You are here

ਪੰਜਾਬ

ਜੋਨ ਪੱਧਰੀ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਛੀਨੀਵਾਲ ਖੁਰਦ ਦੇ ਵਿਦਿਆਰਥੀਆਂ ਨੇ ਮਾਰੀਆ ਮੱਲਾਂ

ਬਰਨਾਲਾ, ਅਕਤੂਬਰ 2019-(ਗੁਰਸੇਵਕ ਸੋਹੀ)

ਜੋਨ ਚੰਨਵਾਲ,ਜਿਲਾ ਬਰਨਾਲਾ ਵਿਖੇ ਹੋਈ ਐਥਲੈਟਿਕ ਮੀਟ ਅਤੇ ਫੀਲਡ ਈਵੈਂਟਸ ਵਿੱਚ ਸਰਕਾਰੀ ਹਾਈ ਸਕੂਲ ਛੀਨੀਵਾਲ ਖੁਰਦ ਦੇ ਵਿਦਿਆਰਥੀਆਂ ਨੇ ਮਾਰੀਆ ਮੱਲਾਂ ਇਸ ਦੋਰਾਨ ਪਹਿਲੇ ਦਿਨ ਹੋਈਆਂ ਐਥਲੈਟਿਕਸ 6 ਗੋਲਡ 5 ਸਿਲਬਰ 4 ਬਰੋਂਜ ਮੈਡਲ ਜਿੱਤੇ ।ਜਦਕਿ ਦੂਜੇ ਦਿਨ ਹੋਈਆਂ ਐਬਲੈਟਿਕਸ ਵਿੱਚ 1ਗੋਲਡ,6 ਸਿਲਵਰ,2 ਬਰੌਂਜ਼ ਸਿਲਵਰ ਹਾਸਿਲ ਕੀਤੇ।ਇਸ ਵਿੱਚ 100 ਮੀਟਰ ਦੀ ਰੇਸ ਵਿੱਚ ਅਮਰਿੰਦਰ ਸਿੰਘ ਨੇ ਪਹਿਲਾ ਸਥਾਨ ,200 ਮੀਟਰ ਰੇਸ ਵਿੱਚ ਪਹਿਲਾਂ ਵਿੱਚ,400 ਮੀਟਰ ਰੇਸ ਵਿੱਚ ਪਹਿਲਾਂ ਸਥਾਨ ਰੂਸੀ ਕੁਮਾਰ ਨੇ ਲੰਬੀ ਛਾਲ ਵਿੱਚ ਗੁਰਸੇਵਕ ਸਿੰਘ ਨੇ ਪਹਿਲਾਂ ਸਥਾਨ ਸਰਟਪੁਟ ਵਿੱਚ ਲਾਲ ਚੰਦ ਨੇ ਪਹਿਲਾਂ ਸਥਾਨ,1500 ਮੀਟਰ ਵਿੱਚ ਸਨਦੀਪ ਸਿੰਘ ਨੇ ਪਹਿਲਾਂ ਸਥਾਨ, ਜੈਵਲਿਨ ਥ੍ਰੋ ਵਿੱਚ ਨੀਲਮ ਕੁਮਾਰੀ ਨੇ ਪਹਿਲਾਂ ਸਥਾਨ ਲੰਮੀ ਛਾਲ ਵਿੱਚ ਅਮਰਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਸਾਰਟਪੁਟ ਵਿੱਚ ਸਤਨਾਮ ਸਿੰਘ ਨੇ ਦੂਜਾ ਸਥਾਨ,100 ਮੀ:ਰੇਸ ਵਿੱਚ ਗੁਰਮੁਖ ਸਿੰਘ ਨੇ ਦੂਜਾ ਸਥਾਨ,800 ਮੀ:ਵਿੱਚ ਹਰਮਨ ਸਿੰਘ ਨੇ ਦੂਜਾ ਸਥਾਨ 200 ਮੀ:ਰੇਸ ਵਿੱਚ ਅਰਸਦੀਪ ਕੌਰ ਨੇ ਦੂਜਾ ਸਥਾਨ 400 ਮੀ:ਰੇਸ ਵਿੱਚ ਕਿਰਨਦੀਪ ਕੌਰ ਨੇ ਦੂਜਾ ਸਥਾਨ 800 ਮੀ: ਰੇਸ ਵਿੱਚ ਕਿਰਨਪ੍ਰੀਤ ਕੌਰ ਨੇ ਦੂਜਾ ਸਥਾਨ ,ਜਸਨਪ੍ਰੀਤ ਕੌਰ ਨੇ ਸਾਰਟਪੁਟ ਵਿੱਚ  ਦੂਜਾ ਸਥਾਨ ਜੈਵਲਿਨ ਥ੍ਰੋ ਵਿੱਚ ਸੁਮਨਪ੍ਰੀਤ ਕੌਰ ਨੇ ਦੂਜਾ ਸਥਾਨ ਸਾਰਟਪੁਟ ਵਿੱਚ ਗੁਰਦਰਸ਼ਨ ਸਿੰਘ ਤੇ ਸਤਿਨਾਮੁ ਸਿੰਘ  ,ਰਮਨਦੀਪ ਕੌਰ ਨੇ ਤੀਜਾ ਸਥਾਨ 100 ਮੀ:ਰੇਸ ਵਿੱਚ ਸਤਿਨਾਮ ਸਿੰਘ ਨੇ ਤੀਜਾ ਸਥਾਨ 1500ਮੀ:ਰੇਸ ਵਿੱਚ ਕਿਰਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ।ਜਗਦੀਪ ਸਿੰਘ ਕੰਪਿਊਟਰ ਅਧਿਆਪਕ, ਗਣਿਤ ਮਾਸਟਰ ਬੱਚਿਆਂ ਨਾਲ ਉਹਨਾਂ ਦੀ ਹੌਂਸਲਾ ਅਫਜਾਈ ਕਰਦੇ ਰਹੇ।ਸਕੂਲ ਦੇ ਮੁੱਖ ਅਧਿਆਪਕ ਮੱਘਰ ਸਿੰਘ,ਮਾਸਟਰ ਹਰਮੀਤ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਮੀਸੂ ਰਾਣੀ,ਮੈਡਮ ਬਲਵੰਤ ਕੌਰ, ਦਰਸ਼ਨ ਸਿੰਘ ਤੇ ਅਮਰਜੀਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਿਸ਼ੇਸ਼ ਬੱਸ 'ਚ 16 ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਕਰਵਾਏ ਜਾਣਗੇ ਦਰਸ਼ਨ

ਅੰਮਿ੍ਤਸਰ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਕ ਹੋਰ ਨਿਵੇਕਲੀ ਪਹਿਲ ਕਰਦਿਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੋਨੇ, ਹੀਰੇ ਤੇ ਲਾਲਾਂ ਦੀ ਸਿਆਹੀ ਨਾਲ ਤਿਆਰ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਾਉਣ ਲਈ ਅਤਿ-ਆਧੁਨਿਕ ਸਹੂਲਤਾਂ ਵਾਲੀ ਇਕ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ, ਜਿਸ 'ਤੇ 62 ਲੱਖ ਰੁਪਏ ਲਾਗਤ ਆਈ ਹੈ | ਟਰੱਸਟ ਦੇ ਬਾਨੀ ਤੇ ਉੱਘੇ ਸਮਾਜ ਸੇਵੀ ਡਾ: ਐਸ ਵੀ ਸਿੰਘ ਉਬਰਾਏ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਇਹ ਵਿਸ਼ੇਸ਼ ਬੱਸ 21 ਅਕਤੂਬਰ ਨੂੰ ਪੰਜਾਬੀ 'ਵਰਸਿਟੀ ਪਟਿਆਲਾ ਤੋਂ ਰਵਾਨਾ ਕੀਤੀ ਜਾਵੇਗੀ ਤੇ ਇਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬੱਸ 'ਚ 16 ਪੁਰਾਤਨ ਦੁਰਲੱਭ ਹੱਥ ਲਿਖਤ ਪਾਵਨ ਸਰੂਪ ਸੁਸ਼ੋਭਿਤ ਕੀਤੇ ਜਾਣਗੇ | ਟਰੱਸਟ ਦੀ ਸਥਾਨਕ ਜ਼ਿਲ੍ਹਾ ਇਕਾਈ ਦੇ ਪ੍ਰਬੰਧਕਾਂ ਸੁਖਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸੁਰੇਸ਼ ਕੁਮਾਰ, ਉਪ-ਕੁਲਪਤੀ ਡਾ: ਬੀ. ਐੱਸ. ਘੁੰਮਣ ਤੇ ਡਾ: ਐਸ. ਪੀ. ਸਿੰਘ ਓਬਰਾਏ 21 ਅਕਤੂਬਰ ਨੂੰ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਤੋਂ ਰਵਾਨਾ ਕਰਨਗੇ |

ਪਿੰਡ ਬੌਡੇ, ਮੋਗਾ ਨੇੜੇ ਵਾਪਰੇ ਸੜਕ ਹਾਦਸੇ 'ਚ 4 ਬਰਾਤੀਆਂ ਦੀ ਮੌਤ-3 ਗੰਭੀਰ ਜ਼ਖ਼ਮੀ

ਬੱਧਨੀ ਕਲਾਂ/ਮੋਗਾ, ਅਕਤੂਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )- ਬੀਤੀ ਦੇਰ ਸ਼ਾਮ ਮੋਗਾ ਬਰਨਾਲਾ ਰੋਡ 'ਤੇ ਪਿੰਡ ਬੌਡੇ ਕੋਲ ਵਾਪਰੇ ਦਰਦਨਾਕ ਸੜਕ ਹਾਦਸੇ 'ਚ 4 ਜਣਿਆਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਰੂਪ 'ਚ ਜ਼ਖਮੀ ਹੋ ਗਏ | ਜਾਣਕਾਰੀ ਮੁਤਾਬਿਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਤੋਂ ਜਸਪ੍ਰੀਤ ਸਿੰਘ ਲਾੜੀ ਨੂੰ ਵਿਆਹੁਣ ਲਈ ਸਥਾਨਕ ਮੋਗਾ ਸ਼ਹਿਰ ਦੇ ਪ੍ਰਾਈਮ ਫਾਰਮ 'ਚ ਆਇਆ ਸੀ ਤੇ ਜਦੋਂ ਬਰਾਤ ਵਾਪਸ ਪਰਤੀ ਤਾਂ ਕੁਝ ਬਰਾਤੀ ਆਪਣੀ ਬੋਲੈਰੋ ਗੱਡੀ 'ਤੇ ਸਵਾਰ ਹੋ ਕੇ ਵਾਪਸ ਤਾਜੋਕੇ ਜਾ ਰਹੇ ਸਨ | ਜਦੋਂ ਉਹ ਦੇਰ ਸ਼ਾਮ ਕਰੀਬ 9 ਵਜੇ ਮੋਗਾ ਬਰਨਾਲਾ ਰੋਡ 'ਤੇ ਪਿੰਡ ਬੌਡੇ ਕੋਲ ਪੁੱਜੇ ਤਾਂ ਅੱਗੇ ਤੋਂ ਆ ਰਹੀ ਮਾਲਵਾ ਟਰਾਂਸਪੋਰਟ ਕੰਪਨੀ ਦੀ ਬੱਸ ਨਾਲ ਉਨ੍ਹਾਂ ਦੀ ਬੋਲੈਰੋ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਬੋਲੈਰੋ ਗੱਡੀ 'ਚ ਸਵਾਰ ਸੁਖਪਾਲ ਸਿੰਘ (40) ਪੁੱਤਰ ਭੂਰਾ ਸਿੰਘ ਵਾਸੀ ਆਕਲੀਆ (ਮਾਨਸਾ), ਇਕਬਾਲ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਤਾਜੋਕੇ (ਬਰਨਾਲਾ), ਸੁਖਦੀਪ ਸਿੰਘ (27) ਪੁੱਤਰ ਕੁਲਵੰਤ ਸਿੰਘ ਵਾਸੀ ਤਾਜੋਕੇ, ਪੁਸ਼ਪਿੰਦਰ ਸਿੰਘ (30) ਪੁੱਤਰ ਜਿਉਣ ਸਿੰਘ ਵਾਸੀ ਤਾਜੋਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਹਰਪਾਲ ਸਿੰਘ ਤਾਜੋਕੇ, ਬਲਕਾਰ ਸਿੰਘ ਰਵੀ ਤਾਜੋਕੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਜਦਕਿ ਇਕ ਜ਼ਖਮੀ ਹਰਬੰਸ ਸਿੰਘ ਮੋਗਾ ਦੇ ਹਸਪਤਾਲ ਮਿਡੀਸਿਟੀ 'ਚ ਜੇਰੇ ਇਲਾਜ ਹੈ |

