You are here

ਪੰਜਾਬ

ਸ਼ੂਗਰ ਨਾਲ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਅਤੇ

ਖੁਸ਼ਕ ਅੱਖ ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਜਾਂਚ ਕੈਂਪ ਅੱਜ

ਜੋਧਾਂ / ਸਰਾਭਾ 24 ਸਤੰਬਰ ( ਦਲਜੀਤ ਸਿੰਘ ਮੋਹੀ )ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਦੀ ਟੀਮ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਸਕੂਲ, ਧੂਰੀ ਲਾਈਨ, ਨੇੜੇ ਵਿਸ਼ਵਕਰਮਾਂ ਚੌਂਕ, ਲੁਧਿਆਣਾ ਵਿੱਖੇ ਸ਼੍ਰੀ ਸੋਮਨਾਥ ਸੂਦ ਅਤੇ ਸਮੂਹ ਪਰਿਵਾਰ ਵਲੋਂ ਮਿਤੀ 25 ਸਤੰਬਰ 2022 ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਐਮ. ਡੀ. (ਸਟੇਟ ਅਵਾਰਡੀ) ਅਤੇ ਸਮੂਹ ਟੀਮ ਦੁਆਰਾ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਜਾਵੇਗਾ।ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਕੈਂਪ ਦੌਰਾਨ ਖੁਸ਼ਕ ਅੱਖ (Dry Eye) ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਸਪੈਸ਼ਲ ਜਾਂਚ, ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ, ਚਿੱਟਾ ਮੋਤੀਆ, ਕਾਲਾ ਮੋਤੀਆ, ਅੱਖਾਂ ਦਾ ਟੇਡਾਪਣ, ਅੱਖਾਂ ਦੀਆਂ ਪਲਕਾਂ ਦੀ ਸਪੈਸ਼ਲ ਜਾਂਚ ਅਤੇ ਬਦਲਦੇ ਮੌਸਮ ਕਾਰਨ ਅੱਖਾਂ ਦੀ ਅਲੱਰਜੀ ਦੀ ਸਪੈਸ਼ਲ ਜਾਂਚ ਅੱਖਾਂ ਦੇ ਮਾਹਿਰ ਡਾਕਟਰ ਸਹਿਬਾਨਾਂ ਅਤੇ ਸਮੂਹ ਟੀਮ ਦੁਆਰਾ ਕੀਤੀ ਜਾਵੇਗੀ।ਜੇਕਰ ਤੁਸੀਂ ਦਿਨ ਵਿੱਚ ਤਿੰਨ ਘੰਟੇ ਤੋਂ ਵੱਧ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਆਪ ਜੀ ਇਸ ਕੈਂਪ ਦਾ ਲਾਭ ਜਰੂਰ ਉਠਾਓ ਜੀ।ਉਨ੍ਹਾਂ ਅਗੇ ਦੱਸਿਆ ਕਿ ਹੁਣ ਉਹਨਾਂ ਦੇ ਲੁਧਿਆਣਾ ਸਥਿਤ ਹਸਪਤਾਲ ਵਿਖੇ ਹੁਣ ਖੁਸ਼ਕ ਅੱਖ (Dry Eye)  ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਫਰਾਂਸ ਦੀ ਆਧੁਨਿਕ ਮਸ਼ੀਨ ਨਾਲ ਸਪੈਸ਼ਲ ਜਾਂਚ ਅਤੇ ਲੇਜ਼ਰ ਟ੍ਰੀਟਮੈਂਟ ਦੀ ਸੁਵਿਧਾ ਉਪਲੱਬਧ ਹੈ। ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ।ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ। ਸੋ ਲੋੜਵੰਦ ਮਰੀਜ਼ ਇਨ੍ਹਾਂ ਸਹੂਲਤਾਂ ਦਾ ਲਾਭ ਵੀ ਉਠਾ ਸਕਦੇ ਹਨ।

ਡੀਸੀ ਲੁਧਿਆਣਾ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ

ਕਿਸਾਨ ਪਰਾਲੀ ਦੇ ਨਿਬੇੜੇ ਲਈ ਇਨ-ਸੀਟੂ ਫਸਲ ਪ੍ਰਬੰਧਨ ਅਪਣਾਉਣ - ਸੁਰਭੀ ਮਲਿਕ

ਲੁਧਿਆਣਾ, 25 ਸਤੰਬਰ (ਦਲਜੀਤ ਸਿੰਘ ਮੋਹੀ ) - ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਕਿ ਅਗਲੇ 40 ਦਿਨਾਂ ਤੱਕ ਪਿੰਡ-ਪਿੰਡ ਜਾ ਕੇ ਪਰਾਲੀ ਸਾੜਨ ਦੇ ਘਾਤਕ ਸਿੱਟਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੀਆਂ।ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਤੋਂ ਵੈਨਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਨਾਂ ਵਿੱਚ ਆਡੀਓ ਸੰਦੇਸ਼ ਲਗਾਏ ਗਏ ਹਨ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਲਾਹੇਵੰਦ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਸਾੜਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਜੇਕਰ ਖੇਤ ਵਿੱਚ ਅਤਿ-ਆਧੁਨਿਕ ਉਪਕਰਨਾਂ ਦੀ ਮਦਦ ਨਾਲ ਕਟਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਵਾਤਾਵਰਨ ਲਈ ਬਹੁਤ ਵੱਡਾ ਖਤਰਾ ਹੈ ਅਤੇ ਇਸ ਤੋਂ ਹਰ ਹੀਲੇ ਬਚਾਅ ਕਰਨਾ ਸਮੇਂ ਦੀ ਲੋੜ ਹੈ।ਸ੍ਰੀਮਤੀ ਮਲਿਕ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਅਤਿ-ਆਧੁਨਿਕ ਵੈਨਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਲੋੜ ਬਾਰੇ ਜਾਗਰੂਕ ਕਰਨ ਲਈ ਸਹਾਇਕ ਸਿੱਧ ਹੋਣਗੀਆਂ। ਉਨ੍ਹਾਂ ਖੇਤੀਬਾੜੀ ਵਿਭਾਗ, ਪੀ.ਪੀ.ਸੀ.ਬੀ., ਸਹਿਕਾਰੀ ਸਭਾਵਾਂ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਸਿੱਖਿਆ ਅਤੇ ਹੋਰਾਂ ਨੂੰ ਪਿੰਡਾਂ ਵਿੱਚ ਜਨਤਕ ਮੀਟਿੰਗਾਂ, ਸੈਮੀਨਾਰ, ਜਨਤਕ ਘੋਸ਼ਣਾਵਾਂ ਜਾਂ ਹੋਰ ਤਰੀਕਿਆਂ ਨਾਲ ਜੰਗੀ ਪੱਧਰ 'ਤੇ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਲਈ ਵੀ ਕਿਹਾ। ਉਨ੍ਹਾਂ ਇਹ ਵੀ ਦੁਹਰਾਇਆ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਸੁਚਾਰੂ ਢੰਗ ਨਾਲ ਨਿਪਟਣ ਲਈ ਖੇਤੀ ਸੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦੇ ਪ੍ਰਬੰਧਨ ਲਈ ਇਨ੍ਹਾਂ ਮਸ਼ੀਨਾਂ ਨੂੰ ਬੁੱਕ ਕਰਨ ਲਈ ਆਈ-ਖੇਤ ਐਪ ਦੀ ਵਰਤੋਂ ਕਰਨ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਨਜੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ।

ਮਿਤੀ 24-09-2022 ਨੂੰ 11 ਕੇ ਵੀ ਫੀਡਰ ਮਿਲ ਨੰ 3 ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ 23 ਸਤੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਬਿਜਲੀ ਸਪਲਾਈ ਮੁਰੰਮਤ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮੁਰੰਮਤ ਹੋਣ ਕਾਰਨ ਬੰਦ ਰਹੇਗੀ, ਜਿਹੜੇ ਏਰੀਏ ਪ੍ਰਭਾਵਿਤ ਰਹਿਣਗੇ ਉਹ ਹਨ ਰੋਇਲ ਵਿਲਾ ਕਲੋਨੀ, ਲੁਧਿਆਣਾ ਰੋਡ ਪਿੰਡ ਅਲੀਗੜ੍ਹ, ਪਿੰਡ ਸਿੱਧਵਾਂ ਕਲਾਂ, ਸਿੱਧਵਾਂ ਖ਼ੁਰਦ, ਅਮ੍ਰਿਤ ਆਇਲ ਕੈਮੀਕਲ, ਇਹ ਸਾਰੇ ਏਰੀਏ ਬਿਜਲੀ ਮੁੰਰਮਤ ਕਾਰਨ ਬੰਦ ਰਹਿਣਗੇ।

