You are here

ਗਲਤੀ ਦਾ ਅਹਿਸਾਸ ✍️ ਸੰਦੀਪ ਦਿਉੜਾ

               ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ ।
        "  ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸੇ ਪਾ੍ਈਵੇਟ ਸੰਸਥਾ ਵਿੱਚ ਨੌਕਰੀ ਕਰ ਲੈ। ਘਰੇ ਤੇਰਾ ਇਕੱਲੇ ਦਾ ਟਾਇਮ ਪਾਸ ਕਰਨਾ ਔਖਾ ਹੋ ਜਾਣਾ ਹੈ। ਜੇ ਭਰਜਾਈ ਜਿਉਦੀ ਹੁੰਦੀ ਤਾਂ ਗੱਲ ਹੋਰ ਸੀ। "
          "ਨਹੀਂ ਯਾਰ ਮਹਿੰਦਰ ਬਹੁਤ ਕਰ ਲਈ ਨੌਕਰੀ ਹੁਣ ਆਰਾਮ ਕਰਨ ਦੇ ਦਿਨ ਨੇ ਐਵੇਂ ਹੀ ਸਾਰੀ ਉਮਰ ਧੰਦਪਿੱਟੀ ਜਾਈਏ। ਨਿਆਣੇ ਵੀ ਸੈਟ ਨੇ ਰੱਬ ਦੀ ਕਿਰਪਾ ਨਾਲ , ਕੋਈ ਕਮੀ ਵੀ ਨਹੀਂ ਹੈ। "
                             " ਗੱਲ ਕਮਾਈ ਦੀ ਨਹੀਂ ਹੈ ਗੱਲ ਹੈ ਸਮੇਂ ਸਿਰ ਤਿਆਰ ਹੋਣਾ ਤੇ ਆਪਣੇ ਆਪ ਨੂੰ ਵਿਅਸਤ ਰੱਖਣਾ ਤਾਂ ਜੋ ਤੰਦਰੁਸਤੀ ਇੰਝ ਹੀ ਬਣੀ ਰਹੇ। "
           "ਨਹੀਂ ਯਾਰ ਨੂੰਹਾਂ- ਪੁੱਤਾਂ ਨੇ ਬਿਲਕੁਲ ਵੀ ਨਹੀਂ ਮੰਨਣਾਂ। "
               " ਚਲੋ ਵਧੀਆਂ ਹੈ। "
            ਅਜੇ ਹਫ਼ਤਾ ਹੀ ਲੰਘਿਆ ਸੀ ਨਿਰੰਜਨ ਨੂੰ ਘਰ ਵਿੱਚ ਰਹਿੰਦੇ ਹੋਏ। ਸਵੇਰੇ ਨਾਸ਼ਤੇ ਦੇ ਸਮੇਂ  ਵੱਡੀ ਨੂੰਹ ਨੇ ਆਵਾਜ਼ ਦਿੱਤੀ।
                                "ਪਾਪਾ ਜੀ ਸਾਨੂੰ ਅੱਜ ਸਵੇਰੇ ਉੱਠਣ ਵਿੱਚ ਦੇਰ ਹੋ ਗਈ ,ਤੁਸੀਂ ਚਾਰ ਪੀਸ ਡਬਲਰੋਟੀ ਦੇ ਨਿੱਕੇ ਦੇ ਡੱਬੇ ਵਿੱਚ ਮੱਖਣ ਲਾ ਕੇ ਗਰਮ ਕਰਕੇ ਪਾ ਦੇਣਾ ਤੇ ਆਪ ਵੀ ਚਾਹ ਨਾਲ ਖਾ ਲੈਣਾ। ਮੈਂ ਅੱਜ ਤੁਹਾਡੇ ਲਈ ਪਰੌਠੀ ਨਹੀਂ ਬਣਾਈ। "
