ਇਹ ਯੋਜਨਾ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਕਰੇਗੀ ਵਾਧਾ, ਨੌਜਵਾਨ ਹੋਣਗੇ ਬੇਭਰੋਸਗੀ ਦਾ ਸ਼ਿਕਾਰ
ਲੁਧਿਆਣਾ-16 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਅਗਨੀਪੱਥ ਯੋਜਨਾ ਰੱਦ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਮੋਰਚੇ ਵਿੱਚ ਸਾਮਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਬੈਨੀਪਾਲ, ਕੁੱਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੌਤਾ) ਦੇ ਮਹਿੰਦਰ ਸਿੰਘ ਕਮਾਲਪੁਰਾ, ਬੀਕੇਯੂ ਲੱਖੋਵਾਲ ਦੇ ਅਵਤਾਰ ਸਿੰਘ ਮੇਹਲੋ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਰੂਪਬਸੰਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਨੇਕ ਸਿੰਘ ਗੁੱਜਰਵਾਲ, ਐਕਸ ਸਰਵਿਸ ਮੈਨ ਦੇ ਸੂਬੇਦਾਰ ਦੇਵੀ ਦਿਆਲ ਨੇ ਮੰਗ ਪੱਤਰ ਸੋਪਦਿਆ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਹੈ। ਹੁਣ ਸਰਕਾਰ ਵੱਲੋਂ ਲਿਆਂਦੀ ਅਗਨੀਪੱਥ ਯੋਜਨਾ ਨਾਲ ਫ਼ੌਜ ਵਿੱਚ ਪੱਕੇ ਰੁਜ਼ਗਾਰ ਦੀ ਸਹੂਲਤ ਖਤਮ ਹੋ ਜਾਵੇਗੀ। ਇਸ ਨਾਲ ਨੌਜਵਾਨਾਂ ਅੰਦਰ ਬੇਭਰੋਸਗੀ ਪੈਦਾ ਹੋਵੇਗੀ। ਫ਼ੌਜ ਨੂੰ ਨਿੱਜੀ ਕੰਪਨੀਆਂ ਰਾਹੀ ਚਲਾਉਣ ਦਾ ਰਾਸਤਾ ਖੁੱਲ ਜਾਵੇਗਾ। ਜੋ ਕਿ ਕਿਸੇ ਵੀ ਤਰਾਂ ਦੇਸ਼ ਦੇ ਹਿਤ ਵਿੱਚ ਨਹੀਂ ਹੋਵੇਗਾ। ਉਹਨਾਂ ਮੰਗ ਕੀਤੀ ਕਿ ਇਸ ਯੋਜਨਾ ਨੂੰ ਰੱਦ ਕਰਕੇ ਪਹਿਲਾ ਦੀ ਤਰਾਂ ਫ਼ੌਜ ਵਿੱਚ ਭਰਤੀ ਕੀਤੀ ਜਾਵੇ। ਫ਼ੌਜੀਆਂ ਨੂੰ ਮਿਲਦੀਆਂ ਸਾਰੀਆਂ ਸਹੂਲਤਾਂ ਨੂੰ ਜਾਰੀ ਰੱਖਿਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਦੇਸ਼ ਦੇ ਪਬਲਿਕ ਸੈਕਟਰ ਦੇ ਮਹਿਕਮਿਆਂ ਵਿੱਚ ਖਾਲੀ ਪਈਆ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਤੌਰ ਤੇ ਭਰਿਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਣ ਦਾ ਭਰੋਸਾ ਦਿੱਤਾ। ਉਪਰੋਕਤ ਆਗੂਆਂ ਨੇ ਵੱਖਰੇ ਤੌਰ ਤੇ ਪੁਸ਼ੂਆ ਅੰਦਰ ਫੈਲੀ ਬਿਮਾਰੀ ਦੇ ਰੋਕ ਥਾਮ ਲਈ ਵਿਸ਼ੇਸ਼ ਟੀਮਾਂ ਬਣਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸੁਖਵਿੰਦਰ ਸਿੰਘ ਹੰਬੜਾ, ਜਸਵੀਰ ਸਿੰਘ ਝੱਜ, ਸਤਨਾਮ ਸਿੰਘ ਵੜੈਚ ਆਦਿ ਹਾਜ਼ਰ ਸਨ।