HSGPC ਐਕਟ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਬਲੂ ਸਟਾਰ ਨਾਲੋਂ ਵੀ ਵੱਡਾ ਹਮਲਾ

ਧਾਮੀ ਨੇ ਕਿਹਾ- ਫ਼ੈਸਲਾ ਦੇਣ ਵਾਲੇ ਜੱਜਾਂ 'ਚੋਂ ਇਕ RSS ਨਾਲ ਜੁੜਿਆ

ਜਗਰਾਉਂ/ ਚੰਡੀਗੜ੍ਹ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ )ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਬਲੂ ਸਟਾਰ ਨਾਲੋਂ ਵੀ ਵੱਡਾ ਹਮਲਾ ਹੈ। ਇਹ ਸਿੱਖ ਧਰਮ ਦੀ ਰੂਹ 'ਤੇ ਕੀਤਾ ਗਿਆ ਹਮਲਾ ਹੈ। 30 ਸਤੰਬਰ ਨੂੰ ਜਨਰਲ ਇਜਲਾਸ / ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੀਟਿੰਗ ਬੁਲਾਈ ਹੈ।  SGPC ਦੀ ਅੰਤ੍ਰਿਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹ‍ਾ ਕਿ ਸਿੱਖਾਂ ਨੇ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ 'ਚ ਬਹੁਤ ਮੋਰਚੇ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੋਰਚੇ ਆਜ਼ਾਦੀ ਸੰਘਰਸ਼ ਵਿਚ ਵੱਡਾ ਯੋਗਦਾਨ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦਾ ਯਤਨ ਕੀਤਾ। ਉਨ੍ਹਾਂ ਕਿਹ‍ਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ 'ਚ ਵੱਖਰੀ ਕਮੇਟੀ ਬਣਾਉਣ ਲਈ ਹਲਫ਼ੀਆ ਬਿਆਨ ਦਿੱਤਾ।  ਉਨ੍ਹਾਂ ਕਿਹਾ ਕਿ 1925 ਦਾ Act ਕ‍ਾਇਮ ਹੈ ਪਰ ਇਸਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖਾਂ ਵਿਚ ਵੰਡੀ ਪਾਉਣ ਨਹੀਂ ਦਿੱਤੀ ਜਾਵੇਗੀ। ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ । ਉਹਨਾਂ ਕਿਹ‍ਾ ਕਿ ਅੰਤ੍ਰਿਗ ਕਮੇਟੀ ਨੇ ਸੁਪਰੀਮ ਕੋਰਟ ਦ‍ਾ ਫੈਸਲਾ ਸਰਬ ਸੰਮਤੀ ਨਾਲ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹ‍ਾ ਕਿ ਸਿਰਫ਼ ਕੇਂਦਰ ਸਰਕ‍ਾਰ SGPC ਵਲੋਂ ਪਾਸ ਮਤੇ ਅਨੁਸਾਰ ਹੀ ਨਿਯਮਾਂ 'ਚ ਸੋਧ ਕਰ ਸਕਦੀ ਹੈ। ਉਨ੍ਹਾਂ ਕਿਹ‍ਾ ਕਿ 1925 ਗੁਰਦੁਆਰਾ ਐਕਟ ਰਾਜਾਂ ਦੇ ਸੋਧ 'ਚ ਨਹੀਂ ਆਉਂਦਾ। ਉਨ੍ਹਾਂ ਕਿਹ‍ਾ ਕਿ ਭਾਜਪਾ-RSS ਵੀ ਕਾਂਗਰਸ ਦੇ ਰਾਹ 'ਤੇ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਖਰਾ ਐਕਟ ਪਾਸ ਕਰ ਕੇ ਸਿੱਖਾਂ 'ਚ ਵੰਡੀਆਂ ਪਾਈਆਂ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹ‍ਾ ਕਿ ਫੈਸਲਾ ਦੇਣ ਵਾਲੇ ਜੱਜਾਂ 'ਚੋਂ ਇਕ ਸਿੱਧੇ ਤੌਰ 'ਤੇ RSS ਨਾਲ ਜੁੜਿਆ ਹੋਇਆ ਹੈ। ਹਰਿਆਣਾ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ SGPC ਕੋਲ ਰਾਖਵਾਂ ਹੈ। ਉਨ੍ਹਾਂ ਕਿਹਾ ਕਿ SGPC ਰੀਵਿਊ ਪਟੀਸ਼ਨ ਦਾਇਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਰਾਜਨੀਤੀ ਤੋਂ ਪ੍ਰਭਾਵਿਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਰਿਆਣਾ ਨੇ ਵੱਖਰਾ ਗੁਰਦੁਆਰਾ ਐਕਟ ਬਣਾ ਲਿਆ ਹੈ ਪਰ 1925 ਦਾ ਐਕਟ ਜਿਉਂ ਦਾ ਤਿਉਂ ਖੜ੍ਹਾ ਹੈ। ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚਾਰ ਗੁਰਦੁਆਰਾ ਸਾਹਿਬ ਹਨ ਜਦਕਿ ਬਾਕੀ 52 ਦਾ ਪ੍ਰਬੰਧ SGPC ਕੋਲ ਹੈ। ਧਾਮੀ ਨੇ ਖਦਸ਼ਾ ਪ੍ਰਗਟ ਕੀਤਾ ਕਿ ਸੁਪਰੀਮ ਕੋਰਟ 'ਚ ਸਿੱਖਾਂ ਦੇ ਘੱਟ ਗਿਣਤੀਆਂ ਬਾਰੇ ਪਟੀਸ਼ਨ ਪੈਂਡਿੰਗ ਪਈ ਹੈ, ਉਸ ਵਿਚ ਵੀ ਸੁਪਰੀਮ ਕੋਰਟ ਕੋਈ ਗਲਤ ਫੈਸਲਾ ਨਾ ਕਰ ਦੇਵੇ। ਧਾਮੀ ਨੇ ਖ਼ਦਸ਼ਾ ਪ੍ਰਗਟਾਇਆ ਕਿ ਸੁਪਰੀਮ ਕੋਰਟ ਵਿਚ ਸਿੱਖਾਂ ਦੇ ਘੱਟ ਗਿਣਤੀਆਂ ਬਾਰੇ ਪਟੀਸ਼ਨ ਪੈਡਿੰਗ ਪਈ ਹੈ, ਉਸ ਵਿਚ ਵੀ ਸੁਪਰੀਮ ਕੋਰਟ ਕੋਈ ਗਲਤ ਫੈਸਲਾ ਨਾ ਕਰ ਦੇਵੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਗੁਰਦੁਆਰਾ ਸਾਹਿਬ ਦੀ ਸੰਭਾਲ ਨੂੰ ਲੈ ਕੇ ਕੋਈ ਝਗੜਾ ਨਹੀਂ ਹੈ। ਸਿੱਖਾਂ ਨੇ ਸਕਤੀਸ਼ਾਲੀ ਇੰਦਰਾ ਗਾਂਧੀ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਕਿਹਾ ਕਿ ਕਾਂਗਰਸ , ਭਾਜਪਾ ਤੇ 'ਆਪ' ਮਿਲ ਕੇ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਲੱਗੇ ਹੋਏ ਹਨ।

NGT ਦੀ ਸਖ਼ਤ ਕਾਰਵਾਈ ! ਪੰਜਾਬ ਸਰਕਾਰ ਨੂੰ ਲਾਇਆ 2080 ਕਰੋੜ ਰੁਪਏ ਦਾ ਜੁਰਮਾਨਾ

 ਚੰਡੀਗੜ੍ਹ , (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਪੰਜਾਬ ਸਰਕਾਰ 'ਤੇ 2080 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਐੱਨਜੀਟੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੇਸਟ ਮੈਨੇਜਮੈਂਟ ਮੈਕੇਨਿਜ਼ਮ ਬਣਾਉਣ 'ਚ ਨਾਕਾਮ ਰਹੀ। 2018 ਦੇ ਕਈ ਹੁਕਮ ਪਾਸ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਐੱਨਜੀਟੀ ਨੇ ਆਪਣੇ ਫ਼ੈਸਲੇ 'ਚ ਕਿਹਾ ਹੈ ਕਿ ਪੰਜਾਬ 2014 ਤੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਰਾਲਿਆਂ ਲਈ ਕਾਨੂੰਨੀ ਮਿਆਦ ਦੀ ਪਾਲਣਾ ਕਰਨ ਵਿਚ ਅਸਫ਼ਲ ਰਿਹਾ ਹੈ। ਇਸ ਦੇ ਨਾਲ ਹੀ ਸੀਵਰੇਜ ਪ੍ਰਬੰਧਨ ਤੇ ਜਲ ਪ੍ਰਦੂਸ਼ਣ ਕੰਟਰੋਲ ਡਿਵਾਈਸ ਲਗਾਉਣ 'ਚ ਅਸਫ਼ਲ ਰਿਹਾ ਹੈ। ਇੰਨਾ ਹੀ ਨਹੀਂ ਐੱਨਜੀਟੀ ਨੇ ਪੰਜਾਬ ਸਰਕਾਰ ਨੂੰ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੋਂ 2080 ਕਰੋੜ ਰੁਪਏ ਦੇ ਜੁਰਮਾਨਾ ਵਸੂਲਣ ਲਈ ਕਿਹਾ ਹੈ।

