ਸ਼ਬਦ ਤੇ ਸੁਰਾਂ ਦੇ ਬਾਦਸ਼ਾਹ
ਭਾਈ ਨਿਰਮਲ ਸਿਹਾਂ
ਤੂੰ ਉਦਾਸ ਨਾ ਹੋਵੀੰ
ਕਿ -
ਤੇਰੀ ਮ੍ਰਿਤਕ ਦੇਹ ਨੂੰ
ਠੋਕਰਾਂ ਪਈਆਂ ਨੇ!
ਕਿਉਂਕਿ -
ਤੂੰ ਤਾਂ ਖੁਦ
ਜਾਣਦੈ ਸੈੰ
ਇਸ ਸਮਾਜ ਦੇ ਵਰਤਾਰੇ ਨੂੰ!
ਕੋਰੋਨਾ ਤਾਂ ਅੱਜ
ਪਨਪਿਆ
ਇਥੇ ਤਾਂ ਸਦੀਆਂ ਤੋਂ
ਧਰਮਾਂ,
ਜਾਤਾਂ ਕੁਜਾਤਾਂ
ਭੁੱਖਮਰੀ
ਗਰੀਬੀ ਦਾ ਕੋਰੋਨਾ
ਨਾਗ ਵਾਂਗੂੰ ਡੱਸਦਾ ਫਿਰਦੈ!
ਜਿਥੇ -
ਤਾੜੀਆਂ ਵਜਾਕੇ,
ਥਾਲੀਆਂ ਖੜਕਾ ਕੇ,
ਦੀਵੇ ਜਗਾ ਕੇ,
ਰੋਗ ਭਜਾਉਣ ਦਾ
ਵਰਤਾਰਾ ਭਾਰੂ ਹੈ,
ਉਥੇ ਕੁਝ ਵੀ ਸੰਭਵ ਹੈ!
ਉਥੇ ਉਸ ਕੌਮ ਦੇ
ਚੌਧਰੀਆਂ ਦਾ ' ਲਹੂ
ਚਿੱਟਾ' ਹੋ ਜਾਣਾ
ਵੀ ਸੰਭਵ ਹੈ,
ਜਿਸ ਦਾ ਮੁੱਢ ਹੀ
ਦੂਜਿਆਂ ਲਈ
ਆਪਾ ਵਾਰਨ ਲਈ
ਬੱਝਾ ਸੀ!
ਭਾਈ ਨਿਰਮਲ ਸਿਹਾਂ!
ਤੂੰ ਉਦਾਸ ਨਾ ਹੋਵੀੰ!
ਕਿਉਂਕਿ -
ਤੂੰ ਤਾਂ ਜਾਣਦੈ ਸੈੰ
ਕਿ-
ਇਥੇ ਤਾਂ ਜਿਉਦਿਆਂ ਨੂੰ
ਵੀ ਧੱਕੇ ਪੈਂਦੇ ਨੇ!
ਮਰਿਆਂ ਨੂੰ ਧੱਕੇ ਪੈਣਾ
ਕੋਈ ਵੱਡੀ ਗੱਲ ਨਹੀਂ!
ਇਸ ਲਈ -
ਤੂੰ ਉਦਾਸ ਨਾ ਹੋਵੀੰ!
-ਸੁਖਦੇਵ ਸਲੇਮਪੁਰੀ