ਲੁਧਿਆਣਾ, ਅਗਸਤ 2019-(manjider gill)- ਸਨਅਤੀ ਸ਼ਹਿਰ ਦੇ ਬਾਜਵਾ ਨਗਰ ਪੁਲੀ ਕੋਲ ਸੇਖੇਵਾਲ ਰੋਡ ’ਤੇ ਅੱਜ ਸਵੇਰੇ ਚਾਰ ਮੰਜ਼ਿਲਾ ਤ੍ਰਿਮੂਰਤੀ ਹੌਜ਼ਰੀ ਫੈਕਟਰੀ ਦੀ ਤੀਸਰੀ ਮੰਜ਼ਿਲ ’ਤੇ ਭਿਆਨਕ ਅੱਗ ਲੱਗ ਗਈ। ਇਹ ਅੱਗ ਜਨਰੇਟਰ ਬੰਦ ਕਰਦੇ ਸਮੇਂ ਨਿੱਕਲੀ ਚੰਗਿਆੜੀ ਨਾਲ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਨ ਪੂਰੀ ਫੈਕਟਰੀ ’ਚ ਅੱਗ ਲੱਗ ਗਈ। ਉਸ ਸਮੇਂ ਕੁਝ ਲੋਕ ਕੰਮ ਕਰ ਰਹੇ ਸਨ। ਫੈਕਟਰੀ ਵਾਲਿਆਂ ਤੇ ਹੋਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸੇ ਦੌਰਾਨ ਸ਼ਹਿਰ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਈਆਂ ਗਈਆਂ। ਫੈਕਟਰੀ ਵਿੱਚ ਫਾਇਰ ਵਿਭਾਗ ਨੇ 70 ਤੋਂ ਉਪਰ ਗੱਡੀਆਂ ਦਾ ਪਾਣੀ ਪਾਇਆ ਤੇ ਕਰੀਬ 8 ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਫੈਕਟਰੀ ’ਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਫੈਕਟਰੀ ਮਾਲਕ ਪ੍ਰਸ਼ਾਂਤ ਕੁਮਾਰ ਅਨੁਸਾਰ ਫੈਕਟਰੀ ’ਚ ਜੈਕੇਟਾਂ ਬਣਦੀਆਂ ਹਨ ਜਿਸ ਕਾਰਨ ਧਾਗਾ ਤੇ ਕੱਪੜਾ ਵੱਡੀ ਮਾਤਰਾ ਵਿਚ ਪਿਆ ਸੀ। ਫੈਕਟਰੀ ਦੀ ਤੀਸਰੀ ਮੰਜ਼ਿਲ ’ਤੇ ਕੱਚਾ ਮਾਲ ਤੇ ਹੋਰ ਮਾਲ ਰੱਖਿਆ ਜਾਂਦਾ ਹੈ। ਸਵੇਰੇ ਨੌਂ ਵਜੇ ਦੇ ਕਰੀਬ ਲਾਈਟ ਜਾਣ ਤੋਂ ਬਾਅਦ ਜੈੱਨਰੇਟਰ ਚਲਾਇਆ ਤੇ ਲਾਈਟ ਆਉਣ ’ਤੇ ਬੰਦ ਕੀਤਾ। ਇਸ ਦੌਰਾਨ ਕੋਈ ਤਾਰ ਸਪਾਰਕ ਕਰ ਗਈ ਤੇ ਉਥੋਂ ਨਿਕਲੀ ਚੰਗਿਆੜੀ ਨਾਲ ਗੁਦਾਮ ’ਚ ਅੱਗ ਲੱਗ ਗਈ। ਚਸ਼ਮਦੀਦਾਂ ਅਨੁਸਾਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਉਪਰਲੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ, ਕੰਧਾਂ ਵਿਚ ਦਰਾੜਾਂ ਆ ਗਈਆਂ। ਫਾਇਰ ਅਫ਼ਸਰ ਸ੍ਰਿਸ਼ਟੀਨਾਥ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 70 ਤੋਂ ਉਪਰ ਗੱਡੀਆਂ ਦਾ ਪਾਣੀ ਪਾਇਆ ਗਿਆ ਹੈ ਜਿਨ੍ਹਾਂ ਨੇ ਕਰੀਬ 8 ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ।