You are here

ਫੱਟੀ,ਕਲਮ ਤੇ ਦਵਾਤ, ਅੱਜ ਵਿਰਸੇ ਦੀ ਬਾਤ ਬਣ ਗਏ ਹਨ✍️ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ 

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

  ਹੁਣ ਜਦੋਂ ਵੀ ਕਦੇ ਬੱਚਿਆਂ ਦੇ ਮੋਢਿਆਂ ਵਿੱਚ ਬਸਤੇ ਪਾਏ ਦਿਖ ਜਾਣ ਤਾਂ ਬੀਤਿਆਂ ਬਚਪਨ ਯਾਦ ਆ ਜਾਂਦਾ ਹੈ ਬੱਸ ਫਿਰ ਇੱਕ ਚੀਜ ਦੀ ਘਾਟ ਰੜਕਨ ਲੱਗ ਜਾਂਦੀ ਹੈ ਉਹ ਹੈ ਫੱਟੀ।ਅੱਜ ਦੇ ਸਮੇਂ ਦੇ ਬੱਚਿਆਂ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ (ਤਨੀ ਵਾਲਾ ) ਫੜਿਆਂ ਹੁੰਦਾ ਹੈ ਪਰ ਸਾਡੇ ਸਮੇਂ ਵਿੱਚ ਬੱਚਿਆਂ ਦੇ ਹੱਥ ਵਿੱਚ ਫੱਟੀ ਹੁੰਦੀ ਸੀ ।ਫੱਟੀ, ਕਲਮ ਤੇ ਦਵਾਤ ਦਾ ਨਾਂ ਦਿਮਾਗ਼ ਵਿਚ ਆਉਂਦੇ ਸਾਰ ਹੀ ਬਹੁਤਿਆਂ ਨੂੰ ਅਪਣਾ ਬੀਤੇ ਬਚਪਨ ਦੀ ਖ਼ੁਸ਼ਬੋ ਯਾਦ ਆ ਜਾਂਦੀ ਹੈ। ਕੁੱਝ ਵਰ੍ਹੇ ਪਹਿਲਾਂ ਤਕ ਪ੍ਰਾਇਮਰੀ ਸਕੂਲਾਂ ਵਿਚ ਬੱਚੇ ਖ਼ੁਸ਼ੀ-ਖ਼ੁਸ਼ੀ ਫੱਟੀਆਂ, ਕਲਮਾਂ ਤੇ ਸਿਆਹੀ ਦੀਆਂ ਦਵਾਤਾਂ ਦੀ ਵਰਤੋਂ ਕਰਦੇ ਹੁੰਦੇ ਸਨ। ਗਾਚਨੀ ਨਾਲ ਫੱਟੀ ਪੋਚਣੀ, ਧੁੱਪ ਵਿਚ ਹਿਲਾ-ਹਿਲਾ ਕੇ ਸੁਕਾਉਣੀ, ਕਾਨਿਆਂ ਦੀ ਵਰਤੋਂ ਕਰ ਕੇ ਬਲੇਡ ਜਾਂ ਚਾਕੂ ਨਾਲ ਕਲਮ ਬਣਾਉਦਿਆ ਹੱਥ ਤੇ ਵੀ ਵੱਜ ਜਾਂਦਾ ਸੀ।ਉਦੋ ਇਹ ਸੱਟਾਂ ਦਾ ਪਤਾ ਹੀ ਨਹੀਂ ਹੁੰਦਾ ਸੀ।