ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ-ਬੁਲਾਰਾ
ਲੁਧਿਆਣਾ, ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ
ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 27 ਨਵੰਬਰ ਤੋਂ 6 ਦਸੰਬਰ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਟੈਕਨੀਕਲ, ਸਿਪਾਹੀ ਟਰੇਡਸਮੈੱਨ ਅਤੇ ਸਿਪਾਹੀ ਤਕਨੀਕੀ (ਨਰਸਿੰਗ ਸਹਾਇਕ) ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ, ਜਿਸ ਲਈ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੰਪੰਨ ਹੋ ਚੁੱਕੀ ਹੈ ਅਤੇ ਯੋਗ ਉਮੀਦਵਾਰਾਂ ਨੂੰ ਦਾਖ਼ਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਉਮੀਦਵਾਰ ਆਪਣੀ ਰਜਿਸਟਰਡ ਈਮੇਲ ਤੋਂ ਡਾਊਨਲੋਡ ਕਰ ਸਕਦੇ ਹਨ। ਫੌਜ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਰਤੀ ਲਈ ਉਪਰੋਕਤ ਚਾਰੇ ਜ਼ਿਲਿਆਂ ਤੋਂ 19028 ਉਮੀਦਵਾਰਾਂ ਨੇ ਆਨਲਾਈਨ ਅਰਜੀਆਂ ਦਾਖ਼ਲ ਕੀਤੀਆਂ ਸਨ। ਭਰਤੀ ਸ਼ਡਿਊਲ ਬਾਰੇ ਉਨਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਨਵੰਬਰ ਨੂੰ ਜ਼ਿਲਾ ਲੁਧਿਆਣਾ ਦੀਆਂ ਤਹਿਸੀਲਾਂ ਖੰਨਾ, ਪਾਇਲ, ਲੁਧਿਆਣਾ (ਪੂਰਬੀ) ਦੇ ਉਮੀਦਵਾਰਾਂ ਦੀ ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪੀ ਜਾਵੇਗੀ। ਮਿਤੀ 28 ਨਵੰਬਰ ਨੂੰ ਤਹਿਸੀਲ ਸਮਰਾਲਾ, ਲੁਧਿਆਣਾ (ਪੱਛਮੀ), ਰਾਏਕੋਟ ਅਤੇ ਤਹਿਸੀਲ ਜਗਰਾਂਉ। ਮਿਤੀ 29 ਨਵੰਬਰ ਨੂੰ ਜ਼ਿਲਾ ਮੋਗਾ ਦੀਆਂ ਤਹਿਸੀਲਾਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਮੋਗਾ। ਮਿਤੀ 30 ਨਵੰਬਰ ਨੂੰ ਜ਼ਿਲਾ ਰੂਪਨਗਰ ਦੀਆਂ ਤਹਿਸੀਲਾਂ ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ। ਮਿਤੀ 1 ਦਸੰਬਰ ਨੂੰ ਜ਼ਿਲਾ ਰੂਪਨਗਰ ਦੀਆਂ ਤਹਿਸੀਲਾਂ ਨੰਗਲ ਅਤੇ ਚਮਕੌਰ ਸਾਹਿਬ, ਜ਼ਿਲਾ ਅਜੀਤਗੜ (ਮੋਹਾਲੀ) ਦੀਆਂ ਸਾਰੀਆਂ ਤਹਿਸੀਲਾਂ ਦੇ ਨੌਜਵਾਨਾਂ ਤੋਂ ਇਲਾਵਾ ਹੋਰ ਜ਼ਿਲਿ•ਆਂ ਅਤੇ ਖੇਤਰਾਂ ਦੇ ਨੌਜਵਾਨਾਂ ਦੀ ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪੀ ਜਾਵੇਗੀ।
ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪਦੰਡ ਪੂਰਾ ਕਰਨ ਵਾਲੇ ਉਮੀਦਵਾਰਾਂ ਦੀ ਅਗਲੇ ਦਿਨ ਮੈਡੀਕਲ ਜਾਂਚ ਹੋਵੇਗੀ ਅਤੇ ਸਫ਼ਲ ਉਮੀਦਵਾਰਾਂ ਤੋਂ ਸੰਬੰਧਤ ਦਸਤਾਵੇਜ਼ ਲਏ ਜਾਣਗੇ। ਇਨਾਂ ਦਸਤਾਵੇਜਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਸੰਬੰਧਤ ਸਰਟੀਫਿਕੇਟ, ਆਧਾਰ ਕਾਰਡ, ਤਹਿਸੀਲਦਾਰ ਜਾਂ ਐੱਸ. ਡੀ. ਐੱਮ. ਵੱਲੋਂ ਜਾਰੀ ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ, ਸਕੂਲ ਜਾਂ ਕਾਲਜ ਵੱਲੋਂ ਜਾਰੀ ਆਚਰਨ ਸਰਟੀਫਿਕੇਟ, ਅਣਵਿਆਹੇ ਹੋਣ ਦੇ ਸਬੂਤ ਵਜੋਂ ਪਿੰਡ ਦੇ ਸਰਪੰਚ ਜਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਜਾਰੀ ਸਰਟੀਫਿਕੇਟ (ਸਮੇਤ ਫੋਟੋ ਜੋ ਛੇ ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ), 18 ਸਾਲ ਤੋਂ ਘੱਟ ਉਮਰ ਵਾਲੇ ਉਮੀਦਵਾਰ ਆਪਣੇ ਮਾਪਿਆਂ ਤੋਂ 'ਨੋ ਕਲੇਮ' ਸਰਟੀਫਿਕੇਟ, ਐੱਨ. ਸੀ. ਸੀ. ਸੰਬੰਧੀ ਸਰਟੀਫਿਕੇਟ, ਖੇਡਾਂ ਵਿੱਚ ਭਾਗ ਲੈਣ ਸੰਬੰਧੀ ਸਰਟੀਫਿਕੇਟ, ਸਾਬਕਾ ਫੌਜੀ ਦੇ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਅਤੇ ਹੋਰ ਸੰਬੰਧਤ ਦਸਤਾਵੇਜ਼ ਲਏ ਜਾਣਗੇ। ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਮਿਤੀ ਸਕਰੀਨਿੰਗ ਮੌਕੇ ਦੱਸੀ ਜਾਵੇਗੀ। ਬੁਲਾਰੇ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਤਰੀਕ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਪਹੁੰਚਣਾ ਯਕੀਨੀ ਬਣਾਉਣ। ਉਮੀਦਵਾਰ ਆਪਣੇ ਦਾਖ਼ਲਾ ਕਾਰਡ ਫੌਜ ਦੀ ਵੈੱਬਸਾਈਟ www.joinindianarmy.nic.in 'ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਇਸ ਭਰਤੀ ਸੰਬੰਧੀ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