You are here

ਸੰਪਾਦਕੀ

  ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

1. ਸਿਆਸੀ ਸੀਰੀ
 ਪਿੰਡਾਂ ਵਿਚ ਜਿਮੀਂਦਾਰਾਂ ਵਲੋਂ ਖੇਤੀ ਦਾ ਧੰਦਾ ਕਰਵਾਉਣ ਲਈ 'ਸੀਰੀ' ਰੱਖੇ ਜਾਂਦੇ ਹਨ। ਸੀਰੀ ਆਮ ਤੌਰ 'ਤੇ ਮੱਜਬੀ ਜਾਂ ਰਵਿਦਾਸੀਆ ਵਰਗ ਨਾਲ ਕਾਮੇ ਹੁੰਦੇ ਹਨ। ਅਕਸਰ ਵੇਖਣ ਨੂੰ ਮਿਲਦਾ ਹੈ ਕਈ ਪਰਿਵਾਰ ਦਾ ਅਜਿਹੇ ਹਨ, ਜਿਹੜੇ ਪੀੜ੍ਹੀ ਦਰ ਪੀੜ੍ਹੀ ਸੀਰੀਪੁਣਾ ਕਰਦੇ ਆ ਰਹੇ ਹਨ। ਆਮ ਤੌਰ 'ਤੇ ਜਿਮੀਦਾਰ ਉਨ੍ਹਾਂ ਨੂੰ ਆਪਣੀ ਚੁੰਗਲ ਵਿੱਚੋਂ ਨਿਕਲਣ ਨਹੀਂ ਦਿੰਦੇ। ਸੀਰੀ ਦੇ ਘਰ ਜਦੋਂ ਵਿਆਹ ਸ਼ਾਦੀ ਹੁੰਦਾ ਹੈ ਤਾਂ ਜਿਮੀਂਦਾਰ ਕਰਜੇ ਦੇ ਰੂਪ ਵਿਚ ਉਸਨੂੰ ਪੈਸੇ ਦਿੰਦਾ ਹੈ, ਫਿਰ ਅੱਗਿਉਂ ਜਦੋਂ ਜਣੇਪਾ ਹੁੰਦਾ ਹੈ, ਫਿਰ ਡਾਕਟਰ ਨੂੰ ਪੈਸੇ ਦੇਣ ਲਈ ਸੀਰੀ ਨੂੰ ਕਰਜਾ ਚੁੱਕਣਾ ਪੈਂਦਾ ਹੈ। ਇਸ ਤਰ੍ਹਾਂ ਸੀਰੀ ਸਾਰੀ ਉਮਰ ਕਰਜੇ ਹੇਠ ਜਿੰਦਗੀ ਕੱਟਣ ਲਈ ਮਜਬੂਰ ਹੋਇਆ ਰਹਿੰਦਾ ਹੈ। ਬਿਮਾਰੀ ਦੀ ਸੂਰਤ ਵਿਚ ਜਾਂ ਕਿਸੇ ਦੀ ਮੌਤ ਹੋਣ ਰਸਮਾਂ ਪੂਰੀਆਂ ਕਰਨ ਲਈ ਸੀਰੀ ਕਰਜਾ ਚੁੱਕਦੇ ਹਨ। ਕਰਜਾ ਉਤਾਰਨ ਲਈ ਅੱਗਿਉਂ ਸੀਰੀ ਦੇ ਬੱਚੇ ਵੀ ਸੀਰੀਪੁਣਾ ਵਿਚ ਲੱਗ ਜਾਂਦੇ ਹਨ। ਕਈ ਵਾਰ ਜਦੋਂ ਪਿੰਡਾਂ ਵਿਚ ਅਨੂਸੂਚਿਤ ਜਾਤੀ ਨਾਲ ਸਬੰਧਿਤ ਸਰਪੰਚ / ਪੰਚ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਜਿਮੀਂਦਾਰ ਆਪਣੇ ਸੀਰੀ ਨੂੰ ਸਰਪੰਚ /ਪੰਚ ਬਣਾਉਣ ਲਈ ਲਈ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਖੇਤ ਕਾਮੇ ਤੋਂ ਸੀਰੀ 'ਸਿਆਸੀ ਸੀਰੀ' ਬਣ ਜਾਂਦਾ ਹੈ। ਸੀਰੀ ' ਸਰਪੰਚ' ਬਣਕੇ ਵੀ ਜਿਮੀਂਦਾਰ ਦੇ ਬਰਾਬਰ ਨਹੀਂ ਬੈਠ ਸਕਦਾ। ਪਿੰਡ ਵਿਚ ਜਦੋਂ ਕੋਈ ਲੜਾਈ / ਝਗੜਾ ਹੁੰਦਾ ਹੈ, ਤਾਂ ਸੀਰੀ ਸਰਪੰਚ ਆਪਣੇ ਜਿਮੀਂਦਾਰ ਤੋਂ ਇੱਕ ਇੰਚ ਬਾਹਰ ਜਾ ਕੇ ਵੀ ਆਪਣਾ ਫੈਸਲਾ ਨਹੀਂ ਸੁਣਾ ਸਕਦਾ, ਕਿਉਂਕਿ ਜਿਮੀਂਦਾਰ ਵਲੋਂ ਉਸ ਦੀ ਜਮੀਰ ਖਤਮ ਕਰ ਦਿੱਤੀ ਗਈ ਹੁੰਦੀ ਹੈ। ਇਹ ਹੀ ਹਾਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਅਨੂਸੂਚਿਤ ਜਾਤੀਆਂ 'ਚੋਂ ਬਣੇ ਵੱਡੀ ਗਿਣਤੀ ਵਿਧਾਇਕਾਂ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ ਅਤੇ ਕੈਬਨਿਟ ਮੰਤਰੀ / ਰਾਜ ਮੰਤਰੀਆਂ ਦਾ ਹੈ, ਜਿਹੜੇ ਆਪਣੇ ਜਮੀਰ ਨੂੰ ਮਾਰਕੇ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ 'ਸਿਆਸੀ ਸੀਰੀ' ਹਨ। ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਅਨੁਸੂਚਿਤ ਜਾਤੀਆਂ ਵਿਚੋਂ ਮੁੱਖ ਮੰਤਰੀ / ਉਪ ਮੁੱਖ ਮੰਤਰੀ ਬਣਾਉਣ ਲਈ ਨਵੇਂ ਪੈਂਤੜੇ ਖੇਡੇ ਜਾ ਰਹੇ ਹਨ। ਭਲਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਕਿ ਜਿਸ ਦੇਸ਼ ਵਿੱਚ ਰਾਸ਼ਟਰਪਤੀ ਅਨੂਸੂਚਿਤ ਦਾ ਹੋ ਕੇ 'ਸਿਆਸੀ ਸੀਰੀ' ਬਣਕੇ ਦਿਨ ਕਟੀ ਕਰ ਰਿਹਾ ਹੋਵੇ, ਉਸ ਦੇਸ਼ ਦੇ ਸੂਬਿਆਂ ਦੇ ਉਪ ਮੁੱਖ ਮੰਤਰੀ ਬਣਕੇ ਕੀ ਰੰਗ ਲਿਆਉਗੇ? 'ਸਿਆਸੀ ਸੀਰੀ' ਦਲਿਤ ਸਮਾਜ ਦੇ ਲੋਕਾਂ ਦੀ ਅਵਾਜ ਬਣਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। 
ਪੰਜਾਬ ਵਿੱਚ ਇਸ ਵੇਲੇ ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਲਗਭਗ 38 ਫੀਸਦੀ ਲੋਕਾਂ ਦੀ ਅਬਾਦੀ ਹੈ ਅਤੇ ਇਸ ਅਬਾਦੀ ਵਿੱਚ 24 ਫੀਸਦੀ ਅਬਾਦੀ ਮਜਬੀ ਸਿੱਖਾਂ / ਵਾਲਮੀਕੀਆਂ ਦੀ ਹੈ ਜਦਕਿ ਬਾਕੀ ਦੀ ਅਬਾਦੀ ਰਵਿਦਾਸੀਆ/ ਚਮਾਰ ਵਰਗ ਅਤੇ ਕੁਝ ਹੋਰ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਦੀ ਹੈ। ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਇਸ ਵੇਲੇ ਸੱਭ ਤੋਂ ਵੱਧ ਤਰਸਯੋਗ ਹਾਲਤ ਮੱਜਬੀਆਂ/ ਵਾਲਮੀਕੀਆਂ ਦੀ ਬਣੀ ਹੋਈ ਹੈ। ਉਨ੍ਹਾਂ ਦੇ ਹੱਥਾਂ ਵਿਚ ਅੱਜ ਵੀ ਝਾੜੂ ਹਨ, ਉਹ ਅੱਜ ਵੀ ਸੀਰੀ ਰਲਣ ਲਈ ਮਜਬੂਰ ਹਨ।
ਅਨੂਸੂਚਿਤ ਜਾਤੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 'ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ' ਦੁਆਰਾ ਸੰਵਿਧਾਨ ਵਿੱਚ ਦਰਜ ਵਿਧਾਨ ਪਾਲਿਕਾ ਵਿੱਚ 'ਰਾਖਵਾਂਕਰਨ' ਬੰਦ ਹੋ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਤੱਕ ਰਾਖਵਾਂਕਰਨ ਦਾ ਲਾਭ ਲੈ ਕੇ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਰਾਜ ਸਭਾ /ਮੰਤਰੀ ਬਣੇ ਹਨ, ਸਿਰਫ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋਇਆ, ਬਾਕੀ ਸਮਾਜ ਜਿਥੇ ਖੜ੍ਹਾ ਹੈ, ਉਥੇ ਖੜ੍ਹਾ ਹੈ। ਪੰਜਾਬ ਵਿਚ ਇਥੋਂ ਦੇ ਸਦਾ ਰਾਜ ਸੱਤਾ 'ਤੇ ਕਾਬਜ ਰਹੇ 'ਜੱਟ' ਨੇ ਇਥੋਂ ਦੇ ਦਲਿਤ ਵਰਗ ਨੂੰ ਦਬਾ ਕੇ ਰੱਖਿਆ ਹੋਇਆ ਹੈ, ਜੋ ਹਾਲੇ ਵੀ ਜਾਰੀ ਹੈ, ਪਰ 'ਜੱਟ ਅਤੇ ਸੀਰੀ' ਦਾ ਰਿਸ਼ਤਾ 'ਨਹੁੰ ਅਤੇ ਮਾਸ ਵਾਲਾ ਰਿਸ਼ਤਾ' ਹੈ, ਨੇ ਸੀਰੀ ਦੀ ਜਮੀਰ ਨੂੰ ਮਾਰ ਕੇ ਰੱਖ ਦਿੱਤਾ ਹੈ।'ਸਿਆਸੀ ਸੀਰੀ'  ਦਲਿਤਾਂ ਦੀ ਜਿੰਦਗੀ ਵਿੱਚ ਕੋਈ ਵੀ ਬਦਲਾਅ ਲਿਆਉਣ ਲਈ ਸੁਸਰੀ ਵਾਂਗੂੰ ਗੂੜ੍ਹੀ ਨੀਂਦ ਸੁੱਤੇ ਪਏ ਹਨ।
-ਸੁਖਦੇਵ ਸਲੇਮਪੁਰੀ
09780620233
28 ਮਈ, 2021

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ ✍️  ਗਗਨਦੀਪ ਧਾਲੀਵਾਲ ਝਲੂਰ

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ
ਦੋਸਤੋ ਅੱਜ ਸਮਾਂ ਬਹੁਤ ਬਦਲ ਗਿਆ ਹੈ ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ।ਹੁਣ ਹੱਸਣ ਜਾ ਮੁਸਕਾਹਰਟ ਵੇਲੇ ਕਈਆਂ ਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਹੈ।ਕਿਉਕਿ ਅੱਜ ਕੱਲ ਦੇ ਲੋਕ ਹੱਸਣ ਦੇ ਵੀ ਬਹੁਤ ਗਲਤ ਅਰਥ ਕੱਢ ਲੈਂਦੇ ਹਨ।ਅੱਜ ਦੇ ਯੁੱਗ ਵਿੱਚ ਇੰਝ ਲੱਗਦਾ ਹੈ ਜਿਵੇਂ ਚਿਹਰਿਆਂ ਤੋਂ ਹਾਸਾ ਕਿਤੇ ਖੰਭ ਲਾ ਕੇ ਉੱਡ ਗਿਆ ਹੋਵੇ।ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਏਨਾ ਕੁ ਅਕਾ ਦਿੱਤਾ ਹੈ ਕਿ ਉਹ ਆਪ ਹੱਸਣਾ ਤਾਂ ਦੂਰ ਦੂਜਿਆਂ ਦਾ ਹੱਸਣਾ ਵੀ ਪਸੰਦ ਨਹੀਂ ਕਰਦਾ।ਦੋਸਤੋਂ ਹੱਸਣਾ ਤੇ ਰੋਣਾ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਹਨ।ਪਰ ਹੱਸਣਾ ਜ਼ਿੰਦਗੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਵਿਗਆਨੀਆ ਅਨੁਸਾਰ -“ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ”।ਜੋ ਲੋਕ ਜ਼ਿਆਦਾ ਹੱਸਦੇ ਹਨ ਉਹ ਦੁੱਖ ਨੂੰ ਸੌਖਾ ਸਹਿ ਲੈਂਦੇ ਹਨ। ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਦੁੱਖ ਨਹੀਂ ਜਾਂ ਉਹ ਮਾੜੇ ਸਮੇਂ ਵਿੱਚੋਂ ਨਹੀਂ ਗੁਜ਼ਰਦੇ,ਪਰ ਇਹ ਲੋਕ ਏਨੀ ਜਲਦੀ ਹੌਸਲਾ ਨਹੀਂ ਛੱਡਦੇ।ਹੱਸਣਾ ਉਹ ਚੀਜ਼ ਹੈ ਜਿਸਨੂੰ ਲੋਕ ਸਭ ਤੋਂ ਵੱਧ ਪਸੰਦ ਕਰਦੇ ਹਨ ਹੱਸਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਵੀ ਹੋ ਜਾਂਦਾ। ਹਰ ਕੋਈ ਖਿੜੇ ਹੋਏ ਚਿਹਰੇ ਨਾਲ ਹੀ ਬੋਲਣਾ ਪਸੰਦ ਕਰਦਾ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਦੁਨੀਆਂ ਸਾਡੇ ਨਾਲ ਹੱਸਦੀ ਹੈ।ਜਦਕਿ ਰੋਂਦੇ ਹੋਏ ਇਨਸਾਨ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ।ਸਾਨੂੰ ਹਮੇਸ਼ਾ ਜ਼ਿੰਦਗੀ ਦੇ ਔਖੇ ਪਲਾ ਵਿੱਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇੱਕ ਤਾਂ ਹੌਸਲਾ ਨਹੀਂ ਢਹਿੰਦਾ ਬਾਕੀ ਮੁਸ਼ਕਿਲ ਨੂੰ ਹੱਸ ਕੇ ਪਾਰ ਕਰਨ ਦਾ ਜਜ਼ਬਾ ਜ਼ਰੂਰ ਪੈਦਾ ਹੁੰਦਾ ਹੈ।ਕਈ ਲੋਕ ਬੜੇ ਹੱਸਮੁੱਖ ਹੁੰਦੇ ਹਨ ਜੋ ਹਮੇਸ਼ਾ ਆਪਣਾ ਦੁੱਖ ਛੁਪਾ ਕੇ ਰੱਖਦੇ ਹਨ ਉਹ ਮਹਿਲਫਿਲਾਂ ,ਵਿਆਹਾਂ -ਸ਼ਾਦੀਆਂ ਵਿੱਚ ਹਮੇਸ਼ਾ ਆਪਣੇ ਮੂੰਹ ਉੱਪਰ ਖ਼ੁਸ਼ੀ ਦਾ ਖੇੜਾ ਰੱਖਦੇ ਹਨ ਅੰਦਰੋਂ ਚਾਹੇ ਕਿੰਨੇ ਵੀ ਦੁਖੀ ਜਾਂ ਕੜੇ ਕਿਓਂ ਨਾ ਹੋਣ।ਅਜਿਹੇ ਲੋਕਾਂ ਦੇ ਦੋਸਤ ਤੇ ਚਾਹੁਣ ਵਾਲੇ ਬਹੁਤ ਹੁੰਦੇ ਹਨ। ਤੁਹਾਡੇ ਚਿਹਰੇ ਦੀ ਮੁਸਕਰਾਹਟ ਬਹੁਤ ਦੁੱਖਾਂ ਨੂੰ ਠੀਕ ਕਰਦੀ ਹੈ। ਦੋਸਤੋਂ ਜੋ ਲੋਕ ਹਮੇਸ਼ਾ ਹੱਸਦੇ ਰਹਿੰਦੇ ਹਨ ਉਹ ਟੈਨਸਨ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਸਮੇਂ ਤੱਕ ਖੁਸ਼ ਰਹਿੰਦੇ ਹਨ।ਉਹ ਤੰਦਰੁਸਤ ਵੀ ਰਹਿੰਦੇ ਹਨ।ਕੁੱਝ ਵਿਦਵਾਨਾਂ ਨੇ ਮੁਸਕਰਾਹਟ ਜਾਂ ਹਾਸੇ ਬਾਰੇ ਆਪਣੇ ਵਿਚਾਰ ਦਿੱਤੇ ਹਨ—
ਅਬਰਾਹਿਮ ਲਿੰਕਨ
"ਭੈਭੀਤ ਤਣਾਅ ਜੋ ਮੇਰੇ ਤੇ ਦਿਨ ਰਾਤ ਹੈ, ਜੇ ਮੈਂ ਹੱਸਦਾ ਨਹੀਂ ਤਾਂ ਮੈਨੂੰ ਮਰਨਾ ਚਾਹੀਦਾ ਹੈ."
ਹੈਨਰੀ ਵਾਰਡ ਬੀਚਰ ਦੇ ਅਨੁਸਾਰ —
"ਉਸ ਤੋਂ ਸਾਵਧਾਨ ਰਹੋ ਜੋ ਬੱਚੇ ਦੇ ਹਾਸੇ ਨੂੰ ਨਫ਼ਰਤ ਕਰਦਾ ਹੈ."
ਆਰਥਰ ਮਾਰਸ਼ਲ
"ਇਸ ਨੂੰ ਹੱਸੋ, ਇਸਨੂੰ ਹੱਸੋ; ਇਹ ਜ਼ਿੰਦਗੀ ਦੇ ਸਭ ਤੋਂ ਵਧੀਆ ਅਮੀਰ ਦਾ ਹਿੱਸਾ ਹੈ."ਦੋਸਤੋ ਹੱਸਣ ਦੇ ਕਈ ਫਾਇਦੇ ਵੀ ਹਨ ਜਿਵੇ ਕਿ ਹੱਸਣ ਨਾਲ ਮਨ ਵਿੱਚ ਸਕਾਰਤਮਕ ਸੋਚ  , ਆਪਣਾਪਨ ਦਾਂ ਅਹਿਸਾਸ ,ਵਰਗੇ ਵਿਚਾਰ ਪੈਦਾ ਹੁੰਦੇ ਹਨ ਕਦੇ ਇਕੱਲਾਪਨ ਮਹਿਸੂਸ ਨਹੀਂ ਹੁੰਦਾ।ਸਾਰਾ ਦਿਨ ਸੋਚ-ਸੋਚ ਕੇ ਦਿਮਾਗ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਹੋ ਜਾਂਦੀਆਂ ਹਨ । ਹੱਸਦੇ ਰਹਿਣ ਨਾਲ ਇਨਸਾਨ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਸਕਾਰਾਤਮਕ ਬਣ ਜਾਂਦਾ ਹੈ।ਹੱਸਣ ਵਾਲਾ ਵਿਅਕਤੀ ਉਮਰ ਜਿਆਦਾ ਭੋਗਦਾ ਹੈ ਉਸਦੇ ਮਨ ਵਿੱਚੋਂ ਮੌਤ ਦਾ ਭੈ ਨਿਕਲ ਜਾਂਦਾ  ਹੈ।ਜੋ ਇਨਸਾਨ ਹੱਸਦੇ ਰਹਿੰਦੇ ਹਨ ਉਹਨਾਂ ਦੇ ਸਰੀਰ ਨੂੰ ਰੋਗ ਬਹੁਤ ਘੱਟ ਲੱਗਦੇ ਹਨ।ਹੱਸਣ ਨਾਲ ਫੇਫੜਿਆਂ ਦੀ ਕਸਰਤ ਵੀ ਹੁੰਦੀ ਹੈ।ਸਾਨੂੰ ਸਾਰਿਆਂ ਨੂੰ ਮੁਸਕਰਾਹਟ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।'ਮਾਰਟਿਨ ਲੂਥਰ' ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।'ਇਬਰਾਹਿਮ ਲਿੰਕਨ' ਨੇ ਇਹ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ । ਦੋਸਤੋ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਸਭ ਤੋਂ ਪ੍ਰਭਾਵਸਾਲੀ ਸ਼ਖ਼ਸੀਅਤ ਲਈ ਹਰ ਰੋਜ਼ ਹੱਸਣਾ ਮੁਸਕੁਰਾਉਣਾ ਚਾਹੀਦਾ ਹੈ ਜੇ ਤੁਸੀੰ ਖ਼ੁਦ ਹੱਸ ਰਹੇ ਹੋ ਤੇ ਦੂਜਿਆਂ ਨੂੰ ਹਸਾ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ ਹੋਵੇਗਾ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੰਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ ਹਸਾਉਣ ਲਈ ਉਸ ਕੋਲ ਵਿਹਲ ਕਿਥੇ ਹੈ ? ਹਰ ਕੋਈ ਸਾਰਾ ਦਿਨ ਕਾਹਲੀ  ਅਤੇ ਤਣਾਉ ਭਰੇ ਜੀਵਨ ਦੇ ਕਾਰਨ ਦੌੜ-ਭੱਜ ਵਿੱਚ ਵਿਅਸਥ ਰਹਿੰਦਾ ਹੈ। ਹੱਸਣਾ ਤਾਂ ਰੂਹ ਦੀ ਖੁਰਾਕ ਹੈ ਜੋ ਲੋਕ ਖੁੱਲ੍ਹ ਕੇ ਹੱਸਦੇ ਤੇ ਮੁਸਕਰਾਉਂਦੇ ਹਨ ਉਹ ਹਮੇਸ਼ਾ ਅਰੋਗ ਰਹਿੰਦੇ ਹਨ ਤੇ ਲੰਮੀ ਉਮਰ ਭੋਗਦੇ ਹਨ।"ਆਓ ਸਾਰੇ ਅੱਜ ਤੋਂ ਪ੍ਰਣ ਕਰੀਏ ਕਿ ਬਾਕੀ ਰਹਿੰਦੀ ਜ਼ਿੰਦਗੀ ਹਸ ਕੇ ਬਤੀਤ ਕਰੀਏ ਤੇ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਰੰਗ ਬਖੇਰੀਏ।ਹਮੇਸ਼ਾ ਦੂਜਿਆਂ ਦੇ ਚਿਹਰਿਆਂ ਦੀ ਮੁਸਕਰਾਹਟ ਬਣੀਏ।

