You are here

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ-ਸੀਰੀ-4
- ਪਿਛਲੇ ਅੰਕਾਂ ਵਿਚ ਮੈਂ ਦਲਿਤ ਵਰਗ ਨਾਲ ਸਬੰਧਿਤ ਵਿਧਾਇਕਾਂ / ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤ੍ਰਾਸਦੀ ਬਾਰੇ ਲਿਖਿਆ ਸੀ ,ਕਿ ਉਹ  ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਵਲੋਂ ਸੰਵਿਧਾਨਿਕ ਰਾਖਵਾਂਕਰਨ ਦੀ ਦੇਣ ਸਦਕਾ, ਜਿਸ ਸਿਆਸੀ ਪਾਰਟੀ ਦੀ ਟਿਕਟ ਤੋਂ ਕੁਰਸੀ 'ਤੇ ਬਿਰਾਜਮਾਨ ਹੋਏ ਹਨ, ਦੇ ਵਿੱਚ ਉਨ੍ਹਾਂ ਦੀ ਆਪਣੀ ਕੋਈ ਵੀ ਹੋਂਦ ਨਹੀਂ ਹੈ ਅਤੇ ਉਹ ਆਪੋ ਆਪਣੀ ਪਾਰਟੀ ਵਿਚ ਬਤੌਰ 'ਸਿਆਸੀ ਸੀਰੀ' ਬਣਕੇ ਜਿੰਦਗੀ ਕੱਟ ਰਹੇ ਹਨ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਤੈਨਾਤ  ਦਲਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਇਹੀ ਤ੍ਰਾਸਦੀ ਹੈ। ਵੇਖਣ ਵਿਚ ਆਇਆ ਹੈ ਕਿ ਬਹੁਤੇ ਦਲਿਤ ਅਧਿਕਾਰੀ ਤਾਂ ਆਪਣੀ ਜਾਤ ਲੁਕੋ ਕੇ ਰੱਖ ਦੇ ਹਨ, ਉਹ ਆਪਣੇ ਪਿਛੇ ਕੋਈ ਅਜਿਹਾ ਗੋਤ ਵਗੈਰਾ ਲਿਖ ਲੈਂਦੇ ਹਨ, ਜਿਸ ਤੋਂ ਇਹ ਪ੍ਰਤੀਤ ਹੋਵੇ ਕਿ ਉਹ ਤਾਂ ਉੱਚ ਜਾਤੀ ਨਾਲ ਸਬੰਧਿਤ ਹੈ। ਇੱਕ ਵਾਰ ਦੀ ਗੱਲ ਹੈ ਕਿ ਮੈਂ ਇਕ ਆਈ ਏ ਐਸ ਅਧਿਕਾਰੀ ਜੋ ਦਲਿਤ ਸਮਾਜ ਨਾਲ ਸਬੰਧਤ ਰੱਖਦਾ ਸੀ, ਹੁਣ ਸੇਵਾ ਮੁਕਤ ਹੋ ਚੁੱਕਿਆ ਹੈ, ਦੇ ਦਫਤਰ ਵਿਚ ਅਚਾਨਕ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਵੜਿਆ ਤਾਂ ਵੇਖਿਆ ਕਿ ਉਥੇ ਦਫਤਰ ਵਿਚ ਮੌਜੂਦ ਪੰਜਾਬ ਸਰਕਾਰ ਦੇ ਇਕ ਵਿਭਾਗ ਦਾ ਚੇਅਰਮੈਨ ਵੀ ਮੌਜੂਦ ਸੀ।ਦਲਿਤ ਆਈ ਏ ਐਸ ਅਧਿਕਾਰੀ ਆਪਣੇ ਹੀ ਦਫਤਰ ਵਿਚ ਬੈਠੇ ਚੇਅਰਮੈਨ ਦੇ ਗੋਡੇ ਫੜੀ ਬੈਠਾ ਸੀ। ਆਈ ਏ ਐਸ ਅਧਿਕਾਰੀ ਦੇ ਸੀਰੀਪੁਣਾ ਨਾਲ ਸਬੰਧਿਤ ਇਹ ਸਾਰਾ ਵਰਤਾਰਾ ਵੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ ਕਿ ਜਿਸ ਸਮਾਜ ਦੇ ਆਹਲਾ ਦਰਜੇ ਦੇ ਅਧਿਕਾਰੀਆਂ ਦੀ ਇਹ ਤ੍ਰਾਸਦੀ ਹੈ, ਉਥੇ ਇਸ ਸਮਾਜ ਦੇ ਆਮ ਲੋਕਾਂ ਨੂੰ  ਗੁਲਾਮਾਂ ਵਰਗੀ ਜਿੰਦਗੀ ਕੱਟਣੀ ਹੀ ਪਵੇਗੀ। ਲੁਧਿਆਣਾ ਜਿਲ੍ਹੇ ਵਿੱਚ ਹੈਬੋਵਾਲ ਵਾਲੇ ਪਾਸੇ ਪੰਜਾਬ ਸਰਕਾਰ ਵਲੋਂ ਸਮਾਜ ਦੇ ਦਲਿਤ ਵਰਗ ਲਈ 'ਮਹਾਰਿਸ਼ੀ ਵਾਲਮੀਕਿ ਨਗਰ' ਦੇ ਨਾਂ ਇਕ ਵੱਡ ਅਕਾਰੀ ਕਾਲੌਨੀ ਉਸਾਰੀ ਹੋਈ ਹੈ, ਜਿਸ ਵਿਚ ਦਲਿਤਾਂ ਦੀ ਵਿੱਤ ਮੁਤਾਬਿਕ ਉਨ੍ਹਾਂ ਲਈ 35-35 ਗਜ ਦੇ ਮਕਾਨ ਹਨ, ਜੋ ਉਨ੍ਹਾਂ ਨੂੰ ਸਰਕਾਰ ਵਲੋਂ ਕਿਸ਼ਤਾਂ 'ਤੇ ਮੁਹੱਈਆ ਕਰਵਾਏ ਗਏ ਸਨ। ਬਹੁਤ ਸਾਰੇ ਦਲਿਤ ਆਪਣੇ ਮਕਾਨ ਵੇਚ ਕੇ ਇੱਧਰ ਉੱਧਰ ਚਲੇ ਗਏ ਹਨ। ਇਸ ਵੇਲੇ ਇਸ ਨਗਰ ਵਿਚ ਬਹੁ ਗਿਣਤੀ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਦੋ ਦੋ ਤਿੰਨ ਤਿੰਨ ਮਕਾਨ ਖ੍ਰੀਦ ਕੇ ਆਪਣੀ ਰਿਹਾਇਸ਼ ਕੋਠੀਆਂ ਵਿਚ ਬਦਲ ਲਈ ਹੈ। ਇਸ ਨਗਰ ਵਿਚ ਇਸ ਵੇਲੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰ, ਇਨਕਮ ਟੈਕਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ /ਕਰਮਚਾਰੀਆਂ ਤੋਂ ਇਲਾਵਾ ਵਪਾਰੀ ਅਤੇ ਉੱਚ ਆਮਦਨ ਵਾਲੇ ਲੋਕਾਂ ਦਾ ਵਾਸਾ ਹੋ ਚੁੱਕਿਆ ਹੈ, ਜਿਸ ਕਰਕੇ ਇਸ ਵੇਲੇ ਇਥੇ ਰਹਿ ਰਹੇ ਲੋਕਾਂ ਨੇ 'ਮਹਾਰਿਸ਼ੀ ਵਾਲਮੀਕਿ ਨਗਰ' ਤੋਂ ਇਸ ਨਗਰ ਦਾ ਨਾਂ 'ਰਿਸ਼ੀ ਨਗਰ' ਬਣਾਕੇ ਰੱਖ ਦਿੱਤਾ ਹੈ ਤਾਂ ਜੋ ਉਨ੍ਹਾਂ ਦਾ 'ਸਮਾਜਿਕ ਰੁਤਬਾ' ਕਾਇਮ ਰਹਿ ਸਕੇ।