          "ਕੋਈ ਨਾ ਪੁੱਤ ਮੈਂ ਕਿਹੜਾ ਦਫ਼ਤਰ ਜਾਣਾ ਹੈ, ਮੈ ਕਰ ਲੈਂਦਾ ਹਾਂ।"
                  "  ਪਰ ਪਾਪਾ ਜੀ ਡਬਲਰੋਟੀ ਘਰੇ ਨਹੀਂ ਹੈ। ਤੁਸੀਂ ਜਲਦੀ ਨਾਲ ਬਾਹਰੋਂ ਬੇਕਰੀ ਉੱਤੋਂ ਲੈ ਆਉ। ਕਿਤੇ ਗੱਲਾਂ -ਗੱਲਾਂ ਵਿੱਚ ਕਾਕੇ ਦੀ ਸਕੂਲ ਬੱਸ ਨਾ ਨਿਕਲ ਜਾਵੇ। "
                  "ਠੀਕ ਹੈਂ ਪੁੱਤ ਠੀਕ ਹੈ ਮੈਂ ਹੁਣੇ ਹੀ ਜਾਦਾਂ ਹਾਂ। "
              ਆਖ ਜੁੱਤੀ ਪਾਉਣ ਹੀ ਵਾਲਾ ਸੀ ਕਿ ਛੋਟੀ ਨੂੰਹ ਨੇ ਵੀ ਸਵਾਲ ਪਾ ਦਿੱਤਾ।
         "ਪਾਪਾ ਜੀ ਜੇ ਬੇਕਰੀ ਉੱਤੇ ਜਾ ਹੀ ਰਹੇ ਹੋਂ ਤਾਂ ਅੰਡੇ ਵੀ ਲਈ ਆਉਣਾ, ਸ਼ਾਮ ਨੂੰ ਵਿੱਕੀ ਆ ਕੇ ਤੰਗ ਕਰੇਗਾ। "
         "ਠੀਕ ਹੈਂ ਪੁੱਤਰ ਉਹ ਵੀ ਲੈ ਆਵਾਂਗਾ। "
       " ਪਾਪਾ ਜੀ ਜਲਦੀ ਜਾਉ ਐਵੇ ਗੱਲਾਂ ਵਿੱਚ ਹੀ ਟਾਇਮ ਖਰਾਬ ਨਾ ਕਰੀ ਜਾਉ। "
            ਨਿਰੰਜਨ ਕਾਹਲੀ ਨਾਲ ਡਬਲਰੋਟੀ ਤੇ ਅੰਡੇ ਲੈ ਕੇ ਅੰਦਰ ਵੜਿਆ ਹੀ ਸੀ ਕਿ ਛੋਟੀ ਨੂੰਹ ਬੋਲੀ।    
           "ਪਾਪਾ ਜੀ ਆਹ ਸਮਾਨ ਤਾਂ ਰੱਖ ਦਿਉ ਮੇਰੇ ਲਈ ਜਲਦੀ ਨਾਲ ਰਿਕਸ਼ੇ ਵਾਲੇ ਨੂੰ ਬਾਹਰ ਰੋਕੋ ਮੈਨੂੰ ਸਕੂਲ ਜਾਣ ਲਈ ਦੇਰ ਹੋ ਰਹੀ ਹੈ।"
          ਨਿਰੰਜਨ ਬਿਨਾਂ ਚਾਹ ਪਾਣੀ ਪੀਤੇ ਹੀ ਬਾਹਰ ਗਲੀ ਵਿੱਚ ਰਿਕਸ਼ੇ ਵਾਲੇ ਨੂੰ ਰੋਕਣ ਲਈ ਖੜਾ ਹੋ ਜਾਦਾਂ ਹੈ।
                                  "  ਪਾਪਾ ਜੀ ਤੁਸੀਂ ਵੀ ਕਮਾਲ ਹੀ ਕਰਦੇ ਹੋ ਜੇ ਰਿਕਸ਼ੇ ਵਾਲਾ ਇੱਥੇ ਨਹੀਂ ਆਇਆਂ ਸੀ ਤਾਂ ਥੋੜਾ ਅੱਗੇ ਵੇਖ ਲੈਦੇਂ ਤੁਸੀਂ ਕਿਹੜਾ ਦਫ਼ਤਰ ਜਾਣਾ ਹੈ। ਅੱਜ ਫ਼ੇਰ ਪਿ੍ੰਸੀਪਲ ਨਾਲ ਮੱਥਾ ਲਾਉਣਾ ਪੈਣਾ ਹੈ। "
