ਮੈਂ ਇੱਕ ਨਰਸ ਹਾਂ
ਜੋ ਹਮੇਸ਼ਾਂ,
ਆਪਣੀ ਜਿੰਦਗੀ
ਜੋਖਮ ਵਿਚ ਪਾ ਕੇ
ਦੂਜਿਆਂ ਨੂੰ
ਜਿੰਦਗੀ ਦਿੰਦੀ ਆਂ!
ਹੁਣ ਸਾਰਾ ਆਲਮ
ਘਰਾਂ 'ਚ ਬੈਠਾ!
ਮੈਂ ਹਸਪਤਾਲਾਂ ' ਚ
ਆਦਮਖੋਰ ਦੁਸ਼ਮਣ
ਕੋਰੋਨਾ ਨਾਲ
ਲੜਦੀ ਆਂ,
ਜਿਵੇਂ -
ਸਰਹੱਦ 'ਤੇ ਡੱਟੇ
ਫੌਜੀ ਨੂੰ
ਆਪਣਾ
ਘਰ ਨਹੀਂ!
ਪਰਿਵਾਰ ਨਹੀਂ!
ਸਿਰਫ ਦੇਸ਼ ਦਿਸਦਾ ਏ!
ਮੈਂ ਦੁਖੀਆਂ ਲਈ
ਉਵੇਂ ਕੰਮ ਕਰਦੀ ਆਂ!
ਮੈਂ ਵੀ ਹੱਡ-ਮਾਸ ਦਾ ਪੁਤਲਾ ਵਾਂ!
ਕਦੀ ਕਦਾਈੰ
ਪ੍ਰੇਸ਼ਾਨ ਹੋ ਜਾਨੀ ਆਂ!
ਕਦੀ ਡਾਕਟਰ ਦੀਆਂ
ਝਿੜਕਾਂ ਖਾਨੀ ਆਂ
ਕਦੀ ਮਰੀਜ
ਤੇ
ਕਦੀ ਮਰੀਜ ਦੇ
ਰਿਸ਼ਤੇਦਾਰਾਂ ਦਾ
ਗੁੱਸਾ ਸਹਿੰਨੀ ਆਂ!
ਪਰ ਮਾਨਵਤਾ ਨੂੰ
ਪੱਲੇ ਰੱਖਕੇ ਬਹਿੰਨੀ ਆਂ!
ਉਂਝ ਤਾਂ-
ਮੈਂ ਆਉਂਦੀ ਜਾਂਦੀ
ਮੁਸ਼ਟੰਡਿਆਂ ਤੇ
ਸੌੜੀ ਮੱਤ ਦੇ
ਲੋਕਾਂ ਦੀਆਂ
ਚਗਲ ਚੋਟਾਂ ਵੀ
ਸਹਿੰਨੀ ਆਂ!
ਪਰ -
ਬਿਮਾਰਾਂ ਨੂੰ ਵੇਖ ਕੇ
ਖਿੱਝਦੀ ਨਹੀਂ!
ਉਦਾਸੀ ਦੇ ਵਿੱਚ
ਰਿੱਝਦੀ ਨਹੀਂ ਹੁੰਦੀ!
ਕਿਉਂਕਿ-
ਮੇਰੀ ਉਦਾਸੀ
ਮਰੀਜ ਨੂੰ ਉਦਾਸ ਕਰਦੀ ਆ!
ਮੇਰੀ ਖੁਸ਼ੀ
ਡੂੰਘੇ ਜਖਮ ਭਰਦੀ ਆ!
ਦਰਦਾਂ 'ਤੇ ਟਕੋਰ ਕਰਦੀ ਆ!
ਬਿਮਾਰਾਂ ਨੂੰ ਤੰਦਰੁਸਤ ਕਰਦੀ ਆ!
ਮੈੰ-
ਮੁਰਝਾਵਾਂਗੀ ਨਹੀਂ
ਮੇਰੇ ਮੁਰਝਾਇਆਂ
ਜਗ ਮੁਰਝਾਏਗਾ!
ਇਸੇ ਲਈ -
ਟਹਿਕਦੀ ਰਹਿੰਨੀ ਆਂ!
ਮੇਰਾ ਖੁਸ਼ ਚਿਹਰਾ
ਜਗ ਰੁਸ਼ਨਾਏਗਾ!
ਇਸੇ ਲਈ
ਹਰ ਦੁੱਖ ਸਹਿੰਨੀ ਆਂ।
ਫਿਰ ਵੀ
ਖੁਸ਼ ਰਹਿੰਨੀ ਆਂ!
ਲਾਪ੍ਰਵਾਹ ਨਹੀਂ!
ਬੇਪ੍ਰਵਾਹ ਹਾਂ!
ਘੱਟ ਤਨਖਾਹ 'ਤੇ
ਨਿਰਬਾਹ ਕਰਦੀ ਆਂ!
ਫਿਰ ਵੀ -
ਹੌਂਸਲਾ ਬੁਲੰਦ ਰੱਖਦੀ ਆਂ!
ਸੱਭ ਦੀ ਸਿਹਤਯਾਬੀ ਮੰਗਦੀ ਆਂ!
-ਸੁਖਦੇਵ ਸਲੇਮਪੁਰੀ
09780620233
12ਅਪ੍ਰੈਲ,2020