You are here

ਭਾਰਤ

ਕਣਕ ਦਾ ਮੁੱਲ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 1925 ਰੁਪਏ ਮਿੱਥਿਆ

ਦਾਲਾਂ ਦਾ ਘੱਟੋ-ਘੱਟ ਸਮਰਥਨ ਪ੍ਰਤੀ ਕੁਇੰਟਲ ਮੁੱਲ 325 ਰੁਪਏ ਤਕ ਵਧਾ ਦਿੱਤਾ

ਨਵੀਂ ਦਿੱਲੀ,ਅਕਤੂਬਰ 2019-(ਏਜੰਸੀ)-  

ਕੇਂਦਰ ਸਰਕਾਰ ਨੇ ਕਣਕ ਤੇ ਦਾਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ ਕ੍ਰਮਵਾਰ 85 ਰੁਪਏ ਤੇ 325 ਰੁਪਏ ਤਕ ਵਧਾ ਦਿੱਤਾ ਹੈ। ਇਸ ਨਵੇਂ ਵਾਧੇ ਨਾਲ ਕਣਕ ਦਾ ਸਰਕਾਰੀ ਖਰੀਦ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਅੱਜ ਇਥੇ ਇਕ ਮੀਟਿੰਗ ਦੌਰਾਨ ਇਹ ਫੈਸਲਾ ਲਿਆ।
ਚੇਤੇ ਰਹੇ ਸਰਕਾਰ ਆਪਣੇ ਭੰਡਾਰਾਂ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਜਿਣਸ ਦੀ ਖਰੀਦ ਕਰਦੀ ਹੈ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ 85 ਰੁਪਏ ਦੇ ਕੀਤੇ ਵਾਧੇ ਨੂੰ ਮਹਿਜ਼ ਖਾਨਾਪੂਰਤੀ ਦਸਦਿਆਂ ਰੱਦ ਕਰ ਦਿੱਤਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਕੈਬਨਿਟ ਨੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਇਰਾਦੇ ਨਾਲ ਹਾੜ੍ਹੀ (ਸਰਦੀਆਂ ’ਚ ਬੀਜੀਆਂ ਜਾਣ ਵਾਲੀਆਂ) ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ। ਸੀਸੀਈਏ ਨੇ ਕਣਕ ਦੀ ਐੱਮਐੱਸਪੀ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 1925 ਪ੍ਰਤੀ ਕੁਇੰਟਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। ਪਿਛਲੇ ਫਸਲੀ ਸਾਲ ਵਿੱਚ ਕਣਕ ਦਾ ਸਰਕਾਰੀ ਖਰੀਦ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਸੀ। ਇਸੇ ਤਰ੍ਹਾਂ ਦਾਲਾਂ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਦਾਲਾਂ ਦਾ ਭਾਅ 325 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 4800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਹ ਭਾਅ 4475 ਰੁਪਏ ਫੀ ਕੁਇੰਟਲ ਸੀ। ਛੋਲਿਆਂ ਦਾ ਭਾਅ 255 ਦੇ ਰੁਪਏ ਦੇ ਵਾਧੇ ਨਾਲ 4875 ਰੁਪਏ ਪ੍ਰਤੀ ਕੁਇੰਟਲ, ਤੇਲ ਬੀਜਾਂ ਤੇ ਸਰ੍ਹੋਂ ਦਾ ਭਾਅ 225 ਰੁਪਏ ਦੇ ਵਾਧੇ ਨਾਲ 4425 ਰੁਪਏ ਪ੍ਰਤੀ ਕੁਇੰਟਲ ਤੇ ਕਸੁੰਭੜੇ ਦਾ ਤੇਲ 270 ਰੁਪਏ ਦੇ ਵਾਧੇ ਨਾਲ 5215 ਰੁਪਏ ਪ੍ਰਤੀ ਕੁਇੰਟਲ ਨੂੰ ਪੁੱਜ ਗਿਆ ਹੈ। ਹਾੜ੍ਹੀ ਦੀਆਂ ਫ਼ਸਲਾਂ ਲਈ ਐਲਾਨਿਆ ਗਿਆ ਵਾਧਾ ਸਰਕਾਰ ਦੇ ਖੇਤੀ ਮੁੱਲ ਐਡਵਾਇਜ਼ਰੀ ਬੋਰਡ ਸੀਏਸੀਪੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਮੁਤਾਬਕ ਹੈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ, ਜਿਸ ਦੀ ਬੀਜਾਈ ਅਗਲੇ ਮਹੀਨੇ ਸ਼ੁਰੂ ਹੋਵੇਗੀ ਤੇ ਫ਼ਸਲ ਅਗਲੇ ਸਾਲ ਅਪਰੈਲ ’ਚ ਮੰਡੀਆਂ ’ਚ ਆਏਗੀ।
ਇਸੇ ਦੌਰਾਨ ਸਰਕਾਰ ਨੇ ਤੇਲ ਦੀ ਪ੍ਰਚੂਨ ਵਿਕਰੀ ਦੇ ਨੇਮਾਂ ਨੂੰ ਥੋੜ੍ਹਾ ਨਰਮ ਬਣਾਉਣ ਦੇ ਇਰਾਦੇ ਨਾਲ ਗੈਰ-ਤੇਲ ਕੰਪਨੀਆਂ ਨੂੰ ਪੈਟਰੋਲ ਪੰਪ ਸਥਾਪਤ ਕਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਤੇਲ ਖੇਤਰ ’ਚ ਨਿਵੇਸ਼ ਤੇ ਮੁਕਾਬਲੇਬਾਜ਼ੀ ਵਧੇਗੀ। ਹਾਲ ਦੀ ਘੜੀ ਤੇਲ ਖੇਤਰ ਦੇ ਪ੍ਰਚੂਨ ਕਾਰੋਬਾਰ ਦਾ ਲਾਇਸੈਂਸ ਹਾਸਲ ਕਰਨ ਲਈ ਕਿਸੇ ਕੰਪਨੀ ਨੂੰ ਹਾਈਡਰੋਕਾਰਬਨ ਦੀ ਖੋਜ, ਉਤਪਾਦਨ, ਰਿਫਾਈਨਿੰਗ, ਪਾਈਪਲਾਈਨ ਖੇਤਰ ਜਾਂ ਐੱਲਐੱਨਜੀ ਵਿੱਚ ਦੋ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਸ਼ਰਤ ਲਾਜ਼ਮੀ ਹੈ। ਇਸ ਦੌਰਾਨ ਕੇਂਦਰੀ ਕੈਬਨਿਟ ਨੇ ਦਿੱਲੀ ਵਿੱਚ ਅਣਅਧਿਕਾਰਤ ਕਾਲੋਨੀਆਂ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ। ਸਰਕਾਰ ਦੇ ਇਸ ਫੈਸਲੇ ਦਾ ਸਿੱਧੇ ਤੌਰ ’ਤੇ 40 ਲੱਖ ਲੋਕਾਂ ਨੂੰ ਲਾਹਾ ਮਿਲੇਗਾ।

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਨਵੀਂ ਦਿੱਲੀ, ਅਕਤੂਬਰ 2019-(ਏਜੰਸੀ )- 

ਅਮਰੀਕਾ ਜਾਣ ਲਈ ਗ਼ੈਰਕਾਨੂੰਨੀ ਢੰਗ ਨਾਲ ਮੈਕਸਿਕੋ ’ਚ ਵੜੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਅੱਜ ਤੜਕੇ ਪਰਤ ਆਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। ‘ਅਮੈਰੀਕਨ ਡਰੀਮ’ ਅਤੇ ਬਿਹਤਰ ਜ਼ਿੰਦਗੀ ਤੇ ਨੌਕਰੀਆਂ ਦੇ ਸੁਫ਼ਨੇ ਲੈ ਕੇ ਲੱਖਾਂ ਰੁਪਏ ਖ਼ਰਚ ਕੇ ਘਰੋਂ ਨਿਕਲੇ ਇਹ 311 ਭਾਰਤੀ ਚਾਰਟਰਡ ਉਡਾਨ ਰਾਹੀਂ ਭਾਰਤ ਲਿਆਂਦੇ ਗਏ ਹਨ। ਇਨ੍ਹਾਂ ਦੇ ਨਾਲ 74 ਮੈਕਸਿਕਨ ਅਧਿਕਾਰੀ ਵੀ ਆਏ ਹਨ। ਜੰਗਲ ਪਾਰ ਕਰ ਕੇ ਅਮਰੀਕਾ ਵਿਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਦੀਆਂ ਕਹਾਣੀਆਂ ਲੈ 36 ਘੰਟੇ ਦੀ ਉਡਾਨ ਰਾਹੀਂ 300 ਤੋਂ ਵੱਧ ਇਹ ਭਾਰਤੀ ਦਿੱਲੀ ਪੁੱਜੇ ਹਨ। ਡਿਪੋਰਟ ਕੀਤੇ ਗਏ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਤੋਂ ਹਨ। ਦਿੱਲੀ ਨਾਲ ਸਬੰਧਤ ਸਾਹਿਲ ਮਲਿਕ (22) ਪੰਜ ਜੂਨ ਨੂੰ ਇਕੁਆਡੋਰ ਲਈ ਰਵਾਨਾ ਹੋਇਆ ਸੀ। ਉਸ ਨੇ ਦੱਸਿਆ ਕਿ ਮੈਕਸਿਕੋ ਪਹੁੰਚਣ ਲਈ ਉਨ੍ਹਾਂ ਕਈ ਢੰਗ-ਤਰੀਕੇ ਵਰਤੇ ਤੇ ਸਰਹੱਦਾਂ ਬੱਸਾਂ ਰਾਹੀਂ ਪਾਰ ਕੀਤੀਆਂ। ਜਲੰਧਰ ਨਾਲ ਸਬੰਧਤ ਡਿਪੋਰਟ ਕੀਤੀ ਗਈ ਇਕੋ-ਇਕ ਔਰਤ ਕਮਲਜੀਤ ਕੌਰ (34) ਨੇ ਦੱਸਿਆ ਕਿ ਉਸ ਨੇ ਖ਼ੁਦ, ਆਪਣੇ ਪਤੀ ਤੇ ਪੁੱਤਰ ਦੇ ਅਮਰੀਕਾ ਪਹੁੰਚਣ ਲਈ 53 ਲੱਖ ਰੁਪਏ ਅਦਾ ਕੀਤੇ ਸਨ। ਡਿਪੋਰਟ ਕੀਤੇ ਗਏ ਸੋਮਬੀਰ ਸੈਣੀ ਨੇ ਦੱਸਿਆ ਕਿ ਮੈਕਸਿਕੋ ਦੇ ਟਪਾਚੁਲਾ ਸ਼ਰਨਾਰਥੀ ਕੈਂਪ ਦੀ ਹਾਲਤ ਬੇਹੱਦ ਮਾੜੀ ਸੀ। ਡਿਪੋਰਟ ਕੀਤੇ ਜਾਣ ਵਾਲਿਆਂ ਵਿਚ ਸ਼ਾਮਲ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਵੇਰੇ ਪੰਜ ਵਜੇ ਪਹੁੰਚੇ ਹਨ ਤੇ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਦੁਪਹਿਰੇ ਇਕ ਵਜੇ ਹਵਾਈ ਅੱਡੇ ਤੋਂ ਬਾਹਰ ਨਿਕਲੇ ਹਨ। ਮੈਕਸਿਕੋ ਦੇ ਕੌਮੀ ਆਵਾਸ ਸੰਗਠਨ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਦੇਸ਼ ਵਿਚ ਲਗਾਤਾਰ ਰਹਿਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਤੋਲੁਕਾ ਸਿਟੀ ਕੌਮਾਂਤਰੀ ਹਵਾਈ ਅੱਡੇ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ। ਓਕਸਾਕਾ, ਬਾਜਾ ਕੈਲੀਫੋਰਨੀਆ, ਵੇਰਾਕਰੂਜ਼, ਚਿਆਪਸ, ਸੋਨੋਰਾ, ਮੈਕਸਿਕੋ ਸਿਟੀ, ਡੁਰਾਂਗੋ ਤੇ ਤਬਾਸਕੋ ਦੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਇਨ੍ਹਾਂ ਲੋਕਾਂ ਨੂੰ ਵਾਪਸ ਭੇਜਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੈਕਸਿਕੋ ਸਰਹੱਦ ਤੋਂ ਅਮਰੀਕਾ ਵਿਚ ਵੜਨ ਵਾਲੇ ਲੋਕਾਂ ’ਤੇ ਲਗਾਮ ਨਾ ਕੱਸਣ ’ਤੇ ਮੈਕਸਿਕੋ ਤੋਂ ਹੋਣ ਵਾਲੀ ਦਰਾਮਦ ’ਤੇ ਫ਼ੀਸ ਲਗਾਉਣ ਦੀ ਧਮਕੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੈਕਸਿਕੋ ਸਰਹੱਦ ’ਤੇ ਸੁਰੱਖਿਆ ਵਧਾਉਣ ਲਈ ਰਾਜ਼ੀ ਹੋਇਆ ਸੀ ਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਨੀਤੀ ਨੂੰ ਵੀ ਉਸ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਵਾਪਸ ਭੇਜੇ ਜਾਣ ਸਾਰੇ ਭਾਰਤੀਆਂ ਨੂੰ ਵੇਰਾਕਰੂਜ਼ ਵਿਚ ਅਕਾਯੂਕਨ ਮਾਈਗ੍ਰੇਸ਼ਨ ਕੇਂਦਰ ਪਹੁੰਚਾਇਆ ਗਿਆ ਸੀ ਤੇ ਉੱਥੋਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕੌਮੀ ਗਾਰਡ ਦੇ ਮੈਂਬਰ ਵੀ ਉੱਥੇ ਮੌਜੂਦ ਸਨ

ਰਵਿਦਾਸ ਮੰਦਰ ਪਹਿਲਾਂ ਜਿਸ ਥਾਂ 'ਤੇ ਸੀ, ਉਥੇ ਹੀ ਉਸ ਦੀ ਮੁੜ ਉਸਾਰੀ

ਤੁਗਲਕਾਬਾਦ ਇਲਾਕੇ 'ਚ ਢਾਹੇ ਗਏ ਰਵਿਦਾਸ ਮੰਦਰ ਲਈ ਕੇਂਦਰ ਸਰਕਾਰ ਆਖਰਕਾਰ ਜ਼ਮੀਨ ਦੇਣ ਲਈ ਤਿਆਰ 

ਨਵੀਂ ਦਿੱਲੀ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ)-

 ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਬੀਤੇ ਦਿਨੀਂ ਢਾਹੇ ਗਏ ਰਵਿਦਾਸ ਮੰਦਰ ਲਈ ਕੇਂਦਰ ਸਰਕਾਰ ਆਖਰਕਾਰ ਜ਼ਮੀਨ ਦੇਣ ਲਈ ਤਿਆਰ ਹੋ ਗਈ ਹੈ | ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਵੇਖਦੇ ਹੋਏ ਸਰਕਾਰ ਉਸੇ ਥਾਂ 'ਤੇ 200 ਵਰਗ ਮੀਟਰ ਦੀ ਜ਼ਮੀਨ ਮੰਦਰ ਦੀ ਉਸਾਰੀ ਵਾਸਤੇ ਦੇਵੇਗੀ | ਇਸ ਨਾਲ ਹੁਣ ਇਹ ਤੈਅ ਹੋ ਗਿਆ ਹੈ ਕਿ ਮੰਦਰ ਪਹਿਲਾਂ ਜਿਸ ਥਾਂ 'ਤੇ ਸੀ, ਉਥੇ ਹੀ ਉਸ ਦੀ ਮੁੜ ਉਸਾਰੀ ਕਰਵਾਈ ਜਾਵੇਗੀ | ਦਰਅਸਲ ਸੁਪਰੀਮ ਕੋਰਟ ਨੇ 5 ਅਕਤੂਬਰ ਨੂੰ ਇਸ ਮੁੱਦੇ ਦਾ ਹੱਲ ਕੱਢਣ ਲਈ ਕੇਂਦਰ ਨੂੰ ਨਿਰਦੇਸ਼ ਦਿੱਤੇ ਸਨ ਤੇ ਅੱਜ ਉਸੇ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਨੇ ਜ਼ਮੀਨ ਦੇਣ ਦੀ ਗੱਲ ਆਖੀ ਹੈ | ਅਦਾਲਤ ਵਿਚ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਥੀਆ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਜਾ ਰਹੀ ਸੀ, ਜੋ ਕਿ ਡੀ.ਡੀ.ਏ. ਦੇ ਿਖ਼ਲਾਫ਼ ਦਾਇਰ ਕੀਤੀ ਗਈ ਸੀ | ਦੱਸਣਯੋਗ ਹੈ ਕਿ 9 ਅਗਸਤ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸਮਿਤੀ ਨੇ ਸਰਬ ਉੱਚ ਅਦਾਲਤ ਦੇ ਆਦੇਸ਼ ਦੇ ਬਾਵਜੂਦ ਜੰਗਲੀ ਇਲਾਕੇ ਨੂੰ ਖਾਲੀ ਨਾ ਕਰ ਕੇ ਗੰਭੀਰ ਉਲੰਘਣਾ ਕੀਤੀ ਹੈ | ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਦੱਖਣੀ ਦਿੱਲੀ 'ਚ ਮੌਜੂਦ ਇਸ ਮੰਦਰ ਨੂੰ ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ.ਡੀ.ਏ.) ਨੇ 10 ਅਗਸਤ ਨੂੰ ਹਟਾ ਦਿੱਤਾ ਸੀ, ਜਿਸ ਦਾ ਦੇਸ਼ ਭਰ 'ਚ ਭਾਰੀ ਵਿਰੋਧ ਹੋਇਆ ਸੀ ਤੇ ਦੇਸ਼ ਭਰ ਦੇ ਸ਼ਰਧਾਲੂਆਂ ਵਲੋਂ ਦਿੱਲੀ 'ਚ ਵੀ ਇਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ | ਇਸ ਮਾਮਲੇ 'ਚ ਕਈ ਧਾਰਮਿਕ ਆਗੂਆਂ ਦੀ ਗਿ੍ਫ਼ਤਾਰੀ ਵੀ ਹੋਈ ਸੀ ਤੇ ਸ਼ਰਧਾਲੂਆਂ ਵਲੋਂ ਪੰਜਾਬ 'ਚ ਬੰਦ ਵੀ ਕਰਵਾਇਆ ਗਿਆ ਸੀ |

ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਵਾਂਗੇ’

ਭੁਪਾਲ, ਅਕਤੂਬਰ 2019- (ਏਜੰਸੀ ) -

ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਪੀ.ਸੀ. ਸ਼ਰਮਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਭੁਪਾਲ ਸ਼ਹਿਰ ਦੀਆਂ ਟੋਇਆਂ ਵਾਲੀਆਂ ਸੜਕਾਂ ਨੂੰ ਜਲਦੀ ਹੀ ਅਭਿਨੇਤਰੀ ਅਤੇ ਸਿਆਸਤਦਾਨ ਹੇਮਾ ਮਾਲਿਨੀ ਦੀਆਂ ‘ਗੱਲ੍ਹਾਂ’ ਵਾਂਗ ਬਣਾ ਦਿੱਤਾ ਜਾਵੇਗਾ। ਸੜਕਾਂ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਸੂਬੇ ਦੇ ਕਾਨੂੰਨ ਮੰਤਰੀ ਨੇ ਕਿਹਾ ਕਿ ਸੜਕਾਂ ਵਿੱਚ ਟੋਏ ‘‘ਕੈਲਾਸ਼ ਵਿਜੈਵਰਗੀਆ (ਭਾਜਪਾ ਜਨਰਲ ਸਕੱਤਰ) ਦੀਆਂ ਗੱਲ੍ਹਾਂ ’ਤੇ ਪਏ ਚੇਚਕ ਦੇ ਦਾਗਾਂ ਵਾਂਗ ਹਨ।
ਸੂਬੇ ਦੇ ਲੋਕ ਨਿਰਮਾਣ ਮੰਤਰੀ ਸੱਜਣ ਸਿੰਘ ਵਰਮਾ ਨਾਲ ਅੱਜ ਭੁਪਾਲ ਦੇ ਹਬੀਬਗੰਜ ਰੇਲਵੇ ਸਟੇਸ਼ਨ ਕੋਲ ਖਸਤਾ ਹਾਲ ਸੜਕ ਦਾ ਨਿਰੀਖਣ ਕਰਨ ਪੁੱਜੇ ਸ਼ਰਮਾ ਨੇ ਕਿਹਾ, ‘‘ਮੁੱਖ ਮੰਤਰੀ ਕਮਲ ਨਾਥਜੀ ਦੇ ਨਿਰਦੇਸ਼ਾਂ ਅਤੇ ਲੋਕ ਨਿਰਮਾਣ ਮੰਤਰੀ ਸੱਜਣ ਵਰਮਾ ਦੀ ਅਗਵਾਈ ਹੇਠ ਸੜਕਾਂ ਦੀ ਮੁਰੰਮਤ 15 ਦਿਨਾਂ ਦੇ ਅੰਦਰ ਕਰ ਦਿੱਤੀ ਜਾਵੇਗੀ। ਇਨ੍ਹਾਂ ਨੂੰ 15-20 ਦਿਨਾਂ ਦੇ ਅੰਦਰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਾਂਗ ‘ਚਮਕਾ’ ਦਿੱਤਾ ਜਾਵੇਗਾ।’’

ਦਿੱਲੀ ਕਮੇਟੀ ਨੇ ਇੰਡੀਆ ਗੇਟ ਵਿਖੇ ਕਰਵਾਇਆ 'ਸ਼ਬਦ ਅਨਾਹਦ' ਸਮਾਗਮ

550 ਕੀਰਤਨੀ ਜਥਿਆਂ ਵਲੋਂ ਇਕੋ ਸਮੇਂ ਕੀਰਤਨ

ਨਵੀਂ ਦਿੱਲੀ, ਅਕਤੂਬਰ 2019-( ਇਕਬਲ ਸਿੰਘ ਰਸੂਲਪੁਰ )-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੰਡੀਆ ਗੇਟ ਵਿਖੇ 'ਸ਼ਬਦ ਅਨਾਹਦ' ਸਮਾਗਮ ਕਰਵਾਇਆ ਗਿਆ, ਜਿਸ 'ਚ 550 ਕੀਰਤਨੀ ਜਥਿਆਂ ਵਲੋਂ ਇਕੋ ਸਮੇਂ ਕੀਰਤਨ ਕੀਤਾ ਗਿਆ। ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਸੰਸਦ ਮੈਂਬਰ ਪ੍ਰਵੇਸ਼ ਵਰਮਾ ਸਮੇਤ ਹੋਰਨਾਂ ਨੇ ਹਾਜ਼ਰੀ ਭਰੀ। ਇਸ ਮੌਕੇ ਵਿਸ਼ੇਸ਼ ਐਲ.ਈ.ਡੀ. ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਮਾਗਮ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਪ੍ਰਕਾਸ਼ ਪੁਰਬ ਸਬੰਧੀ ਕਮੇਟੀ ਵਲੋਂ ਕੀਤੇ ਜਾ ਰਹੇ ਹੋਰਨਾਂ ਕਾਰਜਾਂ ਤੋਂ ਵੀ ਜਾਣੂ ਕਰਵਾਇਆ। ਸਮਾਗਮ 'ਚ ਮੌਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹੋਏ ਕਰਤਾਰਪੁਰ ਲਾਂਘੇ ਬਾਰੇ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੁੱਲਣ ਨਾਲ 70 ਵਰ੍ਹਿਆਂ ਤੋਂ ਕੀਤੀ ਜਾ ਰਹੀ ਅਰਦਾਸ ਪ੍ਰਵਾਨ ਚੜ੍ਹੀ ਹੈ ਅਤੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚਲੇ ਆਪਣੇ ਮਿਸ਼ਨਾਂ ਨੂੰ ਜਿਥੇ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਹਦਾਇਤ ਕੀਤੀ ਹੈ, ਉਥੇ ਹੀ ਸੰਯੁਕਤ ਰਾਸ਼ਟਰ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਰ ਭਾਸ਼ਾ 'ਚ ਅਨੁਵਾਦ ਕਰਵਾ ਕੇ ਸਾਰੀ ਦੁਨੀਆਂ 'ਚ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੀ ਸਾਰੀਆਂ ਭਾਸ਼ਾਵਾਂ 'ਚ ਇਸ ਬਾਣੀ ਦਾ ਅਨੁਵਾਦ ਕਰਵਾ ਕੇ ਇਹ ਬਾਣੀ ਲੋਕਾਂ 'ਚ ਪਹੁੰਚਾਈ ਗਈ ਹੈ। ਉਸ ਸਮੇ ਅਮਿਤ ਸ਼ਾਹ ਦਾ ਸਨਮਾਨ ਵਇ ਕੀਤਾ ਗਿਆ । 

ਐੱਨਆਰਆਈ ਵਿਆਹ ਰਜਿਸਟਰੇਸ਼ਨ ਬਿੱਲ ਸੰਸਦੀ ਕਮੇਟੀ ਹਵਾਲੇ

‘ਰਜਿਸਟਰੇਸ਼ਨ ਆਫ਼ ਮੈਰਿਜ ਆਫ਼ ਨਾਨ-ਰੈਜ਼ੀਡੈਂਟ ਇੰਡੀਅਨ ਬਿੱਲ 2019’ ਪਾਸਪੋਰਟ ਅਥਾਰਿਟੀਜ਼ ਨੂੰ ਉਨ੍ਹਾਂ ਪਰਵਾਸੀ ਭਾਰਤੀਆਂ ਦਾ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ ਜ਼ਬਤ ਕਰਨ ਜਾਂ ਰੱਦ ਕਰਨ ਦਾ ਅਖ਼ਤਿਆਰ ਦਿੰਦਾ

ਨਵੀਂ ਦਿੱਲੀ, ਅਕਤੂਬਰ 2019 -(ਏਜਸੀ)-
ਐੱਨਆਰਆਈ ਵਿਆਹ ਰਜਿਸਟਰੇਸ਼ਨ ਬਿੱਲ ਨੂੰ ਘੋਖ-ਪੜਤਾਲ ਲਈ ਵਿਦੇਸ਼ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਹਵਾਲੇ ਕਰ ਦਿੱਤਾ ਗਿਆ ਹੈ। ਕਮੇਟੀ ਨੂੰ ਦੋ ਮਹੀਨਿਆਂ ਅੰਦਰ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। ਬਿੱਲ ਤਹਿਤ ਕਿਸੇ ਵੀ ਪਰਵਾਸੀ ਲਾੜੇ ਨੂੰ ਵਿਆਹ ਕਰਵਾਉਣ ਦੇ ਤੀਹ ਦਿਨਾਂ ਅੰਦਰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ‘ਰਜਿਸਟਰੇਸ਼ਨ ਆਫ਼ ਮੈਰਿਜ ਆਫ਼ ਨਾਨ-ਰੈਜ਼ੀਡੈਂਟ ਇੰਡੀਅਨ ਬਿੱਲ 2019’ ਪਾਸਪੋਰਟ ਅਥਾਰਿਟੀਜ਼ ਨੂੰ ਉਨ੍ਹਾਂ ਪਰਵਾਸੀ ਭਾਰਤੀਆਂ ਦਾ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ ਜ਼ਬਤ ਕਰਨ ਜਾਂ ਰੱਦ ਕਰਨ ਦਾ ਅਖ਼ਤਿਆਰ ਦਿੰਦਾ ਹੈ, ਜੋ ਮਿੱਥੀ ਮਿਆਦ ਅੰਦਰ ਵਿਆਹ ਦਾ ਪੰਜੀਕਰਨ ਕਰਵਾਉਣ ਵਿੱਚ ਨਾਕਾਮ ਰਹਿੰਦੇ ਹਨ। ਲੋਕ ਸਭਾ ਸਕੱਤਰੇਤ ਨੇ ਇਕ ਬਿਆਨ ਵਿੱਚ ਕਿਹਾ, ‘ਲੋਕ ਸਭਾ ਸਪੀਕਰ ਨੇ ਰਾਜ ਸਭਾ ਚੇਅਰਮੈਨ ਨਾਲ ਸਲਾਹ ਮਸ਼ਵਰੇ ਮਗਰੋਂ ਪਰਵਾਸੀ ਭਾਰਤੀਆਂ ਦੇ ਵਿਆਹ ਰਜਿਸਟਰੇਸ਼ਨ ਨਾਲ ਸਬੰਧਤ ਬਿੱਲ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਹਵਾਲੇ ਕਰਦਿਆਂ ਦੋ ਮਹੀਨਿਆਂ ਅੰਦਰ ਰਿਪੋਰਟ ਦੇਣ ਲਈ ਆਖ ਦਿੱਤਾ ਹੈ।’ ਪਰਵਾਸੀ ਭਾਰਤੀਆਂ ਵੱਲੋਂ ਭਾਰਤੀ ਔਰਤਾਂ ਨਾਲ ਵਿਆਹ ਕਰਵਾਉਣ ਮਗਰੋਂ ਧੋਖਾਧੜੀ ਦੇ ਵਧਦੇ ਕੇਸਾਂ ਕਰ ਕੇ ਇਸ ਸਾਲ ਫਰਵਰੀ ਵਿੱਚ ਰਾਜ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ। ਬਿੱਲ ਤਹਿਤ ਪਰਵਾਸੀ ਭਾਰਤੀਆਂ ਲਈ ਵਿਆਹ ਕਰਵਾਉਣ ਦੇ ਇਕ ਮਹੀਨੇ ਅੰਦਰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਇਸ ਦੌਰਾਨ ਦੋ ਹੋਰਨਾਂ ਬਿਲਾਂ ਸਿਨੇਮਾਟੋਗ੍ਰਾਫ (ਸੋਧ) ਬਿੱਲ ਅਤੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ, ਐਂਟਰਪ੍ਰਿਓਨੋਰਸ਼ਿਪ ਤੇ ਮੈਨੇਜਮੈਂਟ ਬਿੱਲ ਨੂੰ ਕ੍ਰਮਵਾਰ ਸੂਚਨਾ ਤਕਨਾਲੋਜੀ ਤੇ ਖੇਤੀ ਨਾਲ ਸਬੰਧਤ ਕਮੇਟੀਆਂ ਨੂੰ ਸੌਂਪ ਦਿੱਤਾ ਗਿਆ ਹੈ।

ਹਰਿਆਣਾ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਇੰਡਿਅਨ ਲੋਕ ਦਲ ਦਾ ਸਮਝੌਤਾ

ਸ੍ਰੋਮਣੀ ਅਕਾਲੀ ਦਲ ਤੇ ਇਨੈਲੋ ਦੇ ਸਾਂਝੇ ਉਮੀਦਵਾਰ ਕੱਲ

ਚੰਡੀਗੜ੍ਹ, ਅਕਤੂਬਰ 2019- ਰਾਜਿੰਦਰ ਸਿੰਘ ਦੇਸੂਜੋਧਾ ਕਾਲਿਆਂਵਾਲੀ ਤੋਂ 10 ਵਜੇ ਅਤੇ ਕੁਲਵਿੰਦਰ ਸਿੰਘ ਕੁਨਾਲ ਰਤੀਆ ਤੋਂ 12 ਵਜੇ ਸ. ਸੁਖਬੀਰ ਸਿੰਘ ਬਾਦਲ ਅਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਭਰਨਗੇ। 

ਤੀਸਰੇ ਹਲਕਾ ਗੂਹਲਾ-ਚੀਕਾ ਤੋਂ ਗਠਜੋੜ ਦੇ ਰਾਮ ਕੁਮਾਰ ਰਿਵਾੜ ਜਗੀਰ ਉਮੀਦਵਾਰ ਹੋਣਗੇ।

ਸ੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜੇਗਾ।

ਬਾਕੀ ਉਮੀਦਵਾਰਾਂ ਦਾ ਐਲਾਨ ਕੱਲ ਨੂੰ -ਸ. ਸੁਖਬੀਰ ਸਿੰਘ ਬਾਦਲ

ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟੇਡ ਦੁਸਹਿਰੇ ਤੇ ਅਪਣੇ 48 ਹਜ਼ਾਰ ਕਰਮਚਾਰੀ ਨੂੰ 1.01 ਲੱਖ ਰੁਪਏ ਦਾ ਬੋਨਸ ਦੇਵੇਗੀ

ਨਵੀਂ ਦਿੱਲੀ, ਸਤੰਬਰ 2019 -(ਏਜੰਸੀ)-

ਦੁਸਹਿਰੇ ਅਤੇ ਦਿਵਾਲੀ ਵਿਚ ਹਰ ਨੌਕਰੀ ਵਾਲੇ ਲੋਕਾਂ ਨੂੰ ਬੋਨਸ ਦਾ ਇੰਤਜ਼ਾਰ ਰਹਿੰਦਾ ਹੈ। ਬੋਨਸ ਤਿਉਹਾਰਾਂ ਦਾ ਮਜ਼ਾ ਹੋਰ ਵੀ ਦੁਗਣਾ ਕਰ ਦਿੰਦਾ ਹੈ। ਤੇਲੰਗਾਨਾ ਵਿਚ ਸਰਕਾਰ ਦੁਆਰਾ ਸੰਚਾਲਿਤ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟੇਡ ਦੁਸਹਿਰੇ ਤੇ ਅਪਣੇ ਹਰੇਕ ਕਰਮਚਾਰੀ ਨੂੰ 1.01 ਲੱਖ ਰੁਪਏ ਦਾ ਬੋਨਸ ਦੇਵੇਗੀ। ਸਰਕਾਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।ਇਸ ਕੰਪਨੀ ਵਿਚ ਕਰੀਬ 48000 ਕਰਮਚਾਰੀ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਤੇਲੰਗਾਨਾ ਵਿਧਾਨ ਸਭਾ ਵਿਚ ਐਲਾਨ ਕਰਦੇ ਹੋਏ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਕਿਹਾ ਹੈ ਕਿ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟਡ ਯਾਨੀ ਐਸਸੀਸੀਐਲ ਦੀ ਗ੍ਰੋਥ ਪਿਛਲੇ ਪੰਜ ਸਾਲਾਂ ਵਿਚ ਬਹੁਤ ਚੰਗੀ ਰਹੀ ਹੈ। ਨਾਲ ਹੀ ਕਿਹਾ ਕਿ ਇਸ ਦਾ ਸਿਹਰਾ ਕਰਮਚਾਰੀਆਂ ਨੂੰ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਕੰਪਨੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 40000 ਰੁਪਏ ਤੋਂ ਜ਼ਿਆਦਾ ਬੋਨਸ ਦੇਵੇਗੀ। ਇਹ ਕੰਪਨੀ ਦੀ ਪ੍ਰਾਫਿਟ ਵਿਚੋਂ ਦਿੱਤਾ ਜਾਵੇਗਾ। ਹੁਣ ਹਰ ਇਕ ਕਰਮਚਾਰੀ ਨੂੰ 1,00,899 ਰੁਪਏ ਦਾ ਬੋਨਸ ਮਿਲੇਗਾ। ਇਸ ਕੰਪਨੀ ਵਿਚ 48,000 ਲੋਕ ਕੰਮ ਕਰਦੇ ਹਨ ਜਿਹਨਾਂ ਨੂੰ ਦੁਸਹਿਰੇ ਤੇ ਇਹ ਬੋਨਸ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਲਾਭ ਦੀ ਫ਼ੀਸਦ ਇਕ ਫ਼ੀਸਦੀ ਤੋਂ 28 ਫ਼ੀਸਦੀ ਵੱਧ ਹੈ। ਮੁਨਾਫ਼ੇ ਵਿਚ ਹਿੱਸੇਦਾਰੀ ਵਧਾ ਕੇ ਹੁਣ ਹਰ ਕਰਮਚਾਰੀ ਨੂੰ ਬੋਨਸ ਦੇ ਰੂਪ ਵਿਚ 100,899 ਰੁਪਏ  ਮਿਲੇਗਾ ਜੋ ਪਿਛਲੇ ਸਾਲ ਤੋਂ 40,530 ਰੁਪਏ ਵੱਧ ਹੈ।ਸਾਲ 2013-14 ਵਿਚ ਕਰਮਚਾਰੀਆਂ ਨੂੰ 13,540 ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਗਏ ਸਨ। ਉੱਥੇ ਹੀ 2017-18 ਵਿਚ 60,369 ਰੁਪਏ ਦਾ ਬੋਨਸ ਦਿੱਤਾ ਗਿਆ। ਇਸ ਵਾਰ ਇਸ ਕੰਪਨੀ ਨੇ 2018-19 ਵਿਚ ਰਿਕਾਰਡ 644.1 ਲੱਖ ਟਨ ਕੋਇਲੇ ਦਾ ਰਿਕਾਰਡ ਉਤਪਾਦਨ ਕੀਤਾ ਅਤੇ 1,765 ਕਰੋੜ ਦਾ ਮੁਨਾਫ਼ਾ ਕਮਾਇਆ।  

ਮੋਦੀ ਸਰਕਾਰ ਘਾਟੇ 'ਵਾਲੀਆਂ ਕੰਪਨੀਆਂ 'ਚ ਐਲਆਈਸੀ ਦਾ ਪੈਸਾ ਨਿਵੇਸ਼ ਕਰ ਕੇ ਲੋਕਾਂ ਦਾ ਭਰੋਸਾ ਤੋੜ ਰਹੀ ਹੈ-ਪ੍ਰਿਅੰਕਾ ਗਾਂਧੀ

ਰਿਪੋਰਟ 'ਚ ਕੀਤਾ ਦਾਅਵਾ - ਸਿਰਫ਼ ਢਾਈ ਮਹੀਨੇ 'ਚ ਐਲਆਈਸੀ ਨੂੰ 57 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ

ਨਵੀਂ ਦਿੱਲੀ,ਸਤੰਬਰ 2019 -  

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਘਾਟੇ 'ਚ ਚੱਲ ਰਹੀ ਕੰਪਨੀਆਂ 'ਚ ਐਲਆਈਸੀ ਦਾ ਪੈਸਾ ਨਿਵੇਸ਼ ਕਰ ਕੇ ਲੋਕਾਂ ਦਾ ਭਰੋਸਾ ਤੋੜ ਰਹੀ ਹੈ। ਉਨ੍ਹਾਂ ਨੇ ਟਵਿਟਰ 'ਤੇ ਇਕ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ਇਹ ਦੋਸ਼ ਲਗਾਇਆ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਲਆਈਸੀ ਨੂੰ ਸਿਰਫ਼ ਢਾਈ ਮਹੀਨੇ 'ਚ 57 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਿਅੰਕਾ ਨੇ ਟਵੀਟ ਕੀਤਾ, "ਭਾਰਤ 'ਚ ਐਲ ਆਈ ਸੀ ਭਰੋਸੇ ਦਾ ਦੂਜਾ ਨਾਂ ਹੈ। ਆਮ ਲੋਕ ਆਪਣੀ ਮਿਹਨਤ ਦੀ ਕਮਾਈ ਭਵਿੱਖ ਦੀ ਸੁਰੱਖਿਆ ਲਈ ਐਲਆਈਸੀ 'ਚ ਲਗਾਉਂਦੇ ਹਨ ਪਰ ਭਾਜਪਾ ਸਰਕਾਰ ਉਨ੍ਹਾਂ ਦੇ ਭਰੋਸੇ ਨੂੰ ਤੋੜਦਿਆਂ ਐਲਆਈਸੀ ਦਾ ਪੈਸਾ ਘਾਟੇ ਵਾਲੀਆਂ ਕੰਪਨੀਆਂ 'ਚ ਲਗਾ ਰਹੀ ਹੈ।" ਉਨ੍ਹਾਂ ਸਵਾਲ ਕੀਤਾ, "ਇਹ ਕਿਹੋ ਜਿਹੀ ਨੀਤੀ ਹੈ ਜੋ ਸਿਰਫ਼ ਨੁਕਸਾਨ ਨੀਤੀ ਬਣ ਗਈ ਹੈ?" ਪ੍ਰਿਅੰਕਾ ਨੇ ਜਿਸ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ, ਉਸ ਦੇ ਮੁਤਾਬਕ ਸ਼ੇਅਰ ਬਾਜ਼ਾਰ 'ਚ ਬਿਕਵਾਲੀ ਦਾ ਅਸਰ ਕਈ ਕੰਪਨੀਆਂ 'ਤੇ ਵੀ ਪੈ ਰਿਹਾ ਹੈ ਅਤੇ ਬੀਤੇ ਢਾਈ ਮਹੀਨੇ 'ਚ ਐਲਆਈਸੀ ਨੂੰ ਸ਼ੇਅਰ ਬਾਜ਼ਾਰ 'ਚ ਨਿਵੇਸ਼ ਤੋਂ ਲਗਭਗ 57 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗ ਚੁੱਕਾ ਹੈ। ਦਰਅਸਲ ਐਲਆਈਸੀ ਨੇ ਜਿਨ੍ਹਾਂ ਕੰਪਨੀਆਂ 'ਚ ਨਿਵੇਸ਼ ਕੀਤਾ ਸੀ, ਉਨ੍ਹਾਂ ਕੰਪਨੀਆਂ ਦੀ ਬਾਜ਼ਾਰ ਪੂੰਜੀ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਬੀਤੇ ਬੁਧਵਾਰ ਭਾਰਤੀ ਰਿਜ਼ਰਵ ਬੈਂਕ ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਗਾਇਆ ਸੀ ਕਿ ਨਰਿੰਦਰ ਮੋਦੀ ਸਰਕਾਰ ਜਨਤਕ ਖੇਤਰ ਦੀਆਂ ਜ਼ੋਖ਼ਮ ਭਰੀ ਇਕਾਈਆਂ 'ਚ ਪੈਸੇ ਲਗਵਾ ਕੇ ਐਲਆਈਸੀ ਦੀ ਬਲੀ ਚੜ੍ਹਾਉਣ 'ਚ ਲੱਗੀ ਹੋਈ ਹੈ। ਪਾਰਟੀ ਦੇ ਸੀਨੀਅਰ ਬੁਲਾਰੇ ਅਜੇ ਮਾਕਨ ਨੇ ਕਿਹਾ ਸੀ ਕਿ ਸਾਲ 2014 ਤਕ ਜਨਤਕ ਖੇਤਰ ਦੀਆਂ ਜ਼ੋਖ਼ਮ ਭਰੀ ਇਕਾਈਆਂ 'ਚ ਐਲਆਈਸੀ ਦਾ ਨਿਵੇਸ਼ 11.94 ਲੱਖ ਕਰੋੜ ਰੁਪਏ ਸੀ, ਪਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪਿਛਲੇ 5 ਸਾਲਾਂ 'ਚ ਇਹ ਵੱਧ ਕੇ 22.64 ਲੱਖ ਕਰੋੜ ਰੁਪਏ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 1956 ਤੋਂ 2014 ਵਿਚਕਾਰ ਐਲਆਈਸੀ ਨੇ ਜਿੰਨਾ ਨਿਵੇਸ਼ ਜ਼ੋਖ਼ਮ ਭਰੀ ਇਕਾਈਆਂ 'ਚ ਕੀਤਾ ਸੀ, ਇਸ ਤੋਂ ਦੁਗਣਾ ਮੋਦੀ ਸਰਕਾਰ ਦੇ 5 ਸਾਲਾਂ 'ਚ ਹੀ ਹੋ ਗਿਆ।

 

ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ- ਜਾਖੜ

ਜਦੋਂ ਪਾਰਟੀ ਨੂੰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਸੱਦ ਲਵਾਂਗੇ-ਆਸ਼ਾ ਕੁਮਾਰੀ

ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਉਨ੍ਹਾਂ ਸਮੇਤ 3 ਰਾਜ ਸਭਾ ਮੈਂਬਰਾਂ ਨੂੰ ਨਾ ਬੁਲਾ ਕੇ ਗਲਤ ਰੀਤ ਪਾਈ ਜਾ ਰਹੀ ਹੈ-ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)- 

ਪੰਜਾਬ ਕਾਂਗਰਸ ਦੀ ਅੱਜ ਮੁੜ ਕਮਾਨ ਸੰਭਾਲਨ ਮੌਕੇ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੋਟਾਂ ਰਾਹੀਂ ਕਾਂਗਰਸ ਦੀ ਸਰਕਾਰ ਬਣਾਉਣ ਵਾਲੇ ਪਾਰਟੀ ਵਰਕਰ ਹੀ ਆਮ ਲੋਕਾਂ ਅੱਗੇ ਜੁਆਬਦੇਹ ਹੁੰਦੇ ਹਨ ਅਤੇ ਸਰਕਾਰ ਦੀ ਤਾਕਤ ਉਨ੍ਹਾਂ ਦੇ ਹੱਥਾਂ ਵਿੱਚ ਦੇਣ ਨਾਲ ਹੀ ਸਰਕਾਰੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਹੈ। ਸ੍ਰੀ ਜਾਖੜ ਅੱਜ ਇਥੇ ਕਾਂਗਰਸ ਭਵਨ ਵਿੱਚ ਪਾਰਟੀ ਦੇ ਮੰਤਰੀਆਂ, ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਸਮੂਹ ਅਹੁਦੇਦਾਰਾਂ ਆਦਿ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ
ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਜਾਖੜ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਹਾਜ਼ਰੀ ਵਿੱਚ ਕਿਹਾ ਕਿ ਪਾਰਟੀ ਦੇ 6 ਵਿਧਾਇਕਾਂ ਨੂੰ ਸਰਕਾਰ ਵਿੱਚ ਸਲਾਹਕਾਰ ਨਿਯੁਕਤ ਕਰਨ ਪਿਛਲਾ ਅਸਲ ਮੰਤਵ ਪਾਰਟੀ ਵਰਕਰਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿਹੜੀ ਸਲਾਹ ਲੋਕਾਂ ਵਿੱਚ ਵਿਚਰ ਕੇ ਅਤੇ ਲੰਮੇ ਸੰਘਰਸ਼ ਕਰ ਕੇ ਬਣੇ ਵਿਧਾਇਕ ਦੇ ਸਕਦੇ ਹਨ, ਉਹ ਅਫਸਰਸ਼ਾਹੀ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਅਫਸਰਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਇਆ ਜਾਵੇਗਾ। ਪਾਰਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਉਹ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਕੀਤੇ ਵਰਤਾਓ ਤੋਂ ਸਹਿਮਤ ਨਹੀਂ ਹਨ, ਪਰ ਉਹ ਇਸ ਗੱਲ ਦੇ ਧਾਰਨੀ ਹਨ ਕਿ ਅਫ਼ਸਰਾਂ ਨੂੰ ਲੋਕਾਂ ਨਾਲ ਉਨ੍ਹਾਂ ਦੇ ਸੇਵਕਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੀ ਅੱਜ ਹੋਈ ਮੀਟਿੰਗ ਵਿਚ ਵੀ ਕਈ ਆਗੂਆਂ ਨੇ ਆਪਣੀ ਹੀ ਸਰਕਾਰ ਵਿੱਚ ਪਾਰਟੀ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਨੂੰ ਲੈ ਕੇ ਰੋਸ ਜਤਾਇਆ। ਸ੍ਰੀ ਜਾਖੜ ਨੇ ਸੰਕੇਤ ਦਿੱਤਾ ਕਿ ਆਸ਼ਾ ਕੁਮਾਰੀ ਨਾਲ ਸਲਾਹ ਮਸ਼ਵਰੇ ਮਗਰੋਂ ਜਲਦੀ ਹੀ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰੋਗਰਾਮ ਲਾਗੂ ਕਰਨ, ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਲਾਮਬੰਦੀ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਆਸ਼ਾ ਕੁਮਾਰੀ ਨੇ ਸਾਫ਼ ਕਰ ਦਿੱਤਾ ਕਿ ਸ੍ਰੀ ਜਾਖੜ ਪੰਜਾਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਨਹੀਂ ਲੜਨਗੇ। ਉਨ੍ਹਾਂ ਦੱਸਿਆ ਕਿ ਚੋਣ ਲੜਨ ਬਾਰੇ ਪਾਰਟੀ ਨੇ ਸ੍ਰੀ ਜਾਖੜ ਨੂੰ ਪੁੱਛਿਆ ਸੀ, ਪਰ ਉਨ੍ਹਾਂ ਨਾਂਹ ਕਰ ਦਿੱਤੀ। ਸ੍ਰੀ ਜਾਖੜ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਦੇਸ਼ ਵਿਚ ਪੈਦਾ ਕੀਤੀ ਚਿੰਤਾਜਨਕ ਅਰਥਵਿਵਸਥਾ ਵਿਰੁੱਧ ਸੜਕਾਂ ’ਤੇ ਨਿਕਲਿਆ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦੀ ਮੈਂਬਰਸ਼ਿਪ ਵਿਆਪਕ ਪੱਧਰ ’ਤੇ ਕੀਤੀ ਜਾਵੇਗੀ ਅਤੇ ਵਰਕਰਾਂ ਲਈ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਨਾਲ ਇਕ ਹੋਰ ਮੀਟਿੰਗ ਕਰ ਕੇ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਦੀ ਮੁਹਿੰਮ ਚਲਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਹਰੇਕ ਸਲਾਹ ਨੂੰ ਬੜੇ ਗੌਰ ਨਾਲ ਘੋਖਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਡਰੱਗ ਆਦਿ ਮੁੱਦਿਆਂ ਉਪਰ ਠੋਸ ਕੰਮ ਕਰ ਰਹੀ ਹੈ।

 

ਪਾਰਟੀ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਜਦੋਂ ਪੁੱਛਿਆ ਕਿ ਨਾਰਾਜ਼ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੀ ਮੁੜ ਮਨਾਉਣ ਦੇ ਯਤਨ ਕੀਤੇ ਜਾਣਗੇ ਤਾਂ ਅੱਗੋਂ ਉਨ੍ਹਾਂ ਕਿਹਾ ਕਿ ਉਸ ਨਾਲ ਕੀ ਗੱਲ ਕਰੀਏ ਕਿਉਂਕਿ ਬਤੌਰ ਵਿਧਾਇਕ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਸੱਦ ਲਵਾਂਗੇ।

 

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਉਨ੍ਹਾਂ ਸਮੇਤ 3 ਰਾਜ ਸਭਾ ਮੈਂਬਰਾਂ ਨੂੰ ਨਾ ਬੁਲਾ ਕੇ ਗਲਤ ਰੀਤ ਪਾਈ ਜਾ ਰਹੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ ਉੱਥੇ ਪਾਰਟੀ ਦੇ ਦੋ ਹੋਰ ਰਾਜ ਸਭਾ ਮੈਂਬਰਾਂ ਅੰਬਿਕਾ ਸੋਨੀ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਵੀ ਨਹੀਂ ਸੱਦਿਆ ਗਿਆ। ਸ੍ਰੀ ਬਾਜਵਾ ਨੇ ਕਿਹਾ ਉਹ ਤਿੰਨੇ ਆਗੂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਹਨ ਪਰ ਸੀਨੀਅਰ ਆਗੂਆਂ ਨੂੰ ਅੱਖੋਂ-ਪਰੋਖ਼ੇ ਕੀਤਾ ਗਿਆ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਖੇਡ ਯੂਨੀਵਰਸਿਟੀ ਦਾ ਕੁਲਪਤੀ ਨਿਯੁਕਤ

ਕਰਨਾਲ-ਸਤੰਬਰ 2019 -(ਇਕਬਾਲ ਸਿੰਘ ਰਸੂਲਪੁਰ)-  

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਰਾਈ ਖੇਡ ਯੂਨੀਵਰਸਿਟੀ ਦਾ ਪਹਿਲਾ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਸੋਸ਼ਲ ਸਾਈਟ ’ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੋਨੀਪਤ ਦੇ ਰਾਈ ਵਿੱਚ ਮੋਤੀਲਾਲ ਨਹਿਰੂ ਸਕੂਲ ਆਫ ਸਪੋਰਟਸ ਕੈਂਪਸ ਵਿੱਚ ਹੀ ਇਸ ਖੇਡ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਦੇ ਬਾਕੀ ਸਟਾਫ ਦੀ ਨਿਯੁਕਤੀ ਵੀ ਛੇਤੀ ਕੀਤੀ ਜਾਵੇਗੀ। ਨੇਮਾਂ ਮੁਤਾਬਕ ਯੂਨੀਵਰਸਿਟੀ ਦੇ ਕੁਲਪਤੀ ਦਾ ਅਹੁਦਾ ਸੂਬੇ ਦੇ ਗਵਰਨਰ ਕੋਲ ਹੁੰਦਾ ਹੈ। ਹਰਿਆਣਾ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਕਾਨੂੰਨ ਬਦਲ ਦਿੱਤਾ ਗਿਆ ਹੈ ਅਤੇ ਪਹਿਲੀ ਵਾਰ ਖੇਡ ਜਗਤ ਨਾਲ ਜੁੜੀ ਸ਼ਖਸੀਅਤ ਇਹ ਅਹੁਦਾ ਸੰਭਾਲੇਗੀ, ਜਦੋਂਕਿ ਗਵਰਨਰ ਸਰਪ੍ਰਸਤ ਦੀ ਭੂਮਿਕਾ ਵਿੱਚ ਹੋਣਗੇ।

ਭਾਰਤ ਸਰਕਾਰ ਨੇ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ

1980 ਦੇ ਦਹਾਕੇ 'ਚ ਭਾਰਤ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਕਈ ਸਿੱਖਾਂ ਨੂੰ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਾਮਿਲ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਨਾਂਅ ਦੀ ਕਾਲੀ ਸੂਚੀ ਤਿਆਰ ਕੀਤੀ ਗਈ ਸੀ

 

