You are here

ਜੋ ਬਾਇਡਨ ਪੈਂਸਿਲਵੇਨੀਆ ਤੋਂ ਜਿੱਤੇ , ਬਣਨਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ,  ਟਰੰਪ ਦੀ ਕਰਾਰੀ ਹਾਰ

ਵਾਸ਼ਿੰਗਟਨ,ਨਵੰਬਰ 2020 ( ਏਜੰਸੀ) 

ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਪੈਂਸਿਲਵੇਨੀਆ 'ਚ ਜਿੱਤ ਦਰਜ ਕਰ ਲਈ ਹੈ। ਅਮਰੀਕੀ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਅਨੁਸਾਰ, ਇਸ ਵੱਡੀ ਜਿੱਤ ਦੇ ਨਾਲ ਹੀ ਬਾਇਡਨ ਨੇ 273 ਇਲੈਕਟ੍ਰੋਰਲ ਵੋਟਾਂ ਨਾਲ ਟਰੰਪ ਨੂੰ ਕਰਾਰੀ ਹਾਰ ਦਿੱਤੀ ਹੈ। ਇਸ ਚੋਣ ਦੰਗਲ 'ਚ ਟਰੰਪ ਸਿਰਫ਼ 214 ਵੋਟਾਂ 'ਤੇ ਹੀ ਲਟਕ ਗਏ ਹਨ। ਹੁਣ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਇਸ ਘਟਨਾਕ੍ਰਮ ਦੇ ਨਾਲ ਹੀ ਬਾਇਡਨ ਦੀ ਟਰਾਂਜਿਸ਼ਨ ਟੀਮ ਸੱਤਾ ਤਬਦੀਲੀ ਪ੍ਰਕਿਰਿਆ ਦੇ ਕੰਮ 'ਚ ਜੁਟ ਗਈ ਹੈ। ਹਾਲਾਂਕਿ ਕਈ ਰਾਜਾਂ 'ਚ ਚੌਥੇ ਦਿਨ ਵੀ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਇਸ ਤੋਂ ਸਾਫ਼ ਹੈ ਕਿ ਬਾਇਡਨ ਦੀ ਜਿੱਤ ਹੋਰ ਵੱਡੀ ਹੋਣ ਵਾਲੀ ਹੈ।

ਅਮਰੀਕੀ ਚੋਣਾਂ 'ਚ ਮਿਲੇ ਇਸ ਪ੍ਰਚੰਡ ਬਹੁਮਤ 'ਤੇ 77 ਸਾਲਾ ਬਾਇਡਨ ਨੇ ਟਵੀਟ ਕਰਕੇ ਅਮਰੀਕੀ ਜਨਤਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ਤੁਸੀਂ ਸਾਰਿਆਂ ਨੇ ਸਾਡੇ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਮੈਨੂੰ ਚੁਣਿਆ ਇਸ ਲਈ ਤੁਹਾਡਾ ਸਾਰਿਆਂ ਦਾ ਤਹਿਦਿਲੋਂ ਸ਼ੁਕਰੀਆ। ਸਾਡੇ ਲਈ ਭਵਿੱਖ 'ਚ ਮੁਸ਼ਕਲ ਚੁਣੌਤੀਆਂ ਹਨ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸਾਰੇ ਅਮਰੀਕੀ ਲੋਕਾਂ ਦਾ ਰਾਸ਼ਟਰਪਤੀ ਬਣਾਂਗਾ। ਇਸ ਤੋਂ ਪਹਿਲਾਂ ਬਾਇਡਨ ਨੇ ਰਾਸ਼ਟਰ ਨੂੰ ਦਿੱਤੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਅਸੀਂ ਮਹਾਮਾਰੀ ਨੂੰ ਕੰਟਰੋਲ ਕਰਨ ਦੀ ਆਪਣੀ ਯੋਜਨਾ 'ਤੇ ਕੰਮ ਸ਼ੁਰੂ ਕਰ ਰਹੇ ਹਾਂ।

 

 