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੱਧਨੀ ਕਲਾਂ ਦੇ ਸਬ ਇੰਸਪੈਕਟਰ ਜਗਨਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸੱਜਣ ਸਿੰਘ ਮੌਕੇ 'ਤੇ ਪਹੁੰਚੇ | ਸਬ-ਇੰਸਪੈਕਟਰ ਜਗਨਦੀਪ ਸਿੰਘ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਜਦਕਿ ਬੱਸ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਬੱਸ ਚਾਲਕ ਉੱਪਰ ਅੰਡਰ ਸੈਕਸ਼ਨ 304 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਅੰਮ੍ਰਿਤਸਰ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਪਾਕਿਸਤਾਨ ਨਾਲ ਅੰਦਰੂਨੀ ਖਿੱਚੋਤਾਣ ਦੇ ਚੱਲਦਿਆਂ ਸਰਕਾਰ ਨੇ ਇਸ ਮੁੱਦੇ ’ਤੇ ਪਹਿਲ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤਾਂ ਨੂੰ ਲਿਆਉਣ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਪ੍ਰੋਗਰਾਮ ਉਦੋਂ ਉਲੀਕਿਆ ਹੈ ਜਦੋਂ ਕਰਤਾਰਪੁਰ ਲਾਂਘਾ ਖੋੋਲ੍ਹਣ ਵਿੱਚ ਸਿਰਫ ਤਿੰਨ ਹਫ਼ਤਿਆਂ ਦਾ ਸਮਾਂ ਬਾਕੀ ਹੈ। 

ਪਰਮਜੀਤ ਸਿੰਘ ਰਾਏਪੁਰ, ਢੇਸੀ ਪਰਿਵਾਰ ਤੇ ਅਕਾਲੀ ਕੌਸਲਰ ਸਪਰਾ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਫਗਵਾੜਾ,ਅਕਤੂਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-

 ਅੱਜ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਬਲ ਮਿਲਿਆ ਜਦੋਂ ਦੁਆਬੇ ਦੇ ਉੱਘੇ ਢੇਸੀ ਪਰਿਵਾਰ ਦੇ ਸ਼ੋ੍ਰਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਜਸਪਾਲ ਸਿੰਘ ਢੇਸੀ ਤੇ ਫਗਵਾੜਾ ਹਲਕੇ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਾਸਲਰ ਦਵਿੰਦਰ ਸਪਰਾ ਸਾਥੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਿਲ ਹੋ ਗਏ | ਇਸ ਮੌਕੇ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਉਹ ਕੈਪਟਨ ਦੀਆਂ ਨੀਤੀਆਂ ਤੇ ਉਨ੍ਹਾਂ ਦੇ ਸਪੱਸ਼ਟ ਸਟੈਂਡ ਕਰਕੇ ਹੀ ਕਾਂਗਰਸ 'ਚ ਸ਼ਾਮਿਲ ਹੋਏ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਤਰ੍ਹਾਂ ਦੇ ਕੇਸਾਂ ਖਾਸ ਕਰਕੇ ਬੇਅਦਬੀ ਕਾਂਡ ਕਾਰਨ ਉਨ੍ਹਾਂ ਦਾ ਦਿਲ ਬਹੁਤ ਦੁਖੀ ਹੋਇਆ ਹੈ | ਇਸ ਮੌਕੇ ਕੌਾਸਲਰ ਦਵਿੰਦਰ ਸਪਰਾ ਨੇ ਕਿਹਾ ਕਿ ਉਹ ਕਾਂਗਰਸ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ 'ਚ ਸ਼ਾਮਿਲ ਹੋਏ ਹਨ | ਇਸ ਮੌਕੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ, ਜਸਪਾਲ ਸਿੰਘ ਢੇਸੀ, ਸਤੀਸ਼ ਸਲਹੋਤਰਾ ਤੇ ਹੋਰ ਹਾਜ਼ਰ ਸਨ |

ਰਾਣਾ ਸੋਢੀ ਨੂੰ ਕੈਪਟਨ ਦੇ ਕਾਫ਼ਲੇ ਦੀ ਗੱਡੀ ’ਚ ਬੈਠਣ ਤੋਂ ਰੋਕਿਆ

ਮੋਹਲਾਂ/ਜਲਾਲਾਬਾਦ​, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

 ਜਲਾਲਾਬਾਦ ਹਲਕੇ ’ਚ ਚੋਣ ਪ੍ਰਚਾਰ ਲਈ ਲੰਬੀ ਇਲਾਕੇ ਦੇ ਪਿੰਡ ਮੋਹਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਵਾਨਾ ਹੋਣ ਮੌਕੇ ਸਥਿਤੀ ਉਦੋਂ ਹੈਰਾਨੀਜਨਕ ਬਣ ਗਈ ਜਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੇ ਕਾਫ਼ਲੇ ਦੀ ਸਰਕਾਰੀ ਗੱਡੀ ’ਚ ਬੈਠਣ ਤੋਂ ਰੋਕ ਦਿੱਤਾ ਗਿਆ। ਗੱਡੀ ਨੂੰ ਕਾਫ਼ਲੇ ਵਿਚ ਵੀ ਨਹੀਂ ਲੱਗਣ ਦਿੱਤਾ ਗਿਆ। ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਇਸ ਮੌਕੇ ਖੇਡ ਮੰਤਰੀ ਸੋਢੀ ਅੱਗੇ ਅੜਿੱਕਾ ਬਣ ਗਏ ਤੇ ਕਾਫ਼ਲੇ ਦੀ ਗੱਡੀ ਨੰਬਰ-1 ’ਚ ਬੈਠਣ ਦੀ ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੀ ਇੱਕ ਨਾ ਚੱਲੀ। ਸੂਬੇ ਦੀਆਂ ਤਾਕਵਰ ਸ਼ਖ਼ਸੀਅਤਾਂ ਵਿਚ ਸ਼ੁਮਾਰ ਤੇ ਕੈਪਟਨ ਦੇ ਨੇੜੇ ਮੰਨੇ ਜਾਂਦੇ ਖੇਡ ਮੰਤਰੀ ਸੋਢੀ ਇਸ ਦੌਰਾਨ ਜਨਤਕ ਤੌਰ ’ਤੇ ਸੜਕ ਉਤੇ ਬੇਵੱਸ ਨਜ਼ਰ ਆਏ। ਸਮੁੱਚਾ ਮਾਮਲਾ ਕਾਫ਼ਲੇ ਦੀ ਗੱਡੀ ਨੰਬਰ-2 ’ਚ ਬੈਠੇ ਮੁੱਖ ਮੰਤਰੀ ਦੇ ਸਾਹਮਣੇ ਵਾਪਰਿਆ, ਪਰ ਉਨ੍ਹਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਘਟਨਾਕ੍ਰਮ ਨੂੰ ਕੈਪਟਨ ਸਰਕਾਰ ਦੇ ਅੰਦਰੂਨੀ ਕਾਟੋ-ਕਲੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸਿਆਸੀ ਸੁੂਤਰਾਂ ਅਨੁਸਾਰ ਜਲਾਲਾਬਾਦ ਹਲਕੇ ਬਾਰੇ ਕੁਝ ਅੰਦਰੂਨੀ ਰਿਪੋਰਟਾਂ ਮਿਲਣ ਤੋਂ ਬਾਅਦ ਮਾਹੌਲ ਦਰੁਸਤ ਕਰਨ ਲਈ ਅਜਿਹੀ ਸਖ਼ਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦਾ ਹੈਲੀਕਾਪਟਰ ਅੱਜ ਕਰੀਬ ਸਾਢੇ 11 ਵਜੇ ਹੈਲੀਕਾਪਟਰ ਰਾਹੀਂ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ’ਚ ਉਤਰਿਆ ਜਿੱਥੋਂ ਉੁਨ੍ਹਾਂ ਸੜਕ ਰਸਤੇ ਜਲਾਲਾਬਾਦ ਜਾਣਾ ਸੀ। ਸਰਕਾਰੀ ਸਕੂਲ ’ਚ ਕੁਝ ਸਮਾਂ ਰੁਕਣ ਉਪਰੰਤ ਮੁੱਖ ਮੰਤਰੀ ਦਾ ਕਾਫ਼ਲਾ ਆਪਣੀ ਮੰਜ਼ਿਲ ਵੱਲ ਤੁਰ ਪਿਆ। 1.15 ਮਿੰਟ ਦੀ ਵਾਇਰਲ ਹੋਈ ਵੀਡੀਓ ’ਚ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਸਰਕਾਰੀ ਹਾਈ ਸਕੂਲ ਅੱਗੇ ਮੁੱਖ ਮੰਤਰੀ ਦੀਆਂ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ। ਮੁੱਖ ਮੰਤਰੀ ਦੇ ਕਾਫ਼ਲੇ ਦੀ ਗੱਡੀ ਨੰਬਰ ਇਕ ਦੀ ਪਿਛਲੀ ਤਾਕੀ ਖੋਲ੍ਹ ਬੈਠਣ ਲਈ ਤਿਆਰ ਸੋਢੀ ਮੁੱਖ ਸੁਰੱਖਿਆ ਸਲਾਹਾਕਾਰ ਖੂਬੀ ਰਾਮ ਨੂੰ ਰੋਸ ਭਰੇ ਲਹਿਜ਼ੇ ’ਚ ਕਹਿੰਦੇ ਸੁਣਾਈ ਦਿੰਦੇ ਹਨ ਕਿ ‘ਗੱਡੀ ਲਗਵਾਓ ਫੇਰ ਮੇਰੀ ਕਾਨਵਾਈ ਵਿੱਚ, ਨਹੀਂ ਤਾਂ, ਮੈਂ ਨਹੀਂ ਜਾਵਾਂਗਾ।’ ਇਸ ’ਤੇ ਖੂਬੀ ਰਾਮ ਆਖਦੇ ਹਨ ਕਿ ‘ਨਹੀਂ ਲੱਗੇਗੀ, ਸਰ, ਮੇਰੀ ਗੱਲ ਸੁਣੋ।’ ਰਾਣਾ ਸੋਢੀ ਇਤਰਾਜ਼ ਜਤਾਉਂਦੇ ਹਨ ਤਾਂ ਮੁੜ ਖੂਬੀ ਰਾਮ ਆਖਦੇ ਹਨ ‘ਆਪ ਬੱਸ ਤੱਕ ਆਓ, ਇਹ ਸਰਕਾਰੀ ਗੱਡੀ ਹੈ, ਬੱਸ ਵਿਚ ਬੈਠ ਜਾਣਾ, ਆਪਣੀ ਗੱਡੀ ਵਿਚ। ਇਸੇ ਵਿਚਕਾਰ ਵਿਧਾਇਕ ਰਾਜਾ ਵੜਿੰਗ ਵੀ ਰਾਣੀ ਸੋਢੀ ਲਈ ਹਾਅ ਦਾ ਨਾਅਰਾ ਮਾਰਨ ਲਈ ਪੁੱਜ ਜਾਂਦੇ ਹਨ ਅਤੇ ਖੂਬੀ ਰਾਮ ਵੱਲੋਂ ਨਾਂਹ ਸੁਣਨ ’ਤੇ ‘ਦਿਸ ਇਜ਼ ਨਾਟ ਰਾਈਟ’ ਕਹਿ ਕੇ ਚਲੇ ਜਾਂਦੇ ਹਨ। ਫੇਰ ਖੂਬੀ ਰਾਮ, ਸੋਢੀ ਨੂੰ ਆਖਦੇ ਹਨ ਕਿ ‘ਜ਼ਿੱਦ ਨਾ ਕਰੋ, ਮੈਂ ਉਨ੍ਹਾਂ ਨੂੰ ਦੱਸ ਦਿਆਂਗਾ।’ ਇਸ ਤੋਂ ਬਾਅਦ ਖੇਡ ਮੰਤਰੀ ਰਾਣਾ ਸੋਢੀ ਆਪਣੀ ਗੱਡੀ ਦੀ ਉਡੀਕ ਕਰਨ ਲੱਗਦੇ ਹਨ ਅਤੇ ਮੁੱਖ ਮੰਤਰੀ ਦੀ ਗੱਡੀ ਸੋਢੀ ਦੇ ਸਾਹਮਣਿਓਂ ਲੰਘਦੀ ਹੈ। ਘਟਨਾਕ੍ਰਮ ਬਾਰੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