           

ਗਗਨਦੀਪ ਧਾਲੀਵਾਲ ਝਲੂਰ

 ਬਰਨਾਲਾ ਜਨਰਲ ਸਕੱਤਰ 

   ਮਹਿਲਾ ਕਾਵਿ ਮੰਚ 

ਨਫਰਤ ਦੀਆਂ ਕੰਧਾਂ ✍️ ਸਲੇਮਪੁਰੀ ਦੀ ਚੂੰਢੀ

ਨਫਰਤ ਦੀਆਂ ਕੰਧਾਂ
ਦੇਸ਼ ਵਿੱਚ ਪਹਿਲਾਂ ਵੀ ਰਿਸ਼ਵਤਖੋਰੀ, ਹੇਰਾ-ਫੇਰੀ, ਬੇਈਮਾਨੀ, ਧੋਖਾ-ਧੜੀ ਦਾ ਬੋਲਬਾਲਾ ਸੀ। ਸਰਕਾਰੀ ਗ੍ਰਾਂਟਾਂ ਵਿਚੋਂ ਕਮਿਸ਼ਨ ਖਾਣ ਦਾ ਸਿਲਸਿਲਾ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਓਦਾਂ ਈ ਬੇਰੋਕ ਜਾਰੀ ਹੈ। ਬੇਈਮਾਨ ਲੋਕ ਪਹਿਲਾਂ ਵੀ ਖਾਣ-ਪੀਣ ਵਸਤੂਆਂ ਵਿਚ ਮਿਲਾਵਟ ਕਰਦੇ ਸਨ, ਜਦਕਿ ਹੁਣ ਵੀ ਉਸੇ ਤਰ੍ਹਾਂ ਦਾ ਹੀ ਦੇਸ਼ ਵਿਚ ਮਾੜਾ ਵਰਤਾਰਾ ਹੈ। ਇਥੇ ਪਹਿਲਾਂ ਵੀ ਜਹਿਰ ਵਿਚ ਮਿਲਾਵਟ ਕੀਤੀ ਜਾਂਦੀ ਸੀ, ਅਤੇ ਹੁਣ ਵੀ ਅਸ਼ੁੱਧਤਾ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਪਰ ਇਸ ਵੇਲੇ ਦੇਸ਼ ਵਿਚ ਧਰਮ, ਫਿਰਕਿਆਂ, ਕਬੀਲਿਆਂ, ਨਕਸਲਵਾਦ ਅਤੇ ਜਾਤ-ਪਾਤ ਦੇ ਨਾਂ 'ਤੇ ਜਿੰਨੀਆਂ ਨਫਰਤ ਦੀਆਂ ਕੰਧਾਂ ਉੱਚੀਆਂ ਅਤੇ ਮਜਬੂਤ ਹੋਈਆਂ ਹਨ, ਪਹਿਲਾਂ ਨਾਲੋਂ ਕਿਤੇ ਜਿਆਦਾ ਹੈ। ਸਿਸਟਮ ਵਿਚ ਬੇਈਮਾਨੀ ਹੋਣ ਕਰਕੇ ਦੇਸ਼ ਵਿਚ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਢਾਂਚਾ ਬੁਰੀ ਤਰ੍ਹਾਂ ਲੜਖੜਾ ਚੁੱਕਿਆ ਹੈ, ਕਿਉਂਕਿ ਸੰਸਾਰ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਦੇ ਚੱਲਦਿਆਂ ਨਾ ਤਾਂ ਅਸੀਂ ਬੰਦੇ ਜਾ ਬਚਾਅ ਸਕੇ ਹਾਂ, ਨਾ ਧੰਦੇ ਬਚਾਅ ਸਕੇ ਹਾਂ! ਸਿਰਫ 'ਤੇ ਸਿਰਫ ਨਫਰਤ ਬਚਾਉਣ ਅਤੇ ਫੈਲਾਉਣ ਵਿਚ ਕਾਮਯਾਬ ਹੋਏ ਹਾਂ। 
-ਸੁਖਦੇਵ ਸਲੇਮਪੁਰੀ
25 ਮਈ, 2021
09780620233

 

 

ਅੰਤਰਰਾਸ਼ਟਰੀ ਪਰਿਵਾਰ ਦਿਵਸ ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ

ਦੋਸਤੋਂ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਰੀਤੀ ਰੀਵਾਜਾਂ ਨਿਯਮਾਂ ਅਨੁਸਾਰ ਇਕੱਠਾ ਜੀਵਨ ਜਿਊਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਦੋਸਤੋਂ ਅੰਤਰਰਾਸ਼ਟਰੀ ਪਰਿਵਾਰ ਦਿਵਸ 15 ਮਈ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਸੰਨ 1993 ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਅਧਿਕਾਰਿਤ ਤੌਰ ’ਤੇ ਇਸ ਦੀ ਘੋਸ਼ਣਾ ਕੀਤੀ। ਦੋਸਤੋਂ ਪਰਿਵਾਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦਿ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵੀ ਮੌਜੂਦ ਹੁੰਦੇ ਹਨ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪ੍ਰਥਾ ਹੀ ਪ੍ਰਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ ਮੰਨੀ ਜਾਂਦੀ ਹੈ। ਸਾਰਿਆ ਦੀ ਸਾਂਝੀ ਜਾਇਦਾਦ ਹੁੰਦੀ ਹੈ।ਸਾਰੇ ਬਜ਼ੁਰਗ ਇਕੱਠੇ ਰਹਿੰਦੇ ਹਨ।ਹਰ ਇੱਕ ਆਪਣੀ ਜਿੰਮੇਵਾਰੀ ਅਨੁਸਾਰ ਕੰਮ ਕਰਦਾ ਹੈ।ਪਰਿਵਾਰ ਪਿਤਾ ਪੁਰਖੀ ਧਾਰਨਾ ‘ਤੇ ਅਧਾਰਿਤ ਹਨ।ਇਸ ਵਿੱਚ ਸਭ ਤੋਂ ਵੱਡਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ। ਪਰਿਵਾਰ ਦੇ ਸਾਰੇ ਮੈਬਰਾਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਘਰ ਘਰ ਹੋਵੇ ਨਾ ਕਿ ਮਕਾਨ। ਮਕਾਨ ਤਾਂ ਕੰਧਾਂ ਇੱਟਾਂ ਦਾ ਹੁੰਦਾ ਹੈ ਪਰ ਘਰ ਦਾ ਆਧਾਰ ਪਿਆਰ, ਸਤਿਕਾਰ ਅਤੇ ਨਿਮਰਤਾ ਤੇ ਟਿਕਿਆ ਹੋਣਾ ਚਾਹੀਦਾ ਹੈ। ਘਰ ਵਿੱਚ ਹੀ ਮਨੁੱਖ ਦੀਆਂ ਸੱਧਰਾਂ ਪਲਦੀਆਂ ਹਨ।ਪਰਿਵਾਰ ਇੱਕ ਬਗ਼ੀਚਾ ਹੁੰਦਾ ਹੈ ਜੇਕਰ ਬਗ਼ੀਚੇ ਦਾ ਹਰ ਫੁੱਲ ਖਿੜੇਗਾ ਤਾ ਹੀ ਬਗ਼ੀਚਾ ਸੋਹਣਾ ਲੱਗਦਾ ਹੈ ਹਰਿਆ ਭਰਿਆ ਰਹਿੰਦਾ ਹੈ।ਪਹਿਲਾ ਪਰਿਵਾਰ ਵਿੱਚ ਬਹੁਤ ਮੈਂਬਰ ਇੱਕਠੇ ਰਹਿੰਦੇ ਸਨ।ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਸੀ।ਕੰਮ ਦੀ ਸਮਾਨ ਬਰਾਬਰ ਵੰਡ ਕੀਤੀ ਹੁੰਦੀ ਸੀ।ਪਰਿਵਾਰ ਦੀ ਖ਼ੁਸ਼ਹਾਲੀ ਦਾ ਪਤਾ ਪਰਿਵਾਰ ਦੇ ਇਕੱਠ ਤੋਂ ਲੱਗਦਾ ਸੀ ਸਾਰੇ ਜਾਣੇ ਇੱਕੋ ਹੀ ਚੁੱਲੇ ਤੇ ਰੋਟੀ ਖਾਂਦੇ ਸਨ।ਬਜੁਰਗਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ।ਉਹਨਾ ਨਾਲ ਹੀ ਪਰਿਵਾਰ ਦੀ ਗੱਡੀ ਖੁਸ਼ੀ ਦੇ ਪਹੀਏ ਤੇ ਟਿਕੀ ਹੁੰਦੀ ਹੈ ਅਤੇ ਜੇਕਰ ਕੋਈ ਥੋੜੀ ਬਹੁਤੀ ਘਾਟ ਰਹਿ ਜਾਵੇ ਤਾਂ ਮਾਹੌਲ ਡਾਵਾਂਡੋਲ ਹੋ ਜਾਂਦਾ ਹੈ। ਪਤੀ-ਪਤਨੀ ਘਰੇਲੂ ਗੱਡੀ ਦੇ ਪਹੀਏ ਹੁੰਦੇ ਹਨ। 

ਇਸ ਲਈ ਦੋਨਾਂ ਨੂੰ ਸਦਾ ਹੀ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ ਘਰ ਦਾ ਆਧਾਰ ਸੂਝਬੂਝ ਹੈ।ਪਰਿਵਾਰ ਨੂੰ ਸਮਾਜ ਦੀ ਇਕ ਛੋਟੀ ਇਕਾਈ ਕਿਹਾ ਜਾਦਾ ਹੈ ਜੋ ਬੱਚੇ ਦੇ ਸਮਾਜਿਕ, ਮਾਨਸਿਕ ਅਤੇ ਸੰਸਕ੍ਰਿਤਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਤੋਂ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਪਸਾਰਦਾ ਹੈ। ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਕਈ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ।ਕੁੱਝ ਮੁੱਖ ਰਿਸ਼ਤੇ ਇਸ ਤਰ੍ਹਾਂ ਹਨ। ਪਹਿਲੀ ਕਿਸਮ ਖੂਨ ਦੇ ਰਿਸ਼ਤਿਆਂ ਦੀ ਹੈ। ਦੂਜੀ ਕਿਸਮ ਜਨਮ ਦੁਆਰਾ ਰਿਸ਼ਤੇ ਹਨ। ਤੀਜੀ ਕਿਸਮ ਵਿਆਹ ਦੁਆਰਾ ਬਣਾਏ ਗਏ ਰਿਸ਼ਤੇ।ਚੌਥੀ ਕਿਸਮ ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ ਭਤੀਜਾ,ਤਾਇਆ / ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ।

ਇਸ ਤੋਂ ਇਲਾਵਾ ਮੂਲ ਪਰਿਵਾਰ ਵਿੱਚ ਅੱਠ ਕਿਸਮ ਦੇ ਰਿਸ਼ਤੇ ਮਿਲਦੇ ਹਨ। ਜਿਵੇਂ ਪਤੀ-ਪਤਨੀ, ਪਿਉ-ਪੁੱਤਰ, ਪਿਉ-ਧੀ, ਮਾਂ-ਪੁੱਤਰ, ਮਾਂ ਧੀ, ਭਰਾ ਭਰਾ, ਭਰਾ-ਭੈਣ ਅਤੇ ਭੈਣ-ਭੈਣ ਦਾ ਰਿਸ਼ਤਾ ਮੂਲ ਰਿਸ਼ਤਾ ਹੈ। ਜਟਿਲ ਪਰਿਵਾਰ ਜਾਂ ਸੰਯੁਕਤ ਪਰਿਵਾਰ ਵਧੇਰੇ ਵਿਸ਼ਾਲ ਹੁੰਦੇ ਹਨ। ਪਰਿਵਾਰ ਵਿੱਚ ਭਾਈ-ਭਾਈ ਦਾ ਰਿਸ਼ਤਾ ਵੀ ਬਹੁਤ ਨਿੱਘਾ ਨਹੀਂ। ਹੁਣ ਸਭ ਕੁੱਝ ਬਦਲ ਗਿਆਂ ਹੈ।ਵਾਰਿਸ਼ ਸਾਹ ਭਰਾ ਦੇ ਰਿਸ਼ਤਿਆਂ ਬਾਰੇ ਲਿਖਿਆ ਹੈ ਕਿ ‘ਭਾਈ ਜਾਣ ਤਾਂ ਜਾਂਦੀਆਂ ਟੁੱਟ ਬਾਹਵਾਂ’ ਪਰ ਅਜਿਹੀਆਂ ਬਾਹਵਾਂ ਘੱਟ ਹੀ ਰਹਿ ਗਈਆਂ ਹਨ। ਭਰਾ-ਭਰਾ ਵਿਚਕਾਰ ਆਰਥਿਕ ਮਿਲਵਰਤਨ ਵੀ ਬਹੁਤ ਘੱਟ ਹੈ।ਘਰਾਂ ਜ਼ਮੀਨਾਂ ਦੀ ਵੰਡ ਨੂੰ ਲੈਕੇ ਲੜਾਈ ਝਗੜਾ ਹੋ ਰਿਹਾ ਹੈ। ਬਜ਼ੁਰਗਾਂ ਨੂੰ ਵੀ ਜ਼ਮੀਨਾਂ ਦੇ ਨਾਲ -ਨਾਲ ਵੰਡ ਲਿਆ ਹੈ।

ਸੰਯੁਕਤ ਪਰਿਵਾਰ ਟੁੱਟ ਗਏ ਹਨ। ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ। ਹੁਣ ਤਾਂ ਪਿੰਡਾਂ ਵਿੱਚ ਵੀ ਬਹੁਤ ਘੱਟ ਸੰਯੁਕਤ ਪਰਿਵਾਰ ਮਿਲਦੇ ਹਨ। ਇਸ ਕਿਸਮ ਦੇ ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਵੀ ਵਧੀਆ ਹੋ ਸਕਦਾ ਹੈ ਕੁਝ ਹੋਰ ਸਾਲਾਂ ਤੱਕ ਪੰਜਾਬ ਵਿੱਚ ਵੀ ਸਿਰਫ ਇਕਹਿਰੇ ਪਰਿਵਾਰ ਹੀ ਮਿਲਣਗੇ।ਮੈਕਾਈਵਰ ਅਤੇ ਪੇਜ ਪਰਿਵਾਰ ਦੇ ਅਨੁਸਾਰ “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਲਿੰਗਕ ਸਬੰਧਾਂ ਉੱਤੇ ਅਧਾਰਿਤ ਹੈ ਅਤੇ ਇੰਨਾਂ ਛੋਟਾ ਤੇ ਸਥਾਈ ਹੈ ਕਿ ਇਸ ਵਿੱਚ ਬੱਚਿਆ ਦੀ ਉਤਪਤੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਹੋ ਸਕਦਾ ਹੈ।” ਇਸ ਤੋਂ ਇਲਾਵਾ ਪਰਿਵਾਰ ਸੰਬੰਧੀ ਇੱਕ ਹੋਰ ਪਰਿਭਾਸ਼ਾ” ਮਜੂਮਦਾਰ ਦੇ ਸ਼ਬਦਾਂ ਵਿੱਚ, “ਪਰਿਵਾਰ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇੱਕ ਛੱਤ ਹੇਠਾਂ ਰਹਿੰਦੇ ਹਨ, ਰਕਤ ਨਾਲ ਸਬੰਧਤ ਹਨ ਅਤੇ ਸਵਾਰਥ ਅਰਥਾਤ ਪ੍ਰਸਪਰ ਲੈਣ ਦੇਣ ਦੇ ਅਧਾਰ ਉੱਤੇ ਇੱਕ ਕਿਸਮ ਦੀ ਚੇਤੰਨਤਾ ਅਨੁਭਵ ਕਰਦੇ ਹਨ”
ਪਰ ਅੱਜ ਪਰਿਵਾਰਕ ਸ਼ਬਦ ਆਮ ਤੌਰ ਤੇ ਉਸ ਜਗ੍ਹਾ ਤੱਕ ਫੈਲਦਾ ਹੈ ਜਿੱਥੇ ਲੋਕ ਉਹ ਬਚਾਉਣਾ ਸਿੱਖਦੇ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ , ਉਨ੍ਹਾਂ ਦੇ ਰਿਸ਼ਤੇਦਾਰੀ ਤੋਂ ਵੀ ਪਰੇ ਹੈ।
ਕਰੋਨਾ ਕਾਲ ਵਿੱਚ ਅੱਜ ਜੋ ਹਲਾਤ ਹਨ ਉਹਨਾਂ ਨੂੰ ਦੇਖਦਿਆਂ ਸਮਝਦਿਆਂ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਜਿੰਮੇਵਾਰੀ ਆਪਣੇ ਪਰਿਵਾਰ ਪ੍ਰਤੀ ਹੋਰ ਵੀ ਵੱਧ ਗਈ ਹੈ।ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਪੂਰੀ ਸਾਵਧਾਨੀ ਨਾਲ ਆਪਣੀਆਂ ਰੌਜ਼ਾਨਾ ਦੀਆਂ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ।ਪਰਿਵਾਰ ਦੇ ਮੁਖੀ ਦਾ ਫਰਜ ਬਣਦਾ ਹੈ ਕਿ ਪਰਿਵਾਰ ਦੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਧਿਆਨ ਰੱਖਣ।ਪਰਿਵਾਰ ਦਾ ਵਾਤਾਵਰਨ ਬੱਚਿਆਂ ਤੇ ਬਹੁਤ ਪ੍ਰਭਾਵ ਪਾਉਂਦਾ ਹੈ।ਇਸ ਲਈ ਮਾ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਲਈ ਅਜਿਹਾ ਵਾਤਾਵਰਨ ਪੈਦਾ ਕਰਨ ਉਹਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ।ਘਰ ਦੇ ਮਾਮਲਿਆਂ ਵਿੱਚ ਥੋੜ੍ਹਾ ਬਹੁਤਾ ਬੱਚਿਆ ਨੂੰ ਸਾਮਿਲ ਕਰਨਾ ਚਾਹੀਦਾ ਹੈ ਤਾ ਜੋ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ।ਬੱਚਿਆਂ ਸਾਹਮਣੇ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।ਆਪਣੇ ਕੰਮੋ ਵਿੱਚੋਂ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ।ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਮੱਸਿਆ ਸਾਰਿਆ ਦੀ ਸਮੱਸਿਆਂ ਹੁੰਦੀ ਹੈ।ਜੇਕਰ ਉਸਨੂੰ ਸਾਰੇ ਰਲ ਕੇ ਸੁਲਝਾਉਣ ਤਾਂ ਕੋਈ ਵੀ ਮੈਂਬਰ ਮੁਸੀਬਤ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ।ਸੋ ਆਓ ਸਾਰੇ ਰਲ ਕੇ ਪਰਿਵਾਰ ਦਾ ਵਧੀਆਂ ਮਾਹੌਲ ਸਿਰਜੀਏ ਤੇ ਇਸ ਫੁੱਲਾਂ ਦੀ ਫੁਲਵਾੜੀ ਨੂੰ ਹਮੇਸ਼ਾ ਟਹਿਕਦਾ ਮਹਿਕਦਾ ਰੱਖੀਏ।

ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ ✍️  ਮੋਹੀ ਅਮਰਜੀਤ ਸਿੰਘ 

ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ  

ਪੰਜਾਬੀ ਬੋਲੀ ਦੁਨੀਆਂ ਦੀ ਪੁਰਾਤਨ ਬੋਲਿਆਂ ਵਿਚੋਂ ਇਕ ਹੈ ਜੇਕਰ ਦੁਨੀਆਂ ਦੀ ਸਭ ਤੋਂ ਪੁਰਾਤਨ ਬੋਲੀ ਤਾਮਿਲ ਹੈ ਤਾਂ ਪੰਜਾਬੀ ਵੀ ਤਾਮਿਲ ਦੇ ਨੇੜ,ਤੇੜ ਹੀ ਹੈ । ਹਿੰਦੀ ਦਾ ਜਨਮ ਫ਼ਾਰਸੀ ਵਿਚੋਂ ਹੋਇਆ ਹੈ । ਤੇ ਉਤਰੀ ਭਾਰਤ ਦੇ ਸਕੂਲ,ਕਾਲਿਜ ਤੇ ਵਿਸ਼ਵ ਵਿਦਿਆਲਿਆ ਵਿਚ ਇਹ ਝੂਠ ਦਸਿਆ ਜਾਂਦਾ ਹੈ ਕਿ ਹਿੰਦੀ ਦਾ ਜਨਮ ਸੰਸਕ੍ਰਿਤ ਭਾਸ਼ਾ ਵਿਚੋਂ ਹੋਇਆ ਹੈ। ਵਿਚਾਰੇ ਅਧਿਆਪਕ ਓਹੀ ਕੁਸ਼ ਪੜਾਉਣ ਦੇ ਆ ਜੋ ਸਲੇਬਸ ਵਿਚ ਸ਼ਪਿਆ ਹੋਇਆ ।ਪੰਜਾਬੀ ਬੋਲੀ ਸੰਸਕ੍ਰਿਤ ਤੋਂ ਵੀ ਸਦੀਆਂ ਪੁਰਾਣੀ ਹੈ।ਹਿੰਦੀ ਦੁਨੀਆਂ ਵਿਚ ਕਿਤੇ ਵੀ ਨਹੀਂ ਬੋਲੀ ਜਾਂਦੀ ਲਿਖੀ ਜਾਂਦੀ ਹੈ।ਜਦੋਂ ਹਿੰਦੀ ਲਿਖੀ ਨੂੰ ਪੜਿਆ ਜਾਂਦਾ ਹੈ ਤਾਂ ਬੋਲਣ ਵਿਚ ਓਸ ਦਾ ਉਚਾਰਣ ਉਰਦੂ ਹੁੰਦਾ ਹੈ।ਬਹੁਤ ਸਾਰੇ ਅਧਿਆਪਕ ਇਹ ਗ਼ਲਤ ਸਿਖਿਆ ਦਿੰਦੇ ਆ ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਭਾਰਤ ਵਿਚ ਅਜ ਦੋ ਭਾਸ਼ਾਵਾਂ ਸਭ ਤੌਂ ਜ਼ਿਆਦਾ ਬੋਲੀਆਂ ਜਾਂਦੀਆਂ,ਇਕ ਇੰਗਲਿਸ਼ ਤੇ ਦੂਜੀ ਉਰਦੂ । ਭਾਰਤ ਵਿਚ ਅਜ ਜੋ ਨੈਸ਼ਨਲ ਚੈਨਲ ਦੇਖੇ ਤੇ ਸੁਣੇ ਜਾਂਦੇ ਆ ਜਿਵੇਂ ਕੇ ਡੀ ਡੀ ਨੈਸ਼ਨਲ, ਆਜ਼ ਤਕ,ਜ਼ੀ ਨਿਊਜ਼ ਤੇ ਹੋਰ ਇਹ ਹਿੰਦੀ ਨਹੀਂ ਮੇਰੀ ਸਮਝ ਮੁਤਾਬਕ ਉਰਦੂ ਬੋਲਦੇ ਹਨ । ਆਹ ਜੋ ਭਾਰਤ ਵਿਚ ਬੌਲੀਵੁੱਡ ਫਿਲਮਾਂ ਬਣਦੀਆ ਇਹ 1947 ਤੋਂ ਪਹਿਲਾਂ   ਇਸ ਦਾ ਮੁਖ ਕੇਂਦਰ ਲਹੌਰ ਹੁੰਦਾ ਸੀ ਜਦੋ 1947 ਤੌ ਬਾਦ ਬੌਲੀਵੁੱਡ  ਫਿਲਮਾਂ ਦਾ ਕੇਂਦਰ ਬੰਬਾ ਬਣ ਗਿਆ ਤਾਂ ਫਿਲਮਾਂ ਓਸੇ ਬੋਲੀ ਵਿਚ ਬਨਣ ਲਗੀਆ ਪਰ ਇਸ ਨੂੰ ਇਹ ਆਖਣ ਲਗਗੇ ਕਿ ਬੌਲੀਵੁੱਡ  ਭਾਰਤ ਦੀਆਂ ਫਿਲਮਾਂ ਹਿੰਦੀ ਵਿਚ ਹਨ ਜਦੋਂ ਕਿ ਭਾਰਤੀ ਫਿਲਮਾਂ ਉਰਦੂ ਵਿਚ ਬਣਦਿਆਂ ਹਨ। ਇਸ ਤੌਂ ਇਹ ਸਿਧ ਹੁੰਦਾ ਹੈ ਕਿ ਜੋ ਅਸੀਂ  ਸਮਝ ਰਹੇ ਆ ਓਹ ਸਚ ਨਹੀਂ ਹੈ। ਭਾਸ਼ਾ ਪਰਤੀ ਸਾਨੂੰ ਹੁਣ ਤਕ ਹਨੇਰੇ ਵਿਚ ਰਖਿਆ ਗਿਆ ਹੈ।ਭਾਰਤ ਦੀ ਜੰਤਾ ਓਹੀ ਸਚ ਸਮਝ ਰਹੀ ਹੈ ਜੋ ਓਹਨਾਂ ਅਗੇ ਪਰੋਸਿਆ ਜਾ ਰਿਹਾ ਹੈ ।ਇਸ ਦੇ ਸਭ ਤੌਂ ਵਡੇ ਦੋਸ਼ੀ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕ ਸਾਹਿਬਾਨ ਹਨ ਜੋ ਸਚ ਨੂੰ ਸਾਹਮਣੇ ਨਹੀਂ ਲਿਆ ਸਕੇ...

 

 

 ਮੋਹੀ ਅਮਰਜੀਤ ਸਿੰਘ 

      ਡਾਇਰੈਕਟਰ 

ਨਾਟ ਕਲਾ ਕੇਂਦਰ ਜਗਰਾਓਂ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਗਗਨਦੀਪ ਧਾਲੀਵਾਲ ਝਲੂਰ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —
ਮਾਂ ਦੇ ਲਈ ਸੱਭ ਨੂੰ ਛੱਡ ਦਿਓ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੀ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ
ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋੲੀ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,
ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

ਗਗਨਦੀਪ ਧਾਲੀਵਾਲ ।

ਆਓ ਜਾਣੀਏ ਸੱਚਰ ਫ਼ਾਰਮੂਲਾ ਕੀ ਸੀ ?

ਪੰਜਾਬ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱਚਰ ਨੇ 1 ਅਕਤੂਬਰ 1949 ਈ. ਇੱਕ ਘੋਸ਼ਣਾ ਕੀਤੀ ਜਿਸ ਨੂੰ ਸੱਚਰ ਫ਼ਾਰਮੂਲਾ ਕਿਹਾ ਜਾਂਦਾ ਹੈ।ਭੀਮ ਸੈਨ ਸੱਚਰ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲੀ ਵਾਰ 13 ਅਪਰੈਲ 1949 ਤੋਂ 18 ਅਕਤੂਬਰ 1949 ਤੱਕ ਰਹੇ ਅਤੇ ਦੂਜੀ ਵਾਰ 17 ਅਪਰੈਲ 1952 ਤੋਂ 23 ਜਨਵਰੀ 1956 ਤੱਕ ਰਹੇ ।ਭੀਮ ਸੈਨ ਸੱਚਰ ਭਾਰਤੀ ਰਾਸ਼ਟਰੀ ਕਾਗਰਸ ਦੇ ਮੈਂਬਰ ਰਹੇ ਸਨ।1921 ਵਿੱਚ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਵੀ ਚੁਣੇ ਗਏ ਸਨ। ਉਹਨਾਂ ਇਸ ਫ਼ਾਰਮੂਲੇ ਅਨੁਸਾਰ ਪੰਜਾਬ ਨੂੰ ਭਾਸ਼ਾ ਦੇ ਅਧਾਰ ‘ਤੇ ਦੋ ਭਾਗਾਂ ਪੰਜਾਬੀ ਭਾਸ਼ਾਈ ਤੇ ਹਿੰਦੀ ਭਾਸ਼ਾਈ ਵਿੱਚ ਵੰਡਿਆ ਗਿਆ ।ਪੰਜਾਬੀ ਭਾਸ਼ਾਈ ਖੰਡ ਵਿੱਚ ਹੁਸ਼ਿਆਰਪੁਰ ਅੰਮ੍ਰਿਤਸਰ,ਗੁਰਦਾਸਪੁਰ,ਜਲੰਧਰ,ਅਬਾਲਾ,ਲੁਧਿਆਣਾ,ਆਦਿ ਜ਼ਿਲ੍ਹੇ ਦੀਆਂ ਰੋਪੜ ਅਤੇ ਖਰੜ ਤਹਿਸੀਲਾਂ (ਚੰਡੀਗੜ੍ਹ ਨੂੰ ਛੱਡ ਕੇ )ਸ਼ਾਮਿਲ ਸੀ।ਹਿੰਦੀ ਭਾਸ਼ਾਈ ਖੰਡ ਵਿੱਚ ਰੋਹਤਕ ,ਗੁੜਗਾਂਵ ,ਕਰਨਾਲ,ਕਾਂਗੜਾ,
ਹਿਸਾਰ (ਹਿਸਾਰ ਜ਼ਿਲ੍ਹੇ ਦੀ ਸਿਰਸਾ ਤਹਿਸੀਲ ਅਤੇ ਅੰਬਾਲਾ ਦੀ ਜਗਾਧਰੀ ਅਤੇ ਨਰਾਇਣਗੜ੍ਹ ਦੀਆਂ ਤਹਿਸੀਲਾਂ ਛੱਡ ਕੇ )ਸ਼ਾਮਿਲ ਸਨ।ਅੰਬਾਲਾ,ਚੰਡੀਗੜ੍ਹ ,ਸ਼ਿਮਲਾ ਅਤੇ ਸਿਰਸਾ ਨੂੰ ਦੋ ਭਾਸ਼ਾ ਖੰਡ ਘੋਸ਼ਿਤ ਕਰ ਦਿੱਤਾ ਗਿਆ।ਸੱਚਰ ਫ਼ਾਰਮੂਲੇ ਦੇ ਅਨੁਸਾਰ ਹਿੰਦੀ ਭਾਸ਼ਾਈ ਤੇ ਪੰਜਾਬੀ ਭਾਸ਼ਾਈ ਖੰਡ ਵਿੱਚ ਸਾਰੇ ਸਕੂਲਾਂ ਵਿੱਚ ਮੈਟ੍ਰਿਕ ਸ਼੍ਰੇਣੀ ਤੱਕ ਪੜ੍ਹਾਈ ਦਾ ਮਾਧਿਅਮ ਹਿੰਦੀ ਅਤੇ ਪੰਜਾਬੀ ਭਾਸ਼ਾ ਰੱਖਿਆ ਗਿਆ ਤੇ ਉਨ੍ਹਾਂ ਵਿੱਚ ਪ੍ਰਾਇਮਰੀ ਸਤਰ ਦੀ ਆਖਰੀ ਸ਼੍ਰੇਣੀ (ਪੰਜਵੀਂ ਤੱਕ ) ਤੋਂ ਦਸਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੂੰ ਦੂਸਰੀ ਭਾਸ਼ਾ ਦੇ ਰੂਪ ਵਿੱਚ ਪੰਜਾਬੀ (ਹਿੰਦੀ ਭਾਸ਼ਾ ਖੰਡ ਦੇ ਲਈ)ਤੇ ਹਿੰਦੀ (ਪੰਜਾਬੀ ਖੰਡ ਦੇ ਲਈ) ਨੂੰ ਜ਼ਰੂਰੀ ਵਿਸ਼ੇ ਦੇ ਰੂਪ ਵਿੱਚ ਪੜ੍ਹਾਉਣ ਦਾ ਪ੍ਰਬੰਧ ਕੀਤਾ ਗਿਆ।ਵਿਦਿਆਰਥੀਆਂ ਦੀ ਸਿੱਖਿਆ ਦਾ ਮਾਧਿਅਮ ਉਹਨਾਂ ਦੇ ਮਾਤਾ-ਪਿਤਾ ਨਿਰਧਾਰਿਤ ਕਰਨਗੇ।ਇਹ ਫ਼ਾਰਮੂਲਾ ਪ੍ਰਾਈਵੇਟ ਸਕੂਲਾਂ ਉੱਤੇ ਲਾਗੂ ਨਹੀਂ ਹੋਣਾ ਸੀ।

ਗਗਨਦੀਪ ਕੌਰ 

ਚੜ੍ਹਦੀ ਕਲਾਂ ✍️ ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ 

ਸਾਡੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ. ਕਿਸੇ ਦਿਨ ਦੀ ਸ਼ੁਰੂਆਤ ਹੀਣ ਭਾਵਨਾ ਨਾਲ ਕਰੀ ਜਾਵੇ
ਤਾ ਸਾਰਾ ਦਿਨ ਦਾ ਆਨੰਦ ਵਿਗੜ ਜਾਂਦਾ ਹੈ. ਵਿਚਾਰ ਸਾਡੇ ਸਰੀਰ ਤੇ ਗਹਿਰਾ ਅਸਰ ਪਾ ਜਾਂਦੇ ਹਨ. ਜਦੋਂ ਕਦੀ ਵੀ ਇਹ ਮਹਿਸੂਸ ਕੀਤਾ ਜਾਂਦਾ
ਹੈ ਕਿ ਸਰੀਰ ਚ ਊਰਜਾ ਦੀ ਕਮੀ ਹੈ ਤਾ ਸੱਚ ਮੁੱਚ ਹੀ ਸਰੀਰ ਦਿਮਾਗ ਨੂੰ ਉਸੇ ਤਰਾਂ ਦਾ ਸੁਨੇਹਾ ਲਾ ਦਿੰਦਾ ਹੈ, ਫਿਰ ਸਾਰਾ ਦਿਨ ਆਲਸ ਚ ਹੀ
ਗੁਜਰ ਜਾਂਦਾ.
ਪਰ ਜੇਕਰ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾਂ ਨਾਲ ਇਕ ਸ਼ੁਕਰਾਨੇ ਨਾਲ ਕੀਤੀ ਜਾਵੇ ਤਾ ਸਰੀਰ ਚ ਊਰਜਾ ਦੀ ਕਮੀ ਨਹੀਂ ਰਹਿੰਦੀ. ਇਹ
ਸ਼ੁਰੂਆਤ ਦਿਨ ਦੇ ਹਰ ਕੰਮ ਚ ਮੋਹਰੀ ਹੋਰ ਲਈ ਕਾਫੀ ਹੈ. ਸਿੱਟੇ ਵਜੋਂ ਸਾਰਥਕ ਢੰਗ ਨਾਲ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ.
ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਸੇ ਨਾਲ ਬਦਲੇ ਦੀ ਭਾਵਨਾ ਰੱਖਣਾ ਵੀ ਕਿਤੇ ਨਾ ਕਿਤੇ ਅੰਦਰੂਨੀ ਊਰਜਾ ਤੇ ਖੁਸ਼ੀ ਘੱਟ ਵਿਚ ਘਾਤਕ ਸਿੱਧ
ਹੁੰਦਾ ਹੈ.
ਜਦੋ ਇਹੀ ਬਦਲੇ ਖੋਰੀ ਦੀ ਭਾਵਨਾ ਰੋਜਾਨਾ ਦੇ ਕੰਮਾਂ ਚ ਆਂ ਘੁਸਦੀ ਹੈ ਤਾ ਇਨਸਾਨ ਰੋਜ ਅੰਦਰੋਂ ਅੰਦਰੀ ਘਟਨਾ ਸ਼ੁਰੂ ਹੋ ਜਾਂਦਾ ਹੈ. ਇਸੇ ਦੀ
ਵਜ੍ਹਾ ਨਾਲ ਸਰੀਰ ਚ ਕਈ ਪ੍ਰਕਾਰ ਦੇ ਵਿਕਾਰ ਉਤਪੰਨ ਹੁੰਦੇ ਹਨ . ਜਿੰਨਾ ਚ ਰਕਤ ਚਾਪ ਚ ਵਾਦਾ ਅਤੇ ਦਿਮਾਗੀ ਪਰੇਸ਼ਾਨੀਆਂ ਮੁੱਖ
ਸ਼ਾਮਿਲ ਹਨ. ਅਕਸਰ ਹੀ ਕਈ ਇਨਸਾਨ ਢਹਿੰਦੀ ਕਲਾਂ ਵਾਲੀ ਗੱਲ ਕਰਦੇ ਹਨ ਜੇ ਓਹਨਾ ਨੂੰ ਪੁੱਛਿਆ ਜਾਵੇ ਕੀ ਹਾਲ ਚਾਲ ਹੈ .. ਤਾ ਜਵਾਬ
ਬੜਾ ਹੀ ਢਿੱਲਾ ਹੁੰਦਾ. ਅਜਿਹੇ ਇਨਸਾਨ ਨਾਲ ਰਾਬਤਾ ਕਾਇਮ ਕਰਕੇ ਵੀ ਕੋਈ ਬਹੁਤਾ ਰਾਜੀ ਨਹੀਂ ਹੁੰਦਾ. ਤੁਹਾਡੇ ਵਿਚਾਰ ਅਤੇ ਤੁਹਾਡੇ ਕੰਮ
ਦੀ ਚਾਲ ਢਾਲ ਨਾਲ ਆਪਸ ਚ ਗੂੜ੍ਹਾ ਸੰਬੰਧ ਹੈ.
ਇਹ ਹੁਣ ਸਾਡੇ ਤੇ ਹੈ ਕੀ ਅਸੀਂ ਕਿਸ ਸ਼ਰ੍ਰੇਣੀ ਚ ਸ਼ਾਮਿਲ ਹੋਣਾ ਹੈ. ਬੇ ਲੋੜੇ-ਬੋਜ ਤੇ ਬਦਲੇ ਦੀਆ ਭਾਵਨਾਵਾਂ ਨੂੰ ਦੂਰ ਰੱਖ ਕੇ ਚੜ੍ਹਦੀ ਕਲਾਂ
ਵਾਲੀ ਪ੍ਰਵਿਰਤੀ ਅਪਣਾਈ ਜਾਵੇ ਤਾ ਜਿੰਦਗੀ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਜਿਓਆ ਜਾ ਸਕਦਾ ਹੈ. ਫ਼ੈਸਲਾ ਸਾਡੇ ਆਵਦੇ ਹੱਥ ਚ ਆ.
ਤੁਹਾਡਾ ਚੜ੍ਹਦੀ ਕਲਾਂ ਚ ਰਹਿਣਾ ਕਿਸੇ ਲਈ ਸੇਧ ਵੀ ਬਣ ਸਕਦਾ ਹੈ. ਖੁਸ਼ ਰਹਿ ਕੇ ਸਚਾਰੂ ਢੰਗ ਨਾਲ ਕੰਮ ਨੂੰ ਤੋਰਨਾ ਹੀ ਅਸਲ ਜ਼ਿੰਦਗੀ ਦਾ
ਗਹਿਣਾ ਹੈ.

ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਕੋਵੀਸ਼ੀਲਡ ਵੈਕਸੀਨ ਇੰਸਟੀਚਿਊਟ ਦਾ ਨਿਰਮਾਤਾ ਫੁਰਰ ✍️  ਸਲੇਮਪੁਰੀ ਦੀ ਚੂੰਢੀ

ਭਾਰਤ 'ਚ ਕੋਵਿਡ-19 ਤੋਂ ਅਗਾਉਂ ਬਚਾਅ ਲਈ ਲਗਾਈ ਜਾ ਰਹੀ  ਕੋਵਿਸ਼ੀਲ਼ਡ ਵੈਕਸੀਨ ਦੀ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਪਿਆਰਾ ਭਾਰਤ ਵਤਨ ਛੱਡ ਕੇ ਠੰਢੇ ਅਤੇ ਅਮੀਰ ਦੇਸ਼ ਬਰਤਾਨੀਆ 'ਚ ਉਡਾਰੀ ਮਾਰ ਗਿਆ ਹੈ। ਭਾਰਤੀ ਸਿਸਟਮ ਨੂੰ ਰੱਜ ਰੱਜ ਕੇ ਪਿਆਰ ਕਰਨ ਵਾਲੇ ਪੂਨਾਵਾਲਾ ਨੇ ਲੰਡਨ ਦੇ ਮਸ਼ਹੂਰ ਅਖਬਾਰ 'ਦਾ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਉਸ ਦੀ ਜਾਨ ਨੂੰ ਖਤਰਾ ਸੀ, ਕਿਉਂਕਿ ਉਸ ਉਪਰ ਵੈਕਸੀਨ ਦੀ ਸਪਲਾਈ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ, ਪਰ ਉਹ ਅਜਿਹਾ ਕਰਨ ਤੋਂ ਅਸਮਰੱਥ ਸੀ, ਜਿਸ ਕਰਕੇ ਉਸ ਨੇ ਭਾਰਤ ਨੂੰ ਅਲਵਿਦਾ ਕਹਿ ਦਿੱਤਾ ਹੈ। ਪੂਨਾਵਾਲਾ ਨੇ ਇਕੱਲੇ ਨੇ ਦੇਸ਼ ਨਹੀਂ ਛੱਡਿਆ ਬਲਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਲੰਡਨ ਲੈ ਕੇ ਚਲਿਆ ਗਿਆ ਹੈ। ਪੂਨਾਵਾਲਾ ਦਾ ਕਹਿਣਾ ਹੈ ਕਿ ਉਸ ਨੂੰ ਦੇਸ਼ ਦੇ ਸ਼ਕਤੀਸ਼ਾਲੀ ਲੋਕਾਂ ਵਲੋਂ  'ਧਮਕੀਆਂ' ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਉਹ ਦੇਸ਼ ਛੱਡ ਗਿਆ ਹੈ । ਜਾਪਦਾ ਹੈ ਕਿ ਸ਼ਾਇਦ ਪੂਨਾਵਾਲਾ ਦੇਸ਼ ਦਾ ਪਹਿਲਾ  ਬਿਜਨਸਮੈਨ ਨਹੀਂ ਜਿਹੜਾ ਭਾਰਤ ਛੱਡਕੇ ਵਿਦੇਸ਼ ਜਾ ਕੇ ਵਸਿਆ ਹੋਵੇ, ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਭਾਰਤੀ ਸਿਸਟਮ ਨੂੰ ਪਿਆਰ ਕਰਨ ਵਾਲੇ ਅਤੇ ਵੱਡੇ ਦੇਸ਼ ਭਗਤ ਅਖਵਾਉਣ ਵਾਲੇ ਵੱਡੇ ਵੱਡੇ ਕਈ ਬਿਜਨਸਮੈਨ ਦੇਸ਼ ਛੱਡ ਕੇ ਫੁਰਰ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਕੁਝ ਸਮਾਂ ਪਹਿਲਾਂ ਹੀ ਲੰਡਨ ਦੇ ਸਭ ਤੋਂ ਮਹਿੰਗੇ ਇਲਾਕਿਆਂ  'ਚ ਇੱਕ ਬਹੁਤ ਹੀ ਸ਼ਾਨਦਾਰ ਬੰਗਲਾ ਕਿਰਾਏ' ਤੇ ਲਿਆ ਸੀ, ਜਿਸ ਦਾ ਮਹੀਨਾਵਾਰ ਕਿਰਾਇਆ ਭਾਰਤੀ ਮੁਦਰਾ 'ਚ 2 ਕਰੋੜ ਰੁਪਏ ਬਣਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਉਸ ਨੂੰ 3 ਹਜ਼ਾਰ ਕਰੋੜ ਰੁਪਏ ਦਾ "ਕਰਜ਼ਾ" ਦਿੱਤਾ ਸੀ। ਇਸ ਵੇਲੇ ਜਦੋਂ ਦੇਸ਼ ਕੋਰੋਨਾ ਦੀ ਭੱਠੀ ਵਿਚ ਸੜ ਰਿਹਾ ਹੈ,ਹਰ ਰੋਜ ਹਜਾਰਾਂ ਮਰੀਜ ਦਮ ਤੋੜ ਰਹੇ ਹਨ, ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਨਹੀਂ ਮਿਲ ਰਹੀ, ਵੈਂਟੀਲੇਟਰ ਨਹੀਂ ਮਿਲ ਰਹੇ, ਸਿਵੇ ਲਾਸ਼ਾਂ ਨਹੀਂ ਝੱਲ ਰਹੇ, ਸਸਕਾਰ ਕਰਦਿਆਂ ਕਰਦਿਆਂ ਸਿਵਿਆਂ ਦੀਆਂ ਛੱਤਾਂ ਲਾਲ ਹੋ ਗਈਆਂ ਹਨ, ਦੇ ਚੱਲਦਿਆਂ ਕੋਵੀਸ਼ੀਲਡ ਵੈਕਸੀਨ ਜਿਸ ਦੇ ਸਰੀਰਕ ਅਸਰ ਸਬੰਧੀ ਦੇਸ਼ ਦੀ ਕੇਂਦਰ ਸਰਕਾਰ ਵਲੋਂ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ,ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਮੁੱਖੀ ਦਾ 'ਭਗੌੜਾ' ਹੋ ਜਾਣਾ 'ਭਾਰਤੀ ਸਿਸਟਮ' ਦੀ ਕਾਰਗੁਜ਼ਾਰੀ ਉਪਰ ਬਹੁਤ ਵੱਡਾ ਸੁਆਲੀਆ ਚਿੰਨ੍ਹ ਹੈ। ਪੂਨਾਵਾਲਾ ਨੂੰ ਦੇਸ਼ ਛੱਡਣ ਲਈ ਕਿਸ ਨੇ ਮਜਬੂਰ ਕੀਤਾ, ਜਾਂ ਕਿਸ ਨੇ ਉਸ ਦੀ ਮਦਦ ਕੀਤੀ ਜਾਂ ਉਹ ਖੁਦ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ, ਦੀ ਅਸਲੀਅਤ ਬਾਰੇ ਜਲਦੀ ਸੱਚ ਸਾਹਮਣੇ ਆ ਜਾਵੇਗਾ, ਪਰ 'ਭਾਰਤੀ ਸਿਸਟਮ' ਅਤੇ ਉਸ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ 'ਮੀਡੀਆ' ਹਮੇਸ਼ਾਂ ਸੱਚ ਨੂੰ ਦਬਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਤੱਤਪਰ ਰਹਿੰਦਾ ਹੈ। ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਵਿਕਰੀ ਦੌਰਾਨ ਕਿੰਨਾ ਮੁਨਾਫ਼ਾ ਕਮਾਇਆ ਅਤੇ ਦੇਸ਼ ਦੇ ਖਜਾਨੇ ਵਿਚ ਲੋਕਾਂ ਦੀ ਕਮਾਈ ਦੇ ਪਏ ਪੈਸਿਆਂ ਵਿਚੋਂ ਲਿਆ ਕਰਜਾ ਕਿੰਨਾ ਮੋੜਿਆ ਦੇ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਵੇਲੇ ਪੂਨਾਵਾਲਾ ਵਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦਾ ਬਹਾਨਾ ਬਣਾ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਛੱਡ ਕੇ 'ਭਗੌੜਾ' ਹੋ ਜਾਣਾ ਬਹੁਤ ਹੀ ਦੁਖਦਾਇਕ ਅਤੇ ਅਫਸੋਸਜਨਕ ਖਬਰ ਹੈ!


-ਸੁਖਦੇਵ ਸਲੇਮਪੁਰੀ
09780620233
2 ਮਈ, 2021

ਮਜ਼ਦੂਰ ਦਿਵਸ ‘ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ।ਇਹ ਮਈ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਹ ਮਜ਼ਦੂਰਾਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ।ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।ਫਿਰ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨ ਕਰ ਲਿਆ ਗਿਆ। ਪਹਿਲੀ ਵਾਰ ਲਾਲ ਝੰਡਾ ਵਰਤਿਆ ਗਿਆ ।ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ।ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਮਜਦੂਰ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ।ਅਮਰੀਕਾ ਵਿੱਚ ਜਦੋਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਤੇ
ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਦੀ ਮੰਗ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ।ਇਸਦਾ ਨਤੀਜਾ ਇਹ ਹੋਇਆ ਕਿ ਸਿੱਟੇ ਵਜੋਂ ਪੁਲਿਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਕਈ ਮਜਦੂਰ ਮਾਰ ਦਿੱਤੇ।ਇਸ ਘਟਨਾ ਤੋ ਬਾਅਦ ਅਮਰੀਕਾ ‘ਤੇ ਉਸ ਸਮੇਂ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ ਸੀ ਪਰ ਥੋੜ੍ਹੇ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ।ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦੀ ਮੁੱਖ ਭੂਮਿਕਾ ਹੁੰਦੀ ਹੈ ।ਉਹ ਪੂਰੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕਰਦੇ ਹਨ।ਖੂਨ ਪਸੀਨਾ ਇੱਕ ਕਰਕੇ ਰੋਜੀ ਰੋਟੀ ਕਮਾਉਂਦੇ ਹਨ ।ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਢਾਂਚਾ ਖੜਾ ਨਹੀਂ ਰਹਿ ਸਕਦਾ।ਕਾਮੇ ਤੋ ਬਿਨਾਂ ਕੋਈ ਵੀ ਮਹਿਲ ਨਹੀਂ ਉਸਾਰਿਆ ਜਾ ਸਕਦਾ ਚਾਹੇ ਉਹ ਪੱਥਰ ਦਾ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਕੱਚ ਦਾ ਚਾਹੇ ਰਬੜ ਦਾ ਹੋਵੇ।ਕਾਮੇ ਦੀ ਸਹਾਇਤਾ ਨਾਲ ਹੀ ਕੋਈ ਢਾਂਚਾ ਬਣ ਸਕਦਾ ਹੈ।ਵਰਤਮਾਨ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਬਣਾ ਦਿੱਤੇ ਗਏ ਹਨ ਤੇ ਲਾਗੂ ਵੀ ਕੀਤੇ ਗਏ ਹਨ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ ਸੀ ।ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਸਮੇਂ ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮੰਨਿਆਂ ਜਾਂਦਾ ਹੈ ਕਿ ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਗਿਆ ਹੈ। ਪਹਿਲਾ ਮਜ਼ਦੂਰਾਂ ਵਿੱਚ ਆਪਸੀ ਏਕਤਾ ਨਹੀਂ ਸੀ ।ਨਾ ਹੀ ਯੂਨੀਅਨ ਬਣੀਆ ਸਨ।ਕਿਉਕਿ ਉਸ ਸਮੇਂ ਅਮੀਰੀ ਗਰੀਬੀ ਦਾ ਬਹੁਤ ਪਾੜਾ ਸੀ।ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਜ਼ਦੂਰਾਂ ਵਿੱਚ ਕੁੱਝ ਏਕਤਾ ਦੇਖਣ ਨੂੰ ਮਿਲੀ ।ਮਜ਼ਦੂਰ ਇੱਕ ਝੰਡੇ ਥੱਲੇ ਇਕੱਠੇ ਹੋਏ।ਇਸ ਤੋ ਬਾਅਦ ਕਲਿਆਣਕਾਰੀ ਰਾਜ ਬਣ ਗਿਆ।ਹੌਲੀ ਹੌਲੀ ਪੁਨਰ ਜਾਗ੍ਰਿਤੀ ਆ ਗਈ। ।ਉਦਯੋਗ ਸਾਥਾਪਿਤ ਹੋ ਗਏ ਬਹੁਤ ਸਾਰਾ ਕੰਮ ਮਸ਼ੀਨਾਂ ਰੋਬਟਾ ਰਾਹੀਂ ਹੋਣ ਲੱਗਿਆ। ਜਿਸ ਕਾਰਨ ਕੰਪਿਊਟਰ ਯੁੱਗ ਸ਼ੁਰੂ ਹੋ ਗਿਆ।ਜਿੱਥੇ 50 ਜਾਂ 100 ਮਜ਼ਦੂਰ ਇਕੱਠੇ ਕੰਮ ਕਰਦੇ ਸਨ ਹੁਣ ਉਹ ਥਾਂ ਮਸ਼ੀਨਾਂ ਰੋਬੇਟ ਨੇ ਲਈ ਸਿੱਟੇ ਵਜੋਂ ਮਜ਼ਦੂਰਾਂ ਦਾ ਇੱਕੱਠੇ ਇੱਕਜੁੱਟ ਹੋ ਕੰਮ ਕਰਨ ਦਾ ਸੁਪਨਾ ਬਣ ਕੇ ਰਹਿ ਗਿਆ। ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਗਾਂਧੀ ਜੀ ਅਨੁਸਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਪਾਉਦੀ ਹੈ।ਜੇਕਰ ਸਿੱਖ ਇਤਿਹਾਸ ਵਿੱਚੋਂ ਇੱਕ ਸੱਚੇ ਕਾਮੇ ਦੀ ਉਦਾਹਰਨ ਲਈ ਜਾਵੇ ਇਹ ਭਾਈ ਲਾਲੋ ਜੀ ਸਨ ਜੋ ਕਿ ਸੱਚੀ ਮਿਹਨਤ ਕਰਨ ਵਾਲੇ ਗੁਰੂ ਜੀ ਦੇ ਸਿੱਖ ਸਨ।ਜੋ ਕਿ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਿੱਤੇ ਗਏ ਹਨ।ਜਿੰਨਾ ਵਿਚੋਂ ਗੁਰੂ ਜੀ ਨੂੰ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ।ਦੋਸਤੋ ਮਜ਼ਦੂਰ ਦਿਵਸ ਸਾਲ ਵਿੱਚ ਇੱਕ ਵਾਰ ਮਨਾਉਣ ਨਾਲ ਕੁੱਝ ਨਹੀਂ ਹੁੰਦਾ ਕਿਉਕਿ ਮਜ਼ਦੂਰ ਤਾ ਦਿਨ ਰਾਤ ਕਮਾਈ ਕਰਦੇ ਹਨ ਜਿੰਨਾ ਆਸਰੇ ਹੀ ਦੁਨੀਆ ਚਲਦੀ ਹੈ।ਇੱਕ ਮਿਹਨਤੀ ਕਾਮੇ ਲਈ ਸਾਲ ਦੇ ਸਾਰੇ ਦਿਨ ਹੀ ਮਜ਼ਦੂਰ ਦਿਵਸ ਵਜੋਂ ਹੋਣੇ ਚਾਹੀਦੇ ਹਨ।ਅੱਜ ਕੱਲ ਕਿਸਾਨਾਂ ਦੀਆਂ ਜ਼ਮੀਨਾਂ ਵੀ ਘੱਟ ਰਹੀਆ ਹਨ।ਮਹਿੰਗਾਈ ਬਹੁਤ ਵੱਧ ਗਈ ਹੈ।ਬੇਰੁਜ਼ਗਾਰਾਂ ਕਾਰਨ ਨੌਜਵਾਨ ਦਿਨ ਰਾਤ ਟੈਨਸਨ ਵਿੱਚ ਹਨ।ਮਜ਼ਦੂਰਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਬੇਸ਼ੱਕ ਅੱਜ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦੇ ਸੁਧਾਰ ਕੀਤੇ ਜਾ ਰਹੇ ਹਨ ਪਰ ਇਹ ਉਹਨਾਂ ਸਮਾਂ ਸਫਲ ਨਹੀਂ ਹੋ ਸਕਦੇ ਜਿੰਨਾਂ ਸਮਾਂ ਇਹਨਾਂ ਨੂੰ ਅਸਲ (ਅਮਲੀ ਰੂਪ )ਵਿੱਚ ਲਾਗੂ ਨਹੀਂ ਕੀਤਾ ਜਾਂਦਾ ।ਸਾਡਾ ਮਜ਼ਦੂਰ ਦਿਵਸ ਮਨਾਉਣਾ ਉਦੋਂ ਸਾਰਥਕ ਹੋਵੇਗਾ ਜਦੋਂ ਤੱਕ ਮਜਦੂਰਾ ਦੀ ਲੁੱਟ-ਖਸੁੱਟ ਉਹਨਾ ‘ਤੇ ਹੋਰ ਰਹੇ ਜਬਰ ਜ਼ੁਲਮ ਬੰਦ ਨਹੀਂ ਹੋਣਗੇ।ਜਿੰਨਾ ਟਾਇਮ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਵੇਗਾ ਉਹਨਾਂ ਸਮਾਂ ਇਹ ਇੱਕ ਦਿਨ ਮਜ਼ਦੂਰ ਦਿਵਸ ‘ਤੇ ਬਣਾਈਆ ਰਣਨੀਤੀਆਂ ਕਾਮਯਾਬ ਨਹੀਂ ਹੋ ਸਕਣਗੀਆਂ।ਸਾਨੂੰ ਸਾਰਿਆਂ ਨੂੰ ਰਲ ਕੇ ਮਜ਼ਦੂਰਾਂ ਦੀ ਸਥਿਤੀ ਨੂੰ ਸੁਧਾਰਨ ਲਈ ਗੰਭੀਰ ਰੂਪ ਵਿੱਚ ਸੋਚਣਾ ਚਾਹੀਦਾ ਹੈ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।

ਫੱਟੀ,ਕਲਮ ਤੇ ਦਵਾਤ, ਅੱਜ ਵਿਰਸੇ ਦੀ ਬਾਤ ਬਣ ਗਏ ਹਨ✍️ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ 

