ਚੰਡੀਗੜ੍ਹ, ਅਗਸਤ 2019- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੇ ਖਦਸ਼ੇ ਦੂਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਖਰੀਦ ਪ੍ਰਣਾਲੀ ਤੋਂ ਅਲਹਿਦਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਵੱਲੋਂ ਮਿੱਥੇ ਅਮਲ ਮੁਤਾਬਕ ਸੂਬੇ ਵਿੱਚ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐੱਫ.ਐੱਮ.ਐੱਸ) ਨੂੰ ਅਮਲ ਵਿੱਚ ਲਿਆਉਣ ਲਈ ਸੂਬਾ ਸਰਕਾਰ ਸਹਿਯੋਗ ਕਰੇਗੀ। ਮੁੱਖ ਮੰਤਰੀ ਨੇ ਇਹ ਮਾਮਲਾ ਕੇਂਦਰ ਕੋਲ ਉਠਾਉਣ ਦਾ ਵੀ ਭਰੋਸਾ ਦਿੱਤਾ।
ਇੱਥੇ ਕਿਸਾਨ ਭਵਨ ਵਿੱਚ ਆੜ੍ਹਤੀਆਂ ਦੇ ਇਕੱਠ ਵਿੱਚ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਵਲੋਂ ਆੜ੍ਹਤੀਆਂ ਦੀ ਪੇਸ਼ ਕੀਤੀ ਮੁੱਖ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਭੰਡਾਰ ਲਈ ਕਣਕ ਤੇ ਝੋਨੇ ਦੇ ਖਰੀਦ ਅਮਲ ’ਚੋਂ ਆੜ੍ਹਤੀਆਂ ਨੂੰ ਬਾਹਰ ਕਰਨ ਲਈ ਏਪੀਐੱਮਸੀ ਐਕਟ ’ਚ ਸੋਧ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਆੜ੍ਹਤੀਆਂ ਨਾਲ ਪੁਰਾਣੇ ਸਬੰਧ ਹਨ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਫਸਲ ਦੀ ਅਦਾਇਗੀ ਕਰਨ ਦਾ ਅਮਲ ਜਾਰੀ ਰੱਖੇਗੀ। ਆੜ੍ਹਤੀਆਂ ਨੇ ਮੁੱਖ ਮੰਤਰੀ ਦੇ ਇਸ ਐਲਾਨ ਦਾ ਤਾੜੀਆਂ ਨਾਲ ਸਵਾਗਤ ਕੀਤਾ। ਲੈਣ-ਦੇਣ ਦੇ ਮਾਮਲਿਆਂ ਵਿਚ ਕਿਸਾਨਾਂ ਵੱਲੋਂ ਆੜ੍ਹਤੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ, ਪਰ ਉਹ ਇਸ ਬਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ।
ਮੁੱਖ ਮੰਤਰੀ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਨੂੰ ਪੀ.ਐੱਫ.ਐੱਮ.ਐੱਸ. ਸਾਫਟਵੇਅਰ ਵਰਤਣ ਦੀ ਸਿਖਲਾਈ ਦੇਣ ਦੇ ਹੁਕਮ ਦਿੰਦਿਆਂ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਪੀ.ਐੱਫ.ਐੱਮ.ਐੱਸ. ’ਤੇ ਅਪਲੋਡ ਕਰਨ ਅਤੇ ਆੜ੍ਹਤੀਆਂ ਦੇ ਬੈਂਕ ਖਾਤਿਆਂ ਨਾਲ ਲਿੰਕ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ਦੌਰਾਨ ਨਗਦ ਕਰਜ਼ਾ ਹੱਦ (ਸੀਸੀਐੱਲ) ਖਰੀਦ ਸੀਜ਼ਨ ਦੇ ਅੰਤ ਵਿੱਚ ਜਾਰੀ ਹੁੰਦੀ ਸੀ ਜਦਕਿ ਉਨ੍ਹਾਂ ਦੀ ਸਰਕਾਰ ਆਉਣ ਮਗਰੋਂ ਇਸ ਦਾ ਬੰਦੋਬਸਤ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਰ ਲਿਆ ਜਾਂਦਾ ਹੈ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇਸ ਲਈ ਝੋਨੇ ਦੀ ਫਸਲ ਦਾ ਬਦਲ ਲੱਭਣਾ ਪਵੇਗਾ ਤੇ ਇਸ ਦੀ ਥਾਂ ਦਾਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ, ਪਰ ਉਸ ਦਾ ਵੀ ਘੱਟੋ ਘੱਟ ਭਾਅ ਮਿਥਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮਸਲਾ ਕੇਂਦਰ ਕੋਲ ਉਠਾਉਣਗੇ। ਕੈਪਟਨ ਨੇ ਆੜ੍ਹਤੀਆਂ ਵੱਲੋਂ ਪੀ.ਐਫ.ਐਮ.ਐਸ. ਵਿਧੀ ਅਪਣਾਉਣ ਦੇ ਕੀਤੇ ਫੈਸਲੇ ’ਤੇ ਵੀ ਤਸੱਲੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਨਾਲ ਜੂਝ ਰਿਹਾ ਸੂਬਾ ਇਸ ਰਕਮ ਦੇ ਜਾਰੀ ਹੋਣ ਵਿੱਚ ਹੋਰ ਦੇਰੀ ਨਹੀਂ ਸਹਾਰ ਸਕਦਾ ਅਤੇ ਇਸ ਵਿੱਚ ਆੜ੍ਹਤੀਆਂ ਨੂੰ ਅਦਾ ਕੀਤੇ ਜਾ ਚੁੱਕੇ 500 ਕਰੋੜ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ।
ਆੜ੍ਹਤੀ ਐਸੋਸੀਏਸ਼ਨਾਂ ਦੇ ਇਕੱਠ ਨੂੰ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪਨਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ, ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।