You are here

ਅੰਤਰਰਾਸ਼ਟਰੀ

ਕੈਪਟਨ ਨੇ ਪੰਜਾਬ ’ਚ ਨਿਵੇਸ਼ ਲਈ ਅਮਰੀਕੀ ਕਾਰਪੋਰੇਟ ਜਗਤ ਤੱਕ ਪਹੁੰਚ ਕੀਤੀ

ਚੰਡੀਗੜ੍ਹ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਦੇ ਕਾਰਪੋਰੇਟ ਸੈਕਟਰ ਨੂੰ ਰਾਜ ਵਿਚਲੇ ਉਦਯੋਗ ਅਤੇ ਨਿਵੇਸ਼ਕਾਂ ਲਈ ਢੁਕਵੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੀਡੀਓ ਕਾਨਫਰੰਸ ਜ਼ਰੀਏ ਯੂਐੱਸ-ਪੰਜਾਬ ਇਨਵੈਸਟਰਜ਼ ਗੋਲਮੇਜ਼-2020 ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਕਈ ਮਹੀਨਿਆਂ ਤੋਂ ਜਾਰੀ ਤਾਲਾਬੰਦੀ ਤੋਂ ਬਾਅਦ ਪੰਜਾਬ ਦੀ ਆਰਥਿਕਤਾ ਪਟੜੀ ’ਤੇ ਹੈ, ਪਰਵਾਸੀ ਮਜ਼ਦੂਰ ਵਾਪਸ ਆ ਰਹੇ ਹਨ ਅਤੇ ਉਦਯੋਗ ਪੈਰਾਂ ’ਤੇ ਖੜੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗਾਂ ਅਤੇ ਨਿਵੇਸ਼ਕਾਂ ਲਈ ਢੁਕਵੀਆਂ ਨੀਤੀਆਂ ਬਣਾਈਆਂ ਹਨ। ਉਨ੍ਹਾਂ ਰਾਜ ਵਿੱਚ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਪੰਜਾਬ ਅਮਰੀਕਾਂ ਦੀ ਕੰਪਨੀਆਂ ਲਈ ਸ਼ਾਨਦਾਰ ਥਾਂ ਹੈ। ਉਨ੍ਹਾਂ ਕਿਹਾ ਕਿ ਸਾਲ 2019- 20 ਵਿਚ ਪੰਜਾਬ ਦੀ ਅਮਰੀਕਾ ਵਿਚ ਬਰਾਮਦ 68.5 ਕਰੋੜ ਡਾਲਰ ਸੀ, ਜੋ ਰਾਜ ਦੇ ਕੁੱਲ ਬਰਾਮਦ ਦਾ 12 ਪ੍ਰਤੀਸ਼ਤ ਹੈ।  

ਕੋਰੋਨਾ ਵਾਇਰਸ ਨੇ ਬਦਲਿਆ ਰੂਪ, ਡੈਨਮਾਰਗ 'ਚ ਹਫ਼ੜਾ-ਦਫੜੀ

ਕੀ ਟੀਕਾ ਹੋਵੇਗਾ ਕਾਰਗਰ, ਜਾਣੋ ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ

ਜੇਨੇਵਾ,ਨਵੰਬਰ 2020 -(ਏਜੰਸੀ )

ਡੈਨਮਾਰਕ 'ਚ SARS-CoV-2 ਦੇ ਵੱਖਰੀ ਕਿਸਮ ਦੇ ਕੋਰੋਨਾ ਇਨਫੈਕਸ਼ਨ ਦੇ 214 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਹ ਮਾਮਲੇ ਮਿੰਕ ਭਾਵ ਊਦਬਿਲਾਵ ਨਾਲ ਜੁੜੇ ਦੱਸੇ ਜਾ ਰਹੇ ਹਨ। ਬੀਤੀ ਪੰਜ ਨਵੰਬਰ ਨੂੰ ਇਨ੍ਹਾਂ 'ਚੋਂ 12 ਮਾਮਲਿਆਂ 'ਚ ਇਕ ਖ਼ਾਸ ਕਿਸਮ ਦੀ ਕੋਰੋਨਾ ਸਟ੍ਰੇਨ ਪਾਈ ਗਈ ਹੈ। ਇਸ ਖ਼ੁਲਾਸੇ ਤੋਂ ਬਾਅਦ ਦੁਨੀਆ 'ਚ ਨਵੇਂ ਖ਼ਤਰੇ ਦਾ ਡਰ ਦੱਸਿਆ ਜਾਣ ਲੱਗਿਆ ਹੈ। ਸਮਾਚਾਰ ਏਜੰਸੀ ਰਾਇਟਰ ਦੀ ਰਿਪੋਰਟ ਅਨੁਸਾਰ, ਕੋਰੋਨਾ ਵਾਇਰਸ 'ਚ ਹੋਏ ਬਦਲਾਵਾਂ ਨੂੰ ਲੈ ਕੇ ਡੈਨਮਾਰਕ ਦੀ ਸਰਕਾਰ ਇਕ ਕਰੋੜ 70 ਲੱਖ ਮਿੰਕ ਨੂੰ ਮਾਰਨ ਦੀ ਯੋਜਨਾ ਬਣਾ ਰਹੀ ਹੈ।

ਵਿਸ਼ਵ ਸਿਹਤ ਸੰਗਠਨ (World Health Organization) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿੰਕ ਨਵੇਂ SARS-CoV-2 ਵਾਇਰਸ ਲਈ ਭੰਡਾਰ ਗ੍ਰਹਿ ਸਾਬਤ ਹੋਏ ਹਨ। ਡੈਨਮਾਰਕ 'ਚ ਕੋਰੋਨਾ ਵਾਇਰਸ ਦੀ ਬਦਲੀ ਭਾਵ ਖ਼ਾਸ ਕਿਸਮ (mutated strain) ਦੀ ਇਸ ਸਟ੍ਰੇਨ ਨਾਲ ਇਕ ਦਰਜਨ ਲੋਕਾਂ 'ਚ ਇਨਫੈਕਸ਼ਨ ਹੋਈ ਹੈ। ਕੋਪਨਹੇਗਨ ਸਥਿਤ ਯੂਰਪੀ ਦਫ਼ਤਰ 'ਚ ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ (Catherine Smallwood) ਨੇ ਕਿਹਾ ਹੈ ਕਿ ਇਹ ਨਿਸ਼ਚਿਤ ਤੌਰ 'ਤੇ ਦੁਨੀਆ ਲਈ ਵੱਡਾ ਜੋਖ਼ਮ ਹੈ।

ਕੈਥਰੀਨ ਨੇ ਕਿਹਾ ਕਿ ਮਿੰਕ ਦੀ ਆਬਾਦੀ ਇਨਸਾਨਾਂ 'ਚ ਕੋਰੋਨਾ ਦੀ ਇਸ ਨਵੀਂ ਨਸਲ ਦੇ ਫੈਲਣ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਤੋਂ ਬਾਅਦ ਇਹ ਇਨਸਾਨਾਂ ਤੋਂ ਇਨਸਾਨਾਂ 'ਚ ਫੈਲਣ ਲੱਗੇਗਾ। ਅਜਿਹੇ 'ਚ ਸਵਾਲ ਉਠਣ ਲੱਗਿਆ ਹੈ ਕਿ ਕੋਰੋਨਾ ਇਨਫੈਕਸ਼ਨ ਦੀ ਕਾਟ ਲਈ ਦੁਨੀਆ ਭਰ 'ਚ ਜਿਨ੍ਹਾਂ ਟੀਕਿਆਂ 'ਤੇ ਕੰਮ ਹੋ ਰਿਹਾ ਹੈ, ਕੀ ਉਹ ਇਸ ਬਦਲੀ ਨਸਲ 'ਤੇ ਵੀ ਕਾਰਗਰ ਹੋਣਗੇ। ਜੇਕਰ ਇਹ ਟੀਕੇ ਬੇਅਸਰ ਸਾਬਤ ਹੋਏ ਤਾਂ ਦੁਨੀਆ ਭਰ 'ਚ ਵੱਡਾ ਨੁਕਸਾਨ ਹੋ ਸਕਦਾ ਹੈ। 

 ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਅਨੁਸਾਰ, ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਡੈਨਮਾਰਕ 'ਚ ਪਾਈ ਗਈ ਕੋਰੋਨਾ ਦੀ ਨਵੀਂ ਬਦਲੀ ਹੋਈ ਨਸਲ ਭਾਵ ਸਟ੍ਰੇਨ ਟੀਕਿਆਂ ਦੀ ਪ੍ਰਭਾਵਸ਼ੀਲਤਾ ਨੂੰ ਬੇਅਸਰ ਕਰ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਬਦਲਾਅ ਦਾ ਬੁਰਾ ਪ੍ਰਭਾਵ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਜਲਦਬਾਜ਼ੀ 'ਚ ਕਿਸੇ ਫ਼ੈਸਲੇ 'ਤੇ ਪਹੁੰਚਣਾ ਚਾਹੀਦਾ ਹੈ।

ਉੱਥੇ ਡਬਲਿਊਐੱਚਓ ਹੈਲਥ ਐਮਰਜੈਂਸੀ ਪ੍ਰੋਗਰਾਮ 'ਚ ਤਾਇਨਾਤ ਵਿਗਿਆਨੀ ਲੀਡ ਮਾਰਿਆ ਵਾਨ ਕੇਰਖੋਵ ਨੇ ਵੀ ਕਿਹਾ ਕਿ ਅਜੇ ਕੁਝ ਕਹਿਣ ਤੋਂ ਪਹਿਲਾਂ ਕੋਰੋਨਾ 'ਚ ਹੋਏ ਇਸ ਬਦਲਾਅ ਦਾ ਅਧਿਐਨ ਕਰਨ ਦੀ ਲੋੜ ਹੈ।

ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਾਈਕਲ ਰੇਆਨ ਨੇ ਕਿਹਾ ਕਿ ਅਜੇ ਤਕ ਕੋਈ ਸਬੂਤ ਨਹੀਂ ਹੈ ਕਿ ਕੋਰੋਨਾ 'ਚ ਹੋਇਆ ਇਕ ਪਰਿਵਰਤਨ ਹੁਣ ਤਕ ਦੇ ਵਾਇਰਸ ਤੋਂ ਵੱਖਰਾ ਵਿਹਾਰ ਕਰਦਾ ਹੈ। ਇਸ 'ਚ ਬਦਲਾਅ ਭਾਵੇਂ ਹੋਇਆ ਹੋਵੇ ਪਰ ਇਹ ਅਜੇ ਵੀ ਇਕ ਹੀ ਵਾਇਰਸ ਹੈ। ਸਾ ਇਸ ਗੱਲ ਦਾ ਮੁਲਾਂਕਣ ਕਰਨਾ ਹੈ ਕਿ ਕੀ ਇਸ ਵਾਇਰਸ ਦੇ ਫੈਲਣ 'ਚ ਕੋਈ ਫਰਕ ਹੈ। ਕੀ ਇਸ ਬਦਲਾਅ ਨਾਲ ਇਸ ਦੇ ਸੰਕਰਮਣ ਦੇ ਇਲਾਜ 'ਚ ਕੋਈ ਅਸਰ ਪਵੇਗਾ। ਫਿਲਹਾਲ ਕਿਸੇ ਵੀ ਫ਼ੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਕ ਲੰਬਾ ਰਸਤਾ ਤੈਅ ਕਰਨਾ ਪਵੇਗਾ।

