ਵਿਨੀਪੈਗ - ਪਿਛਲੇ ਲੰਮੇਂ ਸਮੇਂ ਤੋਂ ਕਨਾਡਾ ਦੇ ਸ਼ਹਿਰ ਵਿਨੀਪੈਗ ਚ ਸਰਗਰਮ ਸਾਹਿਤ ਤੇ ਸਭਿਆਚਾਰਕ ਸਭਾ ਵਲੋਂ ਕਰਵਾਏ ਗਏ ਇਸ ਵਿਸ਼ਾਲ ਭਰਵੀਂ ਹਾਜਰੀ ਵਾਲੇ ਸਮਾਗਮ ਚ ਵਿਨੀਪੈਗ ਦਾ ਪੰਜਾਬੀ ਭਾਈਚਾਰਾ ਪਰਿਵਾਰਾਂ ਸਮੇਤ ਹਾਜਰ ਹੋਇਆ।ਸਭਾ ਦੇ ਆਗੂ ਮੰਗਤ ਸਿੰਘ ਸਹੋਤਾ ਦੇ ਮੰਚ ਸੰਚਾਲਨ ਚ ਪਹਿਲਾਂ ਦੋ ਪੁਸਤਕਾਂ 'ਬੜਾ ਕੁਝ ਕਹਿਣ ਕਹਾਣੀਆ' ਲੇਖਕ ਜਗਮੀਤ ਸਿੰਘ ਪੰਧੇਰ,'ਜਾਨਾਂ ਦੇਸ਼ ਤੋਂ ਵਾਰ ਗਏ ਗਦਰੀ' ਲੇਖਕ ਜਸਦੇਵ ਸਿੰਘ ਲਲਤੋਂ ਸਭਾ ਵਲੋਂ ਮੁੱਖ ਮਹਿਮਾਨਾਂ ਦੀ ਹਾਜਰੀ ਚ ਰਲੀਜ਼ ਕੀਤੀਆਂ ਗਈਆਂ । ਇਸ ਸਮੇਂ ਜਸਬੀਰ ਕੌਰ ਮੰਗੂਵਾਲ,ਡਾਕਟਰ ਪ੍ਰਿਤਪਾਲ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਮੁੱਖ ਬੁਲਾਰੇ ਵਜੋਂ ਦੇਸ਼ ,ਦੁਨੀਆਂ ਦੇ ਹਾਲਾਤ ਬਾਰੇ ਚਰਚਾ ਕਰਦਿਆਂ ਕਿਹਾ ਕਿ ਪੂਰੇ ਸੰਸਾਰ ਦੇ ਬਹੁਗਿਣਤੀ ਦੇਸ਼ਾਂ ਦਾ ਅਰਥਚਾਰਾ ਸ਼੍ਰੀ ਲੰਕਾ ਦੇ ਰਾਹ ਚਲ ਰਿਹਾ ਹੈ। ਸੰਸਾਰ ਬੈਂਕ, ਕੋਮਾਂਤਰੀਮੁਦਰਾ ਫੰਡ ਦੇ ਕਰਜਿਆਂ ਤੇ ਵਿਆਜ ਨੇ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਦੇ ਅਰਥਚਾਰੇ ਨੂੰ ਅਪਣੇ ਜਕੜਪੰਜੇ ਚ ਬੁਰੀ ਤਰਾਂ ਨਾਲ ਜਕੜ ਲਿਆ ਹੈ।ਵਧਦੀ ਮਹਿੰਗਾਈ, ਤੇਲ ਗੈਸ ਕੀਮਤਾਂ ਚ ਉੜਕਾਂ ਦੇ ਵਾਧੇ ਨੇ ਤੇ ਖਾਸ ਕਰ ਯੁਕਰੇਨ ਜੰਗ ਅਤੇ ਕੋਵਿਡ ਨੇ ਇਨਾਂ ਵੱਡੀ ਗਿਣਤੀ ਦੇਸ਼ਾਂ ਦਾ ਕਚੂਮਰ ਕਢ ਕੇ ਰਖ ਦਿੱਤਾ ਹੈ। ਸਿੱਟਾ ਇਨਾਂ ਦੇਸ਼ਾਂ ਚ ਲੋਕ ਰੋਹ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਸਨੂੰ ਇਨਕਲਾਬੀ ਅਗਵਾਈ ਦੀ ਜਰੂਰਤ ਹੈ। ਉਨਾਂ ਕਿਹਾ ਕਿ ਅਮਰੀਕਾ ਦੀ ਅਗਵਾਈ ਚ ਸਾਮਰਾਜੀ ਕਾਰਪੋਰੇਟ ਹੁਣ ਖਾਧ ਪਦਾਰਥਾਂ ਦੀ ਵਿਸ਼ਾਲ ਮੰਡੀ ਤੇ ਕਬਜਾ ਕਰਨ ਲਈ ਦੁਨੀਆਂ ਭਰ ਚ ਜਮੀਨਾਂ ਖਰੀਦ ਰਹੇ ਹਨ। ਭਾਰਤ ਚ ਤਿੰਨ ਖੇਤੀ ਕਨੂੰਨ ਇਸੇ ਲੜੀ ਦਾ ਨਤੀਜਾ ਸਨ। ਸਾਮਰਾਜ ਕਿਸੇ ਵੀ ਹਾਲਤ ਚ ਅਪਣੇ ਮੁਨਾਫੇ ਨੂੰ ਆਂਚ ਨਹੀਂ ਆਉਣ ਦੇਣੀ ਚਾਹੁੰਦਾ ਜਿਸ ਲਈ ਉਹ ਨਵੀਆਂ ਨੀਤੀਆਂ ਤੇ ਢੰਗ ਤਰੀਕੇ ਇਜਾਦ ਕਰ ਰਿਹਾ ਹੈ।