You are here

ਹਲਵਾਰਾ ਵਿਖੇ ਪੰਜਾਬੀ ਕਵੀ ਦਰਸ਼ਨ ਖਟਕੜ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਪ੍ਰਧਾਨਗੀ ਡਾ: ਸ ਸ ਜੌਹਲ ਨੇ ਕੀਤੀ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਵੱਲੋਂ ਕਰਵਾਏ ਸਮਾਗਮ ਵਿੱਚ ਅਗਾਂਹਵਧੂ ਪੰਜਾਬੀ ਕਵੀ ਤੇ ਇਨਕਲਾਬੀ ਸੋਚ ਧਾਰਾ ਨੂੰ ਪਰਣਾਏ ਸ਼੍ਰੀ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰਵੀ ਸਾਹਿੱਤ ਪੁਰਸਕਾਰ ਅੱਜ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ: ਸ ਸ ਜੌਹਲ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਨੇ ਕੀਤੀ। ਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਪਾਕਿਸਤਾਨ ਦੇ ਉਰਦੂ ਕਵੀ ਜੌਹਨ ਏਲੀਆ ਦੀ ਉਰਦੂ ਸ਼ਾਇਰੀ ਏਕ ਥਾ ਜੌਹਨ ਏਲੀਆ (ਡਾ: ਜਗਵਿੰਦਰ ਜੋਧਾ ਵੱਲੋਂ ਕੀਤਾ ਗੁਰਮੁਖੀ ਸਰੂਪ) ਸਰਬਜੀਤ ਸੋਹੀ ਆਸਟਰੇਲੀਆ ਦੀ ਪੁਸਤਕ ਵਿਸਰਜਨ ਸੇ ਪਹਿਲੇ ਦਾ ਹਿੰਦੀ ਅਨੁਵਾਦ (ਅਨੁਵਾਦਕ ਸੁਭਾਸ਼ ਨੀਰਵ) ਤੇ ਜਗਦੇ ਹਰਫ਼ਾਂ ਦੀ ਲੋਅ - ਸ਼ਾਹਮੁਖੀ ਰੂਪ (ਲਿਪੀਅੰਤਰ ਆਸਫ਼ ਰਜ਼ਾ) ਵੀ ਡਾ: ਸ ਸ ਜੌਹਲ, ਗੁਰਭਜਨ ਗਿੱਲ, ਦਰਸ਼ਨ ਖਟਕੜ,ਪ੍ਰਿਤਪਾਲ ਕੌਰ ਹਲਵਾਰਵੀ ਨੇ ਲੋਕ ਅਰਪਨ ਕੀਤੀਆਂ ਗਈਆਂ। ਕਾਮਰੇਡ ਰਤਨ ਸਿੰਘ ਟਰੱਸਟ ਹਲਵਾਰਾ ਵੱਲੋਂ ਸਥਾਪਿਤ ਹਰਭਜਨ ਹਲਵਾਰਵੀ ਪੁਰਸਕਾਰ ਡਾ: ਸ ਸ ਜੌਹਲ, ਗੁਰਭਜਨ ਗਿੱਲ, ਪ੍ਰਿਤਪਾਲ ਕੌਰ ਹਲਵਾਰਵੀ, ਡਾ: ਨਵਤੇਜ ਸਿੰਘ ਹਲਵਾਰਵੀ,ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ,ਨਿਰਮਲ ਜੌੜਾ, ਜਗਵਿੰਦਰ ਜੋਧਾ ਤੇ ਜਸਮੇਰ ਸਿੰਘ ਢੱਟ ਨੇ ਭੇਂਟ ਕੀਤਾ। ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਦੋਸ਼ਾਲਾ ਤੇ ਸਨਮਾਨ ਚਿੰਨ੍ਹ ਵੀ ਸ਼ਾਮਿਲ ਹੈ।

