ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

  ਸਿਆਸੀ ਸੀਰੀ-3
- ਪਿਛਲੇ ਅੰਕ-2 ਵਿਚ ਮੈਂ ਲਿਖਿਆ ਸੀ ਕਿ ਦੇਸ਼ ਵਿਚ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ / ਸਰਕਾਰੀ ਤੇ ਗੈਰ-ਸਰਕਾਰੀ ਮੁਲਾਜ਼ਮਾਂ / ਪੈਨਸ਼ਨਰਜ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਹਨ, ਦੀ ਕਮਾਨ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਦੇ ਹੱਥ ਵਿਚ ਹੈ ਅਤੇ ਇਨ੍ਹਾਂ ਜਥੇਬੰਦੀਆਂ / ਸੰਸਥਾਵਾਂ ਵਿੱਚ  ਅਨੁਸੂਚਿਤ ਜਾਤੀਆਂ/ ਜਨਜਾਤੀਆਂ ਨਾਲ ਸਬੰਧਿਤ ਕੰਮ ਕਰ ਰਹੇ ਆਗੂ ਜੁੱਤੀਆਂ ਚੱਟਣ ਲਈ ਮਜਬੂਰ ਹੁੰਦੇ ਹਨ, ਭਾਵ ਟ੍ਰੇਡ ਯੂਨੀਅਨਾਂ ਵਿਚ ਦਲਿਤ ਆਗੂ 'ਸਿਆਸੀ ਸੀਰੀ' ਬਣਕੇ ਵਿਚਰਦੇ ਹਨ, ਕਿਉਂਕਿ ਦਲਿਤਾਂ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੋਂ ਲਾਂਭੇ ਰੱਖਿਆ ਜਾਂਦਾ ਹੈ। ਅੱਜ ਮੈਂ ਧਾਰਮਿਕ ਅਦਾਰਿਆਂ ਵਿੱਚ ਦਲਿਤਾਂ ਦੇ 'ਸੀਰੀਪੁਣਾ' ਦੀ ਗੱਲ ਕਰਾਂਗਾ। ਜਿੰਦਗੀ ਦਾ ਹਕੀਕੀ ਸੱਚ ਹੈ ਕਿ ਸਿੱਖ ਧਰਮ ਦੇ ਮੋਢੀ ਗੁਰੂਆਂ ਨੇ ਜਦੋਂ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਵੇਖਿਆ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਜਾਤ-ਪਾਤ ਅਤੇ ਊਚ-ਨੀਚ ਦੀਆਂ ਕੰਧਾਂ ਜੋ ਬ੍ਰਾਹਮਣਵਾਦ ਅਤੇ ਮਨੂੰਵਾਦ ਨੇ ਖੜੀਆਂ ਕੀਤੀਆਂ ਸਨ, ਨੂੰ ਮਿਟਾਉਣ ਲਈ 'ਮਾਨਵਤਾ' ਦਾ ਸੁਨੇਹਾ ਦਿੱਤਾ ਪਰ ਅਫਸੋਸ 'ਸਿੱਖ ਧਰਮ' ਅੱਜ ਵੀ ਜਾਤ-ਪਾਤ ਅਤੇ ਊਚ-ਨੀਚ ਦੀ ਘੁੰਮਣ-ਘੇਰੀ ਵਿਚ ਬੁਰੀ ਤਰ੍ਹਾਂ ਗੜੁੱਚ ਹੈ।
ਜਥੇਦਾਰ ਭਾਈ ਸਾਹਿਬ ਜੁਗਿੰਦਰ ਸਿੰਘ ਵੇਦਾਂਤੀ ਜਦੋਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਬਣੇ ਤਾਂ ਉਹ ਲੁਧਿਆਣਾ ਜਿਲ੍ਹੇ ਵਿੱਚ ਪੈਂਦੇ ਪਿੰਡ ਵਲੀਪੁਰ ਕਲਾਂ ਨੇੜੇ ਹੰਬੜਾਂ ਵਿਖੇ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਘਰ ਆਏ। ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਜਥੇਦਾਰ ਸਾਹਿਬ ਦੇ ਸਨਮਾਨ ਵਿਚ ਜੋ ਸਮਾਗਮ ਰੱਖਿਆ ਗਿਆ ਸੀ, ਦੇ ਵਿੱਚ ਸ਼ਾਮਲ ਹੋਣ ਲਈ ਮੈਨੂੰ ਵੀ ਪਰਿਵਾਰ ਵਲੋਂ ਸੱਦਾ ਦਿੱਤਾ ਗਿਆ ਸੀ, ਕਿਉਂਕਿ ਉਸ ਪਰਿਵਾਰ ਨਾਲ ਮੇਰਾ ਵੀ ਬਹੁਤ ਪਿਆਰ ਹੈ। ਸਮਾਗਮ ਦੌਰਾਨ ਮੈਨੂੰ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਕੁਚਲਣ ਅਤੇ ਦਬਾਉਣ ਲਈ ਕੇਂਦਰ ਸਰਕਾਰ ਵਲੋਂ ਘੜੀਆਂ ਜਾ ਰਹੀਆਂ ਸਾਜਿਸ਼ਾਂ ਉਪਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਜਦੋਂ ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਇਹ ਪੁੱਛਿਆ ਕਿ 'ਸਿੱਖ ਕੌਮ' ਵਿਚ ਜਾਤ-ਪਾਤ ਨੂੰ ਖਤਮ ਕਰਨ ਲਈ ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹੋ, ਤੁਸੀਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪਿੰਡਾਂ ਵਿਚ ਜਾਤਾਂ-ਕੁਜਾਤਾਂ ਦੇ ਨਾਂ 'ਤੇ ਚੱਲ ਰਹੇ ਵੱਖ ਵੱਖ ਗੁਰਦੁਆਰਿਆਂ ਨੂੰ ਇੱਕ ਕਰਵਾਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕਦੇ ਹੋ, ਪਿੰਡਾਂ ਵਿਚ ਦਲਿਤਾਂ ਅਤੇ ਜੱਟਾਂ ਦੀਆਂ ਮੜੀਆਂ ਵੀ ਵੱਖਰੀਆਂ ਹਨ, ਨੂੰ ਇਕੱਠਾ ਕਰ ਸਕਦੇ ਹੋ। ਮੇਰੀ ਗੱਲ ਸੁਣ ਤੋਂ ਬਾਅਦ ਜਥੇਦਾਰ ਸਾਹਿਬ ਆਖਣ ਲੱਗੇ ਕਿ,"ਮੈਂ ਵੀ ਚਾਹੁੰਦਾ ਹਾਂ ਕਿ ਗੁਰਦੁਆਰੇ ਇਕੱਠੇ ਹੋਣ, ਮੜੀਆਂ ਸਾਂਝੀਆਂ ਹੋਣ, ਪਰ ਮੈਂ ਇਸ ਸਬੰਧੀ ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਅਸਮਰੱਥ ਹਾਂ, ਕਿਉਂਕਿ ਮੇਰੇ ਹੱਥ ਬੰਨ੍ਹੇ ਹੋਏ ਹਨ, ਉਪਰਲੇ ਜਾਤ-ਪਾਤ ਖਤਮ ਕਰਨ ਦੇ ਖਿਲਾਫ ਹਨ।" ਸੱਚ ਹੈ ਕਿ ਭਾਵੇਂ ਅਕਾਲ ਤਖਤ ਸਾਹਿਬ ਹੋਵੇ ਭਾਵੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕਮਾਨ ਹਮੇਸ਼ਾ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਹੱਥ ਵਿਚ ਹੀ ਰਹੀ ਅਤੇ ਕਦੀ ਵੀ ਇੰਨਾ ਸਿੱਖ ਸੰਸਥਾਵਾਂ ਤੋਂ ਸਿੱਖ ਧਰਮ ਵਿਚੋਂ ਜਾਤ-ਪਾਤ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਾਤ-ਪਾਤ ਦੇ ਚੱਕਰ ਤੋਂ ਮੁਕਤ ਨਹੀਂ ਹੈ,ਸਿੱਖ ਧਰਮ ਦੀਆਂ ਨੀਹਾਂ ਮਜਬੂਤ ਕਰਨ ਲਈ ਦਲਿਤਾਂ ਵਲੋਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ, ਪਰ ਸਿੱਖ ਧਰਮ ਦੇ ਠੇਕੇਦਾਰ ਦਲਿਤਾਂ ਨੂੰ ਆਪਣੇ 'ਸੀਰੀ' ਬਣਾਕੇ ਰੱਖਣ ਲਈ ਗੁਰਦੁਆਰਿਆਂ ਵਿਚ ਬੈਠ ਕੇ ਵਿਚਾਰਾਂ ਕਰਦੇ ਹਨ। 
-ਸੁਖਦੇਵ ਸਲੇਮਪੁਰੀ
09780620233
30 ਮਈ 2021