ਲਾਈਮਰਿਕ /ਆਇਰਲੈਂਡ, ਅਕਤੂਬਰ 2020 -(ਏਜੰਸੀ )
ਪੰਜਾਬ ਦੇ ਜੰਮਪਲ ਤੇ ਆਇਰਲੈਂਡ ਵਿਚ ਰਹਿ ਰਹੇ ਵਿਨੋਜ ਬਜਾਜ (70) ਨੇ 1,500 ਦਿਨਾਂ ਵਿਚ 40,075 ਕਿਲੋਮੀਟਰ ਵਾਕ ਕਰਨ ਕਰਕੇ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਇਸ ਦੌਰਾਨ ਉਸ ਨੇ ਆਪਣੇ ਸ਼ਹਿਰ ਲਾਈਮਰਿਕ ਨੂੰ ਛੂਹਿਆ ਤਕ ਨਹੀਂ। ਉਹ ਪਿਛਲੇ 40 ਸਾਲਾਂ ਤੋਂ ਆਇਰਲੈਂਡ ਵਿਚ ਰਹਿ ਰਿਹਾ ਹੈ।
ਬਜਾਜ ਨੇ ਆਪਣੀ ਯਾਤਰਾ ਅਗਸਤ 2016 'ਚ ਸ਼ੁਰੂ ਕੀਤੀ ਸੀ ਤਾਂਕਿ ਉਹ ਭਾਰ ਘਟਾ ਸਕੇ ਤੇ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਸਕੇ। ਬਜਾਜ ਨੇ ਦੱਸਿਆ ਕਿ ਮੈਂ ਯਾਤਰਾ ਦੇ ਪਹਿਲੇ ਤਿੰਨ ਮਹੀਨੇ ਹਫ਼ਤੇ ਦੇ ਸੱਤ ਦਿਨ ਹੀ ਚੱਲਦਾ ਰਿਹਾ ਤੇ ਮੇਰਾ ਭਾਰ 8 ਕਿਲੋ ਘੱਟ ਗਿਆ ਤੇ ਰੋਜ਼ਾਨਾ 700 ਕੈਲੋਰੀ ਘਟੀ। ਅਗਲੇ ਛੇ ਮਹੀਨਿਆਂ ਵਿਚ ਮੇਰਾ ਭਾਰ 12 ਕਿਲੋਗ੍ਰਾਮ ਘਟਿਆ। ਇਹ ਭਾਰ ਮੇਰੀ ਵਾਕ ਅਤੇ ਖਾਣ ਦੀਆਂ ਆਦਤਾਂ ਕਾਰਨ ਘਟਿਆ। ਮੈਂ ਤੜਕੇ ਸਵੇਰੇ ਯਾਤਰਾ ਸ਼ੁਰੂ ਕਰ ਲੈਂਦਾ ਤੇ ਪੂਰੇ ਦਿਨ ਵਿਚ ਦੋ ਵਾਰ ਆਰਾਮ ਕਰਦਾ।
ਸੇਵਾਮੁਕਤ ਇੰਜੀਨੀਅਰ ਤੇ ਬਿਜ਼ਨਸ ਕਨਸਲਟੈਂਟ ਚੇਨਈ 'ਚ ਪੜਿ੍ਹਆ ਤੇ 1975 ਵਿਚ ਸਕਾਟਲੈਂਡ ਗਿਆ ਜਿੱਥੇ ਉਸ ਨੇ ਮੈਨੇਜਮੈਂਟ ਵਿਚ ਮਾਸਟਰ ਡਿਗਰੀ ਗਲਾਸਗੋ ਵਿਚ ਕੀਤੀ। 43 ਸਾਲ ਪਹਿਲੇ ਉਹ ਕੰਮ ਲਈ ਆਇਰਲੈਂਡ ਚਲਾ ਗਿਆ ਤੇ ਉਦੋਂ ਤੋਂ ਲਾਈਮਰਿਕ 'ਚ ਰਹਿ ਰਿਹਾ ਹੈ। ਆਪਣੀ ਯਾਤਰਾ ਲਈ ਉਸ ਨੇ 'ਪੇਸਰ ਐਕਟੀਵਿਟੀ ਟ੍ਰੈਕਰ ਐਪ' ਨੂੰ ਆਪਣੇ ਸਮਾਰਟਫੋਨ ਵਿਚ ਡਾਊਨਲੋਡ ਕਰ ਲਿਆ। ਉਸ ਨੇ ਦੱਸਿਆ ਕਿ ਪਹਿਲੇ ਸਾਲ ਮੈਂ 7,600 ਕਿਲੋਮੀਟਰ ਯਾਤਰਾ ਕੀਤੀ। ਦੂਜੇ ਸਾਲ ਦੇ ਅੰਤ ਤਕ ਇਹ ਦੂਰੀ 15,200 ਕਿਲੋਮੀਟਰ ਤਕ ਹੋ ਗਈ। ਬਜਾਜ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਲ ਕਰਨ ਲਈ ਕਾਰਵਾਈ ਚੱਲ ਰਹੀ ਹੈ। ਬਜਾਜ ਨੇ ਦੱਸਿਆ ਕਿ ਪੂਰੀ ਯਾਤਰਾ ਲਈ ਮੈਂ 12 ਜੁੱਤਿਆਂ ਦੀ ਵਰਤੋਂ ਕੀਤੀ। ਬਜਾਜ ਨੇ ਸਲਾਹ ਦਿੱਤੀ ਕਿ ਛੱਤਰੀ ਨੂੰ ਆਪਣਾ ਸਾਥੀ ਬਣਾਉ ਤੇ ਕੋਈ ਵੀ ਮੌਸਮ ਤੁਹਾਡੇ ਰਾਹ 'ਚ ਰੁਕਾਵਟ ਨਹੀਂ ਬਣੇਗਾ।