ਕਰਤਾਰਪੁਰ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਡੇਰਾ ਬਾਬਾ ਨਾਨਕ, ਅਕਤੂਬਰ 2019-( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ 20 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਭਾਰਤ ਵਾਲੇ ਪਾਸੇ ‘ਜ਼ੀਰੋ ਲਾਈਨ’ ਨੂੰ ਪਾਕਿਸਤਾਨ ਨਾਲ ਜੋੜਦੇ ਚਹੁੰ-ਮਾਰਗੀ ਹਾਈਵੇਅ ਦਾ ਨਿਰਮਾਣ ਕਾਰਜ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਸਰੱਹਦ ਪਾਰ ਇਸ ਕੰਮ ਦੀ ਰਫ਼ਤਾਰ ਕਾਫੀ ਮੱਠੀ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਭਾਰਤ ਦੀ ਲੈਂਡ ਪੋਰਟ ਅਥਾਰਿਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਜਾਣ ਲਈ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ 20 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।’’ ਉਨ੍ਹਾਂ ਕਿਹਾ ਕਿ ਚਹੁੰ-ਮਾਰਗੀ ਹਾਈਵੇਅ ਅਤੇ ਸਟੇਟ-ਆਫ-ਆਰਟ ਯਾਤਰੀ ਟਰਮੀਨਲ, ਜਿਸ ਦੀ 5000 ਯਾਤਰੀਆਂ ਦੀ ਸਮਰੱਥਾ ਹੈ, ਦਾ ਕੰਮ ਅਕਤੂਬਰ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਦੂਜੇ ਪਾਸੇ, ਪਾਕਿਸਤਾਨ ਵਾਲੇ ਪਾਸੇ ਕੰਮ ਦੀ ਮੱਠੀ ਰਫ਼ਤਾਰ ਭਾਰਤ ਵਾਲੇ ਪਾਸਿਓਂ ਸਾਫ਼ ਦਿਖਾਈ ਦਿੰਦੀ ਹੈ ਕਿਉਂਕਿ ਸੜਕ ਅਤੇ ਪੁਲ, ਜੋ ਭਾਰਤ ਵੱਲ ਬਣੀ ਚਹੁੰ-ਮਾਰਗੀ ਸੜਕ ਨੂੰ ਜੋੜੇਗਾ, ਉੱਪਰ ਕੋਈ ਕੰਮ ਨਹੀਂ ਚੱਲ ਰਿਹਾ ਹੈ। ਗੋਵਿੰਦ ਮੋਹਨ ਨੇ ਕਿਹਾ, ‘‘ਪਾਕਿਸਤਾਨ ਨੇ ਨਿਰਮਾਣ ਮੁਲਤਵੀ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਕੰਮ ਸਹੀ ਸਮੇਂ ’ਤੇ ਮੁਕੰਮਲ ਕਰ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਪੁਲ ਅਤੇ ਸੜਕ ਨਾ ਬਣਨ ਕਾਰਨ ਬਦਲ ਵਜੋਂ ਜ਼ੀਰੋ ਪੁਆਇੰਟ ਤੱਕ ਵੱਖਰੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਲੋਂ ਆਪਣੇ ਪਾਸੇ ਦੇ ਸੇਵਾ ਕੇਂਦਰ ਤੋਂ ਜ਼ੀਰੋ ਪੁਆਇੰਟ ਤੱਕ ਯਾਤਰੀਆਂ ਨੂੰ ਲਿਜਾਣ ਅਤੇ ਛੱਡਣ ਲਈ ਆਵਾਜਾਈ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਲੋਂ ਹਾਲੇ ਵੀ ਗੁਆਂਢੀ ਮੁਲਕ ਵਲੋਂ ਹਰੇਕ ਸ਼ਰਧਾਲੂ ਲਈ ਰੱਖੀ ਗਈ 20 ਡਾਲਰ (ਅਮਰੀਕੀ) ਫੀਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।

ਮਨਰੇਗਾ ਸਕੀਮ ਤਹਿਤ ਪਿੰਡ ਭੋਤਨਾ ਦੇ ਛੱਪੜ ਤੇ ਪਿੰਡ ਦੀ ਸਫਾਈ ਦੀ ਸੁਰੂਆਤ ਕੀਤੀ

ਬਰਨਾਲਾ,ਅਕਤੂਬਰ 2019 -(ਗੁਰਸੇਵਕ ਸੋਹੀ)- ਗ੍ਰਾਮ ਪੰਚਾਇਤ ਪਿੰਡ ਭੋਤਨਾ ਵੱਲੋਂ ਮਨਰੇਗਾ ਸਕੀਮ ਤਹਿਤ ਕੰਮ ਚਾਲੂ ਕਰਵਾਕੇ ਛੱਪੜ ਦੀ ਅਤੇ ਪਿੰਡ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਸਰਪੰਚ ਬੁੱਧ ਸਿੰਘ ਭੋਤਨਾ ਨੇ ਮਨਰੇਗਾ ਸਕੀਮ ਤਹਿਤ ਪੂਰੇ ਪਿੰਡ ਦੀ ਸਫਾਈ ਕਰਵਾਈ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਸਰਕਾਰਾਂ ਵੱਲੋਂ ਹੋਰ ਵੀ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਪਿੰਡ ਵਾਸੀਆਂ ਨੂੰ ਹਰ ਸਮੇਂ ਜਾਗਰੂਕ ਕਰ ਰਹੇ ਹਾਂ ਅਤੇ ਕੋਈ ਵੀ ਲਾਭ ਪਾਤਰੀ ਸਕੀਮਾਂ ਤੋਂ ਵਾਝੇ ਨਾ ਰਹਿ ਸਕਨ।ਇਸ ਸਮੇਂ ਪੰਚ ਬਲੋਰ ਸਿੰਘ, ਪੰਚ ਭੋਲਾ ਸਿੰਘ, ਪੰਚ ਅਵਤਾਰ ਸਿੰਘ, ਪੰਚ ਜੋਰਾ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਜਸਪ੍ਰੀਤ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਪਰਮਜੀਤ ਕੌਰ, ਪੰਚ ਜਸਵਿੰਦਰ ਕੌਰ।

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ

1 ਲੱਖ ਦੇਸੀ ਘਿਉ ਦੇ ਦੀਵਿਆਂ ਦੀ ਵੀ ਦੀਪਮਾਲਾ ਕੀਤੀ ਗਈ

ਅੰਮਿ੍ਤਸਰ, ਅਕਤੂਬਰ 2019- (ਇਕਬਾਲ ਸਿੰਘ ਰਸੂਲਪੁਰ )- 

 ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਬੀਤੀ ਰਾਤ ਤੋਂ ਅੱਜ ਅੱਧੀ ਰਾਤ ਤੱਕ ਇਸ ਪਾਵਨ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਮੁਲਕਾਂ ਤੋਂ 8 ਲੱਖ ਦੇ ਕਰੀਬ ਲੱਖਾਂ ਸੰਗਤਾਂ ਉਤਸ਼ਾਹ ਸਹਿਤ ਸ਼ਾਮਿਲ ਹੋਈਆਂ, ਜਿਨ੍ਹਾਂ ਪਵਿੱਤਰ ਅੰਮਿ੍ਤ ਸਰੋਵਰ 'ਚ ਇਸ਼ਨਾਨ ਕਰਕੇ ਗੁਰੂ ਦਰ 'ਤੇ ਮੱਥਾ ਟੇਕਿਆ ਤੇ ਵੱਖਵੱਖ ਰਾਗੀ ਜਥਿਆਂ ਤੋਂ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕੀਤਾ |  ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦੋ ਤੋਂ ਤਿੰਨ ਘੰਟਿਆਂ ਤੋਂ ਵੀ ਵੱਧ ਸਮਾਂ ਕਤਾਰਾਂ 'ਚ ਖੜ੍ਹੇ ਹੋਣਾ ਪਿਆ | ਸੁੰਦਰ ਜਲੌ ਸਜਾਏ

ਸਵੇਰੇ 8 ਤੋਂ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਜਲੌ ਵੀ ਸਜਾਏ ਗਏ, ਜਿਸ ਦੌਰਾਨ ਗੁਰੂ ਘਰ ਦੇ ਤੋਸ਼ਾਖਾਨੇ 'ਚ ਰੱਖੀਆਂ ਗਈਆਂ ਬੇਸ਼ਕੀਮਤੀ ਵਸਤੂਆਂ, ਜਿਨ੍ਹਾਂ 'ਚ ਸੋਨੇ ਦੇ ਦਰਵਾਜ਼ੇ, ਚਾਂਦੀ ਦੇ ਦਸਤਿਆਂ ਵਾਲੀਆਂ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬਾਟੇ, ਨੌ ਲੱਖਾ ਹਾਰ, ਨੀਲਮ ਦਾ ਮੋਰ, ਜੜਾਊ ਸਿਹਰਾ ਤੇ ਹੋਰ ਵਸਤਾਂ ਸ਼ਾਮਿਲ ਸਨ, ਦੇ ਸੰਗਤਾਂ ਨੇ ਦਰਸ਼ਨ ਕੀਤੇ |
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੰਗ ਬਿਰੰਗੇ ਬਿਜਲਈ ਬਲਬਾਂ ਤੇ ਲੜੀਆਂ ਦੀ ਆਧੁਨਿਕ ਦੀਪਮਾਲਾ ਤੋਂ ਇਲਾਵਾ ਇਸ ਵਾਰ ਰਵਾਇਤੀ ਦੀਪਮਾਲਾ ਨੂੰ ਉਤਸ਼ਾਹਿਤ ਕਰਨ ਹਿਤ 1 ਲੱਖ ਦੇਸੀ ਘਿਉ ਦੇ ਦੀਵਿਆਂ ਦੀ ਵੀ ਦੀਪਮਾਲਾ ਕੀਤੀ ਗਈ |
ਇਸ ਸਬੰਧੀ ਸਮੂਹ ਦੇ ਸਾਰੇ 8 ਦਰਵਾਜ਼ਿਆਂ ਦੇ ਬਾਹਰ ਦੀਵੇ ਵੱਟੀਆਂ ਤੇ ਦੇਸੀ ਘਿਉ ਮੇਜ਼ਾਂ 'ਤੇ ਸੰਗਤਾਂ ਲਈ ਰੱਖੇ ਹੋਏ ਸਨ | ਇਹ ਦੀਵੇ ਜਦੋਂ ਪਰਿਕਰਮਾ 'ਚ ਸਰੋਵਰ ਦੀਆਂ ਪੌੜੀਆਂ ਦੇ ਕਿਨਾਰੇ ਜਗਾ ਕੇ ਰੱਖੇ ਗਏ ਤਾਂ ਅਲੌਕਿਕ ਨਜ਼ਾਰਾ ਪੇਸ਼ ਕਰਦੇ ਸਨ | ਰਾਤ ਨੂੰ ਲੱਖਾਂ ਸੰਗਤਾਂ ਨੇ ਪਰਿਕਰਮਾ 'ਚ ਬੈਠ ਕੇ ਸਮੂਹ ਵਿਖੇ ਕੀਤੀ ਗਈ ਦੀਪਮਾਲਾ ਤੇ ਚਲਾਈ ਗਈ ਆਤਿਸ਼ਬਾਜ਼ੀ ਦਾ ਅਨੰਦ ਮਾਣਿਆ |
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਗੁਰਮਤਿ ਸਮਾਗਮ ਸਜਾਏ ਗਏ, ਜਿਸ ਦੌਰਾਨ ਕੌਮ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ | ਇਸ ਮੌਕੇ ਵੱਖ-ਵੱਖ ਗੁਰਮਤਿ ਮੁਕਾਬਲਿਆਂ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਕਵੀ ਦਰਬਾਰ 'ਚ ਪੰਥਕ ਕਵੀਆਂ ਨੇ ਚੌਥੇ ਪਾਤਸ਼ਾਹ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੀ ਮਨੁੱਖਤਾ ਲਈ ਮਹਾਨ ਦੇਣ ਧਾਰਮਿਕ ਕਵਿਤਾਵਾਂ ਰਾਹੀਂ ਸੰਗਤਾਂ ਨਾਲ ਸਾਂਝਾ ਕੀਤਾ |
 ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਹਿਰ ਦੇ ਵੱਖ ਵੱਖ ਧਰਮਾਂ ਨਾਲ ਸਬੰਧਤ 52 ਕਿਰਤੀਆਂ ਨੂੰ 11-11 ਹਜ਼ਾਰ ਰੁਪਏ ਤੇ 52 ਹੋਣਹਾਰ ਲੋੜਵੰਦ ਵਿਦਿਆਰਥੀਆਂ ਨੂੰ 51-51 ਸੌ ਰੁਪਏ ਦੀ ਰਾਸ਼ੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਸਨਮਾਨਿਤ ਕੀਤਾ ਗਿਆ |

ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਮੁੱਖ ਮੰਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਬੇਨਤੀ

