You are here

ਵਿਸਾਖੀ 'ਤੇ ਵਿਸ਼ੇਸ਼ - ✍️ਸਲੇਮਪੁਰੀ ਦੀ ਚੂੰਢੀ

ਵਿਸਾਖੀ 'ਤੇ ਵਿਸ਼ੇਸ਼ - 

 

ਹੇ! ਗੁਰੂ ਗੋਬਿੰਦ ਸਿੰਘ

 

ਹੇ! ਗੁਰੂ ਗੋਬਿੰਦ ਸਿੰਘ

ਤੂੰ ਅੱਜ ਦੇ ਦਿਨ

ਮਰੀਆਂ ਰੂਹਾਂ ਨੂੰ ਜਗਾਕੇ

ਜਾਤਾਂ - ਕੁਜਾਤਾਂ ਠੁਕਰਾ ਕੇ

ਵੱਖਰਾ ਪਹਿਰਾਵਾ ਪਹਿਨਾ ਕੇ

ਗਿੱਦੜਾਂ ਤੋਂ ਸ਼ੇਰ ਬਣਾ ਕੇ 

ਅਨੋਖੀ ਕੌਮ ਸਜਾਕੇ

ਨਵੀਂ ਰੂਹ ਫੂਕੀ ਸੀ!

ਪਰ -

ਅੱਜ ਫਿਰ ਵਿਸਾਖੀ

ਤੈਨੂੰ 'ਵਾਜਾਂ ਮਾਰਦੀ ਆ!

ਅੱਜ ਫਿਰ ਮਾਨਵਤਾ ਪੁਕਾਰ ਦੀ ਆ!

ਅੱਜ ਫਿਰ ਚੜਤ ਹੰਕਾਰ ਦੀ ਆ!

ਨੌਵੀਂ ਪਾਤਸ਼ਾਹੀ ਦਾ ਸੀਸ

ਸੀਨੇ ਲਾਉਣ ਵਾਲਿਆਂ ਨੂੰ

ਹੰਕਾਰੀ ਲੋਕਾਂ ਦੀ ਸੋਚ

ਦੁਰਕਾਰ ਦੀ ਆ!

ਭਾਈ ਨਿਰਮਲ ਸਿੰਘ  ਦੀ ਮ੍ਰਿਤਕ ਦੇਹ 

ਮੜੀਆਂ ਵਿਚ ਵੀ ਨਫਰਤ ਖਿਲਾਰਦੀ ਆ!

ਤੂੰ ਨਿਹੱਥਿਆਂ ਦੀ ਬਾਂਹ

ਫੜਨ ਲਈ ਦਿੱਤਾ ਹੋਕਾ!

ਪਰ -

ਅੱਜ ਆਪਣਿਆਂ ਦੀ ਲਾਸ਼

ਮੜੀਆਂ ਤੱਕ ਜਾਣ ਲਈ ਤਰਲੇ ਮਾਰਦੀ ਆ!

ਤੇਰੀ ਸਿੱਖੀ 'ਤੇ ਮਨੂੰਵਾਦ ਹੋਇਆ ਭਾਰੂ

 ਊਚ-ਨੀਚ ਫੁੰਕਾਰੇ ਮਾਰਦੀ ਆ! 

ਤੇਰੇ ਬਾਣੇ 'ਚ ਕਈ ਬਦਮਾਸ਼ ਬਣ ਗਏ'

ਸੋਚ ਉਨ੍ਹਾਂ ਦੀ ਜਹਿਰ ਖਿਲਾਰਦੀ ਆ!

ਪਟਿਆਲਾ ਸ਼ਹਿਰ 'ਚ

ਹੋਇਆ ਕੰਮ ਮਾੜਾ,

ਅਜਿਹੀ ਹਰਕਤ ਹੀ

 ਕੌਮ ਦਾ ਨਾਂ ਵਿਗਾੜ ਦੀ ਆ!

ਭੁੱਖਿਆਂ ਤੱਕ ਅੰਨ ਪਹੁੰਚਾਈ ਜਾਂਦੇ

ਇਹ ਸੇਵਾ ਹੀ ਕੌਮ ਦਾ ਨਾਂ

ਨਿਹਾਰ ਦੀ ਆ!

 ਰੰਗ ਕਣਕਾਂ ਦਾ 

ਹਰੇ ਤੋਂ ਸੁਨਹਿਰੀ ਹੋਇਆ

 ਅੱਡੀਆਂ ਚੁੱਕ ਚੁੱਕ ਵਿਸਾਖੀ ਝਾਕਦੀ ਆ!

ਬਾਜਾਂ ਵਾਲਿਆ ਕੇਰਾਂ ਮਾਰ ਗੇੜਾ

ਸਾਰੀ ਖਲਕਤ 'ਵਾਜਾਂ ਮਾਰਦੀ ਆ!

-ਸੁਖਦੇਵ ਸਲੇਮਪੁਰੀ

09780620233

13 ਅਪ੍ਰੈਲ, 2020