You are here

ਪੰਜਾਬ

ਲੋਕ ਸੇਵਾ ਸੁਸਾਇਟੀ ਵੱਲੋਂ 29 ਵਾਂ ਅੱਖਾਂ ਦਾ ਚਿੱਟੇ ਮੋਤੀਆਂ ਦਾ ਮੁਫ਼ਤ ਆਪ੍ਰੇਸ਼ਨ ਚੈੱਕਅੱਪ ਕੈਂਪ  ਲਗਾਇਆ

 ਜਗਰਾਉਂ (ਅਮਿਤ ਖੰਨਾ  ) ਸਵਰਗਵਾਸੀ ਸ੍ਰੀਮਤੀ ਸੱਤਿਆ ਵੱਤੀ ਪਤਨੀ ਸਵਰਗਵਾਸੀ ਬਲਬੀਰ ਚੰਦ ਕਤਿਆਲ ਦੀ ਯਾਦ ਵਿਚ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ 29ਵਾਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਅਪਰੇਸ਼ਨ ਚੈੱਕਅੱਪ ਕੈਂਪ ਅੱਜ ਲੰਮਿਆਂ ਵਾਲਾ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਜਿੰਦਰ ਜੈਨ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਕਤਿਆਲ ਪਰਿਵਾਰ ਦੇ ਭਰਪੂਰ ਸਹਿਯੋਗ ਨਾਲ ਲਗਾਏ 29ਵੇਂ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੀ ਡਾਕਟਰ ਰਮਿੰਦਰ ਕੌਰ ਦੀ ਟੀਮ ਵੱਲੋਂ 147 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਨ ਉਪਰੰਤ 47 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤੇ ਜਾਣਗੇ। ਕੈਂਪ ਦੇ ਮੁੱਖ ਮਹਿਮਾਨ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਹਰਜੀਤ ਸਿੰਘ ਆਈ ਪੀ ਐੱਸ ਨੇ ਉਦਘਾਟਨ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ  ਯਾਦ ਵਿੱਚ ਸਮਾਜ ਸੇਵੀ ਕੰਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ  ਲੋੜਵੰਦ ਲੋਕਾਂ ਦੀ ਮਦਦ ਲਈ ਕੰਮ ਕਰਨਾ ਚਾਹੀਦਾ ਹੈ। ਕੈਂਪ ਦੇ ਵਿਸ਼ੇਸ਼ ਮਹਿਮਾਨ ਰਾਜੇਸ਼ ਕਤਿਆਲ ਤੇ ਰਾਮੇਸ਼ ਕਤਿਆਲ ਨੇ ਮਹਿਮਾਨਾਂ ਤੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਵੀ ਕੀਤਾ। ਕੈਂਪ ਵਿੱਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ 55 ਵਿਅਕਤੀਆਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਰਵਿੰਦਰ ਸਭਰਵਾਲ ਫੀਨਾ, ਗੋਪਾਲ ਕਤਿਆਲ, ਅਨਮੋਲ ਕਤਿਆਲ, ਓਮ ਪ੍ਰਕਾਸ਼ ਗਰਗ, ਵਿਨੋਦ ਗਰਗ, ਕੁਨਾਲ ਖੁੱਲਰ, ਰਾਕੇਸ਼ ਖੁੱਲਰ ਸਮੇਤ ਸੋਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਕੰਵਲ ਕੱਕੜ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਸੰਜੀਵ ਚੋਪੜਾ, ਮੁਕੇਸ਼ ਗੁਪਤਾ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਵਿਨੋਦ ਬਾਂਸਲ, ਲਾਕੇਸ਼ ਟੰਡਨ, ਕਪਿਲ ਸ਼ਰਮਾ, ਜਸਵੰਤ ਸਿੰਘ, ਵਿਸ਼ਾਲ ਗੋਇਲ, ਸੁਨੀਲ ਗੁਪਤਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਆਦਿ ਹਾਜ਼ਰ ਸਨ।

ਧਰਨੇ ਦੇ 187ਵੇਂ ਦਿਨ ਵੀ ਥਾਣੇ ਅੱਗੇ ਕੀਤੀ ਨਾਹਰੇਬਾਜ਼ੀ!

ਨਿਆਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ-ਤਰਲੋਚਨ ਝੋਰੜਾਂ

ਜਗਰਾਉਂ 25 ਸਤੰਬਰ ( ਮਨਜਿੰਦਰ ਗਿੱਲ / ਗੁਰਕੀਰਤ ਜਗਰਾਉਂ ) ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਈ ਨੇੜਲੇ ਪਿੰਡ ਰਸੂਲਪੁਰ ਦੀ ਵਸਨੀਕ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਧਰਨੇ ਦੇ 187ਵੇਂ ਦਿਨ ਵੀ ਥਾਣੇ ਅੱਗੇ ਧਰਨਾਕਾਰੀਆਂ ਨੇ ਪੁਲਿਸ ਤੇ ਪੰਜਾਬ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ ਅਤੇ ਪੀੜ੍ਹਤ ਪਰਿਵਾਰ ਲਈ ਤੁਰੰਤ ਨਿਆਂ ਦੇਣ ਦੀ ਮੰਗ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇੰਦਰਜੀਤ ਸਿੰਘ ਧਾਲੀਵਾਲ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ.) ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜਸਦੇਵ ਸਿੰਘ ਲਲਤੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਸਰਪੰਚ ਜਸਵੀਰ ਸਿੰਘ ਟੂਸੇ ਨੇ ਜਿਥੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ, ਉਥੇ ਸਤਾਧਾਰੀ ਲੀਡਰਾਂ ਖਿਲਾਫ਼ ਵੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਪੁਲਿਸ ਅਧਿਕਾਰੀ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਦੀ ਬਿਜਾਏ ਦੋਸ਼ੀਆਂ ਨੂੰ ਬਚਾਉਣ ਦੇ ਯਤਨਾਂ ਵਿੱਚ ਹੈ BKU ਦੇ ਲੋਕਲ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ, ਪੀਅੈਮਯੂ ਦੇ ਲੋਕਲ ਪ੍ਰਧਾਨ ਬਖਤੌਰ ਸਿੰਘ ਜਗਰਾਉਂ, ਬਲਵਿੰਦਰ ਸਿੰਘ ਫੌਜ਼ੀ ਨੇ ਕਿਹਾ ਕਿ ਕਹਿਣ ਨੂੰ ਕਾਨੂੰਨ ਸਭ ਭਾਰਤੀਆਂ ਲਈ ਬਰਾਬਰ ਹੈ ਪਰ ਸੱਚਾਈ ਇਸ ਦੇ ਉੱਲਟ ਹੈ, ਮੌਜੂਦਾ ਪ੍ਰਬੰਧ ਵਿੱਚ ਕਿਰਤੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ-ਸਿਆਸੀ-ਗੁੰਡਾ ਗੱਠਜੋੜ ਕਾਨੂੰਨ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਦੇ ਹਨ। ਇਸ ਸਮੇਂ ਬੀਕੇਯੂ(ਡਕੌਂਦਾ) ਦੇ ਕੁੰਢਾ ਸਿੰਘ, ਜੱਗਾ ਸਿੰਘ ਢਿਲੋਂ ਤੇ ਝੰਡਾ ਸਿੰਘ ਲੀਲ੍ਹਾ, ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ, ਨਿਰਮਲ ਸਿੰਘ ਰਸੂਲਪੁਰ, ਗੁਰਚਰਨ ਸਿੰਘ, ਮਹਿੰਦਰ ਸਿੰਘ ਪਾਠੀ, ਮੇਜ਼ਰ ਸਿੰਘ, ਜੱਥੇਦਾਰ ਚੜਤ ਸਿੰਘ, ਠੇਕੇਦਾਰ ਅਵਤਾਰ ਸਿੰਘ ਆਦਿ ਹਾਜਰ ਸਨ ।

ਵਾਸੀ ਮਜ਼ਦੂਰ ਦਾ ਕਤਲ ਕਰਨ ਵਾਲੇ 2 ਫਰਾਰ ਭਰਾਵਾਂ ਚੋ ਇੱਕ ਕਾਬੂ

ਜਗਰਾਉਂ / ਸਿੱਧਵਾਂ ਬੇਟ 25 ਸਤੰਬਰ   (ਮਨਜੀਤ ਸਿੰਘ ਲੀਲਾਂ )ਮਿਤੀ 12-9-22 ਦੀ ਰਾਤ ਨੂੰ ਦੋ ਪ੍ਵਵਾਸੀ ਭਰਾਵਾਂ ਵੱਲੋਂ ਆਪਣੇ ਗੁਆਂਢੀ ਪ੍ਰਵਾਸੀ ਮਜਦੂਰ ਗੁਲਸ਼ਨ ਸਾਧਾ ਦੀ ਕੁੱਟਮਾਰ ਕੀਤੀ ਸੀ ਤੇ ਉਸ ਦੀ ਮੌਤ ਹੋ ਗਈ ਸੀ! ਦੋਸੀ ਵੀਰ ਅਤੇ ਰਮੇਸ਼ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਛਰਾਪੱਟੀ ਜਿਲਾ ਸਹਿਰਸਾ ਹਾਲ ਵਾਸੀ ਬਹਾਦਰਕੇ ਵਿਰੁੱਧ ਪੁਲਿਸ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾਂ ਨੰਬਰ 236 ਧਾਰਾ 302/323/241ਤਹਿਤ ਦਰਜ ਹੋਇਆ ਸੀ ਅਤੇ ਉਸ ਕਤਲ ਦੇ ਦੋਸ਼ੀ ਫਰਾਰ ਸਨ ਜਿਨ੍ਹਾਂ ਵਿੱਚੋਂ ਰਮੇਸ਼ ਕੁਮਾਰ ਨੂੰ ਚੌਕੀ ਗਿੱਦੜਵਿੰਡੀ ਦੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ! ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਰਾਜਵਰਿਦਰਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ ਰਮੇਸ਼ ਕੁਮਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦਾ 26/9/22 ਤੱਕ ਰਿਮਾਂਡ ਲਿਆ ਗਿਆ ਜਿਸ ਤੋਂ ਦੂਸਰੇ ਫਰਾਰ ਦੋਸੀ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ

ਨਸੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ

ਜਗਰਾਉਂ / ਸਿੱਧਵਾਂ ਬੇਟ 25 ਸਤੰਬਰ   ( ਮਨਜੀਤ ਸਿੰਘ ਲੀਲਾਂ) ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਕਾਮਯਾਬੀ ਹਾਸਲ ਹੋਈ ਜਦੋਂ 200 ਨਸੀਲੀਆ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ! ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਸੱਕੀ ਪੁਰਸ਼ਾਂ ਦੀ ਤਲਾਸ਼ੀ ਲੈਣ ਲਈ ਬੇਹੱਦ ਪ੍ਰਤਾਪ ਢਾਬੇ ਨਾਕਾ ਲਗਾਇਆ ਹੋਇਆ ਸੀ  ਕਿਸੇ ਮੁਖਬਰ ਨੇ ਦੱਸਿਆ ਕਿ ਕਸਮੀਰ ਸਿੰਘ ਪੁੱਤਰ ਸਾਈਆ ਸਿੰਘ ਵਾਸੀ ਖੋਲਿਆ ਵਾਲਾ ਪੁੱਲ ਨਸੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ਜਦੋਂ ਗਿੱਦੜਵਿੰਡੀ ਚੋਕੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਨੇ ਉਸਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 200 ਨਸੀਲੀਆਂ ਗੋਲੀਆਂ  ਬਰਾਮਦ ਕੀਤੀਆਂ! ਦੋਸ਼ੀ ਤੇ ਪੁਲਿਸ ਥਾਣਾ ਸਿੱਧਵਾਂ ਬੇਟ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀਂ ਹੈ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 217ਵਾਂ ਦਿਨ ਪਿੰਡ ਰਕਬਾ ਨੇ ਭਰੀ ਹਾਜ਼ਰੀ   

ਸਿੱਖ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ : ਰਕਬਾ 

ਸਰਕਾਰ ਵੱਲੋਂ ਸ਼ਹੀਦ ਸਰਾਭਾ ਮਾਰਗ ਵੱਲ ਧਿਆਨ ਨਾ ਦੇਣ ਤੇ 30 ਦਸੰਬਰ ਨੂੰ ਫੂਕਾਂਗੇ ਪੰਜਾਬ ਸਰਕਾਰ ਦਾ ਪੁਤਲਾ  

ਸਰਾਭਾ 25 ਸਤੰਬਰ   (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 217ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪਿੰਡ ਰਕਬਾ ਤੋਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸੁਰਿੰਦਰ ਸਿੰਘ ਸੋਨੀ ਰਕਬਾ,ਦਰਸ਼ਨ ਸਿੰਘ ਰਕਬਾ ਰੇੜੂਆਂ ਦੇ,ਬਾਬਾ ਬੰਤ ਸਿੰਘ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ 'ਚ ਪੰਜ ਸਿਰਾਂ ਦੀ ਮੰਗ ਕੀਤੀ । ਗੁਰੂ ਦੇ ਪਿਆਰ 'ਚ ਭਿੱਜੇ ਪੰਜ ਪਿਆਰੇ ਉੱਠ ਕੇ ਦਸਮੇਸ਼ ਪਿਤਾ ਜੀ ਨੂੰ ਆਪਣਾ ਸੀਸ ਭੇਟ ਕੀਤਾ ।ਗੁਰੂ ਦਸਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਪਾਹੁਲ ਛਕਾ ਕੇ ਗਿੱਦੜੋਂ ਸ਼ੇਰ ਬਣਾਇਆ । ਜੋ ਅੱਜ ਸਿੰਘ ਕਰੋੜਾਂ ਦੇ ਇਕੱਠ ਵਿੱਚ ਖੜ੍ਹਾ ਅਲੱਗ ਦਿਖਾਈ ਦਿੰਦਾ ।ਜਦ ਕਿ ਗੁਰੂ ਦਾ ਬੱਬਰ ਸ਼ੇਰ ਸਿੰਘ ਜਾਤ ਪਾਤ ਊਚ ਨੀਚ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਗੁਰੂ ਦੀ ਮੌਜ 'ਚ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰਦਾ ਹਨ । ਪਰ ਕੁਝ ਗੰਦੀ ਸੋਚ ਰੱਖਣ ਵਾਲੇ ਲੋਕ ਸਰਦਾਰਾਂ ਦੀਆਂ ਦਸਤਾਰਾਂ ਲਾਹੁਣ ਅਤੇ ਸਿੰਘ ਮਿਟਾਉਣ ਦੇ ਸੁਪਨੇ ਪਾਲੀ ਬੈਠੇ ਨੇ ਜਦ ਕੇ ਉਹ ਭੁੱਲ ਗਏ ਕਿ ਜੋ ਖਾਲਸਾ ਆਪਣਾ ਸੀਸ ਭੇਟ ਕਰ ਕੇ ਸਜਿਆ ਹੋਵੇ ਉਹਨੂੰ ਮੌਤ ਦਾ ਕੀ ਭੈਅ । ਫੇਰ ਉਨ੍ਹਾਂ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਪਾਪੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣੀਆਂ ਸ਼ੁਰੂ ਕੀਤੀਆਂ ਜਿਸ ਨਾਲ ਸਿੱਖਾਂ ਦੇ ਕੋਮਲ ਹਿਰਦੇ ਝੰਜੋੜੇ ਗਏ। ਉਹ ਸਮੇਂ ਦੀਆਂ ਸਰਕਾਰਾਂ ਤੋਂ ਇਹ ਮੰਗ ਕਰਦੇ ਰਹੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਿਓ ਪਰ ਸਰਕਾਰਾਂ ਗੰਦੀ ਰਾਜਨੀਤੀ ਕਰ ਕੇ ਸਿੱਖਾਂ ਨੂੰ ਟਾਲ ਮਟੋਲ ਕਰਦੀਆਂ ਰਹਿੰਦੀਆਂ ਨੇ ਪਰ ਇਨਸਾਫ਼ ਨਹੀਂ ਦਿੰਦੀਆਂ । ਅੱਜ ਪੂਰੇ ਪੰਜਾਬ ਦੀ ਧਰਤੀ ਤੇ ਰੋਸ ਮੁਜ਼ਾਹਰੇ, ਰੈਲੀਆਂ,ਮੋਰਚੇ ਲਾ ਕੇ ਸਿੱਖ ਇਹ ਮੰਗ ਕਰਦੇ ਨੇ  ਕਿ ਸਮੁੱਚੀ ਸਿੱਖ ਕੌਮ ਦੇ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ   ਪਰ ਸਰਕਾਰਾਂ ਫੋਕੀ ਲੈਕਚਰਬਾਜ਼ੀ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਕਰ ਰਹੀਆਂ ।ਉਨ੍ਹਾਂ ਅੱਗੇ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਹਰ ਵਾਰ ਤਰ੍ਹਾਂ ਅਪੀਲ ਕਰਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਅਤੇ ਸਿੱਖ ਕੌਮ ਦੀਆਂ ਹੋਰ ਮੰਗਾਂ ਜਲਦ ਮਨਵਾਉਣ ਲਈ ਇਕਜੁੱਟ ਹੋ ਕੇ ਮੋਰਚੇ 'ਚ ਹਾਜ਼ਰੀ ਭਰੋ।  ਸਿੱਖ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ ।ਬਾਕੀ ਜ਼ਰੂਰੀ ਕੰਮ ਤਾਂ ਸਭ ਸੰਗਤਾਂ ਨੂੰ ਹੈ ਪਰ ਬਾਣੀ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾਵਾਂ ਦਿਵਾਉਣ ਤੋਂ ਵੱਡਾ ਕੋਈ ਕੰਮ ਨਹੀਂ। ਇਸ ਲਈ ਘਰਾਂ ਤੋਂ ਬਾਹਰ ਨਿਕਲੋ ਹੱਕਾਂ ਲਈ ਚੱਲ ਰਹੇ ਸੰਘਰਸ਼ਾਂ ਦਾ ਹਿੱਸਾ ਬਣੋ ਤਾਂ ਜੋ ਸਾਡੀ ਕੌਮ ਦੇ ਜੁਝਾਰੂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਨ੍ਹਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖ਼ਸਤਾ ਹਾਲਤ ਨੂੰ ਦੇਖ ਕੇ ਇਹ ਫ਼ੈਸਲਾ ਕੀਤਾ ਕਿ ਮੌਜੂਦਾ ਪੰਜਾਬ ਸਰਕਾਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਵੱਲ ਕੋਈ ਧਿਆਨ ਨਹੀਂ। ਇਸ ਲਈ ਮਿਤੀ  30 ਸਤੰਬਰ ਦਿਨ ਸ਼ੁੱਕਰਵਾਰ ਨੂੰ ਠੀਕ 11 ਵਜੇ ਸ਼ਹੀਦ ਸਰਾਭਾ ਚੌਂਕ ਵਿਖੇ ਪੰਥਕ ਮੋਰਚਾ ਸਥਾਨ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਦਿੱਤੇ ਪ੍ਰੋਗਰਾਮ ਮੁਤਾਬਕ ਜ਼ਰੂਰ ਪਹੁੰਚੋ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਮਿਸਤਰੀ ਤਰਸੇਮ ਸਿੰਘ ਸਰਾਭਾ ਗੁਰਪ੍ਰੀਤ ਸਿੰਘ ਗੋਪੀ ਸਰਾਭਾ, ਭਿੰਦਰ ਸਿੰਘ ਬਿੱਲੂ ਸਰਾਭਾ, ਬਲੌਰ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਹਰਜੀਤ ਸਿੰਘ ਪੱਪੂ ਸਰਾਭਾ, ਹਰਬੰਸ ਸਿੰਘ ਹਿੱਸੋਵਾਲ, ਭੋਲਾ ਸਿੰਘ  ਸਰਾਭਾ,ਤੇਜਾ ਸਿੰਘ ਟੂਸੇ,ਸਾਬਕਾ ਸਰਪੰਚ,ਮੇਵਾ ਸਿੰਘ ਸਰਾਭਾ,ਬੰਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਗ੍ਰਾਮ ਪੰਚਾਇਤ ਮਾਣੂੰਕੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਕੀਤੀ ਮੰਗ

