ਕੀ ਟੀਕਾ ਹੋਵੇਗਾ ਕਾਰਗਰ, ਜਾਣੋ ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ
ਜੇਨੇਵਾ,ਨਵੰਬਰ 2020 -(ਏਜੰਸੀ )
ਡੈਨਮਾਰਕ 'ਚ SARS-CoV-2 ਦੇ ਵੱਖਰੀ ਕਿਸਮ ਦੇ ਕੋਰੋਨਾ ਇਨਫੈਕਸ਼ਨ ਦੇ 214 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਹ ਮਾਮਲੇ ਮਿੰਕ ਭਾਵ ਊਦਬਿਲਾਵ ਨਾਲ ਜੁੜੇ ਦੱਸੇ ਜਾ ਰਹੇ ਹਨ। ਬੀਤੀ ਪੰਜ ਨਵੰਬਰ ਨੂੰ ਇਨ੍ਹਾਂ 'ਚੋਂ 12 ਮਾਮਲਿਆਂ 'ਚ ਇਕ ਖ਼ਾਸ ਕਿਸਮ ਦੀ ਕੋਰੋਨਾ ਸਟ੍ਰੇਨ ਪਾਈ ਗਈ ਹੈ। ਇਸ ਖ਼ੁਲਾਸੇ ਤੋਂ ਬਾਅਦ ਦੁਨੀਆ 'ਚ ਨਵੇਂ ਖ਼ਤਰੇ ਦਾ ਡਰ ਦੱਸਿਆ ਜਾਣ ਲੱਗਿਆ ਹੈ। ਸਮਾਚਾਰ ਏਜੰਸੀ ਰਾਇਟਰ ਦੀ ਰਿਪੋਰਟ ਅਨੁਸਾਰ, ਕੋਰੋਨਾ ਵਾਇਰਸ 'ਚ ਹੋਏ ਬਦਲਾਵਾਂ ਨੂੰ ਲੈ ਕੇ ਡੈਨਮਾਰਕ ਦੀ ਸਰਕਾਰ ਇਕ ਕਰੋੜ 70 ਲੱਖ ਮਿੰਕ ਨੂੰ ਮਾਰਨ ਦੀ ਯੋਜਨਾ ਬਣਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ (World Health Organization) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿੰਕ ਨਵੇਂ SARS-CoV-2 ਵਾਇਰਸ ਲਈ ਭੰਡਾਰ ਗ੍ਰਹਿ ਸਾਬਤ ਹੋਏ ਹਨ। ਡੈਨਮਾਰਕ 'ਚ ਕੋਰੋਨਾ ਵਾਇਰਸ ਦੀ ਬਦਲੀ ਭਾਵ ਖ਼ਾਸ ਕਿਸਮ (mutated strain) ਦੀ ਇਸ ਸਟ੍ਰੇਨ ਨਾਲ ਇਕ ਦਰਜਨ ਲੋਕਾਂ 'ਚ ਇਨਫੈਕਸ਼ਨ ਹੋਈ ਹੈ। ਕੋਪਨਹੇਗਨ ਸਥਿਤ ਯੂਰਪੀ ਦਫ਼ਤਰ 'ਚ ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ (Catherine Smallwood) ਨੇ ਕਿਹਾ ਹੈ ਕਿ ਇਹ ਨਿਸ਼ਚਿਤ ਤੌਰ 'ਤੇ ਦੁਨੀਆ ਲਈ ਵੱਡਾ ਜੋਖ਼ਮ ਹੈ।