ਫਿਰ ਕਾਲੀ ਸਿਆਹੀ ਦੇ ਛੋਟੇ-ਛੋਟੇ ਪੈਕਟ ਦਵਾਤ ਵਿਚ ਪਾ ਕੇ ਪਾਣੀ ਮਿਲਾ ਕੇ ਸਿਆਹੀ ਤਿਆਰ ਕਰਨੀ ਤੇ ਕਈ ਵਾਰ ਸਿਆਹੀ ਨੂੰ ਗੂੜ੍ਹੀ ਬਣਾਉਣ ਲਈ ਉਸ ਵਿਚ ਛੋਟੀ ਜਿਹੀ ਗੁੜ ਦੀ ਡਲੀ ਪਾ ਦੇਣੀ, ਇਹ ਸੱਭ ਗੱਲਾਂ ਹੁਣ ਬਸ ਯਾਦਾਂ ਵਿਚ ਹੀ ਰਹਿ ਗਈਆਂ ਹਨ। ਸਵੇਰ ਦੀ ਸਭਾ ਤੋਂ ਬਾਅਦ ਜਮਾਤ ’ਚ ਆ ਕੇ ਅਸੀਂ ਫੱਟੀਆਂ ਲਿਖਣੀਆਂ ਫਿਰ ਅੱਧੀ ਛੁੱਟੀ ਗਾਚੀ ਫੇਰ ਫੇਰ ਪੋਚਣੀਆਂ, ‘ਸੂਰਜਾ ਸੂਰਜਾ ਫੱਟੀ ਸੁਕਾ’ ਕਹਿ ਕੇ ਹਿਲਾ ਹਿਲਾ ਕੇ ਸੁਕਾਉਣੀਆਂ, ਬਾਅਦ ’ਚ ਫਿਰ ਲਿਖਣੀਆਂ, ਅਧਿਆਪਕਾਂ ਨੇ ਚੈਕ ਕਰਨੀਆਂ। ਹੁਣ ਇਸ ਦੀ ਜਗਾ ਕਾਪੀਆਂ ਤੇ ਬਾਲ ਪੈਨਾਂ ਨੇ ਲੈ ਲਈ ਹੈ, ਜਿਸ ਨਾਲ ਲਿਖਾਈ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਪਰ ਸਾਡੇ ਸਮੇਂ ਬੱਚੇ ਅੱਖਰ ਲਿਖ ਜ਼ਰੂਰ ਲੈਂਦੇ ਸਨ ਪਰ ਉਨਾਂ ਨੂੰ ਅੱਖਰਾਂ ਦੀ ਸਹੀ ਬਣਾਵਟ ਦਾ ਪਤਾ ਨਹੀਂ ਚਲਦਾ ਫੱਟੀਆਂ ਸੁੱਕ ਜਾਣ ਉਤੇ ਮਾਸਟਰ ਜੀ ਉਨ੍ਹਾਂ ਉੱਪਰ ਪੈਨਸਲ ਨਾਲ ਸਿੱਧੀਆਂ ਲਕੀਰਾਂ ਮਾਰ ਦਿੰਦੇ ਸਨ ਤੇ ਫਿਰ ਖ਼ਾਨਿਆਂ ਵਿਚ ਟੋਕਵੀਂ ਗਿਣਤੀ ਤੇ ਟੋਕਵੇਂ ਸ਼ਬਦ, ਸੁੰਦਰ ਲਿਖਾਈ ਜਾਂ ਸਕੂਲ ਦਾ ਕੰਮ ਕਰਵਾਉਂਦੇ ਹੁੰਦੇ ਸਨ। ਫੱਟੀ ਨੂੰ ਸਕੂਲ ਦੇ ਨੇੜੇ ਚਲਦੇ ਖ਼ਾਲੇ ਜਾਂ ਹੋਰ ਪਾਣੀ ਦੇ ਸੋਮੇ ਕੋਲ ਜਾ ਕੇ ਸਾਰੇ ਬੱਚੇ ਜਮਾਤ ਅਨੁਸਾਰ ਫੱਟੀਆਂ ਧੋ ਲੈਂਦੇ ਸਨ। ਸਾਡੇ ਅਧਿਆਪਕਾਂ ਨੇ ਫੱਟੀ ਤੇ ਪੂਰਨੇ ਪਾ ਦੇਣੇ ਤੇ ਅਸੀਂ ਕਲਮ ਨੂੰ ਸਿਆਹੀ ਵਾਲੀ ਦਵਾਤ ’ਚ ਡਬੋ ਡਬੋ ਕੇ ਫੱਟੀ ਲਿਖ ਮਾਰਨੀ। ਇਸ ਨਾਲ ਬੱਚਿਆਂ ਦੀ ਲਿਖਾਈ ਵਿਚ ਬਹੁਤ ਸੁਧਾਰ ਹੁੰਦਾ ਸੀ ਪਰ ਅੱਜ ਆਧੁਨਿਕਤਾ ਦੀ ਹਨੇਰੀ ਸਾਡੇ ਸਮਾਜ ’ਚ ਇਸ ਤਰਾਂ ਆਈ ਕਿ ਇਹੀ ਫੱਟੀਆਂ ਸਾਨੂੰ ਪਿਛੜਾਪਨ ਜਾਪਣ ਲੱਗ ਪਈਆਂ? ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਟਾਂਵਾ-ਟੱਲਾ ਸਕੂਲ ਹੋਵੇ ਜਿਸ ’ਚ ਇਨਾਂ ਫੱਟੀਆਂ ਤੇ ਲਿਖਾਈ ਸ਼ਿੰਗਾਰੀ ਜਾਂਦੀ ਹੋਵੇ। ਫੱਟੀ ਲਿਖਣ ਦਾ ਸਭ ਨੂੰ ਚਾਅ ਹੁੰਦਾ ਸੀ।ਕਈ ਵਾਰ ਫੱਟੀ ਜਾ ਉਸਦਾ ਡੂੰਡਣਾ ਵੀ ਟੁੱਟ ਜਾਂਦਾ ਸੀ। ਜਿਸਤੋ ਫੱਟੀ ਫੜਦੇ ਹੁੰਦੇ ਸੀ ਫਿਰ ਉਸ ਉੱਪਰ ਲੋਹੇ ਦੀ ਪੱਤੀ ਲਾ ਕੇ ਉਸਨੂੰ ਜੋੜ ਲੈਂਦੇ ਸੀ।ਸਚਮੁੱਚ ਫੱਟੀ, ਕਲਮ ਤੇ ਦਵਾਤ ਨਾਲ ਲਿਖੀ ਸੁੰਦਰ ਲਿਖਾਈ ਤੇ ਬਣੀ ਬਣਤਰ ਦੀ ਰੀਸ ਨਹੀਂ ਸੀ ਹੁੰਦੀ। ਉਦੋਂ ਸਕੂਲਾਂ ਵਿਚ ਅੱਜ ਵਾਂਗ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਨਹੀਂ ਸੀ ਮਿਲਦਾ ਹੁੰਦਾ ਸਗੋਂ ਖਾਣ ਵਾਲੀ ਪੰਜੀਰੀ ਮਿਲਦੀ ਹੁੰਦੀ ਸੀ। ਛੁੱਟੀ ਹੋਣ ਵੇਲੇ ਇਸੇ ਫੱਟੀ ਉਤੇ ਦੋ-ਦੋ, ਤਿੰਨ-ਤਿੰਨ ਮੁੱਠਾਂ ਪੰਜੀਰੀ ਪਾ ਕੇ ਬੱਚੇ ਪੰਜੀਰੀ ਖਾਂਦੇ-ਖਾਂਦੇ ਖ਼ੁਸ਼ੀ-ਖ਼ੁਸ਼ੀ ਘਰਾਂ ਨੂੰ ਜਾਂਦੇ ਹੁੰਦੇ ਸਨ। ਉਸ ਸਮੇਂ ਅੱਜ ਵਾਂਗ ਪੈੱਨ, ਕਾਪੀਆਂ ਆਦਿ ਦਾ ਪ੍ਰਚਲਨ ਨਹੀਂ ਸੀ ਹੁੰਦਾ। ਬੱਚੇ ਕਿਤਾਬਾਂ ਅਕਸਰ ਪੁਰਾਣੇ ਕਪੜੇ ਜਾਂ ਪਲਾਸਟਿਕ ਦੇ ਥੈਲਿਆਂ ਤੋਂ ਬਣਾਏ ਹੋਏ ਬਸਤੇ ਤੇ ਫੱਟੀਆਂ ਹੱਥਾਂ ਵਿਚ ਫੜ ਕੇ ਸਕੂਲ ਲਿਆਉਂਦੇ ਸੀ। ਅੱਜ ਦੇ ਬੱਚਿਆਂ ਨੂੰ ਸ਼ਾਇਦ ਫੱਟੀ, ਗਾਚਨੀ, ਕਲਮ ਤੇ ਦਵਾਤ ਦਾ ਪਤਾ ਹੀ ਨਾ ਹੋਵੇ। ਫੱਟੀ, ਕਲਮ ਤੇ ਦਵਾਤ ਨਾਲ ਪੜ੍ਹਾਉਣ ਦਾ ਤਰੀਕਾ ਬਹੁਤ ਸਾਦਾ, ਸਸਤਾ, ਚਿਰ ਸਥਾਈ ਤੇ ਪ੍ਰਭਾਵਸ਼ਾਲੀ ਸੀ। ਰਲ ਮਿਲ ਕੇ ਫੱਟੀਆਂ ਪੋਚਣਾ, ਰਲ ਕੇ ਫੱਟੀਆਂ ਲਿਖਣਾ, ਕਲਮਾਂ ਤਿਆਰ ਕਰਨੀਆਂ, ਦਵਾਤਾਂ ਦੀ ਰਲ-ਮਿਲ ਕੇ ਵਰਤੋਂ ਕਰਨੀ ਤੇ ਇਕੱਠੇ ਹੋ ਕੇ ਸਾਰੇ ਬੱਚਿਆਂ ਨੇ ਫੱਟੀਆਂ ਧੋਣੀਆਂ ਜਾਂ ਫੱਟੀਆਂ ਸੁਕਾਉਣ ਨਾਲ ਬੱਚਿਆਂ ਵਿਚ ਮਿਲਵਰਤਨ, ਪਿਆਰ ,ਆਪਸੀ ਸਾਂਝ ਤੇ ਭਾਈਚਾਰਕ ਪਿਆਰ ਪੈਦਾ ਹੁੰਦਾ ਸੀ। ਇਹ ਫੱਟੀਆਂ, ਦਵਾਤਾਂ, ਕਲਮਾਂ ਅੱਜ ਗੁਮਨਾਮ ਜ਼ਿੰਦਗੀ ਜੀ ਰਹੀਆਂ ਹਨ ।ਅੱਜ ਸਮਾਂ ਬਦਲ ਚੁੱਕਾ ਹੈ, ਅੱਜ ਬੱਚਿਆਂ ਦੇ ਬਸਤੇ ਮੋਟੀਆਂ-ਮੋਟੀਆਂ ਕਿਤਾਬਾਂ, ਕਾਪੀਆਂ ਤੇ ਭਾਂਤ-ਭਾਂਤ ਦੀ ਲਿਖਣ ਸਮੱਗਰੀ ਨਾਲ ਭਰਦੇ ਜਾ ਰਹੇ ਹਨ, ਜੋ ਕਿ ਆਰਥਕ ਪੱਖੋਂ ਕਾਫ਼ੀ ਬੋਝਲ ਵੀ ਹੈ।  ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਕੋਈ ਰੀਸ ਨਹੀਂ, ਇਸ ਦੀ ਸਮਾਜਿਕ, ਆਰਥਿਕ ਤੇ ਇਤਿਹਾਸਿਕ ਪੱਖੋਂ ਸਾਨੂੰ ਬਹੁਤ ਦੇਣ ਰਹੀ ਹੈ। ਇਸ ਦਾ ਸੱਭ ਤੋਂ ਵੱਡਾ ਫ਼ਾਇਦਾ ਕਾਗ਼ਜ਼ ਦੀ ਵਰਤੋਂ ਨੂੰ ਰੋਕ ਕੇ ਦਰੱਖ਼ਤਾਂ ਆਦਿ ਦੀ ਕਟਾਈ ਨਾ ਹੋਣ ਦੇਣਾ ਵੀ ਸੀ।
ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਮਨੁੱਖ ਦੇ ਜੀਵਨ ਵਿਚ ਬਹੁਤ ਅਹਿਮੀਅਤ ਰਹੀ ਹੈ। ਫੱਟੀ, ਕਲਮ ਤੇ ਦਵਾਤ ਨੂੰ ਯਾਦ ਕਰਦਿਆਂ ਪ੍ਰਾਇਮਰੀ ਸਕੂਲ, ਪ੍ਰਾਇਮਰੀ ਪੱਧਰ ਦੀ ਪੜ੍ਹਾਈ, ਬਚਪਨ, ਬਚਪਨ ਦੇ ਸੰਗੀ- ਸਾਥੀ, ਅਧਿਆਪਕ ਤੇ ਬਚਪਨ ਦੀਆਂ ਅਣਭੋਲ ਯਾਦਾਂ ਦਿਲੋ ਦਿਮਾਗ਼ ਉਤੇ ਛਾ ਜਾਂਦੀਆਂ ਹਨ ਤੇ ਮਨ ਕੁੱਝ ਸਮੇਂ ਲਈ ਸ਼ਾਂਤ ਤੇ ਭਾਵੁਕ ਹੋ ਜਾਂਦਾ ਹੈ। ਮੁੜ ਉਹ ਬੇ-ਫ਼ਿਕਰੇ ਪਲਾਂ ਵਿੱਚ ਚਲਾ ਜਾਂਦਾ ਹੈ।ਜਿੱਥੇ ਕਿ ਕਿਸੇ ਚੀਜ ਦਾ ਨਾ ਤਾਂ ਡਰ ਸੀ ਨਾ ਹੀ ਕਿਸੇ ਚੀਜ ਦਾ ਫਿਕਰ ।ਉਹ ਨਿੱਕੇ ਨਿੱਕੇ ਪਲ ਹੀ ਉਸ ਸਮੇਂ ਸਾਰੀ ਜ਼ਿੰਦਗੀ ਦੀ ਖੁਸ਼ੀ ਦਿੰਦੇ ਸਨ। ਜਦੋਂ ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਤੇ ਫਿਰ ਧੁੱਪੇ ਰੱਖ ਦੇਣੀ ਤੇ ਕਹਿਣਾ- ਸੂਰਜਾ ਸੂਰਜਾ ਫੱਟੀ ਸੁੱਕਾ।ਸਾਰੇ ਹੀ ਮਾਸਟਰਾਂ ਤੇ ਭੈਣਜੀਆਂ ਨੇ ਫੱਟੀਆਂ ਲਿਖਵਾਈਆਂ, ਪਹਿਲਾਂ ਪੂਰਨੇ ਪਾ ਪਾ ਦਿੱਤੇ, ਫਿਰ ਅੱਖਰਾਂ ਦੀ ਬਣਾਵਟ ਸਹੀ ਕਰਵਾਈ ਤੇ ਬਾਅਦ ’ਚ ਤੇਜ਼ੀ ਨਾਲ ਸੋਹਣਾ ਲਿਖਣਾ ਸਿਖਾਇਆ।ਅਸਲ ’ਚ ਫੱਟੀ ਦੀ ਥਾਂ ’ਤੇ ਕਾਪੀਆਂ ਆ ਜਾਣ ਕਾਰਨ ਅਭਿਆਸ ਲਈ ਫੱਟੀਆਂ ਤੇ ਲਿਖੇ ਜਾਂਦੇ ਵੱਡੇ ਅੱਖਰਾਂ ਦੀ ਥਾਂ ਹੁਣ ਕਾਪੀ ਦੀਆਂ ਛੋਟੀਆਂ ਛੋਟੀਆਂ ਲਾਈਨਾਂ ’ਚ ਪਾਏ ਜਾਣ ਵਾਲੇ ਨਿਕੜੇ ਅੱਖਰਾਂ ਨੇ ਲੈ ਲਈ ਹੈ। ਜਿਸ ਕਾਰਨ ਲਿਖਾਈ ਦੀ ਸੁੰਦਰਤਾ ਦਾ ਗ੍ਰਾਫ ਹੇਠਾਂ ਵੱਲ ਨੂੰ ਲੁੜਕਿਆ ਹੈ। ਰਹਿੰਦੀ ਖੁੰਹਦੀ ਜਖਣਾ ਕਲਮ, ਡੰਕ ਅਤੇ ਨਿੱਬ ਵਾਲੇ ਸ਼ਿਆਹੀ ਵਾਲੇ ਪੈਨਾਂ ਦੀ ਥਾਂ ਤੇ ਆਏ ਜੈਲ ਅਤੇ ਬਾਲ-ਪੈਨਾਂ ਨੇ ਮਾਰ ਸੁੱਟੀ ਹੈ। ਲਿਖਾਈ ’ਚ ਤੇਜ਼ੀ ਆ ਜਾਣ ਕਾਰਨ ਨਾ ਤਾਂ ਅੱਖਰਾਂ ਦੀ ਇਨਾਂ ਨਾਲ ਸਹੀ ਬਣਾਵਟ ਬਣਦੀ ਹੈ ਅਤੇ ਨਾ ਹੀ ਸੁੰਦਰਤਾ। ਪਰ ਸਾਡੇ ਸਮੇਂ ਇਕੱਠਿਆਂ ਫੱਟੀ ਪੋਚਣ ਦੇ ਨਾਲ ਮੇਲ-ਜੋਲ ਤੇ ਇਕ ਦੂਜੇ ਨੂੰ ਸਮਝਣ ਦੀ ਜਿਥੇ ਇਕ ਨਵੀਂ ਤੇ ਨੈਤਿਕ ਸਿਖਿਆ ਤੇ ਭਾਵਨਾ ਮਿਲਦੀ ਹੁੰਦੀ ਸੀ,ਉਥੇ ਹੀ ਇਕੱਠੇ ਰਹਿ ਕੇ ਤੇ ਬਰਾਬਰ ਰਲ-ਮਿਲ ਕੇ ਕੰਮ ਕਰ ਕੇ ਬੱਚਿਆਂ ਦੇ ਕੋਮਲ ਮਨਾਂ ਵਿਚ ਇਕਸਾਰਤਾ ਤੇ ਸਮਾਨਤਾ ਦੀ ਸੂਝਬੂਝ ਵੀ ਪੈਦਾ ਹੁੰਦੀ ਸੀ ਅਤੇ ਇਸ ਤਰ੍ਹਾਂ ਬੱਚਿਆਂ ਨੂੰ ਜਾਤ-ਪਾਤ, ਊਚ-ਨੀਚ, ਛੂਆ-ਛੂਤ ਤੇ ਅਮੀਰ-ਗ਼ਰੀਬ ਦੇ ਵਖਰੇਵੇਂ, ਬੁਰਾਈਆਂ ਤੇ ਸਮਾਜਿਕ ਕੁਰੀਤੀਆਂ ਤੇ ਅਸਮਾਨਤਾਵਾਂ ਤੋਂ ਉੱਪਰ ਉਠ ਕੇ ਸੋਚਣ, ਕੰਮ ਕਰਨ ਤੇ ਸਮਾਜਿਕ-ਸਮਤੋਲ ਬਣਾ ਕੇ,ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਜਾਣੇ-ਅਣਜਾਣੇ ਸਿੱਖਿਆ ਤੇ ਗੁੜ੍ਹਤੀ ਮਿਲ ਜਾਂਦੀ ਸੀ।ਅੱਜ ਵੀ ਜਦੋਂ ਕਦੇ-ਕਦੇ ਬਚਪਨ ਦੀ ਯਾਦ ਆਉਂਦੀ ਹੈ ਤਾਂ ਦਿਲ ਵਿੱਚ ਚੀਸ ਜਿਹੀ ਉੱਠਦੀ ਹੈ ਬਹੁਤ ਦਿਲ ਕਰਦਾ ਹੈ ਕਿ ਉਹ ਦਿਨ ਵਾਪਿਸ ਆ ਜਾਣ।ਤੇ ਮੁੜ ਇਕੱਠੇ ਬੈਠ ਕੇ ਫੱਟੀ ਪੋਚੀਏ ਯਾਦਾਂ ਤਾਜ਼ੀਆਂ ਕਰੀਏ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ।
9988933161