ਹਠੂਰ,25,ਸਤੰਬਰ-(ਕੌਸ਼ਲ ਮੱਲ੍ਹਾ)- ਇਲਾਕੇ ਵਿਚੋ ਦੀ ਲੰਘਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਜੋ ਬੁਰੀ ਤਰ੍ਹਾ ਟੁੱਟ ਚੁੱਕਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਸਰਪੰਚ ਪ੍ਰਿੰਸੀਪਲ ਗੁਰਮੁੱਖ ਸਿੰਘ ਸੰਧੂ ਮਾਣੂੰਕੇ ਨੇ ਦੱਸਿਆ ਕਿ ਇਹ ਮਾਰਗ ਪਿੰਡ ਕਮਾਲਪੁਰਾ,ਲੰਮਾ,ਜੱਟਪੁਰਾ,ਮਾਣੂੰਕੇ,ਲੱਖਾ,ਚਕਰ ਦੀ ਹੱਦ ਤੱਕ ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ।ਪਿਛਲੀ ਕਾਗਰਸ ਸਰਕਾਰ ਨੇ ਇਸ ਮਾਰਗ ਨੂੰ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਦੱਸਿਆ 4 ਅਕਤੂਬਰ 2020 ਵਿਚ ਆਲ ਇੰਡੀਆ ਕਾਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੈਬਰ ਪਾਰਲੀਮੈਟ ਰਬਨੀਤ ਸਿੰਘ ਬਿੱਟੂ ਅਤੇ ਕਾਗਰਸ ਦੇ ਕਈ ਪ੍ਰਮੁੱਖ ਨੇਤਾ ਇਸੇ ਮਾਰਗ ਤੋ ਲੰਘ ਕੇ ਗਏ ਸਨ।ਉਸ ਸਮੇਂ ਇਲਾਕੇ ਦੀਆ ਗ੍ਰਾਮ ਪੰਚਾਇਤਾ ਨੇ ਇਸ ਮਾਰਗ ਨੂੰ ਜਲਦੀ ਬਣਾਉਣ ਲਈ ਮੰਗ ਪੱਤਰ ਦਿੱਤੇ ਸਨ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਨੂੰ ਇੱਕ ਮਹੀਨੇ ਵਿਚ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ 24 ਮਹੀਨੇ ਬੀਤ ਜਾਣ ਦੇ ਬਾਵਜੂਦ ਪਨਾਲਾ ੳੱੁਥੇ ਦਾ ਉੱਥੇ ਹੈ।ਉਨ੍ਹਾ ਕਿਹਾ ਕਿ ਅਕਤੂਬਰ ਮਹੀਨੇ ਵਿਚ ਝੋਨੇ ਦੀ ਕਟਾਈ ਸੁਰੂ ਹੋ ਜਾਣੀ ਹੈ,ਕਿਸਾਨਾ ਅਤੇ ਟਰੱਕ ਉਪਰੇਟਰਾ ਨੇ ਇਸੇ ਮਾਰਗ ਤੋ ਦੀ ਲੰਘਣਾ ਹੈ ਪਰ ਸੜਕ ਬੁਰੀ ਤਰ੍ਹਾ ਟੁੱਟਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਇਹ ਮਾਰਗ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਵਿਚ ਬਣ ਚੁੱਕਾ ਹੈ ਪਰ ਲੋਕ ਸਭਾ ਹਲਕਾ ਲੁਧਿਆਣਾ ਵਿਚ ਬਣਨ ਦੀ ਅਜੇ ਤੱਕ ਕੋਈ ਆਸ ਦਿਖਾਈ ਨਹੀ ਦੇ ਰਹੀ।ਉਨ੍ਹਾ ਕਿਹਾ ਕਿ ਇਹ ਮਾਰਗ ਜਲਦੀ ਬਣਾਉਣ ਲਈ ਗ੍ਰਾਮ ਪੰਚਾਇਤ ਮਾਣੂੰਕੇ ਨੇ ਇਲਾਕੇ ਦੀਆ 13 ਗ੍ਰਾਮ ਗ੍ਰਾਮ ਪੰਚਾਇਤਾ ਤੋ ਦਸਤਖਤ ਕਰਵਾ ਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਰਾਹੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਪੱਤਰ ਭੇਜਿਆ ਗਿਆ ਹੈ।ਅਖੀਰ ਵਿਚ ਉਨ੍ਹਾ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਹਠੂਰ ਇਲਾਕੇ ਦੀ ਸਭ ਤੋ ਵੱਡੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸੁਖਦੇਵ ਸਿੰਘ ਖਾਲਸਾ,ਪਿਆਰਾ ਸਿੰਘ,ਮੁਖਤਿਆਰ ਸਿੰਘ,ਛਿੰਦਾ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਮਾਣੂੰਕੇ ਹਾਜ਼ਰ ਸੀ।
ਫੋਟੋ ਕੈਪਸ਼ਨ:- ਸਰਪੰਚ ਪ੍ਰਿੰਸੀਪਲ ਗੁਰਮੁੱਖ ਸਿੰਘ ਸੰਧੂ ਮਾਣੂੰਕੇ ਪੰਜਾਬ ਸਰਕਾਰ ਨੂੰ ਭੇਜਿਆ ਬੇਨਤੀ ਪੱਤਰ ਦਿਖਾਉਦੇ ਹੋਏ।

ਐਨ ਆਰ ਆਈ ਵੀਰਾਂ ਨੇ ਵਾਤਾਵਰਨ ਸੰਭਾਲ ਦੀ ਕੀਤੀ ਸੁਰੂਆਤ

ਹਠੂਰ,25,ਸਤੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਅੱਚਰਵਾਲ ਦੇ ਸੁਰਿੰਦਰ ਸਿੰਘ ਗਿੱਲ ਕੈਨੇਡੀਅਨ ਪੁੱਤਰ ਬਾਰਾ ਸਿੰਘ ਗਿੱਲ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਹਨ,ਪਰ ਆਪਣੀ ਜਨਮ ਭੂੰਮੀ ਨਾਲ ਅੰਤਾ ਦਾ ਮੋਹ ਹੋਣ ਕਰਕੇ ਉਨ੍ਹਾ ਵੱਲੋਂ ਆਪਣੇ ਪਿੰਡ ਅੱਚਰਵਾਲ ਨੂੰ ਸੋਹਣਾ ਅਤੇ ਸੁੰਦਰ ਬਣਾਉਣ ਦੀ ਸੁਰੂਆਤ ਪਿੰਡ ਦੀਆ ਸਾਝੀਆ ਥਾਵਾ ਤੇ ਛਾਦਾਰ ਅਤੇ ਫਲਦਾਰ ਬੂਟੇ ਲਾ ਕੇ ਕੀਤੀ ।ਇਸ ਮੌਕੇ ਐਨ ਆਰ ਆਈ ਪਰਿਵਾਰ ਦਾ ਧੰਨਵਾਦ ਕਰਦਿਆ ਪ੍ਰਭਜੀਤ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਦੇ ਨੌਜਵਾਨਾ ਨੂੰ ਪਿੰਡ ਦੀ ਸੁੰਦਰਤਾ ਵਧਾਉਣ ਲਈ ਵੱਧ ਤੋ ਵੱਧ ਸਾਥ ਦੇਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਭਾਵੇ ਗਿੱਲ ਪਰਿਵਾਰ ਵੱਲੋ ਸਮੇਂ-ਸਮੇਂ ਤੇ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾ ਵਿਚ ਵੱਡਾ ਯੋਗਦਾਨ ਪਾਇਆ ਗਿਆ ਹੈ ਪਰ ਹੁਣ ਪਿੰਡ ਅੱਚਰਵਾਲ ਨੂੰ ਹਰਿਆ ਭਰਿਆ ਕਰਨ ਵਿਚ ਵੀ ਗਿੱਲ ਪਰਿਵਾਰ ਦਾ ਵੱਡਾ ਯੋਗਦਾਨ ਹੈ।ਇਸ ਮੌਕੇ ਉਨ੍ਹਾ ਨਾਲ ਅਮਨਦੀਪ ਸਿੰਘ,ਰਮਨਦੀਪ ਸਿੰਘ,ਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਪਿੰਡ ਅੱਚਰਵਾਲ ਵਿਖੇ ਬੂਟੇ ਲਾਉਦੇ ਹੋਏ ਨੌਜਵਾਨ।

ਪਿੰਡ ਮੋਹੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁ: ਛੱਲਾ ਸਾਹਿਬ ਦੇ ਪ੍ਰਧਾਨ ਅਰਜਨ ਸਿੰਘ ਥਿੰਦ ਦਾ ਸਨਮਾਨ 

ਜੋਧਾਂ , 25 ਸਤੰਬਰ( ਦਲਜੀਤ ਸਿੰਘ ਮੋਹੀ )ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੋਹੀ ਵਲੋਂ ਗੁਰਦੁਆਰਾ ਛੱਲਾ ਸਾਹਿਬ ਦੇ ਪ੍ਰਧਾਨ ਅਰਜਨ ਸਿੰਘ ਥਿੰਦ ਅਤੇ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੇ ਪ੍ਰਧਾਨ ਪ੍ਰੇਮ ਸਿੰਘ ਥਿੰਦ ਤੋਂ ਇਲਾਵਾ ਗੁਰੂ ਘਰ ਦੇ ਮੈਨੇਜਰ ਸ ਰਣਜੀਤ ਸਿੰਘ ਦਾ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਦੱਸਿਆ ਕਿ ਗੁਰੂ ਘਰ ਵਿਖੇ ਕਾਫੀ ਪੁਰਾਣੇ ਸਮੇਂ ਤੋਂ ਹਰ ਸਨੀਵਾਰ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ , ਇਸੇ ਦੌਰਾਨ ਦੇਗ ਦੀ ਸੇਵਾ ਗੁਰੂ ਘਰ ਵਲੋਂ ਕੀਤੀ ਜਾਂਦੀ ਸੀ ਪ੍ਰੰਤੂ ਡੇਢ ਸਾਲ ਤੋਂ ਬਿਨਾ ਕੋਈ ਕਾਰਨ  ਦੇਗ ਦੀ ਸੇਵਾ ਬੰਦ ਕਰ ਦਿੱਤੀ ਸੀ , ਪਰ ਬੀਬੀਆਂ ਵਲੋਂ ਲੰਮੇ ਸਮੇਂ ਤੋਂ ਚਲਦੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਨਿਰੰਤਰ ਜਾਰੀ ਰੱਖੀ ਗਈ ਸੀ, ਹੁਣ ਸੰਗਤਾਂ ਵਲੋਂ ਚੁਣੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਥਿੰਦ ਅਤੇ ਮੈਨੇਜਰ ਰਣਜੀਤ ਸਿੰਘ ਅਤੇ ਹੋਰ ਮੈਬਰਾਂ ਵਲੋਂ ਗੁਰੂ ਕੀ ਦੇਗ ਦੁਬਾਰਾ ਸਜਾਉਣ ਦਾ ਫੈਸਲਾ ਲਿਆ ਗਿਆ ਜਿਸਦਾ ਸਮੂਹ ਸੰਗਤ ਨੇ ਸੁਆਗਤ ਕੀਤਾ ਹੈ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਅਰਜਨ ਸਿੰਘ ਥਿੰਦ ਨੇ ਬੋਲਦਿਆਂ ਕਿਹਾ ਕਿ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਪਾਂ ਸਮੂਹ ਸੰਗਤਾਂ ਨੂੰ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ ਹੈ, ਗੁਰੂ ਘਰ ਦੇ ਕਰਨ ਵਾਲੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਹੀ ਸੁਰੂ ਕੀਤੇ  ਜਾਣਗੇ। ਇਸ ਮੌਕੇ ਕਾਮਰੇਡ ਗੁਰਮੇਲ ਸਿੰਘ, ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਦੇ ਚੇਅਰਮੈਨ ਗੁਰਦੀਪ ਸਿੰਘ ਖਾਲਸਾ, ਸੁਖਰਾਜ ਸਿੰਘ ਰਾਜੂ, ਦਲਜੀਤ ਸਿੰਘ ਰੰਧਾਵਾ, ਸੱਜਣ ਸਿੰਘ ਤੋਂ ਇਲਾਵਾ ਬੀਬੀ ਬਲਵਿੰਦਰ ਕੌਰ, ਚਰਨਜੀਤ ਸਿੰਘ, ਬਲਜਿੰਦਰ ਕੌਰ ,ਜਗਦੀਸ਼ ਕੌਰ, ਹਰਪ੍ਰੀਤ ਕੌਰ, ਮਨਜੀਤ ਕੌਰ,ਮਨਪ੍ਰੀਤ ਕੌਰ, ਪ੍ਰੀਤਮ ਕੌਰ,ਸੁਰਜੀਤ ਕੌਰ,ਕੁਲਵਿੰਦਰ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ, ਗੁਰਮੀਤ ਕੌਰ, ਭਿੰਦਰ ਕੌਰ ਆਦਿ ਹਾਜਰ ਸਨ। 

