ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ!
-ਇਸ ਵੇਲੇ ਦੇਸ਼ ਵਿਚ ਕੋਰੋਨਾ ਦੀ ਮਹਾਮਾਰੀ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਕੋਰੋਨਾ ਤੋਂ ਪੀੜ੍ਹਤ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਨਾ ਤਾਂ ਬੈੱਡ ਮਿਲ ਰਹੇ ਹਨ ਅਤੇ ਨਾ ਹੀ ਜੀਵਨ ਰੱਖਿਅਕ ਦਵਾਈਆਂ ਮਿਲ ਰਹੀਆਂ ਹਨ। ਜਿੰਦਗੀ ਅਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ਦਾ ਸਹਾਰਾ ਨਹੀਂ ਮਿਲ ਰਿਹਾ ਕਿਉਂਕਿ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਨਿੱਜੀ ਹਸਪਤਾਲਾਂ ਵਰਗੀਆਂ ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਕਦੀ ਸੋਚਿਆ ਹੀ ਨਹੀਂ ਹੈ। ਅੱਜ ਗਰੀਬ ਲੋਕ ਨਿੱਜੀ ਹਸਪਤਾਲਾਂ ਵਿਚ ਆ ਰਿਹਾ ਲੱਖਾਂ ਰੁਪਏ ਦੇ ਖਰਚ ਦਾ ਬਿੱਲ ਦੇਣ ਤੋਂ ਅਸਮਰੱਥ ਹਨ, ਕਿਉਂਕਿ ਉਹ 'ਕਿਰਤਹੀਣ' ਹਨ , ਜਿਸ ਕਰਕੇ ਉਨ੍ਹਾਂ ਕੋਲ ਮੌਤ ਨੂੰ ਗਲੇ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ, ਦੂਜੇ ਪਾਸੇ ਦੇਸ਼ ਦੇ ਸਿਆਸਤਦਾਨ ਲੋਕਾਂ ਨੂੰ ਹੁਣ ਆਤਮ ਨਿਰਭਰ ਬਣਕੇ ਜੀਣ ਦੀਆਂ ਸਲਾਹਾਂ ਦੇ ਰਹੇ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਲਈ ਸਿਰਫ 'ਵੋਟਰ' ਬਣਾਕੇ ਰੱਖਣ ਲਈ 'ਕਣਕ-ਚੌਲ' ਦੀ ਚਾਟ 'ਤੇ ਲਗਾਕੇ 'ਕਿਰਤਹੀਣ' ਬਣਾਕੇ ਰੱਖ ਦਿੱਤਾ ਹੈ। ਅੱਜ ਲੋਕਾਂ ਕੋਲ ਨਾ ਤਾਂ ਰੁਜ਼ਗਾਰ ਹੈ, ਨਾ ਸਿੱਖਿਆ ਅਤੇ ਨਾ ਹੀ ਸਿਹਤ ਸਹੂਲਤਾਂ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ 'ਕਿਰਤਹੀਣ' ਬਣਾਉਣ ਤੋਂ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਪਾਇਆ। ਅੱਜ ਕਿਰਤਹੀਣ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਿਆਸਤਦਾਨਾਂ ਅਤੇ ਬਾਬਿਆਂ ਦੀ ਸ਼ਰਨ ਵਿਚ ਜਾ ਕੇ ਮਿੰਨਤਾਂ, ਤਰਲੇ ਅਤੇ ਹਾੜੇ ਕੱਢਣ ਲਈ ਮਜਬੂਰ ਹਨ, ਅੱਗਿਉਂ ਚਲਾਕ ਸਿਆਸਤਦਾਨਾਂ ਅਤੇ ਬਾਬਿਆਂ ਵਲੋਂ ਉਨ੍ਹਾਂ ਦੀ ਕਿਸਮਤ ਨੂੰ ਬਦਲਾਉਣ ਅਤੇ ਚਮਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਬਜਬਾਗ ਦਿਖਾਕੇ ਚਿੱਟੇ ਦਿਨ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਜੋ ਕਿਰਤਹੀਣ ਉਨ੍ਹਾਂ ਦੇ 'ਪੱਕੇ ਵੋਟਰ' ਬਣੇ ਰਹਿਣ! ਦੇਸ਼ ਦੇ ਸਿਆਸਤਦਾਨ ਅਤੇ ਬਾਬੇ ਇੱਕ ਸਿੱਕੇ ਦੇ ਦੋਵੇਂ ਪਾਸੇ ਹਨ, ਉਹ ਇੱਕ ਦੂਜੇ ਪ੍ਰਤੀ ਵਫ਼ਾਦਾਰੀਆਂ ਨਿਭਾਉਂਦੇ ਹਨ ਤਾਂ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਲੁੱਟ ਖਸੁੱਟ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਜਾ ਸਕੇ। ਦੇਸ਼ ਦੇ ਸਿਆਸਤਦਾਨਾਂ ਅਤੇ ਬਾਬਿਆਂ ਕੋਲ ਮਹਿੰਗੀਆਂ ਕਾਰਾਂ ਅਤੇ ਵੱਡੇ ਵੱਡੇ ਬੰਗਲੇ ਹਨ, ਜਦ ਕਿ ਦੂਜੇ ਪਾਸੇ ਆਮ ਲੋਕ ਢਿੱਡ ਭਰਨ ਲਈ 'ਕਣਕ-ਚੌਲ' ਦੀ ਭੀਖ ਮੰਗਣ ਲਈ ਲੰਬੀਆਂ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਧੱਕੇ ਅਤੇ ਪੁਲਿਸ ਦੇ ਡੰਡੇ ਖਾਣ ਲਈ ਮਜਬੂਰ ਹਨ।
-ਸੁਖਦੇਵ ਸਲੇਮਪੁਰੀ
09780620233
28 ਅਪ੍ਰੈਲ, 2021.