ਲੋਨ ਦੀਆਂ ਅਰਜ਼ੀਆਂ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
ਨਵੀਂ ਦਿੱਲੀ, ਅਗਸਤ 2019 - ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ ਏਜੰਡੇ 'ਚ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਆਰਥਿਕਤਾ 'ਚ ਸੁਧਾਰਾਂ ਦੀ ਪ੍ਰਕਿਰਿਆ ਚੱਲ ਰਹੀ ਹੈ, ਇਸ ਦੀ ਰਫ਼ਤਾਰ ਰੁਕੀ ਨਹੀਂ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਸੀਤਾਰਮਨ ਨੇ ਦੱਸਿਆ ਕਿ ਚੀਨ, ਅਮਰੀਕਾ, ਜਰਮਨੀ, ਯੂ.ਕੇ, ਫਰਾਂਸ ਕੈਨੇਡਾ, ਇਟਲੀ ਜਪਾਨ ਵਰਗੇ ਦੇਸ਼ਾਂ ਤੋਂ ਭਾਰਤ ਦੀ ਆਰਥਿਕ ਵਿਕਾਸ ਦਰ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਅਮਰੀਕਾ-ਚੀਨ ਵਪਾਰ ਯੁੱਧ ਅਤੇ ਕਰੰਸੀ ਦੇ ਨਿਘਾਰ ਕਾਰਨ ਵਿਸ਼ਵ ਵਿਆਪੀ ਵਪਾਰ 'ਚ ਉਤਰਾਅ-ਚੜ੍ਹਾਅ ਵਾਲੀ ਸਥਿਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਘਰਾਂ, ਆਟੋ ਅਤੇ ਹੋਰ ਕਰਜ਼ਿਆਂ 'ਤੇ ਈ.ਐਮ.ਆਈ ਘਟਾਈ ਜਾਵੇਗੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਰ.ਬੀ.ਆਈ. ਵੱਲੋਂ ਵਿਆਜ ਦੀਆਂ ਦਰਾਂ 'ਚ ਕਟੌਤੀ ਦਾ ਪੂਰਾ ਫ਼ਾਇਦਾ ਗ੍ਰਾਹਕਾਂ ਨੂੰ ਦੇਣ 'ਤੇ ਬੈਂਕ ਸਹਿਮਤ ਹੋ ਗਏ ਹਨ। ਰੈਪੋ ਰੇਟ 'ਚ ਕਟੌਤੀ ਦੇ ਮੁਤਾਬਿਕ ਐਮ.ਸੀ.ਐਲ.ਆਰ 'ਚ ਵੀ ਕਟੌਤੀ ਹੋਵੇਗੀ। ਸਰਕਾਰੀ ਬੈਂਕਾਂ ਨੂੰ ਲੋਨ ਪੂਰਾ ਹੋਣ 'ਤੇ 15 ਦਿਨਾਂ ਦੇ ਅੰਦਰ ਦਸਤਾਵੇਜ਼ ਗ੍ਰਾਹਕਾਂ ਨੂੰ ਦੇਣੇ ਪੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਤਰ੍ਹਾਂ ਦੀਆਂ ਲੋਨ ਅਰਜ਼ੀਆਂ ਆਨਲਾਈਨ ਹੋਣਗੀਆਂ ਅਤੇ ਆਨਲਾਈਨ ਹੀ ਅਰਜ਼ੀਆਂ 'ਤੇ ਨਜ਼ਰ ਰੱਖੀ ਜਾਵੇਗੀ।
ਕੁਸ ਗੱਲਾਂ ਦਾ ਓਹਨਾ ਵਿਸੇਸ ਜਿਕਰ ਕੀਤਾ
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ -
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ-
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ-
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ-
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ-
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ-
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ-
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ-
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ-
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ-
ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋਏ ਹਨ-
ਚੀਨ-ਅਮਰੀਕਾ 'ਟਰੇਡ ਵਾਰ' ਕਾਰਨ ਮੰਦੀ ਦਾ ਸੰਕਟ ਵਧਿਆ-
ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ-
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ-
ਮੂਡੀਜ਼ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