ ਅਤੇ ਪਿਸ਼ਾਬ ਪੀਣ ਲਈ ਮਜ਼ਬੂਰ ਕਰਨ ਵਰਗੇ ਅਣਮਨੁੱਖੀ ਅੱਤਿਆਚਾਰਾਂ ਤੋਂ ਬਾਅਦ ਅੱਜ ਮੌਤ ਹੋ ਗਈ ਹੈ।

ਇਹ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦਲਿਤਾਂ ਉੱਤੇ ਅੱਤਿਆਚਾਰਾਂ ਦੀ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ ਅਤੇ 37 ਸਾਲ ਦੇ ਸੰਗਰੂਰ ਵਾਸੀ ਜਗਮੇਲ ਦੇ ਤਾਜ਼ਾ ਮਾਮਲੇ ਨੇ ਹਰ ਸੰਵੇਦਨਸ਼ੀਲ ਪੰਜਾਬੀ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਜਗਮੇਲ ਨੂੰ ਇੱਕ ਖੰਭੇ ਨਾਲ ਬੰਨ੍ਹਣ ਮਗਰੋਂ ਕੁੱਝ ਲੋਕਾਂ ਨੇ ਉਸ ਉੱਤੇ ਅਣਮਨੁੱਖੀ ਅੱਤਿਆਚਾਰ ਕੀਤਾ ਸੀ। ਉਹਨਾਂ ਉਸ ਦੀ ਲੱਤਾਂ ਉੱਤੇ ਤੇਜ਼ਾਬ ਪਾ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਜਬਰਦਸਤੀ ਪਿਸ਼ਾਬ ਪਿਲਾਇਆ ਗਿਆ। ਬੁਰੀ ਤਰ੍ਹਾਂ ਜ਼ਖਮੀ ਹੋਣ ਕਰਕੇ ਜਗਮੇਲ ਦੀਆਂ ਲੱਤਾਂ ਨੂੰ ਕੱਟਣਾ ਪਿਆ ਸੀ ਅਤੇ ਅੱਜ ਪੀਜੀਆਈਐਮਈਆਰ ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।

ਇਹ ਟਿੱਪਣੀ ਕਰਦਿਆਂ ਕਿ ਸੂਬੇ ਅੰਦਰ ਪ੍ਰਸਾਸ਼ਨ ਨਾਂ ਦੀ ਕੋਈ ਸ਼ੈਅ ਨਹੀਂ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਸਮਾਜ ਦੇ ਸਾਰੇ ਵਰਗਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਤਾਂ ਅਜਿਹੇ ਸਮੇਂ ਮੁੱਖ ਮੰਤਰੀ 14 ਦਿਨਾਂ ਲਈ ਛੁੱਟੀਆਂ ਮਨਾਉਣ ਯੂਰਪ ਚਲਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਲੋਕਾਂ ਪ੍ਰਤੀ ਇੰਨੀ ਲਾਪਰਵਾਹੀ ਹੈਰਾਨ ਕਰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਜਗਮੇਲ ਦੇ ਹਮਲਾਵਰਾਂ ਖ਼ਿਲਾਫ ਕੋਈ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਅਤੇ ਨਾ ਹੀ ਇਹ ਜਗਮੇਲ ਦਾ ਸਹੀ ਢੰਗ ਨਾਲ ਇਲਾਜ ਕਰਵਾ ਪਾਈ ਹੈ। ਉਹਨਾਂ ਕਿਹਾ ਕਿ ਜਗਮੇਲ ਦਾ ਇਲਾਜ ਕਰਵਾਉਣ ਵਿਚ ਕੀਤੀ ਦੇਰੀ ਇੱਕ ਅਪਰਾਧਿਕ ਲਾਪਰਵਾਹੀ ਦੇ ਸਮਾਨ ਹੈ ,ਜਿਸ ਲਈ ਜ਼ਿੰਮੇਵਾਰੀ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਭ ਮੁੱਖ ਮੰਤਰੀ ਵੱਲੋਂ ਸੂਬੇ ਦੇ ਮਾਮਲਿਆਂ ਵਿਚ ਰਤੀ ਭਰ ਵੀ ਦਿਲਚਸਪੀ ਨਾ ਲੈਣ ਕਰਕੇ ਵਾਪਰਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਡਟ ਕੇ ਜਗਮੇਲ ਦੇ ਪਰਿਵਾਰ ਨੂੰ ਇਨਸਾਫ ਦੀ ਲੜਾਈ ਲੜੇਗਾ। ਉਹਨਾਂ ਕਿਹਾ ਕਿ ਅਸੀਂ ਦਲਿਤਾਂ ਅਤੇ ਸਮਾਜ ਦੇ ਬਾਕੀ ਵਰਗਾਂ ਖ਼ਿਲਾਫ ਅਜਿਹੇ ਅੱਤਿਆਚਾਰ ਨਹੀਂ ਹੋਣ ਦਿਆਂਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਗਮੇਲ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਬੀਆਰਟੀਐਸ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਬਾਦਲ ਦੁਆਰਾ ਕੀਤੇ ਕੰਮ ਦੀ ਮਿਸਾਲ- ਅਕਾਲੀ ਦਲ

ਬੀਆਰਟੀਐਸ ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ: ਅਕਾਲੀ ਦਲ

ਡਾਕਟਰ ਚੀਮਾ ਨੇ ਕਿਹਾ ਕਿ ਬੀਆਰਟੀਐਸ ਪ੍ਰਾਜੈਕਟ ਨੇ ਅੰਮ੍ਰਿਤਸਰ ਦਾ ਭੀੜ-ਭੜੱਕਾ ਅਤੇ ਪ੍ਰਦੂਸ਼ਣ ਖ਼ਤਮ ਕਰਨ 'ਚ ਮੱਦਦ ਕੀਤੀ ਹੈ

ਚੰਡੀਗੜ੍ਹ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੀਆਰਟੀਐਸ, ਅੰਮ੍ਰਿਤਸਰ ਪ੍ਰਾਜੈਕਟ ਨੂੰ 'ਐਵਾਰਡ ਆਫ ਐਕਸੇਲੈਂਸ'ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਪਵਿੱਤਰ ਸ਼ਹਿਰ ਅੰਦਰ ਭੀੜ-ਭੜੱਕਾ ਅਤੇ ਪ੍ਰਦੂਸ਼ਣ ਖ਼ਤਮ ਕਰਨ ਲਈ ਕੀਤੇ ਗਏ ਨਿਰਾਲੇ ਕੰਮ ਦੀ ਮਿਸਾਲ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐਸ), ਅੰਮ੍ਰਿਤਸਰ ਨੂੰ 'ਐਵਾਰਡ ਆਫ ਐਕਸੇਲੈਂਸ' ਦੇਣ ਲਈ ਧੰਨਵਾਦ ਕੀਤਾ। ਇਹ ਸਿਸਟਮ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਉਂਤਿਆ ਅਤੇ ਲਾਗੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਜਿਹੇ ਐਵਾਰਡ ਸ਼ਹਿਰਾਂ ਅੰਦਰ ਜ਼ਿੰਦਗੀ ਦੀ ਗੁਣਵੱਤਾ ਸੁਧਾਰਨ ਵਿਚ ਵੱਡੀ ਭੁਮਿਕਾ ਨਿਭਾਉਣਗੇ।

ਦੱਸਣਯੋਗ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਪਵਿੱਤਰ ਨਗਰੀ ਅੰਦਰ ਦਸੰਬਰ 2016 ਵਿਚ ਬੀਆਰਟੀਸੀ ਸੇਵਾ ਸ਼ੁਰੂ ਕੀਤੀ ਸੀ। ਡਾਕਟਰ ਚੀਮਾ ਨੇ ਕਿਹਾ ਕਿ ਇਸ ਖੇਤਰ ਵਿਚ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੋਣ ਕਰਕੇ ਇਸ ਪ੍ਰਾਜੈਕਟ ਨੇ ਅੰਮ੍ਰਿਤਸਰ ਦੇ ਸ਼ਹਿਰੀ ਆਵਾਜਾਈ ਸਿਸਟਮ ਵਿਚ ਚੋਖਾ ਸੁਧਾਰ ਲਿਆਂਦਾ ਹੈ।ਇਹੀ ਕਾਰਣ ਹੈ ਕਿ ਇਸ ਨੂੰ 'ਬੈਸਟ ਅਰਬਨ ਮਾਸ ਟਰਾਂਜ਼ਿਟ ਪ੍ਰਾਜੈਕਟ' ਕੈਟਾਗਰੀ ਅਧੀਨ ਐਵਾਰਡ ਲਈ ਚੁਣਿਆ ਗਿਆ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਪਵਿੱਤਰ ਸ਼ਹਿਰ ਲਈ ਬੇਹੱਦ ਅਹਿਮ ਪ੍ਰਾਜੈਕਟ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਸ ਨੂੰ ਠੱਪ ਕਰਨ ਵਾਸਤੇ ਪੂਰੀ ਵਾਹ ਲਾਈ ਸੀ। ਉਹਨਾਂ ਕਿਹਾ ਕਿ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਲ ਤੋਂ ਵੱਧ ਸਮਾਂ ਇਸ ਪ੍ਰਾਜੈਕਟ ਨੂੰ ਰੋਕ ਕੇ ਰੱਖਿਆ ਸੀ। ਉਹਨਾਂ ਕਿਹਾ ਕਿ ਸਿੱਧੂ ਨੇ ਬੀਆਰਟੀਐਸ ਸੇਵਾ ਨੂੰ ਰੋਕਣ ਲਈ ਕੀਤੇ ਅਣਥੱਕ ਯਤਨਾਂ ਤੋਂ ਬਾਅਦ ਇਸ ਪ੍ਰਾਜੈਕਟ ਦਾ ਸਿਹਰਾ ਲੈਣ ਲਈ ਜਨਵਰੀ 2019 ਵਿਚ ਇਸ ਨੂੰ ਦੁਬਾਰਾ ਲਾਂਚ ਕੀਤਾ ਸੀ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਵੀ ਫੰਡ ਜਾਰੀ ਨਾ ਹੋਣ ਕਰਕੇ ਬੀਆਰਟੀਐਸ ਸੇਵਾ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਗਿਆ ਸੀ।

ਡਾਕਟਰ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਪਿਛਲੀ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਰੋਕਣ ਅਤੇ ਲਟਕਾਉਣ ਉੱਤੇ ਆਪਣੀ ਊਰਜਾ ਖਰਚਣ ਦੀ ਬਜਾਇ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਉੱਤੇ ਧਿਆਨ ਕੇਂਦਰਿਤ ਕਰੇ।

ਉਹਨਾਂ ਦੱਸਿਆ ਕਿ ਬੀਆਰਟੀਐਸ ਅੰਮ੍ਰਿਤਸਰ ਪ੍ਰਾਜੈਕਟ ਲਈ 'ਐਵਾਰਡ ਆਫ ਐਕਸੇਲੈਂਸ' 17 ਨਵੰਬਰ 2019 ਨੂੰ ਇੰਦਰਾ ਗਾਂਧੀ  ਪ੍ਰਤੀਸ਼ਠਾਨ  , ਲਖਨਊ ਵਿਖੇ ਉੱਤਰ ਪ੍ਰਦੇਸ਼ ਦੇ ਮਾਣਯੋਗ ਉਪ ਮੁੱਖ ਮੰਤਰੀ ਦੁਆਰਾ ਦਿੱਤਾ ਜਾਵੇਗਾ।

ਅੱਜ ਦੇ ਦਿਨ (ਮਿਤੀ 16 ਨਵੰਬਰ, 2019) ਦਾ ਇਤਿਹਾਸ

 ਸ਼ਹੀਦੀ ਦਿਨ : ਸ਼ਹੀਦ ਕਰਤਾਰ ਸਿੰਘ ਸਰਾਭਾ 

 ਮਾਤਾ ਜੀ : ਮਾਤਾ ਸਾਹਿਬ ਕੌਰ ਜੀ

ਪਿਤਾ ਜੀ : ਸ. ਮੰਗਲ ਸਿੰਘ ਜੀ

 ਜਨਮ-ਮਿਤੀ : 24 ਮਈ, ਸੰਨ 1896 ਈ.

ਜਨਮ-ਸਥਾਨ : ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ, ਪੰਜਾਬ

 ਸ਼ਹੀਦੀ ਦੀ ਮਿਤੀ : 16 ਨਵੰਬਰ, ਸੰਨ 1915 ਈ.

 ਸ਼ਹੀਦੀ ਦਾ ਸਥਾਨ: ਲਾਹੌਰ, ਪਾਕਿਸਤਾਨ

ਬਚਪਨ :

 ਕਰਤਾਰ ਸਿੰਘ ਅਜੇ ਪੰਜ ਕੁ ਸਾਲਾਂ ਦਾ ਹੀ ਸੀ ਜਦ ਉਸਦੇ ਪਿਤਾ ਜੀ 1901 ਈ. ਵਿੱਚ ਅਕਾਲ ਚਲਾਣਾ ਕਰ ਗਏ। ਪਿਤਾ ਜੀ ਦੀ ਮੌਤ ਤੋਂ ਸੱਤ ਕੁ ਸਾਲਾਂ ਦੇ ਬਾਅਦ ਉਸ ਦੇ ਮਾਤਾ ਜੀ ਵੀ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਮਾਤਾ ਅਤੇ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦਾ ਜੀ ਸ. ਬਦਨ ਸਿੰਘ ਜੀ, ਜੋ ਇੱਕ ਗੁਰਸਿੱਖ ਹੋਣ ਦੇ ਨਾਤੇ ਸਿੱਖੀ ਆਦਰਸ਼ਾਂ ਵਿੱਚ ਨਿਸ਼ਠਾ ਰੱਖਦੇ ਸਨ, ਨੇ ਆਪਣੇ ਪੋਤਰੇ ਨੂੰ ਪੂਰੇ ਲਾਡ ਪਿਆਰ ਨਾਲ ਪਾਲ ਕੇ ਉਸ ਅੰਦਰ ਗੁਰਸਿੱਖੀ ਆਦਰਸ਼ ਅਤੇ ਉੱਤਮ ਇਨਸਾਨੀ ਗੁਣ ਭਰਨ ਵੱਲ ਉਚੇਚਾ ਧਿਆਨ ਦਿੱਤਾ। ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਸੁਭਾਅ ਹੀ ਧਾਰਮਿਕ ਪਿਆਰ ਅਤੇ ਸ਼ਰਧਾ ਦੇ ਬੀਜ ਬੀਜੇ ਜਾਂਦੇ ਹਨ, ਜਿਹੜੇ ਯੋਗ ਮੌਕੇ 'ਤੇ ਪੁੰਗਰ ਪੈਂਦੇ ਹਨ। ਸ. ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਪੁੱਜਦਾ ਅਤੇ ਪੜ੍ਹਿਆ-ਲਿਖਿਆ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ ਅਤੇ ਸ. ਬਖਸ਼ੀਸ਼ ਸਿੰਘ ਪੜ੍ਹੇ-ਲਿਖੇ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਦੇ ਦਾਦਾ ਜੀ ਸਮੇਤ ਉਸ ਦੇ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ-ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ। ਇਸੇ ਕਾਰਨ ਉਨ੍ਹਾਂ ਨੇ ਬਚਪਨ ਤੋਂ ਹੀ ਕਰਤਾਰ ਸਿੰਘ ਦੀ ਪੜ੍ਹਾਈ ਵਿੱਚ ਲਗਨ ਅਤੇ ਰੁਚੀ ਪੈਦਾ ਕਰਨ ਵੱਲ ਉਚੇਚਾ ਧਿਆਨ ਦਿੱਤਾ। 

 ਫੁਰਤੀਲਾ ਅਤੇ ਹੋਣਹਾਰ ਬੱਚਾ :

 ਕਰਤਾਰ ਸਿੰਘ ਬਚਪਨ ਤੋਂ ਹੀ ਬੜਾ ਫੁਰਤੀਲਾ ਅਤੇ ਹੋਣਹਾਰ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੜਾ ਹੁਸ਼ਿਆਰ ਸੀ ਅਤੇ ਸਕੂਲ ਵਿੱਚ ਹਾਕੀ ਦਾ ਖਿਡਾਰੀ ਸੀ। ਆਪਣੇ ਸਾਥੀਆਂ ਦਾ ਉਹ ਜਮਾਂਦਰੂ ਆਗੂ ਸੀ ਅਤੇ ਇੱਕ ਚੰਗੇ ਆਗੂ ਦੇ ਸਾਰੇ ਗੁਣ ਉਸ ਵਿੱਚ ਮੌਜੂਦ ਸਨ। ਉਹ ਅਨੁਸ਼ਾਸਨ ਬੜਾ ਸੋਹਣਾ ਰੱਖ ਸਕਦਾ ਸੀ। ਸੁਭਾਅ ਦਾ ਬੜਾ ਹਸਮੁੱਖ ਅਤੇ ਮਸਖ਼ਰਾ ਸੀ। ਹਰ ਇੱਕ ਲੜਕਾ ਉਸ ਦਾ ਸੰਗੀ ਬਣਨ ਵਿੱਚ ਬੜੀ ਪ੍ਰਸੰਨਤਾ ਮਹਿਸੂਸ ਕਰਦਾ ਸੀ। 

ਮੁੱਢਲੀ ਪੜ੍ਹਾਈ :

 ਬਾਲ ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਪੰਜਾਬ ਵਿੱਚ ਅੰਗਰੇਜ਼ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਮਾਂ ਬੋਲੀ ਪੰਜਾਬੀ ਨੂੰ ਢਾਹ ਲਾਉਣ ਦੇ ਮਨੋਰਥ ਨਾਲ ਸਕੂਲਾਂ ਵਿੱਚ ਪੱਛਮੀ ਸਿੱਖਿਆ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ ਅਤੇ ਪੰਜਾਬੀ ਪੜ੍ਹਾਉਣੀ ਸਕੂਲਾਂ ਵਿੱਚ ਬਿਲਕੁਲ ਮਨ੍ਹਾ ਸੀ। ਇਸ ਕਰਕੇ ਕਰਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਅਜਿਹੇ ਸਕੂਲ ਵਿੱਚ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਗੁਰਮਤਿ ਦਾ ਮਾਹੌਲ ਹੋਵੇ। ਇਸੇ ਮੰਤਵ ਲਈ ਕਰਤਾਰ ਸਿੰਘ ਨੇ ਲੁਧਿਆਣੇ ਦੇ 'ਮਾਲਵਾ ਖ਼ਾਲਸਾ ਹਾਈ ਸਕੂਲ' ਵਿੱਚ ਦਾਖਲਾ ਲਿਆ। ਇਸ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਸਿੱਖੀ ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਵਿੱਚ ਬੜੀ ਰੌਣਕ ਹੁੰਦੀ ਸੀ। ਹਰ ਵਿਦਿਆਰਥੀ ਲਈ ਇਹ ਲਾਜ਼ਮੀ ਸੀ ਕਿ ਉਹ ਸਿੱਖ ਰਹਿਤ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਹੋਵੇ। ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹੀ ਐਸਾ ਸੀ ਕਿ ਉਨ੍ਹਾਂ ਦੀ ਕਹੀ ਹੋਈ ਹਰ ਗੱਲ ਉੱਪਰ ਤੁਰੰਤ ਅਮਲ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਅਧਿਆਪਕ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਸਕੂਲ ਵਿੱਚ ਹਰ ਬੁੱਧਵਾਰ ਨੂੰ ਬੜਾ ਭਾਰੀ ਦੀਵਾਨ ਸਜਦਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜਥੇ ਸਮੇਤ ਆ ਕੇ ਕੀਰਤਨ ਕਰਿਆ ਕਰਦੇ ਸਨ। ਸਕੂਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਜਦੋਂ ਪ੍ਰੇਮ ਮੁਗਧ ਹੋ ਕੇ ਗੁਰਬਾਣੀ ਦਾ ਗਾਇਨ ਕਰਦੇ, ਸ਼ਬਦ ਕੀਰਤਨ ਕਰਦੇ, ਰਸ ਭਿੰਨੀ ਆਵਾਜ਼ ਵਿੱਚ ਬੋਲਦੇ, ਆਪਣੇ ਪ੍ਰਭੂ-ਪਰਮੇਸ਼ਰ ਨੂੰ ਯਾਦ ਕਰਨ ਲਈ ਉਸ ਦੀ ਸਿਫ਼ਤ ਸ਼ਲਾਘਾ ਦਾ ਅਲਾਪ ਕਰਦੇ ਤਾਂ ਸਾਰਾ ਵਾਯੂਮੰਡਲ ਇੱਕ ਅਨੋਖੇ ਰੰਗ ਵਿੱਚ ਰੰਗਿਆ ਜਾਂਦਾ। ਇਸ ਤਰ੍ਹਾਂ ਦੇ ਸਿੱਖੀ ਮਾਹੌਲ ਦਾ ਕਰਤਾਰ ਸਿੰਘ ਦੀ ਸ਼ਖ਼ਸੀਅਤ ਉੱਪਰ ਬਹੁਤ ਡੂੰਘਾ ਅਸਰ ਹੋਇਆ ਅਤੇ ਉਸ ਦੇ ਸਿੱਖ ਸੰਸਕਾਰਾਂ ਦੀ ਨੀਂਹ ਨਿਸ਼ਚਿਤ ਤੌਰ 'ਤੇ ਹੋਰ ਮਜ਼ਬੂਤ ਹੋ ਗਈ। ਖ਼ਾਲਸਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜਾਚ ਸਿਖਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਕਰਤਾਰ ਸਿੰਘ ਨੂੰ ਇਸ ਸਿਖਲਾਈ ਦਾ ਲਾਭ ਇਹ ਹੋਇਆ ਕਿ ਜਦ ਉਹ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਅਤੇ ਗ਼ਦਰ ਪਾਰਟੀ ਨੇ ਆਪਣਾ ਪਰਚਾ *ਗ਼ਦਰ* ਪੰਜਾਬੀ ਵਿੱਚ ਛਾਪਿਆ ਤਾਂ ਇਸ ਦੀ ਲਿਖਤ ਪੜ੍ਹਤ ਦਾ ਸਾਰਾ ਕਾਰਜ ਕਰਤਾਰ ਸਿੰਘ ਆਪ ਹੀ ਕਰਦਾ ਰਿਹਾ। ਇਸ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਰਤਾਰ ਸਿੰਘ ਆਪਣੇ ਦੋ ਚਾਚਿਆਂ ਸ. ਬਖਸ਼ੀਸ਼ ਸਿੰਘ ਅਤੇ ਡਾ. ਵੀਰ ਸਿੰਘ ਕੋਲ ਉੜੀਸਾ ਚਲਾ ਗਿਆ। ਉੱਥੇ ਉਸ ਦੇ ਚਾਚਾ ਸ. ਬਖ਼ਸ਼ੀਸ਼ ਸਿੰਘ ਜੰਗਲਾਤ ਮਹਿਕਮੇ ਵਿੱਚ ਅਫ਼ਸਰ ਸਨ ਅਤੇ ਡਾ. ਵੀਰ ਸਿੰਘ ਡਾਕਟਰੀ ਦਾ ਕਿੱਤਾ ਕਰਦੇ ਸਨ। ਉੜੀਸਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉੱਥੇ 19ਵੀਂ ਸਦੀ ਦੇ ਅਰੰਭ ਵਿੱਚ ਹੀ ਪੱਛਮੀ ਢੰਗ ਨਾਲ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉੱਥੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਪੱਧਰ ਕਾਫ਼ੀ ਉੱਚਾ ਸੀ। ਕਰਤਾਰ ਸਿੰਘ ਕਟਕ ਦੇ ਰੇਵਨੇਸ਼ਾ ਕਾਲਜੀਏਟ ਸਕੂਲ ਵਿੱਚ ਪੜ੍ਹਨ ਲੱਗਾ, ਜਿੱਥੋਂ ਉਸ ਨੇ 1912 ਈ. ਵਿੱਚ ਦਸਵੀਂ ਜਮਾਤ ਪਾਸ ਕਰ ਲਈ। ਉੜੀਸਾ ਵਿੱਚ ਅੰਗਰੇਜ਼ੀ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਕਰਤਾਰ ਸਿੰਘ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਅਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ ਸੀ, ਜਿਹੜਾ ਅਮਰੀਕਾ ਜਾ ਕੇ ਉਸ ਦੇ ਬਹੁਤ ਕੰਮ ਆਇਆ।