ਮੁੱਖ ਮੰਤਰੀ ਦਾ ਪੱਤਰ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ

ਅੰਮਿ੍ਤਸਰ,ਅਕਤੂਬਰ 2019- ( ਇਕਬਲ ਸਿੰਘ ਰਸੂਲਪੁਰ  )-

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਇਕ ਸਾਂਝੀ ਸਟੇਜ 'ਤੇ ਮਨਾਏ ਜਾਣ ਸਬੰਧੀ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਪੰਡਾਲ ਵਿਚ ਹੀ ਪੰਜ ਸਿੰਘ ਸਾਹਿਬਾਨ ਦੀ ਅਗਵਾਈ 'ਚ ਮੁੱਖ ਸਮਾਗਮ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਹੈ | ਜਦੋਂ ਕਿ ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਇਸ ਪੇਸ਼ਕਸ਼ 'ਤੇ ਪੰਜ ਸਿੰਘ ਸਾਹਿਬਾਨ ਦੀ 21 ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ ਵਿਚ ਵਿਚਾਰ ਕੀਤਾ ਜਾਵੇਗਾ | ਅੱਜ ਦੋ ਕੈਬਨਿਟ ਮੰਤਰੀਆਂ ਤੇ 5 ਮੈਂਬਰੀ ਸਾਂਝੀ ਤਾਲਮੇਲ ਕਮੇਟੀ ਦੇ ਪੰਜਾਬ ਸਰਕਾਰ ਵਲੋਂ ਮੈਂਬਰਾਂ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਵਲੋਂ ਸੀਲਬੰਦ ਲਿਫ਼ਾਫ਼ੇ ਵਿਚ ਭੇਜਿਆ ਗਿਆ ਪੱਤਰ ਸੌਾਪਿਆ | ਜਾਣਕਾਰੀ ਅਨੁਸਾਰ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੀ ਮੁੱਖ ਮੰਤਰੀ ਨਾਲ ਮੋਬਾਈਲ 'ਤੇ ਕਾਫ਼ੀ ਸਮਾਂ ਗੱਲਬਾਤ ਵੀ ਹੋਈ | ਇਸ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਸਾਂਝੀ ਸਟੇਜ ਦੇ ਮਾਮਲੇ ਦੀ ਸਾਰੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਾਈ ਹੈ | ਉਨ੍ਹਾਂ ਕਿਹਾ ਕਿ ਅੱਜ ਖੁੱਲ੍ਹ ਕੇ ਵਿਚਾਰਾਂ ਹੋਈਆਂ ਹਨ ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਵੀ ਅਕਾਲ ਤਖ਼ਤ ਸਾਹਿਬ ਤੋਂ ਫ਼ੈਸਲਾ ਹੋਵੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਅਕਾਲ ਤਖ਼ਤ ਸਾਹਿਬ 'ਤੇ ਭਰੋਸਾ ਪ੍ਰਗਟਾਇਆ ਹੈ, ਉਸ ਲਈ ਉਹ ਧੰਨਵਾਦੀ ਹਨ | ਸਾਂਝੀ ਸਟੇਜ ਪ੍ਰਤੀ ਆਸ਼ਾਵਾਦੀ ਨਜ਼ਰ ਆਉਂਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਪੇਸ਼ਕਸ਼ ਬਾਰੇ 21 ਅਕਤੂਬਰ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਵਿਚਾਰ ਕੀਤਾ ਜਾਵੇਗਾ ਤੇ ਸ਼ੋ੍ਰਮਣੀ ਕਮੇਟੀ ਕਿਉਂਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਉਸ ਦਾ ਪੂਰਾ ਮਾਣ ਸਤਿਕਾਰ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ 11 ਤੇ 12 ਨਵੰਬਰ ਦੇ ਸਮਾਗਮ ਇੱਕ ਹੀ ਸਟੇਜ 'ਤੇ ਸਾਂਝੇ ਤੌਰ 'ਤੇ ਮਨਾਏ ਜਾਣ | ਉਨ੍ਹਾਂ ਕਿਹਾ ਕਿ ਮੁੱਖ ਸਮਾਗਮ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਤੇ ਸਟੇਜ 'ਤੇ ਕੋਈ ਕੁਰਸੀ ਨਹੀਂ ਲੱਗੇਗੀ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੀ ਹਾਜ਼ਰ ਸਨ |

ਛੇਕੇ ਵਿਅਕਤੀਆਂ ਨੂੰ ਪੰਥ 'ਚ ਵਾਪਸੀ ਦਾ ਦਿੱਤਾ ਜਾਵੇਗਾ ਮੌਕਾ- ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, ਅਕਤੂਬਰ 2019- (ਸਤਪਾਲ ਸਿੰਘ ਦੇਹੜਕਾ )-

 ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਤੇ ਸਮੇਂ ਦੌਰਾਨ ਕਿਸੇ ਕਾਰਨ ਪੰਥ 'ਚੋਂ ਛੇਕੇ ਵਿਅਕਤੀਆਂ ਦੀ ਪੰਥ 'ਚ ਮੁੜ ਵਾਪਸੀ ਲਈ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁੱਲੀ ਪੇਸ਼ਕਸ਼ ਦਿੰਦਿਆਂ ਕਿਹਾ ਹੈ ਕਿ ਗੁਰੂ ਸਾਹਿਬਾਨ ਦੇੇ ਸਮੇਂ ਤੋਂ ਛੇਕੇ ਵਿਅਕਤੀਆਂ ਤੇ ਡੇਰਾ ਸਿਰਸਾ ਮੁਖੀ ਤੇ ਨਿਰੰਕਾਰੀਆਂ ਨੂੰ ਛੱਡ ਕੇ ਵਿਅਕਤੀਗਤ ਗਲਤੀਆਂ ਕਾਰਨ ਪੰਥ 'ਚੋਂ ਛੇਕੇ ਸਿੱਖਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸੰਪਰਕ ਕਰਨ ਤੇ ਉਨ੍ਹਾਂ ਦੇ ਮਾਮਲਿਆਂ ਬਾਰੇ ਸਿੰਘ ਸਾਹਿਬਾਨ ਵਲੋਂ ਵਿਚਾਰ ਕੀਤਾ ਜਾਵੇਗਾ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਅਕਾਲ ਤਖ਼ਤ ਸਾਹਿਬ ਵਲੋਂ ਛੇਕੇ ਹੋਏ ਵਿਅਕਤੀਆਂ ਨੂੰ ਮੁੜ ਪੰਥ 'ਚ ਸ਼ਾਮਿਲ ਹੋਣ ਦਾ ਮੌਕਾ ਦੇਣ ਲਈ ਪੰਜ ਸਿੰਘ ਸਾਹਿਬਾਨ ਦੀ 21 ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ 'ਚ ਭੁੱਲ ਬਖ਼ਸ਼ਾਉਣ ਲਈ ਆਈਆਂ ਦਰਖਾਸਤਾਂ 'ਤੇ ਵਿਚਾਰ ਕੀਤਾ ਜਾਵੇਗਾ, ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਮੁਖੀ, ਨਿਰੰਕਾਰੀਆਂ ਤੇ ਗੁਰੂ ਕਾਲ ਤੋਂ ਛੇਕੇ ਗਏ ਵਿਅਕਤੀਆਂ ਜਾਂ ਪਰਿਵਾਰਾਂ ਲਈ ਇਹ ਪੇਸ਼ਕਸ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਤੱਕ ਅਕਾਲ ਤਖ਼ਤ ਸਾਹਿਬ ਵਿਖੇ ਚੀਫ਼ ਖਾਲਸਾ ਦੀਵਾਨ ਦੇ ਤਤਕਾਲੀ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀਆਂ ਮੁਆਫੀ ਲਈ ਦਰਖਾਸਤਾਂ ਪੁੱਜੀਆਂ ਹੋਈਆਂ ਹਨ | ਇਸ ਮੌਕੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਹਾਜ਼ਰ ਸਨ |

ਕੈਪਟਨ ਤੇ ਬਾਦਲਾ ਦੀ ਮਿਲੀਭੁਗਤ ਦੇ ਦੋਸ਼ਾਂ ਕਾਰਨ ਬੇਅਦਬੀ ਦੇ ਕੇਸ ਕਮਜ਼ੋਰ ਹੋਣ ਦਾ ਦੋਵਾਂ ਧਿਰਾਂ ਕੋਈ ਜਵਾਬ ਨਾ ਦਿੱਤਾ

ਚੰਡੀਗੜ੍ਹ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ )-

ਸੀ.ਬੀ.ਆਈ. ਦੀ ਮੋਹਾਲੀ ਸਥਿਤ ਅਦਾਲਤ, ਜਿਸ ਵਲੋਂ ਬਰਗਾੜੀ ਤੇ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਕੇਸਾਂ ਤੇ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ 'ਤੇ ਵਿਚਾਰ ਕੀਤਾ ਜਾ ਰਿਹਾ ਹੈ, 'ਚ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਵਲੋਂ ਦਾਇਰ ਕੀਤੀ ਅਰਜ਼ੀ ਨੂੰ ਲੈ ਕੇ ਦਿਲਚਸਪ ਸਥਿਤੀ ਪੈਦਾ ਹੋ ਗਈ ਹੈ | ਸ. ਜਲਾਲ, ਜੋ ਕਿ ਇਸ ਵੇਲੇ ਦਾਖਾ ਜ਼ਿਮਨੀ ਚੋਣ ਲਈ ਵੀ ਉਮੀਦਵਾਰ ਹਨ, ਨੇ ਸੀ.ਬੀ.ਆਈ. ਅਦਾਲਤ 'ਚ ਅਰਜ਼ੀ ਦਾਇਰ ਕਰਕੇ ਉਕਤ ਕੇਸ 'ਚ ਧਿਰ ਬਣਨ ਦੀ ਮੰਗ ਕੀਤੀ ਸੀ ਤੇ ਦੋਸ਼ ਲਗਾਏ ਗਏ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਸ 'ਚ ਮਿਲੇ ਹੋਏ ਹਨ ਤੇ ਉਨ੍ਹਾਂ ਦੀ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਤੱਕ ਪੁੱਜਣ 'ਚ ਕੋਈ ਦਿਲਚਸਪੀ ਨਹੀਂ ਕਿਉਂਕਿ ਕਥਿਤ ਦੋਸ਼ੀਆਂ ਨਾਲ ਉਨ੍ਹਾਂ ਦੇ ਆਪਣੇ ਵੀ ਨੇੜਲੇ ਸਬੰਧ ਹਨ | ਸ. ਜਲਾਲ ਨੇ ਅਦਾਲਤ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰੋਟੈਸਟ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਹ ਅਦਾਲਤ ਨੂੰ ਇਸ ਕੇਸ 'ਚ ਅਸਲ ਦੋਸ਼ੀਆਂ ਤੱਕ ਪਹੁੰਚਾਉਣ ਲਈ ਮਦਦ ਦੇਣਾ ਚਾਹੁੰਦੇ ਹਨ | ਸ. ਜਲਾਲ ਨੇ ਆਪਣੀ ਅਰਜ਼ੀ 'ਚ ਦੋਸ਼ ਲਗਾਏ ਹਨ ਕਿ ਸਿਆਸੀ ਮਨੋਰਥਾਂ ਕਰਕੇ ਕੇਸ ਨੂੰ ਲਗਾਤਾਰ ਕਮਜ਼ੋਰ ਕੀਤਾ ਗਿਆ ਹੈ ਤੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੈਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਵੀ ਮਿਲ ਕੇ ਇਨ੍ਹਾਂ ਘਟਨਾਵਾਂ ਸਬੰਧੀ ਸਾਰੀ ਜਾਣਕਾਰੀ ਦਿੱਤੀ ਸੀ | ਸ. ਜਲਾਲ, ਜਿਸ ਵਲੋਂ ਅਕਾਲੀ ਦਲ ਤੇ ਕਾਂਗਰਸ ਦੋਵਾਂ ਦੇ ਮੁੱਖ ਆਗੂਆਂ 'ਤੇ ਡੇਰਾ ਸਿਰਸਾ ਨਾਲ ਸਿਆਸੀ ਸਬੰਧਾਂ ਦੇ ਦੋਸ਼ ਲਗਾਉਂਦਿਆਂ ਸਿਆਸੀ ਕਾਰਨਾਂ ਕਰਕੇ ਦੋਵਾਂ ਧਿਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਏ ਗਏ ਤੇ ਅਦਾਲਤ ਤੋਂ ਕੇਸ 'ਚ ਬਕਾਇਦਾ ਧਿਰ ਬਣ ਕੇ ਆਪਣੇ ਇਨ੍ਹਾਂ ਦੋਸ਼ਾਂ ਸਬੰਧੀ ਸਬੂਤ ਪੇਸ਼ ਕਰਨ ਦੀ ਵੀ ਗੱਲ ਕਹੀ, ਬਾਰੇ ਅਦਾਲਤ ਵਲੋਂ ਇਸ ਕੇਸ 'ਚ ਸਾਰੀਆਂ ਧਿਰਾਂ ਨੂੰ 25 ਸਤੰਬਰ 2019 ਤੱਕ ਆਪਣੇ ਜਵਾਬ ਦਾਅਵੇ ਦਾਇਰ ਕਰਨ ਦਾ ਸਮਾਂ ਦਿੱਤਾ ਗਿਆ ਸੀ | ਅਦਾਲਤ ਵਲੋਂ 3 ਮੁੱਖ ਮੁੱਦਿਆਂ 'ਤੇ, ਜਿਨ੍ਹਾਂ 'ਚੋਂ ਇਕ ਹਰਬੰਸ ਸਿੰਘ ਜਲਾਲ ਦੀ ਉਕਤ ਅਰਜ਼ੀ ਸੀ, ਤੇ ਸਾਰੀਆਂ ਧਿਰਾਂ ਤੋਂ ਜਵਾਬ ਦਾਅਵੇ ਮੰਗਣ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਅਦਾਲਤ ਵਲੋਂ ਸਮੇਂ 'ਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ | ਹਾਲਾਂਕਿ ਇਸ ਕੇਸ 'ਚ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਅਟਾਰਨੀ ਪੇਸ਼ ਹੁੰਦੇ ਹਨ ਤੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਵਿਰੁੱਧ ਕੋਈ ਦੂਸ਼ਣਬਾਜ਼ੀ ਦਾ ਨੋਟਿਸ ਲਿਆ ਜਾਣਾ ਚਾਹੀਦਾ ਸੀ ਜਦਕਿ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਕੁਲਵਿੰਦਰ ਸਿੰਘ, ਜੋ ਕਿ ਇਸ ਕੇਸ 'ਚ ਸ਼ਿਕਾਇਤ ਕਰਤਾ ਹਨ, ਵਲੋਂ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੀ ਟੀਮ ਪੇਸ਼ ਹੁੰਦੀ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਸ. ਜਲਾਲ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਜੋ ਕਿ ਖ਼ੁਦ ਇਸ ਕੇਸ 'ਚ ਧਿਰ ਨਹੀਂ ਹਨ, ਵਿਰੁੱਧ ਕੀਤੀ ਗਈ ਦੂਸ਼ਣਬਾਜ਼ੀ ਦਾ ਨੋਟਿਸ ਲੈਣ ਜਾਂ ਜਵਾਬ ਦੇਣ ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ | ਅਦਾਲਤ ਵਲੋਂ ਨਿਰਧਾਰਤ ਕੀਤੀ ਗਈ 25 ਸਤੰਬਰ 2019 ਦੀ ਤਰੀਕ ਤੱਕ ਕੇਵਲ 2 ਸ਼ਿਕਾਇਤਕਰਤਾ ਗੋਰਾ ਸਿੰਘ ਤੇ ਰਣਜੀਤ ਸਿੰਘ ਵਲੋਂ ਪੇਸ਼ ਹੁੰਦੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਵਲੋਂ ਹੀ ਸ. ਜਲਾਲ ਦੀ ਪ੍ਰੋਟੈਸਟ ਪਟੀਸ਼ਨ ਵਿਰੁੱਧ ਆਪਣਾ ਜਵਾਬ ਦਾਇਰ ਕੀਤਾ ਗਿਆ ਤੇ ਅਦਾਲਤ ਵਲੋਂ ਹੁਣ ਸ. ਜਲਾਲ ਦੀ ਅਰਜ਼ੀ 'ਤੇ ਸੀ.ਬੀ.ਆਈ. ਦੇ ਵਕੀਲ ਵਲੋਂ 30 ਅਕਤੂਬਰ 2019 ਨੂੰ ਕਲੋਜ਼ਰ ਰਿਪੋਰਟ ਵਾਪਸ ਲੈਣ ਸਬੰਧੀ ਦਿੱਤੀ ਅਰਜ਼ੀ 'ਤੇ ਬਹਿਸ ਰੱਖੀ ਹੋਈ ਹੈ | ਸਰਕਾਰੀ ਧਿਰ ਤੇ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਵਲੋਂ ਕਿਉਂਕਿ ਸ. ਜਲਾਲ ਦੀ ਅਰਜ਼ੀ ਸਬੰਧੀ ਕੋਈ ਜਵਾਬ ਦਾਇਰ ਨਹੀਂ ਕੀਤਾ ਗਿਆ, ਇਸ ਕਾਰਨ ਦੋਵਾਂ ਧਿਰਾਂ ਨੂੰ ਕਸੂਤੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸ. ਜਲਾਲ ਇਹ ਸਟੈਂਡ ਲੈ ਸਕਦੇ ਹਨ ਕਿ ਉਕਤ ਦੋਵਾਂ ਧਿਰਾਂ ਵਲੋਂ ਜਵਾਬ ਨਾ ਦੇਣ ਕਾਰਨ ਉਨ੍ਹਾਂ ਵਲੋਂ ਮੇਰੇ ਦੋਸ਼ ਪ੍ਰਵਾਨ ਕਰ ਲਏ ਗਏ ਹਨ ਜਦਕਿ ਅਦਾਲਤ ਪਹਿਲਾਂ ਹੀ ਦੋਵਾਂ ਧਿਰਾਂ ਨੂੰ ਜਵਾਬ ਦੇਣ ਲਈ ਸਮਾਂ ਦੇ ਹੁੱਕੀ ਹੈ | ਹੁਣ ਸਰਕਾਰ ਤੇ ਅਕਾਲੀ ਆਗੂਆਂ ਦੀ ਟੇਕ ਕੇਵਲ ਗੋਰਾ ਸਿੰਘ ਤੇ ਰਣਜੀਤ ਸਿੰਘ ਦੇ ਵਕੀਲ ਗਗਨਪ੍ਰੀਤ ਸਿੰਘ ਬੱਲ 'ਤੇ ਹੋਵੇਗੀ, ਜੋ ਕਿ ਐਸ.ਆਈ.ਟੀ. ਦੇ ਮੁਖੀ ਰਣਬੀਰ ਸਿੰਘ ਖੱਟੜਾ 'ਤੇ ਵੀ ਸ. ਜਲਾਲ ਵਲੋਂ ਅਕਾਲੀਆਂ ਨਾਲ ਮਿਲੇ ਹੋਣ ਦੇ ਲਗਾਏ ਗਏ ਦੋਸ਼ਾਂ ਦਾ ਜਵਾਬ ਦੇ ਰਹੇ ਹਨ, ਪਰ ਸਰਕਾਰੀ ਧਿਰ ਤੇ ਅਕਾਲੀ ਦਲ ਵਲੋਂ ਜਲਾਲ ਦੇ ਸੰਗੀਨ ਦੋਸ਼ਾਂ ਦਾ ਅਦਾਲਤ 'ਚ ਜਵਾਬ ਨਾ ਦਿੱਤਾ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

