ਜਗਰਾਓਂ, ਜੁਲਾਈ 2019 - (ਜਨ ਸਕਤੀ ਨਿਉਜ)- ਭਾਜਪਾ ਐਮਪੀ ਸੰਨੀ ਦਿਉਲ ਵੱਲੋਂ ਬੀਤੇ ਦਿਨੀਂ ਗੁਰਪ੍ਰੀਤ ਪਲਹੇੜੀ ਨੂੰ ਗੁਰਦਾਸਪੁਰ ਤੋਂ ਆਪਣਾ ਨੁਮਾਇੰਦਾ ਐਲਾਨੇ ਜਾਣ ਤੋਂ ਬਾਅਦ ਸਿਆਸੀ ਭੂਚਾਲ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਭੂਚਾਲ ਆ ਗਿਆ ਸੀ। ਸੰਨੀ ਦਿਉਲ ਨੇ ਅੱਜ ਟਵੀਟ ਕਰ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਗੁਰਪ੍ਰੀਤ ਪਲਹੇੜੀ ਨੂੰ ਆਪਣਾ ਪੀ.ਏ ਐਲਾਨਿਆ ਸੀ ਤੇ ਜਿਸ ਕਾਰਨ ਸਾਰੇ ਪਾਸੇ ਬੇਵਜ੍ਹਾ ਵਿਵਾਦ ਪੈਦਾ ਹੋ ਗਿਆ ਹੈ।
ਸੰਨੀ ਦਿਉਲ ਨੇ ਕਿਹਾ ਕਿ ਉਨ੍ਹਾਂ ਪਲਹੇੜੀ ਨੂੰ ਇਸ ਕਰਕੇ ਨਿਯੁਕਤ ਕੀਤਾ ਹੈ ਤਾਂ ਕਿ ਉਨ੍ਹਾਂ ਦੀ ਗੈਰਹਾਜ਼ਰੀ ਦੌਰਾਨ (ਪਾਲਰੀਮੈਂਟ ਜਾਂ ਫੇਰ ਕਿਸੇ ਕੰਮ 'ਚ ਵਿਅਸਤ ਹੋਣ ਕਾਰਨ) ਉਹ ਜ਼ਰੂਰੀ ਮੀਟਿੰਗਾਂ 'ਤੇ ਜਾ ਸਕਣ ਅਤੇ ਕੋਈ ਵੀ ਕਾਰਜ ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਅਧੂਰਾ ਨਾ ਰਹਿ ਸਕੇ। ਸੰਨੀ ਨੇ ਲਿਖਿਆ ਉਨ੍ਹਾਂ ਦੀ ਪਲਹੇੜੀ ਨੂੰ ਸੌਂਪੀ ਜ਼ਿੰਮੇਦਾਰੀ ਦਾ ਕਾਰਨ ਇਹ ਹੈ ਕਿ ਆਪਣੀ ਗੈਰਹਾਜ਼ਰੀ ਮੌਕੇ ਉਹ ਆਪਣੇ ਹਲਕੇ ਦੇ ਹਾਲ ਤੋਂ ਜਾਣੂ ਹੋ ਸਕਣ।
ਸੰਨੀ ਦਿਉਲ ਨੇ ਕਿਹਾ ਕਿ ਗੁਰਦਾਸਪੁਰ ਦਾ ਨੁਮਾਇੰਦਾ ਹੋਣ ਦੇ ਨਾਤੇ ਉਥੋਂ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਫਰਜ਼ ਹੈ ਤੇ ਉਹ ਜਰੂਰ ਆਪਣੇ ਬੋਲਾਂ 'ਤੇ ਖਰੇ ਉਤਰਨਗੇ।