ਸਰਕਾਰ ਦੇ ਭਰੋਸੇ ਤੋਂ ਬਾਅਦ, ਈਸਾਈ ਭਾਈਚਾਰੇ ਵੱਲੋਂ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲਿਆ

ਲੁਧਿਆਣਾ, 25 ਸਤੰਬਰ (ਦਲਜੀਤ ਸਿੰਘ ਮੋਹੀ ) - ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਪੱਟੀ ਅਤੇ ਡਡੂਆਣਾ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਈਸਾਏ ਭਾਈਚਾਰੇ ਨੇ ਅੱਜ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ।ਸਥਾਨਕ ਬੱਚਤ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਦੱਸਿਆ ਕਿ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਦੇ ਭਰੋਸੇ ਤੋਂ ਸੰਤੁਸ਼ਟ ਹਨ ਅਤੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।ਇਸ ਮੌਕੇ ਸੁਰਜੀਤ ਥਾਪਰ, ਰਮਨ ਹੰਸ ਮਨਿਸਟਰੀਜ਼, ਕਨਵੀਨਰ ਮਸੀਹ ਮਹਾਂ ਸਭਾ ਆਗਸਟੀਨ ਦਾਸ, ਗੁਰਦਾਸਪੁਰ ਤੋਂ ਰਾਕੇਸ਼ ਵਿਲੀਅਮ, ਫਤਿਹਗੜ੍ਹ ਚੂੜੀਆਂ ਕੈਥੋਲਿਕ ਚਰਚ ਐਕਸ਼ਨ ਕਮੇਟੀ ਤੋਂ ਰੋਸ਼ਨ ਜੋਸਫ਼, ਹਾਮਿਦ ਮਸੀਹ, ਰੋਹਿਤ ਪਾਲ, ਅਵਤਾਰ ਸਿੰਘ, ਬਜਿੰਦਰ ਸਿੰਘ ਮਨਿਸਟਰੀਜ਼, ਅੰਕੁਰ ਨਰੂਲਾ ਮਨਿਸਟਰੀਜ਼ ਤੋਂ ਜਤਿੰਦਰ ਰੰਧਾਵਾ, ਪੈਂਟੀਕੋਸਟਲ ਪ੍ਰਬੰਧਕ ਕਮੇਟੀ ਤੋਂ ਧਰਮਿੰਦਰ ਬਾਜਵਾ, ਬਿਸ਼ਪ ਸੋਹਲ ਲਾਲ ਮੋਰਿੰਡਾ, ਸੁਖਪਾਲ ਰਾਣਾ ਮਨਿਸਟਰੀਜ਼ ਤੋਂ ਜੌਹਨ ਕੋਟਲੀ, ਟੈਂਪਲ ਆਫ਼ ਗੌਡ ਚਰਚ ਤੋਂ ਅਲੀਸ਼ਾ ਮਸੀਹ ਸੁਤਨ, ਲੁਧਿਆਣਾ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪੀਟਰ ਪ੍ਰਕਾਸ਼, ਰਿਟਾਇਰਡ ਰੇਵਰਟ ਜੋਗਿੰਦਰ ਸਿੰਘ ਚੇਅਰਮੈਨ, ਸੋਨੂੰ ਜਾਤੀਵਾਲ ਪਟਿਆਲਾ, ਸਨਾਵਰ ਭੱਟੀ, ਸੈਮੂਅਲ ਸਿੱਧੂ ਮਾਨਸਾ, ਵਿਜੇ ਗੋਰੀਆ ਸੈਮਸਨ ਬ੍ਰਿਗੇਡ ਫਿਰੋਜ਼ਪੁਰ, ਮਲੇਰਕੋਟਲਾ ਤੋਂ ਸੁਰਜੀਤ ਮਸੀਹ, ਰੋਹਿਤ ਮਸੀਹ ਮਿੰਨਾ, ਮੱਖਣ ਮਸੀਹ, ਜੌਹਨ ਮਸੀਹ, ਸਿਸਟਰ ਲਵੀ ਕਲਿਆਣ, ਸਿਸਟਰ ਰੀਤੂ ਖੁਰਾਣਾ, ਸਿਸਟਰ ਪ੍ਰੀਤੀ ਜੇਮਸ, ਪਾਸਟਰ ਸੈਮੂਅਲ ਦੋਸਤ, ਸਿਸਟਰ ਸੋਭਾ ਅਤੇ ਸਟੀਫਨ ਸਿੱਧੂ ਅਤੇ ਹੋਰ ਹਾਜ਼ਰ ਸਨ। 

28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਉਣ ਸਬੰਧੀ ਹੋਈ ਮੀਟਿੰਗ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੀ ਮੀਟਿੰਗ ਭਗਤ ਧੰਨਾ ਧਰਮਸ਼ਾਲਾ ਤਲਵੰਡੀ ਸਾਬੋ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕੀਤੀ। ਕੁਲਵਿੰਦਰ ਸਿੰਘ ਗਿਆਨਾ ਬਲਾਕ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ ਤੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਮਨਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚਰਚਾ ਹੋਈ ਤੇ ਕਿਸਾਨਾ ਤੇ ਮਜ਼ਦੂਰਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਣ ਲਈ ਸੱਦਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਦੀ ਸੂਬੇ ਦੀ ਸਰਕਾਰ ਇਨਕਲਾਬ ਦੀ ਗੱਲ ਤਾਂ ਕਰਦੀ ਹੈ ਪਰ ਅਸਲੀਅਤ ਤੋਂ ਕੋਹਾਂ ਦੂਰ ਹੈ ਲੋਕਾਂ ਦੀ ਲੁੱਟ ਜਿਉਂ ਜਿਉਂ ਦੀ ਤਿਉਂ ਬਰਕਰਾਰ ਹੈ, ਕਦੇ ਟਿੱਬਿਆਂ ਦੀ ਮਿੱਟੀ ਚੱਕਦੇ ਕਿਸਾਨਾ ਤੇ ਮਾਈਨਿੰਗ ਦੇ ਝੂਠੇ ਪਰਚੇ ਪਾਏ ਜਾਂਦੇ ਹਨ, ਫ਼ਸਲਾਂ ਦੇ ਹੋਏ ਨੁਕਸਾਨ ਨੂੰ ਪੂਰਿਆਂ ਨਹੀਂ ਜਾਂਦਾ, ਮਜ਼ਦੂਰਾ ਦੀ ਲੁੱਟ ਦਿਨੋਂ ਦਿਨ ਵਧ ਰਹੀ ਹੈ, ਰੁਜ਼ਗਾਰ ਮੰਗਣ ਗਏ ਨੌਜਵਾਨਾਂ ਨੂੰ ਪੁਲਿਸ ਦੁਆਰਾ ਡਾਂਗਾ ਨਾਲ ਕੁੱਟਿਆ ਜਾਂਦਾ ਹੈ। ਇਸ ਲਈ ਅੱਜ ਮੀਟਿੰਗ ਵਿੱਚ ਲੋਕਾਂ ਨੂੰ 28 ਸਤੰਬਰ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਜਥੇਬੰਦੀ ਵੱਲੋਂ ਜਬਰ ਦਾ ਸਾਹਮਣਾ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਦੱਸੇ ਰਾਹ ਤੇ ਤੁਰ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾ ਸਕੀਏ। ਇਸ ਸਮੇਂ ਬਲਾਕ ਆਗੂ ਕਾਲਾ ਚੱਠੇਵਾਲਾ, ਰਣਜੋਧ ਸਿੰਘ ਮਾਹੀਨੰਗਲ, ਕਲੱਤਰ ਕਲਾਲਵਾਲਾ, ਲੱਖਾ ਜੋਗੇਵਾਲਾ ਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।

ਲੋਕ ਮੋਰਚਾ ਪੰਜਾਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਵਿਖੇ ਕੀਤੀ ਮੀਟਿੰਗ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)- ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜਾ ਮਨਾਉਣ ਸਬੰਧੀ ਚੱਲ ਰਹੀ ਮੁਹਿੰਮ ਤਹਿਤ ਅੱਜ ਤਲਵੰਡੀ ਸਾਬੋ ਬਲਾਕ ਦੇ ਪਿੰਡ ਤਲਵੰਡੀ ਦੀ ਧੰਨਾ ਭਗਤ ਧਰਮਸ਼ਾਲਾ ਵਿਖੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਅਤੇ ਬਠਿੰਡਾ ਇਕਾਈ ਮੈਂਬਰ ਸ਼੍ਰੀਮਤੀ ਕਮਲ ਨੇ ਕਿਹਾ ਕਿ ਅੱਜ ਵੀ ਭਾਰਤ ਦੇ ਕਿਰਤੀ ਕਮਾਊ ਲੋਕ ਸਾਮਰਾਜੀ, ਜਗੀਰੂ ਅਤੇ ਕਾਰਪੋਰੇਟ ਲੁੱਟ ਦੇ ਸ਼ਿਕਾਰ ਹਨ। ਸਾਮਰਾਜੀਆਂ ਨੂੰ ਸੂਬੇ ਵਿਚ ਆ ਕੇ ਲੁੱਟ ਮਚਾਉਣ ਦੇ ਸੱਦੇ ਦੇਣ ਵਾਲੀ, ਕਾਰਪੋਰੇਟਾਂ ਨੂੰ ਸਲਾਹਕਾਰ ਬਣਾਉਣ ਵਾਲੀ, ਹੱਕ ਮੰਗਦੇ ਲੋਕਾਂ 'ਤੇ ਪੁਲਸੀਆ ਜਬਰ ਢਾਹੁਣ ਵਾਲੀ ਆਪ ਪਾਰਟੀ ਦੀ ਸਰਕਾਰ "ਇਨਕਲਾਬੀ" ਦੰਭ ਕਰ ਰਹੀ ਹੈ ਅਤੇ ਲੋਕਾਂ ਖਿਲਾਫ ਸਖਤ ਕਾਨੂੰਨ ਲੈਕੇ ਆ ਰਹੀ ਹੈ। ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਤੇ ਸਿੱਖ ਫਿਰਕਾਪ੍ਰਸਤਾਂ ਵੱਲੋਂ ਕੀਤੇ ਕੂੜ ਪ੍ਰਚਾਰ ਦਾ ਅਸਲ ਮਕਸਦ ਲੋਕਾਂ ਅੰਦਰ ਫਿਰਕੂ ਵੰਡੀਆਂ ਪਾਉਣਾ ਅਤੇ ਪੰਜਾਬ ਵਾਸੀਆਂ ਨੂੰ ਮੂੜ ਫਿਰਕੂ ਫਸਾਦਾਂ ਦੀ ਅੱਗ ਚ ਝੋਕਣਾਂ ਹੈ। ਮੀਟਿੰਗ ਵਿੱਚ ਸ਼ਾਮਲ ਵਰਕਰਾਂ ਨੂੰ ਸੱਦਾ ਦਿੰਦਿਆਂ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਅਮਲ ਤੋਂ ਰੌਸ਼ਨੀ, ਉਤਸ਼ਾਹ ਤੇ ਸੇਧ ਲੈਂਦਿਆਂ ਹਕੂਮਤਾਂ ਤੋਂ ਭਲੇ ਦੀ ਝਾਕ ਛੱਡੋ। ਜਾਤਾਂ, ਧਰਮਾਂ, ਇਲਾਕਿਆਂ ਦੀਆਂ ਵਿੱਥਾਂ ਉਲੰਘ ਕੇ ਵਿਸ਼ਾਲ ਲੋਕ ਤਾਕਤ ਜੋੜੋ। ਜਨਤਕ ਖਾੜਕੂ ਸ਼ੰਘਰਸ਼ਾਂ ਦਾ ਬਾਣਨੂੰ ਬੰਨੋ। ਹਾਕਮਾਂ ਦਾ ਕਿਰਦਾਰ ਪਛਾਣੋ। ਨੀਤੀਆਂ ਨੂੰ ਸੰਘਰਸ਼ਾਂ ਦੇ ਨਿਸ਼ਾਨੇ 'ਤੇ ਲਿਆਓ। ਸਾਮਰਾਜੀਆਂ ਨੂੰ ਮੁਲਕ 'ਚੋਂ ਬਾਹਰ ਕੱਢਣ, ਜਗੀਰਦਾਰੀ ਦਾ ਫਸਤਾ ਵੱਢਣ ਅਤੇ ਰਾਜ ਸੱਤਾ ਦੱਬੇ ਕੁਚਲੇ ਲੋਕਾਂ ਹੱਥ ਲੈਣ ਦੇ ਰਾਹ ਤੁਰੋ।

