You are here

ਦੇਸ਼-ਵਿਦੇਸ਼ ਦੇ ਗਾਇਕ ਬਾਬਾ ਨਾਨਕ ਦੀ ਉਚਾਰੀ ਆਰਤੀ ਰਿਕਾਰਡ ਕਰਵਾਉਣਗੇ

ਲੰਡਨ, ਸਤੰਬਰ 2019-( ਗਿਆਨੀ ਰਾਵਿਦਰਪਾਲ ਸਿੰਘ)-

ਪਿਛਲੇ ਕਈ ਸਾਲਾਂ ਤੋਂ ਮੈਂ ਪੈਸੇ ਵਾਲ਼ੇ ਤੇ ਸਰਕਾਰੇ-ਦਰਬਾਰੇ ਅਸਰ-ਰਸੂਖ਼ ਰਖਣ ਵਾਲਿ਼ਆਂ ਦੇ ਤਰਲੇ ਕਰਦਾ ਰਿਹਾ ਹਾਂ ਕਿ ਸਾਡੇ ਵੇਲੇ ਦੇ ਮਹਾਨ ਸ਼ਾਸਤਰੀ ਸੰਗੀਤ ਗਾਇਕਾਂ ਕੋਲ਼ੋਂ ਗੁਰਬਾਣੀ ਰਿਕਾਰਡ ਕਰਵਾ ਲੈਣੀ ਚਾਹੀਦੀ ਹੈ। ਕਿੰਨਾ ਚੰਗਾ ਹੁੰਦਾ ਕਿ ਬੜੇ ਗ਼ੁਲਾਮ ਅਲੀ ਖ਼ਾਨ ਸਾਹਿਬ, ਭੀਮਸੇਨ ਜੋਸ਼ੀ, ਓਂਕਾਰਨਾਥ ਠਾਕੁਰ, ਕੁਮਾਰ ਗੰਧਰਵ, ਅਮੀਰ ਖ਼ਾਨ ਵਰਗੇ ਮਹਾਨ ਗਾਇਕਾਂ ਦੀ ਗਾਈ ਗੁਰਬਾਣੀ ਸਾਡੀ ਵਿਰਾਸਤ ਬਣਾ ਲਈ ਜਾਂਦੀ। ਗੁਰੂ ਨਾਨਕ ਜੀ ਦੇ 550ਵੇਂ ਗੁਰਪੁਰਬ ਵੇਲੇ ਇਹ ਇੱਛਾ ਤੇ ਲੋੜ ਹੋਰ ਵੀ ਪ੍ਰਬਲ ਹੋ ਗਈ ਹੈ।
ਫੇਰ ਖ਼ਿਆਲ ਆਇਆ ਕਿ ਘੱਟੋ ਘਟ ਬਾਬਾ ਨਾਨਕ ਦੀ ਆਰਤੀ ਹੀ ਵੱਖ-ਵੱਖ ਪ੍ਰਮੰਨੇ ਗਾਇਕ ਗਾ ਲੈਣ। ਮੈਂ ਬੜੇ ਮੋਹਤਬਰਾਂ ਦੇ ਬੂਹੇ ਖੜਕਾਏ, ਪਰ ਕਿਸੇ ਨੇ ਖ਼ੈਰ ਤਾਂ ਕੀ ਪਾਉਣੀ ਸੀ, ਦਰ ਵੀ ਨਾ ਖੋਲ੍ਹਿਆ। ਆਖ਼ਿਰ ਮੇਰਾ ਪਰਮ ਮਿੱਤਰ ਮਦਨ ਗੋਪਾਲ ਸਿੰਘ ਅੱਗੇ ਲੱਗਣ ਨੂੰ ਰਾਜ਼ੀ ਹੋ ਗਿਆ। ਉਸਦੇ ਆਖਣ ’ਤੇ ਆਪੋ-ਆਪਣੇ ਢੰਗ ਨਾਲ਼ ਆਰਤੀ ਗਾਉਣ ਤੇ ਰਿਕਾਰਡ ਕਰਵਾਉਣ ਲਈ ਇਹ ਗਾਇਕ ਮੰਨ ਗਏ ਹਨ: ਅਲੀ ਸੇਠੀ (ਲਾਹੌਰ), ਅਨਵਰ ਖ਼ਾਨ ਮੰਗਨਿਆਰ, ਅਰੀਬ ਅਜ਼ਹਰ (ਇਸਲਾਮਾਬਾਦ), ਆਇਵਾ ਬੀਟੋਵਾ (ਚੈੱਕੋਸਲੋਵਾਕੀਆ), ਕਰਨਾਟਕ ਤੋਂ ਸਮੀਤਾ ਰਾਓ ਬੇਲੂਰ (ਇਹ ਬਾਬੇ ਦੇ ਸੱਤ ਸ਼ਬਦ ਗਾ ਰਹੀ ਹੈ), ਸਰਮਿਸ਼ਠਾ ਚੈਟਰਜੀ, ਸ਼ਬਨਮ ਵਰਮਾਨੀ (ਕਬੀਰ ਪ੍ਰੋਜੈਕਟ ਵਾਲ਼ੀ), ਟਿਮੋਥੀ ਹਿਲ (ਅਮਰੀਕਾ), ਚਾਰ ਯਾਰ (ਮਦਨ ਗੋਪਾਲ ਸਿੰਘ ਤੇ ਉਨ੍ਹਾਂ ਦੇ ਨਾਲ਼ ਦੇ), ਪ੍ਰਿਆ ਕਾਨੂੰਨਗੋ, ਪਾਰਵਤੀ ਬਾਉਲ, ਰੱਬੀ ਸ਼ੇਰਗਿੱਲ, ਰੇਖਾ ਭਾਰਦਵਾਜ, ਲਗਦਾ ਨਹੀਂ ਕਿ ਜਿਸ ਸਰਜ਼ਮੀਨ ਦੀ ਇਹ ਬਾਣੀ ਹੈ, ਓਥੇ ਆਉਂਦੇ ਸਾਲ ਇਹ ਸਾਰੇ ਰਾਗੀ ਮਿਲ਼ ਕੇ ਆਰਤੀ ਗਾ ਸਕਣਗੇ। ਮਦਨ ਗੋਪਾਲ ਸਿੰਘ ਦਾ ਵਿਚਾਰ ਹੈ ਕਿ ਇਹ ਸਬੱਬ ਅਗਲੇ ਸਾਲ ਕਿਸੇ ਵੇਲੇ ਇੰਗਲੈਂਡ ਜਾਂ ਅਮਰੀਕਾ ਵਿਚ ਹੀ ਬਣ ਸਕਦਾ ਹੈ।