ਇਸ ਵੇਲੇ ਮਹਾਰਿਸ਼ੀ ਵਾਲਮੀਕਿ ਨਗਰ ਵਿਚ ਜਮੀਨ ਬਹੁਤ ਮਹਿੰਗੀ ਹੋ ਚੁੱਕੀ ਹੈ। ਲੁਧਿਆਣਾ ਸ਼ਹਿਰ ਵਿੱਚ ਵਾਲਮੀਕਿ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਸਿਆਸੀ ਅਤੇ ਧਾਰਮਿਕ ਆਗੂ ਹਨ, ਜਿਨ੍ਹਾਂ ਦਾ ਕਾਫੀ ਨਾਂ ਹੈ, ਜੋ ਹਮੇਸ਼ਾ ਗੱਲਾਂ ਤਾਂ ਯੁੱਗ ਪਲਟਾਉਣ ਦੀਆਂ ਕਰਦੇ ਹਨ, ਪਰ ਉਹ ਉਨ੍ਹਾਂ ਅਖੌਤੀ ਉੱਚ ਜਾਤੀ ਦੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾ ਸਕੇ, ਜਿਨ੍ਹਾਂ ਨੇ ' ਮਹਾਰਿਸ਼ੀ ਵਾਲਮੀਕਿ ਨਗਰ' ਦਾ ਨਾਂ ਬਦਲਾਅ ਕੇ 'ਰਿਸ਼ੀ ਨਗਰ' ਬਣਾ ਦਿੱਤਾ ਹੈ, ਫਿਰ ਇਹ 'ਸਿਆਸੀ ਸੀਰੀ' ਵਾਲਮੀਕੀਆਂ ਹੱਥੋਂ ਝਾੜੂ ਕਦੋਂ ਛੁਡਵਾਉਣਗੇ, ਇਨ੍ਹਾਂ ਤੋਂ ਦਲਿਤ ਸਮਾਜ ਕੀ ਆਸ ਰੱਖ ਸਕਦਾ ਹੈ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਦਲਿਤ ਅਧਿਕਾਰੀਆਂ / ਕਰਮਚਾਰੀਆਂ ਦਾ ਵੀ ਇਹੀ ਹਾਲ ਹੈ, ਉਨ੍ਹਾਂ ਦੇ ਮੂੰਹ 'ਤੇ ਵੀ 'ਛਿਕਲੀ' ਅਤੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਉਹ ਤਾਂ ਡਰਦੇ ਮਾਰੇ ਡਾ ਅੰਬੇਦਕਰ ਸਾਹਿਬ ਦਾ ਨਾਂ ਲੈਣ ਵੀ ਤਿਆਰ ਨਹੀਂ ਹੁੰਦੇ, ਜਿਸ ਦੀ ਬਦੌਲਤ ਉਨ੍ਹਾਂ ਨੂੰ 'ਕੁਰਸੀ' ਨਸੀਬ ਹੋਈ ਹੈ। ਹੋਰ ਤਾਂ ਹੋਰ ਉਹ ਜਦੋਂ ਆਪਣੇ ਦਫਤਰਾਂ ਵਿਚ ਕੋਈ ਤਸਵੀਰ ਲਗਵਾਉਣ ਦੀ ਗੱਲ ਕਰਦੇ ਹਨ ਤਾਂ 'ਡਾ ਅੰਬੇਦਕਰ' ਦੀ ਤਸਵੀਰ ਲਗਵਾਉਣ ਤੋਂ ਸਹਿਮ ਜਾਂਦੇ ਹਨ।
-ਸੁਖਦੇਵ ਸਲੇਮਪੁਰੀ
09780620233
1 ਜੂਨ, 2021.