You are here

ਅਗਵਾ ਕੀਤੇ ਪਿੰਡ ਮਲਕ ਦੇ ਅਨਮੋਲਪ੍ਰੀਤ ਦੀ ਲਾਸ਼ ਤੀਸਰੇ ਦਿਨ ਅਖਾੜਾ ਨਹਿਰ ਦੇ ਪੁਲ ਡੱਲਾ ਤੋਂ ਬਰਾਮਦ

ਕਾਤਲ ਗੁਆਂਢੀ ਹੀ ਨਿਕਲਿਆ, ਪਹਿਲੇ ਦਿਨ ਹੀ ਨਹਿਰ 'ਚ ਸੁੱਟ ਕੇ ਕੀਤਾ ਸੀ ਕਤਲ

ਜਗਰਾਓਂ, ਜੁਲਾਈ 2019-(ਸਤਪਾਲ ਦੇਹਰਕਾਂ/ਮਨਜਿੰਦਰ ਗਿੱਲ)- ਐਤਵਾਰ 30 ਜੂਨ ਦੀ ਸ਼ਾਮ ਨੂੰ ਪਿੰਡ ਮਲਕ ਤੋਂ ਅਗਵਾ ਕੀਤੇ ਗਏ 14 ਸਾਲ ਦੇ ਸੱਤਵੀਂ ਕਲਾਸ ਵਿਚ ਪੜ੍ਹਦੇ ਲੜਕੇ ਅਨਮੋਲਪ੍ਰੀਤ ਸਿੰਘ ਦਾ ਕਤਲ ਕਰ ਦਿਤਾ ਗਿਆ। ਉਸਦੀ ਲਾਸ਼  ਅਖਾੜਾ ਨਹਿਰ ਦੇ ਪੁਲ ਡੱਲਾ ਦੇ ਨਜ਼ਦੀਕ ਤੋਂ ਮਿਲੀ। ਪੁਲਿਸ ਨੇ ਕਾਤਲ ਨੂੰ ਗਿਰਫਤਾਰ ਕਰ ਲਿਆ। ਇਸ ਸੰਬਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦੇ ਹੀ ਅਤੇ ਅਨਮੋਲਪ੍ਰੀਤ ਦੇ ਗੁਆਂਢੀ ਬਲਵੀਰ ਸਿੰਘ ਉਰਫ ਗੈਰੀ ਨੇ ਐਤਵਾਰ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਅਨਮੋਲਪ੍ਰੀਤ ਨੂੰ ਉਸਦੇ ਘਰ ਦੇ ਨਜਦੀਕ ਧਰਮਸ਼ਾਲਾ ਵਿਚ ਖੇਡਦੇ ਸਮੇਂ ਆਪਣੇ ਨਾਲ ਲੈ ਗਿਆ ਸੀ ਅਤੇ ਬਾਅਦ ਵਿਚ ਪਿੰਡ ਦੇ ਹੀ ਇਕ ਕੈਫੇ ਤੇ ਉਤਾਰ ਕੇ ਆਪ ਚਲਿਆ ਗਿਆ। ਪਿੰਡ ਦੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ਵਿਚ ਧੂਲ ਝੋਂਕਣ ਦੇ ਇਰਾਦੇ ਨਾਲ ਬਲਵੀਰ ਨੇ ਕੈਫੇ ਦੇ ਮਾਲਕ ਨੂੰ ਫੋਨ ਕਰਕੇ ਪੁੱਛਿਆ ਕਿ ਇਥੇ ਤੇਰੇ ਪਾਸ ਅਨਮੋਲਪ੍ਰੀਤ ਬੈਠਾ ਹੈ ਉਸਨੂੰ ਕਹਿ ਦਿਓ ਕਿ ਉਹ ਆਪਣੇ ਘਰ ਚੱਲਿਆ ਜਾਵੇ ਮੈਂ ਬਾਅਦ ਵਿਚ ਆਵਾਂਗਾ ਅਤੇ ਅਗਲੇ ਹੀ ਪਲ ਉਸਨੇ ਚਲਾਕੀ ਨਾਲ ਕੈਫੇ ਮਾਲਕ ਨੂੰ ਇਹ ਕਹਿ ਦਿਤਾ ਕਿ ਮੇਰੇ ਨਾਲ ਅਨਮੋਲਪ੍ਰੀਤ ਦੀ ਗੱਲ ਹੀ ਕਰਵਾ ਦੇ। ਉਸਨੇ ਅਨਮੋਲ ਨੂੰ ਦੁਕਾਨ ਤੋਂ ਬਾਹਰ ਥੋੜਾ ਅੱਗੇ ਆ ਕੇ ਖੜ੍ਹ ਲਈ ਕਹਿ ਦਿਤਾ ਅਤੇ ਬਾਹਰ ਖੜੇ ਅਨਮੋਲਪ੍ਰੀਤ ਨੂੰ ਉਹ ਕਾਰ ਵਿਚ ਬਿਠਾ ਕੇ ਆਪਣੇ ਨਾਲ ਲੈ ਗਿਆ। ਜਿਸਦੀ ਸੀਸੀ ਟੀ ਵੀ ਕੈਮਰੇ ਵਿਚ ਫੁਟੇਜ ਵੀ ਪੁਲਿਸ ਨੇ ਬਰਾਮਦ ਕੀਤੀ। ਜਦੋਂ ਉਹ ਉਥੋਂ ਚਲਾ ਗਿਆ ਤਾਂ ਸ਼ਾਤਰ ਬਲਵੀਰ ਸਿੰਘ ਨੇ ਸੋਫਟਵੇਅਰ ਰਾਹੀਂ ਇਕ ਮੈਸੇਜ ਅਨਮੋਲਪ੍ਰੀਤ ਦੇ ਦੋਸਤ ਦੇ ਫੋਨ ਤੇ ਕਰ ਦਿਤਾ ਕਿ ਅਨਮੋਲਪ੍ਰੀਤ ਦੇ ਬਦਲੇ 20 ਲੱਖ ਰੁਪਏ ਦਿਓ ਅਤੇ ਜੇਕਰ ਇਹ ਗੱਲ ਬਾਹਰ ਕੀਤੀ ਜਾਂ ਪੁਲਿਸ ਦੇ ਪਾਸ ਗਏ ਤਾਂ ਅਨਮੋਲਪ੍ਰੀਤ ਦਾ ਕਤਲ ਕਰ ਦਿਤਾ ਜਾਵੇਗਾ। ਇਹ ਸੋਫਟਵੇਅਰ ਅਕਸਰ ਸਮਗਲਰ ਅਤੇ ਕ੍ਰਿਮਿਨਲ ਲੋਕ ਵਰਤਦੇ ਹਨ ਕਿਉਂਕਿ ਇਸ ਵਿਚ ਫੋਨ ਕਰਨ ਤੇ ਯੂ ਐਸ ਏ ਦਾ ਨੰਬਰ ਆ ਜਾਂਦਾ ਹੈ। ਮੈਸੇਜ ਕਰਨ ਤੋਂ ਬਾਅਦ ਬਲਵੀਰ ਸਿੰਘ ਨੇ ਉਹ ਸੋਫਟਵੇਅਰ ਡਲੀਟ ਕਰ ਦਿਤਾ। ਜਦੋਂ ਪਿੰਡ ਵਿਚ ਰੌਲਾ ਪੈ ਗਿਆ ਤਾਂ ਪਿੰਡ ਦੇ ਲੋਕ ਬਲਵੀਰ ਸਿੰਘ ਨੂੰ ਫੋਨ ਕਰਕੇ ਅਨਮੋਲਪ੍ਰੀਤ ਸੰਬਧੀ ਪੁੱਛਣ ਲੱਗੇ ਅਤੇ ਉਸਦੇ ਘਰ ਵੀ ਜਾਣ ਲੱਗੇ। ਉਸ ਸਮੇਂ ਬਲਵੀਰ ਘਰ ਵਿੱਚ ਮੌਜੂਦ ਨਹੀਂ ਸੀ। ਬਲਵੀਰ ਦੇ ਪਰਿਵਾਰ ਨੇ ਉਸਨੂੰ ਫੋਨ ਕਰਕੇ ਫੌਰਨ ਘਰ ਆਉਣ ਲਈ ਕਿਹਾ ਤਾਂ ਬਲਵੀਰ ਨੇ ਪਹਿਲਾਂ ਮਾਸੂਮ ਅਨਮੋਲਪ੍ਰੀਤ ਨੂੰ ਅਖਾੜਾ ਨਹਿਰ ਦੇ ਪੁਲ ਤੇ ਲਿਜਾ ਕੇ ਨਹਿਰ ਵਿਚ ਧੱਕਾ ਦੇ ਦਿਤਾ ਅਤੇ ਆਪ ਪਿੰਡ ਆ ਗਿਆ। ਪਿੰਡ ਆ ਕੇ ਉਹ ਖੁਦ ਵੀ ਪੁਲਿਸ ਨੂੰ ਅਨਮੋਲਪ੍ਰੀਤ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਅਨਮੋਲਪ੍ਰੀਤ ਦੇ ਪਰਿਵਾਰ ਦੇ ਨਾਲ ਗਿਆ ਤਾਂ ਕਿ ਉਸ ਉੱਪਰ ਕੋਈ ਸ਼ੱਕ ਨਾ ਕਰੇ। ਪੁਲਿਸ ਨੇ ਐਤਵਾਰ ਰਾਤ ਨੂੰ ਹੀ ਬਲਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਸ਼ਾਤਰ ਦਿਮਾਗ ਬਲਵੀਰ ਪੁਲਿਸ ਨੂੰ ਵਾਰ -ਵਾਰ ਗੁਮੰਰਾਹ ਕਰਦਾ ਰਿਹਾ ਅਤੇ ਸੋਮਵਾਰ ਤੱਕ ਉਹ ਪੁਲਿਸ ਨੂੰ ਪਿੰਡ ਅਖਾੜਾ ਅਤੇ ਉਸਦੇ ਆਸ-ਪਾਸ ਮੋਟਰਾਂ ਤੇ ਘੁਮਾਈ ਫਿਰਦਾ ਰਿਹਾ। ਇਸ ਸਮੇਂ ਦੌਰਾਨ ਪੁਲਿਸ ਨੇ ਜਿਸ ਫੋਨ ਤੋਂ ਮੈਸੇਜ ਕੀਤਾ ਸੀ ਉਹ ਸਾਇਬਰ ਕ੍ਰਾਇਮ ਸੈਲ ਤੋਂ ਟਰੇਸ ਕਰਵਾ ਲਿਆ। ਜੋ ਕਿ ਬਲਵੀਰ ਦਾ ਹੀ ਨਿਕਲਿਆ। ਇਹ ਖੁਲਾਸਾ ਸਾਹਮਣੇ ਆਉਣ ਤੇ ਬਲਵੀਰ ਨੇ ਆਪਣਾ ਜੁਰਮ ਪੁਲਿਸ ਅੱਗੇ ਕਬੂਲ ਕਰਕੇ ਦੱਸ ਦਿਤਾ ਕਿ ਉਸਨੇ ਅਖਾੜਾ ਨਹਿਰ ਵਿਚ ਅਨਮੋਲ ਨੂੰ ਸੁੱਟ ਕੇ ਮਾਰ ਦਿਤਾ ਹੈ। ਅੱਜ ਪੁਲਿਸ ਨੇ ਅਨਮੋਲ ਦੀ ਲਾਸ਼ ਨੂੰ ਅਖਾੜਾ ਨਹਿਰ ਦੇ ਪਿੰਡ ਡੱਲਾ ਵਾਲੇ ਪੁਲ ਤੋਂ ਬਰਾਂਮਦ ਕਰ ਲਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਸੇ ਸਪੁਰਦ ਕਰ ਦਿਤੀ ਅਤੇ ਦੇਰ ਸ਼ਾਮ ਅਨਮੋਲਪ੍ਰੀਤ ਦਾ ਅੰਤਿਮ ਸੰਸਕਾਰ ਹਜ਼ਾਰ ਲੋਕਾਂ ਦੀ ਹਾਜਰੀ ਵਿੱਚ ਕਰ ਦਿਤਾ ਗਿਆ।ਜਿਸ ਵਿਚ ਇਲਾਕਾ ਭਰ ਤੋਂ ਮੋਹਤਬਰ ਵਿਅਕਤੀਆਂ ਪਿੰਡ ਅਤੇ ਇਲਾਕਾ ਵਸਿਆ ਨੇ ਸੇਜਲ ਅੱਖਾਂ ਨਾ ਅਨਮੋਲਪ੍ਰੀਤ ਨੂੰ ਆਖਰੀ ਵਦਾਇਗੀ ਦਿਤੀ। ਦੋਸ਼ੀ ਬਲਵੀਰ ਸਿੰਘ ਉਰਫ ਗੈਰੀ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ।ਹੋਰ ਜਾਣਕਾਰੀ ਲਈ ਪੁਲਿਸ ਦੀ ਪ੍ਰਿਸ ਕਾਨਫਰੰਸ ਦੀ ਉਡੀਕ ਕੀਤੀ ਜਾ ਰਹੀ ਹੈ।