ਆਹ! ਕਮਲਾ ਹੈਰਿਸ✍️ ਸਲੇਮਪੁਰੀ ਦੀ ਚੂੰਢੀ

ਆਹ! ਕਮਲਾ ਹੈਰਿਸ
- ਭਾਰਤੀ ਮੂਲ ਦੀ ਔਰਤ ਕਮਲਾ ਦੇਵੀ ਹੈਰਿਸ ਸੰਸਾਰ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਪਹਿਲੀ ਔਰਤ ਹੈ ਜੋ ਪਹਿਲੀ ਵਾਰੀ ਉਪ-ਰਾਸ਼ਟਰਪਤੀ ਚੁਣੀ ਗਈ ਹੈ, ਜੋ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਦਾ ਅਮਰੀਕਾ ਵਿਚ ਉੱਪ-ਰਾਸ਼ਟਰਪਤੀ ਬਣਨਾ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਕੰਮ ਅਤੇ ਗੁਣਾਂ ਦੀ ਕਦਰ ਕਰਦਾ ਹੈ, ਭਾਰਤ ਵਾਗੂੰ ਧਰਮ ਅਤੇ ਜਾਤ ਦੇ ਆਧਾਰਿਤ ਨਾ ਤਾਂ ਅਹੁਦੇਦਾਰੀਆਂ ਵੰਡੀਆਂ ਜਾਂਦੀਆਂ ਹਨ ਅਤੇ ਨਾ ਹੀ ਦੇਸ਼ ਦੇ ਮਹੱਤਵਪੂਰਨ ਸਰਕਾਰੀ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਭਾਰਤੀ ਸੰਵਿਧਾਨ ਵਿਚ ਦੇਸ਼ ਨੂੰ ਇਕ ਧਰਮ ਨਿਰਪੱਖ ਦੇਸ਼ ਮੰਨਿਆ ਗਿਆ ਹੈ, ਪਰ ਇਥੇ ਧਰਮ ਅਤੇ ਜਾਤ-ਪਾਤ ਦੇ ਨਾਂ  'ਤੇ ਜਿੰਨੀ ਕੱਟੜਵਾਦੀ ਸੋਚ ਹੈ ਜੇ ਇੰਨੀ ਕੱਟੜਤਾ ਅਮਰੀਕਾ ਵਿਚ ਹੁੰਦੀ ਤਾਂ ਸ਼ਾਇਦ ਕਮਲਾ ਹੈਰਿਸ ਦਾ ਉਥੋਂ ਦੀ ਉਪ ਰਾਸ਼ਟਰਪਤੀ  ਨਾ ਬਣ ਸਕਦੀ, ਹਾਲਾਂਕਿ ਉਸ ਦਾ ਸੁਪਨਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ  ਸਾਕਾਰ ਨਹੀਂ ਹੋਇਆ। 20 ਅਕਤੂਬਰ, 1964 ਨੂੰ ਅਮਰੀਕਾ ਦੇ ਆਕਲੈੰਡ, ਕੈਲੇਫੋਰਨੀਆ ਵਿੱਚ ਪੈਦਾ ਹੋਈ ਕਮਲ ਹੈਰਿਸ ਦਾ ਅਮਰੀਕਾ ਵਿਚ ਉਥੋਂ ਦੇ ਕਿਸੇ ਵੀ ਧਾਰਮਿਕ ਗੁਰੂ ਵਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਨਾ ਹੀ ਉਸ ਨੂੰ ਕਿਸੇ ਸ਼ੰਕਰਾਚਾਰੀਆ ਜਾਂ ਧਰਮ ਦਾ ਏਜੰਟ ਸਮਝਿਆ, ਨਾ ਕਿਸੇ ਅੰਗਰੇਜ ਨੇ ਉਸ ਦੇ ਵਿਰੁੱਧ ਅਵਾਜ ਉਠਾਈ, ਨਾ ਹੀ ਉਥੋਂ ਦੇ ਲੋਕਾਂ ਅਤੇ ਨਾ ਹੀ ਸਿਆਸਤਦਾਨਾਂ ਨੇ ਉਸ ਨੂੰ ਵਿਦੇਸ਼ੀ ਮੂਲ ਦਾ ਮੁੱਦਾ ਉਠਾਕੇ ਉਸਦੇ ਵਿਰੁੱਧ ਰਾਸ਼ਟਰਵਾਦ ਉਪਰ ਪ੍ਰਸ਼ਨ ਚਿੰਨ੍ਹ ਲਗਾਇਆ ਜਦ ਕਿ ਭਾਰਤ ਵਿਚ ਤਾਂ ਧਰਮ ਅਤੇ ਜਾਤ ਤੋਂ ਬਾਹਰ ਜਾ ਕੇ ਜੇ ਕੋਈ ਆਮ ਵਰਗ ਦਾ ਕੁੜੀ-ਮੁੰਡਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਨੋਂ ਮਾਰਨ ਤੱਕ ਨੌਬਤ ਆ ਜਾਂਦੀ ਹੈ, ਕੁੱਟ ਮਾਰ ਕਰਨਾ ਤਾਂ ਇੱਕ ਆਮ ਗੱਲ ਹੈ,  ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਜਾਂਦਾ ਹੈ, ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਕੁੜੀ-ਮੁੰਡੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਉਪਰ ਤਸ਼ੱਦਦ ਢਾਹਿਆ ਜਾਂਦਾ ਹੈ ਅਤੇ ਘਰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਨਾਲ ਅੱਜ ਦੇਸ਼ ਵਿੱਚ ਜੋ ਵਿਤਕਰਾ ਅਤੇ ਪੱਖਪਾਤ ਕੀਤਾ ਜਾ ਰਿਹਾ ਹੈ ਧਾਰਮਿਕ ਕੱਟੜਤਾ ਦਾ ਸਬੂਤ ਹੈ। ਭਾਰਤ ਅਤੇ ਅਮਰੀਕਾ ਵਿਚ ਜੋ ਬਾਈਡਨ ਨੂੰ ਹਰਾਉਣ ਲਈ ਅਤੇ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਹਵਨ ਕੀਤੇ ਗਏ, ਪਰ ਅਮਰੀਕਾ ਦੇ ਚੇਤੰਨ ਵੋਟਰਾਂ ਉਪਰ ਕੋਈ ਵੀ ਅਸਰ ਨਹੀਂ ਹੋਇਆ, ਕਿਉਂਕਿ ਅਮਰੀਕੀ ਲੋਕ ਟਰੰਪ ਵਲੋਂ ਕੀਤੇ ਕੰਮਾਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਖੁਸ਼ ਨਹੀਂ ਸਨ। 
ਭਾਰਤ ਦੇ ਆਮ ਵਰਗ ਦੇ ਲੋਕਾਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕਮਲਾ ਹੈਰਿਸ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਈਡਨ ਨੂੰ ਵਿਸ਼ਵਾਸ ਵਿਚ ਲੈ ਕੇ ਭਾਰਤ ਪ੍ਰਤੀ ਆਪਣੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਨੀਤੀਆਂ ਵਿੱਚ ਭਰਾਤਰੀ ਅਤੇ ਉਸਾਰੂ ਭਾਵਨਾਵਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਭਾਰਤੀ ਸਿਆਸਤਦਾਨਾਂ ਵਾਂਗੂੰ ਦਿਲ ਵਿਚ ਵਿਰੋਧਾਭਾਸ ਨਹੀਂ ਰੱਖੇਗੀ। ਕਮਲ ਹੈਰਿਸ ਭਾਵੇਂ ਖੁਦ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਲਈ ਕਤਾਰ ਵਿਚ ਲੱਗੀ ਹੋਣ ਕਾਰਨ ਜੋ ਬਾਈਡਨ ਦੀ ਵਿਰੋਧੀ ਸੀ ਪਰ ਬਾਅਦ ਵਿਚ ਉਪ ਰਾਸ਼ਟਰਪਤੀ ਦੇ ਅਹੁਦਾ  ਪਾਉਣ ਲਈ ਆਪਣਾ ਸਿਆਸੀ ਵਿਰੋਧ ਛੱਡ ਕੇ  ਬਾਈਡਨ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਹੋਈ ਭਾਰਤ ਪ੍ਰਤੀ ਅਮਰੀਕਾ ਦਾ ਰਵੱਈਆ ਉਸਾਰੂ ਰੱਖੇਗੀ।
-ਸੁਖਦੇਵ ਸਲੇਮਪੁਰੀ
09780620233
8 ਨਵੰਬਰ, 2020

ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਕੀਤੀ ਸੋਧ

 ਮਾਨਚੈਸਟਰ/ਲਾਹੌਰ-ਨਵੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)

 ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਬਾਹਰਲੀ ਜ਼ਮੀਨ 'ਤੇ ਕੰਟਰੋਲ ਦੇ ਮਾਮਲੇ 'ਚ ਪਾਕਿਸਤਾਨ ਸਰਕਾਰ ਨੇ ਤਿੰਨ ਨਵੰਬਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸੋਧ ਕਰ ਦਿੱਤੀ ਹੈ। ਅਜਿਹਾ ਭਾਰਤ ਸਰਕਾਰ ਦੇ ਦਬਾਅ ਵਿਚ ਕੀਤਾ ਗਿਆ ਹੈ।

ਨਵੇਂ ਨੋਟੀਫਿਕੇਸ਼ਨ 'ਚ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਥਾਂ ਹੁਣ ਕਰਤਾਰਪੁਰ ਕਾਰੀਡੋਰ ਪ੍ਰਰਾਜੈਕਟ ਕਰ ਦਿੱਤਾ ਗਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈI

ਜ਼ਿਕਰਯੋਗ ਹੈ ਕਿ 23 ਅਕਤੂਬਰ ਨੂੰ ਪਾਕਿਸਤਾਨ ਦੀ ਕੈਬਨਿਟ ਨੇ ਇਵੈਕਿਊ ਪ੍ਰਰਾਪਰਟੀ ਟਰੱਸਟ ਬੋਰਡਨ (ਈਪੀਟੀਬੀ) ਤਹਿਤ ਪ੍ਰਰਾਜੈਕਟ ਬਿਜ਼ਨਸ ਪਲਾਨ ਬਾਡੀ ਦਾ ਗਠਨ ਕੀਤਾ ਸੀ ਜਿਸ ਵਿਚ ਨੌਂ ਮੈਂਬਰਾਂ ਨੂੰ ਰੱਖਿਆ ਗਿਆ। ਇਸ ਸਬੰਧੀ ਨੋਟੀਫਿਕੇਸ਼ਨ ਤਿੰਨ ਨਵੰਬਰ ਨੂੰ ਜਾਰੀ ਹੋਇਆ ਜਿਸ ਵਿਚ ਲਿਖ ਦਿੱਤਾ ਗਿਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਪ੍ਰਬੰਧਨ ਤੇ ਸਾਂਭ-ਸੰਭਾਲ ਦਾ ਕੰਮ ਇਹ ਬਾਡੀ ਕਰੇਗੀ। ਭਾਰਤ ਵਿਚ ਸਿੱਖ ਜਥੇਬੰਦੀਆਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨੇ ਭਾਰਤ ਸਰਕਾਰ ਤੋਂ ਇਸ ਮਾਮਲੇ ਵਿਚ ਦਖ਼ਲ ਦੀ ਮੰਗ ਕੀਤੀ। ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।

ਸਿੱਖ ਜਥੇਬੰਦੀਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਕਮੇਟੀ ਵਿਚ ਇਕ ਵੀ ਸਿੱਖ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸਿੱਖ ਜਥੇਬੰਦੀਆਂ ਦੀ ਤਿੱਖੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਇਸ ਇਤਰਾਜ਼ ਦੇ ਮੱਦੇਨਜ਼ਰ ਕੱਲ੍ਹ ਪਾਕਿਸਤਾਨ ਨੇ ਨੋਟੀਫਿਕੇਸ਼ਨ ਵਿਚ ਸੋਧ ਕਰ ਦਿੱਤੀ ਹੈ। ਤਾਜ਼ਾ ਸੋਧ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੀ ਥਾਂ ਕਰਤਾਰਪੁਰ ਕਾਰੀਡੋਰ ਪ੍ਰਰਾਜੈਕਟ ਦੀ ਮੈਨੇਜਮੈਂਟ ਤੇ ਮੈਨਟੇਨੈਂਸ ਦਾ ਕੰਮ ਇਸ ਬਾਡੀ ਵੱਲੋਂ ਕੀਤੇ ਜਾਣ ਦੀ ਗੱਲ ਦਰਜ ਕੀਤੀ ਗਈ ਹੈ। 

 ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਵਾਲੇ ਨੋਟੀਫਿਕੇਸ਼ਨ ਕਾਰਨ ਗ਼ਲਤ ਪ੍ਰਭਾਵ ਜਾ ਰਿਹਾ ਸੀ ਹਾਲਾਂਕਿ ਮੈਂ ਪਹਿਲਾਂ ਵੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਗੁਰਦੁਆਰਾ ਸਾਹਿਬ ਦਾ ਅੰਦਰੂਨੀ ਕੰਟਰੋਲ ਗੁਰਦੁਆਰਾ ਕਮੇਟੀ ਕੋਲ ਹੀ ਹੈ, ਬਾਹਰਲੀ ਜ਼ਮੀਨ ਨੂੰ ਵਪਾਰਕ ਤਰੀਕੇ ਨਾਲ ਵਰਤੇ ਜਾਣ ਲਈ ਪਾਕਿਸਤਾਨ ਸਰਕਾਰ ਨੇ ਨੌਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਤਰੀਕੇ ਨਾਲ ਸੋਧ ਕੀਤੇ ਜਾਣ ਪਿੱਛੋਂ ਗ਼ਲਤਫਹਿਮੀ ਦੂਰ ਹੋ ਜਾਵੇਗੀ।

ਜੋ ਬਾਇਡਨ ਪੈਂਸਿਲਵੇਨੀਆ ਤੋਂ ਜਿੱਤੇ , ਬਣਨਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ,  ਟਰੰਪ ਦੀ ਕਰਾਰੀ ਹਾਰ

ਵਾਸ਼ਿੰਗਟਨ,ਨਵੰਬਰ 2020 ( ਏਜੰਸੀ) 

ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਪੈਂਸਿਲਵੇਨੀਆ 'ਚ ਜਿੱਤ ਦਰਜ ਕਰ ਲਈ ਹੈ। ਅਮਰੀਕੀ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਅਨੁਸਾਰ, ਇਸ ਵੱਡੀ ਜਿੱਤ ਦੇ ਨਾਲ ਹੀ ਬਾਇਡਨ ਨੇ 273 ਇਲੈਕਟ੍ਰੋਰਲ ਵੋਟਾਂ ਨਾਲ ਟਰੰਪ ਨੂੰ ਕਰਾਰੀ ਹਾਰ ਦਿੱਤੀ ਹੈ। ਇਸ ਚੋਣ ਦੰਗਲ 'ਚ ਟਰੰਪ ਸਿਰਫ਼ 214 ਵੋਟਾਂ 'ਤੇ ਹੀ ਲਟਕ ਗਏ ਹਨ। ਹੁਣ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਇਸ ਘਟਨਾਕ੍ਰਮ ਦੇ ਨਾਲ ਹੀ ਬਾਇਡਨ ਦੀ ਟਰਾਂਜਿਸ਼ਨ ਟੀਮ ਸੱਤਾ ਤਬਦੀਲੀ ਪ੍ਰਕਿਰਿਆ ਦੇ ਕੰਮ 'ਚ ਜੁਟ ਗਈ ਹੈ। ਹਾਲਾਂਕਿ ਕਈ ਰਾਜਾਂ 'ਚ ਚੌਥੇ ਦਿਨ ਵੀ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਇਸ ਤੋਂ ਸਾਫ਼ ਹੈ ਕਿ ਬਾਇਡਨ ਦੀ ਜਿੱਤ ਹੋਰ ਵੱਡੀ ਹੋਣ ਵਾਲੀ ਹੈ।

ਅਮਰੀਕੀ ਚੋਣਾਂ 'ਚ ਮਿਲੇ ਇਸ ਪ੍ਰਚੰਡ ਬਹੁਮਤ 'ਤੇ 77 ਸਾਲਾ ਬਾਇਡਨ ਨੇ ਟਵੀਟ ਕਰਕੇ ਅਮਰੀਕੀ ਜਨਤਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ਤੁਸੀਂ ਸਾਰਿਆਂ ਨੇ ਸਾਡੇ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਮੈਨੂੰ ਚੁਣਿਆ ਇਸ ਲਈ ਤੁਹਾਡਾ ਸਾਰਿਆਂ ਦਾ ਤਹਿਦਿਲੋਂ ਸ਼ੁਕਰੀਆ। ਸਾਡੇ ਲਈ ਭਵਿੱਖ 'ਚ ਮੁਸ਼ਕਲ ਚੁਣੌਤੀਆਂ ਹਨ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸਾਰੇ ਅਮਰੀਕੀ ਲੋਕਾਂ ਦਾ ਰਾਸ਼ਟਰਪਤੀ ਬਣਾਂਗਾ। ਇਸ ਤੋਂ ਪਹਿਲਾਂ ਬਾਇਡਨ ਨੇ ਰਾਸ਼ਟਰ ਨੂੰ ਦਿੱਤੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਅਸੀਂ ਮਹਾਮਾਰੀ ਨੂੰ ਕੰਟਰੋਲ ਕਰਨ ਦੀ ਆਪਣੀ ਯੋਜਨਾ 'ਤੇ ਕੰਮ ਸ਼ੁਰੂ ਕਰ ਰਹੇ ਹਾਂ।

 

 

ਇਸ ਘਟਨਾਕ੍ਰਮ ਤੋਂ ਪਹਿਲਾਂ ਬਾਇਡਨ 253 ਇਲੈਕਟੋਰਲ ਵੋਟਾਂ ਦੇ ਨਾਲ ਜੱਦੋਜਹਿਦ ਕਰ ਰਹੇ ਸਨ। ਪੈਂਸਿਲਵੇਨੀਆ 'ਚ ਵੋਟਾਂ ਦੀ ਗਿਣਤੀ ਜਾਰੀ ਸੀ, ਜਿੱਥੇ 20 ਇਲੈਕਟੋਰਲ ਵੋਟ ਸਨ। ਗਿਣਤੀ ਪੂਰੀ ਹੋਣ ਦੇ ਨਾਲ ਹੀ ਬਾਇਡਨ ਦੇ ਖਾਤੇ 'ਚ ਪੈਂਸਿਲਵੇਨਆ ਦੇ 20 ਇਲੈਕਟੋਰਲ ਵੋਟ ਜੁੜ ਗਏ ਜਿਸ ਦੇ ਨਾਲ ਉਨ੍ਹਾਂ ਨੂੰ ਬਹੁਮਤ ਤੋਂ ਜ਼ਿਆਦਾ 273 ਇਲੈਕਟੋਰਲ ਵੋਟਾਂ ਮਿਲ ਗਈਆਂ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਡੋਨਾਲਡ ਟਰੰਪ ਨੂੰ ਹਰਾ ਦਿੱਤਾ। ਰਹੀ ਗੱਲ ਜਾਰਜੀਆ ਦੀ ਤਾਂ ਇੱਥੇ 16 ਇਲੈਕਟੋਰਲ ਵੋਟ ਹਨ ਅਤੇ 99 ਫ਼ੀਸਦੀ ਗਿਣਤੀ ਪੂਰੀ ਹੋ ਚੁੱਕੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਵੀ ਬਾਇਡਨ ਚਾਰ ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਅੱਗੇ ਹਨ।

ਇਹੀ ਨਹੀਂ, ਨੇਵਾਦਾ 'ਚ 06 ਇਲੈਕਟੋਰਲ ਵੋਟ ਅਤੇ ਇੱਥੇ ਵੀ 87 ਫ਼ੀਸਦੀ ਗਿਣਤੀ ਪੂਰੀ ਹੋ ਗਈ। ਰਿਪੋਰਟਾਂ ਅਨੁਸਾਰ, ਇੱਥੇ ਵੀ ਬਾਇਡਨ 22 ਹਜ਼ਾਰ ਵੋਟਾ ਦੇ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਹਨ। ਐਰੀਜੋਨਾ 'ਚ 11 ਇਲੈਕਟੋਰਲ ਵੋਟ ਹਨ ਅਤੇ ਇੱਥੇ ਵੀ 90 ਫ਼ੀਸਦੀ ਗਿਣਤੀ ਪੂਰੀ ਹੋ ਚੁੱਕੀ ਹੈ। ਬਾਇਡਨ ਦੇ ਪੱਖ 'ਚ ਚੰਗੀ ਗੱਲ ਇਹ ਹੈ ਕਿ ਇੱਥੇ ਵੀ 229 ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਅਲਾਸਕਾ 'ਚ 03 ਇਲੈਕਟੋਰਲ ਵੋਟ ਹਨ ਅਤੇ ਗਿਣਤੀ ਦਾ ਕੰਮ 50 ਫ਼ੀਸਦੀ ਪੂਰਾ ਹੋ ਚੁੱਕਿਆ ਹੈ ਪਰ ਬਾਇਡਨ ਇੱਥੇ ਵੀ 54 ਹਜ਼ਾਰ ਵੋਟਾਂ ਨਾਲ ਟਰੰਪ ਤੋਂ ਅੱਗੇ ਵਾਧਾ ਬਣਾਏ ਹੋਏ ਹਨ। ਇਨ੍ਹਾਂ ਰਾਜਾਂ 'ਚ ਜੇਕਰ ਨਤੀਜੇ ਬਾਇਡਨ ਦੇ ਪੱਖ 'ਚ ਆਏ ਤਾਂ ਇਹ ਉਨ੍ਹਾਂ ਦੀ ਇਤਿਹਾਸਕ ਜਿੱਤ ਹੋਵੇਗਾ।

ਸੰਯੁਕਤ ਰਾਸ਼ਟਰ ਨੇ ਭਾਰਤ ’ਚ ਸਮਾਜਿਕ ਕਾਰਕੁਨਾਂ ਦੀ ਗ੍ਰਿਫ਼ਤਾਰੀ ’ਤੇ ਚਿੰਤਾ ਜਤਾਈ

ਜਨੇਵਾ, ਅਕਤੂਬਰ 2020 (ਏਜੰਸੀ) ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੇਲ ਬਾਚੇਲੈ ਨੇ ਭਾਰਤ ਵਿਚ ਗ਼ੈਰ ਸਰਕਾਰੀ ਸੰਸਥਾਵਾਂ ਨੂੰ ਵਿਦੇਸ਼ਾਂ ਵਿਚੋਂ ਚੰਦਾ ਭੇਜਣ ’ਤੇ ਰੋਕ ਅਤੇ ਸਮਾਜਿਕ ਕਾਰਕੁਨਾਂ ਦੀ ਗ੍ਰਿਫ਼ਤਾਰੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੇ ਰੱਖਵਾਲਿਆਂ ਤੇ ਗ਼ੈਰ ਸਰਕਾਰੀ ਸੰਸਥਾਵਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ ਹੈ। ਸ੍ਰੀਮਤੀ ਬਾਚੇਲੈ ਨੇ ਕਿਹਾ ਕਿ ਭਾਰਤ ਵੱਡੀ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਲੋਕ ਦੇਸ਼ ਵਿੱਚ ਤੇ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਖੜ੍ਹਦੇ ਹਨ ਪਰ ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਭਾਰਤ ਵਿਚ ਕਾਨੂੰਨ ਦੀ ਵਰਤੋਂ ਇਨ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕੀਤੀ ਜਾ ਰਹੀ ਹੈ। ਉਧਰ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, ਉਨ੍ਹਾਂ ‘ਫੌਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਨਾਲ ਸਬੰਧਤ ਮੁੱਦੇ ’ਤੇ ਯੂਐੱਨ ਹਾਈ ਕਮਿਸ਼ਨਰ ਦੀ ਟਿੱਪਣੀ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਆੜ ਹੇਠ ਕਾਨੂੰਨ ਦੀ ਉਲੰਘਣਾ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।

ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਲਈ ਭਾਰਤ 'ਚ ਰਹਿੰਦੇ ਸਿੱਖਾਂ ਨੂੰ ਦਿੱਤਾ ਸੱਦਾ

 

ਇਸਲਾਮਾਬਾਦ , ਅਕਤੂਬਰ 2020 -(ਏਜੰਸੀ )

 ਪਾਕਿਸਤਾਨ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਭਾਰਤ ਰਹਿੰਦੇ ਸਿੱਖ ਸ਼ਰਧਾਲੂਆਂ ਨੂੰ ਪਾਕਿ ਆਉਣ ਦਾ ਸੱਦਾ ਦਿੱਤਾ ਹੈ।