ਟਰਸਟ ਦੇ ਮੀਡੀਆ ਸਕੱਤਰ ਡਾ: ਜਗਵਿੰਦਰ ਜੋਧਾ ਨੇ ਦਰਸ਼ਨ ਖਟਕੜ ਦਾ ਸ਼ੋਭਾ ਪੱਤਰ ਪੜ੍ਹਦਿਆਂ ਕਿਹਾ ਕਿ ਦਰਸ਼ਨ ਖਟਕੜ ਦੀਆਂ ਦੋ ਮਹੱਤਵਪੂਰਨ ਕਾਵਿ ਰਚਨਾਵਾਂ ਸੰਗੀ ਸਾਥੀ ਅਤੇ ਉਲਟੇ ਰੁਖ਼ ਪਰਵਾਜ਼ ਕਾਵਿ ਰਚਨਾਵਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਦਰਸ਼ਨ ਖਟਕੜ ਦੇ ਜੀਵਨ ਸੰਘਰਸ਼ , ਰਚਨਾ ਤੇ ਸ਼ਖ਼ਸੀਅਤ ਬਾਰੇ ਉਨ੍ਹਾਂ ਕਿਹਾ ਕਿ ਖਟਕੜ ਨਿਰੰਤਰ ਸੰਘਰਸ਼ਸ਼ੀਲ ਯੋਧਾ ਸਿਰਜਕ ਹੈ ਜੋ ਕਰਮਭੂਮੀ ਵਿੱਚ ਵੀ ਸਰਗਰਮ ਹੈ। ਧੰਨਵਾਦੀ ਸ਼ਬਦ ਬੋਲਦਿਆਂ ਦਰਸ਼ਨ ਖਟਕੜ ਨੇ ਕਿਹਾ ਕਿ ਆਪਣੇ ਸੰਘਰਸ਼ ਸ਼ੀਲ ਸਾਥੀ ਹਲਵਾਰਵੀ ਦੀ ਯਾਦ ਵਿੱਚ ਮਾਣ ਮਿਲਣਾ ਮੇਰੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਆਪਣੇ ਸਿਆਸੀ ਸੰਘਰਸ਼ ਤੇ ਜੀਵਨ ਯਾਤਰਾ ਦੇ ਨਾਲ ਨਾਲ ਕਾਵਿ ਸਿਰਜਣ ਪ੍ਰਕਿਆ ਬਾਰੇ ਵੀ ਦੱਸਿਆ।

ਇਸ ਮੌਕੇ ਬੋਲਦਿਆਂ ਡਾ: ਸ ਸ ਜੌਹਲ ਨੇ ਹਰਭਜਨ ਹਲਵਾਰਵੀ ਨਾਲ ਹੋਈਆਂ ਮੁਲਾਕਾਤਾਂ ਦੇ ਹਵਾਲੇ ਨਾਲ ਕਿਹਾ ਕਿ ਉਹ ਵਿਸ਼ਲੇਸ਼ਣੀ ਅੱਖ ਵਾਲਾ ਸੁਚੇਤ ਸਿਰਜਕ ਤੇ ਸੰਪਾਦਕ ਸੀ। ਉਸ ਦਾ ਜਲਦੀ ਜਾਣਾ ਪੰਜਾਬੀ ਸਾਹਿੱਤ ਸਭਿਆਚਾਰ ਦਾ ਨੁਕਸਾਨ ਸੀ। ਉਸ ਦੀ ਯਾਦ ਵਿੱਚ ਹਰ ਸਾਲ ਸਨਮਾਨ ਸਥਾਪਤ ਕਰਕੇ ਰਤਨ ਸਿੰਘ ਟਰਸਟ ਨੇ ਯਾਦਗਾਰੀ ਕੰਮ ਕੀਤਾ ਹੈ। ਉਨ੍ਹਾਂ ਨਵੇਂ ਖੇਤੀ ਬਿੱਲਾਂ ਦੀ ਰੌਸ਼ਨੀ ਵਿੱਚ ਵੀ ਆਪਣੇ ਬੇਬਾਕ ਵਿਚਾਰ ਦੱਸੇ।ਵਿਸ਼ੇਸ਼ ਮਹਿਮਾਨ ਵਜੋਂ ਹਰਭਜਨ ਹਲਵਾਰਵੀ ਜੀ ਦੀ ਜੀਵਨ ਸਾਥਣ ਪ੍ਰੋ: ਪ੍ਰਿਤਪਾਲ ਕੌਰ ਹਲਵਾਰਵੀ, ਨਿੱਕਾ ਵੀਰ ਡਾ: ਨਵਤੇਜ ਸਿੰਘ ਹਲਵਾਰਵੀ ਤੇ ਗੁਰੂ ਰਾਮ ਦਾਸ ਕਾਲਿਜ ਦੇ ਡਾਇਰੈਕਟਰ ਸ: ਰਣਜੀਤ ਸਿੰਘ ਧਾਲੀਵਾਲ ਸ਼ਾਮਿਲ ਹੋਏ। ਟਰਸਟ ਦੇ ਪ੍ਰਧਾਨ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਅੱਜ ਇਤਿਹਾਸਕ ਦਿਹਾੜਾ ਹੈ ਜਦ ਗਦਰ ਪਾਰਟੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸ਼ਹੀਦ ਸਾਥੀਆਂ ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ,ਸ਼ਹੀਦ ਬਖਸ਼ੀਸ਼ ਸਿੰਘ, ਦੋਵੇਂ ਸ਼ਹੀਦ ਸੁਰੈਣ ਸਿੰਘ(ਵੱਡਾ ਤੇ ਛੋਟਾ)ਤਿੰਨੇ ਹੀ ਪਿੰਡ ਗਿੱਲਵਾਲੀ ਤੋਂ(ਅੰਮ੍ਰਿਤਸਰ)ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ( ਪੂਨਾ) ਤੇ ਸ਼ਹੀਦ ਹਰਨਾਮ ਸਿੰਘ ਪਿੰਡ ਭੱਟੀ ਗੁਰਾਇਆ (ਸਿਆਲ ਕੋਟ )ਦਾ ਸ਼ਹੀਦੀ ਦਿਹਾੜਾ ਵੀ ਹੈ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਚ ਇਹ ਸੱਤ ਸੂਰਮੇ ਲਾਹੌਰ ਜੇਲ੍ਹ ਚ ਫਾਂਸੀ ਚੜ੍ਹੇ ਸਨ। ਇਨ੍ਹਾਂ ਨੂੰ ਇਕੱਠਿਆਂ ਯਾਦ ਕਰਨਾ ਬਣਦਾ ਹੈ।

ਇਸ ਸਮਾਗਮ ਵਿੱਚ ਕਾਮਰੇਡ ਰਤਨ ਸਿੰਘ ਯਾਦਗਾਰੀ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਦਰਸ਼ਨ ਖਟਕੜ, ਗੁਰਭਜਨ ਗਿੱਲ, ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਨਰਿੰਦਰਪਾਲ ਸਿੰਘ ਕੰਗ, ਰਾਜਦੀਪ ਸਿੰਘ ਤੂਰ,ਪ੍ਰਭਜੋਤ ਸਿੰਘ ਸੋਹੀ,ਮਨਦੀਪ ਔਲਖ, ਤੇ ਕੁਮਾਰ ਜਗਦੇਵ ਨੇ ਹਿੱਸਾ ਲਿਆ। ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਹਰਭਜਨ ਹਲਵਾਰਵੀ ਦੀ ਜੀਵਨ ਸਾਥਣ ਪ੍ਰੋ: ਪ੍ਰਿਤਪਾਲ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਟਰਸਟ ਦਾ ਧੰਨਵਾਦ ਕੀਤਾ ਜੋ ਹਰ ਸਾਲ ਇਹ ਸਮਾਗਮ ਰਚਾਉਂਦੇ ਹਨ। ਗੁਰੂ ਰਾਮ ਦਾਸ ਕਾਲਿਜ ਆਫ ਐਜੂਕੇਸ਼ਨ ਹਲਵਾਰਾ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਨੇ ਡਾ: ਸ ਸ ਜੌਹਲ, ਲੇਖਕ ਦੋਸਤਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਮੰਚ ਸੰਚਾਲਨ ਟਰਸਟ ਦੇ ਜਨਰਲ ਸਕੱਤਰ ਡਾ: ਨਿਰਮਲ ਜੌੜਾ ਤੇ ਡਾ: ਜਗਵਿੰਦਰ ਜੋਧਾ ਨੇ ਕੀਤਾ।