You are here

ਬਜ਼ੁਰਗ ਮਾਤਾ 31ਵੇਂ ਦਿਨ ਵੀ ਬੈਠੀ ਭੁੱਖ ਹੜਤਾਲ 'ਤੇ, ਧਰਨਾ 38ਵੇਂ ਦਿਨ ਵੀ ਰਿਹਾ ਜਾਰੀ

ਮਈ ਦਿਵਸ ਵੱਡੇ ਪੱਧਰ 'ਤੇ ਮਨਾਉਂਣ ਦਾ ਸੱਦਾ 

ਜਗਰਾਉਂ 29 ਅਪ੍ਰੈਲ ( ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ) ਨੇੜਲੇ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਗਰੀਬ ਪਰਿਵਾਰ ਨੂੰ ਨਜ਼ਾਇਜ ਹਿਰਾਸਤ 'ਚ ਥਾਣੇ ਰੱਖ ਕੇ ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਦੇ ਮਾਮਲੇ ਦੇ ਦੋਸ਼ੀਅਾਂ ਦੀ ਗ੍ਰਿਫਤਾਰੀ ਲਈ ਸਿਟੀ ਥਾਣੇ ਮੂਹਰੇ ਚੱਲ਼ ਰਿਹਾ ਅਣਮਿਥੇ ਸਮੇਂ ਦੇ ਧਰਨੇ ਦੇ 38ਵੇੰ ਦਿਨ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨ ਅਤੇ ਧਰਨੇ ਨੂੰ ਹਲਕੇ ਵਿੱਚ ਲੈਣ ਦੇ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਦੇ ਅਣਦੇਖੀ ਵਾਲੇ ਵਤੀਰੇ ਦੀ ਵੀ ਰੱਜ਼ ਕੇ ਨਿੰਦਾ ਕੀਤੀ। ਧਰਨਾਕਾਰੀ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਮਾਣੂੰਕੇ ਨੇ ਚਿਤਾਵਨੀ ਦਿੰਦਿਆਂ ਪੁਲਿਸ ਅਤੇ ਸਿਵਲ਼ ਪ੍ਰਸਾਸ਼ਨਿਕ ਅਧਿਕਾਰੀ ਨੂੰ ਕਿਹਾ ਕਿ ਅਣਦੇਖੀ ਕਰਨ ਨਾਲ਼ ਸਮੱਸਿਆ ਹੋਰ ਉਲ਼ਝੇਗੀ। ਉਨਾਂ ਕਿਹਾ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸਮਝਣਾ ਚਾਹੀਦਾ ਏ ਕਿ ਪੀੜ੍ਹਤ ਪਰਿਵਾਰ 17 ਸਾਲਾਂ ਤੋਂ ਇਨਸਾਫ਼ ਦੀ ਝਾਂਕ  ਵਿੱਚ ਲੜ੍ਹ ਰਿਹਾ ਹੁਣ ਤੱਕ ਦੋ ਧੀਆਂ ਦੀਆਂ ਜਾਨਾਂ ਗੁਆ ਚੁੱਕਾ ਹੈ। ਅੱਜ ਦੇ ਧਰਨੇ ਨੂੰ ਕਾਮਰੇਡ ਗੁਰਮੀਤ ਸਿੰਘ ਵਾਂਦਰਡੋਡ ਜਿਲ੍ਹਾ ਸਕੱਤਰ ਭਾਰਤੀ ਕਮਿਉਨਿਸਟ ਪਾਰਟੀ ਬਾਘਾਪੁਰਾਣਾ, ਤਰਲੋਚਨ ਸਿੰਘ ਝੋਰੜਾਂ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਮਨੋਹਰ ਸਿੰਘ ਜਿਲ੍ਹਾ ਕਨਵੀਨਰ ਕੇਕੇਯੂ ਯੂਥ ਵਿੰਗ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਜੱਥੇਦਾਰ ਚੜਤ ਸਿੰਘ ਗਗੜਾ ਨਿਹੰਗ ਸਿੰਘ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਕੇਜ਼ਰੀਵਾਲ ਤੇ ਭਗਵੰਤ ਮਾਨ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਫੂਕ ਨਿਕਲ਼ ਰਹੀ ਏ। ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੇ ਪੱਖੋ ਪੰਜਾਬ ਦੀ ਹਾਲ਼ਤ ਪੂਰੀ ਤਰਾਂ ਖਰਾਬ ਹੋ ਰਹੀ ਏ ਹਰ ਪਾਸੇ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਏ। ਇਸ ਸਮੇਂ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੁਲਿਸ ਅਤੇ ਪੰਜਾਬ ਸਰਕਾਰ ਦੇ ਵਤੀਰੇ ਖਿਲਾਫ਼ ਜਲ਼ਦੀ ਹੀ ਇੱਕ ਵੱਡਾ ਜਨ ਅੰਦੋਲਨ ਸ਼ੁਰੂ ਕਰਨ ਲਈ ਪਹਿਲੀ ਮਈ ਨੂੰ ਰੈਲ਼ੀ ਕਰਨ ਤੋ ਤੋਂ ਬਾਦ ਮੀਟਿੰਗ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ

ਘੜੀ ਜਾਵੇਗੀ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਅਤੇ ਲੋਕ ਗਾਇਕ ਸੁਰੈਣ ਸਿੰਘ ਧੂਰਕੋਟ ਨੇ ਧਾਰਮਿਕ ਕਵਿਤਾ ਬੋਲ ਕੇ ਹ‍ਾਜ਼ਰੀ ਲਗਵਾਈ ਅਤੇ ਬਾਬਾ ਗੁਰਚਰਨ ਸਿੰਘ ਬਾਬੇ ਕੇ, ਜੱਥੇਦਾਰ ਬੰਤਾ ਸਿੰਘ ਡੱਲਾ, ਜਗਸੀਰ ਸਿੰਘ ਢਿੱਲੋਂ, ਦਲਜੀਤ ਸਿੰਘ ਕਲਸੀ, ਬਾਬਾ ਹਰੀ ਸਿੰਘ ਚਚਰਾੜੀ, ਮਨਜੀਤ ਕੌਰ ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।