You are here

ਕਸ਼ਮੀਰ ’ਚ ਸਿਆਸੀ ਆਗੂਆਂ ਸਣੇ ਸੌ ਤੋਂ ਵੱਧ ਗ੍ਰਿਫ਼ਤਾਰ

ਜੰਮੂ,ਅਗਸਤ 2019-  ਕਸ਼ਮੀਰ ਵਿੱਚ ਪਿਛਲੇ ਦੋ ਦਿਨਾਂ ਤੋਂ ਆਇਦ ਪਾਬੰਦੀਆਂ ਦਰਮਿਆਨ ਸੁਰੱਖਿਆ ਏਜੰਸੀਆਂ ਨੇ ਅੱਜ ਵਾਦੀ ਵਿੱਚ ਅਮਨ ਲਈ ਵੱਡਾ ਖ਼ਤਰਾ ਦਸਦਿਆਂ ਸੌ ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂ ਤੇ ਕਾਰਕੁਨ ਵੀ ਸ਼ਾਮਲ ਹਨ। ਇਸ ਦੌਰਾਨ ਸਾਬਕਾ ਆਈਏਐੱਸ ਅਧਿਕਾਰੀ ਤੇ ਸਿਆਸਤਦਾਨ ਸ਼ਾਹ ਫ਼ੈਸਲ ਨੇ ਕਿਹਾ ਕਿ ਕਸ਼ਮੀਰ ‘ਬੇਮਿਸਾਲ’ ਤਾਲਾਬੰਦੀ ’ਚੋਂ ਲੰਘ ਰਿਹਾ ਹੈ ਤੇ ਪਹਿਲੀ ਵਾਰ ਹੈ ਜਦੋਂ ਵਾਦੀ ਦੀ ਅੱਸੀ ਲੱਖ ਦੀ ਆਬਾਦੀ ‘ਕੈਦ’ ਵਿੱਚ ਹੈ। ਫੈਸਲ ਨੇ ਕਿਹਾ ਕਿ ਹਾਲ ਦੀ ਘੜੀ ਵਾਦੀ ਵਿੱਚ ਖੁਰਾਕ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੋਈ ਥੁੜ੍ਹ ਨਹੀਂ ਹੈ। ਉਧਰ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਰਾਜ ਭਵਨ ਵਿੱਚ ਮੀਟਿੰਗ ਕਰਕੇ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਤੇ ਤਸੱਲੀ ਜ਼ਾਹਿਰ ਕੀਤੀ।

ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਵਾਦੀ ਵਿੱਚ ਹੁਣ ਤਕ ਸੌ ਤੋਂ ਵੱਧ ਸਿਆਸੀ ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।’ ਅਧਿਕਾਰੀ ਨੇ ਹਾਲਾਂਕਿ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ। ਐਤਵਾਰ ਰਾਤ ਤੋਂ ਘਰਾਂ ਵਿੱਚ ਨਜ਼ਰਬੰਦ ਕੀਤੇ ਸੂਬੇ ਦੇ ਸਾਬਕ ਮੁੱਖ ਮੰਤਰੀਆਂ ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲਾ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜੰਮੂ ਤੇ ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਆਗੂ ਸੱਜਾਦ ਲੋਨ ਤੇ ਇਮਰਾਨ ਅਨਸਾਰੀ ਵੀ ਪੁਲੀਸ ਦੀ ਗ੍ਰਿਫ਼ਤ ਵਿੱਚ ਹਨ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫਤਾਰੀਆਂ ਸਬੰਧੀ ਹੁਕਮ ਸਬੰਧਤ ਮੈਜਿਸਟਰੇਟਾਂ ਵੱਲੋਂ ਜਾਰੀ ਕੀਤੇ ਗਏ ਹਨ।
ਜੰਮੂ ਤੇ ਕਸ਼ਮੀਰ ਪੀਪਲਜ਼ ਮੂਵਮੈਂਟ ਪਾਰਟੀ ਦੇ ਪ੍ਰਧਾਨ ਸ਼ਾਹ ਫ਼ੈਸਲ ਨੇ ਕਿਹਾ, ‘ਕਸ਼ਮੀਰ ਬੇਮਿਸਾਲ ਤਾਲਾਬੰਦੀ ’ਚੋਂ ਲੰਘ ਰਿਹੈ। ਜ਼ੀਰੋ ਪੁਲ ਤੋਂ ਹਵਾਈ ਅੱਡੇ ਤਕ ਵਾਹਨਾਂ ਦੀ ਥੋੜ੍ਹੀ ਬਹੁਤੀ ਆਵਾਜਾਈ ਨਜ਼ਰ ਆਉਂਦੀ ਹੈ। ਜਦੋਂਕਿ ਹੋਰ ਥਾਵਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹਨ। ਮਰੀਜ਼ ਜਾਂ ਹੋਰ ਜਿਨ੍ਹਾਂ ਕੋਲ ਕਰਫਿਊ ਪਾਸ ਹਨ, ਉਨ੍ਹਾਂ ਨੂੰ ਹੀ ਆਉਣ ਜਾਣ ਦੀ ਖੁੱਲ੍ਹ ਹੈ।’ ਫੈਸਲ ਨੇ ਇਕ ਫੇਸਬੁੱਕ ਪੋਸਟ ’ਚ ਕਿਹਾ, ‘ਧਾਰਾ 370 ਸਮੇਤ ਲੋਕਾਂ ਨਾਲ ਹੋਰਨਾਂ ਮੁੱਦਿਆਂ ’ਤੇ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਸੂਬੇ ਦਾ ਦਰਜਾ ਖੋਹੇ ਜਾਣ ਨਾਲ ਧੁਰ ਅੰਦਰ ਤਕ ਸੱਟ ਲੱਗੀ ਹੈ। ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਪਿਛਲੇ 70 ਸਾਲਾਂ ਵਿਚ ਕੀਤੇ ਸਭ ਤੋਂ ਵੱਡੇ ਵਿਸਾਹਘਾਤ ਵਜੋਂ ਵੇਖਿਆ ਜਾ ਰਿਹਾ ਹੈ।’ ਫੈਸਲ ਨੇ ਕਿਹਾ ਕਿ ਕੁਝ ਆਗੂ ਜਿਹੜੇ ਹਿਰਾਸਤ ’ਚੋਂ ਭੱਜਣ ਵਿੱਚ ਸਫ਼ਲ ਰਹੇ ਹਨ, ਨੇ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਸਾਬਕਾ ਨੌਕਰਸ਼ਾਹ ਨੇ ਕਿਹਾ, ‘ਮੇਰੀ ਵੀ ਇਹੀ ਅਪੀਲ ਹੈ ਸਲਾਮਤ ਰਹੋ, ਤੇ ਮਗਰੋਂ ਅਸੀਂ ਇਸ ਦਾ ਟਾਕਰਾ ਕਰਾਂਗੇ।’ ਫੈਸਲ ਮੁਤਾਬਕ ਵਾਦੀ ਵਿੱਚ ਤਾਇਨਾਤ ਸਲਾਮਤੀ ਦਸਤਿਆਂ ਦਾ ਰਵੱਈਆ ‘ਸਿਰੇ ਦਾ ਕੁਰੱਖ਼ਤ’ ਹੈ ਤੇ ਜੰਮੂ ਤੇ ਕਸ਼ਮੀਰ ਪੁਲੀਸ ਨੂੰ ‘ਪੂਰੀ ਤਰ੍ਹਾਂ ਖੁੱਡੇ ਲਾਇਆ’ ਹੋਇਆ ਹੈ। ਫੈਸਲ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕਸ਼ਮੀਰ ਦੀ ਯਾਤਰਾ ਕਰਨ ਤੋਂ ਹਾਲ ਦੀ ਘੜੀ ਟਾਲਾ ਵਟਣ।