ਨਵੀਂ ਦਿੱਲੀ, ਸਤੰਬਰ 2019-
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਦੇਸ਼ ਦੇ ਅਰਥਚਾਰੇ ਦੀ ‘ਨਿਘਰਦੀ ਹਾਲਤ’ ਡੂੰਘੀ ਫ਼ਿਕਰਮੰਦੀ ਦਾ ਵਿਸ਼ਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਨੂੰ ਲਾਂਭੇ ਰੱਖਣ ਤੇ ਅਰਥਚਾਰੇ ਨੂੰ ‘ਮਨੁੱਖ ਵੱਲੋਂ ਸਿਰਜੇ ਸੰਕਟ’ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ ਤੇ ਸਿਆਣਪ/ਸਮਝ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਕਰਨ। ਕਾਂਗਰਸੀ ਆਗੂ ਨੇ ਸਾਫ਼ ਕਰ ਦਿੱਤਾ ਕਿ ਅਰਥਚਾਰੇ ਵਿੱਚ ਮੰਦੀ ਲਈ ਮੋਦੀ ਸਰਕਾਰ ਦੀਆਂ ‘ਚਹੁੰ-ਤਰਫ਼ਾ ਕੁਪ੍ਰਬੰਧ’ ਵਾਲੀਆਂ ਨੀਤੀਅਾਂ ਜ਼ਿੰਮੇਵਾਰ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਇਕ ਬਿਆਨ ਵਿੱਚ ਕਿਹਾ, ‘ਅਰਥਚਾਰੇ ਦੀ ਅੱਜ ਹਾਲਤ ਡੂੰਘੀ ਫ਼ਿਕਰਮੰਦੀ ਵਾਲੀ ਹੈ। ਪਿਛਲੀ ਤਿਮਾਹੀ ਵਿੱਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਦੀ ਵਿਕਾਸ ਦਰ ਦਾ 5 ਫੀਸਦ ਰਹਿਣਾ ਇਸ ਗੱਲ ਦਾ ਇਸ਼ਾਰਾ ਹੈ ਕਿ ਮੰਦੀ ਅਜੇ ਲੰਮੇ ਸਮੇਂ ਤਕ ਬਣੀ ਰਹੇਗੀ। ਭਾਰਤ ਇਸ ਤੋਂ ਕਿਤੇ ਵੱਧ ਰਫ਼ਤਾਰ ਨਾਲ ਵਿਕਸਤ ਹੋਣ ਦੀ ਸਮਰੱਥਾ ਰੱਖਦਾ ਹੈ, ਪਰ ਅਰਥਚਾਰੇ ਵਿੱਚ ਆਈ ਮੰਦੀ ਮੋਦੀ ਸਰਕਾਰ ਦੇ ਚਹੁ-ਤਰਫ਼ਾ ਕੁਪ੍ਰਬੰਧ ਦਾ ਨਤੀਜਾ ਹੈ।’ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ ਤੇ ਕਿਰਤੀ/ਮਜ਼ਦੂਰ, ਉੱਦਮੀ ਤੇ ਹਾਸ਼ੀਏ ’ਤੇ ਧੱਕੇ ਵਰਗ ਇਸ ਤੋਂ ਬਿਹਤਰ ਸੇਵਾਵਾਂ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਮੰਦੀ ਦੇ ਰਾਹ ਹੋਰ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ, ‘ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਬਦਲੇਖੋਰੀ ਦੀ ਸਿਆਸਤ ਨੂੰ ਇਕ ਪਾਸੇ ਰੱਖਦਿਆਂ ਸਹੀ ਸੋਚ ਤੇ ਸਮਝ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਸਾਧੇ ਤਾਂ ਕਿ ਸਾਡਾ ਅਰਥਚਾਰਾ ਮਨੁੱਖ ਵੱਲੋਂ ਸਿਰਜੇ ਇਸ ਸੰਕਟ ’ਚੋਂ ਬਾਹਰ ਨਿਕਲ ਸਕੇ।’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਪਾਦਨ ਸੈਕਟਰ ਦੀ ਵਿਕਾਸ ਦਰ ਦਾ 0.6 ਫੀਸਦ ਰਹਿਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ, ‘ਇਸ ਤੋਂ ਇਹ ਤਾਂ ਸਾਫ਼ ਹੈ ਕਿ ਸਾਡਾ ਅਰਥਚਾਰਾ ਨੋਟਬੰਦੀ ਤੇ ਕਾਹਲੀ ਵਿੱਚ ਲਾਗੂ ਕੀਤੇ ਜੀਐਸਟੀ ਜਿਹੀਆਂ ਮਨੁੱਖ ਵੱਲੋਂ ਕੀਤੀਆਂ ਬੱਜਰ ਗ਼ਲਤੀਆਂ ਤੋਂ ਅਜੇ ਤਕ ਉਭਰਨ ਵਿੱਚ ਨਾਕਾਮ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਕਥਿਤ ਤਬਾਹ ਕਰਨ ਦੇ ਨਾਲ, ਉਨ੍ਹਾਂ ਦੀ ਖ਼ੁਦਮੁਖਤਾਰੀ ਨੂੰ ਖੋਰਾ ਲਾਇਆ ਜਾ ਰਿਹੈ। ਸਰਕਾਰ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਭੰਡਾਰਾਂ ’ਚੋਂ 1.76 ਲੱਖ ਕਰੋਡ਼ ਰੁਪਏ ਲੈਣ ਦੀ ਗੱਲ ਕਰਦਿਆਂ ਸਿੰਘ ਨੇ ਕਿਹਾ ਕਿ ਆਰਬੀਆਈ ਦੀ ਖਾਮੋਸ਼ੀ ਇਹ ਰਿਕਾਰਡ ਪੈਸਾ ਸਰਕਾਰ ਨੂੰ ਤਬਦੀਲ ਕਰਨ ਮਗਰੋਂ ਪਰਖੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਰਬੀਆਈ ਕੋਲ ਭੰਡਾਰਾਂ ਦੇ ਮੁੱਕਣ ਮਗਰੋਂ ਆਉਣ ਵਾਲੇ ਸੰਕਟ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਘਰੇਲੂ ਮੰਗ ਵਿੱਚ ਮੰਦੀ ਹੈ ਜਦੋਂਕਿ ਖਪਤ ਦੀ ਦਰ 18 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਉਧਰ ਜੀਡੀਪੀ ਦੀ ਵਿਕਾਸ ਦਰ 15 ਸਾਲ ਵਿੱਚ ਸਭ ਤੋਂ ਘੱਟ ਹੈ। ਸਿੰਘ ਨੇ ਕਿਹਾ, ‘ਟੈਕਸ ਤੋਂ ਮਿਲਣ ਵਾਲੇ ਮਾਲੀਏ ਵਿੱਚ ਵਾਧਾ ਅਜੇ ਵੀ ਬਹੁਤ ਘੱਟ ਹੈ। ਟੈਕਸ ਤੋਂ ਇਕੱਠੇ ਹੋਣ ਵਾਲੇ ਮਾਲੀਏ ਵਿੱਚ ਉਛਾਲ ਦੀ ਜਿਹਡ਼ੀ ਉਮੀਦ ਸੀ, ਉਹ ਨਜ਼ਰ ਨਹੀਂ ਆ ਰਹੀ। ਕਾਰੋਬਾਰੀ ਛੋਟੇ ਹੋਣ ਜਾਂ ਵੱਡੇ…ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ, ਟੈਕਸ ਦਹਿਸ਼ਤ ਵਿੱਚ ਕੋਈ ਕਮੀ ਨਹੀਂ ਆਈ ਹੈ। ਨਿਵੇਸ਼ਕਾਂ ਦਾ ੳੁਤਸ਼ਾਹ ਢਹਿੰਦੀਆਂ ਕਲਾਂ ਵਿੱਚ ਹੈ। ਅਜਿਹੀ ਸਥਿਤੀ ਵਿੱਚ ਆਰਥਿਕ ਮੰਦੀ ’ਚੋਂ ਉਭਰਨਾ ਅਸੰਭਵ ਜਾਪਦਾ ਹੈ।’ ਬਿਨਾਂ ਰੁਜ਼ਗਾਰ ਸਿਰਜਿਅਾਂ ਵਾਧੇ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਸਿਰ ਦੋਸ਼ ਮਡ਼ਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਆਟੋਮੋਬਾਈਲ ਸੈਕਟਰ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦਾ ਰੁਜ਼ਗਾਰ ਖੁੱਸਿਅਾ ਹੈ। ਗੈਰਸੰਗਠਿਤ ਖੇਤਰ ਵਿੱਚ ਵੀ ਵੱਡੇ ਪੱਧਰ ’ਤੇ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ ਤੇ ਇਸ ਨਾਲ ਸਭ ਤੋਂ ਵੱਧ ਨੁਕਸਾਨ ਕਮਜ਼ੋਰ ਵਰਗਾਂ ਦੇ ਲੋਕਾਂ ਦਾ ਹੋਇਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਂਡੂ ਭਾਰਤ ਦੀ ਹਾਲਤ ਵੀ ਬਹੁਤ ਖਰਾਬ ਹੈ ਕਿਉਂਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਵਾਜਬ ਮੁੱਲ ਨਹੀਂ ਮਿਲ ਰਿਹੈ ਤੇ ਪੇਂਡੂ ਖੇਤਰਾਂ ਦੀ ਆਮਦਨ ਘਟੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਹਿੰਗਾਈ ਦਰ ਦੀ ਜਿਸ ਘੱਟ ਦਰ ਦਾ ਪ੍ਰਚਾਰ ਕਰਦੀ ਰਹੀ ਹੈ, ੳੁਸ ਦਾ ਸਭ ਤੋਂ ਵੱਧ ਮਾਡ਼ਾ ਅਸਰ ਕਿਸਾਨਾਂ ਤੇ ਉਨ੍ਹਾਂ ਦੀ ਆਮਦਨ ’ਤੇ ਪਿਆ ਹੈ।