You are here

ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਮਹੱਤਵ✍️ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਖੇਡਾਂ ਜੀਵਨ ਦਾ ਖੇੜਾ ਹਨ। ਇਹ ਵਿਦਿਆਰਥੀ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇੱਕ ਹਨ। ਖੇਡਾਂ ਦਾ ਮੁੱਖ ਟੀਚਾ ਵਿਦਿਆਰਥੀ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਾ ਹੈ। ਖੇਡਾਂ ਵਿਦਿਆਰਥੀ ਵਿੱਚ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਸਿੱਖਿਆ ਦੇ ਨਾਲ-ਨਾਲ ਵਿਦਿਆਰਥੀ ਲਈ ਖੇਡਾਂ ਵੀ ਜ਼ਰੂਰੀ ਹਨ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ । ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ । ਸਵੇਰੇ ਦੋ ਘੰਟੇ ਤੇ ਸ਼ਾਮੀਂ ਦੋ ਘੰਟੇ ਖੇਡਣ ਨਾਲ ਚਿਹਰੇ ‘ ਤੇ ਰੌਣਕ ਛਾ ਜਾਂਦੀ ਹੈ । ਖੇਡਾਂ ਆਚਰਨ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਖੇਡਾਂ ਆਸ਼ਾਵਾਦੀ ਬਣਨ ਵਿਚ ਸਹਾਇਤਾ ਕਰਦੀਆਂ ਹਨ ।ਖੇਡਣ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ
ਮਹਾਤਮਾ ਗਾਂਧੀ ਜੀ ਨੇ ਠੀਕ ਹੀ ਆਖਿਆ ਹੈ ਕਿ 'ਨਰੋਏ ਸਰੀਰ ਵਿਚ ਨਰੋਇਆ ਦਿਮਾਗ ਹੁੰਦਾ ਹੈ।'
ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ ਹੈ. ਕਿਉਂਕਿ ਖੇਡਾ ਸਰੀਰਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਤੋਰ ਤੇ ਵੀ ਵਿਦਿਆਰਥੀਆਂ ਨੂੰ ਮਜਬੂਤ ਬਣਾਉਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾਉਂਦੀਆਂ ਹਨ। ਵਿਦਿਆਰਥੀਆਂ ਲਈ ਜਿੱਥੇ ਪੜਾਈ ਦੀ ਜਰਰਤ ਹੈ, ਉੱਥੇ ਖੇਡਾਂ ਖੇਡਣੀਆਂ ਵੀ ਓਨੀਆਂ ਹੀ ਜ਼ਰੂਰੀ ਹਨ। ਇਸੇ ਕਰਕੇ ਸਕੂਲਾਂ-ਕਾਲਜਾਂ ਵਿਚ ਬਾਕੀ ਵਿਸ਼ਿਆਂ ਦੇ ਨਾਲ-ਨਾਲ ਖੇਡਾਂ ਦੇ ਵਿਸ਼ੇ ਨੂੰ ਵੀ ਜ਼ਰੂਰੀ ਰੱਖਿਆ ਗਿਆ ਹੈ। ਸਕੂਲਾਂ ਵਿਚ ਖੇਡਾਂ ਖਿਡਾਉਣ ਲਈ ਬਕਾਇਦਾ ਕੋਚ, ਪੀ.ਟੀ.ਆਈ., ਡੀ.ਪੀ.ਈ. ਆਦਿ ਰੱਖੇ ਜਾਂਦੇ ਹਨ॥ ਸਕਲ ਦੇ ਟਾਈਮ ਟੇਬਲ ਵਿਚ ਵਿਦਿਆਰਥੀਆਂ ਨੂੰ ਖਿਡਾਉਣ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਪੀਰੀਅਡ ਰੱਖੇ ਜਾਂਦੇ ਹਨ।ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਹੈ।ਪਸੀਨਾ ਨਿਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ । ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ । ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ।ਖੇਡਾਂ ਦਿਲਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ । ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ । ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ । ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ । ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ । ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉੱਚੀਆਂ ਮੱਲਾਂ ਮਾਰ ਲੈਂਦੇ ਹਨ । ਉਹ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ਵਿੱਚ ਉੱਚਾ ਨਾਂ ਤੇ ਪ੍ਰਸਿੱਧੀ ਹਾਸਲ ਕਰਦੇ ਹਨ । ਅਸੀਂ ਵੇਖ ਸਕਦੇ ਹਾਂ ਕਿ ਕਈ ਚੰਗੇ ਖਿਡਾਰੀ ਵੱਡੇ ਅਹੁਦਿਆਂ ‘ ਤੇ ਨੌਕਰੀਆਂ ਕਰ ਰਹੇ ਹਨ ।ਖੇਡਾਂ ਬੱਚਿਆਂ ਦੇ ਮੂਹ ਤੇ ਖੇੜਾ ਲਿਆਉਂਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ ਅਤੇ ਵਿਦਿਆਰਥੀਆਂ ਦੀ ਥਕਾਵਟ ਦੂਰ ਕਰਦੀਆਂ ਹਨ। ਇਹਨਾਂ ਰਾਹੀ ਦਿਮਾਗ ਹੌਲਾ ਤੇ ਤਾਜ਼ਾ ਹੁੰਦਾ ਹੈ। ਖੇਡਾਂ ਰਹੀ ਸਕੂਲਾਂ ਵਿਚ ਅਨੁਸ਼ਾਸਨ ਦੀ ਕਮੀ ਦੀ ਸਮਸਿਆ ਨੂੰ ਹਲ ਕੀਤਾ ਜਾ ਸਕਦਾ ਹੈ। ਖੇਡਾਂ ਅਰੋਗਤਾ ਬਖਸ਼ਦੀਆਂ ਹਨ। ਖੇਡਾਂ ਖੇਡਣ ਵਾਲਾ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ। ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ । ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ । ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ ।ਖੇਡਾਂ ਰਾਹੀ ਵਿਦਿਆ ਵੀ ਦਿੱਤੀ ਜਾਂਦੀ ਹੈ। ਪ੍ਰੰਤੂ ਵਿਦਿਆਰਥੀ ਨੂੰ ਖੇਡ ਸਮੇ ਖੇਡ ਅਤੇ ਪੜਾਈ ਸਮੇ ਪੜਾਈ ਨਿਯਮ ਸਦਾ ਧਿਆਨ ਵਿਚ ਰੱਖਣਾ ਚਾਹੀਦਾ ਹੈ। ਚੰਗੇ ਵਿਦਿਆਰਥੀ ਖੇਡਾਂ ਅਤੇ ਪੜ੍ਹਾਈ,ਦੋਹਾਂ ਵਿਚ ਸਦਾ ਭਾਗ ਲੈਂਦੇ ਹਨ ਅਤੇ ਸਫਲਤਾ ਓਹਨਾ ਦੇ ਸਦਾ ਕਦਮ ਚੁੰਮਦੀ ਹੈ।

ਅੰਤ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸਚਤ ਸਮੇਂ ਵਿੱਚ ਹੀ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ।ਇਨ੍ਹਾਂ ਦੇ ਲਾਭ ਵੇਖਦੇ ਹੋਏ ਸਾਨੂੰ ਇਨ੍ਹਾਂ ਵਿੱਚ ਰੁਚੀ ਜ਼ਰੂਰ ਵਿਖਾਉਣੀ ਚਾਹੀਦੀ ਹੈ ।

 

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।