ਪ੍ਰਕਾਸ਼ ਪੁਰਬ 'ਤੇ ਤਿੰਨ ਰੋਜ਼ਾ ਸਮਾਗਮ 27 ਨਵੰਬਰ ਤੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸ਼ੁਰੂ ਹੋਣਗੇ। ਹਰ ਸਾਲ ਭਾਰਤ ਤੇ ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿਚ ਸਿੱਖ ਸ਼ਰਧਾਲੂ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਪੁੱਜਦੇ ਹਨ ਪ੍ਰੰਤੂ ਇਸ ਵਾਰ ਕੋਰੋਨਾ ਕਾਰਨ ਇਨ੍ਹਾਂ ਸਮਾਗਮਾਂ ਵਿਚ ਘੱਟ ਸ਼ਰਧਾਲੂਆਂ ਦੇ ਪੁੱਜਣ ਦੀ ਸੰਭਾਵਨਾ ਹੈ।

'ਐਕਸਪ੍ਰੈੱਸ ਟਿ੍ਬਿਊਨ' ਅਨੁਸਾਰ ਭਾਰਤੀ ਸ਼ਰਧਾਲੂਆਂ ਨੂੰ ਇਸ ਵਾਰ ਪੰਜ ਦਿਨਾਂ ਦਾ ਵੀਜ਼ਾ ਦਿੱਤਾ ਜਾਵੇਗਾ ਤੇ ਉਨ੍ਹਾਂ ਲਈ ਕੋਰੋਨਾ ਟੈਸਟ ਨੈਗੇਟਿਵ ਦਾ ਸਰਟੀਫਿਕੇਟ ਨਾਲ ਲੈ ਕੇ ਆਉਣਾ ਜ਼ਰੂਰੀ ਹੈ। ਇਸ ਦੌਰਾਨ ਓਕਾਫ ਬੋਰਡ ਨੇ ਵੀ ਪ੍ਰਕਾਸ਼ ਪੁਰਬ 'ਤੇ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ।

ਆਇਰਲੈਂਡ ਵਿਚ ਰਹਿ ਰਹੇ ਪੰਜਾਬੀ ਦੀ ਦੁਨੀਆਂ 'ਤੇ ਲੰਬੀ ਵਾਕ ਲਈ ਗਿਨੀਜ਼ ਬੁੱਕ 'ਤੇ ਨਜ਼ਰ

 ਲਾਈਮਰਿਕ /ਆਇਰਲੈਂਡ, ਅਕਤੂਬਰ 2020 -(ਏਜੰਸੀ )

 ਪੰਜਾਬ ਦੇ ਜੰਮਪਲ ਤੇ ਆਇਰਲੈਂਡ ਵਿਚ ਰਹਿ ਰਹੇ ਵਿਨੋਜ ਬਜਾਜ (70) ਨੇ 1,500 ਦਿਨਾਂ ਵਿਚ 40,075 ਕਿਲੋਮੀਟਰ ਵਾਕ ਕਰਨ ਕਰਕੇ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਇਸ ਦੌਰਾਨ ਉਸ ਨੇ ਆਪਣੇ ਸ਼ਹਿਰ ਲਾਈਮਰਿਕ ਨੂੰ ਛੂਹਿਆ ਤਕ ਨਹੀਂ। ਉਹ ਪਿਛਲੇ 40 ਸਾਲਾਂ ਤੋਂ ਆਇਰਲੈਂਡ ਵਿਚ ਰਹਿ ਰਿਹਾ ਹੈ।

ਬਜਾਜ ਨੇ ਆਪਣੀ ਯਾਤਰਾ ਅਗਸਤ 2016 'ਚ ਸ਼ੁਰੂ ਕੀਤੀ ਸੀ ਤਾਂਕਿ ਉਹ ਭਾਰ ਘਟਾ ਸਕੇ ਤੇ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਸਕੇ। ਬਜਾਜ ਨੇ ਦੱਸਿਆ ਕਿ ਮੈਂ ਯਾਤਰਾ ਦੇ ਪਹਿਲੇ ਤਿੰਨ ਮਹੀਨੇ ਹਫ਼ਤੇ ਦੇ ਸੱਤ ਦਿਨ ਹੀ ਚੱਲਦਾ ਰਿਹਾ ਤੇ ਮੇਰਾ ਭਾਰ 8 ਕਿਲੋ ਘੱਟ ਗਿਆ ਤੇ ਰੋਜ਼ਾਨਾ 700 ਕੈਲੋਰੀ ਘਟੀ। ਅਗਲੇ ਛੇ ਮਹੀਨਿਆਂ ਵਿਚ ਮੇਰਾ ਭਾਰ 12 ਕਿਲੋਗ੍ਰਾਮ ਘਟਿਆ। ਇਹ ਭਾਰ ਮੇਰੀ ਵਾਕ ਅਤੇ ਖਾਣ ਦੀਆਂ ਆਦਤਾਂ ਕਾਰਨ ਘਟਿਆ। ਮੈਂ ਤੜਕੇ ਸਵੇਰੇ ਯਾਤਰਾ ਸ਼ੁਰੂ ਕਰ ਲੈਂਦਾ ਤੇ ਪੂਰੇ ਦਿਨ ਵਿਚ ਦੋ ਵਾਰ ਆਰਾਮ ਕਰਦਾ।

ਸੇਵਾਮੁਕਤ ਇੰਜੀਨੀਅਰ ਤੇ ਬਿਜ਼ਨਸ ਕਨਸਲਟੈਂਟ ਚੇਨਈ 'ਚ ਪੜਿ੍ਹਆ ਤੇ 1975 ਵਿਚ ਸਕਾਟਲੈਂਡ ਗਿਆ ਜਿੱਥੇ ਉਸ ਨੇ ਮੈਨੇਜਮੈਂਟ ਵਿਚ ਮਾਸਟਰ ਡਿਗਰੀ ਗਲਾਸਗੋ ਵਿਚ ਕੀਤੀ। 43 ਸਾਲ ਪਹਿਲੇ ਉਹ ਕੰਮ ਲਈ ਆਇਰਲੈਂਡ ਚਲਾ ਗਿਆ ਤੇ ਉਦੋਂ ਤੋਂ ਲਾਈਮਰਿਕ 'ਚ ਰਹਿ ਰਿਹਾ ਹੈ। ਆਪਣੀ ਯਾਤਰਾ ਲਈ ਉਸ ਨੇ 'ਪੇਸਰ ਐਕਟੀਵਿਟੀ ਟ੍ਰੈਕਰ ਐਪ' ਨੂੰ ਆਪਣੇ ਸਮਾਰਟਫੋਨ ਵਿਚ ਡਾਊਨਲੋਡ ਕਰ ਲਿਆ। ਉਸ ਨੇ ਦੱਸਿਆ ਕਿ ਪਹਿਲੇ ਸਾਲ ਮੈਂ 7,600 ਕਿਲੋਮੀਟਰ ਯਾਤਰਾ ਕੀਤੀ। ਦੂਜੇ ਸਾਲ ਦੇ ਅੰਤ ਤਕ ਇਹ ਦੂਰੀ 15,200 ਕਿਲੋਮੀਟਰ ਤਕ ਹੋ ਗਈ। ਬਜਾਜ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਲ ਕਰਨ ਲਈ ਕਾਰਵਾਈ ਚੱਲ ਰਹੀ ਹੈ। ਬਜਾਜ ਨੇ ਦੱਸਿਆ ਕਿ ਪੂਰੀ ਯਾਤਰਾ ਲਈ ਮੈਂ 12 ਜੁੱਤਿਆਂ ਦੀ ਵਰਤੋਂ ਕੀਤੀ। ਬਜਾਜ ਨੇ ਸਲਾਹ ਦਿੱਤੀ ਕਿ ਛੱਤਰੀ ਨੂੰ ਆਪਣਾ ਸਾਥੀ ਬਣਾਉ ਤੇ ਕੋਈ ਵੀ ਮੌਸਮ ਤੁਹਾਡੇ ਰਾਹ 'ਚ ਰੁਕਾਵਟ ਨਹੀਂ ਬਣੇਗਾ।

ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਖਿੜਕੀ ਤੋਂ ਸੁੱਟਿਆ

ਨਿਊਯਾਰਕ,ਅਕਤੂਬਰ 2020 -(ਏਜੰਸੀ )  ਅਮਰੀਕਾ 'ਚ ਭਾਰਤੀ ਮੂਲ ਦੀ ਇਕ ਔਰਤ ਨੇ ਸ਼ਨਿਚਰਵਾਰ ਨੂੰ ਘਰ 'ਚ ਹੀ ਪੈਦਾ ਹੋਏ ਆਪਣੇ ਨਵਜੰਮੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਖਿੜਕੀ ਤੋਂ ਸੁੱਟ ਦਿੱਤਾ। ਇਸ ਘਟਨਾ 'ਚ ਬੱਚੇ ਨੂੰ ਬਚਾ ਲਿਆ ਗਿਆ ਪਰ ਹਾਲਤ ਗੰਭੀਰ ਹੈ। ਕੁਈਨਸ ਖੇਤਰ, ਨਿਊਯਾਰਕ 'ਚ ਰਹਿਣ ਵਾਲੀ ਸਬੀਤਾ ਡੂਕ੍ਰਮ 'ਤੇ ਇਸ ਅਪਰਾਧ 'ਚ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ। ਖ਼ਬਰ ਮੁਤਾਬਕ ਔਰਤ ਲਗਾਤਾਰ ਬਿਆਨ ਬਦਲ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਬਾਥਰੂਮ 'ਚ ਗਈ ਤਾਂ ਬੱਚਾ ਹੋ ਗਿਆ। ਇਹ ਕਿਵੇਂ ਹੋਇਆ, ਉਸ ਨੂੰ ਨਹੀਂ ਪਤਾ। ਉਹ ਏਨੀ ਦੁਖੀ ਹੋ ਗਈ ਕਿ ਉਸ ਨੇ ਬੱਚੇ ਨੂੰ ਕਮਰੇ ਦੀ ਖਿੜਕੀ ਤੋਂ ਪੰਜ ਫੁੱਟ ਹੇਠਾਂ ਸੁੱਟ ਦਿੱਤਾ। ਪੁਲਿਸ ਮੁਤਾਬਕ ਔਰਤ ਨੇ ਬੱਚੇ ਨੂੰ ਖਿੜਕੀ ਤੋਂ ਸੁੱਟਣ ਤੋਂ ਬਾਅਦ ਬਾਥਰੂਮ ਦੀ ਸਫਾਈ ਕਰ ਦਿੱਤੀ ਤੇ ਨਹਾ ਕੇ ਸੌਂ ਗਈ। ਪੁੱਛਗਿੱਛ 'ਚ ਉਸ ਨੇ ਸਵੀਕਾਰ ਕੀਤਾ ਕਿ ਬੱਚੇ ਦੀ ਨਾੜ ਉਸ ਨੇ ਕੈਂਚੀ ਨਾਲ ਵੱਢ ਦਿੱਤੀ। ਇਸ ਬੱਚੇ ਨੂੰ ਗੁਆਂਢੀਆਂ ਨੇ ਦੇਖਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਨਵਜੰਮੇ ਦੀ ਹਸਪਤਾਲ 'ਚ ਗੰਭੀਰ ਹਾਲਤ ਹੈ। ਔਰਤ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।

     ਹਾਥੀ ਦੇ ਦੰਦ! ✍️ ਸਲੇਮਪੁਰੀ ਦੀ ਚੂੰਢੀ -

ਹਾਥੀ ਦੇ ਦੰਦ!