ਵਿਧਾਇਕ ਮਾਲੇਰਕੋਟਲਾ ਨੇ ਸਵੱਛ ਭਾਰਤ ਅਭਿਆਨ ਤਹਿਤ ਮਾਲੇਰਕੋਟਲਾ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਮਾਲੇਰਕੋਟਲਾ ਰਾਏਕੋਟ ਰੋਡ ਤੋਂ ਕੀਤੀ ਸ਼ੁਰੂਆਤ

 ਮਾਲੇਰਕੋਟਲਾ 23 ਸਤੰਬਰ (ਡਾਕਟਰ ਸੁਖਵਿੰਦਰ )-ਸਵੱਛ ਭਾਰਤ ਅਭਿਆਨ ਤਹਿਤ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਮੁਲਕ ਦਾ ਸਾਫ਼ ਸੁਥਰਾ ਸੂਬਾ ਬਣਾਉਣ ਦਾ ਬੀੜਾ ਉਠਾਇਆ ਗਿਆ । ਮੁੱਖ ਮੰਤਰੀ  ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਇਆ ਜਾਵੇ । ਇਸ ਸੁਪਨੇ ਦੀ ਪੂਰਤੀ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਪਿਛਲੇ ਦਿਨੀਂ ਮਾਲੇਰਕੋਟਲਾ ਰਾਏਕੋਟ ਰੋਡ ਤੇ ਸਵੱਛ ਭਾਰਤ ਅਭਿਆਨ ਤਹਿਤ ਮਾਲੇਰਕੋਟਲਾ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸ਼ੁਰੂ ਕੀਤੀ ਸਵੱਛਤਾ ਮੁਹਿੰਮ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਦੁਨੀਆ ਦੇ ਵਿਕਸਿਤ ਮੁਲਕਾਂ ਵੱਲੋਂ ਸਾਫ਼ ਸਫ਼ਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਜ਼ਿਲ੍ਹੇ ਦੀ ਸਾਫ਼ ਸਫ਼ਾਈ ਲਈ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਆਪਣੇ ਕੰਮ ਕਰ ਰਹੀਆਂ ਹਨ, ਪਰੰਤੂ ਆਪਣੇ ਆਸ-ਪਾਸ ਦੀ ਸਫ਼ਾਈ ਰੱਖਣਾ ਸਾਡੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਾਫ਼ ਸੁਥਰੇ ਸ਼ਹਿਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਇਸ ਲਈ ਹਰ ਜਾਗਰੂਕ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ । ਇਸ ਲਈ ਸਾਨੂੰ ਸਾਰਿਆ ਨੂੰ ਪੋਲੀਥੀਨ ਨੂੰ ਨਾ ਕਹਿੰਦੇ ਹੋਏ ਇਸ ਦਾ ਪੂਰਨ ਤੌਰ ’ਤੇ ਤਿਆਗ ਕਰਨ ਅਤੇ ਘਰ ਤੋਂ ਖ਼ਰੀਦਦਾਰੀ ਲਈ ਨਿਕਲਦੇ ਸਮੇਂ ਕੱਪੜੇ ਜਾਂ ਜੁਟ ਦਾ ਥੈਲਾ ਲੈ ਕੇ ਨਿਕਲਣਾ ਚਾਹੀਦਾ ਹੈ।ਕਾਰਜ ਸਾਧਕ ਅਫ਼ਸਰ ਸ੍ਰੀ ਮਨਿੰਦਰ ਪਾਲ ਸਿੰਘ ਨੇ ਦੱਸਿਆ  ਜ਼ਿਲ੍ਹਾ ਪ੍ਰਸ਼ਾਸਨ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਜ਼ਮੀਨੀ ਪੱਧਰ 'ਤੇ ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ਾਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਵਿਖੇ ਵੱਖ ਵੱਖ ਸਥਾਨਾਂ ਤੇ ਕਰੀਬ 100 ਟਵਿਨ ਡਸਟਬਿਨ ਲਗਾਏ ਜਾਣਗੇ । ਸਵੱਛ ਭਾਰਤ ਅਭਿਆਨ ਤਹਿਤ ਮਾਲੇਰਕੋਟਲਾ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਦਾ ਸੁਨੇਹਾ ਦੇਣ

ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦੀ ਮੁਹਿੰਮ ਮਹਿਜ਼ ਸਿਆਸੀ ਡਰਾਮੇਬਾਜ਼ੀ,,,  ਫਰਵਾਹੀ,,, ਸਹਿਜੜਾ

ਸੀ. ਪੀ.ਆਈ. (ਐਮ.) ਵਲੋਂ ਵੱਖ-ਵੱਖ ਪਿੰਡਾਂ ਵਿਚ ਜਨਤਕ ਮੀਟਿੰਗਾਂ

ਮਹਿਲ ਕਲਾਂ 23ਸਤੰਬਰ ( ਡਾ. ਸੁਖਵਿੰਦਰ ਬਾਪਲਾ )-  ਸਾਲ 20019ਤੋ ਬਆਦ ਵੱਡੇ ਬੁਹਮੱਤ ਨਾਲ ਸੱਤਾ ਹਾਸਲ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੀਆਂ ਉਦਾਰੀਕਰਨ ਸੰਸਾਰੀਕਰਨ  ਦੀਆਂ ਕਾਰਪੋਰਟੀ , ਸਾਮਰਾਜੀ  ਨੇ ਮਜ਼ਦੂਰ ਕਿਸਾਨ ਲੋਕ ਵਿਰੋਧੀ ਨੀਤੀਆਂ ਦਾ ਕਹਾੜਾ ਚਲਾ ਕੇ ਕਿਰਤੀ ਜਮਾਤ ਦੇ ਰੋਜੀ ਰੋਟੀ ਦੇ ਸਾਧਨਾਂ ਨੂੰ ਖਤਮ ਕੀਤਾ ਹੈ ਇਸ ਦੇ ਵਿਰੁੱਧ ਅੱਜ ਜਲੰਧਰ ਵਿਖੇ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਸੂਬਾ ਪੱਧਰੀ ਰੈਲੀ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ, ਇਹ ਵਿਚਾਰ ਸੀਟੂ ਦੇ ਸੂਬਾ ਆਗੂ ਕਾਮਰੇਡ ਸ਼ੇਰ ਸਿੰਘ ਫਰਵਾਹੀ, ਜਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਸਹਿਜੜਾ ਨੇ ਪਿੰਡ ਹਮੀਦੀ, ਵਜੀਦਕੇ ਖੁਰਦ, ਵਜੀਦਕੇ ਕਲਾਂ,ਚੁਹਾਨਕੇ ਕਲਾਂ,ਚੁਹਾਨਕੇ ਖੁਰਦ, ਠੀਕਰੀਵਾਲਾ, ਸੰਘੇੜਾ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ  ਕਿਹਾ ਕਿ ਰਿਸ਼ਵਤਖ਼ੋਰੀ ਖ਼ਿਲਾਫ਼ ਆਪ ਸਰਕਾਰ ਦੀ ਮੁਹਿੰਮ ਮਹਿਜ਼ ਸਿਆਸੀ ਡਰਾਮੇਬਾਜ਼ੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਦੌਰਾਨ ਮਗਨਰੇਗਾ ਸਕੀਮ ਵਿਚ ਕੀਤੇ ਘਪਲੇ ਦੀ ਜਾਂਚ ਕਰੇ ਅਤੇ ਚੋਣਾਂ ਜਿੱਤਣ ਤੋਂ ਪਹਿਲਾਂ ਕੀਤੇ ਐਲਾਨ ਮੁਤਾਬਿਕ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਵਾਲੀ ਇਸ ਸਕੀਮ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਵਿਤਕਰੇ ਤੋਂ ਕੰਮ ਦਿੱਤਾ ਜਾਵੇ | ਉਹਨਾਂ ਨੇ ਕਿਹਾ ਕਿ ਪਾਰਟੀ ਵਲੋਂ 24 ਸਤੰਬਰ ਨੂੰ ਜਲੰਧਰ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਇਤਿਹਾਸਕ ਹੋਵੇਗੀ। ਇਸ ਮੌਕੇ ਮਾਨ ਸਿੰਘ ਗੁਰਮ, ਅਮਰ ਸਿੰਘ, ਬਲਵੀਰ ਸਿੰਘ ਫਰਵਾਹੀ , ਹਰਭਜਨ ਸਿੰਘ ਦਰਬਾਰਾ ਸਿੰਘ ਗੁਰਚਰਨ ਸਿੰਘ, ਪਰਮਜੀਤ ਕੌਰ, ਜਸਵਿੰਦਰ ਕੌਰ ,ਬਾਬੂ ਸਿੰਘ ਆਦਿ ਹਾਜ਼ਰ ਸਨ