13 ਅਕਤੂਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

 

ਜਗਰਾਓਂ/ਲੁਧਿਆਣਾ, ਅਕਤੂਬਰ 2019- 

 ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ 

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਅਕਾਲ ਤਖ਼ਤ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਨੇ ਅਕਾਲੀ- ਕੈਪਟਨ

ਹਰਸਿਮਰਤ ਅਤੇ ਅਕਾਲੀਆਂ ਵਿੱਚ ਸਹੀ ਫੈਸਲਾ ਲੈਣ ਦੀ ਸੂਝ-ਬੂਝ ਨਹੀਂ

ਚੰਡੀਗੜ੍ਹ, ਅਕਤੂਬਰ 2019-

ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਦਾ ਠੋਕਵਾਂ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਬਾਦਲ ਨੂੰ ਚੇਤੇ ਕਰਵਾਇਆ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਦੌਰਾਨ ਅਕਾਲੀ ਆਗੂ ਖ਼ੁਦ ਹੀ ਰਾਜਸੀ ਸ਼ਕਤੀ ਦੇ ਬਲਬੂਤੇ ਬੇਸ਼ਰਮੀ ਨਾਲ ਗਿਣਮਿੱਥ ਕੇ ਅਕਾਲ ਤਖ਼ਤ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਸਨ ਪਰ ਉਨ੍ਹਾਂ ਦੀ ਸਰਕਾਰ ਵੱਲੋਂ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਦਾ ਹਰ ਪੱਖੋਂ ਮਾਣ ਤੇ ਸਤਿਕਾਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰਸਿਮਰਤ ਬਾਦਲ ਸਮੇਤ ਸਾਰੇ ਅਕਾਲੀ ਸੱਤਾ ਦੇ ਨਸ਼ੇ ਵਿੱਚ ਚੂਰ ਰਹੇ ਅਤੇ ਆਪਣੇ ਦਮਨਕਾਰੀ ਰਾਜ ਦੌਰਾਨ ਨਾ ਤਾਂ ਅਕਾਲ ਤਖ਼ਤ ਨੂੰ ਬਖ਼ਸ਼ਿਆ ਅਤੇ ਨਾ ਹੀ ਪੰਜਾਬ ਦੇ ਲੋਕਾਂ ਨਾਲ ਕੋਈ ਲਿਹਾਜ਼ ਵਰਤਿਆ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸੌੜੇ ਸਿਆਸੀ ਲਾਭ ਦੀ ਖ਼ਾਤਰ ਅਜਿਹੇ ਝੂਠ ਬੋਲਣੇ ਬੰਦ ਕਰਨ ਲਈ ਆਖਿਆ। 550ਵੇਂ ਪ੍ਰਕਾਸ਼ ਦਿਵਸ ਮੌਕੇ ਸਾਂਝੇ ਸਮਾਗਮਾਂ ਦੇ ਮੁੱਦੇ ’ਤੇ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਵਿਰੁੱਧ ਲਾਏ ਦੋਸ਼ਾਂ ’ਤੇ ਕੈਪਟਨ ਨੇ ਕਿਹਾ, ‘‘ਹੰਕਾਰ ਵਿੱਚ ਡੁੱਬੇ ਹੋਏ ਤੁਸੀਂ (ਅਕਾਲੀ) ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਕਿਹੋ ਜਿਹਾ ਸਲੂਕ ਕਰਦੇ ਰਹੇ ਹੋ ਅਤੇ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਆਪਣੀਆਂ ਸ਼ਰਤਾਂ ਥੋਪ ਕੇ ਸਿੱਖ ਸੰਸਥਾ ਦੀ ਦੁਰਵਰਤੋਂ ਕਰਨ ਦੀਆਂ ਘਟੀਆਂ ਚਾਲਾਂ ਚੱਲ ਰਹੇ ਹੋ।’’ ਮੁੱਖ ਮੰਤਰੀ ਨੇ ਕਿਹਾ,‘‘ਹਰਸਿਮਰਤ ਅਤੇ ਅਕਾਲੀਆਂ ਵਿੱਚ ਸਹੀ ਫੈਸਲਾ ਲੈਣ ਦੀ ਸੂਝ-ਬੂਝ ਨਹੀਂ ਹੈ। ਇਕ ਪਾਸੇ ਤਾਂ ਹਰਸਿਮਰਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਸੋਹਲੇ ਗਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਉਸ ਦਾ ਪਤੀ ਸੁਖਬੀਰ ਸਿੰਘ ਬਾਦਲ ਹਰਿਆਣਾ ਚੋਣਾਂ ਵਿੱਚ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਦੀਆਂ ਅਪੀਲਾਂ ਕਰ ਰਿਹਾ ਹੈ।’’ ਕੈਪਟਨ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਲਈ ਉਹ ਕਈ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਤੌਰ ’ਤੇ ਅਪੀਲਾਂ ਕਰ ਰਹੇ ਹਨ ਪਰ ਅਕਾਲੀ ਆਪਣੀ ਚੌਧਰ ਜਮਾਉਣ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਲੀਹੋਂ ਲਾਹੁਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਆਪਣੇ ਸਿਆਸੀ ਹਿੱਤ ਪੂਰਨ ਲਈ ਹਮੇਸ਼ਾ ਹੀ ਧਰਮ ਦਾ ਸੋਸ਼ਣ ਕਰਦੇ ਆਏ ਹਨ ਪਰ ਫਿਰ ਵੀ ਉਹ ਆਸ ਕਰਦੇ ਸਨ ਕਿ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ’ਤੇ ਸ਼ਾਇਦ ਅਕਾਲੀ ਕੁਝ ਸਿਆਣਪ ਦਿਖਾਉਂਦੇ। ਕੈਪਟਨ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖਰੇ ਸਮਾਗਮ ਲਈ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਵਜ਼ੀਰਾਂ ਨੂੰ ਸੱਦਾ ਦੇਣ ਲਈ ਗਈ ਸੀ, ਉਸ ਤੋਂ ਹੀ ਇਨ੍ਹਾਂ ਦੇ ਘਿਨਾਉਣੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਬਿਨਾਂ ਪੁਸ਼ਟੀ ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰਕੇ ਹਰਸਿਮਰਤ ਨੇ ਇਨ੍ਹਾਂ ਦੋਵੇਂ ਸਿਖਰਲੇ ਅਹੁਦਿਆਂ ਦੇ ਗੌਰਵ ਨੂੰ ਸੱਟ ਮਾਰੀ ਹੈ। ਇਨ੍ਹਾਂ ਦੋਵੇਂ ਸ਼ਖ਼ਸੀਅਤਾਂ ਦੇ ਪ੍ਰੋਗਰਾਮ ਜਾਰੀ ਕਰਨ ਦਾ ਕੰਮ ਪ੍ਰਧਾਨ ਮੰਤਰੀ ਦਫ਼ਤਰ ਅਤੇ ਰਾਸ਼ਟਰਪਤੀ ਭਵਨ ਦਾ ਹੈ ਪਰ ਹਰਸਿਮਰਤ ਨੇ ਗਲਤ ਢੰਗ ਨਾਲ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਕੇਂਦਰ ਸਰਕਾਰ ਵਿੱਚ ਆਪਣੀ ਅਣਹੋਂਦ ਦਾ ਪ੍ਰਗਟਾਵਾ ਕੀਤਾ ਹੈ।

