You are here

ਹੋਲੀ! ✍️ ਸਲੇਮਪੁਰੀ ਦੀ ਚੂੰਢੀ

ਮਿੱਤਰਾ!

ਸਮਝ ਨਹੀਂ ਆਉਂਦੀ ਕਿ -

ਮੈਂ ਤੇਰੇ ਨਾਲ

ਹੋਲੀ ਕਿਵੇਂ ਮਨਾਵਾਂ?

ਤੇਰੇ ਰੰਗ ਵਿਚ

ਕਿਵੇਂ ਰੰਗੀ ਜਾਵਾਂ!

ਤੂੰ ਤਾਂ

ਰੱਬ ਰੂਪੀ ਸੰਵਿਧਾਨ ਵਰਗੇ

ਮੇਰੇ ਸਿਰ 'ਤੇ

ਹੱਥ ਰੱਖ ਕੇ 

ਸਤਿਕਾਰ ਦੀ,

ਪਿਆਰ ਦੀ,

ਵਾਅਦੇ ਨਿਭਾਉਣ ਦੀ 

ਸਹੁੰ ਖਾ ਕੇ

ਕਿੰਨੀ ਵਾਰੀ

ਮੇਰੇ ਦਿਲ 

ਦਿੱਲੀ ਨੂੰ

ਪਿਆਰ ਦੇ ਰੰਗਾਂ

 ਵਿੱਚ ਨਹੀਂ 

 ਲਹੂ ਦੇ ਰੰਗਾਂ

ਵਿਚ ਰੰਗਿਆ!

ਤੂੰ ਮੇਰੇ

 ਦਿਲ ਦੀ ਬੈੰਕ

ਵਿਚ ਪਿਆਰ ਦੇ ਭਰੇ

ਰੰਗ-ਬਿਰੰਗੇ ਨੋਟਾਂ

ਨੂੰ ਲੁੱਟ ਕੇ

ਬੈਂਕ ਦੇ ਲਾਕਰਾਂ 'ਤੇ 

ਬਦ-ਸ਼ਗਨੀ ਦਾ

ਕਾਲਾ ਰੰਗ

ਮਲ ਦਿੱਤਾ ਹੈ।

ਤੂੰ ਤਾਂ

ਪਿਆਰ ਦੇ ਜਾਲ

ਵਿਚ ਫਸਾਉਣ ਤੋਂ ਪਹਿਲਾਂ

ਬਹੁਤ ਫੜ੍ਹਾਂ

ਮਾਰਦਾ ਸੀ।

ਤੂੰ ਤਾਂ

ਚੰਦ 'ਤੇ ਜਾ ਕੇ

ਪਲਾਟ ਖ੍ਰੀਦ ਕੇ

ਮੈਨੂੰ ਬੰਗਲਾ ਉਸਾਰ ਕੇ

ਦੇਣ ਲਈ

ਵਾਅਦੇ ਕਰਦੇ ਸੀ,

ਪਰ ਤੇਰੇ ਕੋਲੋਂ ਤਾਂ

ਮੈਨੂੰ ਦੇਣ ਲਈ 

ਹੋਲੀ ਖੇਡਣ ਲਈ

ਦਸ ਰੁਪਈਆਂ ਦੀ 

ਪਿਚਕਾਰੀ ਵੀ ਨ੍ਹੀੱ

ਸਰੀ!

ਉੰਝ ਤਾਂ ਤੂੰ

ਫੜ੍ਹਾਂ ਬਹੁਤ ਮਾਰਦੈੰ!

ਪਰ-

ਪਿਚਕਾਰੀ ਲਈ ਵੀ

ਤੂੰ ਗੁਆਂਢੀ ਵਲ

ਵੇਖਦੈੰ!

ਮਿੱਤਰਾ!

ਤੂੰ ਜਿਵੇਂ ਮਰਜੀ

ਮੇਰੇ ਨਾਲ ਚਲਾਕੀਆਂ ਕਰ!

ਮੈਂ ਤੇਰੇ ਨਾਲ

ਹੋਲੀ ਜਰੂਰ ਖੇਡਾਂਗੀ!

ਤੂੰ ਭਾਵੇਂ 

ਚਿੱਟੇ, 

ਭਗਵੇੰ,

ਲਾਲ,

ਨੀਲੇ

ਰੰਗ ਦੇ ਕੱਪੜੇ ਪਾ ਲੈ!

ਭਾਵੇਂ

ਜਿਹੜਾ ਮਰਜੀ ਸੂਟ ਸਵਾ ਲੈ!

ਪਰ -

ਮੈਂ ਤੇਰੇ ਨਾਲ

ਜਰੂਰ ਹੋਲੀ ਖੇਡਾਂਗੀ-

 ਪਿਆਰਾਂ ਦੀ!

ਮੁਹੱਬਤਾਂ ਦੀ!

ਫੁੱਲਾਂ ਵਰਗੇ

ਸੁੱਚੇ ਰੰਗਾਂ ਦੀ!

ਤੂੰ ਜਿੰਨੇ ਮਰਜੀ

ਰੰਗ ਵਟਾ ਲੈ!

ਮੈਂ ਤਾਂ ਤੇਰੇ

ਰੰਗ ਵਿਚ

 ਰੰਗੀ ਗਈ ਆਂ!

ਤੂੰ ਭਾਵੇਂ ਗੁੜ ਦੇ ਦੇ

ਭਾਵੇਂ ਜਹਿਰ! 

-ਸੁਖਦੇਵ ਸਲੇਮਪੁਰੀ

09780620233