ਕੈਥਰੀਨ ਨੇ ਕਿਹਾ ਕਿ ਮਿੰਕ ਦੀ ਆਬਾਦੀ ਇਨਸਾਨਾਂ 'ਚ ਕੋਰੋਨਾ ਦੀ ਇਸ ਨਵੀਂ ਨਸਲ ਦੇ ਫੈਲਣ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਤੋਂ ਬਾਅਦ ਇਹ ਇਨਸਾਨਾਂ ਤੋਂ ਇਨਸਾਨਾਂ 'ਚ ਫੈਲਣ ਲੱਗੇਗਾ। ਅਜਿਹੇ 'ਚ ਸਵਾਲ ਉਠਣ ਲੱਗਿਆ ਹੈ ਕਿ ਕੋਰੋਨਾ ਇਨਫੈਕਸ਼ਨ ਦੀ ਕਾਟ ਲਈ ਦੁਨੀਆ ਭਰ 'ਚ ਜਿਨ੍ਹਾਂ ਟੀਕਿਆਂ 'ਤੇ ਕੰਮ ਹੋ ਰਿਹਾ ਹੈ, ਕੀ ਉਹ ਇਸ ਬਦਲੀ ਨਸਲ 'ਤੇ ਵੀ ਕਾਰਗਰ ਹੋਣਗੇ। ਜੇਕਰ ਇਹ ਟੀਕੇ ਬੇਅਸਰ ਸਾਬਤ ਹੋਏ ਤਾਂ ਦੁਨੀਆ ਭਰ 'ਚ ਵੱਡਾ ਨੁਕਸਾਨ ਹੋ ਸਕਦਾ ਹੈ।
ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਅਨੁਸਾਰ, ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਡੈਨਮਾਰਕ 'ਚ ਪਾਈ ਗਈ ਕੋਰੋਨਾ ਦੀ ਨਵੀਂ ਬਦਲੀ ਹੋਈ ਨਸਲ ਭਾਵ ਸਟ੍ਰੇਨ ਟੀਕਿਆਂ ਦੀ ਪ੍ਰਭਾਵਸ਼ੀਲਤਾ ਨੂੰ ਬੇਅਸਰ ਕਰ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਬਦਲਾਅ ਦਾ ਬੁਰਾ ਪ੍ਰਭਾਵ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਜਲਦਬਾਜ਼ੀ 'ਚ ਕਿਸੇ ਫ਼ੈਸਲੇ 'ਤੇ ਪਹੁੰਚਣਾ ਚਾਹੀਦਾ ਹੈ।
ਉੱਥੇ ਡਬਲਿਊਐੱਚਓ ਹੈਲਥ ਐਮਰਜੈਂਸੀ ਪ੍ਰੋਗਰਾਮ 'ਚ ਤਾਇਨਾਤ ਵਿਗਿਆਨੀ ਲੀਡ ਮਾਰਿਆ ਵਾਨ ਕੇਰਖੋਵ ਨੇ ਵੀ ਕਿਹਾ ਕਿ ਅਜੇ ਕੁਝ ਕਹਿਣ ਤੋਂ ਪਹਿਲਾਂ ਕੋਰੋਨਾ 'ਚ ਹੋਏ ਇਸ ਬਦਲਾਅ ਦਾ ਅਧਿਐਨ ਕਰਨ ਦੀ ਲੋੜ ਹੈ।
ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਾਈਕਲ ਰੇਆਨ ਨੇ ਕਿਹਾ ਕਿ ਅਜੇ ਤਕ ਕੋਈ ਸਬੂਤ ਨਹੀਂ ਹੈ ਕਿ ਕੋਰੋਨਾ 'ਚ ਹੋਇਆ ਇਕ ਪਰਿਵਰਤਨ ਹੁਣ ਤਕ ਦੇ ਵਾਇਰਸ ਤੋਂ ਵੱਖਰਾ ਵਿਹਾਰ ਕਰਦਾ ਹੈ। ਇਸ 'ਚ ਬਦਲਾਅ ਭਾਵੇਂ ਹੋਇਆ ਹੋਵੇ ਪਰ ਇਹ ਅਜੇ ਵੀ ਇਕ ਹੀ ਵਾਇਰਸ ਹੈ। ਸਾ ਇਸ ਗੱਲ ਦਾ ਮੁਲਾਂਕਣ ਕਰਨਾ ਹੈ ਕਿ ਕੀ ਇਸ ਵਾਇਰਸ ਦੇ ਫੈਲਣ 'ਚ ਕੋਈ ਫਰਕ ਹੈ। ਕੀ ਇਸ ਬਦਲਾਅ ਨਾਲ ਇਸ ਦੇ ਸੰਕਰਮਣ ਦੇ ਇਲਾਜ 'ਚ ਕੋਈ ਅਸਰ ਪਵੇਗਾ। ਫਿਲਹਾਲ ਕਿਸੇ ਵੀ ਫ਼ੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਕ ਲੰਬਾ ਰਸਤਾ ਤੈਅ ਕਰਨਾ ਪਵੇਗਾ।