ਇਸ ਘਟਨਾਕ੍ਰਮ ਤੋਂ ਪਹਿਲਾਂ ਬਾਇਡਨ 253 ਇਲੈਕਟੋਰਲ ਵੋਟਾਂ ਦੇ ਨਾਲ ਜੱਦੋਜਹਿਦ ਕਰ ਰਹੇ ਸਨ। ਪੈਂਸਿਲਵੇਨੀਆ 'ਚ ਵੋਟਾਂ ਦੀ ਗਿਣਤੀ ਜਾਰੀ ਸੀ, ਜਿੱਥੇ 20 ਇਲੈਕਟੋਰਲ ਵੋਟ ਸਨ। ਗਿਣਤੀ ਪੂਰੀ ਹੋਣ ਦੇ ਨਾਲ ਹੀ ਬਾਇਡਨ ਦੇ ਖਾਤੇ 'ਚ ਪੈਂਸਿਲਵੇਨਆ ਦੇ 20 ਇਲੈਕਟੋਰਲ ਵੋਟ ਜੁੜ ਗਏ ਜਿਸ ਦੇ ਨਾਲ ਉਨ੍ਹਾਂ ਨੂੰ ਬਹੁਮਤ ਤੋਂ ਜ਼ਿਆਦਾ 273 ਇਲੈਕਟੋਰਲ ਵੋਟਾਂ ਮਿਲ ਗਈਆਂ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਡੋਨਾਲਡ ਟਰੰਪ ਨੂੰ ਹਰਾ ਦਿੱਤਾ। ਰਹੀ ਗੱਲ ਜਾਰਜੀਆ ਦੀ ਤਾਂ ਇੱਥੇ 16 ਇਲੈਕਟੋਰਲ ਵੋਟ ਹਨ ਅਤੇ 99 ਫ਼ੀਸਦੀ ਗਿਣਤੀ ਪੂਰੀ ਹੋ ਚੁੱਕੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਵੀ ਬਾਇਡਨ ਚਾਰ ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਅੱਗੇ ਹਨ।

ਇਹੀ ਨਹੀਂ, ਨੇਵਾਦਾ 'ਚ 06 ਇਲੈਕਟੋਰਲ ਵੋਟ ਅਤੇ ਇੱਥੇ ਵੀ 87 ਫ਼ੀਸਦੀ ਗਿਣਤੀ ਪੂਰੀ ਹੋ ਗਈ। ਰਿਪੋਰਟਾਂ ਅਨੁਸਾਰ, ਇੱਥੇ ਵੀ ਬਾਇਡਨ 22 ਹਜ਼ਾਰ ਵੋਟਾ ਦੇ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਹਨ। ਐਰੀਜੋਨਾ 'ਚ 11 ਇਲੈਕਟੋਰਲ ਵੋਟ ਹਨ ਅਤੇ ਇੱਥੇ ਵੀ 90 ਫ਼ੀਸਦੀ ਗਿਣਤੀ ਪੂਰੀ ਹੋ ਚੁੱਕੀ ਹੈ। ਬਾਇਡਨ ਦੇ ਪੱਖ 'ਚ ਚੰਗੀ ਗੱਲ ਇਹ ਹੈ ਕਿ ਇੱਥੇ ਵੀ 229 ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਅਲਾਸਕਾ 'ਚ 03 ਇਲੈਕਟੋਰਲ ਵੋਟ ਹਨ ਅਤੇ ਗਿਣਤੀ ਦਾ ਕੰਮ 50 ਫ਼ੀਸਦੀ ਪੂਰਾ ਹੋ ਚੁੱਕਿਆ ਹੈ ਪਰ ਬਾਇਡਨ ਇੱਥੇ ਵੀ 54 ਹਜ਼ਾਰ ਵੋਟਾਂ ਨਾਲ ਟਰੰਪ ਤੋਂ ਅੱਗੇ ਵਾਧਾ ਬਣਾਏ ਹੋਏ ਹਨ। ਇਨ੍ਹਾਂ ਰਾਜਾਂ 'ਚ ਜੇਕਰ ਨਤੀਜੇ ਬਾਇਡਨ ਦੇ ਪੱਖ 'ਚ ਆਏ ਤਾਂ ਇਹ ਉਨ੍ਹਾਂ ਦੀ ਇਤਿਹਾਸਕ ਜਿੱਤ ਹੋਵੇਗਾ।