ਅਮਰੀਕਾ ਜਾਣ ਦਾ ਫੈ਼ੇਸਲਾ :

 ਉੜੀਸਾ ਤੋਂ ਦਸਵੀਂ ਪਾਸ ਕਰਨ ਉਪਰੰਤ ਕਰਤਾਰ ਸਿੰਘ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ। ਕਰਤਾਰ ਸਿੰਘ ਦੇ ਦਾਦਾ ਜੀ ਅਤੇ ਚਾਚਿਆਂ ਨੂੰ ਉਸ ਦੀ ਅਮਰੀਕਾ ਜਾ ਕੇ ਉਚੇਰੀ ਵਿੱਦਿਆ ਲੈਣ ਦੀ ਤਜਵੀਜ਼ ਪਸੰਦ ਆ ਗਈ, ਜਿਸ ਸਦਕਾ ਕਰਤਾਰ ਸਿੰਘ 1912 ਈ. ਦੀਆਂ ਗਰਮੀਆਂ ਵਿੱਚ,16 ਸਾਲਾਂ ਦੀ ਉਮਰ ਵਿੱਚ ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਕੇ ਬੰਗਾਲ ਦੀ ਖਾੜੀ ਦੇ ਪਾਣੀਆਂ ਵਿੱਚ ਠਿਲ ਪਿਆ।

ਅਮਰੀਕਾ ਦਾ ਪਹਿਲਾ ਕੌੜਾ ਤਜ਼ਰਬਾ :

 ਉਸ ਸਮੇਂ ਫਿਲਪੀਨ, ਸ਼ੰਘਾਈ, ਜਾਪਾਨ, ਕੈਨੇਡਾ, ਅਮਰੀਕਾ, ਪਨਾਮਾ, ਮੈਕਸੀਕੋ, ਟਿਨਸਿਨ ਅਤੇ ਪੀਕਿੰਗ (ਚੀਨ) ਵਿੱਚ ਜਾਣ ਵਾਲੇ ਹਿੰਦੁਸਤਾਨੀਆਂ ਲਈ ਹਾਂਗਕਾਂਗ ਠਹਿਰਨਾ ਜ਼ਰੂਰੀ ਹੁੰਦਾ ਸੀ। ਹਾਂਗਕਾਂਗ ਦਾ ਗੁਰਦੁਆਰਾ ਇਨ੍ਹਾਂ ਮੁਸਾਫ਼ਰਾਂ ਦੀ ਮੁੱਖ ਠਾਹਰ ਸੀ। ਕਰਤਾਰ ਸਿੰਘ ਵੀ ਕੁਝ ਕੁ ਹਫ਼ਤੇ ਹਾਂਗਕਾਂਗ ਰੁਕਿਆ ਅਤੇ ਅਖੀ਼ਰ ਉੱਥੋਂ 2 ਜੁਲਾਈ ਨੂੰ 'ਸਾਈਬੇਰੀਆ' ਜਹਾਜ਼ ਉੱਤੇ ਸਵਾਰ ਹੋ ਕੇ ਅਮਰੀਕਾ ਲਈ ਚੱਲ ਪਿਆ। 28 ਜੁਲਾਈ ਨੂੰ ਉਹ ਪੱਛਮੀ ਤੱਟ ਦੇ ਪ੍ਰਸਿੱਧ ਸ਼ਹਿਰ 'ਸਾਨ ਫ਼ਰਾਂਸਿਸਕੋ' ਦੇ ਨੇੜਲੇ ਟਾਪੂ ਏਂਜਲ ਆਈਲੈਂਡ ਦੇ ਜਹਾਜ਼ਘਾਟ ਉੱਤੇ ਉਤਰਿਆ। ਉਨ੍ਹਾਂ ਵੇਲਿਆ ਵਿੱਚ ਜਦੋਂ ਕੋਈ ਹਿੰਦੁਸਤਾਨੀ ਅਮਰੀਕਾ ਦੇ ਜਹਾਜ਼ਘਾਟ 'ਤੇ ਪਹੁੰਚਦਾ ਸੀ ਤਾਂ ਅਮਰੀਕਾ ਦੇ ਇੰਮੀਗਰੇਸ਼ਨ ਅਫ਼ਸਰ ਦੂਜੇ ਦੇਸ਼ਾਂ ਦੇ ਵਾਸੀਆਂ ਨੂੰ ਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਉਤਰਨ ਦੀ ਆਗਿਆ ਦੇ ਦਿੰਦੇ ਸਨ, ਪਰ ਹਿੰਦੁਸਤਾਨ ਦੇ ਵਸਨੀਕਾਂ ਨੂੰ ਰੋਕ ਕੇ ਪੁੱਠੇ ਸਿੱਧੇ ਸਵਾਲ ਪੁੱਛਦੇ ਸਨ। ਇਹ ਕਰਤਾਰ ਸਿੰਘ ਸਰਾਭਾ ਦਾ ਅਮਰੀਕਾ ਵਿੱਚ ਪਹਿਲਾ ਤਲਖ਼ ਤਜ਼ਰਬਾ ਸੀ। ਇਸ ਨਾਲ ਉਸ ਨੂੰ ਡਾਢੀ ਬੇਇੱਜ਼ਤੀ ਅਤੇ ਨਿਰਾਦਰੀ ਦਾ  ਅਹਿਸਾਸ ਹੋਇਆ। ਉਸ ਨੇ ਗੁਲਾਮੀ ਦੀ ਚੁੱਭਣ ਮਹਿਸੂਸ ਕੀਤੀ। ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਕਰਤਾਰ ਸਿੰਘ ਨੇ ਸਾਰੀ ਪੁੱਛ ਪੜਤਾਲ ਦਾ ਜਵਾਬ ਬੜੀ ਨਿਡਰਤਾ ਨਾਲ ਦਿੱਤਾ, ਜਿਸ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਸ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ ਤਿੰਨ ਦਿਨਾਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਉੱਤੇ ਪਹਿਲਾ ਕਦਮ ਧਰਿਆ। ਜਹਾਜ਼ ਤੋਂ ਉੱਤਰ ਕੇ ਕਰਤਾਰ ਸਿੰਘ ਸਿੱਧਾ ਭਾਈ ਬੂੜ ਸਿੰਘ ਜੀ ਕੋਲ 'ਸਾਨ ਫਰਾਂਸਿਸਕੋ' ਤੋਂ 65 ਮੀਲ ਦੂਰ 'ਯੂਲੋ ਕਾਊਂਟੀ' ਚਲਾ ਗਿਆ। ਉੱਥੇ ਪੰਜਾਬੀ ਵਧੇਰੇ ਕਰਕੇ ਬਾਗ਼ਾਂ ਵਿੱਚ ਫਲ਼ ਮੇਵੇ ਤੋੜਨ ਦਾ ਕੰਮ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਨੇ ਵੀ ਉਨ੍ਹਾਂ ਨਾਲ ਖੁਰਮਾਨੀਆਂ, ਸੇਬ ਅਤੇ ਹੋਰ ਫਲ਼ਾਂ ਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਬਦਲੇ ਉਸ ਨੂੰ ਦਿਹਾੜੀ ਦੇ 2-3 ਡਾਲਰ ਉਜਰਤ ਮਿਲ ਜਾਂਦੀ ਸੀ। ਇੱਥੋਂ ਹੀ ਉਹ ਬਾਬਾ ਜਵਾਲਾ ਸਿੰਘ ਅਤੇ ਹੋਰਾਂ ਦੀ ਪ੍ਰੇਰਨਾ ਨਾਲ ਬਰਕਲੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਲਈ ਤਿਆਰ ਹੋ ਗਿਆ।

  ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਕਰਤਾਰ ਸਿੰਘ ਸਰਾਭਾ ਦੀ ਪਾਰਟੀ ਵਿੱਚ ਸ਼ਮੂਲੀਅਤ :

 ਪ੍ਰੋ. ਤੇਜਾ ਸਿੰਘ ਕੈਨੇਡਾ ਦੀ ਸਿੱਖ ਸੰਗਤ ਨਾਲ ਮਿਲ ਕੇ ਕੈਨੇਡਾ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਉੱਥੇ ਹੀ ਸਾਰੀ ਸੰਗਤ ਨੇ ਪ੍ਰੋ. ਤੇਜਾ ਸਿੰਘ ਨਾਲ ਮਿਲ ਕੇ ਕੋਰਟ ਤੋਂ ਮਤਾ ਪਾਸ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਪ੍ਰੋ. ਤੇਜਾ ਸਿੰਘ ਅਮਰੀਕਾ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਕੈਲੀਫੋਰਨੀਆ ਵਿੱਚ ਜਗ੍ਹਾ-ਜਗ੍ਹਾ ਤੇ ਲੈਕਚਰ ਕਰਨ ਗਏ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਿਤ ਹੋ ਕੇ ਅਮਰੀਕਾ ਦੇ ਸਿੱਖ ਵਾਸੀਆਂ ਨੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਅਮਰੀਕਾ ਦੀ ਧਰਤੀ 'ਤੇ ਸਟਾਕਟਨ ਸ਼ਹਿਰ ਵਿੱਚ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋ. ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਹੋਰਾਂ ਦੀ ਹਿੰਮਤ ਅਤੇ ਪਹਿਲਕਦਮੀ ਨਾਲ ਨੇਪਰੇ ਚੜ੍ਹਿਆ। ਅਮਰੀਕਾ ਕੈਨੇਡਾ ਦੇ ਸਿੱਖ, ਨਸਲੀ ਵਿਤਕਰੇ ਵਿਰੁੱਧ, ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸਨ। ਉਨ੍ਹਾਂ ਨੂੰ ਗੁਲਾਮ ਅਤੇ ਅਜ਼ਾਦ ਕੌਮਾਂ ਦੇ ਜੀਵਨ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਇਆ। ਉਨ੍ਹਾਂ ਨੂੰ ਮਹਿਸੂਸ ਹੋ ਗਿਆ ਕਿ ਗੁਲਾਮ ਕੌਮ ਹੋਣ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਨੂੰ ਪ੍ਰਦੇਸਾਂ ਅੰਦਰ ਬੇਇਜ਼ਤੀ ਅਤੇ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਦਕਾ ਸਿੱਖਾਂ ਦੇ ਮਨ ਵਿੱਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਫੁਰਨਾ ਹੋਰ ਦ੍ਰਿੜ੍ਹ ਹੋ ਗਿਆ। ਇਨ੍ਹਾਂ ਵਿੱਚੋਂ ਮੁੱਢਲੇ ਸਿੱਖ ਪ੍ਰੋ. ਤੇਜਾ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਸੰਤੋਖ ਸਿੰਘ ਸਨ। ਇਹ ਸਾਰੇ ਸਿੱਖ ਕੈਨੇਡਾ ਅਤੇ ਅਮਰੀਕਾ ਵਿੱਚ ਵੱਖ-ਵੱਖ ਜਗ੍ਹਾ 'ਤੇ ਗੁਰਮਤਿ ਪ੍ਰਚਾਰ ਦੀ ਲਹਿਰ ਦੇ ਜ਼ਰੀਏ ਰਾਜਸੀ ਲਹਿਰ ਅਤੇ ਜਥੇਬੰਦੀ ਲਈ ਵੀ ਕੰਮ ਕਰ ਰਹੇ ਸਨ। 1913 ਈ. ਵਿੱਚ ਜਿਸ ਵੇਲੇ ਗ਼ਦਰ ਪਾਰਟੀ ਕਾਇਮ ਕੀਤੀ ਗਈ ਤਾਂ ਇਸ ਦੇ ਬਾਨੀਆਂ ਨੂੰ ਭਾਵੇਂ ਇਨਕਲਾਬੀ ਸੰਘਰਸ਼ਾਂ ਦਾ ਪੂਰਨ ਤਜ਼ਰਬਾ ਨਹੀਂ ਸੀ ਪਰ ਉਨ੍ਹਾਂ ਵਿੱਚ ਵਾਧੂ ਗੁਣ ਇਹ ਸੀ ਕਿ ਉਹ ਅਨੁਭਵੀ ਸਨ। ਉਨ੍ਹਾਂ ਨੂੰ ਰਾਜਸੀ ਵਿਗਿਆਨ ਦੀ ਅੰਤਰੀਵ ਸੂਝ ਸੀ। *ਉਹ ਇਹ ਇਤਿਹਾਸਿਕ ਸਚਾਈ ਜਾਣਦੇ ਸਨ ਕਿ ਜ਼ੁਲਮ ਅਤੇ ਬੇਇਨਸਾਫ਼ੀ ਦੀਆਂ ਨੀਹਾਂ ਤੇ ਟਿਕੀਆਂ ਸਲਤਨਤਾਂ ਸਦੀਵੀ ਨਹੀਂ ਹੁੰਦੀਆਂ, ਨਾ ਅਜਿੱਤ ਹੁੰਦੀਆਂ ਹਨ।* ਹਮੇਸ਼ਾ ਹੀ ਇਤਿਹਾਸ ਅੰਦਰ ਕੁਝ ਮੌਕੇ ਅਜਿਹੇ ਬਣ ਜਾਂਦੇ ਹਨ ਜਦੋਂ ਬਹੁਤ ਮਜ਼ਬੂਤ ਅਤੇ ਅਜਿੱਤ ਹੋਣ ਦਾ ਭਰਮ ਪਾਲਣ ਵਾਲੇ ਜ਼ਾਲਮ ਰਾਜ ਥੋੜ੍ਹੀ ਸੱਟ ਮਾਰਿਆਂ ਹੀ ਢਹਿ ਢੇਰੀ ਹੋ ਜਾਂਦੇ ਹਨ। ਜਲਦੀ ਹੀ ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਇਨ੍ਹਾਂ ਆਗੂਆਂ ਦੇ ਸੰਪਰਕ ਵਿੱਚ ਆ ਗਿਆ।

 ਗ਼ਦਰ ਪਾਰਟੀ ਵਿੱਚ ਕਰਤਾਰ ਸਿੰਘ ਸਰਾਭਾ ਦੀਆਂ ਸੇਵਾਵਾਂ :

 ਗ਼ਦਰ ਪਾਰਟੀ ਨੇ ਗੁਰਮਤਿ ਅਤੇ ਰਾਜਸੀ ਪ੍ਰਚਾਰ ਹਿੱਤ ਅਖ਼ਬਾਰ ਕੱਢਣ ਦਾ ਨਿਰਣਾ ਕੀਤਾ। ਅਕਤੂਬਰ, 1913 ਵਿੱਚ ਸਾਨ ਫਰਾਂਸਿਸਕੋ ਦੀ 'ਸਟ੍ਰੀਟ ਹਿੱਲ' ਨਾਮੀ ਗਲ਼ੀ ਵਿੱਚ 436 ਨੰਬਰ ਮਕਾਨ ਕਿਰਾਏ 'ਤੇ ਲੈ ਕੇ ਪਾਰਟੀ ਦਾ ਕੇਂਦਰੀ ਦਫ਼ਤਰ ਬਣਾਇਆ ਗਿਆ ਅਤੇ ਉੱਥੋਂ ਹੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਗਿਆ। ਪਹਿਲੀ ਨਵੰਬਰ ਨੂੰ 'ਗ਼ਦਰ' ਦਾ ਪਹਿਲਾ ਅੰਕ ਉਰਦੂ ਵਿੱਚ ਛਪਿਆ। ਥੋੜ੍ਹੇ ਚਿਰ ਬਾਅਦ ਨੌਂ ਦਸੰਬਰ ਨੂੰ ਉਰਦੂ ਦੇ ਨਾਲ 'ਗ਼ਦਰ' ਗੁਰਮੁਖੀ ਵਿੱਚ ਵੀ ਛਪਣਾ ਅਰੰਭ ਹੋ ਗਿਆ। ਇਸ ਵਾਸਤੇ ਸਭ ਤੋਂ ਪਹਿਲਾਂ *ਕਰਤਾਰ ਸਿੰਘ ਸਰਾਭਾ* ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਸ ਦੇ ਨਾਲ ਹੀ ਪਾਰਟੀ ਦਾ ਇੱਕ ਹੋਰ ਨਿਸ਼ਕਾਮ ਵਰਕਰ ਰਘੁਬੀਰ ਦਿਆਲ ਗੁਪਤਾ ਨਾਲ ਆ ਰਲਿਆ। ਸ਼ੁਰੂ ਵਿੱਚ ਇੰਨੇ ਅਮਲੇ ਨਾਲ ਹੀ ਕੰਮ ਤੋਰਿਆ ਗਿਆ। ਸਾਰਿਆਂ ਨਾਲੋਂ ਵੱਧ ਕੰਮ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ 'ਤੇ ਸੀ। ਉਹ ਸਾਰੇ ਕੰਮ-ਕਾਰ ਦੀ ਰੀੜ੍ਹ ਦੀ ਹੱਡੀ ਸੀ। ਲਿਖਣ ਦਾ ਜ਼ਿਆਦਾ ਕੰਮ ਲਾਲਾ ਹਰਦਿਆਲ ਕਰਦਾ ਸੀ। ਉਹ ਜ਼ਿਆਦਾਤਰ ਉਰਦੂ ਵਿੱਚ ਲਿਖਦਾ ਸੀ। ਉਰਦੂ ਦੀ ਛਪਾਈ ਸਿੱਧੀ ਹੱਥ ਤੋਂ ਕੀਤੀ ਜਾਂਦੀ ਸੀ, ਜਿਸ ਦੇ ਵਾਸਤੇ ਸੁੰਦਰ ਅਤੇ ਸਾਫ਼ ਸੁਥਰੀ ਲਿਖਾਈ ਦੀ ਲੋੜ ਸੀ। ਕਰਤਾਰ ਸਿੰਘ ਸਰਾਭਾ ਹਰ ਕੰਮ ਵਿੱਚ ਸਚਿਆਰਾ ਹੋਣ ਕਰਕੇ ਉਸ ਦੀ ਲਿਖਾਈ ਖ਼ੁਸ਼ਖ਼ਤੀ (ਸੁੰਦਰ ਤੇ ਸੁਥਰੀ) ਸੀ। ਇਸ ਕਰਕੇ ਲਾਲਾ ਹਰਦਿਆਲ ਦੀ ਸਾਰੀ ਲਿਖਤ ਦੀ ਉਰਦੂ ਵਿੱਚ ਲਿਖਾਈ ਕਰਤਾਰ ਸਿੰਘ ਆਪ ਹੀ ਕਰਦਾ ਸੀ। ਇਸ ਦੇ ਨਾਲ ਹੀ ਗੁਰਮੁਖੀ ਦੇ ਅਖ਼ਬਾਰ ਲਈ ਇਸ ਦਾ ਪੰਜਾਬੀ ਵਿੱਚ ਉਲੱਥਾ ਵੀ ਉਹੀ ਕਰਦਾ ਸੀ। ਉਰਦੂ ਤੋਂ ਪੰਜਾਬੀ ਵਿੱਚ ਉਲੱਥਾ ਕਰਨ ਵੇਲੇ ਸਰਾਭਾ ਕਈ ਵਾਰ ਲਿਖਤ ਵਿੱਚ ਲੋੜ ਮੁਤਾਬਕ ਵਾਧੇ ਅਤੇ ਅਦਲਾ-ਬਦਲੀ ਵੀ ਕਰਦਾ ਸੀ। ਬਹੁਤ ਵਾਰ ਭਖੇ ਹੋਏ ਰਾਜਸੀ ਜਾਂ ਸਮਾਜਿਕ ਮਸਲਿਆਂ ਬਾਰੇ ਪੰਜਾਬੀ ਦੇ ਪਾਠਕਾਂ ਲਈ ਉਚੇਚੇ ਤੌਰ 'ਤੇ ਲੇਖ ਅਤੇ ਰਾਜਸੀ ਟਿੱਪਣੀਆਂ ਛਾਪੀਆਂ ਜਾਂਦੀਆਂ ਸਨ, ਜਿਹੜੀਆਂ ਜਾਂ ਤਾਂ ਕਰਤਾਰ ਸਿੰਘ ਆਪ ਲਿਖਦਾ ਸੀ ਜਾਂ ਹੋਰਨਾਂ ਕੋਲੋਂ ਲਿਖਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਸਰਾਭਾ ਕੇਵਲ ਤਕਨੀਕੀ ਕੰਮ ਕਰਨ ਵਾਲਾ ਅਖ਼ਬਾਰੀ ਕਾਮਾ ਨਹੀਂ ਸੀ, ਉਹ ਇੱਕੋ ਵੇਲੇ ਵਰਕਰ, ਲੇਖਕ, ਪੱਤਰਕਾਰ, ਸੰਪਾਦਕ ਅਤੇ ਬਹੁਤ ਕੁਝ ਸੀ। ਉਸਦੀ ਪ੍ਰਤਿਭਾ ਇਕਹਿਰੀ ਨਹੀਂ, ਬਹੁਪਸਾਰੀ ਸੀ। ਸ਼ੁਰੂ ਵਿੱਚ ਛਾਪੇ ਵਾਲੀ ਮਸ਼ੀਨ ਹੱਥ ਨਾਲ ਗੇੜਨੀ ਪੈਂਦੀ ਸੀ। ਇਹ ਕੰਮ ਕਰਤਾਰ ਸਿੰਘ ਸਰਾਭਾ ਅਤੇ ਰਘੁਬੀਰ ਦਿਆਲ ਗੁਪਤਾ ਨੂੰ ਹੀ ਕਰਨਾ ਪੈਂਦਾ ਸੀ। ਇਸ ਤੋਂ ਬਾਅਦ ਅਖ਼ਬਾਰਾਂ ਦੇ ਫੋਲਡਰ ਤਿਆਰ ਕਰਨ, ਉਨ੍ਹਾਂ ਨੂੰ ਡਾਕ ਰਾਹੀਂ ਵੱਖ ਵੱਖ ਥਾਵਾਂ 'ਤੇ ਭੇਜਣ ਅਤੇ ਉਨ੍ਹਾਂ ਉੱਪਰ ਪਤਾ ਲਿਖਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਆਪ ਹੀ ਕਰਦਾ ਸੀ। ਗ਼ਦਰ ਅਖ਼ਬਾਰ ਵਿੱਚ ਸਾਰੇ ਸਿੱਖ ਅਤੇ ਰਾਜਸੀ ਮਾਮਲਿਆਂ ਨੂੰ ਸੰਜੀਦਗੀ ਨਾਲ ਵਿਚਾਰ ਕੇ ਉਨ੍ਹਾਂ ਸਬੰਧੀ ਸੁਚਾਰੂ ਵਿਚਾਰ ਪੇਸ਼ ਕੀਤੇ ਜਾਂਦੇ ਸਨ।      

ਗ਼ਦਰ ਪਾਰਟੀ ਦੀ ਕਾਰਜਸ਼ੈਲੀ :

 15 ਫਰਵਰੀ, 1914 ਨੂੰ ਸ. ਕਰਤਾਰ ਸਿੰਘ ਸਰਾਭਾ ਤੇ ਬਾਬਾ ਜਵਾਲਾ ਸਿੰਘ ਹੁਰਾਂ ਨੇ ਸਟਾਕਟਨ ਵਿਖੇ ਭਾਰੀ ਰਾਜਸੀ ਕਾਨਫਰੰਸ ਰੱਖੀ, ਜਿਸ ਵਿੱਚ ਬਾਬਾ ਸੋਹਨ ਸਿੰਘ ਭਕਨਾ, ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਗਾਂਧਾ ਸਿੰਘ ਅਸਟੋਰੀਆ ਤੇ ਮੁਨਸ਼ੀ ਰਾਮ ਮੁੱਖ ਆਗੂ ਵਜੋਂ ਪਹੁੰਚੇ। ਇੱਥੇ ਉਨ੍ਹਾਂ ਢੰਗ-ਤਰੀਕਿਆਂ ਨੂੰ ਸੰਜ਼ੀਦਗੀ ਨਾਲ ਵਿਚਾਰਿਆ ਗਿਆ, ਜਿਨ੍ਹਾਂ ਸਦਕਾ ਜਥੇਬੰਦੀ ਹੋਰ ਤਕੜੀ ਕੀਤੀ ਜਾ ਸਕੇ। ਇਸ ਤੋਂ ਬਾਅਦ ਇਹ ਸੰਗਰਾਮੀ ਦਿਨ-ਰਾਤ ਇੱਕ ਕਰਕੇ ਜਥੇਬੰਦੀ ਦੀ ਤਾਕਤ ਨੂੰ ਤਕੜਾ ਕਰਨ ਲਈ ਕਾਰਜਸ਼ੀਲ ਹੋ ਗਏ। ਇਨ੍ਹਾਂ ਸੰਗਰਾਮੀਆਂ ਦੀ ਮਿਹਨਤ ਸਦਕਾ ਓਰੇਗਾਨ ਅਤੇ ਕੈਨੇਡਾ ਤੋਂ ਬਿਨਾਂ ਇਕੱਲੇ ਕੈਲੀਫੋਰਨੀਆ ਵਿੱਚ ਹੀ ਗ਼ਦਰ ਪਾਰਟੀ ਦੇ ਸਿਪਾਹੀਆਂ ਦੇ ਕੋਈ ਬਹੱਤਰ ਕੁ ਜਥੇ ਬਣ ਗਏ, ਜੋ ਹਰ ਵਕਤ ਅਤੇ ਹਰ ਤਰ੍ਹਾਂ ਜਥੇਬੰਦੀ ਦੇ ਹੁਕਮ ਨਾਲ ਕੌਮੀ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ। ਇਨ੍ਹਾਂ ਦੇਸ਼ ਭਗਤਾਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਸੀ। 

ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਨਾ :

 ਗ਼ਦਰ ਪਾਰਟੀ ਦੀ ਸਥਾਪਨਾ ਵੇਲੇ ਹੀ ਇਹ ਫੈ਼ਸਲਾ ਕਰ ਲਿਆ ਗਿਆ ਸੀ ਕਿ ਭਾਰਤ ਅੰਦਰ ਹਥਿਆਰਬੰਦ ਤਾਕਤ ਦੇ ਜ਼ੋਰ ਨਾਲ ਅੰਗਰੇਜ਼ ਰਾਜ ਦਾ ਖਾਤਮਾ ਕੀਤਾ ਜਾਵੇਗਾ। ਇਹ ਐਵੇਂ ਹਵਾਈ ਖ਼ਿਆਲ ਨਹੀਂ ਸਨ। ਇਸ ਬਾਰੇ ਪੂਰੀ ਸੰਜ਼ੀਦਗੀ ਨਾਲ ਵਿਚਾਰ ਕੀਤੀ ਗਈ ਸੀ। ਫ਼ੌਜੀ ਤਿਆਰੀਆਂ ਕਰਨ ਲਈ ਬਕਾਇਦਾ ਮਤਾ ਪਾ ਕੇ ਤਿੰਨ ਮੈਂਬਰੀ *ਗੁਪਤ ਕਮਿਸ਼ਨ* ਵੀ ਬਣਾਇਆ ਗਿਆ ਸੀ। ਇਸ ਲਈ ਜਦ ਜਥੇਬੰਦੀਆ ਬਣ ਗਈਆਂ ਤਾਂ ਪਾਰਟੀ ਨੇ ਹਵਾਈ ਸੈਨਾ ਨਾਲ ਅੰਗਰੇਜ਼ ਸਰਕਾਰ ਦਾ ਟਾਕਰਾ ਕਰਨ ਦਾ ਫੈ਼ਸਲਾ ਕੀਤਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਅੰਗਰੇਜ਼ ਸਰਕਾਰ ਕੋਲ ਹਵਾਈ ਤਾਕਤ ਨਾ ਹੋਣ ਦੇ ਬਰਾਬਰ ਹੀ ਸੀ। ਮਾਸਟਰ ਊਧਮ ਸਿੰਘ ਕਸੇਲ, ਜੋ ਕਿ ਹਾਂਗਕਾਂਗ ਵਿੱਚ ਤੋਪਖਾਨੇ ਅੰਦਰ ਨੌਕਰੀ ਵੀ ਕਰ ਚੁੱਕਾ ਸੀ, ਦੀ ਲੀਡਰੀ ਵਿੱਚ ਨੌਜਵਾਨਾਂ ਦਾ ਜਥਾ ਬੰਬ ਬਾਜ਼ੀ ਦਾ ਕੰਮ ਸਿੱਖਣ ਲੱਗਾ। ਉਸ ਵਕਤ ਪਾਰਟੀ ਕੋਲ ਜ਼ਿਆਦਾ ਪੈਸਾ ਨਹੀਂ ਸੀ। ਇਸ ਲਈ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਰਾਹੀਂ ਲੜਾਈ ਦੀ ਪ੍ਰੈਕਟਿਸ ਕਰਨ ਲਈ ਪੂਰਬੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਭੇਜਿਆ ਗਿਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਿਆ। ਉਹ ਕੁਝ ਕੁ ਹਫ਼ਤਿਆਂ ਵਿੱਚ ਹੀ ਜਹਾਜ਼ ਉਡਾਉਣਾ ਸਿੱਖ ਅਾਇਆ ਸੀ। ਕਰਤਾਰ ਸਿੰਘ ਸਰਾਭਾ ਦੀ ਗ਼ੈਰ ਹਾਜ਼ਰੀ ਵਿੱਚ ਬਾਬਾ ਭਕਨਾ ਨੇ ਕੈਲੀਫੋਰਨੀਆ ਅੰਦਰ ਫਰਿਜ਼ਨੋ, ਔਕਸਨਾਰਡ ਅਤੇ ਲਾਸ ਏਂਜਲਸ ਥਾਵਾਂ 'ਤੇ ਜਾ ਕੇ ਮੀਟਿੰਗਾਂ ਕਰਵਾਈਆਂ ਅਤੇ ਪਾਰਟੀ ਦੀਆਂ ਬ੍ਰਾਂਚਾਂ ਕਾਇਮ ਕੀਤੀਆਂ। ਭਾਈ ਭਗਵਾਨ ਸਿੰਘ ਅਤੇ ਬਰਕਤੁੱਲਾ ਦੇ ਆਉਣ ਨਾਲ ਪਾਰਟੀ ਨੂੰ ਦੋ ਹੋਰ ਕਾਰਜਸ਼ੀਲ ਆਗੂ ਮਿਲ ਗਏ, ਜਿਸ ਨਾਲ ਪਾਰਟੀ ਦੇ ਜਥੇਬੰਦਕ ਕੰਮ ਅਤੇ ਪ੍ਰਚਾਰ ਵਿੱਚ ਹੋਰ ਤੇਜ਼ੀ ਆ ਗਈ। ਇਸ ਦੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਵੀ ਵਾਪਸ ਆ ਕੇ ਮੁੜ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਪ੍ਰਚਾਰ ਅਤੇ ਜਥੇਬੰਦਕ ਕਾਰਜਾਂ ਵਿੱਚ ਜੁੱਟ ਗਿਆ ਸੀ। ਜੂਨ ਦੇ ਮਹੀਨੇ ਭਾਈ ਭਗਵਾਨ ਸਿੰਘ, ਬਰਕਤੁੱਲਾ ਅਤੇ ਰਾਮ ਚੰਦਰ ਨੇ ਰਲ਼ ਕੇ ਓਰੇਗਾਨ ਅਤੇ ਵਾਸ਼ਿੰਗਟਨ ਰਿਆਸਤਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਕਈ ਥਾਵਾਂ 'ਤੇ ਬਹੁਤ ਭਾਰੀ ਇਕੱਠ ਕੀਤੇ ਗਏ। ਇਸ ਦੇ ਨਾਲ ਹੀ ਪਾਰਟੀ ਦੇ 'ਗੁਪਤ ਕਮਿਸ਼ਨ' ਨੇ ਭਾਰਤ ਅੰਦਰ ਇਨਕਲਾਬੀ ਪ੍ਰਚਾਰ ਅਤੇ ਜਥੇਬੰਦੀ ਦਾ ਫੈਲਾਅ ਕਰਨ ਬਾਰੇ ਕਾਰਜ ਯੋਜਨਾ ਬਣਾਈ, ਜਿਸ ਸਦਕਾ ਮਈ, 1914 ਵਿੱਚ ਦੋ ਹੋਣਹਾਰ ਵਰਕਰਾਂ, ਭਾਈ ਗਾਂਧਾ ਸਿੰਘ ਤੇ ਭਾਈ ਕਰਤਾਰ ਸਿੰਘ ਲਤਾਲਾ ਨੂੰ ਇਸ ਮੰਤਵ ਲਈ ਭਾਰਤ ਭੇਜਿਆ ਗਿਆ, ਜਿਨ੍ਹਾਂ ਨੇ ਵਿਉਂਤ ਮੁਤਾਬਕ ਭਾਰਤ ਅੰਦਰ ਛਾਪੇਖਾਨੇ ਅਤੇ ਦਫ਼ਤਰ ਦਾ ਕੰਮ ਚਾਲੂ ਕਰਨਾ ਸੀ। ਬਾਅਦ ਵਿੱਚ ਢੁੱਕਵੇਂ ਮੌਕੇ ਉੱਤੇ ਬਾਬਾ ਸੋਹਣ ਸਿੰਘ ਭਕਨਾ ਅਤੇ ਭਾਈ ਕਰਤਾਰ ਸਿੰਘ ਸਰਾਭਾ ਨੇ ਦੇਸ਼ ਅੰਦਰ ਜਾ ਕੇ ਸਾਰੇ ਕੰਮ ਦੀ ਕਮਾਨ ਸੰਭਾਲ ਲੈਣੀ ਸੀ। ਅਜੇ ਇੰਨੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ 'ਕਾਮਾਗਾਟਾਮਾਰੂ' ਜਹਾਜ਼ ਦੀ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਕਰਕੇ ਗ਼ਦਰ ਪਾਰਟੀ ਨੇ ਤੁਰੰਤ ਫ਼ੈਸਲਾ ਕੀਤਾ ਕਿ ਪਾਰਟੀ ਦੇ ਕਿਸੇ ਅਹਿਮ ਵਰਕਰ ਨੂੰ ਭਾਰਤ ਚਲੇ ਜਾਣਾ ਚਾਹੀਦਾ ਹੈ। ਇਸ ਹਿਤ ਬਾਬਾ ਸੋਹਣ ਸਿੰਘ ਭਕਨਾ ਨੂੰ ਕਮੇਟੀ ਦੀ ਰਾਏ ਮੁਤਾਬਿਕ 21 ਜੁਲਾਈ,1914 ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕੀਤਾ ਗਿਆ। ਪਾਰਟੀ ਨੂੰ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਸੰਸਾਰ ਜੰਗ ਬਹੁਤ ਜਲਦ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਤਰ੍ਹਾਂ ਹੀ ਹੋਇਆ। ਇਸ ਕਾਰਨ ਮੌਜੂਦਾ ਗਤੀਵਿਧੀਆਂ ਨੂੰ ਤੁਰੰਤ ਬਦਲ ਕੇ ਨਵੇਂ ਫੈ਼ਸਲੇ ਕਰਨੇ ਪਏ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਪਿਆ। ਇਸ ਸਮੇਂ ਗ਼ਦਰ ਪਾਰਟੀ ਨੇ ਆਪਣੇ ਅਖ਼ਬਾਰ ਦੇ ਪ੍ਰਚਾਰ ਦੁਆਰਾ ਦੁਨੀਆਂ ਭਰ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਦੇਸ਼ ਪਰਤਣ ਦਾ ਹੋਕਾ ਦਿੱਤਾ ਤਾਂ ਜੋ ਦੇਸ਼ ਨੂੰ ਆਜ਼ਾਦ ਕਰਵਾਇਆ ਜਾ ਸਕੇ। ਪਾਰਟੀ ਦੇ ਆਗੂਆਂ ਨੇ ਦਿਨਾਂ ਅੰਦਰ ਹੀ ਲੇਖਾਂ, ਕਵਿਤਾਵਾਂ ਅਤੇ ਭਾਸ਼ਣਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਅੰਦਰ ਅਜਿਹੀ ਇਨਕਲਾਬੀ ਰੂਹ ਫੂਕ ਦਿੱਤੀ ਕਿ ਵਿਦੇਸ਼ੀ ਕਾਰਖਾਨਿਆਂ, ਖੇਤਾਂ ਅਤੇ ਹੋਰਨਾਂ ਥਾਵਾਂ ਉੱਤੇ ਕੰਮ ਕਰਦੇ ਦੇਸ਼ ਵਾਸੀਆਂ,  ਖ਼ਾਸ ਕਰਕੇ ਸਿੱਖਾਂ ਨੇ ਇੱਕਦਮ ਦੇਸ਼ ਨੂੰ ਵਹੀਰਾਂ ਘੱਤ ਦਿੱਤੀਆ। ਇਸ ਮੌਕੇ ਕਰਤਾਰ ਸਿੰਘ ਸਰਾਭਾ ਵੀ ਵਾਪਸ ਦੇਸ਼ ਪਰਤ ਆਇਆ। 

ਦੇਸ਼ ਅੰਦਰ ਸਰਾਭੇ ਦੁਆਰਾ ਜਥੇਬੰਦਕ ਕਾਰਜ ਅਤੇ ਸਰਕਾਰ ਵਿਰੁੱਧ ਬਗਾਵਤ:

 ਦੇਸ਼ ਪਹੁੰਚ ਕੇ ਗ਼ਦਰੀਆਂ ਸਾਹਮਣੇ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਪਏ ਸਨ। ਸਰਕਾਰ ਨੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਕਰਕੇ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋ ਗਿਆ ਸੀ। ਖਿੰਡੇ-ਬਿਖਰੇ ਪਾਰਟੀ ਵਰਕਰਾਂ ਨਾਲ ਤਾਲਮੇਲ ਕਰਨਾ ਅਤੇ ਉਨ੍ਹਾਂ ਨੂੰ ਇੱਕ ਜਥੇਬੰਦਕ ਸਰੂਪ ਦੇਣਾ ਪਹਿਲੀ ਲੋੜ ਬਣ ਗਈ ਸੀ। ਇਨ੍ਹਾਂ ਕਾਰਜਾਂ ਦੀ ਜ਼ੁੰਮੇਵਾਰੀ ਸਭ ਨਾਲੋਂ ਵੱਧ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ ਉੱਤੇ ਸੀ ਅਤੇ ਇਹ ਜ਼ੁੰਮੇਵਾਰੀ ਉਸ ਨੇ ਬਾਖੂਬੀ ਨਿਭਾਈ। ਉਹ ਬਾਕੀ ਮੈਂਬਰਾਂ ਨਾਲੋਂ ਕਾਫ਼ੀ ਪਹਿਲਾਂ ਪੰਜਾਬ ਪਹੁੰਚ ਗਿਆ ਸੀ। ਉਹ ਆਉਣ ਵਾਲੇ ਗ਼ਦਰੀਆਂ ਨਾਲ ਸੰਪਰਕ ਕਰਨ ਲਈ ਮਾਝੇ ਤੋਂ ਲੈ ਕੇ ਮਾਲਵੇ ਤੱਕ ਤੂਫਾਨੀ ਗੇੜੇ ਮਾਰਦਾ ਗ੍ਰਿਫ਼ਤਾਰ ਹੋਏ ਜਾਂ ਰੂਪੋਸ਼ ਗਦਰੀਆਂ ਦੇ ਪਰਿਵਾਰਾਂ ਨੂੰ ਮਿਲਦਾ ਅਤੇ ਹੌਂਸਲਾ ਦਿੰਦਾ ਅਤੇ ਕੰਮ ਕਰਨ ਲਈ ਉਤਾਵਲੇ ਵਰਕਰਾਂ ਨੂੰ ਸੇਧ ਦੇ ਕੇ ਪ੍ਰੇਰਨਾ ਕਰਦਾ। ਭਾਵੇਂ ਅੰਗਰੇਜ਼ ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਸਨ ਤਾਂ ਵੀ ਗ਼ਦਰ ਪਾਰਟੀ ਦੇ ਸੂਝਵਾਨ ਮੈਂਬਰ ਆਪਣੇ ਯਤਨਾਂ ਸਦਕਾ ਆਪਸ ਵਿੱਚ ਮੀਟਿੰਗਾਂ ਕਰਦੇ ਰਹੇ ਅਤੇ ਆਪਣੇ ਮਕਸਦ ਵੱਲ ਵਿਉਂਤਬੰਦੀ ਨਾਲ ਵਧਦੇ ਰਹੇ। ਇਨ੍ਹਾਂ ਸਖ਼ਤ ਕਾਨੂੰਨਾਂ ਕਾਰਨ ਹਥਿਆਰ ਅਤੇ ਪੈਸਾ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਸੀ, ਪਰ ਫਿਰ ਵੀ ਪਾਰਟੀ ਦੇ ਮੈਂਬਰ ਆਪਣੇ ਕੰਮ ਵਿੱਚ ਜੁਟੇ ਰਹੇ। 

