You are here

ਮਜ਼ਦੂਰ ਦਿਵਸ ‘ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ।ਇਹ ਮਈ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਹ ਮਜ਼ਦੂਰਾਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ।ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।ਫਿਰ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨ ਕਰ ਲਿਆ ਗਿਆ। ਪਹਿਲੀ ਵਾਰ ਲਾਲ ਝੰਡਾ ਵਰਤਿਆ ਗਿਆ ।ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ।ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਮਜਦੂਰ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ।ਅਮਰੀਕਾ ਵਿੱਚ ਜਦੋਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਤੇ
ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਦੀ ਮੰਗ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ।ਇਸਦਾ ਨਤੀਜਾ ਇਹ ਹੋਇਆ ਕਿ ਸਿੱਟੇ ਵਜੋਂ ਪੁਲਿਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਕਈ ਮਜਦੂਰ ਮਾਰ ਦਿੱਤੇ।ਇਸ ਘਟਨਾ ਤੋ ਬਾਅਦ ਅਮਰੀਕਾ ‘ਤੇ ਉਸ ਸਮੇਂ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ ਸੀ ਪਰ ਥੋੜ੍ਹੇ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ।ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦੀ ਮੁੱਖ ਭੂਮਿਕਾ ਹੁੰਦੀ ਹੈ ।ਉਹ ਪੂਰੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕਰਦੇ ਹਨ।ਖੂਨ ਪਸੀਨਾ ਇੱਕ ਕਰਕੇ ਰੋਜੀ ਰੋਟੀ ਕਮਾਉਂਦੇ ਹਨ ।ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਢਾਂਚਾ ਖੜਾ ਨਹੀਂ ਰਹਿ ਸਕਦਾ।ਕਾਮੇ ਤੋ ਬਿਨਾਂ ਕੋਈ ਵੀ ਮਹਿਲ ਨਹੀਂ ਉਸਾਰਿਆ ਜਾ ਸਕਦਾ ਚਾਹੇ ਉਹ ਪੱਥਰ ਦਾ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਕੱਚ ਦਾ ਚਾਹੇ ਰਬੜ ਦਾ ਹੋਵੇ।ਕਾਮੇ ਦੀ ਸਹਾਇਤਾ ਨਾਲ ਹੀ ਕੋਈ ਢਾਂਚਾ ਬਣ ਸਕਦਾ ਹੈ।ਵਰਤਮਾਨ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਬਣਾ ਦਿੱਤੇ ਗਏ ਹਨ ਤੇ ਲਾਗੂ ਵੀ ਕੀਤੇ ਗਏ ਹਨ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ ਸੀ ।ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਸਮੇਂ ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮੰਨਿਆਂ ਜਾਂਦਾ ਹੈ ਕਿ ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਗਿਆ ਹੈ। ਪਹਿਲਾ ਮਜ਼ਦੂਰਾਂ ਵਿੱਚ ਆਪਸੀ ਏਕਤਾ ਨਹੀਂ ਸੀ ।ਨਾ ਹੀ ਯੂਨੀਅਨ ਬਣੀਆ ਸਨ।