ਉਨਾਂ ਪ੍ਰਵਾਸੀ ਭਾਰਤੀਆਂ ਵਲੋਂ ਕਿਸਾਨ ਅੰਦੋਲਨ ਚ ਪਾਏ ਸ਼ਾਨਦਾਰ ਯੋਗਦਾਨ ਲਈ ਦੇਸੀ ਪੰਜਾਬੀਆਂ ਵਲੋਂ ਧੰਨਵਾਦ ਕੀਤਾ।ਦੇਸ਼ ਚ ਫਿਰਕੂ ਫਾਸ਼ੀਵਾਦ ਦੇ ਵੱਡੇ ਖਤਰੇ ਖਾਸਕਾਰ ਸੰਘੀ ਜੁੰਡਲੀ ਵਲੋਂ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ ਖਿਲਾਫ ਭੜਕਾਊ ਨਫਰਤ ਪ੍ਰਚਾਰ ਤੇ ਸਾਜਿਸ਼ੀ ਹਮਲਿਆਂ ਨੂੰ ਇਕ ਚੁਣੋਤੀ ਕਰਾਰ ਦਿੰਦਿਆਂ ਬਿਲਕਸਬਾਨੋ ਕੇਸ ਦਾ ਹਵਾਲਾ ਦਿੰਦਿਆਂ ਜੋਰਦਾਰ ਆਵਾਜ ਹਰ ਕੋਨੇ ਚੋਂ ਉਠਾਉਣ ਦਾ ਦਿੱਤਾ। ਇਸ ਸਮੇਂ ਪਾਕਿਸਤਾਨ ਤੋਂ ਕਨਾਡਾ ਫੇਰੀ ਤੇ ਆਏ ਉਘੇ ਸ਼ਾਇਰ ਬਾਬਾ ਨਜਮੀ ਨੇ ਅਪਣੇ ਵਿਸ਼ੇਸ਼ ਅੰਦਾਜ ਚ ਅਪਣੀਆਂ ਕਵਿਤਾਵਾਂ, ਗਜਲਾਂ ਪੇਸ਼ ਕਰਕੇ ਦੋਹਾਂ ਪੰਜਾਬਾਂ ਦੇ ਸਰੋਤਿਆਂ ਦਾ ਮਨ ਮੋਹ ਲਿਆ। ' ਮਸਜਿਦ ਮੇਰੀ ਤੂੰ ਕਿਓਂ ਢਾਹਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ। ਆ ਮਿਲ ਕੇ ਪੜੀਏ ਦੋਵੇਂ ਇਕ ਦੂਜੇ ਦੇ ਅੰਦਰ ਨੂੰ।"ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁੱਕਦਰਾਂ ਦਾ , ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ"।ਸਵਾ ਘੰਟਾ ਚੱਲੇ ਸ਼ਾਇਰੀ ਦੇ ਇਸ ਨਿਰੰਤਰ ਪ੍ਰਵਾਹ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਤੇ ਵਾਰ ਵਾਰ ਪੰਡਾਲ ਜੋਰਦਾਰ ਤਾੜੀਆਂ ਨਾਲ ਗੂੰਜ ਰਿਹਾ।। ਕਈ ਸਖਸ਼ੀਅਤਾਂ ਵਲੋਂ ਬਾਬਾ ਨਜਮੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਹਰਨੇਕ ਸਿੰਘ ਧਾਲੀਵਾਲ, ਹਰਿੰਦਰ ਸਿੰਘ ਗਿੱਲ, ਅਵਤਾਰ ਸਿੱਧੂ, ਹਰਦੀਪ ਅਖਾੜਾ, ਡਾਕਟਰ ਜਸਵਿੰਦਰ,ਸਾਬਕਾ ਵਿਧਾਇਕ ਮਹਿੰਦਰ ਸਿੰਘ ਸਰਾਂ , ਜਗਦੀਸ਼ਰ ਸਿੰਘ , ਮਨਜੀਤ ਬੱਧਨੀ, ਗੁਰਮੀਤ ਸਿੰਘ ਜਗਰਾਂਓ ਆਦਿ ਹਾਜਰ ਸਨ।