ਪਾਰਟੀ ਦੇ ਕਰਨ ਲਈ ਮੁੱਖ ਕਾਰਜ ਇਹ ਸਨ:

1. ਆਮ ਜਨਤਾ ਨੂੰ ਗਦਰ ਪਾਰਟੀ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਪ੍ਰਚਾਰ ਦੀ ਜਥੇਬੰਦ ਮੁਹਿੰਮ ਚਲਾਉਣੀ ਅਤੇ ਇਸ ਮੰਤਵ ਲਈ ਪ੍ਰਚਾਰ ਸਮੱਗਰੀ ਛਾਪਣ ਅਤੇ ਵੰਡਣ ਦੇ ਇੰਤਜ਼ਾਮ ਕਰਨੇ।

2. ਫ਼ੌਜਾਂ ਅੰਦਰ ਪ੍ਰਚਾਰ ਕਰਨ ਲਈ ਠੋਸ ਵਿਉਂਤਬੰਦੀ ਕਰਨੀ, ਇਸ ਮੰਤਵ ਲਈ ਹੋਰ ਬੰਦਿਆਂ  ਨੂੰ ਜ਼ੁੰਮੇਵਾਰੀਆਂ ਸੌਂਪਣੀਆਂ ਅਤੇ ਬਗਾਵਤ ਲਈ ਲੋੜੀਂਦੇ ਹਥਿਆਰਾਂ ਦਾ ਇੰਤਜ਼ਾਮ ਕਰਨਾ।

3. ਉਪਰੋਕਤ ਸਾਰੇ ਕਾਰਜਾਂ ਦੀ ਪੂਰਤੀ ਲਈ ਲੋੜੀਂਦੀ ਮਾਇਆ ਹਾਸਲ ਕਰਨ ਵਾਸਤੇ ਯੋਗ ਉਪਾਅ ਕਰਨੇ।

ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਹੋਰ ਮੈਂਬਰ *ਗ਼ਦਰ* ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੋਈ ਵੀ ਮੌਕਾ ਖੁੰਝਣ ਨਾ ਦਿੰਦੇ। ਉਹ ਇਤਿਹਾਸਿਕ ਮੌਕਿਆਂ ਉੱਤੇ ਹੁੰਦੇ ਭਾਰੀ ਇਕੱਠਾਂ 'ਤੇ ਪਹੁੰਚ ਕੇ ਬੇਖੌਫ਼ ਸਟੇਜਾਂ ਉੱਤੇ ਜਾ ਕੇ ਗ਼ਦਰ ਦਾ ਸੁਨੇਹਾ ਦਿੰਦੇ ਅਤੇ ਕਵਿਤਾਵਾਂ-ਲੇਖਾਂ ਨਾਲ ਲੋਕਾਂ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਰੋਹ ਭਰਦੇ। ਪਾਰਟੀ ਦੇ ਮੈਂਬਰ ਵੱਖ ਵੱਖ ਫ਼ੌਜੀ ਛਾਉਣੀਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਤਾਂ ਜੋ ਛਾਉਣੀਆਂ ਵਿੱਚੋਂ ਬਗਾਵਤ ਸ਼ੁਰੂ ਕਰਕੇ ਇਸ ਦੇ ਦੂਰਦਰਸ਼ੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਇਸ ਤੋਂ ਬਾਅਦ ਪਾਰਟੀ ਦੇ ਸਾਰੇ ਮੈਂਬਰਾਂ ਨੇ ਜ਼ਰੂਰੀ ਮੀਟਿੰਗ ਕੀਤੀ, ਜਿਸ ਵਿੱਚ 21 ਫਰਵਰੀ, 1915 ਨੂੰ ਬਗਾਵਤ ਕਰਨ ਦਾ ਦਿਨ ਮਿੱਥਿਆ ਗਿਅਾ। ਛਾਉਣੀਆਂ ਵਿੱਚੋਂ ਬਗ਼ਾਵਤ ਸ਼ੁਰੂ ਕਰ ਕੇ, ਉੱਥੋਂ ਹਥਿਆਰ ਲੁੱਟਣ, ਉਨ੍ਹਾਂ ਨੂੰ ਆਮ ਜਨਤਾ ਵਿੱਚ ਵੰਡ ਕੇ ਲੋਕਾਂ ਦੇ ਜਥੇ ਬਣਾਉਣ, ਪੁਲਿਸ ਉੱਪਰ ਹਮਲੇ ਕਰਕੇ ਹਥਿਆਰ ਲੁੱਟਣ, ਜੇਲ੍ਹਾਂ ਉੱਤੇ ਹੱਲਾ ਬੋਲਣ ਅਤੇ ਸਾਰੇ ਕੈਦੀਆਂ ਨੂੰ ਆਜ਼ਾਦ ਕਰਵਾਉਣ ਦੀ ਯੋਜਨਾ ਬਣਾਈ ਗਈ। ਅਖੀਰ ਮੁੱਖ ਸ਼ਹਿਰਾਂ ਉੱਤੇ ਕਬਜ਼ੇ ਕਰਨ ਦੀ ਯੋਜਨਾ ਉਲੀਕੀ ਗਈ। ਵੱਖ-ਵੱਖ ਥਾਵਾਂ ਤੇ ਬਗਾਵਤ ਦੀਆਂ ਚੰਗੀਆਂ ਤਿਆਰੀਆਂ ਕੀਤੀਆਂ ਗਈਆਂ ਸਨ। 

 ਕਿਰਪਾਲ ਸਿੰਘ ਦਾ ਪਾਰਟੀ ਨੂੰ ਧੋਖਾ ਦੇਣਾ, ਪਾਰਟੀ ਮੈਂਬਰਾਂ ਅਤੇ ਕਰਤਾਰ ਸਿੰਘ ਸਰਾਭਾ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ : 

ਅੰਗਰੇਜ਼ ਸਰਕਾਰ ਨੂੰ ਪਹਿਲਾਂ ਤੋਂ ਹੀ ਇਸ ਗੱਲ ਦੀ ਸੂਹ ਸੀ ਕਿ ਗ਼ਦਰ ਪਾਰਟੀ ਬਗਾਵਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਇੱਕ ਖ਼ਬਰੀ ਬੰਦਾ, ਕਿਰਪਾਲ ਸਿੰਘ ਗ਼ਦਰ ਪਾਰਟੀ ਦੇ ਮੈਂਬਰਾਂ ਨਾਲ ਸ਼ਾਮਲ ਕਰਵਾ ਲਿਆ ਸੀ, ਜਿਸ ਨੇ ਸਰਕਾਰ ਨੂੰ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਬਗ਼ਾਵਤ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ। ਸਰਕਾਰ ਨੇ ਵੀ 21 ਫਰਵਰੀ ਨੂੰ ਹੀ ਸਾਰੇ ਗ਼ਦਰੀਆਂ ਨੂੰ ਇਕੱਠੇ ਪਕੜਨ ਦਾ ਫੈ਼ਸਲਾ ਕੀਤਾ। ਪਾਰਟੀ ਮੈਂਬਰਾਂ ਨੂੰ ਕਿਰਪਾਲ ਸਿੰਘ ਦੀ ਇਸ ਹਰਕਤ ਬਾਰੇ ਜਾਣਕਾਰੀ ਮਿਲ ਗਈ। ਉਨ੍ਹਾਂ ਨੇ ਗੁਪਤ ਰੂਪ ਵਿੱਚ ਹੀ ਬਗਾਵਤ ਦਾ ਦਿਨ 21 ਤੋਂ 19 ਫਰਵਰੀ ਕਰ ਦਿੱਤਾ ਅਤੇ ਕਿਰਪਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਵੀ ਕਰ ਲਿਆ। ਛਾਤਰ ਹੋਣ ਕਰਕੇ ਕਿਰਪਾਲ ਸਿੰਘ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਅਤੇ ਆਪ ਬੱਚ ਕੇ ਭੱਜ ਗਿਆ। ਸਿੱਟੇ ਵਜੋਂ ਸਰਕਾਰ ਨੇ 19 ਫਰਵਰੀ ਨੂੰ ਬਗ਼ਾਵਤ ਨੂੰ ਅਸਫ਼ਲ ਕਰਨ ਲਈ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਵੇਂ ਕਾਫੀ ਮੈਂਬਰ ਭੱਜਣ ਵਿੱਚ ਸਫ਼ਲ ਹੋ ਗਏ ਹੋਣ ਪਰ ਪੁਲਿਸ ਨੇ ਹੌਲ਼ੀ-ਹੌਲ਼ੀ ਬਾਕੀ ਮੈਂਬਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਕਰ ਲਈਆਂ। ਉਨ੍ਹਾਂ ਉੱਪਰ ਮੁਕੱਦਮਾ ਚਲਾਇਆ ਗਿਆ। ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਸਬੰਧੀ ਸਬੂਤ ਪੇਸ਼ ਕੀਤੇ ਗਏ। ਭਾਵੇਂ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ ਆਪਣਾ ਛਾਉਣੀਆਂ ਵਿੱਚ ਜਾਣ ਦਾ ਮਕਸਦ ਕੁਝ ਹੋਰ ਦੱਸਿਆ ਤਾਂ ਜੋ ਛਾਉਣੀਆਂ ਵਿਚਲੇ ਗ਼ਦਰੀ ਵੀਰਾਂ ਉੱਪਰ ਸੰਕਟ ਨਾ ਅਾਵੇ ਪਰ ਫਿਰ ਵੀ ਉਨ੍ਹਾਂ ਨੇ ਕਿਸੇ ਗੱਲ ਨੂੰ ਨਾ ਮੰਨਣ ਤੋਂ ਇਨਕਾਰ ਨਾ ਕੀਤਾ। 

ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ :

 ਚਾਰ ਮਹੀਨਿਆਂ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ 13 ਸਤੰਬਰ ਨੂੰ ਮੁਕੱਦਮੇ ਦਾ ਫੈ਼ਸਲਾ ਸੁਣਾਇਆ ਗਿਆ। ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਅਤੇ ਹੋਰ ਪੰਜ ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਦੋ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਅਾ। 16 ਨਵੰਬਰ, 1916 ਇਨ੍ਹਾਂ ਸੂਰਮਿਆਂ ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ *ਕਰਤਾਰ ਸਿੰਘ ਸਰਾਭਾ* 19 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਜ਼ੁਲਮ ਦਾ ਨਾਸ਼ ਕਰਨ ਅਤੇ ਦੇਸ਼ ਨੂੰ ਜ਼ਾਲਮਾਂ ਤੋਂ ਅਜ਼ਾਦ ਕਰਵਾਉਣ ਲਈ ਬਹੁਤ ਵੱਡੇ ਅਤੇ ਮਹੱਤਵਪੂਰਨ ਕੰਮ ਕਰ ਗਿਆ ਅਤੇ ਆਪਣੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਸਦਕਾ ਗਦਰ ਲਹਿਰ ਦੀਆਂ ਨੀਹਾਂ ਦੇ ਥੰਮ ਨੂੰ ਹੋਰ ਮਜ਼ਬੂਤ ਕਰ ਗਿਆ, ਜਿਸ ਸਦਕਾ ਦੇਸ਼ ਅੰਗਰੇਜ਼ ਰਾਜ ਦੀ ਹਕੂਮਤ ਤੋਂ ਜਲਦ ਮੁਕਤ ਹੋ ਸਕਿਆ। 

ਸਿੱਖਿਆ : 

ਕਰਤਾਰ ਸਿੰਘ ਸਰਾਭਾ ਦੀ ਛੋਟੀ ਜਿਹੀ ਉਮਰ ਵਿੱਚ ਲਾਸਾਨੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵੱਡੇ ਅਤੇ ਕ੍ਰਾਂਤੀਕਾਰੀ ਕੰਮ ਕਰਨ ਲਈ ਸਾਧਨ ਅਤੇ ਮੌਕਿਆਂ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਆਪਣੇ ਗੁਰੂ ਸਾਹਿਬ 'ਤੇ ਭਰੋਸੇ ਦੀ ਜ਼ਰੂਰਤ ਹੁੰਦੀ ਹੈ, ਜਿਸ ਸਦਕਾ ਸਾਡੇ ਵਿੱਚ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਹਿੰਮਤ ਆਦਿ ਅਨੇਕਾਂ ਗੁਣ ਆ ਜਾਂਦੇ ਹਨ, ਜਿਨ੍ਹਾਂ ਸਦਕਾ ਅਸੀਂ ਵੱਡੇ ਤੋਂ ਵੱਡਾ ਕਾਰਜ ਵੀ ਫ਼ਤਹਿ ਕਰ ਸਕਦੇ ਹਾਂ। ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਨੇ ਦੇਸ਼ ਦੀ ਅਜ਼ਾਦੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰ ਦਿੱਤਾ।

 ਹਵਾਲਾ ਪੁਸਤਕਾਂ :

 1. ਤੂਫ਼ਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ (ਲੇਖਕ: ਅਜਮੇਰ ਸਿੰਘ)

  2. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

 +91-82880-10531/32

officeatampargas@gmail.com

 www.atampargas.org

 99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਘੱਲੂਘਾਰਾ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜੋਰਾਂ ਤੇ - ਜਗਰੂਪ ਸਿਧੂ,ਜਗਜੀਤ ਸਿਧੂ

ਬਰਨਾਲਾ,ਨਵੰਬਰ 2019- ( ਗੁਰਸੇਵਕ ਸੋਹੀ )-

ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਸਹੀਦਾਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਘੱਲੂਘਾਰਾ ਸਪੋਰਟਸ ਕਲੱਬ ਵੱਲੋਂ ਸਾਨਦਾਰ ਟੂਰਨਾਮੈਂਟ ਉਨ੍ਹਾਂ ਸਹੀਦਾਂ ਦੀ ਯਾਦ ਵਿਚ ਜਿਨ੍ਹਾਂ ਮੁਗਲਾਂ ਦੀਆਂ ਫੌਜਾਂ ਨਾਲ ਲੋਹਾ ਲੈਂਦੇ ਹੋਏ ਆਪਣੀਆ ਜਾਨਾਂ ਵਾਰ ਦਿਤੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 41 ਵਾ ਟੂਰਨਾਮੈਂਟ ਹੈ । ਇਹ ਟੂਰਨਾਮੈਂਟ 23,24,25, ਨਵੰਬਰ ਨੂੰ ਕਰਵਾਇਆ ਜਾਵੇਗਾ ਅਤੇ    17,18,19, ਨੂੰ ਵਾਲੀਵਾਲ ਕਬੱਡੀ 65 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ । ਵਿਸੇਸ਼ ਸਨਮਾਨਿਤ ਇੰਦਰਪਾਲ ਬਾਜਵਾ ਕਬੱਡੀ ਕੋਚ ਸਾਹਕੋਟ, ਦੀਪਾ ਅਮਰਗੜ੍ਹ ਕਮੈਟਰ, ਹਰਮਨ ਮਹਿਲ ਕਲਾਂ ਕਬੱਡੀ ਕਮੈਟਰ, ਐਮ ,ਪੀ,ਦੀ ਚੋਣ ਲੜ ਚੁੱਕੇ ਨੀਟੂ ਸਟਰਾਂ ਵਾਲਾ ਇਨ੍ਹਾਂ ਨੂੰ ਪਲਟੀਨੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਫੁੱਟਬਾਲ ਦੇ ਬਿਸਟ ਖਿਡਾਰੀ ਨੂੰ ਅਤੇ 65 ਕਿਲੋ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਐਲ,ਸੀ,ਡੀ ਦਿੱਤੀਆਂ ਜਾਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਬੱਡੀ ਓਪਨ ਦੇ ਬਿਸਟ ਰੇਡਰ ਅਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ । ਕਬੱਡੀ ਓਪਨ ਪਿੰਡ ਵਾਰ ਨਿਰੋਲ ਦੇ ਬਿਸਟ ਰੇਡਰ ਅਤੇ ਜਾਫੀ ਨੂੰ ਪਲਟੀਨੇ ਮੋਟਰਸਾਈਕਲ ਦਿੱਤੇ ਜਾਣਗੇ । ਅਤੇ ਦਰਸ਼ਕਾਂ ਲਈ ਲੱਕੀ ਡਰਾ ਵੀ ਕੱਡਿਆ ਜਾਵੇਗਾ । ਜਿਸ ਵਿੱਚ 1 ਮੋਟਰਸਾਈਕਲ ਅਤੇ 31 ਸਾਈਕਲ।ਜਗਰੂਪ ਸਿੰਘ ਬਿੱਟੂ U ,S ,A ਵਲੋਂ ਲਗਾਤਾਰ 3 ਸਾਲ ਕਬੱਡੀ ਓਪਨ ਜੇਤੂ ਟੀਮ ਨੂੰ 3 ਲੱਖ ਇਨਾਮ ਦਿੱਤਾ ਜਾਵੇਗਾ । ਅਤੇ ਰਣਦੀਪ ਭੱਠਲ ਨੂੰ ਜੱਸੂ U, S ,A ਅਤੇ ਚੰਨੀ ਖਹਿਰਾ ਕਨੇਡਾ ਵਲੋਂ ਬੁਲਟ ਮੋਟਰਸਾਈਕਲ ਵਿਸੇਸ਼ ਸਨਮਾਨਿਤ ਕੀਤਾ ਜਾਵੇਗਾ ।ਕਬੱਡੀ ਓਪਨ 3 ਖਿਡਾਰੀ ਬਾਹਰੋਂ ਪਹਿਲਾ ਇਨਾਮ 3 ਲੱਖ ਅਤੇ ਦੂਜਾ ਇਨਾਮ 2 ਲੱਖ  ਕਬੱਡੀ ਓਪਨ ਨਿਰੋਲ ਪਹਿਲਾ ਇਨਾਮ 1 ਲੱਖ ਅਤੇ ਦੂਜਾ ਇਨਾਮ 75 ਹਜਾਰ ਕਬੱਡੀ 62 ਕਿਲੋ 2 ਖਿਡਾਰੀ ਬਾਹਰੋ ਰੇਡ ਟਰਨ ਹੋਵੇਗੀ । ਪਹਿਲਾ ਇਨਾਮ 21 ਹਜਾਰ ਦੂਜਾ ਇਨਾਮ 15 ਹਜਾਰ ਫੁੱਟਬਾਲ ਓਪਨ ਪਹਿਲਾ ਇਨਾਮ 31 ਹਜਾਰ ਦੂਜਾ ਇਨਾਮ 21 ਹਜਾਰ ਬਾਲੀਬਾਲ ਸੂਟਿੰਗ ਕੱਚੀ ਇੱਕ ਖਿਡਾਰੀ ਬਾਹਰੋ  ਪਹਿਲਾ ਇਨਾਮ 11 ਹਜਾਰ ਦੂਜਾ ਇਨਾਮ 7 ਹਜਾਰ ਫੁੱਟਬਾਲ ਟੀਮ ਇੱਕ ਪਿੰਡ ਦੀ ਹੋਣੀ ਚਾਹੀਦੀ ਹੈ ਟੀਮ ਦੀ ਆਪਣੀ ਕਿੱਟ ਹੋਣੀ ਜ਼ਰੂਰੀ ਹੈ ਅਤੇ ਅਸਲੀ 2  ਪਰੂਫ਼ ਹੋਣੇ ਜਰੂਰੀ ਹੈ।ਮੈਚ ਸਾਝਾਂ ਕਰਨ ਵਾਲੀ ਟੀਮ ਨੂੰ ਕੱਟਿਆ ਜਾਵੇਗਾ।7 ਰੈਫਰੀਆ ਦਾ ਫੈਸਲਾ ਅਟੱਲ ਹੋਵੇਗਾ ਅਤੇ ਵਿਅਕਤੀਗਤ ਕਰਤੱਬ ਦਿਖਾਉਣ ਦੀ ਮਨਾਹੀ ਹੈ।5 ਟੀਮਾਂ ਤੋਂ ਘੱਟ ਲੀਗ ਸਿਸਟਮ ਨਾਲ ਖੇਡੇ ਜਾਣਗੇ।ਕਮੇਟੀ ਨੂੰ ਕੋਈ ਵੀ ਫੈਸਲਾ ਲੈਣ ਦਾ ਪੂਰਾ ਅਧਿਕਾਰ ਹੋਵੇਗਾ ਤੇ ਫੈਸਲਾ ਬਦਲ ਸਕਦੀ ਹੈ।