ਜਿਲਾ ਮਾਲੇਰਕੋਟਲਾ ਵਿਖੇ ਮਿਤੀ 27 ਤੋਂ ਲੈ ਕੇ 30 ਸਤੰਬਰ ਔਰਤਾਂ ਦੀ ਛਾਤੀ ਦੇ ਕੈਂਸਰ ਸੰਬੰਧੀ ਸਕਰੀਨਿੰਗ ਕੈਂਪ ਲਗਾਏ ਜਾਣਗੇ - ਡਾਕਟਰ ਮੁਕੇਸ਼ ਚੰਦਰ

ਮਾਲੇਰਕੋਟਲਾ 23 ਸਤੰਬਰ (ਡਾ. ਸੁਖਵਿੰਦਰ ਸਿੰਘ )-ਪੰਜਾਬ ਸਰਕਾਰ ਦੇ  ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਰ ਮਲੇਰਕੋਟਲਾ ਵਿਖੇ ਮਿਤੀ 27 ਤੋਂ ਲੈ ਕੇ 30 ਸਤੰਬਰ 2022 ਤੱਕ ਮੁਫ਼ਤ ਬਰੈਸਟ ਕੈਸਰ ਸਕਰੀਨਿੰਗ  ਕੈਂਪ ਲਗਾਏ ਜਾ ਰਹੇ ਹਨ  । ਕੈਂਪਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈਕੇ ਦੁਪੇਹਰ ਦੇ ਦੋ ਵਜੇ ਤੱਕ ਹੋਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਮੁਕੇਸ਼ ਚੰਦਰ ਸਿਵਲ ਸਰਜਨ ਮਲੇਰਕੋਟਲਾ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਕੀਤਾ  ।ਉਨ੍ਹਾਂ ਦੱਸਿਆ ਕਿ  ਸਿਹਤ ਵਿਭਾਗ ਪੰਜਾਬ ਵੱਲੋਂ ਮੀਰਾ ਮਾਈ ਐਨ ਜੀ ਓ ਦੇ ਸਹਿਯੋਗ ਨਾਲ ਬ੍ਰੈਸਟ ਕੈਂਸਰ ਸਕ੍ਰੀਨਿੰਗ ਔਰਤਾਂ ਲਈ  ਅਭਿਆਨ ਚਲਾਇਆ ਜਾ ਰਿਹਾ ਹੈ ਕਿਉਂਕਿ ਇਹ ਬੀਮਾਰੀ ਔਰਤਾਂ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਕੈਸਰ ਦਾ ਇਲਾਜ ਵੀ ਸੰਭਵ ਹੈ ਜੇਕਰ ਮੁੱਢਲੀ ਅਵਸਥਾ ਵਿੱਚ ਹੀ ਲੱਭਿਆ ਜਾਵੇ।  ਸਿਵਲ ਸਰਜਨ  ਨੇ ਦੱਸਿਆ ਕਿ ਮਿਤੀ 27 ਅਤੇ 28 ਸਤੰਬਰ 2022 ਨੂੰ ਨਵੀਂ ਜੱਚਾ ਬੱਚਾ ਬਿਲਡਿੰਗ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਕੈਂਪ ਕਰਵਾਇਆ ਜਾ ਰਿਹਾ ਹੈ,ਮਿਤੀ 29 ਸਤੰਬਰ 2022 ਨੂੰ ਸੀ ਐਚ ਸੀ  ਅਮਰਗੜ੍ਹ ਅਤੇ ਮਿਤੀ 30 ਸਤੰਬਰ 2022 ਨੂੰ ਸੀਐਚਸੀ   ਅਹਿਮਦਗੜ੍ਹ ਵਿਖੇ ਇਹ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਨੋਡਲ ਅਫ਼ਸਰ ਐਮ ਪੀ ਸੀ ਡੀ ਸੀ ਐਸ ਡਾਕਟਰ ਬਿੰਦੂ ਨਲਵਾ ਨੇ ਦੱਸਿਆ ਕਿ ਇਸ ਕੈਂਪ ਵਿਚ ਵਰਤੀ ਜਾਣ ਵਾਲੀ ਮਸ਼ੀਨ ਰੇਡੀਏਸ਼ਨ  ਤੋਂ ਮੁਕਤ ਅਤੇ ਪੂਰੀ ਤਰਾਂ ਸੁਰੱਖਿਅਤ ਹੈ, ਇਸ ਜਾਂਚ ਦੌਰਾਨ ਮਰੀਜ਼ ਦੇ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੋਵੇਗਾ ਅਤੇ ਇਕ ਮਰੀਜ਼ ਨੂੰ ਲਗਭਗ ਪੰਜ ਮਿੰਟ ਦਾ ਸਮਾਂ ਲੱਗੇਗਾ ।ਉਨ੍ਹਾਂ   ਦੱਸਿਆ ਕਿ ਇਸ ਜਾਂਚ ਨਾਲ ਔਰਤ ਮਰੀਜਾਂ ਦਾ ਲਗਭਗ 1000 ਰੁਪਏ ਮੈਮੋਗਰਾਫੀ ਦਾ ਵੀ ਬਚੇਗਾ,ਪੀੜਤ ਮਰੀਜਾਂ ਦਾ ਚੈਅਕੱਪ ਕਰਦੇ ਸਮੇਂ ਪਰਦੇਦਾਰੀ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ । ਸਿਵਲ ਸਰਜਨ ਡਾ ਮੁਕੇਸ਼ ਚੰਦਰ   ਦੁਆਰਾ ਇਸ ਕੈਂਪ ਦਾ ਲਾਭ ਲੈਣ ਲਈ ਔਰਤ ਮਰੀਜ਼ਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਗਈ ਹੈ ।ਵਧੇਰੇ ਜਾਣਕਾਰੀ ਲਈ ਐੱਲ ਐੱਚ ਵੀ   ਸ੍ਰੀਮਤੀ ਸ਼ੁਸ਼ਮਾ ਅਰੋੜਾ ਨਾਲ ਫੋਨ ਨੰਬਰ 8437032824 ਅਤੇ ਸਿਹਤ ਕੌਂਸਲਰ ਗੁਰਪ੍ਰੀਤ ਵਾਲੀਆ ਨਾਲ ਸੰਪਰਕ ਕੀਤਾ ਜਾ ਸਕਦਾ

ਚੋਰਾਂ ਨੇ ਤੋੜੇ ਦੁਕਾਨ ਦੇ ਤਾਲੇ

ਜਗਰਾਉਂ 23 ਸਤੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਉਂ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿਚ ਪੈਂਦੇ ਰਾਣੀ ਝਾਂਸੀ ਚੋਂਕ ਦੇ ਵਿੱਚ ਪੈਂਦੀ ਮਾਰਕੀਟ ਵਿਚ ਰੈਡੀਮੇਡ ਸਟੋਰ ਦੇ ਸਟਰ ਦੇ ਸੈਂਟਰ ਲਾਕ ਅਤੇ ਤਾਲੇ ਤੋੜ ਕੇ ਬੁਰੀ ਤਰ੍ਹਾਂ ਸ਼ੀਸ਼ੇ ਭੰਨ ਕੇ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਦੋ ਚੋਰਾਂ ਵੱਲੋਂ ਕੀਤੀ ਗਈ।ਜੋ ਕਿ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਬੇਖੋਫ ਚੋਰ ਇਸ ਨੂੰ ਭੰਣ ਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੂੰ ਸੂਚਿਤ ਕਰ ਦੁਕਾਨ ਦਾਰ ਨੇ ਦੱਸਿਆ ਕਿ ਉਸ ਦੇ ਪੜੋਸੀ ਨੇ ਕਿਹਾ ਕਿ ਤੁਸੀਂ ਆਪਣੇ ਦੁਕਾਨ ਦੇ ਸਟਰ ਨੂੰ ਖੁਲਾ ਛੱਡ ਗਏ ਹੋ, ਤਾਂ ਅਸੀਂ ਘਬਰਾਹਟ ਵਿਚ ਪਹੁੰਚ ਕੇ ਦੇਖਿਆ ਤਾਂ ਸਟਰ ਖੁਲਾ ਸੀ ਤੇ ਕਾਉੰਟਰ ਦੇ ਸ਼ੀਸ਼ੇ ਭੰਨੇ ਹੋਏ ਸਨ, ਪੁਲਿਸ ਵੱਲੋਂ ਮੋਕਾ ਦੇਖ ਕੇ ਚੋਰਾਂ ਦੀ ਭਾਲ ਲਈ ਆਸ਼ਵਾਸਨ ਦਿੱਤਾ।

ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਅੱਜ ਵਾਰਡ ਨੰਬਰ 4 ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕੀਤੀ

ਜਗਰਾਉਂ 23 ਸਤੰਬਰ( ਕੁਲਦੀਪ  ਸਿੰਘ ਕੋਮਲ ਮੋਹਿਤ ਗੋਇਲ) ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਜੀ ਦਵਾਰਾ ਵਿਸ਼ੇਸ਼ ਮੁਹਿੰਮ ਤਹਿਤ ਚਲਾਈ ਜਾ ਰਹੀ ਮੇਰਾ ਸ਼ਹਿਰ ਮੇਰਾ ਮਾਣ ਜੋ ਪਿਛਲੇ ਦਿਨੀਂ ਲਾਂਚ ਕੀਤੀ ਗਈ ਸੀ, ਅੱਜ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੈਂਟ ਕੁਲਜੀਤ ਸਿੰਘ,ਸੈਂਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ ਸੀ ਐਫ ਸੀਮਾ ਦੀ ਦੇਖ-ਰੇਖ ਵਿੱਚ ਵਾਰਡ ਨੰਬਰ 4 ਦੀ ਸੰਪੂਰਨ ਸਫਾਈ ਕੀਤੀ ਗਈ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਮਸਿਆਵਾਂ ਜਿਵੇਂ ਕਿ ਲਾਈਟਾਂ ਸੀਵਰੇਜ, ਪਾਣੀ, ਸੜਕਾਂ,ਪਲਾਂਟੈਸਨ ਆਦਿ ਸੰਬੰਧੀ ਮੁਸ਼ਕਿਲਾਂ ਦਾ ਹੱਲ ਮੌਕੇ ਤੇ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਕਚਰਾ ਅਲੱਗ ਕਰੋ ਸੰਬਧੀ ਸਰਗਰਮੀ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਸੱਵਛ ਭਾਰਤ ਮੁਹਿੰਮ ਦੀ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਗਿੱਲੇ ਸੁੱਕੇ ਕੂੜੇ ਨੂੰ ਵੱਖ-ਵੱਖ ਰਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ। ਤਾਂ ਜੋ ਇਸ ਕੂੜੇ ਦਾ ਸਹੀ ਪ੍ਰੰਬਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ ਸੁਥਰਾ ਰਖਿਆ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਘਰ ਵਿਚ ਹੀ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਦਸਿਆ ਗਿਆ। ਪਲਾਸਟਿਕ ਮੁਕਤ ਸ਼ਹਿਰ ਜਗਰਾਉਂ ਬਣਾਉਣ ਲਈ ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਸਟੀਲ ਦੇ ਭਾਂਡੇ,ਪਤਲ ਜਾਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਨ। ਇਸ ਮੌਕੇ ਕੋਸਲਰ ਅਮਰਜੀਤ ਸਿੰਘ ਮਾਲਵਾ ਅਤੇ ਵਾਰਡ ਵਿਕਾਸ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਕੋਮਲ ਡਾਕਟਰ ਪਰਮਜੀਤ ਸਿੰਘ ਤਨੇਜਾ, ਨਿਤਿਨ ਨਾਗਪਾਲ, ਅਸ਼ੋਕ ਕੁਮਾਰ ਜੇਈ, ਮੈਡਮ ਨਵਜੀਤ ਕੌਰ ਕਲਰਕ ਅਤੇ ਜੋਸ਼ੀ ਅਕਾਊਂਟੈਂਟ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਜਗਮੋਹਨ ਸਿੰਘ ਕਲਰਕ, ਮੋਟੀਵੈਟਰ ਹਰਦੇਵ ਦਾਸ,ਮਹੀਰ ਦੋਧਰੀਆ, ਕਸ਼ਿਸ਼ ਦੋਧਰੀਆ, ਗਗਨਦੀਪ, ਧਰਮਵੀਰ, ਰਵੀ ਕੁਮਾਰ ਆਦਿ ਹਾਜ਼ਰ ਸਨ।

ਗ਼ੈਰ-ਕਾਨੂੰਨੀ ਢੰਗ ਨਾਲ ਨਹੀਂ ਵਿਕ ਸਕਣਗੇ ਪਟਾਕੇ 

ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਦੀ ਖੈਰ ਨਹੀਂ 

ਜਗਰਾਓਂ 23 ਸਤੰਬਰ( ਅਮਿਤਖੰਨਾ ) ਜਗਰਾਉਂ ਵਿਖੇ ਐੱਸਐੱਸਪੀ ਸਾਹਿਬ ਹਰਜੀਤ ਸਿੰਘ ਅਤੇ ਐੱਸ ਡੀ ਐੱਮ ਵਿਕਾਸ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਐਂਡ ਹਰਿਆਣਾ ਹਾਈਕੋਰਟ  ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ  ਕੋਈ ਵੀ ਪਟਾਕਾ ਵਪਾਰੀ ਰਿਹਾਇਸ਼ੀ ਇਲਾਕੇ ਅਤੇ ਬਿਨਾਂ ਲਾਇਸੈਂਸ ਤੋਂ ਪਟਾਕਾ ਵੇਚਦਾ ਜਾਂ ਪਟਾਕਿਆਂ ਦਾ ਸਟਾਕ ਕਰਦਾ ਫੜਿਆ ਗਿਆ  ਉਸ ਦੇ ਵਿਰੁੱਧ  ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਸਾਰਾ ਮਾਲ ਜ਼ਬਤ ਕਰ ਲਿਆ ਜਾਵੇਗਾ

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਕਵੀ ਦਰਬਾਰ, ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਰੋਹ 25 ਸਤੰਬਰ ਨੂੰ

ਪ੍ਰਸਿੱਧ ਸ਼ਾਇਰ ਨਦੀਮ ਅਫ਼ਜ਼ਲ ਦੀ ਪੁਸਤਕ 'ਹੁਣ ਤੈਨੂੰ ਕੀ?' ਕੀਤੀ ਜਾਵੇਗੀ ਲੋਕ ਅਰਪਣ 

ਫ਼ਰੀਦਕੋਟ, 23 ਸਤੰਬਰ (ਮਨਜਿੰਦਰ ਗਿੱਲ )  ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 25 ਸਤੰਬਰ 2022 ਦਿਨ ਐਤਵਾਰ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁਭ ਅਵਸਰ ‘ਤੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ । ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਪਾਕਿਸਤਾਨੀ ਪੰਜਾਬ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਵੀ ਅਤੇ ਲੇਖਕ ਜਨਾਬ ਨਦੀਮ ਅਫ਼ਜ਼ਲ ਦੀ ਪੁਸਤਕ ‘ਹੁਣ ਤੈਨੂੰ ਕੀ?’ ਦਾ ਲੋਕ ਅਰਪਣ ਕੀਤਾ ਜਾ ਰਿਹਾ ਹੈ । ਇਹ ਸਮਾਰੋਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਸਾਹਿਤਕਾਰ ਹਾਜ਼ਰੀ ਲਗਵਾਉਣਗੇ । ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੰਜਾਬੀ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ, ਓਂਟਾਰੀਓ ਫਰੈਂਡਜ਼ ਕਲੱਬ ਪੰਜਾਬ ਦੇ ਪ੍ਰਧਾਨ ਸ਼੍ਰੀ ਦੀਪ ਰੱਤੀ ਅਤੇ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਦੇ ਚੇਅਰਮੈਨ ਸ. ਗੁਰਵੇਲ ਕੋਹਾਲਵੀ ਸ਼ਿਰਕਤ ਕਰ ਰਹੇ ਹਨ ਅਤੇ ਪ੍ਰਧਾਨਗੀ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪ੍ਰਿੰਸੀਪਲ ਡਾਇਰੈਕਟਰ ਸ. ਸੇਵਾ ਸਿੰਘ ਚਾਵਲਾ ਕਰਨਗੇ । ਇਸ ਤੋਂ ਇਲਾਵਾ ਲੋਕ ਅਰਪਣ ਕੀਤੀ ਜਾਣ ਵਾਲੀ ਪੁਸਤਕ ‘ਹੁਣ ਤੈਨੂੰ ਕੀ?’ ਦੇ ਬਾਰੇ ਪ੍ਰਸਿੱਧ ਪੰਜਾਬੀ ਲੇਖਿਕਾ ਡਾ. ਗੁਰਚਰਨ ਕੌਰ ਕੋਚਰ ਚਰਚਾ ਕਰਨਗੇ । ਹਾਜਰ ਹੋਣ ਵਾਲੇ ਕਵੀ ਸਾਹਿਬਾਨ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਸਨਮਾਨਿਤ ਵੀ ਕੀਤਾ ਜਾਵੇਗਾ । ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ ਅਤੇ ਸਭਾ ਦੇ ਪ੍ਰਚਾਰ ਸਕੱਤਰ ਪਰਵਿੰਦਰ ਸਿੰਘ ਨਿਭਾਉਣਗੇ। ਇਸ ਮੌਕੇ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਸਨ ।