ਜਿਲ੍ਹਾ ਯੋਜਨਾ ਬੋਰਡ ਬਠਿੰਡਾ ਦਾ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਆਪਣੇ ਜੱਦੀ ਪਿੰਡ ਜੀਵਨ ਸਿੰਘ ਵਾਲਾ ਵਿਖੇ ਨਤਮਸਤਕ ਹੋਏ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ ਨੂੰ ਜਿਲ੍ਹਾ ਯੋਜਨਾ ਬੋਰਡ ਬਠਿੰਡਾ ਦਾ ਚੇਅਰਮੈਨ  ਨਿਯੁਕਤ ਕਰਨ ਤੇ ਅੱਜ ਪ੍ਰਮਾਤਮਾ ਸ਼ੁਕਰਾਨਾ ਕਰਨ ਲਈ ਉਹ ਆਪਣੇ ਜੱਦੀ ਪਿੰਡ ਜੀਵਨ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਨਵਨਿਯੁਕਤ ਚੇਅਰਮੈਨ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਲਏ, ਸ਼ੁਕਰਾਨਾ ਕੀਤਾ ਅਤੇ ਪ੍ਰਮਾਤਮਾ ਅੱਗੇ ਇਸ ਨਵੀਂ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਅਰਦਾਸ ਵੀ ਕੀਤੀ। ਪਿੰਡ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਅੰਮ੍ਰਿਤ ਅਗਰਵਾਲ ਨੂੰ ਜਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਬਣਨ 'ਤੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਣ ਵਿਭਾਗ ਪੰਜਾਬ ਦੇ ਚੇਅਰਮੈਨ ਰਾਕੇਸ਼ ਪੁਰੀ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਅਤੇ ਪੰਜਾਬ ਟ੍ਰੇਡ ਦੇ ਚੇਅਰਮੈਨ ਅਨਿਲ ਠਾਕੁਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਵਧਾਈ ਦਿੱਤੀ ਗਈ। ਅੰਮ੍ਰਿਤ ਅਗਰਵਾਲ ਨੂੰ ਜਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਨਿਯੁਕਤ ਹੋਣ ਤੇ ਆਪ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਜੰਟ ਸਿੰਘ ਸਿਵੀਆਂ, ਜਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਬਲੋ, ਦਫ਼ਤਰ ਇੰਚਾਰਜ ਬਲਜਿੰਦਰ ਬਰਾੜ, ਈਵੈਂਟ ਇੰਚਾਰਜ ਵਿਕਰਮ ਲਵਲੀ, ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਜਤਿੰਦਰ ਸਿੰਘ ਭੱਲਾ, ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਤਵੀਰ ਕੌਰ, ਜਿਲ੍ਹਾ ਪ੍ਰਧਾਨ ਬੀ ਸੀ ਵਿੰਗ ਮਨਦੀਪ ਕੌਰ ਰਾਮਗੜ੍ਹੀਆ, ਜਿਲ੍ਹਾ ਪ੍ਰਧਾਨ ਲੀਗਲ ਸੈੱਲ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਜਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਬਲਦੇਵ ਸਿੰਘ, ਜਗਦੀਸ਼ ਸਿੰਘ ਵੜੈਚ, ਬਲਜੀਤ ਬੱਲੀ, ਗੋਬਿੰਦਰ ਸਿੰਘ, ਰਣਜੀਤ ਰੱਬੀ, ਬੂਟਾ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਲੰਟੀਅਰਜ ਵੱਲੋਂ ਵਧਾਈ ਦਿੱਤੀ ਗਈ।

ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦਾ 19ਵਾਂ ਜਨਮ ਦਿਵਸ ਮਨਾਇਆ

ਮੀਂਹ ਦੇ ਬਾਵਜੂਦ ਕਵੀ ਕਵੀਸ਼ਰਾਂ ਨੇ ਲਾਏ ਚਾਰ ਚੰਨ

"ਸ਼ੇਖਪੁਰੀਏ ਦੇ ਸਲੋਕ" ਤੇ ਸਨੇਹੀ ਦੀ "ਵਿਰਲਾਪ" ਪੁਸਤਕਾਂ ਕੀਤੀਆਂ ਗਈਆਂ ਭੇਂਟ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)-  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ "ਬਵੰਜਾ ਕਵੀਆਂ" ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ (ਰਜਿ:) ਤਲਵੰਡੀ ਸਾਬੋ ਵੱਲੋਂ ਮਿੰਨੀ ਚੱਠਾ ਪੈਲੇਸ ਵਿਖੇ ਆਪਣਾ 19ਵਾਂ ਜਨਮ ਦਿਵਸ ਮਨਾਇਆ ਗਿਆ, ਜਿਸ ਵਿੱਚ ਭਾਰੀ ਬਾਰਿਸ਼ ਦੇ ਬਾਵਜੂਦ ਕਵੀ ਕਵੀਸ਼ਰਾਂ ਨੇ ਆਪਣੇ ਆਪਣੇ ਕਵਿਤਾ ਕਲਾਮ ਗਾ ਕੇ ਸਮਾਗਮ ਨੂੰ ਚਾਰ ਚੰਨ ਲਾਏ। ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਚੇਅਰਮੈਨ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ, ਸੰਸਥਾਪਕ ਪ੍ਰਧਾਨ ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ, ਗੁਰਦੁਆਰਾ ਸੰਤਪੁਰੀ ਸਾਹਿਬ ਦੇ ਮੁਖੀ ਸੰਤ ਬਾਬਾ ਜ਼ੋਰਾ ਸਿੰਘ ਸੰਚਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਹਿਲਵਾਨੀ ਅਖਾੜਾ ਤਲਵੰਡੀ ਸਾਬੋ, ਗੁਰੂ ਕਾਸ਼ੀ ਸਾਹਿਤ ਸਭਾ (ਰਜਿ:) ਦੇ ਪ੍ਰਧਾਨ ਦਰਸ਼ਨ ਸਿੰਘ ਚੱਠਾ, ਸਰਪ੍ਰਸਤ ਚੇਤਾ ਸਿੰਘ ਮਹਿਰਮੀਆ, ਕਵੀਸ਼ਰੀ ਵਿਕਾਸ ਮੰਚ ਦੇ ਪ੍ਰਧਾਨ ਰੇਵਤੀ ਪ੍ਰਸ਼ਾਦ ਤੇ ਸਕੱਤਰ ਦਰਸ਼ਨ ਭੰਮੇ, ਸਹਾਰਾ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਸੁਖਦੇਵ ਸਿੰਘ, ਉੱਘੇ ਸਮਾਜ ਸੇਵੀ ਗੁਰਦੀਪ ਸਿੰਘ ਬੀਹਲਾ ਗੋਂਦਾਰਾ ਦੇ ਪ੍ਰਧਾਨਗੀ ਮੰਡਲ ਅਧੀਨ ਹੋਏ ਕਵੀ ਕਵੀਸ਼ਰੀ ਦਰਬਾਰ ਵਿਚ ਸਭ ਤੋਂ ਪਹਿਲਾਂ ਗਾਇਕ ਸੁਖਵਿੰਦਰ ਯਮਲਾ ਨੇ ਆਪਣੀ ਤੂੰਬੀ ਦੀ ਟੁਣਕਾਰ ਤੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਦਾ ਅਸ਼ੀਰਵਾਦ ਲੈਣ ਲਈ ਗਾਈਆਂ ਦੋ ਧਾਰਮਿਕ ਰਚਨਾਵਾਂ ਨਾਲ ਰੰਗ ਬੰਨ੍ਹਿਆ, ਜਦੋਂ ਕਿ ਬਠਿੰਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਨਛੱਤਰ ਸਿੰਘ ਝੁੱਟੀਕਾ ਨੇ ਆਪਣੇ ਸੰਦੇਸ਼ ਆਤਮਕ ਹਾਸ ਵਿਅੰਗ ਟੋਟਕੇ ਸੁਣਾ ਸੁਣਾ ਕੇ ਜਿੱਥੇ ਹਾਜ਼ਰੀਨ ਨੂੰ ਹਸਾਇਆ, ਉਥੇ ਆਪਣੇ ਦੋ ਕਲਾਮ ਕਵਿਤਾਵਾਂ ਸੁਣਾਈਆਂ। ਜਾਗਰ ਸਿੰਘ ਨਿਹੰਗ ਸਿੰਘ ਨੇ ਪਹਿਲੀ ਪਉੜੀ ਦਾ ਪਾਠ ਉੱਚੀ ਸੁਰ ਵਿੱਚ ਕਰ ਕੇ ਗੁਰੂ ਦਾ ਆਸ਼ੀਰਵਾਦ ਲਿਆ ਜਦੋਂ ਕਿ ਦਰਸ਼ਨ ਸਿੰਘ ਚੱਠਾ ਅਤੇ ਭਾਈ ਮਾਨ ਸਿੰਘ ਲਿਖਾਰੀ ਬੁੱਢਾ ਦਲ ਨੇ "ਕਲਗੀਧਰ ਦੀਆਂ ਫੌਜਾਂ ਚੜ੍ਹਦੀ ਕਲਾ 'ਚ ਰਹਿਣਗੀਆਂ" ਸਮੇਤ ਹੋਰ ਧਾਰਮਿਕ ਰਚਨਾਵਾਂ ਦਾ ਪਾਠ ਕੀਤਾ। ਮਾ. ਰੇਵਤੀ ਪ੍ਰਸ਼ਾਦ ਨੇ ਆਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਇਕ ਰਚਨਾ ਸੁਣਾਈ ਜਦੋਂ ਕਿ ਦਰਸ਼ਨ ਭੰਮੇ ਨੇ ਵੀ ਆਪਣੀ ਕਵੀਸ਼ਰੀ ਦਾ ਗਾਇਨ ਕੀਤਾ। ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਵੀ ਦਿਲ ਹਲੂਣਵੀਂ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਵਾਈ। ਇਕ ਛੋਟੇ ਬੱਚੇ ਸੋਇਲ ਖਾਨ ਨੇ ਬੜੀ ਹੀ ਅਜੀਬ ਭਾਸ਼ਾ ਵਿੱਚ ਆਪਣੀ ਕਵਿਤਾ ਬੋਲੀ, ਸਮਾਜ ਸੇਵੀ ਬੀਹਲਾ ਗੋਦਾਰਾ ਨੇ ਕਿਸਾਨੀ ਬਾਰੇ ਕਵਿਤਾ ਕਹੀ। ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਨੇ ਆਪਣੀ ਪੁਸਤਕ "ਵਿਰਲਾਪ" ਚੋਂ ਗ਼ਜ਼ਲਾਂ ਦਾ ਪਾਠ ਕੀਤਾ ਜਦੋਂ ਕਿ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ "ਸ਼ੇਖਪੁਰੀਏ ਦੇ ਸਲੋਕ" ਸੁਖਵਿੰਦਰ ਯਮਲੇ ਦੀ ਤੂੰਬੀ ਦੀ ਸਹਾਇਤਾ ਨਾਲ ਗਾਏ ਅਤੇ ਦੋਵੇਂ ਪੁਸਤਕਾਂ ਸੱਤ ਸੱਤ ਸ਼ਖ਼ਸੀਅਤਾਂ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਜੋਰਾ ਸਿੰਘ ਦੇ ਫਰਜ਼ੰਦ ਪਹਿਲਵਾਨ ਅੰਮ੍ਰਿਤਜੋਤ ਸਿੰਘ, ਬਾਬਾ ਗੋਰਾ ਸਿੰਘ, ਕਵੀਸ਼ਰੀ ਦੇ ਰਸੀਏ ਬਾਬਾ ਬਲਦੇਵ ਸਿੰਘ ਚਹਿਲ ਆਦਿ ਸ਼ਖਸੀਅਤਾਂ ਹਾਜ਼ਰ ਸਨ। ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਨੇ ਸਭਾ ਨੂੰ ਆਪਣੇ ਵੱਲੋਂ ਗਿਆਰਾਂ ਸੌ ਰੁਪਏ ਦੇਣ ਦਾ ਐਲਾਨ ਕੀਤਾ।

