You are here

     ਹਾਥੀ ਦੇ ਦੰਦ! ✍️ ਸਲੇਮਪੁਰੀ ਦੀ ਚੂੰਢੀ -

ਹਾਥੀ ਦੇ ਦੰਦ!

ਸਮਾਜ ਵਿਚ ਹਰ ਕਿਸਮ ਦੇ ਲੋਕ ਹਨ। ਕਈ ਲੋਕ ਅਜਿਹੇ ਹੁੰਦੇ ਹਨ, ਜਿਹੜੇ ਬਾਹਰੋਂ ਤਾਂ ਨਾਰੀਅਲ ਵਾਂਗ ਸਖਤ ਹੁੰਦੇ ਹਨ, ਜਦ ਕਿ ਅੰਦਰੋਂ ਬਹੁਤ ਨਰਮ ਅਤੇ ਮੁਲਾਇਮ ਹੁੰਦੇ ਹਨ। ਕਈ ਲੋਕ ਅਜਿਹੇ ਹਨ ਜੋ ਕਹਿੰਦੇ ਹਨ, ਉਹ ਕਰਦੇ ਨਹੀਂ, ਕਈ ਲੋਕ ਅਜਿਹੇ ਹਨ ਜੋ ਕਰਦੇ ਹਨ, ਉਹ ਕਹਿੰਦੇ ਨਹੀਂ। ਕਈ ਲੋਕ ਕਾਨੂੰਨ ਦਾ ਮਖੌਟਾ ਪਹਿਨਕੇ ਗੈਰ-ਕਾਨੂੰਨੀ ਕੰਮ ਕਰਦੇ ਹਨ। ਕਈ ਲੋਕ ਪਹਿਰਾਵਾ ਤਾਂ ਸਾਧੂਆਂ ਸੰਤਾਂ ਵਾਲਾ ਪਹਿਨਦੇ ਹਨ, ਪਰ ਅੰਦਰੋਂ ਨਫਰਤ ਅਤੇ ਜੁਲਮ ਦੀ ਅੱਗ ਉਗਲਦੇ ਹਨ। ਕਈ ਲੋਕ ਬਾਹਰੋਂ ਤਾਂ ਅੱਖੜ ਜਿਹੇ  ਲੱਗਦੇ ਹਨ, ਪਰ ਅੰਦਰੋਂ ਪਾਕ - ਪਵਿੱਤਰ ਹੁੰਦੇ ਹਨ। ਕਈ ਲੋਕ ਵੇਖਣ ਨੂੰ ਬਹੁਤ ਚੰਗੇ ਲੱਗਦੇ ਹਨ, ਉਹ ਸਵੇਰ-ਸ਼ਾਮ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਪਾਠ-ਪੂਜਾ ਵੀ ਕਰਦੇ ਹਨ, ਸਮੇਂ ਸਮੇਂ 'ਤੇ ਧਾਰਮਿਕ  ਸਥਾਨਾਂ ਦੀ ਯਾਤਰਾਵਾਂ ਵੀ ਕਰਦੇ ਹਨ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ, ਪਰ ਸਰਕਾਰੀ ਗ੍ਰਾਂਟਾਂ, ਰਿਸ਼ਵਤਾਂ, ਕਮਿਸ਼ਨ ਖਾਣ, ਸਰਕਾਰੀ ਜਾਇਦਾਦਾਂ ਅਤੇ ਭੋਲੇ ਭਾਲੇ ਲੋਕਾਂ ਦੀਆਂ ਜਮੀਨਾਂ, ਘਰਾਂ ਅਤੇ ਪਲਾਟਾਂ ਉਪਰ ਕਬਜੇ ਕਰਨ ਸਮੇਂ ਨਾ ਤਾਂ ਕਾਨੂੰਨ ਦੀ ਅਤੇ ਨਾ ਹੀ ਰੱਬ ਦੀ ਜਿਸ ਦੇ ਨਾਂ ਦੀ ਮਾਲਾ ਫੇਰਦੇ ਹਨ, ਦੀ ਕੋਈ ਪ੍ਰਵਾਹ ਕਰਦੇ ਹਨ। ਅਸਲ ਵਿਚ ਸਿਆਸੀ ਲੋਕ ਅਤੇ ਸਾਧੂ ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ 'ਰੱਬ' ਇੱਕ ਭਰਮ ਹੈ, ਜਿਸ ਦੇ ਨਾਂ 'ਤੇ ਵਧੀਆ ਸਿਆਸਤ ਚਲਾਈ ਜਾ ਸਕਦੀ ਹੈ ਅਤੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਰੱਬ / ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾ ਕੇ, ਭੜਕਾ ਕੇ  ਸਿਆਸਤ ਕੀਤੀ ਜਾ ਸਕਦੀ ਹੈ। ਅਜਿਹੇ ਲੋਕ ਹਾਥੀ ਦੀ ਨਸਲ ਵਿਚੋਂ  ਹੁੰਦੇ ਹਨ। ਅਜਿਹੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੁੰਦਾ ਹੈ, ਜਿਵੇਂ ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ। ਕਈ  ਲੋਕ ਨਾਸਤਿਕ ਹੁੰਦੇ ਹਨ, ਪਰ ਧੁਰ-ਅੰਦਰੋਂ ਉਹ  ਆਸਤਿਕ ਹੁੰਦੇ ਹਨ, ਉਹ ਝੂਠ ਬੋਲਣ, ਠੱਗੀ ਮਾਰਨ, ਬੇਈਮਾਨੀ ਅਤੇ ਧੋਖਾਧੜੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ, ਕਿਉਂਕਿ ਉਨ੍ਹਾਂ ਨੂੰ 'ਰੱਬ' ਤੋਂ ਨਹੀਂ ਆਪਣੀ ਅੰਦਰੂਨੀ ਆਤਮਾ ਤੋਂ ਡਰ ਲੱਗਦਾ ਹੈ , ਜਿਹੜੀ ਅਕਸਰ ਮਾੜੇ ਕੰਮਾਂ ਤੋਂ ਝੰਜੋੜ ਦੀ  ਰਹਿੰਦੀ ਹੈ। ਨਾਸਤਿਕ ਲੋਕ ਪਾਖੰਡਵਾਦ ਤੋਂ ਮੁਕਤ ਹੁੰਦੇ, ਉਹ ਜਿਵੇਂ ਅੰਦਰੋਂ ਹੁੰਦੇ ਹਨ, ਤਿਵੇਂ ਬਾਹਰੋਂ ਹੁੰਦੇ ਹਨ।ਕਈ ਲੋਕ ਮਾਸ ਨਹੀਂ ਖਾਂਦੇ, ਪਰ ਸਮਾਜ ਨੂੰ ਖਾਂਦੇ ਹੀ ਨਹੀਂ, ਨਿਗਲ ਜਾਂਦੇ ਹਨ , ਕਈ ਲੋਕ ਸ਼ਰਾਬ ਨਹੀਂ ਪੀਂਦੇ, ਪਰ ਉਹ ਮਜਦੂਰਾਂ, ਗਰੀਬਾਂ, ਮਜਲੂਮਾਂ ਅਤੇ ਆਮ ਲੋਕਾਂ ਦਾ ਖੂਨ ਪੀ ਕੇ ਜਿਉਂਦੇ ਹਨ । ਕਈ ਲੋਕ ਜੀਵ ਹੱਤਿਆ ਨਹੀਂ ਕਰਦੇ, ਪਰ ਮਨੁੱਖਤਾ ਦੀ ਹੱਤਿਆ ਕਰਨਾ, ਬੇਦੋਸ਼ਿਆਂ ਨੂੰ ਮਾਰਨਾ ਉਨ੍ਹਾਂ ਦਾ ਸ਼ੌਕ ਹੈ । ਕਈ ਲੋਕ ਜੀਵ-ਜੰਤੂ ਮਾਰਕੇ ਖਾਣ ਨੂੰ ਬਹੁਤ ਬੁਰਾ ਮੰਨਦੇ ਹਨ, ਪਰ ਦੂਜੇ ਲੋਕਾਂ ਦਾ ਹੱਕ ਮਾਰ ਕੇ ਖਾਣਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਦੂਜਿਆਂ ਦੇ ਹੱਕ ਖਾਣਾ, ਉਨ੍ਹਾਂ ਦਾ ਸ਼ੌਕ, ਕਿੱਤਾ ਅਤੇ ਧਰਮ ਹੁੰਦਾ ਹੈ ।  ਕਈ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ਪਰ ਅੰਦਰੋਂ ਜਹਿਰੀ ਨਾਗ ਵਰਗੇ ਹੁੰਦੇ ਹਨ ਜਦ ਕਿ ਕਈ ਲੋਕ ਮੂੰਹ ਤੋਂ ਅੱਤ ਦੇ ਕੌੜੇ ਪਰ ਅੰਦਰੋਂ ਸ਼ਹਿਦ ਵਰਗੇ ਮਿੱਠੇ ਹੁੰਦੇ ਹਨ।