ਰਾਸਣ ਚੱਕਣ ਨੂੰ ਲੈਕੇ ਬਲਾਕ ਸਿੱਧਵਾ ਬੇਟ ਦੀਆਂ ਆਂਗਣਵਾੜੀ ਵਰਕਰਾਂ ਤੇ ਸੀਡੀਪੀਓ ਹੋਈਆਂ ਆਹਮੋ ਸਾਹਮਣੇ

ਰਾਸਣ ਚੱਕਣ ਨੂੰ ਲੈਕੇ ਬਲਾਕ ਸਿੱਧਵਾ ਬੇਟ ਦੀਆਂ ਆਂਗਣਵਾੜੀ ਵਰਕਰਾਂ ਅਤੇ ਸੀਡੀਪੀਓ ਕੁਲਵਿੰਦਰ ਜੋਸੀ ਹੋਈਆਂ ਆਹਮੋ ਸਾਹਮਣੇ,ਗੱਲ ਵਧੀ ਤੂੰ ਤੜੱਕ ਤੱਕ

 ਜੇਕਰ ਸੀਡੀਪੀਓ ਨੇ ਸਾਡੀਆਂ ਮੰਗਾ ਵੱਲ ਨਾ ਦਿੱਤਾ ਧਿਆਨ ਤਾਂ ਪੀ ਓ ਦਫਤਰ ਲੁਧਿਆਣਾ ਦਾ ਘਰਾਂ ਕੀਤਾ ਜਾਵੇਗਾ 

ਜਗਰਾਉਂ / ਸਿੱਧਵਾਂ ਬੇਟ ( ਮਨਜੀਤ ਸਿੰਘ ਲੀਲਾਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਦੀ ਭਰਪੂਰ ਅਗਵਾਈ ਹੇਠ ਜਿਲ੍ਹਾ ਪ੍ਰਧਾਨ ਗੁਰਅੰਮ੍ਰਿਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਬੀਬੀ ਮਨਜੀਤ ਕੌਰ ਢਿੱਲੋਂ ਦੀ ਰਹਿਨੁਮਾਈ ਚ ਸੀਡੀਪੀਓ ਦਫਤਰ ਸਿੱਧਵਾ ਬੇਟ  ਅੱਗੇ ਆਪਣੀਆਂ ਹੱਕੀ ਮੰਗਾ ਨੂੰ ਲੈਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸੀਡੀਪੀਓ ਮੈਡਮ ਕੁਲਵਿੰਦਰ ਜੋਸ਼ੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵੱਡੀ ਗਿਣਤੀ ਚ ਇੱਕਤਰ ਹੋਈਆ ਆਂਗਣਵਾੜੀ ਵਰਕਰਾ ਨੇ ਸੀਡੀਪੀਓ ਮੁਰਦਾਬਾਦ ਦੇ ਨਾਅਰੇ ਲਗਾਉਦਿਆ  ਖੂਬ ਹੰਗਾਮਾਂ ਕੀਤਾ । ਇਸ ਸਮੇਂ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਰਾਸਣ ਸਾਨੂੰ ਆਪਣੇ ਸਾਧਨਾ ਤੇ ਆਪ ਖਰਚ ਕਰਕੇ ਚੁੱਕਣ ਲਈ ਮਜਬੂਰ ਕਰਨ ਵਾਲੀ ਸੀਡੀਪੀਓ ਮੈਡਮ ਕੁਲਵਿੰਦਰ ਕੌਰ ਧੱਕੇਸ਼ਾਹੀ ਕਰ ਰਹੀ ਹੈ । ਉਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਹਨ ਕਿ ਭੇਜੇ ਗਏ ਰਾਸ਼ਣ ਨੂੰ ਆਂਗਣਵਾੜੀ ਸੈਂਟਰਾਂ ਤੱਕ ਪਹੁੰਚਣ ਲਈ ਭੇਜੇ ਕਿਰਾਏ ਜਰੀਏ ਸੀਡੀਪੀਓ ਖੁਦ ਰਾਸ਼ਣ ਆਗਣਵਾੜੀ ਸੈਂਟਰਾਂ ਚ ਭੇਜੇਗੀ ਪਰ ਇੱਥੇ ਸਭ ਕੁੱਝ ਉਲਟ ਕਰ ਰਹੀ ਹੈ ਸੀਡੀਪੀਓ ਮੈਡਮ ਕੁਲਵਿੰਦਰ ਜੋਸ਼ੀ,ਇਸ ਸਮੇਂ ਉਹਨਾ ਦੱਸਿਆ ਕਿ ਆਂਗਣਵੜੀ ਵਰਕਰਾਂ ਨੂੰ ਲਗਭਗ 3-4 ਮਹੀਨੇ ਤੋਂ ਆਪਣਾ ਬਣਦਾ ਮਾਣਭੱਤਾ ਤੱਕ ਨਹੀ ਮਿਲਿਆ ਜਿਸ ਕਰਕੇ ਉਹਨਾਂ ਦੇ ਆਪਣੇ ਚੁਲ੍ਹੇ ਠੰਡੇ ਪਏ ਹਨ ਫੇਰ ਇਸ ਸਰਕਾਰ ਵੱਲੋਂ ਭੇਜਿਆ ਰਾਸਣ ਕਿਸ ਤਰਾਂ ਆਪਣੇ ਜੇਬ ਖਰਚੇ ਨਾਲ ਆਂਗਣਵਾੜੀਆਂ ਤੱਕ ਲੈਕੇ ਜਾਣਗੀਆ । ਇਸ ਸਮੇਂ ਉਹਨਾਂ ਕਿਹਾ ਕਿ ਜੇਕਰ ਸੀਡੀਪੀਓ ਨੇ ਆਪਣੀਆਂ ਆਦਤਾਂ ਨਾ ਤਿਆਗੀਆ ਤਾਂ ਅਸੀ ਵੱਡੀ ਗਿਣਤੀ ਇੱਕਤਰ ਹੋਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪੀ ਓ ਦਫਤਰ ਲੁਧਿਆਣਾ ਦਾ ਘਿਰਾਓ ਕਰਾਂਗੀਆਂ । ਇਸ ਸਮੇਂ ਇੰਨਾ ਦੇ ਨਾਲ ਮੀਤ ਪ੍ਰਧਾਨ ਹਰਭਿੰਦਰ ਕੌਰ ਰਸੂਲਪੁਰ, ਪ੍ਰੈਸ਼ ਸਕੱਤਰ ਸਰਬਜੀਤ ਕੌਰ ਵਿਰਕ,ਸਰਕਲ ਪ੍ਰਧਾਨ ਪਰਮਜੀਤ ਕੌਰ ਬੁਜਰਗ, ਅਮਰਜੀਤ ਕੌਰ ਬਣੀਏਵਾਲ,ਜਸਵੀਰ ਕੌਰ ਬਲੀਪੁਰ,ਖੁਸ਼ਵਿੰਦਰ ਕੌਰ,ਭੁਪਿੰਦਰ ਕੌਰ ਅਤੇ ਆਲ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਮੈਂਬਰ ਬੀਬੀ ਹਾਜਰ ਸਨ ।

ਕੈਪਸ਼ਨ-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ਚ ਸੀਡੀਪੀਓ ਦਫਤਰ ਸਿੱਧਵਾ ਬੇਟ ਵਿਖੇ ਧਰਨਾ ਪ੍ਰਦਰਸ਼ਨ ਕਰਦੀਆਂ ਆਗਣਵਾੜੀ ਵਰਕਰਾਂ