ਸਮਾਜ ਵਿਚ ਹਰ ਕਿਸਮ ਦੇ ਲੋਕ ਹਨ। ਕਈ ਲੋਕ ਅਜਿਹੇ ਹੁੰਦੇ ਹਨ, ਜਿਹੜੇ ਬਾਹਰੋਂ ਤਾਂ ਨਾਰੀਅਲ ਵਾਂਗ ਸਖਤ ਹੁੰਦੇ ਹਨ, ਜਦ ਕਿ ਅੰਦਰੋਂ ਬਹੁਤ ਨਰਮ ਅਤੇ ਮੁਲਾਇਮ ਹੁੰਦੇ ਹਨ। ਕਈ ਲੋਕ ਅਜਿਹੇ ਹਨ ਜੋ ਕਹਿੰਦੇ ਹਨ, ਉਹ ਕਰਦੇ ਨਹੀਂ, ਕਈ ਲੋਕ ਅਜਿਹੇ ਹਨ ਜੋ ਕਰਦੇ ਹਨ, ਉਹ ਕਹਿੰਦੇ ਨਹੀਂ। ਕਈ ਲੋਕ ਕਾਨੂੰਨ ਦਾ ਮਖੌਟਾ ਪਹਿਨਕੇ ਗੈਰ-ਕਾਨੂੰਨੀ ਕੰਮ ਕਰਦੇ ਹਨ। ਕਈ ਲੋਕ ਪਹਿਰਾਵਾ ਤਾਂ ਸਾਧੂਆਂ ਸੰਤਾਂ ਵਾਲਾ ਪਹਿਨਦੇ ਹਨ, ਪਰ ਅੰਦਰੋਂ ਨਫਰਤ ਅਤੇ ਜੁਲਮ ਦੀ ਅੱਗ ਉਗਲਦੇ ਹਨ। ਕਈ ਲੋਕ ਬਾਹਰੋਂ ਤਾਂ ਅੱਖੜ ਜਿਹੇ  ਲੱਗਦੇ ਹਨ, ਪਰ ਅੰਦਰੋਂ ਪਾਕ - ਪਵਿੱਤਰ ਹੁੰਦੇ ਹਨ। ਕਈ ਲੋਕ ਵੇਖਣ ਨੂੰ ਬਹੁਤ ਚੰਗੇ ਲੱਗਦੇ ਹਨ, ਉਹ ਸਵੇਰ-ਸ਼ਾਮ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਪਾਠ-ਪੂਜਾ ਵੀ ਕਰਦੇ ਹਨ, ਸਮੇਂ ਸਮੇਂ 'ਤੇ ਧਾਰਮਿਕ  ਸਥਾਨਾਂ ਦੀ ਯਾਤਰਾਵਾਂ ਵੀ ਕਰਦੇ ਹਨ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ, ਪਰ ਸਰਕਾਰੀ ਗ੍ਰਾਂਟਾਂ, ਰਿਸ਼ਵਤਾਂ, ਕਮਿਸ਼ਨ ਖਾਣ, ਸਰਕਾਰੀ ਜਾਇਦਾਦਾਂ ਅਤੇ ਭੋਲੇ ਭਾਲੇ ਲੋਕਾਂ ਦੀਆਂ ਜਮੀਨਾਂ, ਘਰਾਂ ਅਤੇ ਪਲਾਟਾਂ ਉਪਰ ਕਬਜੇ ਕਰਨ ਸਮੇਂ ਨਾ ਤਾਂ ਕਾਨੂੰਨ ਦੀ ਅਤੇ ਨਾ ਹੀ ਰੱਬ ਦੀ ਜਿਸ ਦੇ ਨਾਂ ਦੀ ਮਾਲਾ ਫੇਰਦੇ ਹਨ, ਦੀ ਕੋਈ ਪ੍ਰਵਾਹ ਕਰਦੇ ਹਨ। ਅਸਲ ਵਿਚ ਸਿਆਸੀ ਲੋਕ ਅਤੇ ਸਾਧੂ ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ 'ਰੱਬ' ਇੱਕ ਭਰਮ ਹੈ, ਜਿਸ ਦੇ ਨਾਂ 'ਤੇ ਵਧੀਆ ਸਿਆਸਤ ਚਲਾਈ ਜਾ ਸਕਦੀ ਹੈ ਅਤੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਰੱਬ / ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾ ਕੇ, ਭੜਕਾ ਕੇ  ਸਿਆਸਤ ਕੀਤੀ ਜਾ ਸਕਦੀ ਹੈ। ਅਜਿਹੇ ਲੋਕ ਹਾਥੀ ਦੀ ਨਸਲ ਵਿਚੋਂ  ਹੁੰਦੇ ਹਨ। ਅਜਿਹੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੁੰਦਾ ਹੈ, ਜਿਵੇਂ ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ। ਕਈ  ਲੋਕ ਨਾਸਤਿਕ ਹੁੰਦੇ ਹਨ, ਪਰ ਧੁਰ-ਅੰਦਰੋਂ ਉਹ  ਆਸਤਿਕ ਹੁੰਦੇ ਹਨ, ਉਹ ਝੂਠ ਬੋਲਣ, ਠੱਗੀ ਮਾਰਨ, ਬੇਈਮਾਨੀ ਅਤੇ ਧੋਖਾਧੜੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ, ਕਿਉਂਕਿ ਉਨ੍ਹਾਂ ਨੂੰ 'ਰੱਬ' ਤੋਂ ਨਹੀਂ ਆਪਣੀ ਅੰਦਰੂਨੀ ਆਤਮਾ ਤੋਂ ਡਰ ਲੱਗਦਾ ਹੈ , ਜਿਹੜੀ ਅਕਸਰ ਮਾੜੇ ਕੰਮਾਂ ਤੋਂ ਝੰਜੋੜ ਦੀ  ਰਹਿੰਦੀ ਹੈ। ਨਾਸਤਿਕ ਲੋਕ ਪਾਖੰਡਵਾਦ ਤੋਂ ਮੁਕਤ ਹੁੰਦੇ, ਉਹ ਜਿਵੇਂ ਅੰਦਰੋਂ ਹੁੰਦੇ ਹਨ, ਤਿਵੇਂ ਬਾਹਰੋਂ ਹੁੰਦੇ ਹਨ।ਕਈ ਲੋਕ ਮਾਸ ਨਹੀਂ ਖਾਂਦੇ, ਪਰ ਸਮਾਜ ਨੂੰ ਖਾਂਦੇ ਹੀ ਨਹੀਂ, ਨਿਗਲ ਜਾਂਦੇ ਹਨ , ਕਈ ਲੋਕ ਸ਼ਰਾਬ ਨਹੀਂ ਪੀਂਦੇ, ਪਰ ਉਹ ਮਜਦੂਰਾਂ, ਗਰੀਬਾਂ, ਮਜਲੂਮਾਂ ਅਤੇ ਆਮ ਲੋਕਾਂ ਦਾ ਖੂਨ ਪੀ ਕੇ ਜਿਉਂਦੇ ਹਨ । ਕਈ ਲੋਕ ਜੀਵ ਹੱਤਿਆ ਨਹੀਂ ਕਰਦੇ, ਪਰ ਮਨੁੱਖਤਾ ਦੀ ਹੱਤਿਆ ਕਰਨਾ, ਬੇਦੋਸ਼ਿਆਂ ਨੂੰ ਮਾਰਨਾ ਉਨ੍ਹਾਂ ਦਾ ਸ਼ੌਕ ਹੈ । ਕਈ ਲੋਕ ਜੀਵ-ਜੰਤੂ ਮਾਰਕੇ ਖਾਣ ਨੂੰ ਬਹੁਤ ਬੁਰਾ ਮੰਨਦੇ ਹਨ, ਪਰ ਦੂਜੇ ਲੋਕਾਂ ਦਾ ਹੱਕ ਮਾਰ ਕੇ ਖਾਣਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਦੂਜਿਆਂ ਦੇ ਹੱਕ ਖਾਣਾ, ਉਨ੍ਹਾਂ ਦਾ ਸ਼ੌਕ, ਕਿੱਤਾ ਅਤੇ ਧਰਮ ਹੁੰਦਾ ਹੈ ।  ਕਈ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ਪਰ ਅੰਦਰੋਂ ਜਹਿਰੀ ਨਾਗ ਵਰਗੇ ਹੁੰਦੇ ਹਨ ਜਦ ਕਿ ਕਈ ਲੋਕ ਮੂੰਹ ਤੋਂ ਅੱਤ ਦੇ ਕੌੜੇ ਪਰ ਅੰਦਰੋਂ ਸ਼ਹਿਦ ਵਰਗੇ ਮਿੱਠੇ ਹੁੰਦੇ ਹਨ।

ਕਈ ਚਲਾਕ ਲੋਕ ਖੁਦ ਚੰਗਾ ਬਣਨ ਲਈ ਦੂਜਿਆਂ ਨੂੰ ਬੁਰਾ ਬਣਾਉਣ ਲਈ ਬਦਨਾਮ ਕਰਦੇ ਹਨ, ਪਰ ਉਹ ਇਸ ਗੱਲ ਤੋਂ ਬੇਖਬਰ ਹਨ, ਕਿ ਸਮਾਂ ਆਉਣ 'ਤੇ ਕੁਦਰਤ ਚਲਾਕ ਲੋਕਾਂ ਦਾ ਚਿਹਰਾ ਬੇਨਕਾਬ ਕਰਕੇ ਰੱਖ ਦਿੰਦੀ ਹੈ। 

ਸਮਾਜ ਵਿਚ ਬਹੁਤ ਘੱਟ ਲੋਕ ਅਜਿਹੇ ਹਨ, ਜਿੰਨ੍ਹਾਂ ਦਾ ਅੰਦਰੂਨੀ ਅਤੇ ਬਾਹਰੀ  ਸਰੂਪ ਇਕ ਸਮਾਨ ਹੁੰਦਾ ਹੈ। 

-ਸੁਖਦੇਵ ਸਲੇਮਪੁਰੀ

09780620233

14 ਅਕਤੂਬਰ, 2020

ਪਾਕਿਸਤਾਨ ਲਈ ਕੌਮਾਂਤਰੀ ਕ੍ਰਿਕਟ ਖੇਡਣਾ ਚਾਹੁੰਦੈ ਮਹਿੰਦਰ

ਲਾਹੌਰ, ਅਕਤੂਬਰ 2020 -(ਏਜੰਸੀ)- ਪਾਕਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੇ ਦੇਸ਼ ਲਈ ਕੌਮਾਂਤਰੀ ਪੱਧਰ 'ਤੇ ਕ੍ਰਿਕਟ ਖੇਡਣ ਵਾਲਾ ਸਿੱਖ ਭਾਈਚਾਰੇ ਦਾ ਪਹਿਲਾ ਵਿਅਕਤੀ ਬਣੇ ਅਤੇ ਭਾਰਤ ਖ਼ਿਲਾਫ਼ ਖੇਡਦੇ ਹੋਏ ਸਟਾਰਡਮ ਹਾਸਲ ਕਰੇ। 20 ਸਾਲਾਂ ਦੇ ਮਹਿੰਦਰ ਨੇ ਕਿਹਾ ਕਿ ਮੇਰੇ ਲਈ ਪਾਕਿਸਤਾਨ ਲਈ ਭਾਰਤ ਖ਼ਿਲਾਫ਼ ਕ੍ਰਿਕਟ ਦੇ ਕਿਸੇ ਵੀ ਪੱਧਰ 'ਤੇ ਖੇਡਣਾ ਬਹੁਤ ਅਹਿਮ ਹੈ। ਜੇਕਰ ਤੁਸੀਂ ਕਿਸੇ ਵੀ ਕ੍ਰਿਕਟਰ ਤੋਂ ਪੁੱਛੋਗੇ ਤਾਂ ਉਹ ਕਹੇਗਾ ਕਿ ਉਹ ਉੱਚ ਦਬਾਅ ਵਾਲੇ ਮੈਚਾਂ 'ਚ ਖੇਡਣਾ ਚਾਹੁੰਦਾ ਹੈ ਜਿਸ 'ਤੇ ਦੁਨੀਆ ਦੀ ਨਜ਼ਰ ਹੋਵੇਗੀ। ਉਸ ਨੇ ਦੱਸਿਆ ਕਿ ਭਾਰਤ ਦੇ ਪੰਜਾਬ ਸੂਬੇ ਵਿਚ ਮੇਰੇ ਕਈ ਰਿਸ਼ਤੇਦਾਰ ਰਹਿੰਦੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਵਿਚ ਹਾਂ। ਭਾਰਤੀ ਪੰਜਾਬ ਵਿਚ ਮੇਰੇ ਬਹੁਤ ਸਾਰੇ ਪ੍ਰਸ਼ੰਸਕ ਵੀ ਹਨ ਜੋ ਮੈਨੂੰ ਸ਼ੁੱਭ ਇਛਾਵਾਂ ਦਿੰਦੇ ਰਹਿੰਦੇ ਹਨ। ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਆਦਰਸ਼ ਵਕਾਰ ਯੂਨਸ ਹਨ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਘਰੇਲੂ ਢਾਂਚੇ ਨੂੰ ਬਦਲਣ ਅਤੇ ਵਿਭਾਗੀ ਟੀਮਾਂ ਨੂੰ ਖ਼ਤਮ ਕਰਨ ਕਾਰਨ ਮਹਿੰਦਰ ਨੂੰ ਨੁਕਸਾਨ ਉਠਾਉਣਾ ਪਿਆ ਹੈ। ਉਸ ਨੇ ਦੱਸਿਆ ਕਿ ਉਹ ਪਿਛਲੀ ਵਾਰ ਗ੍ਰੇਡ ਦੋ 'ਚ ਖੇਡਿਆ ਸੀ ਪ੍ਰੰਤੂ ਬਦਕਿਸਮਤੀ ਵਾਲੀ ਗੱਲ ਹੈ ਕਿ ਕਈ ਖਿਡਾਰੀ ਜੋ ਵਿਭਾਗਾਂ ਲਈ ਖੇਡ ਰਹੇ ਹਨ ਉਨ੍ਹਾਂ ਨਾਲ ਕਰਾਰ ਦਾ ਪ੍ਰਸਤਾਵ ਨਹੀਂ ਕੀਤਾ ਗਿਆ।  