ਪਾਰਟੀਸ਼ੀਅਨ ਤੇ ਮਾਨਚੈਸਟਰ ਮਿਊਜ਼ੀਅਮ ਵਿਚਾਲੇ ਸਮਝੌਤਾ

ਅੰਮ੍ਰਿਤਸਰ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ )- ਦੇਸ਼ ਵੰਡ ਸਬੰਧੀ ਬਣੇ ਪਾਰਟੀਸ਼ੀਅਨ ਮਿਊਜ਼ੀਅਮ ਅਤੇ ਯੂਕੇ ਦੇ ਮਾਨਚੈਸਟਰ ਮਿਊਜ਼ੀਅਮ ਵਿਚਾਲੇ ਇੱਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਦੋਵਾਂ ਮਿਊਜ਼ੀਅਮਾਂ ਦੇ ਪ੍ਰਬੰਧਕਾਂ ਵੱਲੋਂ ਸਾਂਭ ਸੰਭਾਲ ਦੀ ਤਕਨੀਕ ਅਤੇ ਹੋਰ ਤਜਰਬੇ ਇਕ ਦੂਜੇ ਨਾਲ ਸਾਂਝੇ ਕੀਤੇ ਜਾਣਗੇ। ਇਹ ਸਮਝੌਤਾ ਦਿੱਲੀ ਸਥਿਤ ਬਰਤਾਨਵੀ ਸਫ਼ਾਰਤਖਾਨੇ ਦੇ ਸਫ਼ੀਰ ਦੀ ਰਿਹਾਇਸ਼ ’ਤੇ ਸਹੀਬੱਧ ਕੀਤਾ ਗਿਆ ਹੈ। ਇਸ ਸਮਝੌਤੇ ’ਤੇ ਪਾਰਟੀਸ਼ੀਅਨ ਮਿਊਜ਼ੀਅਮ ਦੀ ਸੀਈਓ ਮਲਿਕਾ ਆਹਲੂਵਾਲੀਆ ਅਤੇ ਮੈਨਚੈਸਟਰ ਮਿਊਜ਼ੀਅਮ ਦੀ ਮੁਖੀ ਵੈਂਡੀ ਗੈਲੇਗਰ ਵੱਲੋਂ ਦਸਤਖ਼ਤ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਸ੍ਰੀਮਤੀ ਆਹਲੂਵਾਲੀਆ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਦੋਵੇਂ ਮਿਊਜ਼ੀਅਮਾਂ ਦੇ ਪ੍ਰਬੰਧਕਾਂ ਵੱਲੋਂ ਪੁਰਾਤਨ ਵਸਤਾਂ ਦੇ ਪ੍ਰਦਰਸ਼ਨ, ਸਾਂਭ ਸੰਭਾਲ ਦੀ ਤਕਨੀਕ ਅਤੇ ਇਸ ਸਬੰਧੀ ਹੋਰ ਖੋਜ ਅਤੇ ਤਜਰਬੇ ਸਾਂਝੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਯੂਕੇ ਦਾ ਇਹ ਮਿਊਜ਼ੀਅਮ ਮਾਨਚੈਸਟਰ ਯੂਨੀਵਰਸਿਟੀ ਦੇ ਪ੍ਰਬੰਧ ਹੇਠ ਚਲਦਾ ਹੈ, ਜਿਸ ਨੂੰ 1890 ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਬਰਤਾਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ, ਜਿਸ ਵਿੱਚ ਲਗਪਗ 4.5 ਮਿਲੀਅਨ ਵੱਖ-ਵੱਖ ਵਸਤਾਂ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ।
ਇਸ ਦੌਰਾਨ ਮਾਨਚੈਸਟਰ ਦੇ ਮੇਅਰ ਐਂਡੀ ਬਰਨਹੈਮ, ਜੋ ਭਾਰਤ ਯਾਤਰਾ ਤੇ ਆਏ ਹੋਏ ਹਨ, ਨੇ ਸਮਝੌਤੇ ਦਾ ਸਵਾਗਤ ਕਰਦਿਆਂ ਆਖਿਆ ਕਿ ਇਸ ਸਮਝੌਤੇ ਰਾਹੀਂ ਇਤਿਹਾਸ ਨੂੰ ਵੀ ਇੱਕ ਦੂਜੇ ਵੱਲੋਂ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਾਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹੀਦਾ ਹੈ।

ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਣ ਨੂੰ ਸਾਫ਼ ਰੱਖਣ ਤਹਿਤ ਦਰੱਖਤ ਲਗਾਏ

ਬਰਨਾਲਾ,ਅਕਤੂਬਰ 2019-(ਗੁਰਸੇਵਕ ਸੋਹੀ)-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਮਕਸਦ ਨਾਲ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ,  ਮੈਂਬਰ ਜਥੇਦਾਰ  ਪਰਮਜੀਤ ਸਿੰਘ ਖਾਲਸਾ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਕਾਸ਼ ਫੂਲਕਾ ਜੀ ਅਤੇ ਸ੍ਰੀ  ਹਰਜੀਤ ਸਿੰਘ i p s  ਐਸ ਐਸ ਪੀ ਸਾਹਿਬ , ਰਾਜਿੰਦਰ ਸਿੰਘ ਬਰਾੜ ਪ੍ਰਧਾਨ ਪੈਸ ਕਲੱਬ   ਅਜੀਤ ਸਿੰਘ ਵਣ ਵਿਭਾਗ ਹਰਦੇਵ ਸਿੰਘ ਨੀਲਾ  ਸਮੂਹ ਪੱਤਰਕਾਰ ਭਾਈਚਾਰੇ  ਵੱਲੋ ਬੂਟੇ ਲਗਾਏ ਗਏ ਇਸ ਮੌਕੇ ਪ੍ਰਸ਼ਾਸਨ ਅਤੇ  ਵੱਖ ਵੱਖ ਧਾਰਮਿਕ ਜਥੇਬੰਦੀਆ ਤੇ ਸਭਾ ਸੁਸਾਇਟੀਆਂ ਦੇ ਆਗੂ ਸਾਹਿਬਾਨ ਅਤੇ ਗੁਰਦੁਆਰਾ ਸਾਹਿਬ ਦਾ ਸਮੂਹ ਸਟਾਫ ਵੀ ਹਾਜ਼ਰ ਸੀ ਇਸ ਮੋਕੇ ਮੈਨੇਜਰ ਇਕਬਾਲ ਸਿੰਘ ਛੀਨੀਵਾਲ ਮੀਤ ਮੈਨੇਜਰ ਅਮਨਦੀਪ ਸਿੰਘ ਗੁਰਪ੍ਰੀਤ ਸਿੰਘ ਲਾਡੀ, ਚੇਤਨ ਸ਼ਰਮਾ, ਚਮਕੌਰ ਸਿੰਘ ਗੱਗੀ ਹਰਮਨ ਸਿੰਘ  ਕੁਲਦੀਪ ਸਿੰਘ ਗਰੇਵਾਲ ਅਮਨਦੀਪ ਸਿੰਘ ਗੋਲਾ ਕ੍ਰਿਸ਼ਨ ਸਿੰਘ ਸੰਘੇੜਾ ਸੁਰਜੀਤ ਸਿੰਘ ਸੰਘੇੜਾ  ਹਰਜੀਤ ਸਿੰਘ ਭੱਠਲ ਦਾਨ ਸਿੰਘ  ਗੁਰਭਿੰਤਰ ਸਿੰਘ ਵਰਿੰਦਰ ਕੁਮਾਰ ਕਾਕਾ ਸ਼ੇਰ ਸਿੰਘ ਗੁਰਚਰਨ ਸਿੰਘ ਠੇਕੇਦਾਰ ਪਰਮਜੀਤ ਸਿੰਘ ਪੱਪੂ ਸਤਵੰਤ ਸਿੰਘ sdo ਗੁਰਦਰਸ਼ਨ ਸਿੰਘ ਕੰਨਗੋ ਜੀਤ ਸਿੰਘ ਬੇਅੰਤ ਸਿੰਘ ਧਾਲੀਵਾਲ ਨਰਿੰਦਰਪਾਲ ਸਿੰਘ ਗੁਰਜੰਟ ਸਿੰਘ ਸੋਨਾ ਹਾਜਰ ਸਨ