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇਣ ਦਾ ਫੈਸਲਾ

ਚੰਡੀਗੜ੍ਹ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਗ਼ੈਰ-ਬਾਸਮਤੀ ਝੋਨਾ ਲਾਉਣ ਵਾਲੇ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਦਲੇ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲੇਗਾ। ਉਂਜ, ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ, ਜਿਸ ਕੋਲ ਆਪਣੇ, ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ ’ਤੇ ਕੁੱਲ 5 ਏਕੜ ਤੱਕ ਹੀ ਜ਼ਮੀਨ ਮਾਲਕੀ ਹੈ ਅਤੇ ਇਸ ਜ਼ਮੀਨ ਜਾਂ ਇਸ ਦੇ ਕਿਸੇ ਹਿੱਸੇ ਵਿੱਚ ਗੈਰ-ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਤੇ ਖੇਤ ਦੇ ਕਿਸੇ ਵੀ ਹਿੱਸੇ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਹੋਵੇ। ਮੁਆਵਜ਼ਾ ਹਾਸਲ ਕਰਨ ਸਬੰਧੀ ਉਕਤ ਸ਼ਰਤਾਂ ਪੂਰੀਆਂ ਕਰਦੇ ਕਿਸਾਨ ਪਰਿਵਾਰ ਦੇ ਮੁਖੀ ਵੱਲੋਂ ਪਿੰਡ ਦੀ ਪੰਚਾਇਤ ਕੋਲ ਉਪਲਬਧ ਸਵੈ-ਘੋਸ਼ਣਾ ਪੱਤਰ ਵਿੱਚ ਮੰਗੀ ਗਈ ਜਾਣਕਾਰੀ ਭਰ ਕੇ 30 ਨਵੰਬਰ ਤੱਕ ਪੰਚਾਇਤ ਨੂੰ ਦਿੱਤੀ ਜਾਵੇ ਜਿਸ ਦੀ ਤਸਦੀਕ ਕਰਨ ਉਪਰੰਤ ਮੁਆਵਜ਼ੇ ਦੀ ਰਾਸ਼ੀ ਯੋਗ ਕਿਸਾਨ ਦੇ ਖਾਤੇ ਵਿੱਚ ਆਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਰਹਿੰਦ-ਖੂੰਹਦ ਨੂੰ ਬਿਲਕੁਲ ਅੱਗ ਨਾ ਲਾਉਣ ਕਿਉਂਕਿ ਅਜਿਹਾ ਕਰਨਾ ਸਿੱਧੇ ਤੌਰ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਇਹ ਕਦਮ ਚੁੱਕਣ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਫੌਜ ਭਰਤੀ ਰੈਲੀ ਲਈ ਯੋਗ ਉਮੀਦਵਾਰਾਂ ਨੂੰ ਦਾਖ਼ਲਾ ਕਾਰਡ ਜਾਰੀ

ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ-ਬੁਲਾਰਾ
ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ

ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 27 ਨਵੰਬਰ ਤੋਂ 6 ਦਸੰਬਰ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਟੈਕਨੀਕਲ, ਸਿਪਾਹੀ ਟਰੇਡਸਮੈੱਨ ਅਤੇ ਸਿਪਾਹੀ ਤਕਨੀਕੀ (ਨਰਸਿੰਗ ਸਹਾਇਕ) ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ, ਜਿਸ ਲਈ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੰਪੰਨ ਹੋ ਚੁੱਕੀ ਹੈ ਅਤੇ ਯੋਗ ਉਮੀਦਵਾਰਾਂ ਨੂੰ ਦਾਖ਼ਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਉਮੀਦਵਾਰ ਆਪਣੀ ਰਜਿਸਟਰਡ ਈਮੇਲ ਤੋਂ ਡਾਊਨਲੋਡ ਕਰ ਸਕਦੇ ਹਨ। ਫੌਜ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਰਤੀ ਲਈ ਉਪਰੋਕਤ ਚਾਰੇ ਜ਼ਿਲਿਆਂ ਤੋਂ 19028 ਉਮੀਦਵਾਰਾਂ ਨੇ ਆਨਲਾਈਨ ਅਰਜੀਆਂ ਦਾਖ਼ਲ ਕੀਤੀਆਂ ਸਨ। ਭਰਤੀ ਸ਼ਡਿਊਲ ਬਾਰੇ ਉਨਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਨਵੰਬਰ ਨੂੰ ਜ਼ਿਲਾ ਲੁਧਿਆਣਾ ਦੀਆਂ ਤਹਿਸੀਲਾਂ ਖੰਨਾ, ਪਾਇਲ, ਲੁਧਿਆਣਾ (ਪੂਰਬੀ) ਦੇ ਉਮੀਦਵਾਰਾਂ ਦੀ ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪੀ ਜਾਵੇਗੀ। ਮਿਤੀ 28 ਨਵੰਬਰ ਨੂੰ ਤਹਿਸੀਲ ਸਮਰਾਲਾ, ਲੁਧਿਆਣਾ (ਪੱਛਮੀ), ਰਾਏਕੋਟ ਅਤੇ ਤਹਿਸੀਲ ਜਗਰਾਂਉ। ਮਿਤੀ 29 ਨਵੰਬਰ ਨੂੰ ਜ਼ਿਲਾ ਮੋਗਾ ਦੀਆਂ ਤਹਿਸੀਲਾਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਮੋਗਾ। ਮਿਤੀ 30 ਨਵੰਬਰ ਨੂੰ ਜ਼ਿਲਾ ਰੂਪਨਗਰ ਦੀਆਂ ਤਹਿਸੀਲਾਂ ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ। ਮਿਤੀ 1 ਦਸੰਬਰ ਨੂੰ ਜ਼ਿਲਾ ਰੂਪਨਗਰ ਦੀਆਂ ਤਹਿਸੀਲਾਂ ਨੰਗਲ ਅਤੇ ਚਮਕੌਰ ਸਾਹਿਬ, ਜ਼ਿਲਾ ਅਜੀਤਗੜ (ਮੋਹਾਲੀ) ਦੀਆਂ ਸਾਰੀਆਂ ਤਹਿਸੀਲਾਂ ਦੇ ਨੌਜਵਾਨਾਂ ਤੋਂ ਇਲਾਵਾ ਹੋਰ ਜ਼ਿਲਿ•ਆਂ ਅਤੇ ਖੇਤਰਾਂ ਦੇ ਨੌਜਵਾਨਾਂ ਦੀ ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪੀ ਜਾਵੇਗੀ।

ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪਦੰਡ ਪੂਰਾ ਕਰਨ ਵਾਲੇ ਉਮੀਦਵਾਰਾਂ ਦੀ ਅਗਲੇ ਦਿਨ ਮੈਡੀਕਲ ਜਾਂਚ ਹੋਵੇਗੀ ਅਤੇ ਸਫ਼ਲ ਉਮੀਦਵਾਰਾਂ ਤੋਂ ਸੰਬੰਧਤ ਦਸਤਾਵੇਜ਼ ਲਏ ਜਾਣਗੇ। ਇਨਾਂ ਦਸਤਾਵੇਜਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਸੰਬੰਧਤ ਸਰਟੀਫਿਕੇਟ, ਆਧਾਰ ਕਾਰਡ, ਤਹਿਸੀਲਦਾਰ ਜਾਂ ਐੱਸ. ਡੀ. ਐੱਮ. ਵੱਲੋਂ ਜਾਰੀ ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ, ਸਕੂਲ ਜਾਂ ਕਾਲਜ ਵੱਲੋਂ ਜਾਰੀ ਆਚਰਨ ਸਰਟੀਫਿਕੇਟ, ਅਣਵਿਆਹੇ ਹੋਣ ਦੇ ਸਬੂਤ ਵਜੋਂ ਪਿੰਡ ਦੇ ਸਰਪੰਚ ਜਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਜਾਰੀ ਸਰਟੀਫਿਕੇਟ (ਸਮੇਤ ਫੋਟੋ ਜੋ ਛੇ ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ), 18 ਸਾਲ ਤੋਂ ਘੱਟ ਉਮਰ ਵਾਲੇ ਉਮੀਦਵਾਰ ਆਪਣੇ ਮਾਪਿਆਂ ਤੋਂ 'ਨੋ ਕਲੇਮ' ਸਰਟੀਫਿਕੇਟ, ਐੱਨ. ਸੀ. ਸੀ. ਸੰਬੰਧੀ ਸਰਟੀਫਿਕੇਟ, ਖੇਡਾਂ ਵਿੱਚ ਭਾਗ ਲੈਣ ਸੰਬੰਧੀ ਸਰਟੀਫਿਕੇਟ, ਸਾਬਕਾ ਫੌਜੀ ਦੇ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਅਤੇ ਹੋਰ ਸੰਬੰਧਤ ਦਸਤਾਵੇਜ਼ ਲਏ ਜਾਣਗੇ। ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਮਿਤੀ ਸਕਰੀਨਿੰਗ ਮੌਕੇ ਦੱਸੀ ਜਾਵੇਗੀ। ਬੁਲਾਰੇ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਤਰੀਕ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਪਹੁੰਚਣਾ ਯਕੀਨੀ ਬਣਾਉਣ। ਉਮੀਦਵਾਰ ਆਪਣੇ ਦਾਖ਼ਲਾ ਕਾਰਡ ਫੌਜ ਦੀ ਵੈੱਬਸਾਈਟ www.joinindianarmy.nic.in 'ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਇਸ ਭਰਤੀ ਸੰਬੰਧੀ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ

ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ

ਲੋਕਾਂ ਦੀ ਮੇਹਨਤ ਨੇ ਲਿਆਂਦਾ ਰੰਗ

ਬਰਨਾਲਾ,ਨਵੰਬਰ 2019- ( ਗੁਰਸੇਵਕ ਸੋਹੀ )- ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦਾ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਮਨਜੀਤ ਧਨੇਰ ਦੀ ਰਿਹਾਈ ਨੂੰ ਲੈ ਕੇ ਪਿਛਲੇ 45 ਦਿਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਸੰਘਰਸ਼ ਕੀਤਾ ਜਾ ਰਿਹਾ ਸੀ।ਅੱਜ ਇਸ ਸੰਘਰਸ਼ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋ ਧਨੇਰ ਨੂੰ ਰਿਹਾ ਕੀਤਾ ਗਿਆ

ਅੱਜ ਦੇ ਦਿਨ (ਮਿਤੀ 15 ਨਵੰਬਰ, 2019) ਦਾ ਇਤਿਹਾਸ 

ਸ਼ਹੀਦੀ ਦਿਨ : ਸ਼ਹੀਦ ਬਾਬਾ ਦੀਪ ਸਿੰਘ ਜੀ 

 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

ਮਾਤਾ ਜੀ : ਮਾਤਾ ਜਿਉਣੀ ਜੀ 

ਪਿਤਾ ਜੀ : ਭਾਈ ਭਗਤਾ ਜੀ 

ਜਨਮ-ਮਿਤੀ : ੨੭ ਜਨਵਰੀ, ਸੰਨ ੧੬੮੨ ਈ. 

ਜਨਮ-ਸਥਾਨ : ਪਿੰਡ ਪਹੂਵਿੰਡ, ਜ਼ਿਲ੍ਹਾ ਤਰਨਤਾਰਨ, ਪੰਜਾਬ 

ਸ਼ਹੀਦੀ : ੧੧ ਨਵੰਬਰ, ਸੰਨ ੧੭੫੭ ਈ.

 ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਦੀਅਾਂ ਗਾਥਾਵਾਂ ਨਾਲ ਭਰਪੂਰ ਹੈ।

ਅਨਿਆਂ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ਉੱਤੇ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਦੇ ਭਲੇ ਦੇ ਇਸ ਮਿਸ਼ਨ ਦੀ ਚੜ੍ਹਦੀ ਕਲਾ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਆਪਣੇ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕਰਕੇ ਉਨ੍ਹਾਂ ਅੰਦਰ ਕੁਰਬਾਨੀ ਲਈ ਤਿਆਰ ਬਰ ਤਿਆਰ ਰਹਿਣ ਦਾ ਜਜ਼ਬਾ ਗੁਰੂ ਜੀ ਨੇ ਇਸ ਕਾਬਲੀਅਤ ਨਾਲ ਭਰਿਆ ਕਿ ਸਿੱਖਾਂ ਨੇ ਲਾਮਿਸਾਲ ਇਤਿਹਾਸ ਸਿਰਜ ਦਿੱਤਾ। ਇਸ ਇਤਿਹਾਸ ਦੇ ਚਮਕਦੇ ਸਿਤਾਰੇ ਹਨ ਸ਼ਹੀਦ ਬਾਬਾ ਦੀਪ ਸਿੰਘ ਜੀ। 

ਬਾਬਾ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੀ ਸ਼ਹੀਦੀ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਹੈ।

 

ਬਾਬਾ ਦੀਪ ਸਿੰਘ ਜੀ ਦਾ ਮੁੱਢਲਾ ਜੀਵਨ :

ਬਚਪਨ ਵਿੱਚ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਂ ਦੀਪਾ ਰੱਖਿਆ। ਤਕਰੀਬਨ 18 ਸਾਲ ਦੀ ਉਮਰ ਵਿੱਚ ਉਹ ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਪਹੁੰਚੇ। ਇੱਥੇ ਹੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਦੀ ਪਾਹੁਲ ਲੈ ਕੇ ਸਿੰਘ ਸਜ ਗਏ ਅਤੇ ਉਨ੍ਹਾਂ ਦਾ ਨਾਂ ਦੀਪ ਸਿੰਘ ਰੱਖ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਤਾਂ ਵਾਪਸ ਪਿੰਡ ਆ ਗਏ ਪਰ ਉਹ ਗੁਰੂ ਜੀ ਕੋਲ ਹੀ ਰਹਿ ਗਏ।

 

ਗੁਰਬਾਣੀ ਦਾ ਅਧਿਐਨ ਅਤੇ ਸ਼ਸਤਰ ਵਿੱਦਿਆ ਦੀ ਪ੍ਰਾਪਤੀ :

ਅਨੰਦਪੁਰ ਸਾਹਿਬ ਵਿੱਚ ਰਹਿ ਕੇ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸ਼ਸਤਰ ਵਿੱਦਿਆ ਗ੍ਰਹਿਣ ਕੀਤੀ। ਉਨ੍ਹਾਂ ਨੇ ਸੰਸਕ੍ਰਿਤ, ਬ੍ਰਿਜ, ਫ਼ਾਰਸੀ ਅਤੇ ਗੁਰਮੁਖੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਿਲ ਕਰ ਕੇ ਜਿੱਥੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਉੱਥੇ ਹੀ ਬਾਣੀ ਦਾ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤਿਆਰ ਕਰਨਾ :

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਆ ਗਏ ਤਾਂ ਬਾਬਾ ਦੀਪ ਸਿੰਘ ਜੀ ਵੀ 1705 ਈ. ਵਿੱਚ ਉਨ੍ਹਾਂ ਕੋਲ ਉੱਥੇ ਪਹੁੰਚ ਗਏ। ਇੱਥੇ ਹੀ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੱਖ-ਵੱਖ ਤਖ਼ਤਾਂ ਤੇ ਭੇਜੇ ਗਏ।

 

ਜੰਗਾਂ-ਯੁੱਧਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣਾ :

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਮ ਯੁੱਧਾਂ ਵਿੱਚ ਮਦਦ ਕੀਤੀ ਅਤੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। 

 

ਸ਼ਹੀਦ ਮਿਸਲ ਦੇ ਜਥੇਦਾਰ ਦੀ ਜ਼ਿੰਮੇਵਾਰੀ :

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਰਦਾਰ ਦਰਬਾਰਾ ਸਿੰਘ ਜੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਸਿੱਖ ਕੌਮ ਨੂੰ ਜਥਿਆਂ ਵਿੱਚ ਵੰਡ ਕੇ ਲਾਮਬੰਦ ਕੀਤਾ। ਇਨ੍ਹਾਂ ਜਥਿਆਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੂੰ *ਸ਼ਹੀਦ ਮਿਸਲ* ਦੇ ਜਥੇਦਾਰ ਦੀ ਸੇਵਾ ਸੌਂਪੀ ਗਈ।

ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਨਾ :

ਅਬਦਾਲੀ ਦਾ ਪੁੱਤਰ ਤੈਮੂਰ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਪਰੇਸ਼ਾਨ ਸੀ। ਉਸ ਦੇ ਹੁਕਮ ਤੇ ਜਹਾਨ ਖ਼ਾਨ ਨੇ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਅਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਇਹ ਖਬਰ ਮਿਲਦਿਆਂ ਹੀ ਬਾਬਾ ਦੀਪ ਸਿੰਘ ਜੀ ਨੇ 5000 ਸਿੰਘਾਂ ਦਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਸ੍ਰੀ ਤਰਨਤਾਰਨ ਸਾਹਿਬ ਪਹੁੰਚ ਕੇ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਸ਼ਹਿਰ ਤੋਂ ਬਾਹਰ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜੋ ਸ਼ਹੀਦ ਹੋਣ ਲਈ ਤਿਆਰ ਹੋਣ ਸਿਰਫ਼ ਉਹੀ ਲਕੀਰ ਟੱਪਣ ਬਾਕੀ ਵਾਪਸ ਚਲੇ ਜਾਣ। ਸਾਰੇ ਸਿੰਘ ਗੁਰਧਾਮਾਂ ਦੀ ਰਾਖੀ ਲਈ ਆਪਾ ਕੁਰਬਾਨ ਕਰਨ ਦੇ ਚਾਉ ਨਾਲ ਜੈਕਾਰੇ ਛੱਡਦੇ ਲਕੀਰ ਟੱਪ ਗਏ। ਅੱਜ ਇੱਥੇ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ।

ਸ਼ਹੀਦੀ :

ਸ੍ਰੀ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਗੋਹਲਵੜ ਪਿੰਡ ਵਿਖੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਨੇ ਸਿੰਘਾਂ ਨੂੰ ਦੁਸ਼ਮਣ ਦੀਆਂ ਫ਼ੌਜਾਂ ਤੇ ਟੁੱਟ ਪੈਣ ਲਈ ਲਲਕਾਰਿਆ। ਇਸ ਜਗ੍ਹਾ ਅੱਜ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਇਸ ਜੰਗ ਵਿੱਚ ਬਾਬਾ ਜੀ ਦਾ ਸਾਹਮਣਾ ਜਹਾਨ ਖ਼ਾਨ ਦੀਆਂ ਫੌਜਾਂ ਨਾਲ ਹੋਇਆ। ਫ਼ੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ ਦੋਧਾਰੇ ਖੰਡੇ ਨਾਲ ਜ਼ਾਲਮਾਂ ਦੇ ਆਹੂ ਲਾਹੁੰਦਿਆਂ ਅੱਗੇ ਵਧ ਰਹੇ ਸਨ। ਅਮਾਨ ਖਾਨ ਨਾਲ ਆਹਮਣੇ-ਸਾਹਮਣੇ ਦੀ ਜੰਗ ਦੌਰਾਨ ਦੋਹਾਂ ਦੇ ਸਾਂਝੇ ਵਾਰ ਨਾਲ ਦੋਨਾਂ ਦੇ ਸੀਸ ਧੜ ਨਾਲੋਂ ਅੱਡ ਹੋ ਗਏ। ਅਮਾਨ ਖ਼ਾਨ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਬਾਬਾ ਜੀ ਨੇ ਇੱਕ ਹੱਥ ਦੀ ਤਲੀ ਨਾਲ ਆਪਣੇ ਸੀਸ ਨੂੰ ਸੰਭਾਲਿਆ ਅਤੇ ਦੂਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਅੱਗੇ ਵੱਧਦੇ ਰਹੇ। ਬਾਬਾ ਜੀ ਦਾ ਇਹ ਦ੍ਰਿੜ ਨਿਸ਼ਚਾ ਸੀ ਕਿ ਉਹ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਉਪਰੰਤ ਆਪਣਾ ਸੀਸ ਗੁਰੂ ਜੀ ਦੇ ਚਰਨਾਂ ਵਿੱਚ ਭੇਂਟ ਕਰਕੇ ਹੀ ਸ਼ਹੀਦੀ ਪ੍ਰਾਪਤ ਕਰਨਗੇ। ਉਨ੍ਹਾਂ ਦੀ ਇਹ ਚੜ੍ਹਦੀ ਕਲਾ, ਗੁਰਬਾਣੀ ਦੇ ਅਧਿਐਨ ਸਦਕਾ ਪ੍ਰਾਪਤ ਹੋਈ ਆਤਮਿਕ ਸ਼ਕਤੀ ਦਾ ਪ੍ਰਤੀਕ ਸੀ। ਇਸ ਤਰ੍ਹਾਂ ਉਨ੍ਹਾਂ ਆਪਣੀ ਬਹਾਦਰੀ ਅਤੇ ਕਾਬਲੀਅਤ ਨਾਲ ਇਤਿਹਾਸ ਵਿੱਚ ਨਵਾਂ ਰੰਗ ਭਰਿਆ। ਬਾਬਾ ਜੀ ਤਲੀ ਨਾਲ ਸੀਸ ਨੂੰ ਸੰਭਾਲਦੇ ਹੋਏ ਜ਼ਾਲਮਾਂ ਨਾਲ ਲੜਦੇ ਅੱਗੇ ਵਧਦੇ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਆਪਣਾ ਸੀਸ ਭੇਂਟ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਥਾਨ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਸੁਸ਼ੋਭਿਤ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਹੋਰ ਸਿੰਘਾਂ ਦਾ ਜਿੱਥੇ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦਾਂ ਸੁਸ਼ੋਭਿਤ ਹੈ।

ਸਿੱਖਿਆ: ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਰਬਾਣੀ ਨਾਲ ਅਥਾਹ ਪਿਆਰ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਜ਼ੁਲਮ ਦਾ ਮੁਕਾਬਲਾ ਡਟ ਕੇ ਕਰਨਾ ਚਾਹੀਦਾ ਹੈ।

ਹਵਾਲਾ ਪੁਸਤਕਾਂ:-

 1. ਸਾਡਾ ਇਤਿਹਾਸ (ਪ੍ਰਿੰਸੀਪਲ ਸਤਬੀਰ ਸਿੰਘ) ਪ੍ਰਕਾਸ਼ਕ: ਨਿਊ ਬੁੱਕ ਕੰਪਨੀ, ਜਲੰਧਰ

2. ਸਿੱਖ ਇਤਿਹਾਸ ਵਿੱਚੋਂ ਚੋਣਵੀਆਂ ਸਾਖੀਆਂ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