                 ਨਿਰੰਜਨ ਘਰੇ ਵੜਿਆ ਹੀ ਸੀ ਕਿ ਵੱਡੀ ਨੂੰਹ ਬਾਹਰ ਜਾਦੀਂ ਬੋਲੀ।
                   "ਪਾਪਾ ਜੀ ਬਜਾਰੋਂ ਸਬਜ਼ੀਆਂ ਲੈ ਆਉਣਾ ਨਾਲੇ ਕਿਤੇ ਬਾਹਰ ਬੈਠੇ ਗੱਲੀ ਨਾ ਲੱਗ ਜਾਈਉ ਅਤੇ ਸਵਿੱਤਰੀ ਕੰਮ ਕੀਤੇ ਬਿਨਾਂ ਹੀ ਬਾਹਰੋ  ਮੁੜ ਜਾਵੇਂ। "
          "  ਠੀਕ ਹੈ ਪੁੱਤ। "
             " ਸਵਿੱਤਰੀ ਨੂੰ ਪਿਆਜ਼ ਆਪ ਕੱਟ ਕੇ ਦੇਣਾ। "
          " ਤੈਨੂੰ ਪਤਾ ਤਾਂ ਹੈ ਪੁੱਤ ਮੈਂ ਪਿਆਜ਼ ਨਹੀਂ ਕੱਟ ਸਕਦਾ ਮੇਰੀਆਂ ਅੱਖਾਂ ਵਿੱਚ ਜਲਣ ਹੋਣ ਲੱਗ ਜਾਦੀਂ ਹੈ ਤੇ ਸੁੱਜ ਜਾਦੀਆਂ ਹਨ। "
            "ਤੁਹਾਡਾ ਵੀ ਉਹੀ ਬਹਾਨਾ ਹੈ ਜਿਹੜਾ ਸਵਿੱਤਰੀ ਦਾ ਹੈ ਆਖੇ ਮੇਰੀਆਂ ਅੱਖਾਂ ਸੁੱਜ ਜਾਦੀਆਂ ਹਨ । ਕੋਈ ਨਾ ਜੇ ਸੁੱਜ ਵੀ ਗਈਆਂ ਤਾਂ ਕੀ ਹੈਂ? ਤੁਸੀਂ ਬੜਾ ਦਫ਼ਤਰ ਜਾਣਾ ਹੈ।"
                       ਨਿਰੰਜਨ ਆਪਣੀਆਂ ਦੋਵੇਂ ਹੀ ਨੂੰਹਾਂ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਤਾਂ ਜਾਣਦਾ ਹੀ ਨਹੀਂ ਸੀ। ਸ਼ਾਇਦ ਇਹ ਉਸਦੀ ਜਿੰਦਗੀ ਦੀ ਪਹਿਲੀ ਦੁਪਹਿਰ ਸੀ ਕਿ ਇੱਕ ਵੱਜ ਗਿਆ ਸੀ ਤੇ ਚਾਹ ਵੀ ਨਾ ਪੀਤੀ ਹੋਵੇ।ਉਹ ਆਪਣੇ ਆਪ ਨੂੰ ਹੀ ਸਮਝਾਉਣ ਲੱਗ ਜਾਦਾਂ ਹੈ ਕਿ ਕਈ ਵਾਰ ਇੰਝ ਹੋ ਜਾਦਾਂ ਹੈ ਨਾਲੇ ਕੁੜੀਆਂ ਨੇ ਡਿਊਟੀ ਉੱਤੇ ਜਾਣਾ ਹੈ ਤੇ ਮੈਂ ਤਾਂ ਘਰੇ ਹੀ ਰਹਿਣਾ ਹੈ। ਹੁਣ ਇਹ ਇੱਕ ਦਿਨ ਦੀ ਗੱਲ ਨਾ ਹੋ ਕਿ ਰੋਜ਼ਾਨਾ ਦੀ ਹੀ ਗੱਲ ਹੋ ਚੁੱਕੀ ਸੀ। ਦੋਵੇਂ ਨੂੰਹਾਂ ਤੇ ਇੱਥੋ ਤੱਕ ਕਿ ਮੁੰਡਿਆਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਸਨੇ ਕੁਝ ਖਾਂਦਾ ਹੈ ਕਿ ਨਹੀਂ ਬਸ ਇੱਕ ਤੋਂ ਬਾਅਦ ਇੱਕ ਕੰਮ ਹੀ ਆਖੀਂ ਜਾਦੇਂ ।ਆਖ ਦਿੰਦੇ ਪਾਪਾ ਜੀ ਤਾਂ ਵਿਹਲੇ ਹਨ ਇਹਨਾਂ ਕਿਹੜਾ ਦਫ਼ਤਰ ਜਾਣਾ ਹੈ।
               ਅੱਜ ਤਾਂ ਵੱਡੀ ਨੂੰਹ ਨੇ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਧੋਬੀ ਨੂੰ ਕਿਹਾ, "ਦੇਖ ਭਈਆ ਵੱਡੇ ਸਾਹਿਬ ਦੇ ਕੱਪੜੇ ਪੈ੍ਸ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ। ਜੇ ਲੋੜ ਹੋਈ ਤਾਂ ਆਪੇ ਹੀ ਕਰ ਲੈਣਗੇ ਘਰੇ ਵਿਹਲੇ ਹੀ ਤਾਂ ਹੁੰਦੇ ਹਨ। "
                  ਇਹ ਸਾਰਾ ਕੁਝ ਮੁੰਡਾ ਸੁਣ ਰਿਹਾ ਸੀ ਪਰ ਬੋਲਿਆਂ ਕੁਝ ਨਹੀਂ। ਮੁੰਡੇ ਨੂੰ ਚੁੱਪ ਵੇਖ  ਨਿਰੰਜਨ ਵੀ ਕੁਝ ਨਹੀਂ ਬੋਲਿਆਂ। ਵੈਸੇ ਅੰਦਰੋਂ ਦੁੱਖੀ ਬਹੁਤ ਹੋਇਆਂ। ਘਰ ਦੇ ਸਾਰੇ ਨਿੱਕੇ ਵੱਡੇ ਕੰਮ ਹੁਣ ਨਿਰੰਜਨ ਸਿੰਘ ਦੇ ਹਿੱਸੇ ਆ ਗਏ ਸਨ ਪਰ ਕਹਿੰਦੇ ਸੀ ਪਾਪਾ ਤਾਂ ਵਿਹਲਾ ਹੀ ਹੈ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ।
                   ਨਿਰੰਜਨ ਨੇ ਇੱਕ ਦਿਨ ਆਪਣਾ ਸਾਰਾ ਦੁੱਖ ਮਹਿੰਦਰ ਨੂੰ ਦੱਸਿਆ।
       "  ਮਹਿੰਦਰ ਯਾਰ ਮਨ ਕਰਦਾ ਹੈ ਘਰ ਛੱਡ ਕੇ ਕਿਤੇ ਚਲਾ ਜਾਵਾਂ । "
                         "ਨਹੀਂ ਨਿਰੰਜਨਾ ਤੂੰ ਕਿਉਂ ਘਰ ਛੱਡਣਾ ਹੈ? ਇਹ ਘਰ ਤੂੰ ਆਪਣੀ ਸਖਤ ਮਿਹਨਤ ਨਾਲ ਬਣਾਇਆ ਹੈਂ। ਉਹਨਾਂ ਨੂੰ ਘਰੋਂ ਕੱਢ। "
           "  ਨਹੀਂ ਮਹਿੰਦਰਾ ਮੈਂ ਇੰਝ ਨਹੀਂ ਕਰ ਸਕਦਾ। "