ਜੀ. ਹੋਲੀ ਹਾਰਟ ਸਕੂਲ ਨੇ 'ਪੰਜਾਬ ਖੇਡ ਮੇਲੇ' ਵਿੱਚ ਰਚਿਆ ਇਤਿਹਾਸ

ਬਰਨਾਲਾ /ਮਹਿਲ ਕਲਾਂ 23ਸਤੰਬਰ (ਗੁਰਸੇਵਕ ਸਿੰਘ ਸੋਹੀ )-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲਕਲਾਂ ਦੇ ਖਿਡਾਰੀਆਂ ਨੇ ਪੰਜਾਬ ਖੇਡ ਮੇਲੇ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕਰ ਕੇ 'ਰਾਜ ਪੱਧਰੀ' ਮੁਕਾਬਲਿਆਂ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ।  ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਨੇ ਬੱਚਿਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦੇ ਹੋਏ ਅਤੇ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਬਾਕੀ ਵਿਦਿਆਰਥੀਆਂ ਨੂੰ ਮਿਹਨਤ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਗੁਰਪਰਗਟ ਸਿੰਘ (ਅੱਠਵੀਂ ਜਮਾਤ), ਦਰਸ਼ਪ੍ਰੀਤ ਸਿੰਘ (ਨੌਵੀਂ ਜਮਾਤ) ਨੇ ਸਕੇਟਿੰਗ ਵਿੱਚ ਗੋਲਡ ਮੈਡਲ ਅਤੇ ਭਵਨਪ੍ਰੀਤ ਸਿੰਘ (ਗਿਆਰਵੀਂ ਜਮਾਤ) ਨੇ ਸਕੇਟਿੰਗ ਵਿੱਚ ਸਿਲਵਰ ਮੈਡਲ ਜਿੱਤਿਆ। ਅਨਮੋਲਦੀਪ ਸਿੰਘ (ਗਿਆਰਵੀਂ ਜਮਾਤ) ਅਤੇ ਹਰਸਿਮਰਨਪਾਲ ਸਿੰਘ (ਅੱਠਵੀਂ ਜਮਾਤ) ਨੇ ਅਥਲੈਟਿਕਸ ਵਿੱਚ ਸਿਲਵਰ ਮੈਡਲ ਜਿੱਤਿਆ। ਮਿਹਨਤ ਨੂੰ ਆਪਣਾ ਲਕਸ਼ ਮੰਨਣ ਵਾਲੇ ਇਹਨਾਂ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਸਿਰ ਬੰਨ੍ਹਿਆ। ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀ ਰਾਕੇਸ਼ ਬਾਂਸਲ ਅਤੇ ਪ੍ਰਿੰਸੀਪਲ ਮਿਸਿਜ਼ ਨਵਜੋਤ ਟੱਕਰ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦੇ ਹੋਏ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰਦਾ ਰਹੇਗਾ।

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਤਿਓਣਾ ਪੁਜਾਰੀਆਂ ਵਿਖੇ ਲਾਇਆ ਜਾਗਰੂਕਤਾ ਕੈਂਪ

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਫ਼ਸਲਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਸਮੇਂ ਮੁਤਾਬਿਕ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ. ਬਲਜੀਤ ਸਿੰਘ ਬਰਾੜ ਖੇਤੀਬਾੜੀ ਅਫਸਰ, ਬਲਾਕ ਤਲਵੰਡੀ ਸਾਬੋ ਜੀ ਦੀ ਯੋਗ ਅਗਵਾਈ ਹੇਠ ਅੱਜ ਸਰਕਲ ਮਲਕਾਣਾ ਦੇ ਇੰਚਾਰਜ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਕੰਵਲ ਸਿੰਘ ਵੱਲੋਂ ਪਿੰਡ ਤਿਓਣਾ ਪੁਜਾਰੀਆਂ ਵਿਖੇ ਸਾਉਣੀ ਦੀਆਂ ਫਸਲਾਂ ਵਿੱਚ ਸਮੇਂ ਦੀ ਨਿਜਾਕਤ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀਆਂ ਅਤੇ ਨਰਮੇ ਦੇ ਕੀੜੇ-ਮਕੌੜੇ ਜਿਵੇਂ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ। ਨਰਮੇ ਦੇ ਆਖਰੀ ਪੜਾਅ ਵਿੱਚ ਚਿੱਟੇ ਮੱਛਰ ਤੋਂ ਇਲਾਵਾ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵੀ ਸੁਚੇਤ ਰਹਿਣ ਲਈ ਕਿਹਾ ਅਤੇ ਲਗਾਤਾਰ ਰੋਜਾਨਾ ਦੀ ਤਰ੍ਹਾਂ ਸਰਵੇਖਣ ਕਰਦੇ ਰਹਿਣ। ਮਾਹਿਰਾਂ ਨੇ ਕਿਹਾ ਕਿ 13:0:45 ਦੀ ਸਪਰੇਅ ਮੁਕੰਮਲ ਕੀਤੀ ਜਾਵੇ। ਖੇਤੀਬਾੜੀ ਉਪ ਨਰੀਖਕ ਰਣਬੀਰ ਸਿੰਘ ਨੇ ਝੋਨੇ ਦੀ ਫਸਲ ਦੇ ਨਾਲ-ਨਾਲ ਮਿੱਟੀ ਤੇ ਪਾਣੀ ਦੀ ਸੰਭਾਲ ਨੂੰ ਵੀ ਪਹਿਲ ਦੇਣ ਲਈ ਕਿਹਾ। ਇਸ ਦੇ ਨਾਲ ਹੀ ਡਾ. ਬਲਤੇਜ ਸਿੰਘ ਗੁੰਮਟੀ ਨੇ ਝੋਨੇ ਦੀ ਪਰਾਲ਼ੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ। ਫ਼ਸਲਾਂ ਦੇ ਮਿਆਰੀ ਬੀਜ ਪੈਦਾ ਕਰਨ ਤੇ ਬੀਜ ਸੋਧ ਸਬੰਧੀ ਵਿਸਥਾਰ ਵਿੱਚ ਦੱਸਿਆ।   ਅਖੀਰ ਵਿੱਚ ਪੁਰਨੂਰ ਸਿੰਘ ਅਤੇ ਬਲਦੀਪ ਸਿੰਘ ਖੇਤੀਬਾੜੀ ਉਪਨਰੀਖਕ  ਵੱਲੋਂ ਧੰਨਵਾਦ ਕਰਦਿਆ ਕਿਸਾਨਾਂ ਨੂੰ ਮਹਿਕਮੇ ਨਾਲ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ ਗਿਆ। ਗੁਰਜੀਤ ਸਿਘ ਖੇਤੀਬਾੜੀ ਉਪਨਰੀਖਕ ਅਤੇ ਬਲਕੌਰ ਸਿੰਘ ਸੇਵਾਦਾਰ ਹਾਜ਼ਰ ਸਨ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 215ਵਾਂ ਦਿਨ ਪਿੰਡ ਟੂਸੇ ਨੇ ਭਰੀ ਹਾਜ਼ਰੀ   

ਬਾਣੀ ਦੀ ਬੇਅਦਬੀ ਕਰਨ ਵਾਲੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਹੋਣ 'ਚ ਦੇਰੀ ਕਿਉਂ -ਦੇਵ ਸਰਾਭਾ  

