ਨਵੀਂ ਦਿੱਲੀ, ਅਗਸਤ 2019- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਮਨਸੂਖ਼ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਸਦ ਦੇ ਦੋਵੇਂ ਸਦਨਾਂ ’ਚ ਇਸ ਬਾਬਤ ਮਤਾ ਪਾਸ ਹੋਣ ਮਗਰੋਂ ਰਾਸ਼ਟਰਪਤੀ ਨੇ ਇਹ ਫ਼ੈਸਲਾ ਲਿਆ ਹੈ। ਅਧਿਕਾਰਤ ਨੋਟਿਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਸੰਸਦ ਦੀ ਸਿਫ਼ਾਰਿਸ਼ ’ਤੇ ਐਲਾਨ ਕਰਦੇ ਹਨ ਕਿ 6 ਅਸਗਤ 2019 ਤੋਂ ਧਾਰਾ 370 ਦੀ ਉਪ ਧਾਰਾ 1 ਨੂੰ ਛੱਡ ਕੇ ਬਾਕੀ ਸਾਰੀਆਂ ਉਪ ਧਾਰਾਵਾਂ ਲਾਗੂ ਨਹੀਂ ਹੋਣਗੀਆਂ। ਇਸ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਦੇ ਸਮੇਂ ਸਮੇਂ ’ਤੇ ਸੋਧੇ ਗਏ ਸਾਰੇ ਪ੍ਰਾਵਧਾਨ ਜੰਮੂ ਕਸ਼ਮੀਰ ਸੂਬੇ ’ਤੇ ਲਾਗੂ ਹੋਣਗੇ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਸੋਮਵਾਰ ਨੂੰ ਧਾਰਾ 370 ਨੂੰ ਮਨਸੂਖ਼ ਕਰਨ ਅਤੇ ਜੰਮੂ ਕਸ਼ਮੀਰ ਤੇ ਲੱਦਾਖ਼ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਦਾ ਮਤਾ ਪੇਸ਼ ਕੀਤਾ ਸੀ। ਉਸੇ ਦਿਨ ਰਾਜ ਸਭਾ ’ਚ ਇਹ ਮਤਾ ਪਾਸ ਹੋ ਗਿਆ ਸੀ ਜਦਕਿ ਲੋਕ ਸਭਾ ਨੇ ਇਸ ਨੂੰ ਮੰਗਲਵਾਰ ਨੂੰ ਪ੍ਰਵਾਨਗੀ ਦਿੱਤੀ ਸੀ।