           "ਮੈਂ ਉਹਨਾਂ ਨੂੰ ਘਰੋਂ ਕੱਢਣ ਲਈ ਨਹੀਂ ਬਲਕਿ ਸਬਕ ਦੇਣ ਲਈ ਹੀ ਕਹਿੰਦਾ ਹਾਂ। "
                           ਯੋਜਨਾ ਅਨੁਸਾਰ ਮਹਿੰਦਰ ਅਗਲੇ ਦਿਨ ਉਹਨਾਂ ਦੇ ਘਰ ਆਉਦਾਂ ਹੈਂ।
            "ਨਿਰੰਜਨ ਸਿੰਘ ਘਰੇ ਹੀ ਹੈਂ। "
               " ਆ ਜਾ ਆ ਮਹਿੰਦਰਾ ਮੈ ਕਿਹੜਾ ਦਫ਼ਤਰ ਜਾਣਾ ਹੈ ਮੈਂ ਤਾਂ ਵਿਹਲਾ ਹਾਂ। "
         "ਯਾਰ ਮੈਂ ਤੇਰਾ ਕੰਮ ਕਰ ਦਿੱਤਾ ਹੈਂ। ਕੱਲ੍ਹ ਨੂੰ ਕਿਰਾਏਦਾਰ ਆ ਜਾਣਗੇ ਤੇ ਕਿਰਾਇਆ ਵੀ ਦਸ ਹਜ਼ਾਰ ਰੁਪਏ ਮਹੀਨਾ ਪੱਕਾ ਕਰ ਦਿੱਤਾ। "
           "ਕਿਰਾਇਆ ਮੈਂ ਪਹਿਲਾਂ ਲੈਣਾ ਹੈ। "
      " ਬਿਲਕੁਲ ਬਿਲਕੁਲ ਉਹ ਤਾਂ ਮੈਨੂੰ ਪੈਸੇ ਦੇ ਵੀ ਗਏ ਹਨ। "
          ਮਹਿੰਦਰ ਦਸ ਹਜ਼ਾਰ ਰੁਪਏ ਨਿਰੰਜਨ ਦੇ ਅੱਗੇ ਕਰ ਦਿੰਦਾ ਹੈ। ਕੋਲ ਖੜਾ ਮੁੰਡਾ ਸਭ ਕੁਝ ਸੁਣ ਰਿਹਾ ਹੁੰਦਾ ਹੈ।
                              ਪਰ ਉਹ ਕੋਈ ਧਿਆਨ ਨਹੀਂ ਦਿੰਦਾ।ਅਗਲੇ ਦਿਨ ਸਵੇਰੇ- ਸਵੇਰੇ ਹੀ  ਨਵੇਂ ਕਿਰਾਏਦਾਰ ਆ ਜਾਂਦੇ ਹਨ।
             "ਅੰਕਲ ਜੀ ਸਤਿ ਸ੍ਰੀ ਅਕਾਲ ਜੀ। "
        " ਸਤਿ ਸ੍ਰੀ ਅਕਾਲ ਪੁੱਤਰ ਤੁਸੀਂ ਆ ਗਏ। ਸਮਾਨ ਲੈ ਕੇ ਰਹਿਣ ਕਦੋਂ ਆ ਰਹੇ ਹੋ। "
          " ਬਸ ਇਹ ਹੀ ਪੁੱਛਣ ਆਇਆਂ ਹਾਂ ਜੀ, ਮੈਨੂੰ ਤਿੰਨ ਛੁੱਟੀਆਂ ਹਨ ਉਹਨਾਂ ਦਿਨਾਂ ਵਿੱਚ ਆ ਜਾਂਦੇ ਹਾਂ। "
          " ਬਿਲਕੁਲ ਠੀਕ ਆ ਜਾਉ। "
               "ਪਾਪਾ ਜੀ ਇਹ ਲੋਕ ਕੋਣ ਹਨ ਤੇ ਕਿਵੇਂ ਆਏ ਹਨ? "
           "ਇਹ ਆਪਣੇ ਕਿਰਾਏਦਾਰ ਹਨ। "