ਨਵੀਂ ਦਿੱਲੀ, ਸਤੰਬਰ 2019 -(ਏਜੰਸੀ)- ਸਾਕਾ ਨੀਲਾ ਤਾਰਾ ਅਤੇ ਕਨਿਸ਼ਕਾ ਕਾਂਡ ਦੇ ਤਕਰੀਬਨ 3 ਦਹਾਕਿਆਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾ ਦਿੱਤੇ ਗਏ ਹਨ | ਹੁਣ ਇਸ ਸੂਚੀ 'ਚ ਸਿਰਫ਼ ਦੋ ਨਾਂਅ ਬਚੇ ਹਨ । ਗ੍ਰਹਿ ਮੰਤਰਾਲੇ ਵਲੋਂ ਚਲਾਏ ਗਏ 'ਨਿਯਮਤ ਅਤੇ ਨਿਰੰਤਰ' ਅਮਲ ਤੋਂ ਬਾਅਦ ਕੀਤੀ ਸਮੀਖਿਆ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਗਿਆ । ਕੇਂਦਰ ਸਰਕਾਰ ਵਲੋਂ ਲਏ ਇਸ ਫੈਸਲੇ ਤੋਂ ਬਾਅਦ ਵਿਦੇਸ਼ਾਂ 'ਚ ਰਹਿ ਰਹੇ ਇਹ ਸਿੱਖ ਹੁਣ ਬਿਨਾਂ ਰੋਕ-ਟੋਕ ਭਾਰਤ ਆ ਜਾ ਸਕਦੇ ਹਨ ਅਤੇ ਮੁੜ ਆਪਣੀ ਜ਼ਮੀਨ ਨਾਲ ਜੁੜ ਸਕਦੇ ਹਨ ।ਸਰਕਾਰ ਵਲੋਂ ਕਾਲੀ ਸੂਚੀ ਤੋਂ ਨਾਂਅ ਹਟਾਉਣ ਤੋਂ ਇਲਾਵਾ ਵਿਦੇਸ਼ਾਂ 'ਚ ਭਾਰਤੀ ਮਿਸ਼ਨਾਂ ਵਲੋਂ ਬਣਾਏ ਜਾ ਰਹੀ ਸੂਚੀ ਬਣਾਉਣ 'ਤੇ ਵੀ ਰੋਕ ਲਾ ਦਿੱਤੀ ਹੈ । ਹੁਣ ਇਨ੍ਹਾਂ ਸਿੱਖਾਂ ਨੂੰ ਭਾਰਤ ਆਉਣ ਲਈ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ । 1980 ਦੇ ਦਹਾਕੇ 'ਚ ਭਾਰਤ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਕਈ ਸਿੱਖਾਂ ਨੂੰ ਕਥਿਤ ਤੌਰ 'ਤੇ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਾਮਿਲ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਨਾਂਅ ਦੀ ਕਾਲੀ ਸੂਚੀ ਤਿਆਰ ਕੀਤੀ ਗਈ ਸੀ । ਸੂਚੀ 'ਚ ਜ਼ਿਆਦਾਤਰ ਸਿੱਖਾਂ ਨੇ ਕੈਨੇਡਾ, ਬਰਤਾਨੀਆ ਸਮੇਤ ਕਈ ਬਾਹਰਲੇ ਮੁਲਕਾਂ 'ਚ ਪਨਾਹ ਲਈ ਸੀ । ਬਾਹਰ ਵਸਣ ਵਾਲੇ ਇਨ੍ਹਾਂ ਸਿੱਖਾਂ ਨੂੰ ਵੀਜ਼ਾ ਦੇਣ 'ਚ ਮੁੱਖ ਦਿੱਕਤ ਬਣੀ ਇਹ ਸੂਚੀ ਵਿਦੇਸ਼ਾਂ 'ਚ ਬਣੇ ਭਾਰਤੀ ਮਿਸ਼ਨਾਂ 'ਚ ਬਣਾਉਣ ਦਾ ਪ੍ਰਬੰਧ ਕੀਤਾ ਜਾਂਦਾ ਸੀ । ਹੁਣ ਕੇਂਦਰ ਨੇ ਇਹ ਅਮਲ ਹੀ ਬੰਦ ਕਰ ਦਿੱਤਾ ਹੈ । ਵਿਦੇਸ਼ਾਂ 'ਚ ਸਾਰੇ ਭਾਰਤੀ ਮਿਸ਼ਨਾਂ ਨੂੰ ਹਰ ਤਰ੍ਹਾਂ ਦੇ ਸ਼ਰਨਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਢੁਕਵਾਂ ਵੀਜ਼ਾ ਮੁਹੱਈਆ ਕਰਵਾਇਆ ਜਾਵੇ । ਇਸ ਅਮਲ ਨੂੰ ਹੋਰ ਸੁਖਾਲਾ ਬਣਾਉਣ ਲਈ ਸਰਕਾਰ ਵਲੋਂ ਵਿਦੇਸ਼ਾਂ 'ਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ (ਓ. ਸੀ. ਆਈ.) ਕਾਰਡ ਵੀ ਮੁਹੱਈਆ ਕਰਵਾਏ ਜਾਣਗੇ । ਇਹ ਕਾਰਡ ਸਿਰਫ ਉਨ੍ਹਾਂ ਸ਼ਰਨਾਰਥੀਆਂ ਨੂੰ ਜਾਰੀ ਕੀਤੇ ਜਾਣਗੇ ਜੋ ਲੰਮੇ ਸਮੇਂ ਤੱਕ ਲਈ ਵੀਜ਼ਾ ਲੈ ਸਕਦੇ ਹੋਣਗੇ । ਦੱਸਦੇ ਚਲੀਏ ਓ. ਸੀ. ਆਈ. ਕਾਰਡ ਧਾਰਕ ਭਾਰਤੀ ਮੂਲ ਦੇ ਵਿਅਕਤੀ ਹੁੰਦੇ ਹਨ ਪਰ ਉਨ੍ਹਾਂ ਨੂੰ ਭਾਰਤ 'ਚ ਵੋਟ ਦੇਣ ਦਾ, ਚੋਣ ਲੜਨ ਦਾ ਜਾਂ ਕੋਈ ਸੰਵਿਧਾਨਕ ਅਹੁਦਾ ਲੈਣ ਦਾ ਹੱਕ ਨਹੀਂ ਹੁੰਦਾ ।ਉਹ ਭਾਰਤ 'ਚ ਖੇਤੀਬਾੜੀ ਲਈ ਜ਼ਮੀਨ ਨਹੀਂ ਖਰੀਦ ਸਕਦਾ ਪਰ ਉਸ ਨੂੰ ਪੁਸ਼ਤੈਨੀ ਜ਼ਮੀਨ ਲੈਣ ਦਾ ਹੱਕ ਹੁੰਦਾ ਹੈ । ਓ. ਸੀ. ਆਈ. ਕਾਰਡ ਧਾਰਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤਹਿਤ ਬਿਨਾਂ ਵੀਜ਼ਾ ਤੋਂ ਭਾਰਤ ਯਾਤਰਾ, ਕਾਰੋਬਾਰ ਅਤੇ ਪੜ੍ਹਾਈ ਲਈ ਇਥੇ ਆਉਣ ਦੀ ਸਹੂਲਤ ਸ਼ਾਮਿਲ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ 'ਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਾ ਹੋਣ ਕਾਰਨ ਓ. ਸੀ. ਆਈ. ਕਾਰਡ ਧਾਰਕ ਭਾਰਤੀ ਨਾਗਰਿਕ ਨਹੀਂ ਹੁੰਦਾ ਪਰ ਉਹ ਓ. ਸੀ. ਆਈ. ਕਾਰਡ ਧਾਰਕ ਬਣਨ ਤੋਂ 5 ਸਾਲ ਬਾਅਦ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਦਰਖਾਸਤ ਦੇ ਸਕਦਾ ਹੈ । ਫਿਲਹਾਲ ਕੇਂਦਰ ਵਲੋਂ ਲਏ ਫੈਸਲੇ ਮੁਤਾਬਿਕ ਸਬੰਧਿਤ ਸਿੱਖ ਦੋ ਸਾਲ ਦੇ ਵੀਜ਼ੇ ਲਈ ਦਰਖਾਸਤ ਦੇਣ ਅਤੇ ਹਾਸਲ ਕਰਨ ਤੋਂ ਬਾਅਦ ਹੀ ਉਹ ਓ. ਸੀ. ਆਈ. ਕਾਰਡ ਲਈ ਰਜਿਸਟਰ ਕਰਵਾ ਸਕਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਵਲੋਂ ਸਵਾਗਤ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਸੂਬਾ ਸਰਕਾਰ ਵਲੋਂ ਸੂਚੀ ਰੱਦ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਕੁੱਲ ਮਿਲਾ ਕੇ ਮੰਨ ਲਿਆ ਹੈ, ਜਿਸ ਨਾਲ ਵਿਦੇਸ਼ਾਂ 'ਚ ਵਸਦੇ ਸਿੱਖ ਭਾਰਤ 'ਚ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਯੋਗ ਵੀਜ਼ਾ ਸੇਵਾਵਾਂ ਹਾਸਲ ਕਰਨ ਲਈ ਯੋਗ ਹੋਣਗੇ ਅਤੇ ਆਪਣੀਆਂ ਜੜ੍ਹਾਂ ਨਾਲ ਜੁੜ ਸਕਣਗੇ ।

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਨਰੀਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਵਲੋਂ ਕੀਤੇ ਯਤਨਾਂ ਦਾ ਨਤੀਜਾ ਹੈ, ਜੋ ਇਸ ਮੁੱਦੇ ਨੂੰ ਲਗਾਤਾਰ ਕੇਂਦਰ ਸਰਕਾਰ ਕੋਲ ਉਠਾ ਰਹੇ ਸਨ | ਉਨ੍ਹਾਂ ਕਿਹਾ ਕਿ ਇਸ ਸੂਚੀ ਵਿਚ ਸਿਰਫ਼ ਦੋ ਨਾਂਅ ਰਹਿ ਗਏ ਹਨ, ਜੋ ਕਿ ਪੰਜਾਬ ਦੇ ਵਿਅਕਤੀਆਂ ਦੇ ਨਹੀਂ ਹਨ | 

 

ਖਤਮ ਕੀਤੇ ਨਾਮਾ ਦੀ ਪੂਰੀ ਸੂਚੀ ਜਨਤਕ ਕੀਤੀ ਜਾਵੇ-ਜੀ.ਕੇ.

ਦਿੱਲੀ-ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਾਲੀ ਸੂਚੀ ਲਗਪਗ ਖ਼ਤਮ ਕੀਤੇ ਜਾਣ ਦਾ ਸਵਾਗਤ ਕੀਤੇ ਜਾਣ ਦੇ ਨਾਲ ਹੀ ਸਰਕਾਰ ਪਾਸੋਂ ਪੂਰੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ ਹੈ । ਜੀ.ਕੇ. ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਦਿੱਲੀ ਹਾਈ ਕੋਰਟ 'ਚ ਕਾਲੀ ਸੂਚੀ ਦੇ ਖ਼ਾਤਮੇ ਲਈ 2015 'ਚ ਪਟੀਸ਼ਨ ਵੀ ਦਾਖ਼ਲ ਕੀਤੀ ਸੀ, ਜਿਸ 'ਚ ਸਮੇਂ-ਸਮੇਂ 'ਤੇ ਸਰਕਾਰ ਵਲੋਂ ਦਾਖ਼ਲ ਕੀਤੇ ਜਵਾਬਾਂ 'ਚ ਦੱਸਿਆ ਗਿਆ ਕਿ ਜ਼ਿਆਦਾਤਰ ਨਾਂਅ ਕਾਲੀ ਸੂਚੀ 'ਚੋਂ ਹਟਾ ਦਿੱਤੇ ਹਨ ।

 

 ਸਰਕਾਰ ਦਾ ਵਧੀਆ ਫੈਸਲਾ,ਸਿੱਖਾਂ ਲਈ ਵੱਡੀ ਰਾਹਤ-ਸਿਰਸਾ

 ਦਿੱਲੀ-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਅਜਿਹੇ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਨ੍ਹਾਂ ਦਾ ਨਾਂਅ ਕਾਂਗਰਸ ਸਰਕਾਰਾਂ ਖਿਲਾਫ਼ ਬੋਲਣ ਕਰਕੇ ਕਾਲੀ ਸੂਚੀ 'ਚ ਪਾ ਦਿੱਤਾ ਗਿਆ ਸੀ । ਸਿਰਸਾ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ ।ਜੋ ਕੇ ਇਕ ਬਹੁਤ ਵਧੀਆ ਫੈਸਲਾ ਹੋ ਨਿਬੜਿਆ ਹੈ।

ਦੇਰ ਆਏ ਦਰੁਸਤ ਆਏ'-ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਫ਼ੈਸਲੇ 'ਤੇ 'ਦੇਰ ਆਏ ਦਰੁਸਤ ਆਏ' ਕਹਿੰਦਿਆਂ ਤਸਲੀ ਪ੍ਰਗਟਾਈ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਹੁਣ ਪੰਜਾਬ ਦੇ ਕਾਲੇ ਦੌਰ ਦੌਰਾਨ ਵਿਦੇਸ਼ਾਂ 'ਚ ਪਨਾਹ ਲੈਣ ਲਈ ਮਜਬੂਰ ਹੋਏ ਸਿੱਖਾਂ ਦੀ ਵਿਵਾਦਿਤ 'ਕਾਲੀ ਸੂਚੀ' ਦੇ ਮੁਕੰਮਲ ਖ਼ਤਮੇ ਨੂੰ ਅਮਲੀ ਰੂਪ ਦੇਣ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ਾਂ 'ਚ ਲੰਮੇ ਸਮੇਂ ਤੋਂ ਰਹਿ ਰਹੇ ਸਿੱਖਾਂ ਨੂੰ ਆਪਣੇ ਦੇਸ਼ ਆਉਣ ਅਤੇ ਆਪਣੇ ਪਰਿਵਾਰਾਂ ਨੂੰ ਮਿਲਣ ਦਾ ਰਾਹ ਪੱਧਰਾ ਹੋਇਆ ਹੈ। 

ਬਹੁਤ ਮਹੱਤਵਪੂਰਨ ਅਤੇ ਸ਼ਲਾਘਾਯੋਗ ਫ਼ੈਸਲਾ-ਭਾਈ ਲੌਗੋਵਾਲ

ਅੰਮਿ੍ਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਵਾਗਤ ਕੀਤਾ ਹੈ । ਉਨ੍ਹਾਂ ਆਖਿਆ ਕਿ ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ, ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਅੰਦਰ ਖ਼ੁਸ਼ੀ ਦੀ ਲਹਿਰ ਹੈ । ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਪ੍ਰਭਾਵਿਤ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ । 

 

ਤਖ਼ਤ ਹਜ਼ੂਰ ਸਾਹਿਬ ਦਾ 61 ਕਰੋੜ ਦਾ ਕਰਜ਼ਾ ਮੁਆਫ਼

ਨਵੀਂ ਦਿੱਲੀ,  ਸਤੰਬਰ 2019- ਸਿੱਖ ਸੰਗਤ ਦੀ ਬੇਨਤੀ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਤਖ਼ਤ ਹਜ਼ੂਰ ਸਾਹਿਬ ਨੂੰ 2008 ਵਿੱਚ ਦਿੱਤੇ ਗਏ 61 ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰ ਦਿੱਤਾ ਹੈ। ਇਸ ਰਕਮ ਨੂੰ ਸੂਬਾ ਸਰਕਾਰ ਨੇ ਕਰਜ਼ਾ ਮੰਨ ਲਿਆ ਸੀ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਤੇ ਨਾਂਦੇੜ ਦੇ ਸੰਸਦ ਮੈਂਬਰ ਪ੍ਰਤਾਪ ਰਾਓ ਪਾਟਿਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਵਨਵੀਸ ਨੂੰ ਕਰਜ਼ਾ ਮੁਆਫ਼ ਕਰਨ ਬਾਰੇ ਬੇਨਤੀ ਕੀਤੀ ਸੀ। ਦੱਸਣਸੋਗ ਹੈ ਕਿ 2008 ਵਿੱਚ ਮਨਾਏ ਗਏ 300 ਸਾਲਾ ਗੁਰਗੱਦੀ ਦਿਵਸ ਮੌਕੇ ਡਾ. ਪੀ.ਐੱਸ. ਪਸਰੀਚਾ (ਰਿਟਾ. ਡੀਜੀਪੀ) ਚੇਅਰਮੈਨ ਗੁਰਦੁਆਰਾ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਨੂੰ 61 ਕਰੋੜ ਰੁਪਏ ਵਿਕਾਸ ਲਈ ਦਿੱਤੇ ਗਏ ਸਨ, ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਕਰਜ਼ੇ ਦੇ ਰੂਪ ਵਿਚ ਦਿਖਾਇਆ। ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਵਲੋਂ ਕਈ ਸਾਲਾਂ ਤੋਂ ਸਰਕਾਰ ਨਾਲ ਪੱਤਰ-ਵਿਹਾਰ ਕੀਤੇ ਗਏ ਪ੍ਰੰਤੂ ਸਰਕਾਰ ਨੇ ਇਸ ਕਰਜ਼ੇ ਨੂੰ ਮੁਆਫ਼ ਨਹੀਂ ਕੀਤਾ ਸੀ। ਕੁਝ ਸਮਾਂ ਪਹਿਲਾਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਇਸ ਕਰਜ਼ੇ ਨੂੰ ਮੁਆਫ਼ ਕਰਨ ਦਾ ਭਰੋਸਾ ਦਿੱਤਾ ਸੀ। ਦੱਸਣਯੋਗ ਹੈ ਕਿ ਇਹ ਰਾਸ਼ੀ ਤਖ਼ਤ ਸਾਹਿਬ ਦੇ ਵਿਕਾਸ ’ਤੇ ਨਹੀਂ ਲਗਾਈ ਗਈ ਬਲਕਿ ਸਾਰੀ ਰਾਸ਼ੀ ਤਖ਼ਤ ਸਾਹਿਬ ਦੇ ਬਾਹਰ ਵਿਕਾਸ ਉੱਪਰ ਲਗਾਈ ਗਈ। ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਆਪਣੇ ਵਲੋਂ ਦਿੱਤੇ ਭਰੋਸਾ ਨੂੰ ਪੂਰਾ ਕਰ ਦਿੱਤਾ ਹੈ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ, ਸਮੂਹ ਪੰਜ ਪਿਆਰੇ, ਬੋਰਡ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸਮੂਹ ਮੈਂਬਰਾਂ ਦੇ ਨਾਲ ਸੰਗਤ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ।