ਕਿਉਕਿ ਉਸ ਸਮੇਂ ਅਮੀਰੀ ਗਰੀਬੀ ਦਾ ਬਹੁਤ ਪਾੜਾ ਸੀ।ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਜ਼ਦੂਰਾਂ ਵਿੱਚ ਕੁੱਝ ਏਕਤਾ ਦੇਖਣ ਨੂੰ ਮਿਲੀ ।ਮਜ਼ਦੂਰ ਇੱਕ ਝੰਡੇ ਥੱਲੇ ਇਕੱਠੇ ਹੋਏ।ਇਸ ਤੋ ਬਾਅਦ ਕਲਿਆਣਕਾਰੀ ਰਾਜ ਬਣ ਗਿਆ।ਹੌਲੀ ਹੌਲੀ ਪੁਨਰ ਜਾਗ੍ਰਿਤੀ ਆ ਗਈ। ।ਉਦਯੋਗ ਸਾਥਾਪਿਤ ਹੋ ਗਏ ਬਹੁਤ ਸਾਰਾ ਕੰਮ ਮਸ਼ੀਨਾਂ ਰੋਬਟਾ ਰਾਹੀਂ ਹੋਣ ਲੱਗਿਆ। ਜਿਸ ਕਾਰਨ ਕੰਪਿਊਟਰ ਯੁੱਗ ਸ਼ੁਰੂ ਹੋ ਗਿਆ।ਜਿੱਥੇ 50 ਜਾਂ 100 ਮਜ਼ਦੂਰ ਇਕੱਠੇ ਕੰਮ ਕਰਦੇ ਸਨ ਹੁਣ ਉਹ ਥਾਂ ਮਸ਼ੀਨਾਂ ਰੋਬੇਟ ਨੇ ਲਈ ਸਿੱਟੇ ਵਜੋਂ ਮਜ਼ਦੂਰਾਂ ਦਾ ਇੱਕੱਠੇ ਇੱਕਜੁੱਟ ਹੋ ਕੰਮ ਕਰਨ ਦਾ ਸੁਪਨਾ ਬਣ ਕੇ ਰਹਿ ਗਿਆ। ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਗਾਂਧੀ ਜੀ ਅਨੁਸਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਪਾਉਦੀ ਹੈ।ਜੇਕਰ ਸਿੱਖ ਇਤਿਹਾਸ ਵਿੱਚੋਂ ਇੱਕ ਸੱਚੇ ਕਾਮੇ ਦੀ ਉਦਾਹਰਨ ਲਈ ਜਾਵੇ ਇਹ ਭਾਈ ਲਾਲੋ ਜੀ ਸਨ ਜੋ ਕਿ ਸੱਚੀ ਮਿਹਨਤ ਕਰਨ ਵਾਲੇ ਗੁਰੂ ਜੀ ਦੇ ਸਿੱਖ ਸਨ।ਜੋ ਕਿ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਿੱਤੇ ਗਏ ਹਨ।ਜਿੰਨਾ ਵਿਚੋਂ ਗੁਰੂ ਜੀ ਨੂੰ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ।ਦੋਸਤੋ ਮਜ਼ਦੂਰ ਦਿਵਸ ਸਾਲ ਵਿੱਚ ਇੱਕ ਵਾਰ ਮਨਾਉਣ ਨਾਲ ਕੁੱਝ ਨਹੀਂ ਹੁੰਦਾ ਕਿਉਕਿ ਮਜ਼ਦੂਰ ਤਾ ਦਿਨ ਰਾਤ ਕਮਾਈ ਕਰਦੇ ਹਨ ਜਿੰਨਾ ਆਸਰੇ ਹੀ ਦੁਨੀਆ ਚਲਦੀ ਹੈ।ਇੱਕ ਮਿਹਨਤੀ ਕਾਮੇ ਲਈ ਸਾਲ ਦੇ ਸਾਰੇ ਦਿਨ ਹੀ ਮਜ਼ਦੂਰ ਦਿਵਸ ਵਜੋਂ ਹੋਣੇ ਚਾਹੀਦੇ ਹਨ।ਅੱਜ ਕੱਲ ਕਿਸਾਨਾਂ ਦੀਆਂ ਜ਼ਮੀਨਾਂ ਵੀ ਘੱਟ ਰਹੀਆ ਹਨ।ਮਹਿੰਗਾਈ ਬਹੁਤ ਵੱਧ ਗਈ ਹੈ।ਬੇਰੁਜ਼ਗਾਰਾਂ ਕਾਰਨ ਨੌਜਵਾਨ ਦਿਨ ਰਾਤ ਟੈਨਸਨ ਵਿੱਚ ਹਨ।ਮਜ਼ਦੂਰਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਬੇਸ਼ੱਕ ਅੱਜ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦੇ ਸੁਧਾਰ ਕੀਤੇ ਜਾ ਰਹੇ ਹਨ ਪਰ ਇਹ ਉਹਨਾਂ ਸਮਾਂ ਸਫਲ ਨਹੀਂ ਹੋ ਸਕਦੇ ਜਿੰਨਾਂ ਸਮਾਂ ਇਹਨਾਂ ਨੂੰ ਅਸਲ (ਅਮਲੀ ਰੂਪ )ਵਿੱਚ ਲਾਗੂ ਨਹੀਂ ਕੀਤਾ ਜਾਂਦਾ ।ਸਾਡਾ ਮਜ਼ਦੂਰ ਦਿਵਸ ਮਨਾਉਣਾ ਉਦੋਂ ਸਾਰਥਕ ਹੋਵੇਗਾ ਜਦੋਂ ਤੱਕ ਮਜਦੂਰਾ ਦੀ ਲੁੱਟ-ਖਸੁੱਟ ਉਹਨਾ ‘ਤੇ ਹੋਰ ਰਹੇ ਜਬਰ ਜ਼ੁਲਮ ਬੰਦ ਨਹੀਂ ਹੋਣਗੇ।ਜਿੰਨਾ ਟਾਇਮ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਵੇਗਾ ਉਹਨਾਂ ਸਮਾਂ ਇਹ ਇੱਕ ਦਿਨ ਮਜ਼ਦੂਰ ਦਿਵਸ ‘ਤੇ ਬਣਾਈਆ ਰਣਨੀਤੀਆਂ ਕਾਮਯਾਬ ਨਹੀਂ ਹੋ ਸਕਣਗੀਆਂ।ਸਾਨੂੰ ਸਾਰਿਆਂ ਨੂੰ ਰਲ ਕੇ ਮਜ਼ਦੂਰਾਂ ਦੀ ਸਥਿਤੀ ਨੂੰ ਸੁਧਾਰਨ ਲਈ ਗੰਭੀਰ ਰੂਪ ਵਿੱਚ ਸੋਚਣਾ ਚਾਹੀਦਾ ਹੈ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।