 

ਬੇਭਰੋਸਗੀ ਛਡੇ ਬਿ੍ਟੇਨ ਅਤੇ ਵਪਾਰ ਸੰਧੀ ਲਈ ਅੱਗੇ ਵਧੇ - ਜਰਮਨੀ

ਬਰਲਿਨ , ਅਕਤੂਬਰ 2020 -(ਏਜੰਸੀ)- ਜਰਮਨੀ ਨੇ ਬਿ੍ਟੇਨ ਨੂੰ ਅਪੀਲ ਕੀਤੀ ਹੈ ਕਿ ਉਹ ਯੂਰਪੀ ਸੰਘ (ਈਯੂ) ਨਾਲ ਵਪਾਰ ਸਮਝੌਤੇ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਛੱਡੇ ਅਤੇ ਅੱਗੇ ਵਧੇ। ਈਯੂ ਅਤੇ ਬਿ੍ਟੇਨ ਵਿਚਕਾਰ ਵਪਾਰ ਸਮਝੌਤੇ ਨਾਲ ਪੂਰੇ ਖੇਤਰ ਵਿਚ ਆਰਥਿਕ ਸਰਗਰਮੀਆਂ ਤੇਜ਼ ਹੋਣਗੀਆਂ ਜੋ ਕੋਵਿਡ ਮਹਾਮਾਰੀ ਤੋਂ ਪੈਦਾ ਸਥਿਤੀ ਵਿਚ ਸਾਰਿਆਂ ਲਈ ਲਾਭਕਾਰੀ ਹੋਣਗੀਆਂ। ਇੰਗਲਿਸ਼ ਚੈਨਲ ਦੇ ਦੋਵਾਂ ਪਾਸਿਆਂ ਦੇ ਲੋਕ ਇਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਉਸ ਤੋਂ ਉਭਰਨ ਦਾ ਮੌਕਾ ਮਿਲੇਗਾ। ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਾਸ ਨੇ ਕਿਹਾ ਕਿ ਕੋਵਿਡ-19 ਨੇ ਇਸ ਸਮਝੌਤੇ ਨੂੰ ਹੋਰ ਜਲਦੀ ਕਰਨ ਲਈ ਹਾਲਾਤ ਪੈਦਾ ਕਰ ਦਿੱਤੇ ਹਨ। ਜਰਮਨੀ ਈਯੂ ਵਿਚ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਹੈ। ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਯੂਰਪੀ ਕਮਿਸ਼ਨ ਦੀ ਪ੍ਰਰੈਜ਼ੀਡੈਂਟ ਉਰਸਲਾ ਵਾਨ ਡੇਰ ਲਿਏਨ ਵਿਚਕਾਰ ਗੱਲਬਾਤ ਵਿਚ ਵਪਾਰ ਸਮਝੌਤੇ ਨੂੰ ਲੈ ਕੇ ਪੈਦਾ ਹੋਇਆ ਅੜਿੱਕਾ ਖ਼ਤਮ ਹੋਇਆ ਹੈ। ਹੁਣ ਚਾਲੂ ਹਫ਼ਤੇ ਵਿਚ ਕਿਸੇ ਦਿਨ ਦੋਵੇਂ ਪੱਖ ਫਿਰ ਤੋਂ ਗੱਲਬਾਤ ਲਈ ਆਹਮੋ-ਸਾਹਮਣੇ ਹੋਣਗੇ। ਜੌਨਸਨ ਨੇ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ 15 ਅਕਤੂਬਰ ਤਕ ਦਾ ਸਮਾਂ ਤੈਅ ਕੀਤਾ ਹੈ। ਉਧਰ, ਲਿਏਨ ਨੇ ਕਿਹਾ ਹੈ ਕਿ ਇਸੇ ਮਹੀਨੇ ਨਵੇਂ ਵਪਾਰ ਸਮਝੌਤੇ 'ਤੇ ਦਸਤਖ਼ਤ ਹੋ ਜਾਣਗੇ। ਪਹਿਲੇ ਇਹ ਸਮਝੌਤਾ ਇਸ ਸਾਲ 31 ਦਸੰਬਰ ਤਕ ਹੋਣਾ ਸੀ।ਮੰਨਿਆ ਜਾਂਦਾ ਹੈ ਕਿ ਸਮਝੌਤਾ ਨਾ ਹੋਣ ਦੀ ਸਥਿਤੀ ਵਿਚ ਜਰਮਨੀ, ਫਰਾਂਸ, ਨੀਦਰਲੈਂਡਸ ਅਤੇ ਬੈਲਜੀਅਮ ਨੂੰ ਵੱਡਾ ਨੁਕਸਾਨ ਹੋਵੇਗਾ। ਇਹ ਨੁਕਸਾਨ ਬਿ੍ਟੇਨ ਦੀ ਤੁਲਨਾ ਵਿਚ ਵੱਡੀ ਧਨ ਰਾਸ਼ੀ ਦਾ ਹੋਵੇਗਾ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਬਿ੍ਟੇਨ ਨਾਲ ਚੰਗੇ ਸਮਝੌਤੇ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਆਪਸੀ ਸਮਝੌਤਾ ਸਾਡਾ ਟੀਚਾ ਹੈ ਅਤੇ ਰਹੇਗਾ।

ਬ੍ਰੈਕਜ਼ਿਟ ਸਮਝੌਤਾ ਤੋੜਨ 'ਤੇ ਬਰਤਾਨੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗਾ ਈਯੂ

ਬਰੱਸਲਜ਼ , ਅਕਤੂਬਰ  2020-(ਏਜੰਸੀ ) ਬਰਤਾਨੀਆ ਦੇ ਬ੍ਰੈਕਜ਼ਿਟ ਸਮਝੌਤੇ ਤੋਂ ਇਕਤਰਫ਼ਾ ਪਿੱਛੇ ਹਟ ਜਾਣ ਤੋਂ ਨਾਰਾਜ਼ ਯੂਰਪੀ ਯੂਨੀਅਨ (ਈਯੂ) ਨੇ ਵੀਰਵਾਰ ਨੂੰ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਈਯੂ ਨੇ ਕਿਹਾ ਕਿ 31 ਜਨਵਰੀ ਨੂੰ ਸਮੂਹ ਤੋਂ ਵੱਖ ਹੋਣ ਲਈ ਬਰਤਾਨੀਆ ਨੇ ਸਮਝੌਤਾ ਕੀਤਾ ਸੀ। ਇਹ ਸਮਝੌਤਾ ਦੋਵੇਂ ਧਿਰਾਂ ਲਈ ਮੰਨਣਯੋਗ ਸੀ ਪਰ ਕੁਝ ਹਫ਼ਤੇ ਪਹਿਲਾਂ ਯੂਕੇ ਇੰਟਰਨਲ ਬਿੱਲ ਨਾਂ ਦਾ ਕਾਨੂੰਨ ਬਣਾ ਕੇ ਬਰਤਾਨੀਆ ਨੇ ਉਹ ਸਮਝੌਤਾ ਤੋੜ ਦਿੱਤਾ ਹੈ। ਇਹ ਵਿਸ਼ਵਾਸ ਨੂੰ ਤੋੜਨ ਦਾ ਮਾਮਲਾ ਹੈ। ਯੂਰਪੀ ਯੂਨੀਅਨ ਅਤੇ ਬਰਤਾਨੀਆ ਦੇ ਸਬੰਧ ਹੁਣ ਆਪਣੇ ਸਭ ਤੋਂ ਖ਼ਰਾਬ ਦੌਰ ਵਿਚ ਪਹੁੰਚ ਰਹੇ ਹਨ। ਈਯੂ ਨੇ ਬ੍ਰੈਕਜ਼ਿਟ ਦੀਆਂ ਸ਼ਰਤਾਂ ਨੂੰ ਲੈ ਕੇ ਬਰਤਾਨੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਹੋਏ ਬ੍ਰੈਕਜ਼ਿਟ ਸਮਝੌਤੇ ਮੁਤਾਬਕ ਦੋਵੇਂ ਧਿਰਾਂ ਨੂੰ 31 ਦਸੰਬਰ, 2020 ਤੋਂ ਪਹਿਲਾਂ ਵਪਾਰ ਸਮਝੌਤਾ ਕਰਨਾ ਸੀ ਪਰ ਬਰਤਾਨੀਆ ਨੇ ਵਪਾਰ ਸਮਝੌਤੇ ਲਈ ਗੱਲਬਾਤ ਦੌਰਾਨ ਈਯੂ 'ਤੇ ਦਬਾਅ ਬਣਾਉਣ ਦਾ ਦੋਸ਼ ਲਾਇਆ। ਕਿਹਾ ਕਿ ਵਪਾਰ ਸਮਝੌਤੇ ਲਈ ਈਯੂ ਦੀਆਂ ਸ਼ਰਤਾਂ ਮੰਨ ਲੈਣ 'ਤੇ ਬਰਤਾਨੀਆ ਅਤੇ ਆਇਰਲੈਂਡ ਦੇ ਹਿੱਤਾਂ 'ਤੇ ਭਾਰੀ ਸੱਟ ਵੱਜੇਗੀ। ਬਰਤਾਨੀਆ ਈਯੂ ਦੇ ਮੈਂਬਰ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਜਿਸ ਲਈ ਈਯੂ ਤਿਆਰ ਨਹੀਂ ਹੈ। ਇਸੇ ਤੋਂ ਬਾਅਦ ਬੋਰਿਸ ਜੌਨਸਨ ਸਰਕਾਰ ਸੰਸਦ ਵਿਚ ਯੂਕੇ ਇੰਟਰਨਲ ਮਾਰਕੀਟ ਬਿੱਲ ਲੈ ਕੇ ਆਈ ਅਤੇ ਉਸ ਨੂੰ ਪਾਸ ਕਰਵਾ ਲਿਆ। ਇਸ ਪੂਰੀ ਪ੍ਰਕਿਰਿਆ ਤੋਂ ਈਯੂ ਹੈਰਾਨ ਰਹਿ ਗਿਆ। ਯੂਰਪੀ ਕਮਿਸ਼ਨ ਦੀ ਰਾਸ਼ਟਰਪਤੀ ਉਰਸਲਾ ਵਾਨ ਡੇਰ ਲਿਯੇਨ ਨੇ ਕਿਹਾ ਹੈ ਕਿ ਬਰਤਾਨੀਆ ਦੀ ਯੋਜਨਾ ਬ੍ਰੈਕਜ਼ਿਟ ਸਮਝੌਤੇ ਦੇ ਭਰੋਸੇ ਨੂੰ ਤੋੜਨ ਵਾਲੀ ਹੈ। ਜੇਕਰ ਇਹ ਲਾਗੂ ਕੀਤੀ ਗਈ ਤਾਂ ਤਮਾਮ ਤਰ੍ਹਾਂ ਦੇ ਅੜਿੱਕੇ ਖੜ੍ਹੇ ਹੋ ਜਾਣਗੇ। ਬਰਤਾਨੀਆ ਦੇ ਨਵੇਂ ਬਿੱਲ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ ਕਿ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਾਰਨ ਵਿਰੋਧੀ ਲੇਬਰ ਪਾਰਟੀ ਸਰਕਾਰ ਦਾ ਸਾਥ ਨਹੀਂ ਦੇਵੇਗੀ, ਪਰ ਵੈਸਾ ਨਹੀਂ ਹੋਇਆ। ਸਰਕਾਰ ਆਸਾਨੀ ਨਾਲ ਸੰਸਦ ਵਿਚ ਬਿੱਲ ਪਾਸ ਕਰਵਾਉਣ ਵਿਚ ਸਫਲ ਰਹੀ। ਇਸੇ ਤੋਂ ਬਾਅਦ ਈਯੂ ਨੇ ਕਾਨੂੰਨੀ ਕਾਰਵਾਈ ਦਾ ਫ਼ੈਸਲਾ ਕੀਤਾ।  