ਤਖ਼ਤ ਹਜ਼ੂਰ ਸਾਹਿਬ ਦਾ 61 ਕਰੋੜ ਦਾ ਕਰਜ਼ਾ ਮੁਆਫ਼

ਨਵੀਂ ਦਿੱਲੀ,  ਸਤੰਬਰ 2019-
ਸਿੱਖ ਸੰਗਤ ਦੀ ਬੇਨਤੀ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਤਖ਼ਤ ਹਜ਼ੂਰ ਸਾਹਿਬ ਨੂੰ 2008 ਵਿੱਚ ਦਿੱਤੇ ਗਏ 61 ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰ ਦਿੱਤਾ ਹੈ। ਇਸ ਰਕਮ ਨੂੰ ਸੂਬਾ ਸਰਕਾਰ ਨੇ ਕਰਜ਼ਾ ਮੰਨ ਲਿਆ ਸੀ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਤੇ ਨਾਂਦੇੜ ਦੇ ਸੰਸਦ ਮੈਂਬਰ ਪ੍ਰਤਾਪ ਰਾਓ ਪਾਟਿਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਵਨਵੀਸ ਨੂੰ ਕਰਜ਼ਾ ਮੁਆਫ਼ ਕਰਨ ਬਾਰੇ ਬੇਨਤੀ ਕੀਤੀ ਸੀ। ਦੱਸਣਸੋਗ ਹੈ ਕਿ 2008 ਵਿੱਚ ਮਨਾਏ ਗਏ 300 ਸਾਲਾ ਗੁਰਗੱਦੀ ਦਿਵਸ ਮੌਕੇ ਡਾ. ਪੀ.ਐੱਸ. ਪਸਰੀਚਾ (ਰਿਟਾ. ਡੀਜੀਪੀ) ਚੇਅਰਮੈਨ ਗੁਰਦੁਆਰਾ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਨੂੰ 61 ਕਰੋੜ ਰੁਪਏ ਵਿਕਾਸ ਲਈ ਦਿੱਤੇ ਗਏ ਸਨ, ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਕਰਜ਼ੇ ਦੇ ਰੂਪ ਵਿਚ ਦਿਖਾਇਆ। ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਵਲੋਂ ਕਈ ਸਾਲਾਂ ਤੋਂ ਸਰਕਾਰ ਨਾਲ ਪੱਤਰ-ਵਿਹਾਰ ਕੀਤੇ ਗਏ ਪ੍ਰੰਤੂ ਸਰਕਾਰ ਨੇ ਇਸ ਕਰਜ਼ੇ ਨੂੰ ਮੁਆਫ਼ ਨਹੀਂ ਕੀਤਾ ਸੀ। ਕੁਝ ਸਮਾਂ ਪਹਿਲਾਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਇਸ ਕਰਜ਼ੇ ਨੂੰ ਮੁਆਫ਼ ਕਰਨ ਦਾ ਭਰੋਸਾ ਦਿੱਤਾ ਸੀ। ਦੱਸਣਯੋਗ ਹੈ ਕਿ ਇਹ ਰਾਸ਼ੀ ਤਖ਼ਤ ਸਾਹਿਬ ਦੇ ਵਿਕਾਸ ’ਤੇ ਨਹੀਂ ਲਗਾਈ ਗਈ ਬਲਕਿ ਸਾਰੀ ਰਾਸ਼ੀ ਤਖ਼ਤ ਸਾਹਿਬ ਦੇ ਬਾਹਰ ਵਿਕਾਸ ਉੱਪਰ ਲਗਾਈ ਗਈ। ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਆਪਣੇ ਵਲੋਂ ਦਿੱਤੇ ਭਰੋਸਾ ਨੂੰ ਪੂਰਾ ਕਰ ਦਿੱਤਾ ਹੈ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ, ਸਮੂਹ ਪੰਜ ਪਿਆਰੇ, ਬੋਰਡ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸਮੂਹ ਮੈਂਬਰਾਂ ਦੇ ਨਾਲ ਸੰਗਤ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ।

ਕਰਤਾਰਪੁਰ ਲਾਂਘੇ ਬਾਰੇ ਪਾਕਿ-ਭਾਰਤ ਦੇ ਬਕਾਇਆ ਮੁੱਦਿਆਂ ਦੀ ਰੂਪ ਰੇਖਾ

ਅੰਮ੍ਰਿਤਸਰ,  ਸਤੰਬਰ 2019 - (ਸਤਪਾਲ ਸਿੰਘ ਦੇਹੜਕਾ  )-

ਬੀਤੇ ਦਿਨ ਅਟਾਰੀ 'ਚ ਬੀ. ਐਸ. ਐਫ਼. ਦੇ ਜੁਆਇੰਟ ਚੈੱਕ ਪੋਸਟ (ਜੇ. ਸੀ. ਪੀ.) ਕਾਨਫ਼ਰੰਸ ਹਾਲ 'ਚ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਤਕਨੀਕੀ ਸੁਰੱਖਿਆ ਤੇ ਹੋਰਨਾਂ ਮੁੱਦਿਆਂ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਬਾਰੇ ਰੱਖੀ ਬੈਠਕ 'ਚ ਬੇਮਤਲਬ ਮੁੱਦਿਆਂ 'ਤੇ ਭਾਰਤ ਤੇ ਪਾਕਿਸਤਾਨ ਵਲੋਂ ਅਸਹਿਮਤੀ ਜਤਾਈ ਗਈ ਹੈ। ਉਕਤ ਬੈਠਕ 'ਚ ਜਿੱਥੇ ਭਾਰਤ ਨੇ ਪਾਕਿਸਤਾਨ ਵਲੋਂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ 20 ਡਾਲਰ ਦੀ ਯਾਤਰਾ ਫ਼ੀਸ ਲੈਣ 'ਤੇ ਵਿਰੋਧ ਜਤਾਇਆ, ਉੱਥੇ ਹੀ ਪਾਕਿ ਅਧਿਕਾਰੀਆਂ ਨੇ ਲਾਂਘੇ ਰਾਹੀਂ ਪਾਕਿ ਜਾਣ ਵਾਲੇ ਜਥੇ ਨਾਲ ਭਾਰਤੀ ਪ੍ਰੋਟੋਕੋਲ ਅਧਿਕਾਰੀਆਂ ਦੇ ਭੇਜੇ ਜਾਣ ਦੀ ਸ਼ਰਤ 'ਤੇ ਇਤਰਾਜ਼ ਪ੍ਰਗਟ ਕੀਤਾ। ਪਾਕਿ ਸਰਕਾਰ ਵਲੋਂ ਯਾਤਰਾ ਫ਼ੀਸ ਦੇ ਮਾਮਲੇ ਨੂੰ ਲੈ ਕੇ ਕੁਝ ਭਾਰਤੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਅੱਜ ਵਿਰੋਧ ਜ਼ਾਹਰ ਕੀਤਾ, ਹਾਲਾਂਕਿ ਵਿਚਾਰਨਯੋਗ ਗੱਲ ਇਹ ਹੈ ਕਿ ਜਦੋਂ ਤੋਂ ਪਾਕਿਸਤਾਨ ਸਰਕਾਰ ਵਲੋਂ ਗੁਰਪੁਰਬ ਤੇ ਹੋਰਨਾਂ ਧਾਰਮਿਕ ਦਿਹਾੜਿਆਂ ਮੌਕੇ ਪਾਕਿ ਸਥਿਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਲਈ ਖੁੱਲ੍ਹ ਦਿੱਤੀ ਗਈ ਹੈ ਉਦੋਂ ਤੋਂ ਹੀ ਪ੍ਰਤੀ ਯਾਤਰੂ ਪਾਸੋਂ ਪਹਿਲਾਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਯਾਤਰਾ (ਵੀਜ਼ਾ) ਫ਼ੀਸ ਤੇ ਉਸ ਦੇ ਬਾਅਦ ਵਾਹਗਾ ਪਹੁੰਚਣ 'ਤੇ ਪਾਕਿਸਤਾਨ ਰੇਲਵੇ ਵਲੋਂ ਯਾਤਰਾ ਦਾ ਖ਼ਰਚ ਪ੍ਰਤੀ ਯਾਤਰੂ ਪਾਸੋਂ 1850 ਰੁਪਏ ਲਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਦੇ ਵੀ ਕਿਸੇ ਯਾਤਰੂ, ਜਥੇਬੰਦੀ ਜਾਂ ਸਰਕਾਰ ਵਲੋਂ ਬੇਲੋੜਾ ਇਤਰਾਜ਼ ਦਾਇਰ ਨਹੀਂ ਕੀਤਾ ਗਿਆ। ਮੌਜੂਦਾ ਸਮੇਂ ਪਾਕਿ ਹਾਈ ਕਮਿਸ਼ਨ ਵਲੋਂ ਹਰੇਕ ਭਾਰਤੀ ਯਾਤਰੂ ਪਾਸੋਂ 125 ਰੁਪਏ ਵੀਜ਼ਾ ਫ਼ੀਸ ਲਈ ਜਾ ਰਹੀ ਹੈ, ਜਦਕਿ ਯਾਤਰਾ ਕਰਵਾਉਣ ਵਾਲੀਆਂ ਕੁਝ ਜਥੇਬੰਦੀਆਂ ਵਲੋਂ ਉਕਤ ਨਿਰਧਾਰਿਤ ਵੀਜ਼ਾ ਫ਼ੀਸ ਤੋਂ 4 ਤੋਂ 10 ਗੁਣਾ ਜਾਂ ਕੁਝ ਵਲੋਂ ਇਸ ਤੋਂ ਵੀ ਵਧੇਰੇ ਖ਼ਰਚ ਲਿਆ ਜਾ ਰਿਹਾ ਹੈ। ਪਾਕਿਸਤਾਨ ਦਾ ਤਰਕ ਹੈ ਕਿ ਉਸ ਵਲੋਂ ਜੋ ਯਾਤਰਾ ਫ਼ੀਸ ਦੀ ਗੱਲ ਕਹੀ ਗਈ ਹੈ ਉਹ ਲਾਂਘੇ ਦੇ ਰੱਖ-ਰਖਾਅ ਆਦਿ ਖ਼ਰਚਿਆਂ ਲਈ ਹੈ। ਸੰਭਵ ਹੈ ਇਸ 'ਚ ਯਾਤਰਾ ਦੌਰਾਨ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਬੱਸਾਂ ਦਾ ਕਿਰਾਇਆ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਮਾਮਲੇ ਨੂੰ ਤੂਲ ਦੇਣ ਦੀ ਬਜਾਏ ਭਾਰਤ ਸਰਕਾਰ ਜਾਂ ਸਿੱਖ ਜਥੇਬੰਦੀਆਂ ਨੂੰ ਪਾਕਿ ਨੂੰ ਇਸ ਖ਼ਰਚ ਨੂੰ ਘੱਟ ਕਰਨ ਲਈ ਮਨਾਉਣਾ ਚਾਹੀਦਾ ਹੈ, ਜਿਸ ਨਾਲ ਕਿਸੇ ਯਾਤਰੂ 'ਤੇ ਵਾਧੂ ਆਰਥਿਕ ਬੋਝ ਨਾ ਪਵੇ। ਇਸੇ ਤਰ੍ਹਾਂ ਭਾਰਤੀ ਜਥੇ ਨਾਲ ਪਾਕਿਸਤਾਨ ਪ੍ਰੋਟੋਕੋਲ ਭੇਜਣ ਦੀ ਸ਼ਰਤ 'ਤੇ ਪਾਕਿਸਤਾਨ ਅਧਿਕਾਰੀਆਂ ਦਾ ਇਤਰਾਜ਼ ਦਾਇਰ ਕਰਨਾ ਵੀ ਬੇ-ਅਰਥ ਹੈ, ਕਿਉਂਕਿ ਪਾਕਿ ਵਲੋਂ ਪਾਕਿਸਤਾਨੀ ਨਾਗਰਿਕਾਂ ਦੇ ਆਉਣ ਵਾਲੇ ਜਥੇ ਨਾਲ ਪਾਕਿ ਪ੍ਰੋਟੋਕੋਲ ਅਧਿਕਾਰੀ ਤੇ ਭਾਰਤ ਵਲੋਂ ਪਾਕਿ ਜਾਣ ਵਾਲੇ ਹਿੰਦੂ-ਸਿੱਖ ਜਥਿਆਂ ਨਾਲ ਭਾਰਤੀ ਪ੍ਰੋਟੋਕੋਲ ਅਧਿਕਾਰੀ ਲਗਪਗ ਆਰੰਭ ਤੋਂ ਜਾਂਦੇ ਰਹੇ ਹਨ। ਸਿੱਖ ਬੁੱਧੀਜੀਵੀ ਤੇ ਚਿੰਤਕਾਂ ਨੇ ਇਸ ਮਾਮਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਸੁਝਾਅ ਦਿੱਤਾ ਹੈ ਕਿ ਅਜਿਹੇ ਮੁੱਦਿਆਂ ਨੂੰ ਲਟਕਾਉਣ ਦੀ ਬਜਾਏ ਤੁਰੰਤ ਇਨ੍ਹਾਂ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉੱਧਰ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਦਾ ਵੀ ਕਹਿਣਾ ਹੈ ਕਿ ਬੈਠਕ ਦੌਰਾਨ ਦੋਵਾਂ ਧਿਰਾਂ ਦੀ 80 ਫ਼ੀਸਦੀ ਮੁੱਦਿਆਂ 'ਤੇ ਸਹਿਮਤੀ ਬਣ ਚੁੱਕੀ ਹੈ ਤੇ ਜਲਦ ਹੀ ਬਾਕੀ ਮੁੱਦੇ ਵੀ ਸੁਲਝਾ ਲਏ ਜਾਣਗੇ। ਪਾਕਿ ਨੇ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਲਈ ਸਰਹੱਦ ਦੇ ਪਾਕਿਸਤਾਨੀ ਪਾਸੇ ਭਾਰਤੀ ਧਿਰ ਨੂੰ ਅੰਤਿਮ ਬੈਠਕ ਲਈ ਸੱਦਾ ਦਿੱਤਾ ਹੈ।

