ਰਾਤ ਪਈ ‘ਤੇ ਤਾਰੇ ਜਗੇ ।
ਚੰਨ ਨੂੰ ਆਕੇ ਪੁੱਛਣ ਲੱਗੇ ।
ਅੱਜ ਸੂਰਜ ਜਦ ਡੁੱਬ ਰਿਹਾ ਸੀ ।
ਕੁਝ ਥੋੜ੍ਹਾ ਪਰੇਸ਼ਾਨ ਜਿਹਾ ਸੀ ।
ਅਸੀਂ ਵੀ ਜਦ ਤੋਂ ਚਮਕ ਰਹੇ ਹਾਂ ।
ਥੋੜ੍ਹਾ ਥੋੜ੍ਹਾ ਤ੍ਰਭਕ ਰਹੇ ਹਾਂ ।
ਧਰਤੀ ਕਿਉਂ ਸੁੰਨਸਾਨ ਪਈ ਹੈ ?
ਕਿਉਂ ਲੱਗਦੀ ਸ਼ਮਸ਼ਾਨ ਜਹੀ ਹੈ ?
ਕਿਉਂ ਏਨਾ ਡਰ ਗਏ ਨੇ ਲੋਕੀ ?
ਘਰੋ ਘਰੀ ਵੜ ਗਏ ਨੇ ਲੋਕੀ ?
ਅੱਜ ਕੋਈ ਸਾਨੂੰ ਕਿਉਂ ਨਹੀਂ ਗਿਣਦਾ ?
ਸਾਥੋਂ ਦੂਰੀ ਕਿਉਂ ਨਹੀਂ ਮਿਣਦਾ ?
ਨਾਂ ਕੋਈ ਸਾਡੀ ਛਾਂਵੇ ਬਹਿੰਦਾ ।
ਨਾਂ ਸਾਨੂੰ ਤੋੜਨ ਦੀ ਗੱਲ ਕਹਿੰਦਾ ।
ਕੀ ਹੁਣ ਪ੍ਰੇਮੀ ਹੀ ਮੁੱਕ ਗਏ ਨੇ ?
ਪਿਆਰ ਕਰਨ ਤੋਂ ਹੀ ਰੁਕ ਗਏ ਨੇ ।
ਸੁਣ ਕੇ ਫਿਰ ਚੰਨ ਹੱਸਣ ਲੱਗਾ ।
ਤਾਰਿਆਂ ਨੂੰ ਕੁਝ ਦੱਸਣ ਲੱਗਾ ।
ਮੇਰੇ ਕੋਲ ਵੀ ਆਏ ਸੀ ਇਹ ।
ਨਾਲ ਮਸ਼ੀਨ ਲਿਆਏ ਸੀ ਇਹ ।
ਮੁੱਠੀ ਭਰ ਮੇਰੀ ਮਿੱਟੀ ਲੈ ਗਏ ।
ਜਾਂਦੇ ਜਾਂਦੇ ਮੈਨੂੰ ਕਹਿ ਗਏ ।
ਅਸੀਂ ਤਾਂ ਸਭ ਕੁਝ ਕਰ ਸਕਦੇ ਹਾਂ ।
ਤੈਨੂੰ ਵੀ ਸਰ ਕਰ ਸਕਦੇ ਹਾਂ ।
ਇਹ ਮੂਰਖ ਪਰ ਕੁਝ ਨਾਂ ਜਾਨਣ ।
ਨਾਂ ਆਪਣੀ ਔਕਾਤ ਪਛਾਨਣ ।
ਇਹਨਾ ਨੇ ਆਪਣੀ ਮਾਂ ਧਰਤੀ ।
ਕੱਖਾਂ ਤੋਂ ਵੀ ਹੌਲੀ ਕਰਤੀ ।
ਮੰਦਰ ਮਸਜਿਦ ਗਿਰਜੇ ਮੱਕੇ ।
ਵੱਡੇ ਮਹਿਲ ਉਸਾਰਨ ਪੱਕੇ ।
ਮਾਂ ਦੀ ਪੂੰਜੀ ਲੁੱਟ ਲੁੱਟ ਥੱਕੇ ।
ਫਿਰ ਵੀ ਉਸਨੂੰ ਮਾਰਨ ਧੱਕੇ ।
ਹਮਸਾਇਆਂ ਨੂੰ ਭੁੱਖ ਦਿੰਦੇ ਨੇ ।
ਮੇਰੀ ਭੈਣ ਨੂੰ ਦੁੱਖ ਦਿੰਦੇ ਨੇ ।
ਹੁਣ ਛੋਟੇ ਜਹੇ ਜੀਵ ਤੋਂ ਡਰਕੇ ।
ਬਹਿ ਗਏ ਨੇ ਸਭ ਅੰਦਰ ਵੜਕੇ ।
ਹੁਣ ਕਿੱਧਰ ਗਏ ਅਕਲਾਂ ਵਾਲੇ ?
ਸੋਹਣੀਆਂ ਸੋਹਣੀਆਂ ਸ਼ਕਲਾਂ ਵਾਲੇ ।
ਉੰਜ ਮੇਰਾ ਦਿਲ ਵੀ ਘਬਰਾਉਂਦੈ ।
ਥੋੜ੍ਹਾ ਥੋੜ੍ਹਾ ਤਰਸ ਵੀ ਆਉਂਦੈ ।
ਇਹਨਾ ਵਿੱਚ ਕੁਝ ਚੰਗੇ ਵੀ ਨੇ ।
ਨਾਲੇ ਰੱਬ ਦੇ ਬੰਦੇ ਵੀ ਨੇ ।
ਰੱਬ ਕਰੇ ਇਹ ਰਹਿਣ ਸਲਾਮਤ ।
ਔਖੇ ਸੌਖੇ ਕੱਟ ਲੈਣ ਆਫ਼ਤ ।
ਇਹ ਸਾਰਾ ਕੁਝ ਲੰਘਣ ਮਗਰੋਂ ।
ਐਸੇ ਰੰਗ ਵਿੱਚ ਰੰਗਣ ਮਗਰੋਂ ।
ਜੋ ਕੁਝ ਹੈ ਸਭ ਵੰਡ ਕੇ ਖਾ ਲੈਣ ।
ਇੱਕ ਦੂਜੇ ਦਾ ਦਰਦ ਵੰਡਾ ਲੈਣ ।
ਧਰਤੀ ਮਾਂ ਦੀਆਂ ਲੈਣ ਅਸੀਸਾਂ ।
ਸਦਾ ਸਦਾ ਇਹ ਰਹਿਣ ਅਸੀਸਾਂ ।
ਟਿਮ ਟਿਮ ਕਰਦੇ ਜਾਗਣ ਤਾਰੇ ।
ਚੰਦ ਦੀ ਗੱਲ ਨਾਲ ਭਰਨ ਹੁੰਗਾਰੇ ।
-ਅਮਰਜੀਤ ਸਿੰਘ ਗਰੇਵਾਲ