3. ਸਿੱਖ ਹਿਸਟਰੀ ਕਾਰਡ ਭਾਗ-੨ (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ : ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਭਾਈ ਰਾਜੋਆਣਾ ਦੀ ਸਜ਼ਾ ਮੁਆਫੀ ਦਾ ਵਿਰੋਧ ਕਰਕੇ ਕਾਂਗਰਸ ਸੂਬੇ ਦਾ ਮਾਹੌਲ ਖਰਾਬ ਨਾ ਕਰੇ- ਅਕਾਲੀ ਦਲ

ਪ੍ਰੋਫੈਸਰ ਚੰਦੂਮਾਜਰਾ ਨੇ ਕਾਂਗਰਸ ਨੂੰ ਭੜਕਾਊ ਬਿਆਨਬਾਜ਼ੀ ਕਰਨ ਤੋਂ ਵਰਜਦਿਆਂ ਇਸ ਕਾਰਵਾਈ ਨੂੰ ਸਿੱਖ ਮਾਨਸਿਕਤਾ ਉੱਤੇ ਟਕੋਰ ਵਜੋਂ ਸਵੀਕਾਰ ਕਰਨ ਲਈ ਆਖਿਆ

ਕਿਹਾ ਕਿ ਰਵਨੀਤ ਬਿੱਟੂ ਦੀ ਪ੍ਰਦਰਸ਼ਨ ਦੀ ਯੋਜਨਾ ਸਿਰਫ ਕੁੜੱਤਣ ਪੈਦਾ ਕਰੇਗੀ ਅਤੇ ਸੂਬੇ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾਏਗੀ

ਚੰਡੀਗੜ੍ਹ,ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲੇ ਜਾਣ ਦਾ ਵਿਰੋਧ ਨਾ ਕਰਨ ਲਈ ਆਖਦਿਆਂ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਸਾਲ ਤਕ ਚੱਲਣ ਵਾਲੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਸੂਬੇ ਦਾ ਮਾਹੌਲ ਵਿਗਾੜਣ ਵਾਲੀ ਕੋਈ ਹਰਕਤ ਨਹੀਂ ਕਰਨੀ ਚਾਹੀਦੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਕਾਂਗਰਸ ਪਾਰਟੀ ਨਾ ਸਿਰਫ ਭਿਆਨਕ ਅਤੀਤ ਨੂੰ ਮੁੜ ਤਾਜ਼ਾ ਕਰਨਾ ਚਾਹੁੰਦੀ ਹੈ, ਸਗੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ 550ਵੇਂ ਪਰਕਾਸ਼ ਪੁਰਬ ਮੌਕੇ ਸੂਬੇ ਅੰਦਰ ਪੈਦਾ ਹੋਏ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਮਾਹੌਲ ਨੂੰ ਵਿਗਾੜਣ ਲਈ ਭੜਕਾਊ ਬਿਆਨਬਾਜ਼ੀ ਕਰ ਰਹੀ ਹੈ।

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਲੋਂ ਕੀਤੀ ਇਸ ਕਾਰਵਾਈ ਨੂੰ ਸਿੱਖ ਮਾਨਸਿਕਤਾ ਉੱਤੇ ਟਕੋਰ ਵਜੋਂ ਲੈਣਾ ਚਾਹੀਦਾ ਹੈ, ਜਿਸ ਵਾਸਤੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ ਵਾਰ ਅਪੀਲਾਂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਇਹ ਫੈਸਲਾ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਉੱਤੇ ਮੱਲ੍ਹਮ ਲਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ, ਜਿਹਨਾਂ ਦੇ ਧਾਰਮਿਕ ਅਸਥਾਨਾਂ ਉੱਤੇ ਹਮਲੇ ਕਰਕੇ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਕੇਂਦਰ ਅਤੇ ਸੂਬੇ ਦੀਆਂ ਕਾਂਗਰਸੀ ਸਰਕਾਰਾਂ ਵੱਲੋਂ ਅਕਹਿ ਅੱਤਿਆਚਾਰ ਢਾਹੇ ਗਏ ਸਨ। ਉਹਨਾਂ ਕਿਹਾ ਕਿ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚਲਾਏ ਸਰਕਾਰੀ ਅੱਤਵਾਦ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਭਾਈ ਰਾਜੋਆਣਾ ਦੀ ਸਜ਼ਾ ਮੁਆਫੀ ਅਤੇ ਆਪਣੀ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਜੇਲ੍ਹਾਂ ਵਿਚ ਸੜ੍ਹ ਰਹੇ ਸਿੱਖ ਕੈਦੀਆਂ ਦੀ ਰਿਹਾਈ ਸਿੱਖ ਕੌਮ ਦੀ ਜ਼ਖਮੀ ਮਾਨਸਿਕਤਾ ਉੱਤੇ ਮੱਲ੍ਹਮ ਲਾਉਣ ਲਾਉਣ ਲਈ ਕੀਤਾ ਉਪਰਾਲਾ ਹੈ। ਉਹਨਾਂ ਕਿਹਾ ਕਿ ਸਾਨੂੰ ਸਥਿਤੀ ਨੂੰ ਵਿਗਾੜਣ ਦੀ ਕੋਸ਼ਿਸ਼ ਕਰਨ ਦੀ ਬਜਾਇ ਇਹ ਕੁੜੱਤਣ ਖ਼ਤਮ ਹੋਣ ਦੇਣੀ ਚਾਹੀਦੀ ਹੈ।

ਇੱਕ ਨਵੀ ਸ਼ੁਰੂਆਤ ਕਰਨ ਅਤੇ ਕਾਂਗਰਸ ਪਾਰਟੀ ਨੂੰ ਸਿੱਖਾਂ ਵਿਚ ਹੋਰ ਕੁੜੱਤਣ ਪੈਦਾ ਕਰਨ ਤੋਂ ਰੋਕਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਸ ਮੁੱਦੇ ਉੱਤੇ ਪ੍ਰਦਰਸ਼ਨ ਕਰਕੇ ਕਾਂਗਰਸ ਨੂੰ ਸੂਬੇ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਅਜਿਹੇ ਪ੍ਰਦਰਸ਼ਨ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਹੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਕਿ ਇਸ ਦਾ ਸੂਬੇ ਉੱਤੇ ਕਿੰਨਾ ਮਾੜਾ ਅਸਰ ਪੈ ਸਕਦਾ ਹੈ।  ਉਹਨਾਂ ਕਿਹਾ ਕਿ ਪੰਜਾਬ ਨੇ ਇੱਕ ਦਹਾਕੇ ਤੋਂ ਵੱਧ ਕਸ਼ਟ ਭੋਗਿਆ ਹੈ। ਕਾਂਗਰਸ ਨੂੰ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਭੰਗ ਕਰਕੇ ਦੁਬਾਰਾ ਇਸ ਨੂੰ ਕਾਲੇ ਦਿਨਾਂ ਵੱਲ ਧੱਕ ਦੇਵੇ।

ਯੂਕੇ ‘ਚ ‘ਈ ਥਰੀ ਯੂਕੇ’ ਕੰਪਨੀ ਨੇ ਵੱਡੇ ਲਾਈਵ ਪੰਜਾਬੀ ਸ਼ੋਅ ਨਾਲ ਖੱਟੀ ਵਾਹ-ਵਾਹੀ

ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਅਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ

ਬਰਮਿੰਘ/ਚੰਡੀਗੜ੍ਹ, ਨਵੰਬਰ 2019- (ਗਿਆਨੀ ਰਵਿਦਾਰਪਾਲ ਸਿੰਘ/ਮਨਜਿੰਦਰ ਗਿੱਲ/ਹਰਜਿੰਦਰ ਜਵੰਧਾ)-

ਬੀਤੇ ਦਿਨੀਂ ‘ਈ ਥਰੀ ਯੂਕੇ’ ਕੰਪਨੀ ਵਲੋਂ ਅਰੇਨਾ (ਬਰਮਿੰਘ) ਵਿਖੇ ਕਰਵਾਏ ਗਏ ਇੱਕ ਵੱਡੇ ਲਾਈਵ ਪੰਜਾਬੀ ਸ਼ੋਅ 'ਚ ਪ੍ਰਸਿੱਧ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਅਤੇ ਗੁਪਜ਼ ਸੇਹਰਾ ਨੇ ਆਪਣੀ ਹਾਜ਼ਰੀ ਲਗਾ ਕੇ ਸ਼ਾਮ ਨੂੰ ਰੰਗੀਨ ਬਣਾਉਂਦੇ ਹੋਏ ਖੂਬ ਵਾਹ-ਵਾਹੀ ਖੱਟੀ ਅਤੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ।ਇਸ ਸਮਾਗਮ ਦੌਰਾਨ ‘ਈ ਥਰੀ ਯੂਕੇ’ ਦੀ ਟੀਮ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ, “ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਯੂਕੇ ਦੇ ਦਰਸ਼ਕਾਂ ਨੂੰ ਇੱਕ ਉੱਚ ਪੱਧਰੀ ਤੇ ਵਧੀਆ ਮਨੋਰੰਜਨ ਪ੍ਰਦਾਨ ਕਰਨਾ ਹੈ। ਸਾਨੂੰ ਖੁਸ਼ੀ ਹੈ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਿਲਆ।ਈ ਥਰੀ ਯੂ.ਕੇ ਰਿਕਾਰਡ ਲੇਬਲ ਅਤੇ ਕਲਾਕਾਰ ਪ੍ਰਬੰਧਨ ਅੰਤਰਰਾਸ਼ਟਰੀ ਪੱਧਰ 'ਤੇ ਦੱਖਣੀ ਏਸ਼ੀਆਈ ਮਨੋਰੰਜਨ ਅਤੇ ਰਚਨਾਤਮਕ ਖੇਤਰ ਨੂੰ ਮਲਟੀ-ਮੀਡੀਆ ਉਤਪਾਦਨ ਸੇਵਾਵਾਂ ਪ੍ਰਦਾਨ ਕਰਦਾ ਹੈ। ਕੰਪਨੀ ਸੰਗੀਤ ਦੇ ਰਿਕਾਰਡ, ਪ੍ਰਕਾਸ਼ਨ ਅਤੇ ਮਾਰਕੀਟਿੰਗ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ। ਇਸ ਤੋਂ ਇਲਾਵਾ ਇਹ ਕਲਾਕਾਰਾਂ ਦੀ ਪ੍ਰਤਿਭਾ ਵਧਾਉਣ,ਉਨਾਂ ਦੇ ਵਿਕਾਸ ਅਤੇ ਸੰਗੀਤਕ ਕੈਰੀਅਰ ਬਨਾਉਣ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।ਉਨਾਂ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਇਸ ਸਮਾਰੋਹ ਨਾਲ ਕਲਾਕਾਰਾਂ ਨੂੰ ਇੱਕ ਅਜਿਹਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਹ ਆਪਣੇ ਹੁਨਰ ਨਾਲ ਚਾਰ ਚੰਨ ਲਾਉਂਦੇ ਹਨ ।‘ਈ ਥਰੀ ਯੂਕੇ’ ਦੀ ਸਥਾਪਨਾ 2008 ਵਿੱਚ ਕੀਤੀ ਗਈ ਸੀ ਅਤੇ ਇਹ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਅਧਾਰਤ ਹੈ।ਈ ਥਰੀ ਯੂਕੇ ਦੀ ਟੀਮ ਨੇ ਇਹ ਵੀ ਦੱਸਿਆ ਕਿ ਆਪਣੀ ਗਾਇਕੀ ਅਤੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਗੈਰੀ ਸੰਧੂ ਨੇ ਇਸ ਸ਼ੋਅ ਰਾਹੀਂ ਇੱਕ ਵਾਰ ਫੇਰ ਯੂਕੇ ਦੀ ਧਰਤੀ ਤੇ ਆਏ ਹਨ ਜਿਨਾਂ ਨੂੰ 2011’ਚ ਯੂਕੇ ਦੀ ਸਰਕਾਰ ਨੇ ਯੂਕੇ ਤੋਂ ਡਿਪੋਰਟ ਕਰ ਦਿੱਤਾ ਸੀ ਅਤੇ ਹੁਣ 8 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਈ ਥਰੀ ਯੂਕੇ ਕੰਪਨੀ ਦੀ ਯਤਨਾਂ ਸਦਕਾ ਗੈਰੀ ਸੰਧੂ ਇੱਕ ਵਾਰ ਫਿਰ ਆਪਣੇ ਪਿਆਰ ਕਰਨ ਵਾਲਿਆਂ ਸਰੋਤਿਆਂ ਨੂੰ ਮਿਲੇ ਹਨ ਅਤੇ ਦਰਸ਼ਕ ਵੀ ਕਾਫੀ ਲੰਬੇ ਸਮੇਂ ਤੋਂ ਗੈਰੀ ਸੰਧੂ ਦੀ ਉਡੀਕ ਕਰ ਰਹੇੇ ਸਨ।

ਸੁਖਪਾਲ ਸਿੰਘ ਸਿੱਧੂ ਦਾ "ਬਾਬਾ ਨਾਨਕ" ਗੀਤ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵੱਲੋਂ ਰਿਲੀਜ਼

ਸੁਲਤਾਨਪੁਰ ਲੋਧੀ,ਨਵੰਬਰ 2019- (ਮਨਜਿੰਦਰ ਗਿੱਲ )-

 ਭੁੱਲਰ ਫਿਲਮਜ ਅਤੇ ਸੁਖ ਸੇਵਾ ਸੁਸਾਇਟੀ ਦੀ ਪੇਸ਼ਕਸ਼ "ਬਾਬਾ ਨਾਨਕ " ਗੀਤ ਜੋ ਕਿ ਸੁਖਪਾਲ ਸਿੰਘ ਸਿੱਧੂ ਵੱਲੋਂ ਲਿਖਿਆ, ਗਾਇਆ ਅਤੇ ਫ਼ਿਲਮਾਇਆ ਗਿਆ ਹੈ ਸ੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਹਰਭਜਨ ਮਾਨ ਅਤੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ ਕੁਲਵੰਤ ਧਾਲੀਵਾਲ ਜੀ ਵੱਲੋਂ ਰਿਲੀਜ਼ ਕੀਤਾ ਗਿਆ। ਗਾਇਕ ਤੇ ਅਦਾਕਾਰ ਹਰਭਜਨ ਮਾਨ ਵੱਲੋਂ ਸਿੱਧੂ ਦੇ ਗੀਤ ਲਈ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਡਾ ਧਾਲੀਵਾਲ ਨੇ ਕਿਹਾ ਕਿ ਸੁਖਪਾਲ ਸਿੰਘ ਸਿੱਧੂ ਵੱਲੋਂ ਜਿੱਥੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਉੱਥੇ ਹੀ ਸਮਾਜ ਨੂੰ ਸੇਧ ਦੇਣ ਲਈ ਫਿਲਮਾਂ ਵੀ ਬਣਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੇ ਮਨ ਦੇ ਵਲਵਲਿਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਇੱਕ ਗੀਤ ਬਾਬਾ ਨਾਨਕ ਖੁਦ ਹੀ ਲਿਖ ਕੇ ਸੁਖਪਾਲ ਸਿੰਘ ਸਿੱਧੂ ਵੱਲੋਂ ਗਾਇਆ ਗਿਆ ਹੈ ਜੋ ਕਿ ਮੌਜੂਦਾ ਹਾਲਾਤਾਂ ਨੂੰ ਚੋਟ ਕਰਦਾ ਹੈ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਐਮ.ਡੀ. ਡਾਕਟਰ ਧਰਮਿੰਦਰ ਢਿੱਲੋਂ, ਮੈਨੇਜਰ ਡਾ ਸ਼ਾਲਿਨੀ ਵਿਸ਼ਟ, ਡਾ ਕੁਲਜੀਤ ਸਮਰਾ, ਡਾ ਨਵਨੀਤ ਸੈਣੀ,ਡਾ ਜਤਿਨ, ਡਾ ਮਨੀ, ਡਾ ਰੂਪਾਂਸੀ, ਨਿਰਭੈ ਸਿੰਘ ਭੁੱਲਰ, ਅਵਤਾਰ ਸਿੰਘ ਸੁਲਤਾਨਪੁਰ ਲੋਧੀ, ਸਿਕੰਦਰ ਰਾਮਪੁਰਾ ਅਤੇ ਵਰਲਡ ਕੈਂਸਰ ਕੇਅਰ ਦੇ ਡਾਕਟਰਾਂ ਅਤੇ ਨਰਸਾਂ ਦੀ ਸਮੁੱਚੀ ਟੀਮ ਵੱਲੋਂ ਗੀਤ ਰਿਲੀਜ਼ ਸਮਾਰੋਹ ਵਿੱਚ ਭਾਗ ਲਿਆ ਗਿਆ। ਬਾਬਾ ਨਾਨਕ ਗੀਤ ਦੇ ਗਾਇਕ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਗੀਤ ਉਨ੍ਹਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਲਿਖਵਾਇਆ ਹੈ ਅਤੇ ਉਨ੍ਹਾਂ ਨੇ ਹੀ ਗਵਾਇਆ ਹੈ। ਇਸ ਗੀਤ ਨੂੰ ਸੰਗੀਤ ਡੀ.ਗਿੱਲ ਨੇ ਦਿੱਤਾ ਹੈ, ਵੀਡੀਓ ਡਾਇਰੈਕਟਰ ਸੰਦੀਪ ਸੈਨ ਹਨ।

ਕਰਨਲ ਬੁੱਘੀਪੁਰਾ ਦਾ ਗੀਤ ਸੰਗ੍ਰਹਿ ਪੂਰਾ ਜਿੰਨ੍ਹਾਂ ਤੋਲਿਆ ਸੁਲਤਾਨਪੁਰ ਲੋਧੀ ਵਿਖੇ ਲੋਕ ਅਰਪਨ

ਸੁਲਤਾਨਪੁਰ ਲੋਧੀ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਮੋਗਾ ਵੱਸਦੇ ਨਾਮਵਰ ਪੰਜਾਬੀ ਕਵੀ ਤੇ ਸੀਨੀਅਰ ਸਮਾਜਿਕ ਆਗੂ ਕਰਨਲ ਬਾਬੂ ਸਿੰਘ ਬੁੱਘੀਪੁਰਾ ਦੇ ਗੁਰੂ ਨਾਨਕ ਦੇਵ ਜੀ ਤੇ ਹੋਰ ਧਾਰਮਿਕ ਵਿਸ਼ਿਆਂ ਬਾਰੇ ਗੀਤ ਸੰਗ੍ਰਹਿ ਨੂੰ ਸੁਲਤਾਨਪੁਰ ਲੋਧੀ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ,ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਨ ਕੀਤਾ। ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਕਰਨਲ ਬਾਬੂ ਸਿੰਘ ਜੀ ਦਾ ਇਹ ਗੀਤ ਸੰਗ੍ਰਿਹ ਸਰੋਦੀ ਸ਼ਬਦਾਂ ਦੇ ਸਹਾਰੇ ਆਪਣਾ ਮੁਲਾਂਕਣ ਕਰਾਵੇਗੀ। ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਕਵਿਤਾ ਵਿੱਚ ਸਰੋਦੀ ਅੰਦਾਜ਼ ਸੁੰਗੜ ਰਿਹਾ ਹੈ ਪਰ ਕਰਨਲ ਬਾਬੂ ਸਿੰਘ ਜੀ ਨੇ ਸਰੋਦੀ ਭਾਵਨਾ ਦਾ ਕਦੇ ਵੀ ਪੱਲਾ ਨਹੀਂ ਛੱਡਿਆ। ਇਹ ਮੁਬਾਰਕ ਵਾਲੀ ਘੜੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਚਰਨ ਛੋਹ ਪ੍ਰਾਪਤ ਸ਼ਹਿਰ ਵਿੱਚ ਉਨ੍ਹਾਂ ਦਾ ਗੀਤ ਸੰਗ੍ਰਹਿ ਲੋਕ ਅਰਪਿਤ ਹੋ ਰਿਹਾ ਹੈ। ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਰਨਲ ਬਾਬੂ ਸਿੰਘ ਮਿੱਠੇ ਗੀਤਾਂ ਦਾ ਸਿਰਜਕ ਹੈ ਜਿਸਨੇ ਇਸ ਪੁਸਤਕ ਤੋਂ ਪਹਿਲਾਂ ਅੱਖਰਾਂ ਦੀ ਮਹਿਕ ਤੇ ਬੋਲਦੇ ਅੱਖਰ ਕੋਂ ਇਲਾਵਾ ਬੱਚਿਆਂ ਲਈ ਵਿਰਸੇ ਦੇ ਵਾਰਸਾਂ ਨੂੰ ਪ੍ਰਕਾਸ਼ਤ ਕੀਤਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਕਰਨਲ ਬਾਬੂ ਸਿੰਘ ਲੰਮਾ ਸਮਾਂ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਅਤੇ ਸੈਨਿਕ ਭਲਾਈ ਕਾਰਜਾਂ ਚ ਸਰਗਰਮ ਰਹੇ ਹਨ। ਮਾਣ ਵਾਲੀ ਗੱਲ ਹੈ ਕਿ ਉਹ ਨਵਾਂ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਲਈ ਅਰਪਣ ਆਏ ਹਨ। ਨਾਮਵਰ ਪੰਜਾਬੀ ਕਵੀ ਮਨਜਿੰਦਰ ਸਿੰਘ ਧਨੋਆ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਗੀਤ ਸੰਗ੍ਰਹਿ ਰੱਬੀ ਰਮਜ਼ਾਂ ਛੇੜਦਾ ਹੈ। ਉਨ੍ਹਾਂ ਕਿਹਾ ਕਿ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਨੇ ਇਸ ਗੀਤ ਸੰਗ੍ਰਹਿ ਨੂੰ ਆਸ਼ੀਰਵਾਦ ਦਿੰਦਿਆਂ ਲਿਖਿਆ ਹੈ ਕਿ ਕਰਨਲ ਬਾਬੂ ਸਿੰਘ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਅਤੇ ਫ਼ਲਸਫ਼ੇ ਉੱਤੇ ਵਿਸ਼ਵਾਸ ਰੱਖਣ ਵਾਲੀ ਸੱਚੀ ਸੁੱਚੀ ਅਤੇ ਉੱਚੀ ਸੋਚ ਦੇ ਮਾਲਕ ਹੋਣ ਕਰਕੇ ਹੀ ਦਮਦਾਰ ਗੀਤ ਲਿਖ ਸਕੇ ਹਨ। ਇਸ ਮੌਕੇ ਉੱਘੇ ਕਾਲਮ ਨਵੀਸ ਡਾ:,ਸੁਰਜੀਤ ਸਿੰਘ ਦੌਧਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਕਰਨਲ ਬਾਬੂ ਸਿੰਘ ਮੋਗੇ ਦੀ ਮਾਣਮੱਤੀ ਸਾਹਿੱਤਕ ਹਸਤੀ ਹਨ। ਕਰਨਲ ਬਾਬੂ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਡੰਬਰ ਮੁਕਤ ਕੀਤਾ ਸੀ ਇਸੇ ਕਰਕੇ ਗੁਰੂ ਨਗਰੀ ਚ ਇਹ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਸੰਗਤ ਅਰਪਣ ਕਰਨ ਆਇਆ ਹਾਂ। ਇਸ ਮੌਕੇ ਡਾ. ਅਜੀਤਕੰਵਲ ਸਿੰਘ, ਹਰਪਾਲ ਸਿੰਘ ਬਰਾੜ , ਪ੍ਰਭਜੋਤ ਸਿੰਘ, ਰਵੀ ਇੰਦਰ ਸਿੰਘ, ਹਰਮੀਤ ਸਿੰਘ ਢਿੱਲੋਂ , ਕੇ ਪੀ ਸਿੰਘ ਤੇ ਨਿਰਮਲ ਮਾਨਸ਼ਾਹੀਆ ਹਾਜ਼ਰ ਸਨ

