ਮੁੰਬਈ, ਅਕਤੂਬਰ 2020 -(ਏਜੰਸੀ )
ਕਰਜ਼ ਦੇ ਬੋਝ ਹੇਠਾਂ ਦੱਬੀ ਅਤੇ ਦੀਵਾਲੀਆ ਪ੍ਰਕਿਰਿਆ ਤੋਂ ਗੁਜ਼ਰ ਰਹੀ ਨਿੱਜੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੂੰ ਨਵਾਂ ਖ਼ਰੀਦਦਾਰ ਮਿਲ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਕੰਪਨੀ ਦੇ ਛੇਤੀ ਉਡਾਣ ਭਰਨ ਦੀ ਉਮੀਦ ਵਧ ਗਈ ਹੈ। ਕੰਪਨੀ ਦੇ ਕਰਜ਼ਦਾਤਿਆਂ ਦੀ ਕਮੇਟੀ (ਸੀਓਸੀ) ਨੇ ਬਿ੍ਟੇਨ ਸਥਿਤ ਕਾਲਰਾਕ ਕੈਪੀਟਲ ਅਤੇ ਯੂਏਈ ਸਥਿਤ ਕਾਰੋਬਾਰੀ ਮੁਰਾਰੀ ਲਾਲ ਜਾਲਾਨ ਦੇ ਕੰਸੋਰਟੀਅਮ ਦਾ ਰਿਜਾਲਿਊਸ਼ਨ ਪਲਾਨ ਮਨਜ਼ੂਰ ਕਰ ਲਿਆ ਹੈ। ਕੰਪਨੀ 'ਤੇ ਉਸ ਦੇ ਕਰਜ਼ਦਾਤਿਆਂ ਦਾ 8,000 ਕਰੋੜ ਰੁਪਏ ਤੋਂ ਜ਼ਿਆਦਾ ਬਕਾਇਆ ਹੈ। ਕਰਜ਼ਦਾਤਿਆਂ ਵਿਚ ਜ਼ਿਆਦਾਤਰ ਸਰਕਾਰੀ ਬੈਂਕ ਹਨ।
ਜੈੱਟ ਏਅਰਵੇਜ਼ ਦੀ ਰਿਜਾਲਿਊਸ਼ਨ ਪ੍ਰਰੋਫੈਸ਼ਨਲ ਆਸ਼ੀਸ਼ ਛਾਛੜੀਆ ਨੇ ਸ਼ੇਅਰ ਬਾਜ਼ਾਰ ਬੀਐੱਸਈ ਨੂੰ ਦੱਸਿਆ ਕਿ ਮਤੇ 'ਤੇ ਈ-ਵੋਟਿੰਗ ਦੇ ਮਾਧਿਅਮ ਨਾਲ ਇਸ ਹੱਲ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀਓਸੀ ਨੇ ਸ਼ੁੱਕਰਵਾਰ ਨੂੰ ਈ-ਵੋਟਿੰਗ ਦੀ ਮਿਆਦ ਸ਼ਨਿਚਰਵਾਰ ਤਕ ਲਈ ਵਧਾ ਦਿੱਤੀ ਸੀ, ਕਿਉਂਕਿ ਹੁਣ ਤਕ ਸਿਰਫ਼ ਅੱਧੇ ਕਰਜ਼ਦਾਤਿਆਂ ਨੇ ਹੀ ਆਪਣੇ ਵੋਟ ਪਾਏ ਸਨ। ਪਿਛਲੇ ਸਾਲ ਅਪ੍ਰੈਲ ਤੋਂ ਬੰਦ ਪਈ ਜੈੱਟ ਏਅਰਵੇਜ਼ ਨੂੰ ਖ਼ਰੀਦਣ ਲਈ ਦੋ ਕੰਸੋਰਟੀਅਮ ਨੇ ਦਿਲਚਸਪੀ ਦਿਖਾਈ ਸੀ। ਦੂਜਾ ਕੰਸੋਰਟੀਅਮ ਹਰਿਆਣਾ ਸਥਿਤ ਫਲਾਈਟ ਸਿਮੈੂਲਸ਼ਨ ਟੈਕਨੀਕ ਸੈਂਟਰ, ਮੁੰਬਈ ਸਥਿਤ ਬਿਗ ਚਾਰਟਰ ਅਤੇ ਆਬੂਧਾਬੀ ਦੇ ਇੰਪੀਰੀਅਲ ਕੈਪੀਟਲ ਇੰਵੈਸਟਮੈਂਟਸ ਐੱਲਐੱਲਸੀ ਦਾ ਸੀ। ਇਕ ਸੂਤਰ ਮੁਤਾਬਕ ਕੰਪਨੀ ਦੇ ਨਵੇਂ ਮਾਲਕਾਂ ਨੇ ਇਸ ਦਾ ਪਰਿਚਾਲਨ ਦੁਬਾਰਾ ਸ਼ੁਰੂ ਕਰਨ ਸਬੰਧੀ ਸਰਗਰਮੀਆਂ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦਾ ਮਤਾ ਰੱਖਿਆ ਹੈ। ਕੰਪਨੀ ਦੇ ਕਰਜ਼ਦਾਤਿਆਂ ਨੂੰ ਪੰਜ ਸਾਲਾਂ ਵਿਚ ਵਾਧੂ 1,000 ਕਰੋੜ ਰੁਪਏ ਦਿੱਤੇ ਜਾਣਗੇ। ਕੰਪਨੀ ਦੇ ਪਰਿਚਾਲਨ ਕਰਜ਼ਦਾਤਿਆਂ ਨੂੰ ਵੀ 10 ਫ਼ੀਸਦੀ ਹਿੱਸੇਦਾਰੀ ਦਿੱਤੀ ਜਾਵੇਗੀ।