ਲੰਡਨ,ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਰਪੀ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ ਦੀ 31 ਅਕਤੂਬਰ ਦੀ ਤਰੀਕ ਲੰਘ ਜਾਣ ਸਬੰਧੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਨਿਰਧਾਰਤ ਤਰੀਕ ਤਕ ਬ੍ਰੈਗਜ਼ਿਟ ਨਾ ਹੋਣ ਕਾਰਨ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਸੰਸਦ ਨੂੰ ਜਿੰਮੇਵਾਰ ਠਹਿਰਾਇਆ ਹੈ। ਆਪਣੀ ਚੋਣ ਮੁਹਿੰਮ ਨੂੰ ਆਰੰਭ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਅਰਕੇਬਾਜ਼ੀ ਵਾਲੀ ਗੱਲ ਹੀ ਹੋਵੇਗੀ ਕਿ ਜੇ ਕੰਜ਼ਰਵੇਟਿਵ ਪਾਰਟੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਸੱਤਾ ਵਿੱਚ ਆ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਟੋਰੀ ਸਰਕਾਰ ਹੀ ਨਵੀਂ ਹੱਦ 31 ਜਨਵਰੀ 2020 ਤਕ ਬਰਤਾਨੀਆ ਦਾ ਨਿਰਧਾਰਤ ਸਮੇਂ ਯੂਰਪੀ ਯੂਨੀਅਨ ਤੋਂ ਬ੍ਰੈਗਜ਼ਿਟ ਕਰਾਉਣ ਦੇ ਸਮਰੱਥ ਹੈ। ਸਕਾਈ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਅਸੀਂ ਨਿਰਧਾਰਤ ਸਮੇਂ ਤੱਕ ਬ੍ਰੈਗਜ਼ਿਟ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਅਤੇ ਹੋਰਨਾਂ ਪਾਰਟੀਆਂ ਦੀਆਂ ਸਰਕਾਰਾਂ ਵਿੱਚ ਇਹ ਹੀ ਫਰਕ ਹੈ ਕਿ ਇਸ ਸਰਕਾਰ ਨੇ ਫਿਰ ਤੋਂ ਬ੍ਰੈਗਜ਼ਿਟ ਦੇ ਲਈ ਤਰੀਕ ਨਿਸਚਤ ਕੀਤੀ ਹੈ।