  ਹੁਣ ਜਦੋਂ ਵੀ ਕਦੇ ਬੱਚਿਆਂ ਦੇ ਮੋਢਿਆਂ ਵਿੱਚ ਬਸਤੇ ਪਾਏ ਦਿਖ ਜਾਣ ਤਾਂ ਬੀਤਿਆਂ ਬਚਪਨ ਯਾਦ ਆ ਜਾਂਦਾ ਹੈ ਬੱਸ ਫਿਰ ਇੱਕ ਚੀਜ ਦੀ ਘਾਟ ਰੜਕਨ ਲੱਗ ਜਾਂਦੀ ਹੈ ਉਹ ਹੈ ਫੱਟੀ।ਅੱਜ ਦੇ ਸਮੇਂ ਦੇ ਬੱਚਿਆਂ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ (ਤਨੀ ਵਾਲਾ ) ਫੜਿਆਂ ਹੁੰਦਾ ਹੈ ਪਰ ਸਾਡੇ ਸਮੇਂ ਵਿੱਚ ਬੱਚਿਆਂ ਦੇ ਹੱਥ ਵਿੱਚ ਫੱਟੀ ਹੁੰਦੀ ਸੀ ।ਫੱਟੀ, ਕਲਮ ਤੇ ਦਵਾਤ ਦਾ ਨਾਂ ਦਿਮਾਗ਼ ਵਿਚ ਆਉਂਦੇ ਸਾਰ ਹੀ ਬਹੁਤਿਆਂ ਨੂੰ ਅਪਣਾ ਬੀਤੇ ਬਚਪਨ ਦੀ ਖ਼ੁਸ਼ਬੋ ਯਾਦ ਆ ਜਾਂਦੀ ਹੈ। ਕੁੱਝ ਵਰ੍ਹੇ ਪਹਿਲਾਂ ਤਕ ਪ੍ਰਾਇਮਰੀ ਸਕੂਲਾਂ ਵਿਚ ਬੱਚੇ ਖ਼ੁਸ਼ੀ-ਖ਼ੁਸ਼ੀ ਫੱਟੀਆਂ, ਕਲਮਾਂ ਤੇ ਸਿਆਹੀ ਦੀਆਂ ਦਵਾਤਾਂ ਦੀ ਵਰਤੋਂ ਕਰਦੇ ਹੁੰਦੇ ਸਨ। ਗਾਚਨੀ ਨਾਲ ਫੱਟੀ ਪੋਚਣੀ, ਧੁੱਪ ਵਿਚ ਹਿਲਾ-ਹਿਲਾ ਕੇ ਸੁਕਾਉਣੀ, ਕਾਨਿਆਂ ਦੀ ਵਰਤੋਂ ਕਰ ਕੇ ਬਲੇਡ ਜਾਂ ਚਾਕੂ ਨਾਲ ਕਲਮ ਬਣਾਉਦਿਆ ਹੱਥ ਤੇ ਵੀ ਵੱਜ ਜਾਂਦਾ ਸੀ।ਉਦੋ ਇਹ ਸੱਟਾਂ ਦਾ ਪਤਾ ਹੀ ਨਹੀਂ ਹੁੰਦਾ ਸੀ।ਫਿਰ ਕਾਲੀ ਸਿਆਹੀ ਦੇ ਛੋਟੇ-ਛੋਟੇ ਪੈਕਟ ਦਵਾਤ ਵਿਚ ਪਾ ਕੇ ਪਾਣੀ ਮਿਲਾ ਕੇ ਸਿਆਹੀ ਤਿਆਰ ਕਰਨੀ ਤੇ ਕਈ ਵਾਰ ਸਿਆਹੀ ਨੂੰ ਗੂੜ੍ਹੀ ਬਣਾਉਣ ਲਈ ਉਸ ਵਿਚ ਛੋਟੀ ਜਿਹੀ ਗੁੜ ਦੀ ਡਲੀ ਪਾ ਦੇਣੀ, ਇਹ ਸੱਭ ਗੱਲਾਂ ਹੁਣ ਬਸ ਯਾਦਾਂ ਵਿਚ ਹੀ ਰਹਿ ਗਈਆਂ ਹਨ। ਸਵੇਰ ਦੀ ਸਭਾ ਤੋਂ ਬਾਅਦ ਜਮਾਤ ’ਚ ਆ ਕੇ ਅਸੀਂ ਫੱਟੀਆਂ ਲਿਖਣੀਆਂ ਫਿਰ ਅੱਧੀ ਛੁੱਟੀ ਗਾਚੀ ਫੇਰ ਫੇਰ ਪੋਚਣੀਆਂ, ‘ਸੂਰਜਾ ਸੂਰਜਾ ਫੱਟੀ ਸੁਕਾ’ ਕਹਿ ਕੇ ਹਿਲਾ ਹਿਲਾ ਕੇ ਸੁਕਾਉਣੀਆਂ, ਬਾਅਦ ’ਚ ਫਿਰ ਲਿਖਣੀਆਂ, ਅਧਿਆਪਕਾਂ ਨੇ ਚੈਕ ਕਰਨੀਆਂ। ਹੁਣ ਇਸ ਦੀ ਜਗਾ ਕਾਪੀਆਂ ਤੇ ਬਾਲ ਪੈਨਾਂ ਨੇ ਲੈ ਲਈ ਹੈ, ਜਿਸ ਨਾਲ ਲਿਖਾਈ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਪਰ ਸਾਡੇ ਸਮੇਂ ਬੱਚੇ ਅੱਖਰ ਲਿਖ ਜ਼ਰੂਰ ਲੈਂਦੇ ਸਨ ਪਰ ਉਨਾਂ ਨੂੰ ਅੱਖਰਾਂ ਦੀ ਸਹੀ ਬਣਾਵਟ ਦਾ ਪਤਾ ਨਹੀਂ ਚਲਦਾ ਫੱਟੀਆਂ ਸੁੱਕ ਜਾਣ ਉਤੇ ਮਾਸਟਰ ਜੀ ਉਨ੍ਹਾਂ ਉੱਪਰ ਪੈਨਸਲ ਨਾਲ ਸਿੱਧੀਆਂ ਲਕੀਰਾਂ ਮਾਰ ਦਿੰਦੇ ਸਨ ਤੇ ਫਿਰ ਖ਼ਾਨਿਆਂ ਵਿਚ ਟੋਕਵੀਂ ਗਿਣਤੀ ਤੇ ਟੋਕਵੇਂ ਸ਼ਬਦ, ਸੁੰਦਰ ਲਿਖਾਈ ਜਾਂ ਸਕੂਲ ਦਾ ਕੰਮ ਕਰਵਾਉਂਦੇ ਹੁੰਦੇ ਸਨ। ਫੱਟੀ ਨੂੰ ਸਕੂਲ ਦੇ ਨੇੜੇ ਚਲਦੇ ਖ਼ਾਲੇ ਜਾਂ ਹੋਰ ਪਾਣੀ ਦੇ ਸੋਮੇ ਕੋਲ ਜਾ ਕੇ ਸਾਰੇ ਬੱਚੇ ਜਮਾਤ ਅਨੁਸਾਰ ਫੱਟੀਆਂ ਧੋ ਲੈਂਦੇ ਸਨ। ਸਾਡੇ ਅਧਿਆਪਕਾਂ ਨੇ ਫੱਟੀ ਤੇ ਪੂਰਨੇ ਪਾ ਦੇਣੇ ਤੇ ਅਸੀਂ ਕਲਮ ਨੂੰ ਸਿਆਹੀ ਵਾਲੀ ਦਵਾਤ ’ਚ ਡਬੋ ਡਬੋ ਕੇ ਫੱਟੀ ਲਿਖ ਮਾਰਨੀ। ਇਸ ਨਾਲ ਬੱਚਿਆਂ ਦੀ ਲਿਖਾਈ ਵਿਚ ਬਹੁਤ ਸੁਧਾਰ ਹੁੰਦਾ ਸੀ ਪਰ ਅੱਜ ਆਧੁਨਿਕਤਾ ਦੀ ਹਨੇਰੀ ਸਾਡੇ ਸਮਾਜ ’ਚ ਇਸ ਤਰਾਂ ਆਈ ਕਿ ਇਹੀ ਫੱਟੀਆਂ ਸਾਨੂੰ ਪਿਛੜਾਪਨ ਜਾਪਣ ਲੱਗ ਪਈਆਂ? ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਟਾਂਵਾ-ਟੱਲਾ ਸਕੂਲ ਹੋਵੇ ਜਿਸ ’ਚ ਇਨਾਂ ਫੱਟੀਆਂ ਤੇ ਲਿਖਾਈ ਸ਼ਿੰਗਾਰੀ ਜਾਂਦੀ ਹੋਵੇ। ਫੱਟੀ ਲਿਖਣ ਦਾ ਸਭ ਨੂੰ ਚਾਅ ਹੁੰਦਾ ਸੀ।ਕਈ ਵਾਰ ਫੱਟੀ ਜਾ ਉਸਦਾ ਡੂੰਡਣਾ ਵੀ ਟੁੱਟ ਜਾਂਦਾ ਸੀ। ਜਿਸਤੋ ਫੱਟੀ ਫੜਦੇ ਹੁੰਦੇ ਸੀ ਫਿਰ ਉਸ ਉੱਪਰ ਲੋਹੇ ਦੀ ਪੱਤੀ ਲਾ ਕੇ ਉਸਨੂੰ ਜੋੜ ਲੈਂਦੇ ਸੀ।ਸਚਮੁੱਚ ਫੱਟੀ, ਕਲਮ ਤੇ ਦਵਾਤ ਨਾਲ ਲਿਖੀ ਸੁੰਦਰ ਲਿਖਾਈ ਤੇ ਬਣੀ ਬਣਤਰ ਦੀ ਰੀਸ ਨਹੀਂ ਸੀ ਹੁੰਦੀ। ਉਦੋਂ ਸਕੂਲਾਂ ਵਿਚ ਅੱਜ ਵਾਂਗ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਨਹੀਂ ਸੀ ਮਿਲਦਾ ਹੁੰਦਾ ਸਗੋਂ ਖਾਣ ਵਾਲੀ ਪੰਜੀਰੀ ਮਿਲਦੀ ਹੁੰਦੀ ਸੀ। ਛੁੱਟੀ ਹੋਣ ਵੇਲੇ ਇਸੇ ਫੱਟੀ ਉਤੇ ਦੋ-ਦੋ, ਤਿੰਨ-ਤਿੰਨ ਮੁੱਠਾਂ ਪੰਜੀਰੀ ਪਾ ਕੇ ਬੱਚੇ ਪੰਜੀਰੀ ਖਾਂਦੇ-ਖਾਂਦੇ ਖ਼ੁਸ਼ੀ-ਖ਼ੁਸ਼ੀ ਘਰਾਂ ਨੂੰ ਜਾਂਦੇ ਹੁੰਦੇ ਸਨ। ਉਸ ਸਮੇਂ ਅੱਜ ਵਾਂਗ ਪੈੱਨ, ਕਾਪੀਆਂ ਆਦਿ ਦਾ ਪ੍ਰਚਲਨ ਨਹੀਂ ਸੀ ਹੁੰਦਾ। ਬੱਚੇ ਕਿਤਾਬਾਂ ਅਕਸਰ ਪੁਰਾਣੇ ਕਪੜੇ ਜਾਂ ਪਲਾਸਟਿਕ ਦੇ ਥੈਲਿਆਂ ਤੋਂ ਬਣਾਏ ਹੋਏ ਬਸਤੇ ਤੇ ਫੱਟੀਆਂ ਹੱਥਾਂ ਵਿਚ ਫੜ ਕੇ ਸਕੂਲ ਲਿਆਉਂਦੇ ਸੀ। ਅੱਜ ਦੇ ਬੱਚਿਆਂ ਨੂੰ ਸ਼ਾਇਦ ਫੱਟੀ, ਗਾਚਨੀ, ਕਲਮ ਤੇ ਦਵਾਤ ਦਾ ਪਤਾ ਹੀ ਨਾ ਹੋਵੇ। ਫੱਟੀ, ਕਲਮ ਤੇ ਦਵਾਤ ਨਾਲ ਪੜ੍ਹਾਉਣ ਦਾ ਤਰੀਕਾ ਬਹੁਤ ਸਾਦਾ, ਸਸਤਾ, ਚਿਰ ਸਥਾਈ ਤੇ ਪ੍ਰਭਾਵਸ਼ਾਲੀ ਸੀ। ਰਲ ਮਿਲ ਕੇ ਫੱਟੀਆਂ ਪੋਚਣਾ, ਰਲ ਕੇ ਫੱਟੀਆਂ ਲਿਖਣਾ, ਕਲਮਾਂ ਤਿਆਰ ਕਰਨੀਆਂ, ਦਵਾਤਾਂ ਦੀ ਰਲ-ਮਿਲ ਕੇ ਵਰਤੋਂ ਕਰਨੀ ਤੇ ਇਕੱਠੇ ਹੋ ਕੇ ਸਾਰੇ ਬੱਚਿਆਂ ਨੇ ਫੱਟੀਆਂ ਧੋਣੀਆਂ ਜਾਂ ਫੱਟੀਆਂ ਸੁਕਾਉਣ ਨਾਲ ਬੱਚਿਆਂ ਵਿਚ ਮਿਲਵਰਤਨ, ਪਿਆਰ ,ਆਪਸੀ ਸਾਂਝ ਤੇ ਭਾਈਚਾਰਕ ਪਿਆਰ ਪੈਦਾ ਹੁੰਦਾ ਸੀ। ਇਹ ਫੱਟੀਆਂ, ਦਵਾਤਾਂ, ਕਲਮਾਂ ਅੱਜ ਗੁਮਨਾਮ ਜ਼ਿੰਦਗੀ ਜੀ ਰਹੀਆਂ ਹਨ ।ਅੱਜ ਸਮਾਂ ਬਦਲ ਚੁੱਕਾ ਹੈ, ਅੱਜ ਬੱਚਿਆਂ ਦੇ ਬਸਤੇ ਮੋਟੀਆਂ-ਮੋਟੀਆਂ ਕਿਤਾਬਾਂ, ਕਾਪੀਆਂ ਤੇ ਭਾਂਤ-ਭਾਂਤ ਦੀ ਲਿਖਣ ਸਮੱਗਰੀ ਨਾਲ ਭਰਦੇ ਜਾ ਰਹੇ ਹਨ, ਜੋ ਕਿ ਆਰਥਕ ਪੱਖੋਂ ਕਾਫ਼ੀ ਬੋਝਲ ਵੀ ਹੈ।  ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਕੋਈ ਰੀਸ ਨਹੀਂ, ਇਸ ਦੀ ਸਮਾਜਿਕ, ਆਰਥਿਕ ਤੇ ਇਤਿਹਾਸਿਕ ਪੱਖੋਂ ਸਾਨੂੰ ਬਹੁਤ ਦੇਣ ਰਹੀ ਹੈ। ਇਸ ਦਾ ਸੱਭ ਤੋਂ ਵੱਡਾ ਫ਼ਾਇਦਾ ਕਾਗ਼ਜ਼ ਦੀ ਵਰਤੋਂ ਨੂੰ ਰੋਕ ਕੇ ਦਰੱਖ਼ਤਾਂ ਆਦਿ ਦੀ ਕਟਾਈ ਨਾ ਹੋਣ ਦੇਣਾ ਵੀ ਸੀ।
ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਮਨੁੱਖ ਦੇ ਜੀਵਨ ਵਿਚ ਬਹੁਤ ਅਹਿਮੀਅਤ ਰਹੀ ਹੈ। ਫੱਟੀ, ਕਲਮ ਤੇ ਦਵਾਤ ਨੂੰ ਯਾਦ ਕਰਦਿਆਂ ਪ੍ਰਾਇਮਰੀ ਸਕੂਲ, ਪ੍ਰਾਇਮਰੀ ਪੱਧਰ ਦੀ ਪੜ੍ਹਾਈ, ਬਚਪਨ, ਬਚਪਨ ਦੇ ਸੰਗੀ- ਸਾਥੀ, ਅਧਿਆਪਕ ਤੇ ਬਚਪਨ ਦੀਆਂ ਅਣਭੋਲ ਯਾਦਾਂ ਦਿਲੋ ਦਿਮਾਗ਼ ਉਤੇ ਛਾ ਜਾਂਦੀਆਂ ਹਨ ਤੇ ਮਨ ਕੁੱਝ ਸਮੇਂ ਲਈ ਸ਼ਾਂਤ ਤੇ ਭਾਵੁਕ ਹੋ ਜਾਂਦਾ ਹੈ। ਮੁੜ ਉਹ ਬੇ-ਫ਼ਿਕਰੇ ਪਲਾਂ ਵਿੱਚ ਚਲਾ ਜਾਂਦਾ ਹੈ।ਜਿੱਥੇ ਕਿ ਕਿਸੇ ਚੀਜ ਦਾ ਨਾ ਤਾਂ ਡਰ ਸੀ ਨਾ ਹੀ ਕਿਸੇ ਚੀਜ ਦਾ ਫਿਕਰ ।ਉਹ ਨਿੱਕੇ ਨਿੱਕੇ ਪਲ ਹੀ ਉਸ ਸਮੇਂ ਸਾਰੀ ਜ਼ਿੰਦਗੀ ਦੀ ਖੁਸ਼ੀ ਦਿੰਦੇ ਸਨ। ਜਦੋਂ ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਤੇ ਫਿਰ ਧੁੱਪੇ ਰੱਖ ਦੇਣੀ ਤੇ ਕਹਿਣਾ- ਸੂਰਜਾ ਸੂਰਜਾ ਫੱਟੀ ਸੁੱਕਾ।ਸਾਰੇ ਹੀ ਮਾਸਟਰਾਂ ਤੇ ਭੈਣਜੀਆਂ ਨੇ ਫੱਟੀਆਂ ਲਿਖਵਾਈਆਂ, ਪਹਿਲਾਂ ਪੂਰਨੇ ਪਾ ਪਾ ਦਿੱਤੇ, ਫਿਰ ਅੱਖਰਾਂ ਦੀ ਬਣਾਵਟ ਸਹੀ ਕਰਵਾਈ ਤੇ ਬਾਅਦ ’ਚ ਤੇਜ਼ੀ ਨਾਲ ਸੋਹਣਾ ਲਿਖਣਾ ਸਿਖਾਇਆ।ਅਸਲ ’ਚ ਫੱਟੀ ਦੀ ਥਾਂ ’ਤੇ ਕਾਪੀਆਂ ਆ ਜਾਣ ਕਾਰਨ ਅਭਿਆਸ ਲਈ ਫੱਟੀਆਂ ਤੇ ਲਿਖੇ ਜਾਂਦੇ ਵੱਡੇ ਅੱਖਰਾਂ ਦੀ ਥਾਂ ਹੁਣ ਕਾਪੀ ਦੀਆਂ ਛੋਟੀਆਂ ਛੋਟੀਆਂ ਲਾਈਨਾਂ ’ਚ ਪਾਏ ਜਾਣ ਵਾਲੇ ਨਿਕੜੇ ਅੱਖਰਾਂ ਨੇ ਲੈ ਲਈ ਹੈ। ਜਿਸ ਕਾਰਨ ਲਿਖਾਈ ਦੀ ਸੁੰਦਰਤਾ ਦਾ ਗ੍ਰਾਫ ਹੇਠਾਂ ਵੱਲ ਨੂੰ ਲੁੜਕਿਆ ਹੈ। ਰਹਿੰਦੀ ਖੁੰਹਦੀ ਜਖਣਾ ਕਲਮ, ਡੰਕ ਅਤੇ ਨਿੱਬ ਵਾਲੇ ਸ਼ਿਆਹੀ ਵਾਲੇ ਪੈਨਾਂ ਦੀ ਥਾਂ ਤੇ ਆਏ ਜੈਲ ਅਤੇ ਬਾਲ-ਪੈਨਾਂ ਨੇ ਮਾਰ ਸੁੱਟੀ ਹੈ। ਲਿਖਾਈ ’ਚ ਤੇਜ਼ੀ ਆ ਜਾਣ ਕਾਰਨ ਨਾ ਤਾਂ ਅੱਖਰਾਂ ਦੀ ਇਨਾਂ ਨਾਲ ਸਹੀ ਬਣਾਵਟ ਬਣਦੀ ਹੈ ਅਤੇ ਨਾ ਹੀ ਸੁੰਦਰਤਾ। ਪਰ ਸਾਡੇ ਸਮੇਂ ਇਕੱਠਿਆਂ ਫੱਟੀ ਪੋਚਣ ਦੇ ਨਾਲ ਮੇਲ-ਜੋਲ ਤੇ ਇਕ ਦੂਜੇ ਨੂੰ ਸਮਝਣ ਦੀ ਜਿਥੇ ਇਕ ਨਵੀਂ ਤੇ ਨੈਤਿਕ ਸਿਖਿਆ ਤੇ ਭਾਵਨਾ ਮਿਲਦੀ ਹੁੰਦੀ ਸੀ,ਉਥੇ ਹੀ ਇਕੱਠੇ ਰਹਿ ਕੇ ਤੇ ਬਰਾਬਰ ਰਲ-ਮਿਲ ਕੇ ਕੰਮ ਕਰ ਕੇ ਬੱਚਿਆਂ ਦੇ ਕੋਮਲ ਮਨਾਂ ਵਿਚ ਇਕਸਾਰਤਾ ਤੇ ਸਮਾਨਤਾ ਦੀ ਸੂਝਬੂਝ ਵੀ ਪੈਦਾ ਹੁੰਦੀ ਸੀ ਅਤੇ ਇਸ ਤਰ੍ਹਾਂ ਬੱਚਿਆਂ ਨੂੰ ਜਾਤ-ਪਾਤ, ਊਚ-ਨੀਚ, ਛੂਆ-ਛੂਤ ਤੇ ਅਮੀਰ-ਗ਼ਰੀਬ ਦੇ ਵਖਰੇਵੇਂ, ਬੁਰਾਈਆਂ ਤੇ ਸਮਾਜਿਕ ਕੁਰੀਤੀਆਂ ਤੇ ਅਸਮਾਨਤਾਵਾਂ ਤੋਂ ਉੱਪਰ ਉਠ ਕੇ ਸੋਚਣ, ਕੰਮ ਕਰਨ ਤੇ ਸਮਾਜਿਕ-ਸਮਤੋਲ ਬਣਾ ਕੇ,ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਜਾਣੇ-ਅਣਜਾਣੇ ਸਿੱਖਿਆ ਤੇ ਗੁੜ੍ਹਤੀ ਮਿਲ ਜਾਂਦੀ ਸੀ।ਅੱਜ ਵੀ ਜਦੋਂ ਕਦੇ-ਕਦੇ ਬਚਪਨ ਦੀ ਯਾਦ ਆਉਂਦੀ ਹੈ ਤਾਂ ਦਿਲ ਵਿੱਚ ਚੀਸ ਜਿਹੀ ਉੱਠਦੀ ਹੈ ਬਹੁਤ ਦਿਲ ਕਰਦਾ ਹੈ ਕਿ ਉਹ ਦਿਨ ਵਾਪਿਸ ਆ ਜਾਣ।ਤੇ ਮੁੜ ਇਕੱਠੇ ਬੈਠ ਕੇ ਫੱਟੀ ਪੋਚੀਏ ਯਾਦਾਂ ਤਾਜ਼ੀਆਂ ਕਰੀਏ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ।
9988933161                 

ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ!✍️ ਸਲੇਮਪੁਰੀ ਦੀ ਚੂੰਢੀ

ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ!
-ਇਸ ਵੇਲੇ ਦੇਸ਼ ਵਿਚ ਕੋਰੋਨਾ ਦੀ ਮਹਾਮਾਰੀ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਕੋਰੋਨਾ ਤੋਂ ਪੀੜ੍ਹਤ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਨਾ ਤਾਂ ਬੈੱਡ ਮਿਲ ਰਹੇ ਹਨ ਅਤੇ ਨਾ ਹੀ ਜੀਵਨ ਰੱਖਿਅਕ ਦਵਾਈਆਂ ਮਿਲ ਰਹੀਆਂ ਹਨ। ਜਿੰਦਗੀ ਅਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ਦਾ ਸਹਾਰਾ ਨਹੀਂ ਮਿਲ ਰਿਹਾ ਕਿਉਂਕਿ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਹਸਪਤਾਲਾਂ ਵਰਗੀਆਂ  ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਕਦੀ ਸੋਚਿਆ ਹੀ ਨਹੀਂ ਹੈ। ਅੱਜ  ਗਰੀਬ ਲੋਕ ਨਿੱਜੀ ਹਸਪਤਾਲਾਂ ਵਿਚ ਆ ਰਿਹਾ ਲੱਖਾਂ ਰੁਪਏ ਦੇ ਖਰਚ ਦਾ ਬਿੱਲ ਦੇਣ ਤੋਂ  ਅਸਮਰੱਥ ਹਨ, ਕਿਉਂਕਿ ਉਹ 'ਕਿਰਤਹੀਣ' ਹਨ , ਜਿਸ ਕਰਕੇ ਉਨ੍ਹਾਂ ਕੋਲ ਮੌਤ ਨੂੰ ਗਲੇ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ, ਦੂਜੇ ਪਾਸੇ  ਦੇਸ਼ ਦੇ ਸਿਆਸਤਦਾਨ ਲੋਕਾਂ ਨੂੰ ਹੁਣ ਆਤਮ ਨਿਰਭਰ ਬਣਕੇ ਜੀਣ ਦੀਆਂ ਸਲਾਹਾਂ ਦੇ ਰਹੇ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਲਈ ਸਿਰਫ 'ਵੋਟਰ' ਬਣਾਕੇ ਰੱਖਣ ਲਈ 'ਕਣਕ-ਚੌਲ' ਦੀ ਚਾਟ 'ਤੇ ਲਗਾਕੇ 'ਕਿਰਤਹੀਣ' ਬਣਾਕੇ ਰੱਖ ਦਿੱਤਾ ਹੈ। ਅੱਜ ਲੋਕਾਂ ਕੋਲ ਨਾ ਤਾਂ ਰੁਜ਼ਗਾਰ ਹੈ, ਨਾ ਸਿੱਖਿਆ ਅਤੇ ਨਾ ਹੀ ਸਿਹਤ ਸਹੂਲਤਾਂ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ 'ਕਿਰਤਹੀਣ' ਬਣਾਉਣ ਤੋਂ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਪਾਇਆ। ਅੱਜ ਕਿਰਤਹੀਣ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਿਆਸਤਦਾਨਾਂ ਅਤੇ ਬਾਬਿਆਂ ਦੀ ਸ਼ਰਨ ਵਿਚ ਜਾ ਕੇ ਮਿੰਨਤਾਂ, ਤਰਲੇ ਅਤੇ ਹਾੜੇ ਕੱਢਣ ਲਈ ਮਜਬੂਰ ਹਨ, ਅੱਗਿਉਂ ਚਲਾਕ ਸਿਆਸਤਦਾਨਾਂ ਅਤੇ ਬਾਬਿਆਂ ਵਲੋਂ ਉਨ੍ਹਾਂ ਦੀ ਕਿਸਮਤ ਨੂੰ ਬਦਲਾਉਣ ਅਤੇ ਚਮਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਬਜਬਾਗ ਦਿਖਾਕੇ ਚਿੱਟੇ ਦਿਨ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਜੋ ਕਿਰਤਹੀਣ ਉਨ੍ਹਾਂ ਦੇ 'ਪੱਕੇ ਵੋਟਰ' ਬਣੇ ਰਹਿਣ!  ਦੇਸ਼ ਦੇ ਸਿਆਸਤਦਾਨ ਅਤੇ ਬਾਬੇ ਇੱਕ ਸਿੱਕੇ ਦੇ ਦੋਵੇਂ ਪਾਸੇ ਹਨ, ਉਹ ਇੱਕ ਦੂਜੇ ਪ੍ਰਤੀ ਵਫ਼ਾਦਾਰੀਆਂ ਨਿਭਾਉਂਦੇ ਹਨ ਤਾਂ ਜੋ ਲੋਕਾਂ ਨੂੰ  ਗੁੰਮਰਾਹ ਕਰਕੇ ਉਨ੍ਹਾਂ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਲੁੱਟ ਖਸੁੱਟ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਜਾ ਸਕੇ। ਦੇਸ਼ ਦੇ ਸਿਆਸਤਦਾਨਾਂ ਅਤੇ ਬਾਬਿਆਂ ਕੋਲ ਮਹਿੰਗੀਆਂ ਕਾਰਾਂ ਅਤੇ ਵੱਡੇ ਵੱਡੇ ਬੰਗਲੇ ਹਨ, ਜਦ ਕਿ ਦੂਜੇ ਪਾਸੇ ਆਮ ਲੋਕ ਢਿੱਡ ਭਰਨ ਲਈ 'ਕਣਕ-ਚੌਲ' ਦੀ ਭੀਖ ਮੰਗਣ ਲਈ ਲੰਬੀਆਂ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਧੱਕੇ ਅਤੇ ਪੁਲਿਸ ਦੇ ਡੰਡੇ ਖਾਣ ਲਈ ਮਜਬੂਰ ਹਨ। 
-ਸੁਖਦੇਵ ਸਲੇਮਪੁਰੀ
09780620233
28 ਅਪ੍ਰੈਲ, 2021.

ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਮਹੱਤਵ✍️ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਖੇਡਾਂ ਜੀਵਨ ਦਾ ਖੇੜਾ ਹਨ। ਇਹ ਵਿਦਿਆਰਥੀ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇੱਕ ਹਨ। ਖੇਡਾਂ ਦਾ ਮੁੱਖ ਟੀਚਾ ਵਿਦਿਆਰਥੀ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਾ ਹੈ। ਖੇਡਾਂ ਵਿਦਿਆਰਥੀ ਵਿੱਚ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਸਿੱਖਿਆ ਦੇ ਨਾਲ-ਨਾਲ ਵਿਦਿਆਰਥੀ ਲਈ ਖੇਡਾਂ ਵੀ ਜ਼ਰੂਰੀ ਹਨ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ । ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ । ਸਵੇਰੇ ਦੋ ਘੰਟੇ ਤੇ ਸ਼ਾਮੀਂ ਦੋ ਘੰਟੇ ਖੇਡਣ ਨਾਲ ਚਿਹਰੇ ‘ ਤੇ ਰੌਣਕ ਛਾ ਜਾਂਦੀ ਹੈ । ਖੇਡਾਂ ਆਚਰਨ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਖੇਡਾਂ ਆਸ਼ਾਵਾਦੀ ਬਣਨ ਵਿਚ ਸਹਾਇਤਾ ਕਰਦੀਆਂ ਹਨ ।ਖੇਡਣ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ
ਮਹਾਤਮਾ ਗਾਂਧੀ ਜੀ ਨੇ ਠੀਕ ਹੀ ਆਖਿਆ ਹੈ ਕਿ 'ਨਰੋਏ ਸਰੀਰ ਵਿਚ ਨਰੋਇਆ ਦਿਮਾਗ ਹੁੰਦਾ ਹੈ।'
ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ ਹੈ. ਕਿਉਂਕਿ ਖੇਡਾ ਸਰੀਰਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਤੋਰ ਤੇ ਵੀ ਵਿਦਿਆਰਥੀਆਂ ਨੂੰ ਮਜਬੂਤ ਬਣਾਉਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾਉਂਦੀਆਂ ਹਨ। ਵਿਦਿਆਰਥੀਆਂ ਲਈ ਜਿੱਥੇ ਪੜਾਈ ਦੀ ਜਰਰਤ ਹੈ, ਉੱਥੇ ਖੇਡਾਂ ਖੇਡਣੀਆਂ ਵੀ ਓਨੀਆਂ ਹੀ ਜ਼ਰੂਰੀ ਹਨ। ਇਸੇ ਕਰਕੇ ਸਕੂਲਾਂ-ਕਾਲਜਾਂ ਵਿਚ ਬਾਕੀ ਵਿਸ਼ਿਆਂ ਦੇ ਨਾਲ-ਨਾਲ ਖੇਡਾਂ ਦੇ ਵਿਸ਼ੇ ਨੂੰ ਵੀ ਜ਼ਰੂਰੀ ਰੱਖਿਆ ਗਿਆ ਹੈ। ਸਕੂਲਾਂ ਵਿਚ ਖੇਡਾਂ ਖਿਡਾਉਣ ਲਈ ਬਕਾਇਦਾ ਕੋਚ, ਪੀ.ਟੀ.ਆਈ., ਡੀ.ਪੀ.ਈ. ਆਦਿ ਰੱਖੇ ਜਾਂਦੇ ਹਨ॥ ਸਕਲ ਦੇ ਟਾਈਮ ਟੇਬਲ ਵਿਚ ਵਿਦਿਆਰਥੀਆਂ ਨੂੰ ਖਿਡਾਉਣ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਪੀਰੀਅਡ ਰੱਖੇ ਜਾਂਦੇ ਹਨ।ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਹੈ।ਪਸੀਨਾ ਨਿਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ । ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ । ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ।ਖੇਡਾਂ ਦਿਲਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ । ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ । ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ । ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ । ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ । ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉੱਚੀਆਂ ਮੱਲਾਂ ਮਾਰ ਲੈਂਦੇ ਹਨ । ਉਹ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ਵਿੱਚ ਉੱਚਾ ਨਾਂ ਤੇ ਪ੍ਰਸਿੱਧੀ ਹਾਸਲ ਕਰਦੇ ਹਨ । ਅਸੀਂ ਵੇਖ ਸਕਦੇ ਹਾਂ ਕਿ ਕਈ ਚੰਗੇ ਖਿਡਾਰੀ ਵੱਡੇ ਅਹੁਦਿਆਂ ‘ ਤੇ ਨੌਕਰੀਆਂ ਕਰ ਰਹੇ ਹਨ ।ਖੇਡਾਂ ਬੱਚਿਆਂ ਦੇ ਮੂਹ ਤੇ ਖੇੜਾ ਲਿਆਉਂਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ ਅਤੇ ਵਿਦਿਆਰਥੀਆਂ ਦੀ ਥਕਾਵਟ ਦੂਰ ਕਰਦੀਆਂ ਹਨ। ਇਹਨਾਂ ਰਾਹੀ ਦਿਮਾਗ ਹੌਲਾ ਤੇ ਤਾਜ਼ਾ ਹੁੰਦਾ ਹੈ। ਖੇਡਾਂ ਰਹੀ ਸਕੂਲਾਂ ਵਿਚ ਅਨੁਸ਼ਾਸਨ ਦੀ ਕਮੀ ਦੀ ਸਮਸਿਆ ਨੂੰ ਹਲ ਕੀਤਾ ਜਾ ਸਕਦਾ ਹੈ। ਖੇਡਾਂ ਅਰੋਗਤਾ ਬਖਸ਼ਦੀਆਂ ਹਨ। ਖੇਡਾਂ ਖੇਡਣ ਵਾਲਾ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ। ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ । ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ । ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ ।ਖੇਡਾਂ ਰਾਹੀ ਵਿਦਿਆ ਵੀ ਦਿੱਤੀ ਜਾਂਦੀ ਹੈ। ਪ੍ਰੰਤੂ ਵਿਦਿਆਰਥੀ ਨੂੰ ਖੇਡ ਸਮੇ ਖੇਡ ਅਤੇ ਪੜਾਈ ਸਮੇ ਪੜਾਈ ਨਿਯਮ ਸਦਾ ਧਿਆਨ ਵਿਚ ਰੱਖਣਾ ਚਾਹੀਦਾ ਹੈ। ਚੰਗੇ ਵਿਦਿਆਰਥੀ ਖੇਡਾਂ ਅਤੇ ਪੜ੍ਹਾਈ,ਦੋਹਾਂ ਵਿਚ ਸਦਾ ਭਾਗ ਲੈਂਦੇ ਹਨ ਅਤੇ ਸਫਲਤਾ ਓਹਨਾ ਦੇ ਸਦਾ ਕਦਮ ਚੁੰਮਦੀ ਹੈ।

ਅੰਤ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸਚਤ ਸਮੇਂ ਵਿੱਚ ਹੀ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ।ਇਨ੍ਹਾਂ ਦੇ ਲਾਭ ਵੇਖਦੇ ਹੋਏ ਸਾਨੂੰ ਇਨ੍ਹਾਂ ਵਿੱਚ ਰੁਚੀ ਜ਼ਰੂਰ ਵਿਖਾਉਣੀ ਚਾਹੀਦੀ ਹੈ ।

 