ਔਰਤਾਂ ਨੇ ਭਾਰਤ ’ਚ ਵਧਾਈ ਸ਼ਰਾਬ ਦੀ ਖਪਤ

ਨਵੀਂ ਦਿੱਲੀ,  ਸਤੰਬਰ 2019- 

ਹੁਣ ਪਹਿਲਾਂ ਨਾਲੋਂ ਜ਼ਿਆਦਾ ਔਰਤਾਂ ਸ਼ਰਾਬ ਪੀ ਰਹੀਆਂ ਹਨ ਤੇ ਔਰਤਾਂ ਹੁਣ ਜ਼ਿਆਦਾ ਸ਼ਰਾਬ ਪੀ ਰਹੀਆਂ ਨੇ’- ਦਿੱਲੀ ਵਿਚਲੀਆਂ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਕੀਤਾ ਗਿਆ ਇਕ ਸਰਵੇਖਣ ਇਨ੍ਹਾਂ ਪੱਖਾਂ ਦੁਆਲੇ ਹੀ ਘੁੰਮਦਾ ਹੈ। ਖੁਸ਼ਹਾਲ ਹੋਣਾ, ਉਮੀਦਾਂ ਤੇ ਸਮਾਜ ਦਾ ਬੋਝ ਤੇ ਬਿਲਕੁਲ ਵੱਖਰੇ ਢੰਗ ਦਾ ਰਹਿਣਾ-ਸਹਿਣਾ ਔਰਤਾਂ ਨੂੰ ਸ਼ਰਾਬ ਨਾਲ ਤਜਰਬੇ ਕਰਨ ਵੱਲ ਖਿੱਚ ਰਿਹਾ ਹੈ। ਇਹ ਸਰਵੇਖਣ ਦਿੱਲੀ ਵਿਚ 18 ਤੋਂ 70 ਸਾਲ ਤੱਕ ਦੀਆਂ ਕਰੀਬ 5,000 ਔਰਤਾਂ ’ਤੇ ‘ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵਿੰਗ’ ਵੱਲੋਂ ਕੀਤਾ ਗਿਆ ਹੈ। ਸ਼ਰਾਬ ਸੇਵਨ ਦੇ ਮਾਮਲੇ ਵਿਚ ਭਾਰਤ ਪਹਿਲਾਂ ਹੀ ਦੁਨੀਆ ’ਚ ਨੰਬਰ ਇਕ ਹੈ ਤੇ ਭਾਰਤੀਆਂ ਦੀ ਸ਼ਰਾਬ ਲਈ ਮੁਹੱਬਤ ਵਧਦੀ ਹੀ ਜਾ ਰਹੀ ਹੈ। ਸਰਵੇਖਣ ਕਰਨ ਵਾਲੇ ਸੰਗਠਨ ਮੁਤਾਬਕ ਭਾਰਤੀਆਂ ਵਿਚ ਸ਼ਰਾਬ ਸੇਵਨ 2005 ਵਿਚ 2.4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੋਂ ਲੈ ਕੇ 2016 ਵਿਚ 5.7 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਵੱਧ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ 2010-17 ਤੱਕ ਭਾਰਤ ਵਿਚ ਸ਼ਰਾਬ ਸੇਵਨ 38 ਫ਼ੀਸਦ ਵਧਿਆ ਹੈ। ਇਸ ਵਾਧੇ ਵਿਚ ਔਰਤਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ।
ਇਹ ਸਰਵੇਖਣ ਮੌਜੂਦਾ ਸੇਵਨ, ਖ਼ਰਚਿਆਂ, ਪੀਣ ਦੀਆਂ ਆਦਤਾਂ ਤੇ ਥਾਵਾਂ ਦੇ ਨੁਕਤਿਆਂ ਤੋਂ ਕੀਤਾ ਗਿਆ ਹੈ। ਰਵਾਇਤੀ ਤੌਰ ’ਤੇ ਇਸ ਤੋਂ ਪਹਿਲਾਂ ਦਹਾਕਿਆਂ ਤੱਕ ਸ਼ਰਾਬ ਤੋਂ ਦੂਰ ਰਹਿਣ ਵਾਲੀਆਂ ਭਾਰਤੀ ਔਰਤਾਂ ਦੀ ਸ਼ਰਾਬ ਬਾਜ਼ਾਰ ਵਿਚ ਹਿੱਸੇਦਾਰੀ ਅਗਲੇ ਪੰਜ ਸਾਲਾਂ ਦੌਰਾਨ 25 ਫ਼ੀਸਦ ਤੱਕ ਵਧਣ ਦੀ ਸੰਭਾਵਨਾ ਹੈ। ਇਸ ਲਈ ਭਾਰਤ ਸਰਕਾਰ ਦੇ ‘ਸੈਂਟਰ ਫਾਰ ਅਲਕੋਹਲ ਸਟੱਡੀਜ਼’ ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸੰਗਠਨ ਮੁਤਾਬਕ ਫ਼ਿਲਮਾਂ ਤੇ ਟੀਵੀ ਵੀ ਇਸ ਵਰਤਾਰੇ ਵਿਚ ਵੱਡਾ ਯੋਗਦਾਨ ਦੇ ਰਹੇ ਹਨ।
ਏਮਜ਼ ਦੀ ਰਿਪੋਰਟ ਮੁਤਾਬਕ ਦਿੱਲੀ ਵਿਚ ਕਰੀਬ 15 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਸ ਦਾ ਕਾਰਨ ਹੈ ਕਿ ਜ਼ਿਆਦਾਤਰ ਸਮਾਜਿਕ ਗਤੀਵਿਧੀਆਂ ਸ਼ਰਾਬ ਦੁਆਲੇ ਘੁੰਮਦੀਆਂ ਹਨ ਤੇ ਗੱਲਬਾਤ ਦੌਰਾਨ ਇਸ ਦੇ ਸੇਵਨ ਨੂੰ ਲੋਕ ਚੰਗਾ ਵੀ ਸਮਝਦੇ ਹਨ। ਇਸ ਤੋਂ ਇਲਾਵਾ ਜਦ ਹਰ ਕੋਈ ਪੀ ਰਿਹਾ ਹੁੰਦਾ ਹੈ ਤਾਂ ਇਹ ਕੋਈ ਸਮੱਸਿਆ ਨਹੀਂ ਜਾਪਦੀ।
ਕਈ ਫ਼ਿਲਮਾਂ ਤੇ ਟੀਵੀ ਸ਼ੋਅਜ਼ ਵਿਚ ਦਿਖਾਇਆਂ ਜਾਂਦਾ ਹੈ ਕਿ ਸ਼ਰਾਬ ਵਧੀਆ ਮਹਿਸੂਸ ਕਰਵਾਉਂਦੀ ਹੈ ਤੇ ਤਣਾਅ ਅਤੇ ਇਕੱਲਤਾ ਤੋਂ ਵੀ ਰਾਹਤ ਦਿੰਦੀ ਹੈ

ਭਾਰਤੀ ਅਰਥਚਾਰੇ ਦੀ ਹਾਲਤ ਚਿੰਤਾਜਨਕ- ਮਨਮੋਹਨ ਸਿੰਘ Video

ਨਵੀਂ ਦਿੱਲੀ,  ਸਤੰਬਰ 2019- 

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਦੇਸ਼ ਦੇ ਅਰਥਚਾਰੇ ਦੀ ‘ਨਿਘਰਦੀ ਹਾਲਤ’ ਡੂੰਘੀ ਫ਼ਿਕਰਮੰਦੀ ਦਾ ਵਿਸ਼ਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਨੂੰ ਲਾਂਭੇ ਰੱਖਣ ਤੇ ਅਰਥਚਾਰੇ ਨੂੰ ‘ਮਨੁੱਖ ਵੱਲੋਂ ਸਿਰਜੇ ਸੰਕਟ’ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ ਤੇ ਸਿਆਣਪ/ਸਮਝ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਕਰਨ। ਕਾਂਗਰਸੀ ਆਗੂ ਨੇ ਸਾਫ਼ ਕਰ ਦਿੱਤਾ ਕਿ ਅਰਥਚਾਰੇ ਵਿੱਚ ਮੰਦੀ ਲਈ ਮੋਦੀ ਸਰਕਾਰ ਦੀਆਂ ‘ਚਹੁੰ-ਤਰਫ਼ਾ ਕੁਪ੍ਰਬੰਧ’ ਵਾਲੀਆਂ ਨੀਤੀਅਾਂ ਜ਼ਿੰਮੇਵਾਰ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਇਕ ਬਿਆਨ ਵਿੱਚ ਕਿਹਾ, ‘ਅਰਥਚਾਰੇ ਦੀ ਅੱਜ ਹਾਲਤ ਡੂੰਘੀ ਫ਼ਿਕਰਮੰਦੀ ਵਾਲੀ ਹੈ। ਪਿਛਲੀ ਤਿਮਾਹੀ ਵਿੱਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਦੀ ਵਿਕਾਸ ਦਰ ਦਾ 5 ਫੀਸਦ ਰਹਿਣਾ ਇਸ ਗੱਲ ਦਾ ਇਸ਼ਾਰਾ ਹੈ ਕਿ ਮੰਦੀ ਅਜੇ ਲੰਮੇ ਸਮੇਂ ਤਕ ਬਣੀ ਰਹੇਗੀ। ਭਾਰਤ ਇਸ ਤੋਂ ਕਿਤੇ ਵੱਧ ਰਫ਼ਤਾਰ ਨਾਲ ਵਿਕਸਤ ਹੋਣ ਦੀ ਸਮਰੱਥਾ ਰੱਖਦਾ ਹੈ, ਪਰ ਅਰਥਚਾਰੇ ਵਿੱਚ ਆਈ ਮੰਦੀ ਮੋਦੀ ਸਰਕਾਰ ਦੇ ਚਹੁ-ਤਰਫ਼ਾ ਕੁਪ੍ਰਬੰਧ ਦਾ ਨਤੀਜਾ ਹੈ।’ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ ਤੇ ਕਿਰਤੀ/ਮਜ਼ਦੂਰ, ਉੱਦਮੀ ਤੇ ਹਾਸ਼ੀਏ ’ਤੇ ਧੱਕੇ ਵਰਗ ਇਸ ਤੋਂ ਬਿਹਤਰ ਸੇਵਾਵਾਂ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਮੰਦੀ ਦੇ ਰਾਹ ਹੋਰ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ, ‘ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਬਦਲੇਖੋਰੀ ਦੀ ਸਿਆਸਤ ਨੂੰ ਇਕ ਪਾਸੇ ਰੱਖਦਿਆਂ ਸਹੀ ਸੋਚ ਤੇ ਸਮਝ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਸਾਧੇ ਤਾਂ ਕਿ ਸਾਡਾ ਅਰਥਚਾਰਾ ਮਨੁੱਖ ਵੱਲੋਂ ਸਿਰਜੇ ਇਸ ਸੰਕਟ ’ਚੋਂ ਬਾਹਰ ਨਿਕਲ ਸਕੇ।’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਪਾਦਨ ਸੈਕਟਰ ਦੀ ਵਿਕਾਸ ਦਰ ਦਾ 0.6 ਫੀਸਦ ਰਹਿਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ, ‘ਇਸ ਤੋਂ ਇਹ ਤਾਂ ਸਾਫ਼ ਹੈ ਕਿ ਸਾਡਾ ਅਰਥਚਾਰਾ ਨੋਟਬੰਦੀ ਤੇ ਕਾਹਲੀ ਵਿੱਚ ਲਾਗੂ ਕੀਤੇ ਜੀਐਸਟੀ ਜਿਹੀਆਂ ਮਨੁੱਖ ਵੱਲੋਂ ਕੀਤੀਆਂ ਬੱਜਰ ਗ਼ਲਤੀਆਂ ਤੋਂ ਅਜੇ ਤਕ ਉਭਰਨ ਵਿੱਚ ਨਾਕਾਮ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਕਥਿਤ ਤਬਾਹ ਕਰਨ ਦੇ ਨਾਲ, ਉਨ੍ਹਾਂ ਦੀ ਖ਼ੁਦਮੁਖਤਾਰੀ ਨੂੰ ਖੋਰਾ ਲਾਇਆ ਜਾ ਰਿਹੈ। ਸਰਕਾਰ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਭੰਡਾਰਾਂ ’ਚੋਂ 1.76 ਲੱਖ ਕਰੋਡ਼ ਰੁਪਏ ਲੈਣ ਦੀ ਗੱਲ ਕਰਦਿਆਂ ਸਿੰਘ ਨੇ ਕਿਹਾ ਕਿ ਆਰਬੀਆਈ ਦੀ ਖਾਮੋਸ਼ੀ ਇਹ ਰਿਕਾਰਡ ਪੈਸਾ ਸਰਕਾਰ ਨੂੰ ਤਬਦੀਲ ਕਰਨ ਮਗਰੋਂ ਪਰਖੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਰਬੀਆਈ ਕੋਲ ਭੰਡਾਰਾਂ ਦੇ ਮੁੱਕਣ ਮਗਰੋਂ ਆਉਣ ਵਾਲੇ ਸੰਕਟ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਘਰੇਲੂ ਮੰਗ ਵਿੱਚ ਮੰਦੀ ਹੈ ਜਦੋਂਕਿ ਖਪਤ ਦੀ ਦਰ 18 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਉਧਰ ਜੀਡੀਪੀ ਦੀ ਵਿਕਾਸ ਦਰ 15 ਸਾਲ ਵਿੱਚ ਸਭ ਤੋਂ ਘੱਟ ਹੈ। ਸਿੰਘ ਨੇ ਕਿਹਾ, ‘ਟੈਕਸ ਤੋਂ ਮਿਲਣ ਵਾਲੇ ਮਾਲੀਏ ਵਿੱਚ ਵਾਧਾ ਅਜੇ ਵੀ ਬਹੁਤ ਘੱਟ ਹੈ। ਟੈਕਸ ਤੋਂ ਇਕੱਠੇ ਹੋਣ ਵਾਲੇ ਮਾਲੀਏ ਵਿੱਚ ਉਛਾਲ ਦੀ ਜਿਹਡ਼ੀ ਉਮੀਦ ਸੀ, ਉਹ ਨਜ਼ਰ ਨਹੀਂ ਆ ਰਹੀ। ਕਾਰੋਬਾਰੀ ਛੋਟੇ ਹੋਣ ਜਾਂ ਵੱਡੇ…ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ, ਟੈਕਸ ਦਹਿਸ਼ਤ ਵਿੱਚ ਕੋਈ ਕਮੀ ਨਹੀਂ ਆਈ ਹੈ। ਨਿਵੇਸ਼ਕਾਂ ਦਾ ੳੁਤਸ਼ਾਹ ਢਹਿੰਦੀਆਂ ਕਲਾਂ ਵਿੱਚ ਹੈ। ਅਜਿਹੀ ਸਥਿਤੀ ਵਿੱਚ ਆਰਥਿਕ ਮੰਦੀ ’ਚੋਂ ਉਭਰਨਾ ਅਸੰਭਵ ਜਾਪਦਾ ਹੈ।’ ਬਿਨਾਂ ਰੁਜ਼ਗਾਰ ਸਿਰਜਿਅਾਂ ਵਾਧੇ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਸਿਰ ਦੋਸ਼ ਮਡ਼ਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਆਟੋਮੋਬਾਈਲ ਸੈਕਟਰ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦਾ ਰੁਜ਼ਗਾਰ ਖੁੱਸਿਅਾ ਹੈ। ਗੈਰਸੰਗਠਿਤ ਖੇਤਰ ਵਿੱਚ ਵੀ ਵੱਡੇ ਪੱਧਰ ’ਤੇ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ ਤੇ ਇਸ ਨਾਲ ਸਭ ਤੋਂ ਵੱਧ ਨੁਕਸਾਨ ਕਮਜ਼ੋਰ ਵਰਗਾਂ ਦੇ ਲੋਕਾਂ ਦਾ ਹੋਇਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਂਡੂ ਭਾਰਤ ਦੀ ਹਾਲਤ ਵੀ ਬਹੁਤ ਖਰਾਬ ਹੈ ਕਿਉਂਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਵਾਜਬ ਮੁੱਲ ਨਹੀਂ ਮਿਲ ਰਿਹੈ ਤੇ ਪੇਂਡੂ ਖੇਤਰਾਂ ਦੀ ਆਮਦਨ ਘਟੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਹਿੰਗਾਈ ਦਰ ਦੀ ਜਿਸ ਘੱਟ ਦਰ ਦਾ ਪ੍ਰਚਾਰ ਕਰਦੀ ਰਹੀ ਹੈ, ੳੁਸ ਦਾ ਸਭ ਤੋਂ ਵੱਧ ਮਾਡ਼ਾ ਅਸਰ ਕਿਸਾਨਾਂ ਤੇ ਉਨ੍ਹਾਂ ਦੀ ਆਮਦਨ ’ਤੇ ਪਿਆ ਹੈ।