ਸਵੱਦੀ ਕਲਾਂ ਦੀ ਜਸ਼ਨਪ੍ਰੀਤ ਕੌਰ ਨੇ ਜਿਲ੍ਹਾ ਬਾਕਸਿੰਗ ਚੈਂਪੀਅਨਸ਼ਿਪ ਚ ਗੋਲਡ ਮੈਡਲ ਜਿੱਤਿਆ

ਮੁੱਲਾਂਪੁਰ ਦਾਖਾ,24 ਸਤੰਬਰ(ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ (ਸੀ ਬੀ ਐੱਸ ਈ)ਦੀ ਦਸਵੀਂ ਕਲਾਸ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤੂਰ ਨੇ ਅੱਜ ਜਿਲ੍ਹਾ ਬਾਕਸਿੰਗ ਚੈਂਪੀਅਨਸ਼ਿਪ ਖੰਨੇ ਤੋ  ਗੋਲਡ ਮੈਡਲ ਜਿੱਤਿਆ ਅਤੇ ਆਪਣੇ ਸਕੂਲ ਦਾ ਹੀ ਨਹੀਂ ਬਲਕਿ ਆਪਣੇ ਜੱਦੀ ਪਿੰਡ ਸਵੱਦੀ ਕਲਾਂ ਦਾ ਨਾਮ ਵੀ ਉੱਚਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਖਿਡਾਰਨ ਬੱਚੀ ਦੇ ਕੋਚ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਪੱਧਰੀ (ਅੰਡਰ 17 ਸਾਲ਼ਾ) 63 ਤੋ 66 ਕਿਲੋ ਵਜ਼ਨ ਦੇ ਮੁਕਾਬਲਿਆਂ ਚ ਇਹ ਬੱਚੀ ਜਸ਼ਨਪ੍ਰੀਤ ਕੌਰ ਤੂਰ ਨੇ ਅੱਜ ਖੰਨੇ ਚ ਹੋਏ ਮੁਕਾਬਲਿਆਂ ਵਿੱਚੋ ਗੋਲਡ ਮੈਡਲ ਜਿੱਤਿਆ ਹੈ। ਜਿਉ ਹੀ ਇਸ ਬੱਚੀ ਦੀ ਇਸ ਜਿੱਤ ਦਾ ਨਗਰ ਸਵੱਦੀ ਕਲਾਂ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਬੇਹੱਦ ਖੁਸ਼ੀ ਮਨਾਈ। ਜਾਣਕਾਰੀ ਅਨੁਸਾਰ ਇਹ ਹੋਣਹਾਰ ਬੱਚੀ ਦੇ ਪਿਤਾ ਜਸਵਿੰਦਰ ਸਿੰਘ ਮਿੰਨਾ ਇਕ ਸਮਾਜ ਸੇਵੀ ਹਨ ਤੇ ਇਸਦੀ ਮਾਤਾ  ਲਖਵੀਰ ਕੌਰ ਪਿੰਡ ਦੇ ਮੌਜੂਦਾ ਪੰਚ ਹਨ । ਕੋਚ ਸੁਖਵੰਤ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਜਸ਼ਨਪ੍ਰੀਤ ਕੌਰ ਤੂਰ ਨੂੰ ਖੇਡਾਂ ਨਾਲ ਬਹੁਤ ਲਗਾਓ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਮੁਕਾਬਲਾ ਤਾਂ ਸ਼ਹਿਰ ਖੰਨੇ ਵਾਲਾ ਇਸ ਬੱਚੀ ਨੇ ਜਿੱਤ ਲਿਆ ਹੈ,ਅਗਲੇ ਦਿਨਾਂ ਚ ਪੰਜਾਬ ਪੱਧਰੀ ਮੁਕਾਬਲੇ ਜੌ ਪਟਿਆਲੇ ਹੋਣ ਜਾ ਰਹੇ ਹਨ ਉਸ ਵਿੱਚ ਵੀ ਇਹ 10 ਵੀ ਕਲਾਸ ਦੀ ਵਿਦਿਆਰਥਣ ਭਾਗ ਲਵੇਗੀ ਅਤੇ ਪੰਜਾਬ ਪੱਧਰੀ ਬਾਕਸਿੰਗ ਮੁਕਾਬਲੇ ਵੀ ਇਹ ਜਿੱਤ ਕੇ ਆਵੇਗੀ ਅਤੇ ਆਪਣੇ ਪਿੰਡ ਸਵੱਦੀ ਕਲਾਂ ਦੇ ਨਾਲ ਨਾਲ ਆਪਣੇ ਮਾਂ ਬਾਪ ਦਾ ਨਾਮ ਵੀ ਰੌਸ਼ਨ ਕਰੇਗੀ।

ਸ਼ੂਗਰ ਨਾਲ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਅਤੇ ਖੁਸ਼ਕ ਅੱਖ  ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਮੁਫ਼ਤ ਸਪੈਸ਼ਲ ਜਾਂਚ ਕੈਂਪ ਅੱਜ 25 ਨੂੰ

ਮੁੱਲਾਂਪੁਰ ਦਾਖਾ, 24 ਸਤੰਬਰ (ਸਤਵਿੰਦਰ ਸਿੰਘ ਗਿੱਲ) ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਦੀ ਟੀਮ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਸਕੂਲ, ਧੂਰੀ ਲਾਈਨ, ਨੇੜੇ ਵਿਸ਼ਵਕਰਮਾਂ ਚੌਂਕ, ਲੁਧਿਆਣਾ ਵਿੱਖੇ ਸ਼੍ਰੀ ਸੋਮਨਾਥ ਸੂਦ ਅਤੇ ਸਮੂਹ ਪਰਿਵਾਰ ਵਲੋਂ ਮਿਤੀ 25 ਸਤੰਬਰ 2022 ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਐਮ. ਡੀ. (ਸਟੇਟ ਅਵਾਰਡੀ) ਅਤੇ ਸਮੂਹ ਟੀਮ ਦੁਆਰਾ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਜਾਵੇਗਾ। ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਕੈਂਪ ਦੌਰਾਨ ਖੁਸ਼ਕ ਅੱਖ  ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਸਪੈਸ਼ਲ ਜਾਂਚ, ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ, ਚਿੱਟਾ ਮੋਤੀਆ, ਕਾਲਾ ਮੋਤੀਆ, ਅੱਖਾਂ ਦਾ ਟੇਡਾਪਣ, ਅੱਖਾਂ ਦੀਆਂ ਪਲਕਾਂ ਦੀ ਸਪੈਸ਼ਲ ਜਾਂਚ ਅਤੇ ਬਦਲਦੇ ਮੌਸਮ ਕਾਰਨ ਅੱਖਾਂ ਦੀ ਅਲੱਰਜੀ ਦੀ ਸਪੈਸ਼ਲ ਜਾਂਚ ਅੱਖਾਂ ਦੇ ਮਾਹਿਰ ਡਾਕਟਰ ਸਹਿਬਾਨਾਂ ਅਤੇ ਸਮੂਹ ਟੀਮ ਦੁਆਰਾ ਕੀਤੀ ਜਾਵੇਗੀ।ਜੇਕਰ ਤੁਸੀਂ ਦਿਨ ਵਿੱਚ ਤਿੰਨ ਘੰਟੇ ਤੋਂ ਵੱਧ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਆਪ ਜੀ ਇਸ ਕੈਂਪ ਦਾ ਲਾਭ ਜਰੂਰ ਉਠਾਓ ਜੀ। ਉਨ੍ਹਾਂ ਅਗੇ ਦੱਸਿਆ ਕਿ ਹੁਣ ਉਹਨਾਂ ਦੇ ਲੁਧਿਆਣਾ ਸਥਿਤ ਹਸਪਤਾਲ ਵਿਖੇ ਹੁਣ ਖੁਸ਼ਕ ਅੱਖ ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਫਰਾਂਸ ਦੀ ਆਧੁਨਿਕ ਮਸ਼ੀਨ ਨਾਲ ਸਪੈਸ਼ਲ ਜਾਂਚ ਅਤੇ ਲੇਜ਼ਰ ਟ੍ਰੀਟਮੈਂਟ ਦੀ ਸੁਵਿਧਾ ਉਪਲੱਬਧ ਹੈ। ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ। ਸੋ ਲੋੜਵੰਦ ਮਰੀਜ਼ ਇਨ੍ਹਾਂ ਸਹੂਲਤਾਂ ਦਾ ਲਾਭ ਵੀ ਉਠਾ ਸਕਦੇ ਹਨ।

ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਹਠੂਰ,24,ਸਤੰਬਰ-(ਕੌਸ਼ਲ ਮੱਲ੍ਹਾ)-ਸੈਂਟਰ ਪੱਧਰੀ ਮੁਕਾਬਲਿਆਂ ਵਿੱਚੋ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਚਕਰ ਦੀ ਐਸ ਐਮ ਸੀ ਕਮੇਟੀ ਅਤੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਇਸ ਸਕੂਲ ਦੇ ਵਿਿਦਆਰਥੀ ਸਹਿਜਪ੍ਰੀਤ ਸਿੰਘ ਕਲਾਸ ਤੀਜੀ ਨੇ 400 ਮੀਟਰ ਰੇਸ ਵਿਚੋ ਪਹਿਲਾ ਸਥਾਨ ਅਤੇ ਵਿਿਦਆਰਥਣ ਕੋਮਲਪ੍ਰੀਤ ਕੌਰ ਕਲਾਸ ਪੰਜਵੀਂ ਨੇ ਰੱਸੀ ਟੱਪਣ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਸਕੂਲ ਅਤੇ ਪਿੰਡ ਚਕਰ ਦਾ ਨਾਮ ਰੌਸਨ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਵਿਿਦਆਰਥੀ ਹੁਣ ਆਉਣ ਵਾਲੇ ਦਿਨਾਂ ਵਿਚ ਪਿੰਡ ਸਹਿਬਾਜਪੁਰਾ ਵਿਚ ਹੋਣ ਵਾਲੀਆ ਬਲਾਕ ਪੱਧਰੀ ਖੇਡਾਂ ਵਿਚ ਭਾਗ ਲੈਣਗੇ।ਇਸ ਮੌਕੇ ਇਨ੍ਹਾ ਦੋਵੇ ਬੱਚਿਆ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਵੱਲੋਂ ਯਾਦਗਾਰੀ ਚਿੰਨ ਅਤੇ ਨਗਦ ਰਾਸੀ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਕੱਤਰ ਪਰਮਜੀਤ ਸਿੰਘ,ਚੇਅਰਮੈਨ ਜਸਵੀਰ ਸਿੰਘ,ਸੁਖਵਿੰਦਰ ਸਿੰਘ,ਮੈਡਮ ਰਾਜਨਪ੍ਰੀਤ ਕੌਰ,ਮੈਡਮ ਬਲਵਿੰਦਰ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ ਅਤੇ ਹੋਰ।

ਸੀ ਪੀ ਆਈ (ਐਮ) ਦਾ ਕਾਫਲਾ ਜਲੰਧਰ ਲਈ ਰਵਾਨਾ

ਹਠੂਰ,24,ਸਤੰਬਰ-(ਕੌਸ਼ਲ ਮੱਲ੍ਹਾ)- ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਰਮੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਵਿਸਾਲ ਰੈਲੀ ਵਿਚ ਸਮੂਲੀਅਤ ਕਰਨ ਲਈ ਅੱਜ ਸੀ ਪੀ ਆਈ (ਐਮ) ਤਹਿਸੀਲ ਜਗਰਾਉ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਆਪਣੇ ਸੈਕੜੇ ਸਾਥੀਆ ਨਾਲ ਜਲੰਧਰ ਲਈ ਰਵਾਨਾ ਹੋਏ।ਇਸ ਮੌਕੇ ਉਨ੍ਹਾ ਕਿਹਾ ਕਿ ਇਹ ਰੈਲੀ ਪੰਜਾਬ ਦੀ ‘ਆਪ’ ਸਰਕਾਰ ਅਤੇ ਕੇਂਦਰ ਦੀ ‘ਬੀ ਜੇ ਪੀ’ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਨੂੰ ਨੰਗਾ ਕਰੇਗੀ ਅਤੇ ਸੂਬਾ ਵਾਸੀਆ ਨੂੰ ਲਾਲ ਝੰਡੇ ਥੱਲੇ ਇਕੱਠਾ ਹੋਣ ਲਈ ਲਾਮਬੰਦ ਕਰੇਗੀ।ਇਸ ਮੌਕੇ ਉਨ੍ਹਾ ਨਾਲ ਅੰਮ੍ਰਿਤਪਾਲ ਸਿੰਘ,ਸੁਖਦੀਪ ਸਿੰਘ,ਜਸਵੀਰ ਸਿੰਘ,ਰਾਜਦੀਪ ਸਿੰਘ,ਹਾਕਮ ਸਿੰਘ ਡੱਲਾ,ਹਰਮਿੰਦਰ ਸਿੰਘ,ਸੁਖਪਾਲ ਸਿੰਘ,ਬੂਟਾ ਸਿੰਘ ਹਾਸ,ਭਰਪੂਰ ਸਿੰਘ,ਪਰਮਜੀਤ ਸਿੰਘ,ਬਲਦੇਵ ਸਿੰਘ,ਮੁੱਖਤਿਆਰ ਸਿੰਘ,ਰਵਿੰਦਰ ਸਿੰਘ,ਜਗਜੀਤ ਸਿੰਘ,ਮਨਪ੍ਰੀਤ ਸਿੰਘ,ਅਕਾਸਦੀਪ ਸਿੰਘ,ਜੋਗਿੰਦਰ ਸਿੰਘ,ਲਖਵੀਰ ਸਿੰਘ,ਭਾਗ ਸਿੰਘ,ਪਰਮਜੀਤ ਸਿੰਘ,ਪਾਲ ਸਿੰਘ,ਸੁਖਦੇਵ ਸਿੰਘ ਆਦਿ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸਨ:-ਜਗਰਾਉ ਤੋ ਜਲੰਧਰ ਲਈ ਕਾਫਲਾ ਰਵਾਨਾ ਹੁੰਦਾ ਹੋਇਆ।

ਸੈਟਰ ਪੱਧਰੀ ਖੇਡਾ ਵਿਚ ਮੱਲ੍ਹਾ ਦੇ ਖਿਡਾਰੀਆ ਨੇ ਮੱਲਾ ਮਾਰੀਆ

ਹਠੂਰ,24,ਸਤੰਬਰ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲਾ ਦੀਆ ਸੈਟਰ ਪੱਧਰੀ ਖੇਡਾ ਸਰਕਾਰੀ ਪ੍ਰਾਇਮਰੀ ਸਕੂਲ ਕਾਉਕੇ ਕਲਾਂ ਦੀ ਗਰਉਡ ਵਿਚ ਹੋਈਆ।ਇਨ੍ਹਾ ਖੇਡਾ ਵਿਚ ਇਲਾਕੇ ਦੇ ਨੌ ਪਿੰਡਾ ਦੇ ਸਰਕਾਰੀ ਸਕੂਲਾ ਦੇ ਵਿਿਦਆਰਥੀਆ ਨੇ ਭਾਗ ਲਿਆ।ਜਿਨ੍ਹਾ ਵਿਚ ਪਿੰਡ ਮੱਲ੍ਹਾ ਦੇ ਖਿਡਾਰੀਆ ਨੇ ਮੁੱਢਲੀਆ ਪੁਜੀਸਨਾ ਪ੍ਰਾਪਤ ਕੀਤੀਆ।ਇਸ ਸਬੰਧੀ ਜਾਣਕਾਰੀ ਦਿੰਦਿਆ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ)ਦੇ ਮੁੱਖ ਅਧਿਆਪਕਾ ਮੈਡਮ ਸੋਨੀਆ ਰਾਣੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆ)ਦੇ ਮੁੱਖ ਅਧਿਆਪਕਾ ਮੈਡਮ ਸੈਲੀ ਜਗਰਾਉ ਨੇ ਦੱਸਿਆ ਕਿ 400 ਮੀਟਰ ਰੇਸ ਵਿਚ ਆਰਤੀ ਨੇ ਪਹਿਲਾ ਸਥਾਨ,ਜਸਪ੍ਰੀਤ ਕੌਰ ਨੇ ਦੂਜਾ ਸਥਾਨ,ਚਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਰੱਸਾ ਕੁੱਦਣ ਵਿਚ ਕੋਮਲਪ੍ਰੀਤ ਕੌਰ ਨੇ ਪਹਿਲਾ,ਸਿਮਰਨ ਕੌਰ ਨੇ ਦੂਜਾ ਅਤੇ ਸੋਨਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਗੋਲਾ ਸੁੱਟਣ ਵਿਚ ਅਰਤੀ ਨੇ ਦੂਜਾ ਸਥਾਨ,ਲੋਗ ਜੰਪ ਵਿਚ ਮਨਪ੍ਰੀਤ ਕੌਰ ਨੇ ਦੂਜਾ ਸਥਾਨ,ਰੇਸ 100 ਮੀਟਰ ਵਿਚ ਸੁਖਪ੍ਰੀਤ ਕੌਰ ਨੇ ਦੂਜਾ ਸਥਾਨ,ਰੇਸ 200 ਮੀਟਰ ਅਮਨਜੋਤ ਕੌਰ ਨੇ ਦੂਜਾ ਸਥਾਨ,ਰਿਲੇਅ ਰੇਸ ਵਿਚ ਲੜਕੇ-ਲੜਕੀਆ ਨੇ ਦੂਜਾ ਸਥਾਨ,ਰੱਸਾ ਕਸੀ ਵਿਚ ਲੜਕੇ ਦੂਜਾ ਸਥਾਨ,ਖੋ-ਖੋ ਅਤੇ ਕਬੱਡੀ ਵਿਚ ਲੜਕੇ-ਲੜਕੀਆ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਕੂਲਾ ਦਾ ਨਾਮ ਰੌਸਨ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਪੁਜੀਸਨਾ ਪ੍ਰਾਪਤ ਕਰਨ ਵਾਲੇ ਖਿਡਾਰੀਆ ਨੂੰ ਆਉਣ ਵਾਲੇ ਦਿਨਾ ਵਿਚ ਗ੍ਰਾਮ ਪੰਚਾਇਤ ਮੱਲ੍ਹਾ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਹ ਪੁਜੀਸਨਾ ਪ੍ਰਾਪਤ ਕਰਨ ਵਾਲੇ ਖਿਡਾਰੀ ਅਕਤੂਬਰ ਮਹੀਨੇ ਵਿਚ ਪਿੰਡ ਕਾਉਕੇ ਕਲਾਂ ਵਿਖੇ ਹੋਣ ਵਾਲੀਆ ਬਲਾਕ ਪੱਧਰੀ ਖੇਡਾ ਵਿਚ ਭਾਗ ਲੈਣਗੇ।ਇਸ ਮੌਕੇ ਇਨ੍ਹਾ ਜੇਂਤੂ ਖਿਡਾਰੀਆ ਨੂੰ ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਜਗਜੀਤ ਸਿੰਘ ਖੇਲਾ, ਸੁਖਵਿੰਦਰ ਸਿੰਘ,ਜਗਦੀਪ ਸਿੰਘ ਕੋਚ,ਲਖਵੀਰ ਸਿੰਘ,ਜਗਦੀਸ ਸਿੰਘ,ਗੁਰਪ੍ਰੀਤ ਕੌਰ,ਪਰਮਜੀਤ ਕੌਰ ਨੇ ਮੁਬਾਰਕਾ ਦਿੱਤੀਆ।
ਫੋਟੋ ਕੈਪਸਨ:-ਜਿੱਤੇ ਹੋਏ ਖਿਡਾਰੀ ਮੈਡਲ ਦਿਖਾਉਦੇ ਹੋਏ।