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।

ਗਲਤੀ ਦਾ ਅਹਿਸਾਸ ✍️ ਸੰਦੀਪ ਦਿਉੜਾ

               ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ ।
        "  ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸੇ ਪਾ੍ਈਵੇਟ ਸੰਸਥਾ ਵਿੱਚ ਨੌਕਰੀ ਕਰ ਲੈ। ਘਰੇ ਤੇਰਾ ਇਕੱਲੇ ਦਾ ਟਾਇਮ ਪਾਸ ਕਰਨਾ ਔਖਾ ਹੋ ਜਾਣਾ ਹੈ। ਜੇ ਭਰਜਾਈ ਜਿਉਦੀ ਹੁੰਦੀ ਤਾਂ ਗੱਲ ਹੋਰ ਸੀ। "
          "ਨਹੀਂ ਯਾਰ ਮਹਿੰਦਰ ਬਹੁਤ ਕਰ ਲਈ ਨੌਕਰੀ ਹੁਣ ਆਰਾਮ ਕਰਨ ਦੇ ਦਿਨ ਨੇ ਐਵੇਂ ਹੀ ਸਾਰੀ ਉਮਰ ਧੰਦਪਿੱਟੀ ਜਾਈਏ। ਨਿਆਣੇ ਵੀ ਸੈਟ ਨੇ ਰੱਬ ਦੀ ਕਿਰਪਾ ਨਾਲ , ਕੋਈ ਕਮੀ ਵੀ ਨਹੀਂ ਹੈ। "
                             " ਗੱਲ ਕਮਾਈ ਦੀ ਨਹੀਂ ਹੈ ਗੱਲ ਹੈ ਸਮੇਂ ਸਿਰ ਤਿਆਰ ਹੋਣਾ ਤੇ ਆਪਣੇ ਆਪ ਨੂੰ ਵਿਅਸਤ ਰੱਖਣਾ ਤਾਂ ਜੋ ਤੰਦਰੁਸਤੀ ਇੰਝ ਹੀ ਬਣੀ ਰਹੇ। "
           "ਨਹੀਂ ਯਾਰ ਨੂੰਹਾਂ- ਪੁੱਤਾਂ ਨੇ ਬਿਲਕੁਲ ਵੀ ਨਹੀਂ ਮੰਨਣਾਂ। "
               " ਚਲੋ ਵਧੀਆਂ ਹੈ। "
            ਅਜੇ ਹਫ਼ਤਾ ਹੀ ਲੰਘਿਆ ਸੀ ਨਿਰੰਜਨ ਨੂੰ ਘਰ ਵਿੱਚ ਰਹਿੰਦੇ ਹੋਏ। ਸਵੇਰੇ ਨਾਸ਼ਤੇ ਦੇ ਸਮੇਂ  ਵੱਡੀ ਨੂੰਹ ਨੇ ਆਵਾਜ਼ ਦਿੱਤੀ।
                                "ਪਾਪਾ ਜੀ ਸਾਨੂੰ ਅੱਜ ਸਵੇਰੇ ਉੱਠਣ ਵਿੱਚ ਦੇਰ ਹੋ ਗਈ ,ਤੁਸੀਂ ਚਾਰ ਪੀਸ ਡਬਲਰੋਟੀ ਦੇ ਨਿੱਕੇ ਦੇ ਡੱਬੇ ਵਿੱਚ ਮੱਖਣ ਲਾ ਕੇ ਗਰਮ ਕਰਕੇ ਪਾ ਦੇਣਾ ਤੇ ਆਪ ਵੀ ਚਾਹ ਨਾਲ ਖਾ ਲੈਣਾ। ਮੈਂ ਅੱਜ ਤੁਹਾਡੇ ਲਈ ਪਰੌਠੀ ਨਹੀਂ ਬਣਾਈ। "
          "ਕੋਈ ਨਾ ਪੁੱਤ ਮੈਂ ਕਿਹੜਾ ਦਫ਼ਤਰ ਜਾਣਾ ਹੈ, ਮੈ ਕਰ ਲੈਂਦਾ ਹਾਂ।"
                  "  ਪਰ ਪਾਪਾ ਜੀ ਡਬਲਰੋਟੀ ਘਰੇ ਨਹੀਂ ਹੈ। ਤੁਸੀਂ ਜਲਦੀ ਨਾਲ ਬਾਹਰੋਂ ਬੇਕਰੀ ਉੱਤੋਂ ਲੈ ਆਉ। ਕਿਤੇ ਗੱਲਾਂ -ਗੱਲਾਂ ਵਿੱਚ ਕਾਕੇ ਦੀ ਸਕੂਲ ਬੱਸ ਨਾ ਨਿਕਲ ਜਾਵੇ। "
                  "ਠੀਕ ਹੈਂ ਪੁੱਤ ਠੀਕ ਹੈ ਮੈਂ ਹੁਣੇ ਹੀ ਜਾਦਾਂ ਹਾਂ। "
              ਆਖ ਜੁੱਤੀ ਪਾਉਣ ਹੀ ਵਾਲਾ ਸੀ ਕਿ ਛੋਟੀ ਨੂੰਹ ਨੇ ਵੀ ਸਵਾਲ ਪਾ ਦਿੱਤਾ।
         "ਪਾਪਾ ਜੀ ਜੇ ਬੇਕਰੀ ਉੱਤੇ ਜਾ ਹੀ ਰਹੇ ਹੋਂ ਤਾਂ ਅੰਡੇ ਵੀ ਲਈ ਆਉਣਾ, ਸ਼ਾਮ ਨੂੰ ਵਿੱਕੀ ਆ ਕੇ ਤੰਗ ਕਰੇਗਾ। "
         "ਠੀਕ ਹੈਂ ਪੁੱਤਰ ਉਹ ਵੀ ਲੈ ਆਵਾਂਗਾ। "
       " ਪਾਪਾ ਜੀ ਜਲਦੀ ਜਾਉ ਐਵੇ ਗੱਲਾਂ ਵਿੱਚ ਹੀ ਟਾਇਮ ਖਰਾਬ ਨਾ ਕਰੀ ਜਾਉ। "
            ਨਿਰੰਜਨ ਕਾਹਲੀ ਨਾਲ ਡਬਲਰੋਟੀ ਤੇ ਅੰਡੇ ਲੈ ਕੇ ਅੰਦਰ ਵੜਿਆ ਹੀ ਸੀ ਕਿ ਛੋਟੀ ਨੂੰਹ ਬੋਲੀ।    
           "ਪਾਪਾ ਜੀ ਆਹ ਸਮਾਨ ਤਾਂ ਰੱਖ ਦਿਉ ਮੇਰੇ ਲਈ ਜਲਦੀ ਨਾਲ ਰਿਕਸ਼ੇ ਵਾਲੇ ਨੂੰ ਬਾਹਰ ਰੋਕੋ ਮੈਨੂੰ ਸਕੂਲ ਜਾਣ ਲਈ ਦੇਰ ਹੋ ਰਹੀ ਹੈ।"
          ਨਿਰੰਜਨ ਬਿਨਾਂ ਚਾਹ ਪਾਣੀ ਪੀਤੇ ਹੀ ਬਾਹਰ ਗਲੀ ਵਿੱਚ ਰਿਕਸ਼ੇ ਵਾਲੇ ਨੂੰ ਰੋਕਣ ਲਈ ਖੜਾ ਹੋ ਜਾਦਾਂ ਹੈ।
                                  "  ਪਾਪਾ ਜੀ ਤੁਸੀਂ ਵੀ ਕਮਾਲ ਹੀ ਕਰਦੇ ਹੋ ਜੇ ਰਿਕਸ਼ੇ ਵਾਲਾ ਇੱਥੇ ਨਹੀਂ ਆਇਆਂ ਸੀ ਤਾਂ ਥੋੜਾ ਅੱਗੇ ਵੇਖ ਲੈਦੇਂ ਤੁਸੀਂ ਕਿਹੜਾ ਦਫ਼ਤਰ ਜਾਣਾ ਹੈ। ਅੱਜ ਫ਼ੇਰ ਪਿ੍ੰਸੀਪਲ ਨਾਲ ਮੱਥਾ ਲਾਉਣਾ ਪੈਣਾ ਹੈ। "
                 ਨਿਰੰਜਨ ਘਰੇ ਵੜਿਆ ਹੀ ਸੀ ਕਿ ਵੱਡੀ ਨੂੰਹ ਬਾਹਰ ਜਾਦੀਂ ਬੋਲੀ।
                   "ਪਾਪਾ ਜੀ ਬਜਾਰੋਂ ਸਬਜ਼ੀਆਂ ਲੈ ਆਉਣਾ ਨਾਲੇ ਕਿਤੇ ਬਾਹਰ ਬੈਠੇ ਗੱਲੀ ਨਾ ਲੱਗ ਜਾਈਉ ਅਤੇ ਸਵਿੱਤਰੀ ਕੰਮ ਕੀਤੇ ਬਿਨਾਂ ਹੀ ਬਾਹਰੋ  ਮੁੜ ਜਾਵੇਂ। "
          "  ਠੀਕ ਹੈ ਪੁੱਤ। "
             " ਸਵਿੱਤਰੀ ਨੂੰ ਪਿਆਜ਼ ਆਪ ਕੱਟ ਕੇ ਦੇਣਾ। "
          " ਤੈਨੂੰ ਪਤਾ ਤਾਂ ਹੈ ਪੁੱਤ ਮੈਂ ਪਿਆਜ਼ ਨਹੀਂ ਕੱਟ ਸਕਦਾ ਮੇਰੀਆਂ ਅੱਖਾਂ ਵਿੱਚ ਜਲਣ ਹੋਣ ਲੱਗ ਜਾਦੀਂ ਹੈ ਤੇ ਸੁੱਜ ਜਾਦੀਆਂ ਹਨ। "
            "ਤੁਹਾਡਾ ਵੀ ਉਹੀ ਬਹਾਨਾ ਹੈ ਜਿਹੜਾ ਸਵਿੱਤਰੀ ਦਾ ਹੈ ਆਖੇ ਮੇਰੀਆਂ ਅੱਖਾਂ ਸੁੱਜ ਜਾਦੀਆਂ ਹਨ । ਕੋਈ ਨਾ ਜੇ ਸੁੱਜ ਵੀ ਗਈਆਂ ਤਾਂ ਕੀ ਹੈਂ? ਤੁਸੀਂ ਬੜਾ ਦਫ਼ਤਰ ਜਾਣਾ ਹੈ।"
                       ਨਿਰੰਜਨ ਆਪਣੀਆਂ ਦੋਵੇਂ ਹੀ ਨੂੰਹਾਂ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਤਾਂ ਜਾਣਦਾ ਹੀ ਨਹੀਂ ਸੀ। ਸ਼ਾਇਦ ਇਹ ਉਸਦੀ ਜਿੰਦਗੀ ਦੀ ਪਹਿਲੀ ਦੁਪਹਿਰ ਸੀ ਕਿ ਇੱਕ ਵੱਜ ਗਿਆ ਸੀ ਤੇ ਚਾਹ ਵੀ ਨਾ ਪੀਤੀ ਹੋਵੇ।ਉਹ ਆਪਣੇ ਆਪ ਨੂੰ ਹੀ ਸਮਝਾਉਣ ਲੱਗ ਜਾਦਾਂ ਹੈ ਕਿ ਕਈ ਵਾਰ ਇੰਝ ਹੋ ਜਾਦਾਂ ਹੈ ਨਾਲੇ ਕੁੜੀਆਂ ਨੇ ਡਿਊਟੀ ਉੱਤੇ ਜਾਣਾ ਹੈ ਤੇ ਮੈਂ ਤਾਂ ਘਰੇ ਹੀ ਰਹਿਣਾ ਹੈ। ਹੁਣ ਇਹ ਇੱਕ ਦਿਨ ਦੀ ਗੱਲ ਨਾ ਹੋ ਕਿ ਰੋਜ਼ਾਨਾ ਦੀ ਹੀ ਗੱਲ ਹੋ ਚੁੱਕੀ ਸੀ। ਦੋਵੇਂ ਨੂੰਹਾਂ ਤੇ ਇੱਥੋ ਤੱਕ ਕਿ ਮੁੰਡਿਆਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਸਨੇ ਕੁਝ ਖਾਂਦਾ ਹੈ ਕਿ ਨਹੀਂ ਬਸ ਇੱਕ ਤੋਂ ਬਾਅਦ ਇੱਕ ਕੰਮ ਹੀ ਆਖੀਂ ਜਾਦੇਂ ।ਆਖ ਦਿੰਦੇ ਪਾਪਾ ਜੀ ਤਾਂ ਵਿਹਲੇ ਹਨ ਇਹਨਾਂ ਕਿਹੜਾ ਦਫ਼ਤਰ ਜਾਣਾ ਹੈ।
               ਅੱਜ ਤਾਂ ਵੱਡੀ ਨੂੰਹ ਨੇ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਧੋਬੀ ਨੂੰ ਕਿਹਾ, "ਦੇਖ ਭਈਆ ਵੱਡੇ ਸਾਹਿਬ ਦੇ ਕੱਪੜੇ ਪੈ੍ਸ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ। ਜੇ ਲੋੜ ਹੋਈ ਤਾਂ ਆਪੇ ਹੀ ਕਰ ਲੈਣਗੇ ਘਰੇ ਵਿਹਲੇ ਹੀ ਤਾਂ ਹੁੰਦੇ ਹਨ। "
                  ਇਹ ਸਾਰਾ ਕੁਝ ਮੁੰਡਾ ਸੁਣ ਰਿਹਾ ਸੀ ਪਰ ਬੋਲਿਆਂ ਕੁਝ ਨਹੀਂ। ਮੁੰਡੇ ਨੂੰ ਚੁੱਪ ਵੇਖ  ਨਿਰੰਜਨ ਵੀ ਕੁਝ ਨਹੀਂ ਬੋਲਿਆਂ। ਵੈਸੇ ਅੰਦਰੋਂ ਦੁੱਖੀ ਬਹੁਤ ਹੋਇਆਂ। ਘਰ ਦੇ ਸਾਰੇ ਨਿੱਕੇ ਵੱਡੇ ਕੰਮ ਹੁਣ ਨਿਰੰਜਨ ਸਿੰਘ ਦੇ ਹਿੱਸੇ ਆ ਗਏ ਸਨ ਪਰ ਕਹਿੰਦੇ ਸੀ ਪਾਪਾ ਤਾਂ ਵਿਹਲਾ ਹੀ ਹੈ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ।
                   ਨਿਰੰਜਨ ਨੇ ਇੱਕ ਦਿਨ ਆਪਣਾ ਸਾਰਾ ਦੁੱਖ ਮਹਿੰਦਰ ਨੂੰ ਦੱਸਿਆ।
       "  ਮਹਿੰਦਰ ਯਾਰ ਮਨ ਕਰਦਾ ਹੈ ਘਰ ਛੱਡ ਕੇ ਕਿਤੇ ਚਲਾ ਜਾਵਾਂ । "
                         "ਨਹੀਂ ਨਿਰੰਜਨਾ ਤੂੰ ਕਿਉਂ ਘਰ ਛੱਡਣਾ ਹੈ? ਇਹ ਘਰ ਤੂੰ ਆਪਣੀ ਸਖਤ ਮਿਹਨਤ ਨਾਲ ਬਣਾਇਆ ਹੈਂ। ਉਹਨਾਂ ਨੂੰ ਘਰੋਂ ਕੱਢ। "
           "  ਨਹੀਂ ਮਹਿੰਦਰਾ ਮੈਂ ਇੰਝ ਨਹੀਂ ਕਰ ਸਕਦਾ। "
           "ਮੈਂ ਉਹਨਾਂ ਨੂੰ ਘਰੋਂ ਕੱਢਣ ਲਈ ਨਹੀਂ ਬਲਕਿ ਸਬਕ ਦੇਣ ਲਈ ਹੀ ਕਹਿੰਦਾ ਹਾਂ। "
                           ਯੋਜਨਾ ਅਨੁਸਾਰ ਮਹਿੰਦਰ ਅਗਲੇ ਦਿਨ ਉਹਨਾਂ ਦੇ ਘਰ ਆਉਦਾਂ ਹੈਂ।
            "ਨਿਰੰਜਨ ਸਿੰਘ ਘਰੇ ਹੀ ਹੈਂ। "
               " ਆ ਜਾ ਆ ਮਹਿੰਦਰਾ ਮੈ ਕਿਹੜਾ ਦਫ਼ਤਰ ਜਾਣਾ ਹੈ ਮੈਂ ਤਾਂ ਵਿਹਲਾ ਹਾਂ। "
         "ਯਾਰ ਮੈਂ ਤੇਰਾ ਕੰਮ ਕਰ ਦਿੱਤਾ ਹੈਂ। ਕੱਲ੍ਹ ਨੂੰ ਕਿਰਾਏਦਾਰ ਆ ਜਾਣਗੇ ਤੇ ਕਿਰਾਇਆ ਵੀ ਦਸ ਹਜ਼ਾਰ ਰੁਪਏ ਮਹੀਨਾ ਪੱਕਾ ਕਰ ਦਿੱਤਾ। "
           "ਕਿਰਾਇਆ ਮੈਂ ਪਹਿਲਾਂ ਲੈਣਾ ਹੈ। "
      " ਬਿਲਕੁਲ ਬਿਲਕੁਲ ਉਹ ਤਾਂ ਮੈਨੂੰ ਪੈਸੇ ਦੇ ਵੀ ਗਏ ਹਨ। "
          ਮਹਿੰਦਰ ਦਸ ਹਜ਼ਾਰ ਰੁਪਏ ਨਿਰੰਜਨ ਦੇ ਅੱਗੇ ਕਰ ਦਿੰਦਾ ਹੈ। ਕੋਲ ਖੜਾ ਮੁੰਡਾ ਸਭ ਕੁਝ ਸੁਣ ਰਿਹਾ ਹੁੰਦਾ ਹੈ।
                              ਪਰ ਉਹ ਕੋਈ ਧਿਆਨ ਨਹੀਂ ਦਿੰਦਾ।ਅਗਲੇ ਦਿਨ ਸਵੇਰੇ- ਸਵੇਰੇ ਹੀ  ਨਵੇਂ ਕਿਰਾਏਦਾਰ ਆ ਜਾਂਦੇ ਹਨ।
             "ਅੰਕਲ ਜੀ ਸਤਿ ਸ੍ਰੀ ਅਕਾਲ ਜੀ। "
        " ਸਤਿ ਸ੍ਰੀ ਅਕਾਲ ਪੁੱਤਰ ਤੁਸੀਂ ਆ ਗਏ। ਸਮਾਨ ਲੈ ਕੇ ਰਹਿਣ ਕਦੋਂ ਆ ਰਹੇ ਹੋ। "
          " ਬਸ ਇਹ ਹੀ ਪੁੱਛਣ ਆਇਆਂ ਹਾਂ ਜੀ, ਮੈਨੂੰ ਤਿੰਨ ਛੁੱਟੀਆਂ ਹਨ ਉਹਨਾਂ ਦਿਨਾਂ ਵਿੱਚ ਆ ਜਾਂਦੇ ਹਾਂ। "
          " ਬਿਲਕੁਲ ਠੀਕ ਆ ਜਾਉ। "
               "ਪਾਪਾ ਜੀ ਇਹ ਲੋਕ ਕੋਣ ਹਨ ਤੇ ਕਿਵੇਂ ਆਏ ਹਨ? "
           "ਇਹ ਆਪਣੇ ਕਿਰਾਏਦਾਰ ਹਨ। "
       " ਕਿਰਾਏਦਾਰ ਇਹਨਾਂ ਨੂੰ ਕਿਹੜਾ ਮਕਾਨ ਕਿਰਾਏ ਉੱਤੇ ਦੇਣਾ ਹੈ? "
           "ਆਹ ਹੀ ਪੁੱਤਰ ਜਿੱਥੇ ਤੁਸੀਂ ਰਹਿ ਰਿਹਾ ਹੋ। "
       " ਆਪਣੇ ਕੋਲ ਕਿੱਥੇ ਹੈ ਖਾਲੀ ਥਾਂ। "
         "ਮੁਆਫ਼ ਕਰਨਾ ਪੁੱਤਰ ਮੈਂ ਤੁਹਾਡੇ ਨਾਲ ਗੱਲ ਕਰਨੀ ਭੁੱਲ ਹੀ ਗਿਆ, ਤੁਸੀਂ ਦੋਵੇਂ ਭਰਾ ਆਪਣੇ ਰਹਿਣ ਲਈ ਕਿਤੇ ਹੋਰ ਪ੍ਬੰਧ ਕਰ ਲਵੋ, ਇਹ ਮਕਾਨ ਮੈਂ ਕਿਰਾਏ ਉੱਤੇ ਦੇਣਾ ਹੈ। "
                 " ਪਰ ਪਾਪਾ ਜੀ ਅਸੀਂ। "
        "ਤੁਸੀਂ ਕਿਰਾਏ ਉੱਤੇ ਰਹਿਣਾ ਹੈ ਤਾਂ ਤੁਸੀਂ ਰਹਿ ਲਵੋਂ ਤੇ ਕਿਰਾਇਆ ਦੇ ਦਿਉ। "
             "  ਕਿਰਾਇਆ ..........","ਹਾਂ ਪੁੱਤਰ ਕਿਰਾਇਆ ਤੁਹਾਨੂੰ ਪਤਾ ਹੀ  ਹੈ ਰਿਟਾਇਰ ਹੋਣ ਤੋਂ ਬਾਅਦ ਮੈਂ ਵਿਹਲਾ ਹੋ ਗਿਆ ਹਾਂ ,ਜੇ ਕੋਈ ਕਮਾਈ ਕਰਾਂਗਾ ਤਾਂ ਹੀ ਸ਼ਾਇਦ ਮੇਰੀ ਵੀ ਦੁਬਾਰਾ ਇੱਜ਼ਤ ਹੋਣ ਲੱਗ ਪਵੇ। "
                  ਮਹਿੰਦਰ ਤੇ ਕਿਰਾਏਦਾਰ ਬਾਹਰ ਚਲੇ ਜਾਂਦੇ  ਹਨ ਤੇ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ  ਪਾਪਾ ਨੂੰ ਆਖੀਆਂ ਸਾਰੀਆਂ ਗੱਲਾਂ ਘੁੰਮਣ ਲੱਗ ਜਾਦੀਆਂ ਹਨ।
              "ਪਾਪਾ ਜੀ ਸਾਨੂੰ ਮੁਆਫ਼ ਕਰ ਦਿਉ।ਸਾਨੂੰ ਤੁਹਾਡੇ ਨਾਲ ਇੰਝ ਨਹੀਂ ਕਰਨਾ ਚਾਹੀਦਾ ਸੀ।ਸਾਨੂੰ ਆਪਣੀਆਂ ਕੀਤੀਆਂ ਗਲਤੀਆਂ ਉੱਤੇ ਬਹੁਤ ਪਛਤਾਵਾ ਹੋ ਰਿਹਾ ਹੈ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।
                     ਸੰਦੀਪ ਦਿਉੜਾ
                    8437556667

ਹਲਦੀ : ਕੋਰੋਨਾਵਾਇਰਸ ਤੋਂ ਬਚਣ ਦਾ ਇੱਕ ਰਾਮਬਾਣ ✍️ ਸਿਮਰਨਜੀਤ ਕੌਰ

ਹਲਦੀ , ਇਕ ਕੁਦਰਤੀ ਮਿਸ਼ਰਣ ਹੈ  ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਵਿਚ ਸਾਡੀ ਮਦਦ ਕਰਦਾ ਹੈI ਵਿਗਿਆਨੀਆਂ ਦੇ ਮੁਤਾਬਿਕ ਅਸੀਂ ਕੋਰੋਨਾ ਜਿਹੀ ਭਯਾਨਕ ਬਿਮਾਰੀ ਤੋਂ ਵੀ ਹਲਦੀ ਦੀ ਵਰਤੋਂ ਕਰਕੇ ਬਚ ਸਕਦੇ ਹਾਂ I ਹਲਦੀ ਦਾ ਪੀਲਾ ਰੰਗ ਸਾਡੀ ਭਾਰਤੀ ਰਵਾਇਤੀ ਜੜੀ-ਬੂਟੀਆਂ ਦੀਆਂ ਦਵਾਈਆਂ ਵਿਚ ਵਿਆਪਕ ਤੌਰ ਤੇ ਕਈ ਦਹਾਕਿਆਂ ਤੋਂ ਲਾਗ ਅਤੇ ਸੋਜਸ਼ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ I ਕਿਉਕਿ ਇਹ ਬਿਮਾਰੀਆਂ ਤੋਂ ਬਚਣ ਦੀ ਤਾਕਤ ਨੂੰ ਵਧਾਉਂਦੀ ਹੈ I ਸਿੱਟੇ ਵਜੋਂ,  ਹਲਦੀ ਦੀ ਵਰਤੋਂ ਕੋਰੋਨਾ ਬਿਮਾਰੀ ਦੇ ਇਲਾਜ ਵਿਚ ਇਕ ਸਹਾਇਕ ਥੈਰੇਪੀ ਵਜੋਂ ਕੀਤੀ ਜਾ ਸਕਦੀ ਹੈI  ਇਸ ਤੋਂ ਇਲਾਵਾ  ਕਾਫ਼ੀ ਤਰਲ ਪਦਾਰਥ ਪੀਓ. ਕਾਫ਼ੀ ਪਾਣੀ ਪੀਓI ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਇਹ ਪਾਣੀ ਦੀ ਕਮੀ ਕਰ ਸਕਦੀ ਹੈI ਬਹੁਤ ਸਾਰਾ ਆਰਾਮ ਲਓI ਜੇ ਤੁਹਾਨੂੰ ਕੋਰੋਨਾਵਾਇਰਸ ਦੇ ਕੋਈ ਲੱਛਣ ਹੋਣ ਤਾਂ ਤੁਹਾਨੂੰ ਆਪਣੇ ਆਪ ਨੂੰ ਘਰ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ, ਅਤੇ ਕਿਸੇ ਵੀ ਸਖ਼ਤ ਗਤੀਵਿਧੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈI

 

ਸਿਮਰਨਜੀਤ ਕੌਰ

ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ

ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ

ਪੀਸੀਟੀਈ ਗਰੁੱਪ ਆਫ਼ ਇੰਸਟੀਟਿਊਟਸ , ਲੁਧਿਆਣਾ

simranjstl@gmail.com

6280177913 'ਤੇ ਸੰਪਰਕ ਕਰੋ

ਮੋਰਿੰਗਾ (ਸੁਹੰਜਣਾ ), ਇੱਕ ਚਮਤਕਾਰੀ ਪੌਦਾ ✍️ ਸਿਮਰਨਜੀਤ ਕੌਰ

ਮੋਰਿੰਗਾ, ਇੱਕ ਬਹੁਤ ਹੀ ਸ਼ਾਨਦਾਰ ਅਤੇ ਬਹੁਤ ਮਹੱਤਵਪੂਰਣ ਪੌਦਾ ਹੈ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ ਅਤੇ ਕਾਸ਼ਤ ਕੀਤਾ ਜਾਂਦਾ ਹੈI ਮੋਰਿੰਗਾ ਓਲੀਫਿਰਾ ਛੋਟੇ ਤੋਂ ਦਰਮਿਆਨੇ ਆਕਾਰ ਦੇ, ਤੇਜ਼ੀ ਨਾਲ ਵੱਧ ਰਹੇ ਸਦਾਬਹਾਰ ਪੌਦੇ ਨੂੰ ਆਮ ਤੌਰ 'ਤੇ' ਡਰੱਮ ਸਟਿਕ ਟ੍ਰੀ 'ਦੇ ਤੌਰ ਤੇ ਜਾਣਿਆ ਜਾਂਦਾ ਹੈI ਮੋਰਿੰਗਾ ਇਕ ਪੌਸ਼ਟਿਕ ਪੌਦਾ ਹੈ ਕਿਉਂਕਿ ਇਸ ਦੇ ਹਰ ਇਕ ਹਿੱਸੇ ਵਿਚ ਕੁਝ ਪੌਸ਼ਟਿਕ ਕਦਰਾਂ ਕੀਮਤਾਂ ਹੁੰਦੀਆਂ ਹਨ I   ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹਿੱਸਾ ਪੱਤੇ ਹਨ ਜੋ ਵਿਟਾਮਿਨ, ਕੈਰੋਟੀਨੋਇਡਜ਼, ਪੌਲੀਫੇਨੋਲਸ, ਫੈਨੋਲਿਕ ਐਸਿਡ, ਫਲੇਵੋਨੋਇਡਜ਼, ਐਲਕਾਲਾਇਡਜ਼, ਗਲੂਕੋਸਿਨੋਲੇਟਸ, ਟੈਨਿਨ, ਸੈਪੋਨੀਨਜ਼ ਅਤੇ ਆਈਸੋਟੀਓਸਾਈਨੇਟਸ ਨਾਲ ਭਰਪੂਰ ਹਨ ਇਹ ਸਚਮੁੱਚ ਇਕ ਕਿਸਮ ਦਾ ਚਮਤਕਾਰੀ ਪੌਦਾ ਹੈ ਜਿਸ ਨੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕੀਤਾ ਹੈ ਅਤੇ ਖੋਜ ਦਾ ਕੇਂਦਰ ਰਿਹਾ ਹੈ ਕਿਉਂਕਿ ਮੋਰਿੰਗਾ ਕੁਦਰਤੀ ਤੌਰ 'ਤੇ ਹੋਣ ਵਾਲੇ  ਚਮਤਕਾਰੀ ਕੈਮੀਕਲਜ਼ ਦਾ ਇਕ ਮਹੱਤਵਪੂਰਣ ਸਰੋਤ ਹੈ ਅਤੇ ਭਵਿੱਖ ਦੇ ਵਿਕਾਸ ਲਈ ਅਧਾਰ ਪ੍ਰਦਾਨ ਕਰਦਾ ਹੈI ਮੋਰਿੰਗਾ ਰੁੱਖ ਹਰ ਸਾਲ ਅਤੇ ਕੁਝ ਖੇਤਰਾਂ ਵਿਚ ਸਾਲ ਵਿਚ ਦੋ ਵਾਰ ਫੁੱਲ ਅਤੇ ਫਲ ਪੈਦਾ ਕਰ ਸਕਦੇ ਹਨI. ਆਪਣੇ ਪਹਿਲੇ ਸਾਲ ਦੇ ਦੌਰਾਨ, ਇੱਕ ਮੋਰਿੰਗਾ ਰੁੱਖ ਪੰਜ ਮੀਟਰ ਦੀ ਉਚਾਈ ਤੱਕ ਵਧ ਸਕਦਾ ਹੈ ਅਤੇ ਫੁੱਲ ਅਤੇ ਫਲ ਪੈਦਾ ਕਰ ਸਕਦਾ ਹੈI ਇਹ ਰੁੱਖ 30 ਸੈਂਟੀਮੀਟਰ ਚੌੜਾਈ ਦੇ ਨਾਲ 12 ਮੀਟਰ ਉਚਾਈ 'ਤੇ ਪਹੁੰਚ ਸਕਦਾ ਹੈ. ਕੁਝ ਲੋਕ ਰੁੱਖ ਨੂੰ ਕੱਟ ਦਿੰਦੇ ਹਨ ਅਤੇ ਵਾਧੇ ਨੂੰ ਰੋਕਦੇ ਹਨ ਇਸ ਦੀ ਬਜਾਏ ਸਾਨੂੰ ਇਸਦੀ ਪੂਰੀ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਅਸੀਂ  ਇਸ ਤੋਂ ਲਾਭ ਪ੍ਰਦਾਨ ਕਰ ਸਕੀਏI