ਰਵਿੰਦਰ ਰੰਗੂਵਾਲ ਦਾ ਪਹਿਲਾ ਗੀਤ 'ਅਸੀਂ ਸਰਦਾਰ ਹਾਂ ' ਰਿਲੀਜ਼

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਬਹੁਤ ਸਾਰੇ ਲੋਕ ਰਵਿੰਦਰ ਰੰਗੂਵਾਲ ਨੂੰ ਪੰਜਾਬ ਕਲਚਰਲ ਸੁਸਾਇਟੀ ਦੇ ਸੰਸਥਾਪਕ, ਪ੍ਰਧਾਨ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਕਰਕੇ ਜਾਂਦੇ ਹਨ ਜਿਸਨੇ ਪੂਰੀ ਦੁਨੀਆਂ ਵਿੱਚ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਆਪਣੀਆਂ ਸੇਵਾਵਾਂ ਨਾਲ ਯੋਗਦਾਨ ਪਾਇਆ ਹੈ। ਰਵਿੰਦਰ ਰੰਗੂਵਾਲ ਨੇ ਸ਼ੁਰੂਆਤ 1995 ਵਿੱਚ ਲੋਕ ਨਾਚ ਪੇਸ਼ ਕਰਕੇ ਕੀਤੀ ਸੀ ਅਤੇ ਸਮੇਂ ਦੇ ਨਾਲ ਉਸਨੇ ਸਿਨੇਮੇਟੋਗ੍ਰਾਫੀ, ਗੀਤਕਾਰੀ ਲੇਖਣ, ਗੀਤਾਂ ਦੀ ਰਚਨਾ ਅਤੇ ਲੋਕ ਨਾਚਾਂ ਦੀ ਕੋਰੀਓਗ੍ਰਾਫੀ ਵਿੱਚ ਮੁਹਾਰਤ ਹਾਸਲ ਕੀਤੀ । ਪਰ ਉਸਨੇ ਆਪਣੇ ਸਾਰੇ ਹੁਨਰ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਤ ਕਰਨ ਅਤੇ ਪੰਜਾਬ ਦੇ ਅਮੀਰ ਵਿਰਾਸਤ ਬਾਰੇ ਜਾਗਰੂਕਤਾ ਫੈਲਾਉਣ ਲਈ ਇਸਤੇਮਾਲ ਕੀਤੇ ਹਨ। ਰਵਿੰਦਰ ਰੰਗੂਵਾਲ ਦਾ ਪਹਿਲਾ ਗੀਤ ਅਸੀਂ ਸਰਦਾਰ ਹਾਂ ਕੱਲ੍ਹ ਸਵੇਰੇ 10 ਵਜੇ ਪੀਟੀਸੀ ਰਿਕਾਰਡਸ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਬੋਲ, ਸੰਗੀਤ ਅਤੇ ਵੀਡਿਓ ਨਿਰਦੇਸ਼ਨ ਰਵਿੰਦਰ ਰੰਗੂਵਾਲ ਨੇ ਖੁਦ ਹੀ ਕੀਤਾ ਹੈ। ਸਾਲ 1998 ਵਿੱਚ, ਰੰਗੂਵਾਲ ਨੇ ਇੱਕ ਗੈਰ-ਸਰਕਾਰੀ ਅਤੇ ਗੈਰ-ਲਾਭਕਾਰੀ ਸੰਸਥਾ ਪੰਜਾਬ ਕਲਚਰਲ ਸੋਸਾਇਟੀ ਦੀ ਸਥਾਪਨਾ ਕੀਤੀ ਸੀ ਜਿਸਦਾ ਉਦੇਸ਼ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਦਰਸਾਉਣ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਪਲੇਟਫਾਰਮ ਮੁਹੱਈਆ ਕਰਵਾ ਕੇ ਉਤਸ਼ਾਹਿਤ ਕਰਨਾ ਹੈ । ਇਹ ਸੁਸਾਇਟੀ ਪੰਜਾਬੀ ਪ੍ਰੇਮੀਆਂ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਵੀ ਕੰਮ ਕਰਦੀ ਹੈ ਅਤੇ ਹਰ ਸਾਲ ਇਹ ਸੁਸਾਇਟੀ ਕਿਸੇ ਵੀ ਦੋ ਸ਼ਖਸੀਅਤਾਂ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਯੋਗਦਾਨ ਪਾਇਆ ਹੈ। ਰੰਗੂਵਾਲ ਨੇ ਮੀਡੀਆ ਨਿਰਦੇਸ਼ਕ, ਵੀਡੀਓ ਨਿਰਦੇਸ਼ਕ, ਲੋਕ ਕਲਾਕਾਰ, ਕੋਰੀਓਗ੍ਰਾਫਰ, ਭੰਗੜਾ / ਗਿੱਧਾ ਕੋਚ, ਸੰਗੀਤ ਨਿਰਦੇਸ਼ਕ, ਗੀਤਕਾਰ ਲੇਖਕ ਅਤੇ ਦਸਤਾਰ ਟ੍ਰੇਨਰ ਵਜੋਂ ਕੰਮ ਕੀਤਾ ਹੈ। ਉਸਨੇ ਛੇ ਸਾਲ ਪੰਜਾਬੀ ਸਾਹਿਤ ਅਕਾਦਮੀ ਵਿੱਚ ਸਰਪ੍ਰਸਤ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ਜਿਸ ਦੌਰਾਨ ਉਸਨੇ ਹਰ ਸਾਲ ਮਾਲਵਾ ਸਭਿਆਚਾਰ ਮੰਚ ਦੇ ਆਯੋਜਨ ਲਈ ਕਨਵੀਨਰ ਦੀ ਭੂਮਿਕਾ ਨਿਭਾਈ । ਮੀਡੀਆ ਡਾਇਰੈਕਟਰ ਅਤੇ ਵੀਡੀਓ ਡਾਇਰੈਕਟਰ ਹੋਣ ਦੇ ਨਾਤੇ, ਉਸਨੇ ਪੂਰੀ ਦੁਨੀਆ ਦੇ ਲੋਕਾਂ ਵਿੱਚ ਪੰਜਾਬੀਅਤ ਅਤੇ ਪੰਜਾਬ ਦੇ ਸਭਿਆਚਾਰ ਦੀ ਭਾਵਨਾ ਪੈਦਾ ਕਰਨ ਅਤੇ ਲੋਕਾਂ ਨੂੰ ਪੰਜਾਬ ਦੇ ਅਮੀਰ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਕਈ ਛੋਟੀਆਂ ਫਿਲਮਾਂ, ਡਾਕੂਮੈਂਟਰੀ, ਕਾਮੇਡੀ ਫਿਲਮਾਂ ਬਣਾਈਆਂ ਹਨ। ਉਸਨੇ 550 ਤੋਂ ਵੱਧ ਸੰਗੀਤ ਵਿਡੀਓਜ਼ ਨੂੰ ਨਿਰਦੇਸ਼ਿਤ ਵੀ ਕੀਤਾ ਹੈ ਜੋ ਕਿ ਵੱਖ ਵੱਖ ਦੇਸ਼ਾਂ ਜਿਵੇਂ ਕਿ ਕਨੇਡਾ, ਆਸਟਰੇਲੀਆ,ਨਿਊਜ਼ੀਲੈਂਡ , ਜਰਮਨੀ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੀਡੀਓ ਕੀਤੇ ਗਏ ਹਨ । ਰੰਗੂਵਾਲ ਇੱਕ ਲੋਕ ਕਲਾਕਾਰ ਹੈ ਜਿਸ ਨੂੰ ਪੰਜਾਬੀ ਲੋਕ ਨਾਚ, ਲੋਕ ਗੀਤ ਅਤੇ ਲੋਕ ਆਰਕੈਸਟਰਾ ਬਾਰੇ ਡੂੰਘਾ ਗਿਆਨ ਹੈ। 31 ਦੇਸ਼ਾਂ ਵਿੱਚ ਭਾਰਤ ਦੇਸ਼ ਪ੍ਰਤੀਨਿਧਤਾ ਕਰ ਚੁੱਕੇ ਹਨ ਉਸਨੇ ਨਾ ਸਿਰਫ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਕੀਤਾ ਹੈ ਬਲਕਿ ਵੱਖ-ਵੱਖ ਅੰਤਰਰਾਸ਼ਟਰੀ ਤਿਉਹਾਰਾਂ ਅਤੇ ਮੁਕਾਬਲਿਆਂ ਵਿੱਚ ਜੱਜ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ. ਭੰਗੜਾ ਕੋਚ ਹੋਣ ਦੇ ਨਾਤੇ, ਉਸਨੇ ਹੁਣ ਤੱਕ 12000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ ਜੋ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ. ਉਸਨੇ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਪੰਜਾਬ ਦੀ ਵਿਰਾਸਤ, ਲੋਕ ਨਾਚ ਅਤੇ ਲੋਕ ਗੀਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪਾਂ ਕੀਤੀਆਂ। ਰੰਗੂਵਾਲ ਨੇ 23 ਮਾਰਚ 1931 ਸ਼ਹੀਦ ਫਿਲਮ 'ਬੌਬੀ ਦਿਓਲ' ਲਈ ਇਕ ਪ੍ਰਸਿੱਧ ਗਾਣਾ 'ਪੱਗੜੀ ਸੰਭਾਲ ਜੱਟਾ ' ਦੀ ਕੋਰੀਓਗ੍ਰਾਫੀ ਵੀ ਕੀਤੀ ਸੀ। ਉਸਨੇ ਕਈ ਗਾਣੇ ਵੀ ਲਿਖੇ ਅਤੇ ਸੰਗੀਤ ਦੇ ਵੀਡੀਓ ਵੀ ਨਿਰਦੇਸ਼ਿਤ ਕੀਤੇ । ਪੰਜਾਬੀ ਸਭਿਆਚਾਰ ਵਿੱਚ ਪਾਏ ਯੋਗਦਾਨ ਲਈ ਰੰਗੂਵਾਲ ਨੂੰ ਕਨੇਡਾ ਦੀ ਸੰਸਦ ਅਤੇ ਖੇਡ ਰਾਜ ਮੰਤਰੀ (ਕਨੇਡਾ ਸਰਕਾਰ ਦੀ ਤਰਫੋਂ) ਵੱਲੋਂ ਛੇ ਵਾਰ ਸਨਮਾਨਤ ਕੀਤਾ ਗਿਆ ਹੈ। ਆਪਣੇ ਕਾਰਜਕਾਲ ਵਿਚ ਉਨ੍ਹਾਂ ਨੂੰ ਕੁਝ ਵੱਕਾਰੀ ਪੁਰਸਕਾਰਾਂ ਜਿਵੇਂ ਕਿ ਲੋਕ ਕਲਾਵਾ ਪੁਰਸਕਾਰ, ਮਾਨ ਪੰਜਾਬ ਦਾ , ਪੰਜਾਬੀ ਸਭਿਆਚਾਰ ਦੇ ਰਾਜਦੂਤ, ਸਰਬੋਤਮ ਵੀਡੀਓ ਨਿਰਦੇਸ਼ਕ, ਨਾਇਤਕ ਮੂਲੀਆ ਪਰਹਾਰੀ, ਵੱਖ-ਵੱਖ ਸੰਸਥਾਵਾਂ ਅਤੇ ਕਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ।

ਅੰਮਿ੍ਤਸਰ ਤੋਂ ਲੰਡਨ ਤੇ ਟੋਰਾਂਟੋ ਲਈ ਨਵੀਆਂ ਉਡਾਣਾਂ 31 ਅਕਤੂਬਰ ਤੋਂ

ਏਅਰ ਇੰਡੀਆ ਵਲੋਂ ਅੰਮਿ੍ਤਸਰ ਤੋਂ ਸਟੈਂਸਟਡ (ਇੰਗਲੈਂਡ) ਲਈ ਨਵੀਆਂ ਉਡਾਣਾਂ ਦੀ ਸ਼ੁਰੂਆਤ

 

ਚੰਡੀਗੜ੍ਹ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ )- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਵਲੋਂ ਅੰਮਿ੍ਤਸਰ ਤੋਂ ਸਟੈਂਸਟਡ (ਇੰਗਲੈਂਡ) ਲਈ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਇੰਗਲੈਂਡ ਦੇ ਬਰਮਿੰਘਮ ਅਤੇ ਭਾਰਤ 'ਚ ਨਾਂਦੇੜ ਅਤੇ ਪਟਨਾ ਸਾਹਿਬ ਲਈ ਵੀ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਜਨਰਲ ਮੈਨੇਜਰ  ਰਾਮ ਬਾਬੂ ਨੇ ਦੱਸਿਆ ਕਿ 550ਵਾਂ ਪ੍ਰਕਾਸ਼ ਪੁਰਬ ਦੇਸ਼ਾਂ-ਵਿਦੇਸ਼ਾਂ 'ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਏਅਰ ਇੰਡੀਆ ਇਸ ਮੌਕੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਿੱਖ ਭਾਈਚਾਰੇ ਤੇ ਸ਼ਰਧਾਲੂਆਂ ਲਈ ਨਵੀਆਂ ਉਡਾਣਾਂ ਜਾਰੀ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੋਂ ਅੰਮਿ੍ਤਸਰ ਤੋਂ ਸਟੈਂਸਟਡ ਲਈ ਹਫ਼ਤੇ ਦੀਆਂ ਤਿੰਨ ਉਡਾਣਾਂ ਸ਼ੁਰੂ ਹੋਣਗੀਆਂ ਜੋ ਸੋਮਵਾਰ, ਵੀਰਵਾਰ ਅਤੇ ਸਨਿਚਰਵਾਰ ਰਵਾਨਾ ਹੋਇਆ ਕਰਨਗੀਆਂ ਅਤੇ ਤਿੰਨੇ ਦਿਨ ਹੀ ਸਟੈਂਸਟਡ ਤੋਂ ਅੰਮਿ੍ਤਸਰ ਵੀ ਪਹੰੁਚਣਗੀਆਂ | ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਬੋਇੰਗ 787 ਡਰੀਮ ਲਾਈਨਰ ਜਹਾਜ਼ ਰਾਹੀਂ ਚਲਾਈਆਂ ਜਾਣਗੀਆਂ ਜਿਸ ਦੀਆਂ 256 ਸੀਟਾਂ ਹੋਣਗੀਆਂ ਜਿਨ੍ਹਾਂ 'ਚੋਂ 18 ਸੀਟਾਂ ਬਿਜ਼ਨਸ ਕਲਾਸ ਲਈ ਅਤੇ 238 ਇਕਾਨਮੀ ਕਲਾਸ ਲਈ ਹੋਣਗੀਆਂ | ਇਸੇ ਤਰ੍ਹਾਂ ਅੰਮਿ੍ਤਸਰ ਤੋਂ ਬਰਮਿੰਘਮ ਲਈ ਵੀ ਹਫ਼ਤੇ 'ਚ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਅੰਮਿ੍ਤਸਰ ਤੋਂ ਦਿੱਲੀ ਹੁੰਦੇ ਹੋਏ ਬਰਮਿੰਘਮ ਪਹੁੰਚਣਗੀਆਂ | ਇਸ ਤੋਂ ਇਲਾਵਾ ਅੰਮਿ੍ਤਸਰ ਤੋਂ ਟੋਰਾਂਟੋ (ਕੈਨੇਡਾ) ਲਈ ਵੀ ਏਅਰ ਇੰਡੀਆ ਦੀਆਂ ਹਫ਼ਤੇ 'ਚ ਅੰਮਿ੍ਤਸਰ ਤੋਂ ਤਿੰਨ ਉਡਾਣਾਂ ਚੱਲ ਰਹੀਆਂ ਹਨ ਜੋ ਹੁਣ 27 ਅਕਤੂਬਰ ਤੋਂ ਐਤਵਾਰ, ਬੁੱਧਵਾਰ ਤੇ ਸ਼ੁੱਕਰਵਾਰ ਰਵਾਨਾ ਹੋਇਆ ਕਰਨਗੀਆਂ ਤੇ ਇਨ੍ਹਾਂ ਦਿਨਾਂ 'ਚ ਹੀ ਵਾਪਸੀ ਵੀ ਕਰਨਗੀਆਂ | ਅੰਮਿ੍ਤਸਰ ਤੋਂ ਘਰੇਲੂ ਉਡਾਣਾਂ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਨਾਂਦੇੜ ਅਤੇ ਪਟਨਾ ਲਈ ਵੀ ਉਡਾਣਾਂ ਸ਼ੁਰੂ ਕਰ ਰਹੀ ਹੈ ਜਿਨ੍ਹਾਂ 'ਚੋਂ ਪਟਨਾ ਲਈ ਹਫ਼ਤੇ ਦੀਆਂ ਚਾਰ ਉਡਾਣਾਂ ਜਦਕਿ ਨਾਂਦੇੜ ਲਈ ਹਫ਼ਤੇ ਦੀਆਂ ਦੋ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਪਟਨਾ ਲਈ ਉਡਾਣਾਂ ਦੀ ਸ਼ੁਰੂਆਤ 27 ਅਕਤੂਬਰ ਤੋਂ ਕੀਤੀ ਜਾ ਰਹੀ ਹੈ, ਜਦਕਿ ਨਾਂਦੇੜ ਲਈ ਉਡਾਣਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ |ਪੰਜਾਬੀ ਖਾਣੇ ਦਾ ਵੀ ਮਿਲੇਗਾ ਸਵਾਦ  ਏਅਰ ਇੰਡੀਆ ਨੇ ਆਪਣੇ ਯਾਤਰੀਆਂ ਦੇ ਜਾਇਕੇ ਦਾ ਖ਼ਾਸ ਧਿਆਨ ਰੱਖਦੇ ਹੋਏ ਮੇਨਯੂ 'ਚ ਕੁਝ ਨਵੀਆਂ ਚੀਜ਼ਾਂ ਜੋੜੀਆਂ ਹਨ | ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਉਡਾਣ 'ਚ ਯਾਤਰੀ ਹੁਣ ਪੰਜਾਬੀ ਸਵਾਦ ਵੀ ਚੱਖਣਗੇ | ਮੁੰਬਈ-ਅੰਮਿ੍ਤਸਰ ਉਡਾਣ ਦੇ ਲਈ ਹੁਣ ਪੰਜਾਬੀ ਵਿਸ਼ੇਸ਼ ਫੂਡ ਮੇਨਯੂ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਮੁਸਾਫ਼ਰ ਭਿੰਡੀ, ਛੋਲੇ ਤੇ ਕੁਲਚੇ, ਪਨੀਰ ਟਿੱਕਾ, ਜਿਹੀਆਂ ਸਵਾਦ ਤੇ ਚਟਪਟੀਆਂ ਚੀਜ਼ਾਂ ਨੂੰ ਆਪਣੇ ਮੈਨਯੂ 'ਚ ਰੱਖਆ ਗਿਆ ਹੈ ਅਤੇ ਡਾਇਟ ਨੂੰ ਮਹੱਤਵ ਦੇਣ ਵਾਲੇ ਲੋਕਾਂ ਲਈ ਫਰੂਟ ਚਾਰਟ ਜਿਹੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ |

ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲਾ ਮੈਗਜ਼ੀਨ ਲੋਕ ਅਰਪਤ

ਚੰਡੀਗੜ੍ਹ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ)-

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਵਰਲਡ ਕੈਂਸਰ ਕੇਰ ਵੱਲੋਂ ਪੰਜਾਬੀ ਆਡੀਸ਼ਨ ਵਿੱਚ ਕੈਂਸਰ ਅਵੇਅਰਨੈੱਸ ਵਾਲਾ ਨਵਾਂ ਮੈਗਜ਼ੀਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਸੀ ਐੱਮ ਆਫਿਸ  ਪੰਜਾਬ ਤੋਂ ਰਿਲੀਜ਼ ਕੀਤਾ ਗਿਆ । ਸ ਕੁਲਵੰਤ ਸਿੰਘ ਧਾਲੀਵਾਲ ਵਾਲਾ ਵਲੋਂ ਮਨੁੱਖਤਾ ਕੀਤੀ ਜਾ ਰਹੀ ਸੇਵਾ ਇਕ ਬਹੁਤ ਹੀ ਵਿਸੇਸ ਉਪਰਾਲਾ ਹੈ,ਜਿਸ ਦੀ ਸਲਾਗਾ ਕਰਨੀ ਸਾਡਾ ਫਰਜ ਬਣਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸਾਹਿਬ ਨੇ ਮੈਗਜ਼ੀਨ ਨੂੰ ਲੋਕ ਅਰਪਤ ਕਰਦੇ ਸਮੇਂ ਕੀਤਾ।ਇਸ ਸਮੇਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਜੀ ਅਤੇ ਸੁਲਤਾਨਪੁਰ ਲੋਧੀ ਤੋਂ ਐਮ-ਐਲ-ਏ ਸ. ਨਵਤੇਜ ਸਿੰਘ ਚੀਮਾ ਜੀ ਮੌਜੂਦ ਸਨ l

ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਦਾ ਉਹ ਹੀਰਾ ਹੈ, ਜਿਸ ਨੂੰ ਸੰਭਾਲਣ ਦੀ ਲੋੜ-ਬਾਦਲ

ਜਗਰਾਉਂ/ ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਵਿਧਾਨ ਸਭਾ ਹਲਕਾ ਦਾਖਾ ਦੀ ਜਿਮਨੀ ਚੋਣ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਅੱਜ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਯਾਲੀ ਦੇ ਹੱਕ 'ਚ ਪਿੰਡ ਰਾਊਵਾਲ, ਸਿੱਧਵਾਂ ਬੇਟ, ਅੱਕੂਵਾਲ, ਸਵੱਦੀ ਕਲਾਂ, ਭੂੰਦੜੀ, ਪੁੜੈਣ ਤੇ ਭੱਠਾਧੂਰਾ ਵਿਖੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਬਾਦਲ ਨੇ ਕਿਹਾ ਕਿ ਅਕਾਲੀ ਉਮੀਦਵਾਰ ਇਸ ਹਲਕੇ ਅੰਦਰ ਵਿਕਾਸ ਦੀ ਹਨੇਰੀ ਲਿਆਉਣ ਲਈ ਜਾਣਿਆ ਜਾਂਦਾ ਹੈ, ਜਦਕਿ ਕਾਂਗਰਸੀ ਉਮੀਦਵਾਰ ਮੁੱਖ ਮੰਤਰੀ ਦਾ ਇੱਕ ਕਾਰਜ ਸਾਧਕ ਅਧਿਕਾਰੀ ਹੈ, ਜੋ ਕਿ ਸਿੱਧੇ ਤੌਰ ਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਓ ਐਸ ਡੀ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਨੌਜਵਾਨਾਂ ਨੂੰ ਦਲਿਤ ਵਜ਼ੀਫੇ, ਵਿਦਿਆਰਥਣਾਂ ਨੂੰ ਸਾਈਕਲ, ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ, ਗਰੀਬ ਘਰਾਂ ਦੀ ਨਵਵਿਆਹੀਆਂ ਲੜਕੀਆਂ ਨੂੰ ਸ਼ੂਗਨ, ਨੌਜਵਾਨਾਂ ਨੂੰ ਨੌਕਰੀਆਂ ਅਤੇ ਕਿਸਾਨਾਂ ਨੂੰ ਗੰਨੇ ਦੇ ਬਕਾਏ ਕਿਉਂ ਨਹੀਂ ਦਿੱਤੇ ਹਨ। ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਦਾ ਉਹ ਹੀਰਾ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਵਿਕਾਸ ਦੇ ਕੰਮ ਇਯਾਲੀ ਵੱਲੋਂ ਕਰਵਾਏ ਗਏ ਹਨ, ਉਹ ਕਿਸੇ ਵੀ ਵਿਧਾਇਕ ਵੱਲੋਂ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਮੇਰੇ ਕੋਲ ਵਿਧਾਇਕ ਅਤੇ ਮੰਤਰੀ ਆਉਂਦੇ ਸਨ ਤੇ ਕਹਿੰਦੇ ਸਨ ਕਿ ਜਿਸ ਤਰ੍ਹਾਂ ਹਲਕੇ ਦਾਖੇ 'ਚ ਵਿਕਾਸ ਹੋ ਰਹੇ ਹਨ, ਉਸੇ ਤਰ੍ਹਾਂ ਸਾਡੇ ਹਲਕਿਆਂ 'ਚ ਕਰਵਾਏ ਜਾਣ। ਬਾਦਲ ਨੇ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੂੰ ਇਯਾਲੀ ਵਰਗਾ ਵਿਧਾਇਕ ਨਹੀਂ ਲੱਭਣਾ, ਇਸ ਲਈ ਮੌਕਾ ਨਾ ਗਵਾਓ, ਇਸ ਨੂੰ ਭਾਰੀ ਬਹੁਮਤ ਨਾਲ ਜਿਤਾਓ। ਸ. ਬਾਦਲ ਨੇ ਕਾਂਗਰਸ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਡੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਲਈ ਚਲਾਈਆਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ। ਕਾਂਗਰਸ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ, ਉਸ ਵੱਲੋਂ ਚੋਣਾਂ ਸਮੇਂ ਕੀਤੇ ਵੱਡੇ-ਵੱਡੇ ਵਾਅਦੇ ਪੂਰੇ ਕਰਨ ਦੀ ਬਜਾਏ ਸਾਰੀਆਂ ਲੋਕ ਹਿੱਤੂ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਾਖਾ ਵਾਸੀਓ ਤੁਸੀ ਪਹਿਲਾ ਵੀ ਫੂਲਕੇ ਨੂੰ ਜਿਤਾਕੇ ਧੋਖਾ ਖਾ ਚੁੱਕੇ ਹੋ, ਹੁਣ ਅਜਿਹੀ ਗ਼ਲਤੀ ਨਾ ਕਰਨਾ। ਹੁਣ ਕਾਂਗਰਸ ਵੱਲੋਂ ਉਤਾਰਿਆ ਉਮੀਦਵਾਰ ਵੀ ਬਾਹਰੋਂ ਹੈ, ਜਿਸ ਨੂੰ ਹਲਕੇ ਬਾਰੇ ਕੁਝ ਨਹੀਂ ਪਤਾ, ਨਾ ਹੀ ਉਸ ਦੇ ਇੱਥੋਂ ਦੇ ਪਿੰਡਾਂ ਬਾਰੇ ਪਤਾ ਤੇ ਨਾ ਹੀ ਇੱਥੋਂ ਦੀਆਂ ਸਮੱਸਿਆਵਾਂ ਬਾਰੇ, ਇਸ ਲਈ ਪਹਿਲਾ ਵਾਲੀ ਗ਼ਲਤੀ ਨਾ ਦੁਹਰਾਉਣਾ ਤੇ ਹਲਕਾ ਦਾਖਾ ਦਾ ਹੀਰਾ ਮਨਪ੍ਰੀਤ ਸਿੰਘ ਇਯਾਲੀ ਨੂੰ ਜਿਤਾਣ। ਇਸ ਮੌਕੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ 2017 ਵਿਚ ਲੋਕਾਂ ਵੱਲੋਂ ਦਿੱਤੇ ਭਾਰੀ ਫਤਵੇ ਮਗਰੋਂ ਸਾਬਕਾ ਆਪ ਵਿਧਾਇਕ ਐਚਐਸ ਫੂਲਕਾ ਨੇ ਲੋਕਾਂ ਦੇ ਭਰੋਸੇ ਨਾਲ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਫੂਲਕਾ ਨੇ ਮੁੱਖ ਮੰਤਰੀ ਬਣਨ ਦੀ ਉਮੀਦ ਨਾਲ ਇਹ ਚੋਣ ਲੜੀ ਸੀ, ਜਦੋਂ ਇਹ ਖਾਹਿਸ਼ ਪੂਰੀ ਨਾ ਹੋਈ ਤਾਂ ਉਹ ਲੋਕਾਂ ਨੂੰ ਅਧਵਾਟੇ ਛੱਡ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਬਾਹਰਲੇ ਬੰਦੇ ਸੰਦੀਪ ਸੰਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਰਾਹ ਕਿੱਥੇ ਜਾਂਦਾ ਹੈ, ਉਹ 10 ਪਿੰਡਾਂ ਦੇ ਵੀ ਨਾ ਨਹੀਂ ਜਾਣਦਾ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੇ ਨੂੰ ਚੁਣਨਾ ਹੈ ਜਾਂ ਬੇਗਾਨੇ ਨੂੰ?। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਮੱਖਣ ਬਰਾੜ, ਪ੍ਰਧਾਨ ਟਰੱਕ ਯੂਨੀਅਨ ਬਿੰਦਰ ਮਨੀਲਾ, ਰਾਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਪਿੰਟਾ ਗਰੇਵਾਲ, ਮਹਿਮਾ ਸਿੰਘ ਦਿਓ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਭਗਵੰਤ ਸਿੰਘ, ਪ੍ਰਧਾਨ ਬਲਦੇਵ ਸਿੰਘ, ਹਰਮਹਿੰਦਰ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ, ਜਗਦੀਸ਼ ਗੋਰਸੀਆਂ, ਕਸ਼ਮੀਰਾ ਵਿਰਕ,
ਗੁਰਮੀਤ ਸਿੰਘ ਗਗੜਾ, ਗੁਰਮੀਤ ਸਿੰਘ ਦਾਤੇਵਾਲ, ਦੀਦਾਰ ਸਿੰਘ ਮੱਦੋਕੇ, ਸੁਲਤਾਨ ਸਿੰਘ, ਇੰਦਰਜੀਤ ਸਿੰਘ, ਪ੍ਰਧਾਨ ਬਲਦੇਵ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਕਾਕਾ, ਦਲਵਿੰਦਰ ਸਿੰਘ, ਜਗਜੀਤ ਸਿੰਘ ਗਰੇਵਾਲ, ਜਗਮਿੰਦਰ ਸਿੰਘ ਨਿਊਜੀਲੈਂਡ, ਗੁਰਮੇਲ ਸਿੰਘ ਨਿਊਜੀਲੈਂਡ, ਅਮਨਦੀਪ ਸਿੰਘ ਗਰੇਵਾਲ, ਪ੍ਰਮਿੰਦਰ ਸਿੰਘ ਗਰੇਵਾਲ, ਨਛੱਤਰ ਸਿੰਘ ਕੋਚ, ਕੁਲਵਿੰਦਰ ਸਿੰਘ ਕਾਕਾ, ਬਲਵੀਰ ਸਿੰਘ, ਅਜਮੇਰ ਸਿੰਘ ਰਸੂਲਪੁਰ, ਸੁਖਦੀਪ ਸਿੰਘ ਗਰੇਵਾਲ, ਅਮਨਾ ਗਰੇਵਾਲ, ਸ਼ਿੰਗਾਰਾ ਸਿੰਘ ਤੇ ਹਰਜਿੰਦਰ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ 'ਚ ਸਟੇਜ ਸੈਕਟਰੀ ਦੀ ਭੂÎਮਿਕਾ ਸੁਖਵਿੰਦਰ ਸਿੰਘ ਗਰੇਵਾਲ ਨੇ ਨਿਭਾਈ।