ਸੂਫ਼ੀ ਸੰਸਥਾ ਨੇ 110 ਸਾਲ ਪੁਰਾਣੇ ਹੱਥ ਲਿਖਤ ਸਰੂਪ ਗੁਰੂ ਘਰ ਨੂੰ ਸੌਂਪੇ

 

ਲਾਹੌਰ, ਸਤੰਬਰ 2020 -(ਏਜੰਸੀ)- ਮੁਸਲਿਮ-ਸਿੱਖ ਭਾਈਚਾਰੇ ਦੀ ਸਾਂਝ ਨੂੰ ਪਕੇਰੀ ਕਰਦਿਆਂ ਪਾਕਿਸਤਾਨ ਦੀ ਇੱਕ ਸੂਫ਼ੀ ਸੰਸਥਾ ਨੇ  ਲਗਪਗ 90 ਵਰ੍ਹਿਆਂ ਤੱਕ ਗੁਰੂ ਗ੍ਰੰਥ ਸਾਹਿਬ ਦੇ 110 ਸਾਲ ਪੁਰਾਣੇ ਦੋ ਹੱਥਲਿਖਤ ਸਰੂਪਾਂ ਦੀ ਸੰਭਾਲ ਮਗਰੋਂ ਇਨ੍ਹਾਂ ਨੂੰ ਲਹਿੰਦੇ ਪੰਜਾਬ ਦੇ ਸਿਆਲਕੋਟ ’ਚ ਸਥਿਤ ਇੱਕ ਗੁਰਦੁਆਰੇ ਨੂੰ ਸੌਂਪ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪੰਜਾਬ ਵਿੱਚ ਸਥਿਤ ਗੁਜਰਾਤ ਦੇ ਇੱਕ ਸੂਫ਼ੀ ਪਰਿਵਾਰ ਕੋਲ ਮੌਜੂਦ ਰਹੇ ਇਹ ਪੁਰਾਤਨ ਸਰੂਪ ਹੁਣ ਸੂਫ਼ੀ ਸੰਸਥਾ ‘ਮਿੱਤਰ ਸਾਂਝ ਪੰਜਾਬ’ ਵੱਲੋਂ ਸਿਆਲਕੋਟ ਵਿੱਚ ਸਥਿਤ ਗੁਰਦੁਆਰਾ ਬਾਬਾ ਦੀ ਬੇਰੀ ਦੇ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਗਏ ਹਨ। ਸੂਫ਼ੀ ਸੰਸਥਾ ਦੇ ਮੁਖੀ ਇਫਤਿਖਾਰ ਵੜੈਚ ਕਾਲੜਾਵੀ ਨੇ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਇਹ ਦੋ ਹੱਥਲਿਖਤ ਸਰੂਪ ਗੁਜਰਾਤ ਦੇ ਇੱਕ ਪਿੰਡ ਦੇ ਬਜ਼ੁਰਗ ਪੀਰ ਸਈਅਦ ਮੁਨੀਰ ਨਕਸ਼ਬੰਦੀ ਕੋਲ ਲੰਮਾ ਸਮਾਂ ਰਹੇ ਹਨ। ਭਾਈਚਾਰਕ ਸਾਂਝ ਦੇ ਸਮਰਥਕ ਵਜੋਂ ਜਾਣੇ ਜਾਂਦੇ ਨਕਸ਼ਬੰਦੀ ਨੇ ਭਾਰਤ-ਪਾਕਿ ਦੀ ਵੰਡ ਸਮੇਂ ਕਈ ਸਿੱਖ ਪਰਿਵਾਰਾਂ ਨੂੰ ਫ਼ਿਰਕੂ ਹਿੰਸਾ ਤੋਂ ਬਚਾਉਂਦਿਆਂ ਆਪਣੇ ਘਰ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਸਿੱਖ ਪਰਿਵਾਰਾਂ ਦੀਆਂ ਕਈ ਧਾਰਮਿਕ ਪੁਸਤਕਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਦੋ ਹੱਥਲਿਖਤ ਸਰੂਪਾਂ ਨੂੰ ਬੇਅਦਬੀ ਤੋਂ ਵੀ ਬਚਾਇਆ ਸੀ। ਉਨ੍ਹਾਂ ਦੱਸਿਆ ਕਿ ਸੰਨ 1950 ਵਿੱਚ ਇਸ ਬਜ਼ੁਰਗ ਦੀ ਮੌਤ ਤੋਂ ਬਾਅਦ ਇਨ੍ਹਾਂ ਸਰੂਪਾਂ ਦੀ ਸੰਭਾਲ ਉਨ੍ਹਾਂ ਦੇ ਬੱਚਿਆਂ ਨੇ ਕੀਤੀ ਜੋ ਹੁਣ ਤੱਕ ਇਨ੍ਹਾਂ ਕੋਲ ਸਨ। 

ਇੱਥੋਂ 140 ਕਿਲੋਮੀਟਰ ਦੂਰ ਸਿਆਲਕੋਟ ਵਿੱਚ ਸਥਿਤ 500 ਸਾਲ ਪੁਰਾਣਾ ਗੁਰਦੁਆਰਾ ਬਾਬਾ ਦੀ ਬੇਰੀ ਪਿਛਲੇ ਵਰ੍ਹੇ ਜੁਲਾਈ ’ਚ ਭਾਰਤ ਦੀਆਂ ਸਿੱਖ ਸੰਗਤਾਂ ਲਈ ਖੋਲ੍ਹਿਆ ਗਿਆ ਸੀ। ਇਸ ਤੋਂ ਪਹਿਲਾਂ ਭਾਰਤੀਆਂ ਨੂੰ ਇਸ ਗੁਰਦੁਆਰੇ ’ਚ ਜਾਣ ਦੀ ਆਗਿਆ ਨਹੀਂ ਸੀ। ਸਿੱਖ ਇਤਿਹਾਸ ਮੁਤਾਬਕ 16ਵੀਂ ਸਦੀ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਕਸ਼ਮੀਰ ਤੋਂ ਸਿਆਲਕੋਟ ਪੁੱਜੇ ਸਨ, ਜਿੱਥੇ ਉਹ ਬੇਰੀ ਦੇ ਇੱਕ ਦਰੱਖਤ ਹੇਠ ਰਹੇ ਸਨ। ਇੱਥੇ ਉਨ੍ਹਾਂ ਦੀ ਯਾਦ ਵਿੱਚ ਸਰਦਾਰ ਨੱਥਾ ਸਿੰਘ ਨੇ ਉਸ ਸਮੇਂ ਇਹ ਗੁਰਦੁਆਰਾ ਬਣਵਾਇਆ ਸੀ।

ਕਮਲਜੀਤ ਸਿੰਘ ਦੀ ਇਟਲੀ ਦੀਆਂ ਨਗਰ ਨਿਗਮ ਚੋਣਾਂ ’ਚ ਇਤਿਹਾਸਿਕ ਜਿੱਤ

ਇਟਲੀ,ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ )-ਪੰਜਾਬੀ ਨੌਜਵਾਨ ਕਮਲਜੀਤ ਸਿੰਘ ਕਮਲ ਨੇ ਇਟਲੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਉਹ ਇਟਲੀ ਦੀ ਸਿਆਸਤ ਵਿੱਚ ਦਾਖ਼ਲ ਹੋਣ ਵਾਲਾ ਅਤੇ ਇਤਿਹਾਸਿਕ ਜਿੱਤ ਪ੍ਰਾਪਤ ਕਰਨ ਵਾਲਾ ਪਹਿਲਾ ਪੰਜਾਬੀ ਬਣ ਗਿਆ ਹੈ। ਕਮਲ ਦੀ ਇਸ ’ਤੇ ਇਟਲੀ ਦੇ ਸਮੂਹ ਭਾਰਤੀ ਤੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਗਰ ਨਿਗਮ ਚੋਣਾਂ ਵਿਚ ਕਮਲਜੀਤ ਸਿੰਘ ਕਮਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨੇੜੇ ਪਿੰਡ ਭੋਗਪੁਰ ਦੇ ਪਿੰਡ ਗੀਗਨਵਾਲ ਨਾਲ ਸਬੰਧਤ ਹੈ। ਕਮਲਜੀਤ ਕਮਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ-ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ।

ਰੂਸ 'ਚ ਹੁਣ ਦੁਕਾਨਾਂ 'ਤੇ ਵਿਕੇਗੀ ਕੋਰੋਨਾ ਦੀ ਦਵਾਈ

ਮਾਸਕੋ, ਸਤੰਬਰ 2020-(ਏਜੰਸੀ ) ਰੂਸ ਨੇ ਕੋਰੋਨਾ ਵਾਇਰਸ ਦੇ ਹਲਕੇ ਤੇ ਮੱਧਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਕੋਰੋਨਾਵੀਰ ਨਾਮ ਦਵਾਈ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਹਫ਼ਤੇ ਤੋਂ ਦਵਾਈ ਦੀਆਂ ਦੁਕਾਨਾਂ 'ਤੇ ਡਾਕਟਰ ਦੀ ਪਰਚੀ 'ਤੇ ਇਕ ਦਵਾਈ ਖ਼ਰੀਦੀ ਜਾ ਸਕਦੀ ਹੈ। ਪਹਿਲਾਂ ਸਿਰਫ ਹਸਪਤਾਲਾਂ 'ਚ ਭਰਤੀ ਮਰੀਜ਼ਾਂ ਨੂੰ ਇਹ ਦਵਾਈ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਕੋਰੋਨਾਵੀਰ ਆਰ-ਫਾਰਮਾ ਦੀ ਦਵਾਈ ਹੈ ਰੂਸ ਨੇ ਮਈ 'ਚ ਏਵਿਪੇਵੀਰ ਨਾਮਕ ਦਵਾਈ ਨੂੰ ਵੀ ਕੋਰੋਨਾ ਮਰੀਜ਼ਾਂ ਨੂੰ ਦੇਣ ਦੀ ਮਨਜ਼ੂਰੀ ਦਿੱਤੀ ਸੀ। ਕੋਰੋਨਾਵੀਰ ਤੇ ਏਵਿਫੇਵੀਰ ਦੋਵਾਂ ਦੀ ਫੇਵਿਪੀਰਾਵੀਰ ਦੇ ਫਾਰਮੂਲੇ 'ਤੇ ਅਧਾਰਿਤ ਹੈ, ਜਿਸ ਨੂੰ ਜਾਪਾਨ ਨੇ ਵਿਕਸਿਤ ਕੀਤਾ ਸੀ ਤੇ ਉੱਥੇ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਇਲਾਜ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਆਰ-ਫਾਰਮਾ ਨੇ ਕਿਹਾ ਕਿ ਕੋਰੋਨਾ ਦੇ 168 ਮਰੀਜ਼ਾਂ 'ਤੇ ਕੋਰੋਨਾਵੀਰ ਦਵਾਈ ਦਾ ਤੀਸਰੇ ਪੜਾਅ ਦਾ ਪ੍ਰੀਖਣ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਮਿਲੀ ਹੈ।

