You are here

ਹਲਕਾ 63 ਲੁਧਿਆਣਾ ਕੇਂਦਰੀ 'ਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ਖੇਡਿਆ

ਲੁਧਿਆਣਾ, 25 ਅਪ੍ਰੈਲ (ਟੀ. ਕੇ. ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏ.ਆਰ.ਓ-ਕਮ-ਏ.ਸੀ.ਏ. ਗਲਾਡਾ 063-ਲੁਧਿਆਣਾ ਸੈਂਟਰਲ ਓਜਸਵੀ ਅਲੰਕਾਰ, ਆਈ.ਏ.ਐਸ. ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ 063 ਲੁਧਿਆਣਾ ਕੇਂਦਰੀ ਦੇ ਸਵੀਪ ਨੋਡਲ ਅਫ਼ਸਰ ਹੈਡਮਾਸਟਰ ਰੁਪਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਸਰਿਤਾ ਬਹਿਲ ਦੀ ਅਗਵਾਈ ਵਿੱਚ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ (ਲੜਕੀਆਂ), ਕਿਦਵਈ ਨਗਰ ਵਿਖੇ ਵੋਟਰ ਜਾਗਰੂਕਤਾ ਲਈ ਇੱਕ ਨੁੱਕੜ ਨਾਟਕ ਕਰਵਾਇਆ ਗਿਆ।

ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਸ਼ਕਦਵਈ ਨਗਰ ਦੀ ਜਨਤਕ ਥਾਂ 'ਤੇ ਸ਼ਾਨਦਾਰ ਨੁੱਕੜ ਨਾਟਕ ਰਾਹੀਂ ਆਮ ਲੋਕਾਂ ਨੂੰ ਨਸ਼ੇ ਜਾ ਕਿਸੇ ਹੋਰ ਲਾਲਚ ਤੋਂ ਨਿਰਲੇਪ ਰਹਿ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ। ਆਮ ਲੋਕਾਂ ਵੱਲੋਂ ਇਸ ਨੁੱਕੜ ਨਾਟਕ ਵਿੱਚ ਭਰਭੂਰ ਦਿਲਚਸਪੀ ਵਿਖਾਈ ਗਈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਵੋਟਰ ਜਾਗਰੂਕਤਾ ਰੈਲੀ ਵੀ ਕੱਢੀ ਗਈ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਵੀਪ ਪ੍ਰੋਗਰਾਮ ਤਹਿਤ ਯੋਗ ਵੋਟਰਾਂ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋ ਕਰਨ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪਹਿਲੀ ਵਾਰ ਵੋਟਰਾਂ ਦੇ ਨਾਮ ਰਜਿਸਟਰ ਕਰਵਾਉਣ ਲਈ ਜ਼ਿਲ੍ਹੇ ਭਰ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ। ਨਵੇਂ ਯੋਗ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ 'ਵੋਟਰ ਹੈਲਪਲਾਈਨ' ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਦੀ ਵਰਤੋਂ ਕਰ ਸਕਦੇ ਹਨ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਨਿਵਾਸੀ www.nvsp.in 'ਤੇੇ ਵੀ ਜਾ ਸਕਦੇ ਹਨ। ਲੋਕ ਸਭਾ ਚੋਣਾਂ-2024 ਲਈ ਵੋਟਰ ਰਜਿਸਟ੍ਰੇਸ਼ਨ 4 ਮਈ, 2024 ਤੱਕ ਕਰਵਾਈ ਜਾ ਸਕਦੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਪ੍ਰਭਾਵ ਵਿੱਚ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।