ਸਿਮਰਨਜੀਤ ਕੌਰ

ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ

ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ

ਪੀਸੀਟੀਈ ਗਰੁੱਪ ਆਫ਼ ਇੰਸਟੀਟਿਊਟਸ , ਲੁਧਿਆਣਾ

simranjstl@gmail.com

6280177913 'ਤੇ ਸੰਪਰਕ ਕਰੋ

ਇਤਿਹਾਸ ਦੇ ਇਹ ਪੰਨੇ ਇਨ੍ਹਾਂ ਸਿੱਖ ਸੂਰਵੀਰ ਯੋਧੇਆਂ ਦੀਆਂ ਅਗਵਾਈਆਂ ਭਰਦੇ ਰਹਿਣਗੇ -ਅਮਨਜੀਤ ਸਿੰਘ ਖਹਿਰਾ 

ਅੱਜ ਦਾ ਇਤਿਹਾਸਿਕ ਦਿਨ 24 ਅਪ੍ਰੈਲ 1980 ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਗੁਰਬਚਨੇ ਨਰਕਧਾਰੀਏ ਨੂੰ ਸੋਧਾ ਲਾ ਕੇ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ

13 ਅਪ੍ਰੈਲ 1978 ਨੂੰ ਨਕਲੀ ਨਰਕਧਾਰੀਏ ਅੰਮ੍ਰਿਤਸਰ ਵਿੱਚ ਆਪਣੇ ਕੁਸੰਗ ਵਿੱਚ ਸਤਿਗੁਰੂ ਆ ਦਾ ਅਪਮਾਨ ਕਰ ਰਿਹਾ ਸੀ " ਗੁਰ ਕੀ ਨਿੰਦਾ ਸੁਨੈ ਨ ਕਾਨ " ਦੇ ਕਥਨ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪ੍ਰੇਰਨਾ ਸਦਕਾ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਫੋਜਾ ਸਿੰਘ ਤੇ ਹੋਰ ਸਿੰਘਾਂ ਦੇ ਨਾਲ ਇਸ ਕੂੜ ਪ੍ਰਚਾਰ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਰੁੱਕਣ ਲਈ ਜਾ ਰਹੇ ਸਨ ਤੇ ਦੁਸਰੇ ਪਾਸੇ ਨਰਕਧਾਰੀਏ ਦੇ ਸੰਗੀਆਂ ਨੇ ਵਾਹਿਗੁਰੂ ਦਾ ਜਾਪ ਕਰਦੇ ਗੁਰਸਿੱਖਾਂ ਤੇ ਗੋਲੀ ਚਲਾ ਦਿੱਤੀ 78 ਦੇ ਕਰੀਬ ਸਿੰਘ ਜ਼ਖ਼ਮੀ ਹੋ ਗਏ ਤੇ 13 ਸਿੰਘ ਸ਼ਹੀਦ ਹੋ ਗਏ ।

ਇਸ ਕਤਲੇਆਮ ਦਾ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ ਨਾ ਕੇਂਦਰ ਦੀ ਕਾਂਗਰਸ ਸਰਕਾਰ ਨੇ ਤੇ ਨਾ ਹੀਂ ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਇਨਸਾਫ ਦਿੱਤਾ । ਕਤਲੇਆਮ ਦਾ ਕੇਸ ਪੰਜਾਬ ਵਿੱਚ ਚਲਾਉਣ ਦੀ ਬਜਾਏ ਸਰਕਾਰ ਨੇ ਕਰਨਾਲ ਵਿੱਚ ਕੇਸ ਚਲਾਇਆ ਤੇ ਇਨਸਾਫ਼ ਕੁੱਝ ਵੀ ਨਹੀਂ ਮਿਲਿਆਂ । ਤਾਂ ਫੇਰ 24 ਸਾਲ ਦੀ ਉਮਰ ਵਿੱਚ ਦੋ ਗੁਰਸਿੱਖ ਨੋਜਵਾਨ ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਤੇ ਪਾਤਸ਼ਾਹ ਤੋਂ ਆਗਿਆ ਲੈਣ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ ।ਤੇ ਉਸ ਸਿੱਖਾਂ ਦੇ ਕਾਤਲ ਨੂੰ ਉਸ ਦੇ ਘਰ ਜਾ ਕੇ ਖਾਲਸਾਈ ਰਵਾਇਤਾਂ ਅਨੁਸਾਰ ਸੋਧਾਂ ਲਾ ਕੇ ਭਾਈ ਸੁੱਖਾ ਸਿੰਘ ਮਾੜੀਕੁਬੋਕੇ ਤੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦਾ ਇਤਿਹਾਸ ਦੋਰਾਹ ਦਿੱਤਾ  । ਕੌਮ ਦਾ ਕੱਦ ਦੁਨੀਆਂ ਵਿੱਚ ਉਂਚਾ ਕੀਤਾ ।

ਅਮਨਜੀਤ ਸਿੰਘ ਖਹਿਰਾ

ਪੰਜਾਬ ਰੋਡਵੇਜ਼ ਦਾ ਦੁਖਾਂਤ ✍️ ਸਤਪਾਲ ਸਿੰਘ ਦੇਹਡ਼ਕਾ  

ਪੰਜਾਬ ਰੋਡਵੇਜ਼ 13 ਬੱਸਾਂ ਨਾਲ 1948 ਵਿੱਚ ਸ਼ੁਰੂ ਕੀਤੀ ਗਈ ਸੀ ਤੇ 1985 ਵਿੱਚ ਇਸ ਕੋਲ ਸੱਭ ਤੋਂ ਵੱਧ 2407 ਬੱਸਾਂ ਦਾ ਬੇੜਾ ਸੀ, 1997-98 ਵਿੱਚ ਸੱਭ ਤੋਂ ਵੱਧ 534 ਬੱਸਾਂ ਇਸ ਬੇੜੇ ਲਈ ਖਰੀਦੀਆਂ ਗਈਆਂ ਪਰ ਬਾਅਦ ਵਿੱਚ ਹੌਲੀ ਹੌਲੀ ਹਾਲਤ ਖਰਾਬ ਹੁੰਦੀ ਗਈ। ਹੁਣ ਪੰਜਾਬ ਸਰਕਾਰ ਵੱਲੋਂ ਔਰਤਾਂ ਰਾਹੀਂ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਫੈਸਲਾ ਅੱਜ ਲਾਗੂ ਹੋ ਗਿਆ। ਪਰ ਇਹ ਮੁਫ਼ਤ ਸਫ਼ਰ ਸਿਰਫ ਆਮ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡਵੇਜ਼ ਦੀਆਂ ਬੱਸਾਂ ਵਿੱਚ ਹੀ ਲਾਗੂ ਹੋਏਗਾ। ਵਾਤਾ ਅਨੁਕੂਲਿਤ ਬੱਸਾਂ, ਵਾਲਵੋ ਬੱਸਾਂ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਏਗਾ। ਭਾਵੇਂ ਪੰਜਾਬ ਸਰਕਾਰ ਜਾਂ ਉਸਦੇ ਅਹਿਲਕਾਰਾਂ ਵੱਲੋਂ ਇਸ ਫੈਸਲੇ ਨੂੰ ਬਹੁਤ ਹੀ ਵਧੀਆ ਕਦਮ ਗਰਦਾਨਿਆ ਜਾ ਰਿਹਾ ਹੈ, ਮੈਂ ਇਸ ਕਦਮ ਨੂੰ ਰੋਡਵੇਜ਼ ਦੀ ਅਰਥੀ ਉੱਤੇ ਪਈ ਹਾਲਤ ਤੇ ਲਾਂਬੂ ਲਾਉਣ ਵਾਂਗ ਵੇਖ ਰਿਹਾ ਹਾਂ। ਸਰਕਾਰੀ ਬੱਸਾਂ ਦੀ ਨਵੀਂ ਖਰੀਦ ਕੀਤਿਆਂ ਇੱਕ ਅਰਸਾ ਹੋ ਗਿਆ ਹੈ ਤੇ ਪੁਰਾਣੀਆਂ ਹੋ ਚੁੱਕੀਆਂ ਬੱਸਾਂ ਵਿੱਚ ਹੁਣ ਜਦੋਂ ਜਿਆਦਾਤਰ ਮੁਫ਼ਤ ਸਫ਼ਰ ਕਰਨ ਵਾਲੇ ਹੋਣਗੇ ਤਾਂ ਇਹ ਮਰ ਰਹੀ ਸਰਕਾਰੀ ਸੇਵਾ ਕਿੰਨਾ ਚਿਰ ਜਿੰਦਾ ਰਹੇਗੀ, ਕਿਹਾ ਨਹੀਂ ਜਾ ਸੱਕਦਾ। ਮੁਫ਼ਤ ਬਿਜਲੀ, ਮੁਫ਼ਤ ਆਟਾ ਦਾਲ, ਸ਼ਗਨ ਸਕੀਮਾਂ ਤੇ ਹੁਣ ਮੁਫ਼ਤ ਬੱਸ ਸਫਰ। ਮੁਫ਼ਤ ਖੋਰੀ ਨੇ ਪੰਜਾਬ ਦੇ ਲੋਕ 2,73,500 ਕਰੋੜ ਦੇ ਕਰਜ਼ਾਈ ਕਰ ਦਿੱਤੇ। ਵੋਟਾਂ ਲੈਣ ਲਈ ਇਹ ਮੁਫ਼ਤ ਖੋਰੀ ਦਾ ਸਫ਼ਰ ਪਤਾ ਨਹੀਂ ਕਿੰਨਾ ਚਿਰ ਚੱਲੇਗਾ ? ਹਰ ਸਾਲ ਪੰਜਾਬ ਸਿਰ 10,000 ਕਰੋੜ ਦਾ ਕਰਜ਼ਾ ਚੜ ਜਾਂਦਾ, ਕਦੋਂ ਤੱਕ ਜਾਰੀ ਰਹੇਗਾ, ਕਹਿ ਨਹੀਂ ਸਕਦੇ ਪਰ ਕਰਜ਼ਾਈ ਹੋਣ ਨੂੰ ਪੰਜਾਬ ਵਿੱਚ ਵਿਕਾਸ ਕਿਹਾ ਜਾਂਦਾ। ਜਿਹੜੇ ਪਰਿਵਾਰ ਦਾ ਖਰਚਾ ਆਮਦਨ ਤੋਂ ਵੱਧ ਜਾਏ ਤੇ ਕਰਜਾ ਦਿਨ ਬਿ ਦਿਨ ਵੱਧਦਾ ਜਾਏ, ਉਸ ਨੂੰ ਬਰਬਾਦ ਹੁੰਦਿਆਂ ਜਿਆਦਾ ਵੱਕਤ ਨਹੀਂ ਲੱਗਦਾ। ਇਹ ਤਾਂ ਫਿਰ ਸੂਬਾ ਹੈ, ਰੱਬ ਹੀ ਰਾਖਾ !! ਆਪਣੀ ਸ਼ਤਾਬਦੀ 2048 ਵਿੱਚ ਮਨਾਉਣ ਤੋਂ ਪਹਿਲਾਂ ਹੀ ਪੰਜਾਬ ਰੋਡਵੇਜ਼ ਦਾ ਭੋਗ ਪੈਣਾ ਨਿਸਚਿਤ ਹੈ

ਪਦਮਸ਼੍ਰੀ ਭਾਈ ਨਿਰਮਲ ਸਿੰਘ ਨੂੰ ਸਮਰਪਿਤ!✍️ ਸਲੇਮਪੁਰੀ ਦੀ ਚੂੰਢੀ

ਪਦਮਸ਼੍ਰੀ ਭਾਈ ਨਿਰਮਲ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕੀਰਤਨ ਰਾਹੀਂ ਕੌਮਾਂਤਰੀ ਪੱਧਰ 'ਤੇ ਪਸਾਰਨ ਅਤੇ ਪ੍ਰਚਾਰਨ ਲਈ ਜੋ ਘਾਲਣਾ ਘਾਲੀ, ਦੀ ਪ੍ਰਸੰਸਾ ਕਰਨ ਲਈ  ਨਵੇਂ ਸ਼ਬਦਾਂ ਦੀ ਖੋਜ ਕਰਨੀ ਪਵੇਗੀ, ਜੋ ਬਹੁਤ ਔਖਾ ਕਾਰਜ ਹੈ,ਪਰ ਅੱਜ ਤੋਂ ਇੱਕ ਸਾਲ ਪਹਿਲਾਂ 2 ਅਪ੍ਰੈਲ, 2020 ਨੂੰ ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਵੇਲੇ  ਸਿਵੇ ਵੀ ਬੇ-ਮੁੱਖ ਹੋ ਗਏ ਸਨ! ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੇ ਨਾਂ ਦਾ ਸੰਸਾਰ ਵਿੱਚ ਡੰਕਾ ਵੱਜਦਾ ਸੀ, ਦਾ ਅੰਤਿਮ ਸਸਕਾਰ ਕਰਨ ਤੋਂ ਰੋਕਣ ਲਈ  ਪਿੰਡ ਵੇਰਕਾ (ਅੰਮ੍ਰਿਤਸਰ) ਦੇ ਲੋਕਾਂ ਨੇ ਸਿਵਿਆਂ ਵਾਲੀ ਥਾਂ 'ਤੇ ਨਾਕਾਬੰਦੀ ਕਰ ਲਈ ਸੀ।
ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਲਈ ਐਸ ਜੀ ਪੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ  ਵੀ ਜੋ ਬਣਦੀ ਜਿੰਮੇਵਾਰੀ ਸੀ, ਨਹੀਂ ਨਿਭਾਈ ਗਈ।  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਪਦਮ ਸ੍ਰੀ ਦੇ ਅੰਤਿਮ ਸਸਕਾਰ ਮੌਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿਮ ਵਿਦਾਇਗੀ  ਵੇਲੇ ਬਣਦਾ ਮਾਣ ਸਨਮਾਨ ਨਾ ਦੇਣਾ ਅੱਤ ਨਿੰਦਣਯੋਗ ਘਟਨਾ ਸੀ।ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦਾ ਸਿੱਖੀ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ  ਹੈ। ਗੁਰਬਾਣੀ ਨੂੰ ਸੁਰਾਂ ਰਾਹੀਂ ਉਚਾਰਨ ਕਰਨ  ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ, ਇਸ ਲਈ ਖਾਲਸਾ ਪੰਥ ਦੇ ਨਾਲ ਨਾਲ ਉਹਨਾਂ ਦਾ ਸੰਗੀਤ ਜਗਤ ਵਿੱਚ ਵੀ ਵੱਡਾ ਸਨਮਾਨ ਸੀ। ਇਸੇ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ, ਜਦਕਿ  ਸਾਰੀ ਜਿੰਦਗੀ ਸਿੱਖ ਕੌਮ ਅਤੇ  ਸਮਾਜ ਦੇ ਲੇਖੇ ਲਗਾਉਣ ਵਾਲੀ ਦੁਨੀਆ ਭਰ ਵਿੱਚ ਮਾਣ ਸਨਮਾਨ ਪ੍ਰਾਪਤ ਸਖਸ਼ੀਅਤ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਸਰਕਾਰ  ਅਤੇ ਜਿਲ੍ਹਾ ਪ੍ਸ਼ਾਸਨ  ਵਲੋਂ  ਬਣਦਾ ਸਨਮਾਨ ਦੇਣਾ ਤਾਂ ਦੂਰ ਦੀ ਗੱਲ ਰਹੀ ਸ਼ਮਸ਼ਾਨ ਘਾਟ ਵਿੱਚ ਸਸਕਾਰ ਨਾ ਕਰਵਾ ਸਕਣਾ ਆਪਣੇ ਆਪ ਵਿੱਚ ਬੜੀ  ਸ਼ਰਮਨਾਕ ਅਤੇ ਅੱਤ ਨਿੰਦਣਯੋਗ ਘਟਨਾ ਸੀ। ਅਨੂਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਗਜਟਿਡ ਅਤੇ ਨਾਨ ਗਜਟਿਡ ਅਫਸਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਤੇ ਨਗਰ ਨਿਗਮ ਲੁਧਿਆਣਾ ਦੇ ਸਾਬਕਾ ਰਜਿਸਟਰਾਰ ਮੇਵਾ ਸਿੰਘ ਗੁੱਜਰਵਾਲ ਦਾ ਕਹਿਣਾ ਹੈ ਕਿ  ਸੰਸਾਰ ਪ੍ਰਸਿੱਧ  ਸਖਸ਼ੀਅਤ ਦੀਆਂ ਅੰਤਿਮ ਰਸਮਾਂ ਵੇਲੇ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਕਹੀ  ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਬਣਦੀ ਜੁੰਮੇਵਾਰੀ ਨਾ ਨਿਭਾਉਣੀ ਬਹੁਤ ਵੱਡੀ ਅਤੇ ਇਤਿਹਾਸਕ  ਭੁੱਲ ਹੈ, ਜੋ ਹਮੇਸ਼ਾ ਸਮੁੱਚੀ ਸਿੱਖ ਕੌਮ ਨੂੰ ਰੜਕਦੀ ਰਹੇਗੀ।
ਪਦਮਸ਼੍ਰੀ ਭਾਈ ਨਿਰਮਲ ਸਿੰਘ ਦੱਬੇ ਕੁਚਲੇ ਮੱਜਬੀ ਸਿੱਖ ਪਰਿਵਾਰ ਵਿਚ ਪੈਦਾ ਹੋਏ ਸਨ ਅਤੇ ਉਹ ਕੇਵਲ 5 ਜਮਾਤਾਂ ਪਾਸ ਸਨ, ਪਰ ਉਨ੍ਹਾਂ ਦੁਆਰਾ ਸੰਗੀਤ ਸਬੰਧੀ ਲਿਖੀਆਂ ਖੋਜ ਭਰਪੂਰ 2 ਕਿਤਾਬਾਂ ਪੰਜਾਬੀ  ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਲਈ ਪਾਠ-ਕ੍ਰਮ ਦਾ ਹਿੱਸਾ ਬਣੀਆਂ ਹੋਈਆਂ ਹਨ। ਉਨ੍ਹਾਂ ਸਦਕਾ ਵੱਡੀ ਗਿਣਤੀ ਵਿਚ ਵਿਦਿਆਰਥੀ ਪੀ ਐਚ ਡੀ ਕਰ ਕੇ ਵਿਦਵਾਨ ਹੋਣ ਦਾ ਰੁਤਬਾ ਪਾ ਚੁੱਕੇ ਹਨ ਜਦਕਿ ਅੱਗੇ ਵੀ ਵਿਦਿਆਰਥੀ ਪੀ ਐਚ ਡੀ ਕਰ ਰਹੇ ਹਨ।
ਅੱਜ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਰਥਿਕ ਥੁੜਾਂ ਅਤੇ ਸਮਾਜਿਕ ਮਾਰਾਂ ਤੋਂ ਨਾ ਘਬਰਾਉਂਦੇ ਹੋਏ, ਨਵੇਂ ਰਾਹ ਪੈਦਾ ਕਰਕੇ ਮੰਜ਼ਿਲ ਨੂੰ ਛੂਹਿਆ ਜਾਵੇ!
- ਸੁਖਦੇਵ ਸਲੇਮਪੁਰੀ
09780620233
2 ਅਪ੍ਰੈਲ, 2021