 

ਧੂਮ ਧੜੱਕੇ ਨਾਲ ਅੱਜ ਹੋਵੇਗਾ ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਆਈਪੀਐੱਲ ਦਾ ਆਗ਼ਾਜ਼

ਅਬੂਧਾਬੀ,ਸਤੰਬਰ 2020-(ਏਜੰਸੀ )  ਕਰੋਨਾ ਮਹਾਮਾਰੀ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤ ’ਚ ਕਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਇਹ ਟੂਰਨਾਮੈਂਟ ਯੂਏਈ ’ਚ ਖੇਡਿਆ ਜਾ ਰਿਹਾ ਹੈ ਅਤੇ ਮੈਦਾਨ ’ਚ ਦਰਸ਼ਕ ਨਹੀਂ ਹੋਣਗੇ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਸਾਬਕਾ ਚੈਂਪੀਅਨ ਰੋਹਿਤ ਸ਼ਰਮਾ ਦੀ ਟੀਮ ਮੁੰਬਈ ਇੰਡੀਅਨਜ਼ ਅਤੇ ਮਹਿੰਦਰ ਸਿੰਘ ਧੋਨੀ ਦੀ ਚੇਨੱਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ।  

ਅਮਰੀਕਾ ਵਿਚ ਭਾਰਤੀ ਭਾਈਚਾਰਾ ਬਿਡੇਨ ਦੇ 66% ਅਤੇ ਟਰੰਪ 28% ਨਾਲ ਇਕ ਰਿਪੋਰਟ

ਵਾਸ਼ਿੰਗਟਨ, ਸਤੰਬਰ 2020  (ਏਜੰਸੀ) ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ 66 ਫ਼ੀਸਦੀ ਵੋਟਰ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨਾਲ ਹਨ। ਟਰੰਪ ਨੂੰ 28 ਫ਼ੀਸਦੀ ਵੋਟਰਾਂ ਦੀ ਹਮਾਇਤ ਮਿਲਦੀ ਦਿਸ ਰਹੀ ਹੈ। ਛੇ ਫ਼ੀਸਦੀ ਵੋਟਰ ਹਾਲੇ ਫ਼ੈਸਲਾ ਨਾਲ ਲੈਣ ਦੀ ਸਥਿਤੀ ਵਿਚ ਹਨ। ਇਕ ਤਾਜ਼ਾ ਸਰਵੇਖਣ ਵਿਚ ਇਹ ਅੰਕੜਾ ਸਾਹਮਣੇ ਆਇਆ ਹੈ। ਇੰਡੀਆਸਪੋਰਾ ਅਤੇ ਏਸ਼ੀਅਨ ਅਮਰੀਕਨ ਐਂਡ ਪੈਸਿਫਿਕ ਆਈਲੈਂਡਰਸ ਨੇ ਮੰਗਲਵਾਰ ਨੂੰ ਸਾਂਝੇ ਰੂਪ ਨਾਲ ਇਸ ਨੂੰ ਜਾਰੀ ਕੀਤਾ ਹੈ। ਭਾਰਤੀ-ਅਮਰੀਕੀ ਭਾਈਚਾਰੇ ਵਿਚ ਭਲੇ ਹੀ ਬਿਡੇਨ ਦੀ ਪ੍ਰਸਿੱਧੀ ਕਾਇਮ ਹੋਵੇ, ਪਰ ਡੈਮੋਕ੍ਰੇਟਸ ਲਈ ਚਿੰਤਾ ਦੀ ਗੱਲ ਇਹ ਹੈ ਕਿ ਰਿਪਬਲਿਕਨ ਉਮੀਦਵਾਰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬੈਂਕ ਵਿਚ ਪੈਂਠ ਵਧਾਈ ਹੈ। ਇਸ ਤੋਂ ਪਹਿਲਾਂ ਕਿਸੇ ਰਿਪਬਲਿਕਨ ਰਾਸ਼ਟਰਪਤੀ ਨੂੰ ਇਸ ਭਾਈਚਾਰੇ ਵਿਚ ਏਨਾ ਸਮਰਥਨ ਨਹੀਂ ਮਿਲਿਆ। ਇਸ ਦਾ ਮਤਲਬ ਇਹ ਹੋਇਆ ਕਿ ਭਾਰਤੀ ਅਮਰੀਕੀ ਭਾਈਚਾਰੇ ਦੇ ਸਮਰਥਨ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਹੁਣ ਪਹਿਲਾਂ ਦੀ ਤਰ੍ਹਾਂ ਨਿਸ਼ਚਿੰਤ ਨਹੀਂ ਰਹਿ ਸਕਦੀ। 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਇਸ ਭਾਈਚਾਰੇ ਦੇ 77 ਫ਼ੀਸਦੀ ਲੋਕਾਂ ਦੇ ਵੋਟ ਮਿਲੇ ਸਨ। ਉਦੋਂ ਉਨ੍ਹਾਂ ਦੇ ਵਿਰੋਧੀ ਟਰੰਪ ਹੀ ਸਨ ਜਿਨ੍ਹਾਂ ਨੂੰ ਮਹਿਜ਼ 16 ਫ਼ੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਉਥੇ, 2012 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ 84 ਫ਼ੀਸਦੀ ਲੋਕਾਂ ਨੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਲਈ ਵੋਟ ਕੀਤਾ ਸੀ।

ਸ਼ਹੀਦ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਹੋਵੇਗਾ ਡਾਕਖਾਨਾ,ਅਮਰੀਕੀ ਸੰਸਦ ਕਰੇਗੀ ਸਨਮਾਨਿਤ

 

ਵਾਸ਼ਿੰਗਟਨ , ਸਤੰਬਰ 2020 -(ਏਜੰਸੀ)- ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਅਮਰੀਕੀ ਸੰਸਦ ਸਨਮਾਨਿਤ ਕਰੇਗੀ। ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਉਨ੍ਹਾਂ ਦੇ ਨਾਂ 'ਤੇ ਹਿਊਸਟਨ ਵਿਚ ਇਕ ਡਾਕਖਾਨੇ ਦਾ ਨਾਂ ਰੱਖਣ ਸਬੰਧੀ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਹੈ। 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਐਕਟ' ਸੈਨੇਟ ਤੋਂ ਪਾਸ ਹੋਣ ਪਿੱਛੋਂ ਦਸਤਖ਼ਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਲ ਜਾਏਗਾ। 42 ਸਾਲਾਂ ਦੇ ਧਾਲੀਵਾਲ ਦੀ ਡਿਊਟੀ ਦੌਰਾਨ 27 ਸਤੰਬਰ, 2019 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਕਤੂਬਰ 2019 ਵਿਚ ਮਹਿਲਾ ਐੱਮਪੀ ਲਿਜੀ ਫਲੈਚਰ ਦੀ ਅਗਵਾਈ ਵਿਚ ਦੋਵਾਂ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਟੈਕਸਾਸ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਦੇ ਸਨਮਾਨ ਵਿਚ ਇਕ ਬਿੱਲ ਪੇਸ਼ ਕੀਤਾ। ਫਲੈਚਰ ਨੇ ਕਿਹਾ ਕਿ ਧਾਲੀਵਾਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਮੈਂ ਇਸ ਬਿੱਲ ਨੂੰ ਪਾਸ ਕਰਵਾਉਣ ਵਿਚ ਯੋਗਦਾਨ ਦੇਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ। ਜੇਕਰ ਰਾਸ਼ਟਰਪਤੀ ਟਰੰਪ ਇਸ ਬਿੱਲ 'ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਦਾ ਰੂਪ ਦੇ ਦਿੰਦੇ ਹਨ ਤਾਂ ਇਹ ਕਿਸੇ ਵੀ ਭਾਰਤੀ ਮੂਲ ਦੇ ਅਮਰੀਕੀ ਦੇ ਨਾਂ 'ਤੇ ਦੂਜਾ ਡਾਕਖਾਨਾ ਹੋਵੇਗਾ। ਇਸ ਤੋਂ ਪਹਿਲੇ ਸਾਲ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਅਮਰੀਕੀ ਐੱਮਪੀ ਦਲੀਪ ਸਿੰਘ ਦੇ ਨਾਂ 'ਤੇ ਇਕ ਡਾਕਖਾਨੇ ਦਾ ਨਾਂ ਰੱਖਿਆ ਗਿਆ ਸੀ।

ਐਡੀ ਮੁਰੀ ਨੂੰ ਮਿਲਿਆ ਵਾਈਲਡ ਕਾਰਡ

ਪੈਰਿਸ  / ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਬਰਤਾਨੀਆ ਦੇ ਐਂਡੀ ਮੁਰੀ ਨੂੰ 27 ਸਤੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਫਰੈਂਚ ਓਪਨ ਵਿਚ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਮਰੇ ਨੂੰ ਪਿਛਲੇ ਮਹੀਨੇ ਯੂਐੱਸ ਓਪਨ ਵਿਚ ਵੀ ਵਾਈਲਡ ਕਾਰਡ ਨਾਲ ਹੀ ਪ੍ਰਵੇਸ਼ ਮਿਲਿਆ ਸੀ ਜਿੱਥੇ ਉਨ੍ਹਾਂ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਹਿੱਪ ਦੀ ਸਰਜਰੀ ਤੋਂ ਬਾਅਦ ਮਰੇ ਦਾ ਇਹ ਪਹਿਲਾ ਗਰੈਂਡ ਸਲੈਮ ਟੂਰਨਾਮੈਂਟ ਸੀ। ਉਨ੍ਹਾਂ ਨੇ ਯੂਐੱਸ ਓਪਨ ਦੇ ਪਹਿਲੇ ਗੇੜ ਵਿਚ 49ਵੇਂ ਨੰਬਰ ਦੇ ਖਿਡਾਰੀ ਜਾਪਾਨ ਦੇ ਯਾਸ਼ੀਹੀਤੋ ਨਿਸ਼ੀਯਾਕੋ ਨੂੰ 4-6, 4-6, 7-6, 7-6, 6-4 ਨਾਲ ਮਾਤ ਦਿੱਤੀ ਸੀ ਪਰ ਦੂਜੇ ਗੇੜ ਵਿਚ ਉਨ੍ਹਾਂ ਨੂੰ 15ਵਾਂ ਦਰਜਾ ਕੈਨੇਡਾ ਦੇ ਫੇਲਿਕਸ ਆਗਰ ਏਲਿਆਸੇਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁਰੀ ਤੋਂ ਇਲਾਵਾ ਹੋਰ ਸੱਤ ਖਿਡਾਰੀਆਂ ਨੂੰ ਵੀ ਰੋਲਾਂ ਗੈਰਾਂ ਟੂਰਨਾਮੈਂਟ ਲਈ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। 33 ਸਾਲ ਦੇ ਮੁਰੀ ਨੇ ਰੋਲਾ ਗੈਰਾਂ ਵਿਚ ਆਪਣਾ ਪਿਛਲੇ ਮੁਕਾਬਲਾ ਤਿੰਨ ਸਾਲ ਪਹਿਲਾਂ ਖੇਡਿਆ ਸੀ ਜਿੱਥੇ ਸੈਮੀਫਾਈਨਲ ਵਿਚ ਉਨ੍ਹਾਂ ਨੂੰ ਸਟੇਨ ਵਾਵਰਿੰਕਾ ਖ਼ਿਲਾਫ਼ ਪੰਜ ਸੈੱਟਾਂ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ ਮਾਤ ਦਾ ਸਾਹਮਣਾ ਕਰਨਾ ਪਿਆ ਸੀ। ਸੱਟਾਂ ਕਾਰਨ ਉਨ੍ਹਾਂ ਦੀ ਵਿਸ਼ਵ ਰੈਂਕਿੰਗ ਖਿਸਕ ਕੇ 129 ਤਕ ਜਾ ਪੁੱਜੀ ਹੈ।