550 ਵੇਂ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਭਾਗੀਕੇ ਕੜਾਂ ਪ੍ਰਸਾਦਿ ਦੇ ਲੰਗਰ ਲਾਏ ਗਏ ।

ਨਿਹਾਲ ਸਿੰਘ ਵਾਲਾ (ਗੁਰਸੇਵਕ  ਸੋਹੀ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਭਾਗੀਕੇ ਦਸਮੇਸ਼ ਕਲੱਬ ਅਤੇ ਨਗਰ ਨਿਵਾਸੀਆਂ ਵੱਲੋਂ  ਬੱਸ ਸਟੈਂਡ ਜੀ ਟੀ ਰੋਡ ਤੇ ਕੜਾਂ ਪ੍ਰਸਾਦਿ ਦੇ ਲੰਗਰ ਲਾਏ ਗਏ । ਬੜੇ ਹੀ ਪਿਆਰ ਸਤਿਕਾਰ ਨਾਲ ਆਉਂਦੀ ਜਾਦੀ ਸੰਗਤ ਨੂੰ ਰੋਕ ਰੋਕ ਕੇ ਕੜਾਂ ਪ੍ਰਸਾਦਿ ਛਕਾਇਆ ਗਿਆ । ਕਲੱਬ ਦੇ ਪ੍ਰਧਾਨ ਦੀਪਾ ਸਿੰਘ ਆਹਲੂਵਾਲੀਆ ਟਰਾਂਸਪੋਰਟ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਹੀਆਂ ਸੰਖਿਆਵਾ ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਸੇਵਾਦਾਰ ਵਿੱਕੀ ਭਾਗੀਕੇ ,ਮਨਦੀਪ ਸਿੰਘ, ਪ੍ਰਿਥੀ ਭਾਗੀਕੇ , ਕਾਲੀ ਭਾਗੀਕੇ , ਮਹਿਤਾਵਾ ਭਾਗੀਕੇ ਆਦਿ ।

ਅੱਜ ਦੇ ਦਿਨ (ਮਿਤੀ 12 ਨਵੰਬਰ, 2019 (੨੭ ਕੱਤਕ)) ਦਾ ਇਤਿਹਾਸ 

ਪ੍ਰਕਾਸ਼-ਪੁਰਬ : ਸ੍ਰੀ ਗੁਰੂ ਨਾਨਕ ਦੇਵ ਜੀ 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

 ਮਾਤਾ ਜੀ : ਮਾਤਾ ਤ੍ਰਿਪਤਾ ਜੀ 

 ਪਿਤਾ ਜੀ : ਮਹਿਤਾ ਕਲਿਆਣ ਦਾਸ ਜੀ 

 ਜਨਮ ਮਿਤੀ : 15 ਅਪ੍ਰੈਲ, ਸੰਨ 1469 ਈ. (20 ਵਿਸਾਖ, ਸੰਮਤ 1526 ਬਿ.)

 ਜਨਮ ਸਥਾਨ : ਰਾਇ ਭੋਇ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ), ਸ਼ੇਖੂਪੁਰ, ਪਾਕਿਸਤਾਨ 

 ਮਹਿਲ : ਮਾਤਾ ਸੁਲੱਖਣੀ ਜੀ

ਜੋਤੀ-ਜੋਤ : 7 ਸਤੰਬਰ,1539 ਈ. (7 ਅੱਸੂ, 1596 ਬਿ.)

 ਜੋਤੀ-ਜੋਤ ਸਥਾਨ : ਕਰਤਾਰਪੁਰ ਸਾਹਿਬ, ਪਾਕਿਸਤਾਨ

ਗੁਰੂ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਦੀ ਦਸ਼ਾ : ਗੁਰੂ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਦੇ ਲੋਕ ਅੰਧ-ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ। ਮਹਿਮੂਦ ਗਜ਼ਨਵੀ, ਕੁੱਤਬਦੀਨ ਐਬਕ, ਅਲਤਤਮਸ਼, ਅਲਾਉਦੀਨ ਖਿਲਜੀ, ਫਿਰੋਜ਼ ਤੁਗਲਕ ਅਤੇ ਤੈਮੂਰ ਜਿਹੇ ਵਿਦੇਸ਼ੀ ਜਰਵਾਣਿਆਂ ਦੇ ਹਮਲਿਆਂ ਨੇ ਭਾਰਤੀ ਲੋਕਾਂ ਦੀ ਅਣਖ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਸੀ। ਮੁਸਲਮਾਨ ਰਾਜ ਦੇ ਹੰਕਾਰ ਵਿੱਚ ਆਫਰੇ ਹੋਏ ਸਨ ਅਤੇ ਹਿੰਦੂ ਗੁਲਾਮੀ ਥੱਲੇ ਦੱਬੇ ਹੋਏ। ਹਰ ਪਾਸੇ ਕੂੜ ਹੀ ਪ੍ਰਧਾਨ ਹੋ ਗਿਆ ਸੀ। ਸੱਚ ਅਤੇ ਧਰਮ ਖੰਭ ਲਾ ਕੇ ਉੱਡ ਗਏ ਸਨ। ਇਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ :-

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਮਾ  ਦੀਸੈ ਨਾਹੀ ਕਹ ਚੜਿਆ॥     

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-੧੪੫)

ਗੁਰੂ ਜੀ ਦਾ ਜਨਮ ਅਤੇ ਬਚਪਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੇ ਮੁਰਦਾ ਰੂਹਾਂ ਨੂੰ ਨਵਾਂ ਜੀਵਨ ਬਖ਼ਸ਼ਿਆ। ਆਮ ਲੋਕ ਉਸ ਸਮੇਂ ਦੇ ਅਖੌਤੀ ਧਰਮੀ ਆਗੂਆਂ ਦੇ ਦਬਾਅ ਥੱਲੇ ਦੱਬੇ ਹੋਏ ਸਨ। ਲੁਕਾਈ ਨੂੰ ਇਸ ਗੁਲਾਮੀ ਤੋਂ ਮੁਕਤ ਕਰਾਉਣ ਲਈ ਪਰਮਾਤਮਾ ਨੇ ਗੁਰੂ ਜੀ ਨੂੰ ਇਸ ਧਰਤੀ ਉੱਤੇ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਦੇ ਵਿਸ਼ੇਸ਼ ਮਿਸ਼ਨ ਲਈ ਭੇਜਿਆ। ਇਸ ਪ੍ਰਥਾਇ ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ :-

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਾਹਿ ਪਠਾਇਆ॥

ਗੁਰੂ ਜੀ ਨੂੰ ਵਿੱਦਿਆ ਪ੍ਰਾਪਤ ਕਰਨ ਲਈ 3 ਅਧਿਆਪਕਾਂ ਕੋਲ ਭੇਜਿਆ ਗਿਆ : ਦੇਵਨਾਗਰੀ ਅਤੇ ਗਣਿਤ ਸਿੱਖਣ ਲਈ ਗੋਪਾਲ ਦਾਸ ਪਾਂਧੇ ਕੋਲ, ਸੰਸਕ੍ਰਿਤ ਸਿੱਖਣ ਲਈ ਪੰਡਿਤ ਬ੍ਰਿਜ ਲਾਲ ਕੋਲ ਅਤੇ ਫ਼ਾਰਸੀ ਸਿੱਖਣ ਲਈ ਮੌਲਵੀ ਕੁਤਬੁੱਦੀਨ ਕੋਲ। ਗੁਰੂ ਜੀ, ਉਨ੍ਹਾਂ ਨੂੰ ਪੜ੍ਹਾਇਆ ਗਿਆ ਹਰ ਸਬਕ ਤੁਰੰਤ ਯਾਦ ਕਰ ਲੈਂਦੇ ਅਤੇ ਅਧਿਆਪਕਾਂ ਕੋਲੋਂ ਅਜਿਹੇ ਪ੍ਰਸ਼ਨ ਪੁੱਛਦੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਕੋਲ ਨਾ ਹੁੰਦਾ। ਗੁਰੂ ਜੀ ਦੀ ਤੀਖਣ ਬੁੱਧੀ ਅਤੇ ਦੈਵੀ ਸੋਝੀ ਨੂੰ ਅਧਿਆਪਕਾਂ ਨੇ ਬਚਪਨ ਵਿੱਚ ਹੀ ਪਹਿਚਾਣ ਲਿਆ ਸੀ। 

ਜਨੇਊ ਪਾਉਣ ਤੋਂ ਇਨਕਾਰ ਕਰਨਾ : ਜਦੋਂ ਗੁਰੂ ਜੀ 9 ਸਾਲ ਦੇ ਹੋਏ ਤਾਂ ਪਰਿਵਾਰ ਨੇ ਪ੍ਰੋਹਤ ਹਰਦਿਆਲ ਨਾਲ ਸਲਾਹ ਕਰਕੇ ਜਨੇਊ ਪਾਉਣ ਦਾ ਦਿਨ ਮਿੱਥ ਲਿਆ। ਮਿੱਥੇ ਹੋਏ ਦਿਨ ਉੱਤੇ ਜਦੋਂ ਸਾਰੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਆਉਣ ਤੇ ਪ੍ਰੋਹਤ ਪੂਜਾ ਪਾਠ ਕਰਕੇ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜਨੇਊ ਪਹਿਲਾਂ ਮੇਰੀ ਮਾਤਾ ਜੀ ਨੂੰ ਪਹਿਨਾਇਆ ਜਾਵੇ। ਪਰ ਪ੍ਰੋਹਤ ਨੇ ਮਾਤਾ ਜੀ ਨੂੰ ਜਨੇਊ ਪਹਿਨਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਔਰਤਾਂ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ। ਫਿਰ ਗੁਰੂ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਜਨੇਊ ਪਹਿਨਾਉਣ ਲਈ ਕਿਹਾ ਪਰ ਉਸ ਨੂੰ ਵੀ ਨੀਵੀਂ ਜਾਤ ਨਾਲ ਸੰਬੰਧਿਤ ਹੋਣ ਕਰਕੇ ਜਨੇਊ ਪਹਿਨਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਇਹ ਸੁਣ ਕੇ ਗੁਰੂ ਜੀ ਨੇ ਆਪ ਵੀ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਜਨੇਊ ਮਨੁੱਖਾਂ ਵਿੱਚ ਵੰਡੀਆਂ ਪਾਉਂਦਾ ਹੋਵੇ ਅਜਿਹਾ ਜਨੇਊ ਉਹ ਕਦੇ ਨਹੀਂ ਪਹਿਨਣਗੇ। ਉਨ੍ਹਾਂ ਦਾ ਮਨੋਰਥ ਤਾਂ ਸਾਰੀ ਲੋਕਾਈ ਨੂੰ ਆਪਸ ਵਿੱਚ ਜੋੜਨਾ ਹੈ ਨਾ ਕਿ ਵੰਡੀਆਂ ਪਾਉਣਾ। ਜਿਸ ਜਨੇਊ ਦੀ ਮੰਗ ਗੁਰੂ ਜੀ ਨੇ ਕੀਤੀ ਉਸ ਬਾਰੇ ਗੁਰੂ ਜੀ ਫ਼ਰਮਾਉਂਦੇ ਹਨ :-

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥  

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-੪੭੧)

ਇਸ ਤਰ੍ਹਾਂ ਸਦੀਆਂ ਤੋਂ ਚੱਲੀ ਆ ਰਹੀ ਮਰਿਯਾਦਾ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਸਾਹਸ ਗੁਰੂ ਜੀ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਕੀਤਾ। ਉਨ੍ਹਾਂ ਦੇ ਇਨਕਾਰ ਕਰਨ ਦਾ ਢੰਗ ਵੀ ਲੜਾਈ-ਝਗੜੇ ਦੀ ਬਜਾਏ ਤਰਕ ਭਰਪੂਰ ਸੀ। 

ਸੱਚਾ ਸੌਦਾ ਕਰਨਾ : ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਕਿਸੇ ਕੰਮ ਧੰਦੇ ਵਿੱਚ ਲਗਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ ਵੀਹ ਰੁਪਏ ਦਿੱਤੇ ਅਤੇ ਕੋਈ ਲਾਹੇ ਦਾ ਸੌਦਾ ਕਰਨ ਲਈ ਕਿਹਾ। ਗੁਰੂ ਜੀ ਪੈਸੇ ਲੈ ਕੇ ਘਰ ਤੋਂ ਚੱਲ ਪਏ। ਰਸਤੇ ਵਿੱਚ ਉਨ੍ਹਾਂ ਨੂੰ ਕੁਝ ਸਾਧੂ ਮਿਲੇ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਗੁਰੂ ਜੀ ਨੂੰ ਪਤਾ ਲੱਗਾ ਕਿ ਉਹ ਸਾਧੂ ਕਈ ਦਿਨਾਂ ਤੋਂ ਭੁੱਖੇ ਹਨ। ਗੁਰੂ ਜੀ ਨੇ ਆਪਣੇ ਪੈਸਿਆਂ ਨਾਲ ਉਨ੍ਹਾਂ ਨੂੰ ਰਾਸ਼ਨ ਲੈ ਦਿੱਤਾ। ਖਾਲੀ ਹੱਥ ਘਰ ਪਰਤਣ ਤੇ ਉਨ੍ਹਾਂ ਦੇ ਪਿਤਾ ਜੀ ਗੁਰੂ ਜੀ ਨਾਲ ਬਹੁਤ ਗੁੱਸੇ ਹੋਏ। ਪਰ ਗੁਰੂ ਜੀ ਨੇ ਕਿਹਾ ਕਿ ਉਹ ਤਾਂ ਸੱਚਾ ਸੌਦਾ ਕਰ ਕੇ ਆਏ ਹਨ।

ਗ੍ਰਹਿਸਥ ਜੀਵਨ : 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ, ਭਾਈ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ।

ਚਾਰ ਉਦਾਸੀਆਂ : ਸਮਾਜ ਦੇ ਸੁਧਾਰ ਲਈ ਆਪ ਜੀ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਦੌਰਾਨ ਆਪ ਜੀ ਇਰਾਕ, ਈਰਾਨ, ਅਫਗਾਨਿਸਤਾਨ, ਪਾਕਿਸਤਾਨ, ਸ੍ਰੀਲੰਕਾ, ਤਿੱਬਤ, ਆਸਾਮ, ਬੰਗਾਲ, ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਗਏ। ਆਪ ਜੀ ਹਿੰਦੂਆਂ, ਬੋਧੀਆਂ, ਜੈਨੀਆਂ, ਯੋਗੀਆਂ, ਸੂਫੀਆਂ ਅਤੇ ਮੁਸਲਮਾਨਾਂ ਦੇ ਵੱਡੇ-ਵੱਡੇ ਧਰਮ ਅਸਥਾਨਾਂ ਅਤੇ ਡੇਰਿਆਂ ਆਦਿ ਤੇ ਗਏ। ਉੱਥੇ ਆਪ ਜੀ ਨੇ ਵਿਦਵਾਨਾਂ, ਪ੍ਰਚਾਰਕਾਂ, ਸਾਧਕਾਂ ਅਤੇ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੀ ਨੇ ਮਲਕ ਭਾਗੋ, ਵੈਸ਼ਨਵ ਸਾਧ, ਕਲਜੁਗ ਪਾਂਡੇ, ਸੱਜਣ ਠੱਗ ਅਤੇ ਵਲੀ ਕੰਧਾਰੀ ਜਿਹੇ ਅਨੇਕਾਂ ਭੁੱਲੇ ਭਟਕੇ ਲੋਕਾਂ ਦਾ ਉਧਾਰ ਕੀਤਾ।

ਔਰਤ ਦੀ ਆਜ਼ਾਦੀ ਲਈ ਸੰਘਰਸ਼ ਦਾ ਆਗਾਜ਼ : ਗੁਰੂ ਜੀ ਪਹਿਲੇ ਯੋਧੇ ਸਨ ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਅਖੌਤੀ ਧਰਮੀ ਅਲੰਬਰਦਾਰਾਂ ਵੱਲੋਂ ਔਰਤ ਦੀ ਕੀਤੀ ਦੁਰਦਸ਼ਾ ਤੋਂ ਔਰਤ ਨੂੰ ਆਜ਼ਾਦ ਕਰਾਉਣ ਲਈ ਪਹਿਲੀ ਆਵਾਜ਼ ਉਠਾਈ। ਇਹ ਉਹ ਸਮਾਂ ਸੀ ਜਿਸ ਵਕਤ ਉਸ ਸਮੇਂ ਦੇ ਸਾਰੇ ਧਰਮ ਅਤੇ ਵਿਚਾਰਧਾਰਾਵਾਂ ਔਰਤ ਨੂੰ ਕਮਜ਼ੋਰ, ਨਿਰਬਲ ਅਤੇ ਅਪਵਿੱਤਰ ਸਮਝਦੀਆਂ ਸਨ। ਔਰਤ ਉੱਪਰ ਪਾਬੰਦੀਆਂ ਇੱਥੋਂ ਤੱਕ ਸਨ ਕਿ ਉਹ ਕਿਸੇ ਵਿੱਦਿਆ ਦੇ ਸਥਾਨ ਤੇ ਜਾ ਕੇ ਨਾ ਵਿੱਦਿਆ ਗ੍ਰਹਿਣ ਕਰ ਸਕਦੀ ਸੀ ਅਤੇ ਨਾ ਹੀ ਕਿਸੇ ਧਰਮ ਸਥਾਨ ਤੇ ਜਾ ਕੇ ਪ੍ਰਮਾਤਮਾ ਦਾ ਨਾਮ ਜਪ ਸਕਦੀ ਸੀ। ਉਸ ਨੂੰ ਅਪਵਿੱਤਰ ਜਾਣ ਕੇ ਦੁਰਕਾਰਿਆ ਜਾਂਦਾ ਸੀ। ਸਮਾਜ ਦੀ ਇਸ ਵੱਡੀ ਕੁਰੀਤੀ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਉਸ ਵੇਲੇ ਆਪਣੀ ਮੌਤ ਨੂੰ ਅਵਾਜ਼ ਮਾਰਨ ਤੋਂ ਘੱਟ ਨਹੀਂ ਸੀ। ਪਰ ਗੁਰੂ ਸਾਹਿਬ ਜੀ ਅਜਿਹੇ ਯੋਧੇ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਧਰਮੀ ਅਲੰਬਰਦਾਰਾਂ ਦੇ ਨਾਲ ਟੱਕਰ ਲਈ ਅਤੇ ਔਰਤ ਦੀ ਅਜ਼ਾਦੀ ਲਈ ਵੱਡਾ ਸੰਘਰਸ਼ ਵਿੱਢਿਆ। ਇਸ ਪ੍ਰਥਾਇ ਗੁਰੂ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਫ਼ਰਮਾਉਂਦੇ ਹਨ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 473)

 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਨਤ ਅਤੇ ਵੱਡੀ ਸਮਾਜਿਕ ਚੇਤਨਾ ਪੈਦਾ ਕਰਨ ਦਾ ਨਤੀਜਾ ਹੀ ਹੈ ਕਿ ਅੱਜ ਬੱਚੀਆਂ ਵਿਸ਼ਵ ਭਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਹੀਆਂ ਹਨ। ਔਰਤ ਜਾਤੀ ਉੱਪਰ ਗੁਰੂ ਜੀ ਦੇ ਇਸ ਉਪਕਾਰ ਲਈ ਇਹ ਸੰਸਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਜਿਵੇਂ-ਜਿਵੇਂ ਔਰਤਾਂ ਤਰੱਕੀ ਕਰਨਗੀਆਂ ਤਿਵੇਂ-ਤਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਸਾਡੇ ਹਿਰਦਿਆਂ ਦੇ ਵਿੱਚ ਹੋਰ ਪ੍ਰਪੱਕ ਹੋਵੇਗੀ ਕਿਉਂਕਿ ਗੁਰੂ ਜੀ ਵੱਲੋਂ ਔਰਤਾਂ ਦੀ ਅਜ਼ਾਦੀ ਲਈ ਉਠਾਈ ਅਵਾਜ਼ ਸਦਕਾ ਹੀ ਉਹ ਇਨ੍ਹਾਂ ਬੁਲੰਦੀਆਂ ਨੂੰ ਛੂਹਣ ਦੇ ਯੋਗ ਹੋ ਸਕੀਆਂ ਹਨ।

ਕਰਤਾਰਪੁਰ ਸਾਹਿਬ ਦੀ ਨੀਂਹ ਰੱਖਣੀ : ਗੁਰੂ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ। ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਕਿਰਤ ਕਰਦਿਆਂ ਬਤੀਤ ਕੀਤੇ ਅਤੇ ਉੱਤਮ ਖੇਤੀ ਦੀ ਨੀਂਹ ਰੱਖੀ।

ਭਾਈ ਲਹਿਣਾ ਜੀ ਨੂੰ ਗੁਰਿਆਈ ਸੌਂਪਣੀ : ਸਮਾਜ ਨੂੰ ਬਦਲ ਕੇ ਨਵਾਂ ਰੂਪ ਦੇਣ ਲਈ ਅਰੰਭ ਕੀਤੇ ਵੱਡੇ ਮਿਸ਼ਨ ਨੂੰ ਪੂਰਾ ਕਰਨ ਲਈ ਇਹ ਜ਼ੁੰਮੇਵਾਰੀ ਅੱਗੇ ਦੇਣ ਦੀ ਲੋੜ ਸੀ। ਇਸ ਲਈ ਆਪ ਜੀ ਨੇ ਭਾਈ ਲਹਿਣਾ ਜੀ ਨੂੰ ਯੋਗ ਜਾਣ ਕੇ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਕੇ ਸਿੱਖ ਲਹਿਰ ਨੂੰ ਅਗਵਾਈ ਦੇਣ ਦੀ ਜ਼ੁੰਮੇਵਾਰੀ ਸੌਂਪ ਦਿੱਤੀ। ਆਪ ਜੀ ਨੇ ਆਪਣੀ ਅਤੇ ਭਗਤਾਂ ਦੀ ਇਕੱਤਰ ਕੀਤੀ ਬਾਣੀ ਦਾ ਖ਼ਜ਼ਾਨਾ ਵੀ ਉਨ੍ਹਾਂ ਨੂੰ ਸੌਂਪ ਦਿੱਤਾ।

ਜੋਤੀ-ਜੋਤ : 7 ਸਤੰਬਰ,1539 ਈ. (7 ਅੱਸੂ, 1596 ਬਿ.) ਨੂੰ ਆਪ ਜੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਜੋਤੀ-ਜੋਤ ਸਮਾ ਗਏ।

ਸਿੱਖਿਆ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੀ ਪ੍ਰੇਰਨਾ ਮਿਲਦੀ ਹੈ। ਗੁਰੂ ਜੀ ਨੇ ਸਾਨੂੰ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਪਖੰਡਾਂ ਆਦਿ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਗੁਰੂ ਜੀ ਨੇ ਤਨ ਦੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਨੂੰ ਵਧਾਉਣ ਅਤੇ ਅੱਠੇ ਪਹਿਰ ਇੱਕ ਅਕਾਲ ਪੁਰਖ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਆਪਣੀਆਂ ਜ਼ੁੰਮੇਵਾਰੀਆਂ ਨੂੰ ਨੇਕ ਨੀਤੀ ਨਾਲ ਨਿਭਾਉਣ ਦੀ ਸਿੱਖਿਆ ਦਿੱਤੀ। *ਆਓ ਅਸੀਂ ਸਾਰੇ ਗੁਰੂ ਜੀ ਦੇ ਆਸ਼ੇ ਅਨੁਸਾਰ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਵਿਉਂਤਬੰਦੀ ਨਾਲ ਕਾਰਜਸ਼ੀਲ ਹੋਈਏ।* ਇਸ ਮਿਸ਼ਨ ਦੀ ਸਫ਼ਲਤਾ ਲਈ ਆਤਮ ਪਰਗਾਸ ਟੀਮ ਆਪ ਜੀ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਜੀ। 

 ਹਵਾਲੇ:- 

1. ਦਸ ਪਾਤਸ਼ਾਹੀਆਂ ਜੀਵਨ, ਕਾਰਜ ਤੇ ਉਪਦੇਸ਼ (ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸ੍ਰੀ ਅੰਮ੍ਰਿਤਸਰ

2. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

3. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ) 

4. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬ ਤੇ ਕੁਸ ਅਪਨਾਉਣ ਦੀ ਲੋੜ- ਹਰਨਰਾਇਣ ਸਿੰਘ ਮੱਲੇਆਣਾ

ਆਓ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਨੂੰ ਮਨਾਉਦੇ ਹੋਏ ਅਰਦਾਸ ਕਰਿਏ ਕਿ ਕੁੱਝ ਗੁਣ ਅਪਣਾਈਏ ਤੇ ਕੁਝ ਅਵਗੁਣ ਛੱਡੀਏ ਤਾਂ ਹੀ ਸਾਡਾ 550 ਸਾਲਾਂ ਗੁਰਪੁਰਬ ਮਨਾਇਆ ਸਫ਼ਲ ਹੈ

 ਅਪਣਾਈਏ(Do's) 

1.ਗੁਰੂ ਮਾਨਿਓ ਗ੍ੰਥ 

2.ਦੱਸਾਂ ਨਹੁੰਆ ਦੀ ਕਿਰਤ 

3. ਨਿਤਨੇਮ ਤੇ ਸਹਿਜ ਪਾਠ ਕਰੀਏ ਤੇ ਵੀਚਾਰੀੲੇ 

4. ਕਿਰਤ ਕਰੋ, ਨਾਮ ਜਪੋ, ਵੰਡ ਛਕੋ 

5. ਕੇਸਾਂ ਦੀ ਸੰਭਾਲ 

6. ਵਾਤਾਵਰਣ ਦੀ ਦੇਖ ਰੇਖ ਤੇ ਹਰਿਆਵਲ ਵਿਚ ਵਾਧਾ 

7.ਸੱਚ ਬੋਲੀਏ ਤੇ ਇਮਾਨਦਾਰ ਬਣੀਏ 

8.ਗੁਰੂ ਦੀ ਗੋਲਕ,ਗਰੀਬੀ ਦਾ ਮੂੰਹ ਅਤੇ ਲੋੜਵੰਦ ਦੀ ਮਦਦ 

9.ਮਨ ਨੀਵਾਂ ਤੇ ਮੱਤ ਉਚੀ(ਨਿਮਰਤਾ) 

10. ਉਚਾ ਸੁੱਚਾ ਜੀਵਨ(Character) 

11.ਮਿੱਠਾ ਬੋਲੀਏ ਤੇ ਸਰੱਬਤ ਦਾ ਭਲਾ ਮਨਾਇਏ 

12.ਨਸ਼ੇ ਦਾ ਤਿਆਗ ਤੇ ਸਮਾਜਿਕ ਜਾਗਰੂਕਤਾ 

13.ਪਾਣੀ ਦੀ ਸੰਭਾਲ 

14.ਪਰਿਵਾਰ ਤੇ ਬਜੁਰਗਾਂ ਦੀ ਸੰਭਾਲ ਤੇ ਪਿਆਰ ਸਤਿਕਾਰ 

15.ਆਪਣੇ ਕੰਮ ਆਪਣੇ ਹੱਥੀ ਕਰਨਾ 

16.ਬੱਚਿਆ ਲਈ ਉਚੇਰੀ ਸਿੱਖਿਆ ਤੇCompetiton ਦੀ ਤਿਆਰੀ

17.ਸਾਦਾ ਜੀਵਨ, ਸਾਦੇ ਵਿਆਹ, ਸਾਦੇ ਭੋਗ ਨਾ ਕੋਈ ਚਿੰਤਾ,ਨਾ ਕੋਈ ਰੋਗ

ਛੱਡੀਏ(Don'ts) 

1.ਪਾਖੰਡੀ ਸਾਧ ਤੇ ਨਕਲੀ ਬਾਬੇ 

2.ਪਰਾਇਆ ਹੱਕ ਤੇ ਰਿਸ਼ਵਤਖੋਰੀ 

3.ਲੱਚਰ ਗੀਤ ਸੰਗੀਤ ਸੁਣਨਾ ਅਤੇForwoard ਕਰਨਾ 

4.ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਸਮੇਂ ਦੀ ਬਰਬਾਦੀ 

5.ਪਤਿਤਪੁਣਾ ਤੇ ਰੋਮਾਂ ਦੀ ਬੇਅਦਬੀ 

6.ਪ੍ਦੂਸ਼ਣ ਤੇ ਗੰਦਗੀ ਫੈਲਾਉਣਾ 

7.ਝੂਠ ਤੇ ਬੇਇਮਾਨੀ 

8.ਨਿੰਦਿਆ,ਚੁਗਲੀ,ਤੇ ਫੋਕੀ ਖੁਸ਼ਾਮਦ ਕਰਨੀ 

9.ਕੋ੍ਧ ਤੇ ਹਓੁਮੈ

10.ਪਰਾਈ ਇਸਤਰੀ /ਪੁਰਸ਼ ਤੇ ਬੁਰੀ ਨਜ਼ਰ 

11.ਕੋੜਾ ਬੋਲਣਾ ਤੇ ਗਾਲ਼ਾਂ ਕੱਢਣੀਆਂ 

12.ਸ਼ਰਾਬ ਤੇ ਹੋਰ ਸਾਰੇ ਨਸ਼ੇ 

13.ਪਾਣੀ ਦੀ ਦੁਰਵਰਤੋਂ 

14.ਨਫ਼ਰਤ,ਲਾਲਚ,ਹੰਕਾਰ ਤੇ ਤੇਰੀ ਮੇਰੀ ਦੀ ਭਾਵਨਾ 

15.ਆਲਸ ਕਰਨਾ ਤੇ ਹਰ ਕੰਮ ਲਈ ਦੂਜਿਆ ਤੇ ਨਿਰਭਰ ਹੋਣਾ

16.ਮਾੜੀ ਸੰਗਤ,ਗਲਤ ਆਦਤਾਂ,ਗਲਤ ਖਾਣ ਪਾਣ(Bad habits and wrong eating habits) 

17.ਦਾਜ(Dowry),female foeticide ਲੋਕ ਦਿਖਾਵਾ,ਫ਼ਜੂਲ ਖਰਚੀ ਤੇ ਫੈਸ਼ਨ ਪ੍ਸਤੀ

 

ਹਰਨਰਾਇਣ ਸਿੰਘ ਮੱਲੇਆਣਾ

ਦੁਨੀਆ ਵਿਚ ਵਸਣ ਵਾਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਣ ਤੇ ਬਹੁਤ ਬਹੁਤ ਮੁਬਾਰਕ-ਧਾਲੀਵਾਲ

ਸੁਲਤਾਨਪੁਰ ਲੋਧੀ, ਨਵੰਬਰ 2019-(ਮਨਜਿੰਦਰ ਗਿੱਲ)-

ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਜੋ ਕੇ ਪਿਛਲੇ 10 ਦਿਨਾਂ ਤੋਂ ਲਗਤਾਰ ਸੁਲਤਾਨ ਪੁਰ ਲੋਧੀ ਵਿਖੇ ਸੰਗਤਾਂ ਦੀ ਸੇਵਾ ਲਈ ਫਰੀ ਦਵਾਈਆਂ ਦੇ ਲੰਗਰ,ਫਰੀ ਮੁਢਲੀ ਮੈਡੀਕਲ ਸਹਾਇਤਾ ਅਤੇ 550 ਸਾਲਾਂ ਪ੍ਰਕਾਸ ਪੁਰਬ ਉਪਰ ਨਤਮਸਤਕ ਹੋਣ ਲਈ ਪਹੁੰਚ ਰਹਿਆ ਸੰਗਤਾਂ ਦੀ ਪਹਿਲੀ ਲਾਈਨ ਤੇ ਸੇਵਾ ਵਿਚ ਜੁਟੇ ਹੋਏ ਹਨ।ਅੱਜ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੁਨੀਆਂ ਵਿੱਚ ਵਸਣ ਵਾਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਿੱਛੇ 72 ਸਾਲਾਂ ਤੋਂ ਜੋ ਰਾਸਤਾ ਬੰਦ ਪਿਆ ਸੀ ਦੇ ਖੁਲਣ ਉਪਰ ਵਧਾਇਆ ਦਿਤੀਆਂ ਅਤੇ ਡਾ ਧਾਲੀਵਾਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਗੁਰੂ ਦੇ ਦੱਸੇ ਮਾਰਗ ਤੇ ਚਲਣ ਦੀ ਪ੍ਰੋੜਤਾ ਕੀਤੀ ਅਤੇ ਹੱਥ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਦੱਸੇ ਮਾਰਗ ਦੇ ਚੱਲਣ ਲਈ ਸਾਨੂੰ ਸਿਖਿਆ ਗੁਰੂ ਦੇ ਸ਼ਬਦ ਤੋ ਲੈਣ ਲਈ ਕੁਸ ਕਿਤਾਬਾਂ ਅਤੇ ਮਾਟੋ ਚੁੱਕ ਕੇ ਫੋਟੋ ਵੀ ਕਰਵਾਈ।ਚਾਹੇ ਮੈਂ ਕਲੀਨ ਛੇਵ ਹਾ ਪਰ ਹਰ ਵਕਤ ਇਹ ਹੀ ਕੋਸਿਸ ਰਹੀ ਹੈ ਕੇ ਗੁਰੂ ਸਾਹਿਬ ਵਲੋਂ ਦੱਸੇ ਰਸਤੇ ਦਾ ਪ੍ਰਚਾਰ ਕੀਤਾ ਜਾਵੇ ਅਤੇ ਆਪ ਚੱਲਿਆ ਜਾਵੇ।ਬਹੁਤ ਖੁਸ਼ੀ ਹੋਇਆ ਜਦੋ ਭਾਰਤ ਅਤੇ ਪਾਕਿਸਤਾਨ ਸਰਕਾਰ ਵਲੋਂ 72 ਸਾਲਾਂ ਤੋਂ ਇਸ ਬਣੀ ਕੰਡਿਆਲੀ ਤਾਰ ਨੂੰ ਤੋੜਿਆ ਅਤੇ ਆਪਸ ਵਿਚ ਪਿਆਰ ਅਤੇ ਸਦ ਭਾਵਨਾ ਦਾ ਦਰਵਾਜਾ ਖੋਲਿਆ।ਇਸ ਲਈ ਮੈਂ ਦੋਨਾਂ ਸਰਕਰਾ ਦਾ ਬਹੁਤ ਧੰਨਵਾਦੀ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਡੀਆਂ ਦੂਰੀਆਂ ਹੋਰ ਵੀ ਮਿਟਣ ।

ਇਤਿਹਾਸ ਸਿਰਜਿਆ ਜਾ ਚੁੱਕਿਆ,ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਜਸ਼ਨ

ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨੀ ਸਮਾਰੋਹ

ਇਮਰਾਨ ਖ਼ਾਨ ਨਾਲ ਪਹੁੰਚੇ ਨਵਜੋਤ ਸਿੰਘ ਸਿੱਧੂ

ਸ੍ਰੀ ਕਰਤਾਰਪੁਰਸਾਹਿਬ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

'ਲੀਡਰ ਨਫ਼ਰਤ ਫੈਲਾ ਕੇ ਵੋਟ ਨਹੀਂ ਮੰਗਦਾ',ਇਮਰਾਨ ਖ਼ਾਨ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖ ਭਾਈਚਾਰੇ ਵਿਚ ਕਿੰਨੀ ਅਹਿਮੀਅਤ ਹੈ। ਫਿਰ ਮੈਨੂੰ ਸਮਝ ਆਇਆ ਤੇ ਮੈਂ ਆਪਣੀ ਕੌਮ ਨੂੰ ਸਮਝਾਇਆ ਜਿਵੇਂ ਮਦੀਨੇ ਤੋਂ 5 ਕਿਲੋਮੀਟਰ ਦੂਰ ਹੀ ਖੜ੍ਹੇ ਹਾਂ ਪਰ ਉੱਥੇ ਜਾ ਨਾ ਸਕੀਏ।"

ਗੁਰੂ ਨਾਨਾਕ ਦੇ ਸਦਕਾ ਅੱਜ ਭਾਰਤ ਅਤੇ ਪਾਕਿਸਤਾਨ ਦੇ ਆਵਾਮ ਦੇ ਦਿਲ ਅੱਜ ਘੁਲ ਮਿਲ ਗਏ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਿਆ

ਅੱਲਾ ਦਾ ਬੰਦਾ,ਸਾਈ ਮੀਆਂ ਮੀਰ, ਪੀਰ ਬੁੱਧੂ ਸਾਹ, ਗਨੀ ਖਾ, ਨਬੀ ਖਾ ਵਰਗੇ ਗੁਰੂ ਪਿਆਰਿਆ ਦੇ ਵਾਗ ਸਿੱਖ ਇਤਹਾਸ ਚ ਦਰਜ ਹੋ ਗਿਆ ਹੈ ਇਮਰਾਨ ਖਾਨ ਦਾ ਨਾਮ

ਕਰਤਾਰਪੁਰ ਸਾਹਿਬ ਤੋਂ ਸਿੱਧੂ ਦਾ ਸਭ ਪਹਿਲਾਂ ਫੁੱਲ ਭਾਸ਼ਣ, ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਤੇ ਮੇਰੀ ਜੱਫੀ ਵੀ ਮੁਹੱਬਤ ਹੈ

ਕਰਤਾਰਪੁਰ ਸਾਹਿਬ ਲਾਂਘੇ ਦੇ ਜਸ਼ਨਾਂ ਦੌਰਾਨ ੲਿਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅਾਪਣੇ ਕੋਲ ਬਿਲਕੁਲ ਖੱਬੇ ਹੱਥ ਜਗ੍ਹਾ 'ਤੇ ਬਿਠਾੲਿਆ

 

 

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਸਦਾ ਲਈ ਉੱਕਰਿਆ ਗਿਆ ਹੈ। ਕਈ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਫਲ਼ ਵਜੋਂ, ਸੰਗਤ ਨੂੰ ਕਰਤਾਰਪੁਰ ਲਾਂਘੇ ਦੀ ਦਾਤ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਿੱਖ ਸੰਗਤ ਦੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਦੇ ਹੋਏ, ਲੱਗਿਆ ਜਿਵੇਂ ਮੇਰੇ ਵੱਡ-ਵਡੇਰਿਆਂ ਦਾ ਸਭ ਤੋਂ ਪਿਆਰਾ ਸੁਪਨਾ ਪੂਰਾ ਹੋਣ 'ਤੇ ਉਹ ਵੀ ਮੈਨੂੰ ਅਸ਼ੀਰਵਾਦ ਦੇ ਰਹੇ ਹੋਣ। ਸਿੱਖਾਂ ਦੇ ਹੱਕ 'ਚ ਖੜ੍ਹ ਕੇ ਇਸ ਪਵਿੱਤਰ ਯਾਤਰਾ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਲਈ, ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।

ਜਿਵੇਂ ਲੋਕੀ 9 ਨਵੰਬਰ ਨੂੰ ਬਰਲਿਨ ਦੀ ਦੀਵਾਰ ਦੇ ਡਿੱਗਣ ਲਈ ਯਾਦ ਕਰਦੇ ਸੀ, ਹੁਣ ਸੰਸਾਰ ਇਸ ਨੂੰ ਕਰਤਾਰਪੁਰ ਦੇ ਲਾਂਘੇ ਦੇ ਖੁੱਲ੍ਹਣ ਵਜੋਂ ਵੀ ਯਾਦ ਕਰਿਆ ਕਰੇਗਾ। ਸੰਗਤ ਦੀਆਂ 72 ਸਾਲਾਂ ਦੀਆਂ ਅਰਦਾਸਾਂ ਅੱਜ ਆਖ਼ਿਰਕਾਰ ਰੰਗ ਲਿਆਈਆਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ, ਹਾਜ਼ਰ ਹੋਈ ਸੰਗਤ 'ਚ ਇੱਕ ਇੱਕ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਕਰਦਾ ਹਾਂ ਕਿ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਵਾਲੇ ਪਹਿਲੇ ਜੱਥੇ 'ਚ ਪਰਿਵਾਰ ਸਮੇਤ ਪਹੁੰਚਣ ਦੀ ਦਾਤ ਦਿੱਤੀ। ਦੇਸ਼-ਵਿਦੇਸ਼ ਵਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੰਦੇ ਹੋਏ, ਇਸ ਲਾਸਾਨੀ ਤੋਹਫ਼ੇ ਲਈ ਮੈਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼ੁਕਰਗੁਜ਼ਾਰ ਹਾਂ

ਸ੍ਰੀ ਕਰਤਾਰਪੁਰ ਕੋਰੀਡੋਰ ਖੁਲਣ ਤੇ ਅੱਜ ਸੰਗਤਾਂ ਦਾ ਬਾਬੇ ਨਾਨਕ ਜੀ ਦੇ ਗੁਰਦਵਾਰਾ ਦੇਖਣ ਨੂੰ ਉਮੜਿਆ ਹੜ