ਆਰਟੀਆਈ- ਸ਼੍ਰੋਮਣੀ ਕਮੇਟੀ ਨੂੰ ਵੇਰਵੇ ਜਨਤਕ ਕਰਨ ਦੇ ਹੁਕਮ

ਵੈਬਸਾਈਟ ਉੱਤੇ ਵੇਰਵੇ ਪਾਉਣ ਲਈ ਦਿੱਤਾ ਇੱਕ ਸਾਲ ਦਾ ਸਮਾਂ

ਚੰਡੀਗੜ੍ਹ,ਸਤੰਬਰ 2019 -(ਸਤਪਾਲ ਸਿੰਘ ਦੇਹੜਕਾ)- ਰਾਜ ਸੂਚਨਾ ਕਮਿਸ਼ਨ ਨੇ ਇਹ ਫੈਸਲਾ ਦਿੱਤਾ ਹੈ ਕਿ ਸੂਚਨਾ ਅਧਿਕਾਰ ਕਾਨੂੰਨ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਸਵੈਇਛੁੱਕ ਤੌਰ ਉੱਤੇ ਸੂਚਨਾ ਵੇਰਵੇ ਦੇਣ ਲਈ ਪਾਬੰਦ ਹੈ। ਰਾਜ ਸੂਚਨਾ ਕਮਿਸ਼ਨ ਦਾ ਇਹ ਹੁਕਮ 2011 ਵਿੱਚ ਦਾਇਰ ਕੀਤੀ ਪਟੀਸ਼ਨ ਦੇ ਤਹਿਤ 22 ਅਗਸਤ 2019 ਨੂੰ ਆਇਆ ਹੈ। ਜ਼ਿਕਰਯੋਗ ਹੈ ਕਿ ਜਦੋਂ ਦਾ ਸੂਚਨਾ ਅਧਿਕਾਰ ਕਾਨੂੰਨ ਲਾਗੂ ਹੋਇਆ ਹੈ, ਉਦੋਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਨਾ ਕਿਸੇ ਕਾਰਨ ਸਵੈਇਛੁੱਕ ਤੌਰ ਉੱਤੇ ਸੂਚਨਾਵਾਂ ਦੇ ਵੇਰਵੇ ਦੇਣ ਤੋਂ ਇਨਕਾਰੀ ਸੀ। ਲੁਧਿਆਣਾ ਦੇ ਵਾਸੀ ਕੁਲਦੀਪ ਸਿੰਘ ਖਹਿਰਾ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਜਨਤਕ ਅਦਾਰਾ ਹੈ ਅਤੇ ਸੂਚਨਾ ਅਧਿਕਾਰ ਕਾਨੂੰਨ ਅਧੀਨ ਆਉਂਦੀ ਹੈ ਪਰ ਸਵੈਇਛੁੱਕ ਤੌਰ ਉੱਤੇ ਆਪਣੀ ਵੈਬਸਾਈਟ ਉੱਤੇ ਸੂਚਨਾ ਨਹੀਂ ਪਾ ਰਹੀ। 22 ਅਗਸਤ ਨੂੰ ਰਾਜ ਸੂਚਨਾ ਕਮਿਸ਼ਨਰ ਅਵਤਾਰ ਸਿੰਘ ਕਲੇਰ ਨੇ ਐੱਸਜੀਪੀਸੀ ਖਾਸ ਕਰਕੇ ਇਸ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਆਰਟੀਆਈ ਕਾਨੂੰਨ ਤਹਿਤ ਜਾਣਕਾਰੀ 31 ਅਗਸਤ 2020 ਤੱਕ ਵੈਬਸਾਈਟ ਉੱਤੇ ਪਾਈ ਜਾਵੇ ਅਤੇ ਇਸ ਤੋਂ ਬਾਅਦ ਕਮਿਸ਼ਨ ਨੂੰ ਇਸ ਕਾਰਜ ਦੀ ਪੂਰਤੀ ਕਰਕੇ ਦੱਸਿਆ ਜਾਵੇ। ਇਹ ਕੇਸ ਸਾਲ 2011 ਵਿੱਚ ਉਦੋਂ ਦਾ ਹੈ ਜਦੋਂ ਕੇਂਦਰੀ ਸੂਚਨਾ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਰਟੀਆਈ ਐਕਟ 2005 ਅਧੀਨ ਐਲਾਨਿਆ ਸੀ। ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਕਮੇਟੀ ਜਨਤਕ ਅਥਾਰਟੀ ਹੋਣ ਕਾਰਨ ਆਪਣਾ ਸਾਰਾ ਰਿਕਾਰਡ ਇਸ ਕਾਨੂੰਨ ਤਹਿਤ ਸੂਚੀਬੱਧ ਤਰੀਕੇ ਨਾਲ ਜਨਤਕ ਕਰਨ ਦੀ ਪਾਬੰਦ ਹੈ। ਸੂਚਨਾ ਕਾਨੂੰਨ ਦੀ ਧਾਰਾ 4 ਇਹ ਯਕੀਨੀ ਬਣਾਉਂਦੀ ਹੈ ਕਿ ਜੋ ਰਿਕਾਰਡ ਢੁੱਕਵਾਂ ਹੈ, ਉਸ ਨੂੰ ਨਿਸਚਿਤ ਸਮੇਂ ਵਿੱਚ ਕਪਿਊਟਰੀਕ੍ਰਿਤ ਕੀਤਾ ਜਾਵੇ ਅਤੇ ਦੇਸ਼ ਭਰ ਵਿੱਚ ਵੱਖ ਵੱਖ ਢੰਗਾਂ ਰਾਹੀਂ ਦੇਸ਼ ਭਰ ਵਿੱਚ ਇੱਕ ਨੈੱਟਵਰਕ ਰਾਹੀਂ ਦਰਸ਼ਕਾਂ ਦੀ ਸਹੂਲਤ ਲਈ ਵੈਬਸਾਈਟ ਉੱਤੇ ਪਾਇਆ ਜਾਵੇ।

ਪ੍ਰਧਾਨ ਮੰਤਰੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ

ਨਵੀਂ ਦਿੱਲੀ, ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਮੇਰੀਆਂ ਸ਼ੁਭਕਾਮਨਾਵਾਂ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਵਿਸ਼ਵ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਤੇ ਸਾਨੂੰ ਸਦਭਾਵਨਾ, ਰਹਿਮ ਤੇ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਦਾ ਸੰਦੇਸ਼ ਦਿੰਦੇ ਹਨ |

ਅੱਜ ਤੋਂ ਮਹਿੰਗਾ ਪਵੇਗਾ ਟ੍ਰੈਫਿਕ ਨਿਯਮ ਤੋੜਨਾ

ਨਵੀਂ ਦਿੱਲੀ, ਸਤੰਬਰ 2019 (ਏਜੰਸੀਆਂ)-ਦੇਸ਼ ਭਰ 'ਚ ਪਹਿਲੀ ਸਤੰਬਰ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ | ਇਨ੍ਹਾਂ 'ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਰਾਸ਼ੀ ਦੇ ਕਈ ਗੁਣਾ ਕੀਤੇ ਜਾਣ ਅਤੇ ਬੈਂਕ ਖਾਤੇ 'ਚੋਂ ਇਕ ਕਰੋੜ ਤੋਂ ਜ਼ਿਆਦਾ ਰਾਸ਼ੀ ਕਢਵਾਉਣ 'ਤੇ ਟੀ.ਡੀ.ਐਸ. ਵਰਗੇ ਕਈ ਬਦਲਾਅ ਹੋ ਜਾਣਗੇ | ਸੜਕ ਹਾਦਸਿਆਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਰਾਸ਼ੀ 'ਚ ਕਈ ਗੁਣਾ ਵਾਧਾ ਕੀਤਾ ਗਿਆ ਹੈ | ਇਸ ਨਿਯਮ ਨਾਲ ਸਬੰਧਿਤ ਬਿੱਲ ਸੰਸਦ ਦੇ ਪਿਛਲੇ ਇਜਲਾਸ 'ਚ ਹੀ ਪਾਸ ਹੋਇਆ ਸੀ | ਜੁਰਮਾਨੇ 'ਚ ਵਾਧਾ ਪਹਿਲੀ ਸਤੰਬਰ ਤੋਂ ਲਾਗੂ ਹੋ ਜਾਵੇਗਾ | ਨਵੇਂ ਨਿਯਮਾਂ ਅਨੁਸਾਰ ਬਿਨਾਂ ਲਾਈਸੈਂਸ ਵਾਹਨ ਚਲਾਉਣ 'ਤੇ ਚਲਾਨ ਰਾਸ਼ੀ ਨੂੰ ਇਕ ਹਜ਼ਾਰ ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਕੀਤਾ ਗਿਆ ਹੈ | ਸ਼ਰਾਬ ਪੀ ਕੇ ਵਾਹਨ ਚਲਾਉਣ 'ਤੇ ਹੁਣ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ | ਪਹਿਲਾਂ ਇਹ ਰਾਸ਼ੀ 2 ਹਜ਼ਾਰ ਰੁਪਏ ਸੀ | ਤੈਅ ਰਫ਼ਤਾਰ ਤੋਂ ਤੇਜ਼ ਵਾਹਨ ਚਲਾਉਣ ਦੇ ਮਾਮਲੇ 'ਚ ਜੁਰਮਾਨਾ ਰਾਸ਼ੀ ਨੂੰ 500 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਕੀਤਾ ਗਿਆ ਹੈ | ਬਿਨਾਂ ਹੈਲਮਟ ਦੇ ਦੁਪਹੀਆ ਵਾਹਨ ਚਲਾਉਣ 'ਤੇ ਇਕ ਹਜ਼ਾਰ ਰੁਪਏ ਜੁਰਮਾਨਾ ਅਤੇ ਤਿੰਨ ਮਹੀਨੇ ਲਈ ਲਾਈਸੈਂਸ ਜ਼ਬਤ ਕੀਤਾ ਜਾ ਸਕਦਾ ਹੈ | ਚਾਲੂ ਵਿੱਤੀ ਸਾਲ ਦੇ ਆਮ ਬਜਟ 'ਚ ਇਸ ਸਾਲ ਦੌਰਾਨ ਇਕ ਕਰੋੜ ਤੋਂ ਜ਼ਿਆਦਾ ਦੀ ਨਕਦ ਰਾਸ਼ੀ ਕਢਵਾਉਣ 'ਤੇ 2 ਫ਼ੀਸਦੀ ਟੀ.ਡੀ.ਐਸ. ਲਗਾਇਆ ਜਾਵੇਗਾ | ਭਾਰਤੀ ਰੇਲਵੇ ਖੁਰਾਕ ਅਤੇ ਸੈਰ ਸਪਾਟਾ ਨਿਗਮ (ਆਈ.ਆਰ. ਸੀ.ਟੀ.ਸੀ.) ਤੋਂ ਭਾਰਤੀ ਰੇਲਵੇ ਲਈ ਟਿਕਟ ਬੁਕਿੰਗ ਪੋਰਟਲ ਤੋਂ ਆਨਲਾਈਨ ਟਿਕਟ ਬੁੱਕ ਕਰਾਉਣ 'ਤੇ ਸੇਵਾ ਕਰ ਅਦਾ ਕਰਨਾ ਪਵੇਗਾ | ਹੁਣ ਤੱਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਲੈਣ-ਦੇਣ 'ਤੇ ਖਾਤਾਧਾਰਕ ਦੇ ਬੈਂਕ ਨੂੰ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨਾ ਹੁੰਦਾ ਸੀ ਪਰ ਹੁਣ ਕਰ ਪ੍ਰਣਾਲੀ ਦੀ ਜਾਂਚ ਲਈ ਖਾਤਾਧਾਰਕ ਦੇ ਬੈਂਕ ਤੋਂ ਘੱਟ ਰਾਸ਼ੀ ਵਾਲੇ ਲੈਣ-ਦੇਣ ਦੇ ਸਬੰਧ 'ਚ ਵੀ ਜਾਣਕਾਰੀ ਮੰਗੀ ਜਾ ਸਕਦੀ ਹੈ |