ਸ੍ਰੀ ਰਾਮ ਕਾਲਜ ਡੱਲਾ ਦਾ ਬੀ ਕਾਮ ਭਾਗ ਦੂਜਾ ਦਾ ਨਤੀਜਾ ਸਾਨਦਾਰ ਰਿਹਾ

ਹਠੂਰ,24,ਸਤੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋ ਐਲਾਨੇ ਗਏ ਬੀ ਕਾਮ ਭਾਗ ਦੂਜਾ ਵਿਚ ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਦੇ ਵਿਿਦਆਰਥੀਆ ਨੇ ਬਾਜੀ ਮਾਰੀ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾਂ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ 72.14 ਪ੍ਰਤੀਸਤ ਅੰਕ,ਜਸਪ੍ਰੀਤ ਕੌਰ ਨੇ 71.66 ਪ੍ਰਤੀਸਤ ਅੰਕ ਅਤੇ ਸੁਮਨਦੀਪ ਕੌਰ ਨੇ 71.16 ਪ੍ਰਤੀਸਤ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸਨ ਕੀਤਾ ਹੈ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵਿਿਦਆਰਥੀਆ ਨੂੰ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਤੇ ਮੁਬਾਰਕਾ ਦਿੰਦਿਆ ਕਿਹਾ ਕਿ ਇਸ ਦਾ ਸਿਹਰਾ ਕਾਲਜ ਦੇ ਸਟਾਫ ਅਤੇ ਵਿਿਦਆਰਥੀਆ ਦੀ ਸਖਤ ਮਿਹਨਤ ਨੂੰ ਜਾਦਾ ਹੈ।ਉਨ੍ਹਾ ਦੂਜੇ ਵਿਿਦਆਰਥੀਆ ਨੂੰ ਵੀ ਮੱੁਢਲੀਆ ਪੁਜੀਸਨਾ ਪ੍ਰਾਪਤ ਕਰਨ ਲਈ ਪ੍ਰੇਰਤ ਕੀਤਾ।ਇਸ ਮੌਕੇ ਉਨ੍ਹਾ ਨਾਲ ਮਾ:ਅਵਤਾਰ ਸਿੰਘ,ਮਾ: ਭਗਵੰਤ ਸਿੰਘ,ਪ੍ਰਭਜੀਤ ਸਿੰਘ ਅੱਚਰਵਾਲ,ਕਿਰਨਜੀਤ ਸਿੰਘ,ਪਰਮਿੰਦਰ ਕੌਰ,ਹਰਵਿੰਦਰ ਸ਼ਰਮਾਂ,ਕਾਲਜ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।
ਫੋਟੋ ਕੈਪਸਨ:-ਮੱੁਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਦੀਆ ਤਸਵੀਰਾ।

ਜੋਧਾਂ-ਰਤਨ ਬਜ਼ਾਰ ‘ਚ ਲੋਕਾਂ ਵੱਲੋਂ ਰੋਹ ਭਰਪੂਰ ਰੋਸ ਪ੍ਰਦਰਸ਼ਨ 

“ਮਾਮਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਬਣਵਾਉਣ ਦਾ”

16 ਨਵੰਬਰ ਨੂੰ ਸ਼ਹੀਦੀ ਦਿਹਾੜੇ ਤੋਂ ਪਹਿਲਾ ਸੜਕ ਦਾ ਮੁੜ ਨਿਰਮਾਣ ਨਾ ਕੀਤਾ ਤਾਂ ਵਿਢਾਂਗੇ ਵੱਡਾ ਸੰਘਰਸ਼ : ਆਗੂ

ਜੋਧਾਂ /ਸਰਾਭਾ 24 ਸਤੰਬਰ (ਦਲਜੀਤ ਸਿੰਘ ਰੰਧਾਵਾ / ਰਾਜੀ ਦੋਲੋ) ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ-ਸਰਾਭਾ ਨੂੰ ਜਾਂਦੀ ਸੜਕ ਜਿਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਹੈ। ਇਸ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸੜਕ ਤੇ ਪਏ ਟੋਇਆਂ ਕਾਰਨ ਲੋਕਾ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਸੜਕ ਬਣਵਾਉਣ ਲਈ ਇਲਾਕੇ ਦੇ ਲੋਕਾ ਵੱਲੋਂ ਵਰਦੇ ਮੀਂਹ ਵਿੱਚ ਮੀਟਿੰਗ ਕਰਕੇ ਕੁੰਭਕਰਨੀ ਨੀਂਦ ਸੁੱਤੀ ਪਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸ਼ਹੀਦ ਸਰਾਭਾ ਤੇ ਉਹਨਾਂ ਦੇ ਸਾਥੀਆਂ ਦੇ 16 ਨਵੰਬਰ ਨੂੰ ਸ਼ਹੀਦੀ ਦਿਹਾੜੇ ਤੋਂ ਪਹਿਲਾ ਸੜਕ ਦਾ ਮੁੜ ਨਿਰਮਾਣ ਨਾ ਕੀਤਾ ਤਾਂ ਵੱਡਾ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਜ਼ੁੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹਾਜਰ ਪੰਚਾਇਤਾਂ, ਸਪੋਰਟਸ ਕਲੱਬਾਂ, ਜਨਤਕ ਜਥੇਬੰਦੀਆਂ, ਸਮਾਜਸੇਵੀ ਤੇ ਧਾਰਮਿਕ ਸੰਗਠਨਾਂ, ਬਜ਼ਾਰ ਦੇ ਦੁਕਾਨਦਾਰਾਂ ਨੇ ਸ਼ਹੀਦ ਸਰਾਭਾ ਮਾਰਗ ਬਣਵਾਉਣ ਲਈ ਰਤਨ-ਜੋਧਾਂ ਬਜ਼ਾਰ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਅਸਥਾਨ ਤੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ। ਅੱਜ ਦੀ ਮੀਟਿਗ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋ, ਜਨਵਾਦੀ ਇਸਤਰੀ ਸਭਾ ਦੀ ਆਗੂ ਸੁਖਵਿੰਦਰ ਕੌਰ ਸੁੱਖੀ ਜੋਧਾ, ਡਾਕਟਰ ਅਜੀਤ ਰਾਮ ਸ਼ਰਮਾ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਡਾਕਟਰ ਪ੍ਰਦੀਪ ਜੋਧਾਂ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਮਹਾਨ ਸ਼ਹੀਦ ਸਰਾਭਾ ਦੇ ਨਾਮ ਤੇ ਬਣੀ ਇਹ ਸੜਕ ਬਣਨ ਸਾਰ ਹੀ ਟੁੱਟਣੀ ਸੁਰੂ ਹੋ ਗਈ ਸੀ ਹੁਣ ਇਸ ਵਿੱਚ ਡੂੰਘੇ-ਡੂੰਘੇ ਟੋਏ ਪੈ ਚੁੱਕੇ ਹਨ। ਜਿਸ ਕਾਰਨ ਹਰ ਰੋਜ ਹਾਦਸੇ ਹੋ ਰਹੇ ਹਨ। ਪਰ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਇਸ ਸੜਕ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਸੜਕ ਨੂੰ ਬਣਵਾਉਣ ਲਈ ਇਲਾਕੇ ਦੇ ਨਗਰਾਂ ਦੀਆਂ ਪੰਚਾਇਤਾਂ, ਲੋਕਾ ਦੇ ਦਸਤਖਤ ਕਰਵਾਕੇ ਸੜਕ ਬਣਵਾਉਣ ਦੀ ਮੁਹਿੰਮ ਚਲਾਈ ਜਾਵੇਗੀ। ਜੇ ਕਰ ਸਰਕਾਰ ਨੇ ਗੱਲ ਨਾ ਸੁਣੀ ਤਾਂ ਅੰਦੋਲਨ ਸੁਰੂ ਕੀਤਾ ਜਾਵੇਗਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਸਹਿਜਾਦ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਓਮ ਪ੍ਰਕਾਸ਼ ਸਾਬਕਾ ਪੰਚ ਜੋਧਾਂ, ਦਵਿੰਦਰ ਸਿੰਘ, ਜਨਵਾਦੀ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਕਰਮਜੀਤ ਕੌਰ ਗਰੇਵਾਲ਼, ਡਾ. ਕਮਲ ਰਤਨ, ਸੁਖਵਿੰਦਰ ਕੌਰ ਸੁੱਖੀ ਜੋਧਾਂ, ਅਮਨਦੀਪ ਕੌਰ, ਰਜਿੰਦਰ ਕੌਰ, ਹਰਵਿੰਦਰ ਕੌਰ ਗਰੇਵਾਲ਼, ਮੋਨਿਕਾ ਢਿੱਲੋ, ਪਰਮਜੀਤ ਕੌਰ, ਰਤਨ-ਜੋਧਾਂ ਬਜ਼ਾਰ ਦੇ ਆਗੂ ਜਸਵੰਤ ਸਿੰਘ, ਜੁਝਾਰ ਸਿੰਘ, ਬਲਦੇਵ ਸਿੰਘ ਦੇਵ ਸਰਾਭਾ, ਡਾ.ਜਸਮੇਲ ਸਿੰਘ ਗਿੱਲ, ਡਾ. ਸੰਤੋਖ ਸਿੰਘ ਮਨਸੂਰਾਂ, ਗੁਲਜ਼ਾਰ ਸਿੰਘ ਜੜਤੌਲੀ, ਮੋਹਣਜੀਤ ਸਿੰਘ, ਨੱਛਤਰ ਸਿੰਘ, ਮੱਘਰ ਸਿੰਘ ਖੰਡੂਰ, ਰਕੇਸ਼ ਕੁਮਾਰ, ਆਦਿ ਹਾਜ਼ਰ ਸਨ।