ਵਾਸ਼ਿੰਗਟਨ , ਸਤੰਬਰ 2020 -(ਏਜੰਸੀ)- ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਅਮਰੀਕੀ ਸੰਸਦ ਸਨਮਾਨਿਤ ਕਰੇਗੀ। ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਉਨ੍ਹਾਂ ਦੇ ਨਾਂ 'ਤੇ ਹਿਊਸਟਨ ਵਿਚ ਇਕ ਡਾਕਖਾਨੇ ਦਾ ਨਾਂ ਰੱਖਣ ਸਬੰਧੀ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਹੈ। 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਐਕਟ' ਸੈਨੇਟ ਤੋਂ ਪਾਸ ਹੋਣ ਪਿੱਛੋਂ ਦਸਤਖ਼ਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਲ ਜਾਏਗਾ। 42 ਸਾਲਾਂ ਦੇ ਧਾਲੀਵਾਲ ਦੀ ਡਿਊਟੀ ਦੌਰਾਨ 27 ਸਤੰਬਰ, 2019 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਕਤੂਬਰ 2019 ਵਿਚ ਮਹਿਲਾ ਐੱਮਪੀ ਲਿਜੀ ਫਲੈਚਰ ਦੀ ਅਗਵਾਈ ਵਿਚ ਦੋਵਾਂ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਟੈਕਸਾਸ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਦੇ ਸਨਮਾਨ ਵਿਚ ਇਕ ਬਿੱਲ ਪੇਸ਼ ਕੀਤਾ। ਫਲੈਚਰ ਨੇ ਕਿਹਾ ਕਿ ਧਾਲੀਵਾਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਮੈਂ ਇਸ ਬਿੱਲ ਨੂੰ ਪਾਸ ਕਰਵਾਉਣ ਵਿਚ ਯੋਗਦਾਨ ਦੇਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ। ਜੇਕਰ ਰਾਸ਼ਟਰਪਤੀ ਟਰੰਪ ਇਸ ਬਿੱਲ 'ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਦਾ ਰੂਪ ਦੇ ਦਿੰਦੇ ਹਨ ਤਾਂ ਇਹ ਕਿਸੇ ਵੀ ਭਾਰਤੀ ਮੂਲ ਦੇ ਅਮਰੀਕੀ ਦੇ ਨਾਂ 'ਤੇ ਦੂਜਾ ਡਾਕਖਾਨਾ ਹੋਵੇਗਾ। ਇਸ ਤੋਂ ਪਹਿਲੇ ਸਾਲ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਅਮਰੀਕੀ ਐੱਮਪੀ ਦਲੀਪ ਸਿੰਘ ਦੇ ਨਾਂ 'ਤੇ ਇਕ ਡਾਕਖਾਨੇ ਦਾ ਨਾਂ ਰੱਖਿਆ ਗਿਆ ਸੀ।