       " ਕਿਰਾਏਦਾਰ ਇਹਨਾਂ ਨੂੰ ਕਿਹੜਾ ਮਕਾਨ ਕਿਰਾਏ ਉੱਤੇ ਦੇਣਾ ਹੈ? "
           "ਆਹ ਹੀ ਪੁੱਤਰ ਜਿੱਥੇ ਤੁਸੀਂ ਰਹਿ ਰਿਹਾ ਹੋ। "
       " ਆਪਣੇ ਕੋਲ ਕਿੱਥੇ ਹੈ ਖਾਲੀ ਥਾਂ। "
         "ਮੁਆਫ਼ ਕਰਨਾ ਪੁੱਤਰ ਮੈਂ ਤੁਹਾਡੇ ਨਾਲ ਗੱਲ ਕਰਨੀ ਭੁੱਲ ਹੀ ਗਿਆ, ਤੁਸੀਂ ਦੋਵੇਂ ਭਰਾ ਆਪਣੇ ਰਹਿਣ ਲਈ ਕਿਤੇ ਹੋਰ ਪ੍ਬੰਧ ਕਰ ਲਵੋ, ਇਹ ਮਕਾਨ ਮੈਂ ਕਿਰਾਏ ਉੱਤੇ ਦੇਣਾ ਹੈ। "
                 " ਪਰ ਪਾਪਾ ਜੀ ਅਸੀਂ। "
        "ਤੁਸੀਂ ਕਿਰਾਏ ਉੱਤੇ ਰਹਿਣਾ ਹੈ ਤਾਂ ਤੁਸੀਂ ਰਹਿ ਲਵੋਂ ਤੇ ਕਿਰਾਇਆ ਦੇ ਦਿਉ। "
             "  ਕਿਰਾਇਆ ..........","ਹਾਂ ਪੁੱਤਰ ਕਿਰਾਇਆ ਤੁਹਾਨੂੰ ਪਤਾ ਹੀ  ਹੈ ਰਿਟਾਇਰ ਹੋਣ ਤੋਂ ਬਾਅਦ ਮੈਂ ਵਿਹਲਾ ਹੋ ਗਿਆ ਹਾਂ ,ਜੇ ਕੋਈ ਕਮਾਈ ਕਰਾਂਗਾ ਤਾਂ ਹੀ ਸ਼ਾਇਦ ਮੇਰੀ ਵੀ ਦੁਬਾਰਾ ਇੱਜ਼ਤ ਹੋਣ ਲੱਗ ਪਵੇ। "
                  ਮਹਿੰਦਰ ਤੇ ਕਿਰਾਏਦਾਰ ਬਾਹਰ ਚਲੇ ਜਾਂਦੇ  ਹਨ ਤੇ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ  ਪਾਪਾ ਨੂੰ ਆਖੀਆਂ ਸਾਰੀਆਂ ਗੱਲਾਂ ਘੁੰਮਣ ਲੱਗ ਜਾਦੀਆਂ ਹਨ।
              "ਪਾਪਾ ਜੀ ਸਾਨੂੰ ਮੁਆਫ਼ ਕਰ ਦਿਉ।ਸਾਨੂੰ ਤੁਹਾਡੇ ਨਾਲ ਇੰਝ ਨਹੀਂ ਕਰਨਾ ਚਾਹੀਦਾ ਸੀ।ਸਾਨੂੰ ਆਪਣੀਆਂ ਕੀਤੀਆਂ ਗਲਤੀਆਂ ਉੱਤੇ ਬਹੁਤ ਪਛਤਾਵਾ ਹੋ ਰਿਹਾ ਹੈ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।
                     ਸੰਦੀਪ ਦਿਉੜਾ
                    8437556667