ਕਈ ਚਲਾਕ ਲੋਕ ਖੁਦ ਚੰਗਾ ਬਣਨ ਲਈ ਦੂਜਿਆਂ ਨੂੰ ਬੁਰਾ ਬਣਾਉਣ ਲਈ ਬਦਨਾਮ ਕਰਦੇ ਹਨ, ਪਰ ਉਹ ਇਸ ਗੱਲ ਤੋਂ ਬੇਖਬਰ ਹਨ, ਕਿ ਸਮਾਂ ਆਉਣ 'ਤੇ ਕੁਦਰਤ ਚਲਾਕ ਲੋਕਾਂ ਦਾ ਚਿਹਰਾ ਬੇਨਕਾਬ ਕਰਕੇ ਰੱਖ ਦਿੰਦੀ ਹੈ। 

ਸਮਾਜ ਵਿਚ ਬਹੁਤ ਘੱਟ ਲੋਕ ਅਜਿਹੇ ਹਨ, ਜਿੰਨ੍ਹਾਂ ਦਾ ਅੰਦਰੂਨੀ ਅਤੇ ਬਾਹਰੀ  ਸਰੂਪ ਇਕ ਸਮਾਨ ਹੁੰਦਾ ਹੈ। 

-ਸੁਖਦੇਵ ਸਲੇਮਪੁਰੀ

09780620233

14 ਅਕਤੂਬਰ, 2020