You are here

ਬੋਦੀ ਵਾਲਾ ਤਾਰਾ! ✍️ ਸਲੇਮਪੁਰੀ ਦੀ ਚੂੰਢੀ

ਸੱਥਾਂ  ਵਿਚ                        
 ਚਰਚੇ ਨੇ
ਕਿ-
10 ਮਾਰਚ ਨੂੰ  
ਗੋਡੀ ਲਾ ਕੇ
  ਬੋਦੀ ਵਾਲਾ ਤਾਰਾ
ਚੜ੍ਹ ਸਕਦੈ!
ਜੇ ਚੜ੍ਹ ਗਿਆ
 ਭਾਵਨਾਵਾਂ
ਵਲੂੰਧਰੀਆਂ
ਜਾਣਗੀਆਂ!
ਬਦ-ਸ਼ਗਨੀਆਂ
 ਹੋਣਗੀਆਂ!
ਉਦਾਸੀਆਂ
ਘੁੰਮਣ ਘੇਰੀਆਂ ਪਾਉਣਗੀਆਂ!
ਕਿਉਂਕਿ -
ਜੇ ਕਬੱਡੀ ਦੇ ਪਾੜੇ ਵਿਚ
ਕਿਸੇ ਟੀਮ ਦੇ
 ਖਿਡਾਰੀ
ਥੁੜ੍ਹਨਗੇ ਤਾਂ
 ਕਮਾਈਆਂ
ਅਜਾਈਂ  ਜਾਣਗੀਆਂ !
 ਚਾਵਾਂ ਨੂੰ
ਲਕਵਾ ਮਾਰੇਗਾ !
 ਰੀਝਾਂ ਨੂੰ
ਸੱਪ ਸੁੰਘਣਗੇ!
 ਖੁਸ਼ੀਆਂ
 ਕਤਲ ਹੋਣਗੀਆਂ !
ਉਹ,
 ਜਾਂ ਉਹ,
ਜਾਂ ਉਹ!
ਟੀਮ  ਲਈ
ਨਿਪੁੰਸਕ ਜਮੀਰਾਂ ਵਾਲੇ ,
 ਬਾਹਰੀ ਖਿਡਾਰੀ
ਪਾਉਣਗੇ!
ਜੇ ਉਨ੍ਹਾਂ ਨੇ!
ਜਾਂ ਉਨ੍ਹਾਂ ਨੇ!!
ਜਾਂ ਉਨ੍ਹਾਂ ਨੇ!!!
ਨਕਾਰੇ
 ਖਿਡਾਰੀ ਪਾਏ
ਤਾਂ ਉਦਾਸ ਨਾ ਹੋਣਾ
ਤੁਸੀਂ ਰੋਕਣਾ!
ਤੁਸੀਂ ਟੋਕਣਾ!
 ਤੁਸੀਂ ਵਰਜਣਾ!
ਉੱਚੀ ਗਰਜਣਾ!
ਤਾਂ ਜੁ ਕੋਈ
 ਭਾਵਨਾਵਾਂ ਨਾਲ
ਖਿਲਵਾੜ ਨਾ ਕਰੇ!
 ਬੀਜੀ ਫਸਲ ਬਰਬਾਦ ਨਾ ਕਰੇ!
ਹਾਂ -
ਇੱਕ ਗੱਲ ਹੋਰ
ਯਾਦ ਰੱਖਿਓ!
ਜੇ ਸਬੱਬ ਨਾਲ
ਧਰੂ ਤਾਰਾ ਚਮਕ ਉੱਠਿਆ!
 ਕਿਸੇ ਟੀਮ ਵਿਚ
 ਖਿਡਾਰੀ ਪੂਰੇ ਹੋਏ
 ਤਾਂ ਵੀ
ਸੌਂ ਨਾ ਜਾਣਾ!
ਰੌਲਾ ਪਾਣਾ!
ਚੁੱਪ ਨਾ ਬੈਠਣਾ!
ਚੌਕਸ  ਰਹਿਣਾ!
ਤਾਂ ਜੋ -
ਥੋਡੀ ਉਂਗਲੀ 'ਤੇ
ਲੱਗੀ ਸਿਆਹੀ
ਦੀ ਹੱਲਾਸ਼ੇਰੀ ਨਾਲ
ਝੰਡੀ ਜਿੱਤ ਕੇ
ਜੇਤੂ ਬਣੀ ਟੀਮ  
ਥੋਡੇ ਹੱਕਾਂ 'ਤੇ
ਥੋਡੇ ਹਿੱਤਾਂ 'ਤੇ
 ਡਾਕੇ ਮਾਰਕੇ
ਲੁੱਟੀੰਦੀ ਨਾ ਰਹੇ!
ਪੁਲਿਸ ਤੋਂ
ਕੁੱਟੀਂਦੀ ਨਾ ਰਹੇ!
ਇਸੇ ਲਈ -
ਚੁੱਪ ਨਾ ਬਹਿਣਾ!
ਜੁਲਮ ਨਾ ਸਹਿਣਾ!
ਜਾਗਦੇ ਰਹਿਣਾ!!
 ਬਈ ਜਾਗਦੇ ਰਹਿਣਾ!!!
ਹਾਂ, ਜਾਗਦੇ ਰਹਿਣਾ!
-ਸੁਖਦੇਵ ਸਲੇਮਪੁਰੀ
09780620233
4 ਮਾਰਚ, 2022.