ਸਰਾਭਾ 23 ਸਤੰਬਰ  ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 215ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪਿੰਡ ਟੂਸੇ ਤੋਂ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਬਾਬਾ ਬਲਰਾਜ ਸਿੰਘ ਟੂਸੇ,ਅਮਰ ਸਿੰਘ ਟੂਸੇ,ਤੋਤਾ ਸਿੰਘ ਟੂਸੇ,ਦੁੱਲਾ ਸਿੰਘ ਟੂਸੇ,ਗੁਰਦੇਵ ਸਿੰਘ ਟੂਸੇ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਸੰਘਰਸ਼ੀ ਯੋਧਿਆਂ ਦੀ ਚਡ਼੍ਹਦੀ ਕਲਾ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਡੇ ਬੰਦੀ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰ  ਵਿਚ ਪਰਤਣ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰਨ ਵਾਲੇ ਬੱਬਰ ਸ਼ੇਰ ਕਦੇ ਸਰਕਾਰੀ ਭੇਡਾਂ ਦਾ ਗੁੱਸਾ ਨਹੀਂ ਕਰਿਆ ਕਰਦੇ। ਕਿਉਂਕਿ ਪ੍ਰਮਾਤਮਾ ਹਮੇਸ਼ਾਂ ਹਰ ਇੱਕ ਦੀ ਡਿਊਟੀ ਲਗਾ ਕੇ ਭੇਜਦਾ ਹਨ ਕਿਸੇ ਨੂੰ ਹੱਕ ਸੱਚ ਲਈ ਸੰਘਰਸ਼ ਕਰਨ ਤੇ ਕਿਸੇ ਨੂੰ ਸਿਰਫ਼ ਸੰਘਰਸ਼ੀ ਜੁਝਾਰੂਆਂ   ਦੀਆਂ ਲੱਤਾਂ ਖਿੱਚਣ ਲਈ । ਜੇਕਰ ਪੂਰੀ ਸਿੱਖ ਕੌਮ ਹੱਕੀ ਮੰਗਾਂ ਲਈ   ਇਕਜੁੱਟ ਹੋ ਕੇ ਸੰਘਰਸ਼ ਕਰਨ ਤਾਂ ਮਸਲਾ ਫਤਿਹ। ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਗੁਰੂ ਵੱਲੋਂ ਮਿਲੀ ਸੇਵਾ ਅਸੀਂ ਤਨ ਦੇ ਨਾਲ ਨਿਭਾਉਣ ਦਾ ਉਪਰਾਲਾ ਕਰ ਰਹੇ ਹਾਂ। ਬਾਕੀ ਆਪਣੀ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਮੋਰਚੇ ਤੇ ਡਟੇ ਹੋਏ ਹਾਂ। ਸਾਨੂੰ ਕੋਈ ਚੰਗਾ ਕਹੇ ਜਾਂ ਭਲਾ ਕੋਈ ਪਰਵਾਹ ਨਹੀਂ ਕਰਦੇ ਕਿਉਂਕਿ ਅਸੀਂ ਕਿਸੇ ਨੂੰ ਕੋਈ ਜਵਾਬਦੇਹ ਨਹੀਂ । ਅਸੀਂ ਆਪਣਾ ਫ਼ਰਜ਼ ਨਿਭਾਅ ਰਹੇ ਹਾਂ। ਜਦ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਆਪਣਾ ਗੁਰੂ ਤਾਂ ਮੰਨਦੇ ਹਨ । ਪਰ ਸਿੱਖ ਬਾਣੀ ਦੀ ਬੇਅਦਬੀ ਕਰਨ ਵਾਲੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਹੋਣ 'ਚ ਦੇਰੀ ਕਿਉਂ । ਇਸ ਸਮੇਂ ਬਾਬਾ ਬਲਰਾਜ ਸਿੰਘ ਟੂਸੇ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੁਝਾਰੂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੋਂ ਇਲਾਵਾ ਏਅਰਪੋਰਟ ਹਲਵਾਰੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਕਰਵਾਉਣ ਲਈ  ਪਿੰਡ ਸਰਾਭੇ ਤੋਂ ਹਲਵਾਰਾ ਹਵਾਈ ਅੱਡੇ ਤਕ ਇਕ ਰੋਸ ਮਾਰਚ ਮਿਤੀ 9 ਅਕਤੂਬਰ ਦਿਨ ਐਤਵਾਰ ਕੱਢਿਆ ਜਾਵੇਗਾ ।ਸੋ ਆਖ਼ਰ ਵਿੱਚ ਅਸੀਂ ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਹੱਕੀ ਮੰਗਾਂ ਲਈ ਸਰਾਭਾ ਵਿਖੇ ਮੋਰਚੇ 'ਚ ਹਾਜ਼ਰੀ ਜ਼ਰੂਰ ਭਰੋ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਨੰਬਰਦਾਰ ਜਸਮੇਰ ਸਿੰਘ ਜੰਡ,ਬੱਚੀ ਪ੍ਰਨੀਤ ਕੌਰ ਜੰਡ,ਤੇਜਾ ਸਿੰਘ ਟੂਸੇ,ਅੱਛਰਾ ਸਿੰਘ ਸਰਾਭਾ,  ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰਜੀਤ ਸਿੰਘ ਚਮਿੰਡਾ,ਬਾਬਾ ਬਲਜਿੰਦਰ ਸਿੰਘ ਮੋਹੀ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਰਾਜਨ ਗਰਗ ਸ਼੍ਰੀ ਬਾਲਾ ਜੀ ਇੱਛਾਪੂਰਤੀ ਮੰਦਰ ਭਾਗੀਵਾਂਦਰ ਵਿਖੇ ਹੋਏ ਨਤਮਸਤਕ

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਨਾਤਨ ਮਹਾਂਵੀਰ ਦਲ ਦੇ ਰਾਸ਼ਟਰੀ ਪ੍ਰਧਾਨ ਰਾਜਨ ਗਰਗ ਸ੍ਰੀ ਬਾਲਾ ਜੀ ਇੱਛਾਪੂਰਤੀ ਮੰਦਰ ਭਾਗੀਵਾਂਦਰ ਵਿਖੇ ਨਤਮਸਤਕ ਹੋਏ। ਹਰ ਹਫ਼ਤੇ ਦੀ ਤਰ੍ਹਾਂ ਇਸ ਵਾਰ ਵੀ ਮੰਗਲਵਾਰ ਨੂੰ ਮੰਗਲ ਮੇਲਾ ਕਰਵਾਇਆ ਗਿਆ ਤੇ ਉਨ੍ਹਾਂ ਮੰਗਲ ਮੇਲੇ ਤੇ ਸ਼੍ਰੀ ਬਾਲਾ ਜੀ ਦੇ ਮੰਦਰ ਵਿੱਚ ਮੱਥਾ ਟੇਕਿਆ ਤੇ ਮੰਦਰ ਦੇ ਮਨਮੋਹਿਕ ਦ੍ਰਿਸ਼ ਨੂੰ ਦੇਖਦਿਆਂ ਮੰਦਰ ਕਮੇਟੀ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਕਮੇਟੀ ਵੱਲੋਂ ਰਾਜਨ ਗਰਗ ਨੂੰ ਸਨਮਾਨਿਤ ਕੀਤਾ ਗਿਆ ਤੇ ਪ੍ਰਧਾਨ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਬਾਲਾ ਜੀ ਮਾਹਾਰਾਜ ਦੀ ਅਪਾਰ ਕਿਰਪਾ ਨਾਲ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਹੋਇਆ ਤੇ ਹੋਰ ਵੀ ਨਿਰਮਾਣ ਹੋ ਰਿਹਾ ਹੈ। ਇਸ ਸਮੇਂ ਮੌੜ ਅਤੇ ਰਾਮਾਂ ਮੰਡੀ ਦੀਆਂ ਕੀਰਤਨ ਮੰਡਲੀ ਵੱਲੋਂ ਬਾਲਾ ਜੀ ਦਾ ਗੁਣਗਾਨ ਕੀਤਾ ਗਿਆ ਤੇ ਮੰਡਲੀ ਦੇ ਪ੍ਰਬੰਧਕਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਗਰਗ, ਵਿਸ਼ੇਸ਼ ਬਾਂਸਲ, ਅਮਰਿੰਦਰ ਸਰਾਂ, ਟੋਨੀ ਨੰਗਲਾ, ਚਿੰਟੂ ਜਿੰਦਲ, ਸੁਭਾਸ਼ ਕੁਮਾਰ, ਈਸ਼ਵਰ ਗਰਗ ਪੱਤਰਕਾਰ ਮੀਡੀਆ ਸਲਾਹਕਾਰ ਆਦਿ ਸਮੇਤ ਹੋਰ ਮੈਂਬਰ ਹਾਜ਼ਰ ਸਨ।

ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ 200 ਗਰਾਮ ਨਸ਼ੀਲੇ ਚਿੱਟੇ ਪਾਊਡਰ ਸਮੇਤ ਕੀਤਾ  ਕਾਬੂ

 ਬਰਨਾਲਾ /ਮਹਿਲ ਕਲਾਂ,  23 ਸਤੰਬਰ (ਗੁਰਸੇਵਕ ਸਿੰਘ ਸੋਹੀ ) ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਕ ਵਿਅਕਤੀ ਪਾਸੋਂ 200 ਗਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਕਰਕੇ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਥਾਣਾ ਮਹਿਲ ਕਲਾਂ ਦੇ ਮੁਖੀ ਕਮਲਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ (ਆਈਪੀਐਸ ) ਦੀ ਅਗਵਾਈ ਹੇਠ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਗਮਦੂਰ ਸਿੰਘ ਚਹਿਲ (ਪੀਪੀਐੱਸ ) ਦੇ ਦਿਸ਼ਾ ਨਿਰਦੇਸਾ ਹੇਠ ਏਐਸਆਈ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਪੁਲਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਧਨੇਰ ਤੋਂ ਮੂੰਮ ਨੂੰ ਜਾਂਦੀ ਲਿੰਕ ਸੜਕ ਉਪਰ ਆ ਰਹੇ ਇਕ ਮੋਟਰਸਾਈਕਲ ਸਵਾਰ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 200 ਗਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਇਆ ।ਜਿਸ ਦੀ ਪਹਿਚਾਣ ਜ਼ੋਰਾ ਸਿੰਘ ਵਾਸੀ ਰਾਮਾ ਮੋਗਾ ਵਜੋਂ ਹੋਈ ਹੈ ।ਉਸ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿਆਂ ਨਹੀਂ ਜਾਵੇਗਾ। ਉਨ੍ਹਾਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ,ਸੂਚਨਾ ਦੇਣ ਵਾਲੇ ਵਿਆਕਤੀ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ।

ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਹਠੂਰ,23,ਸਤੰਬਰ-(ਕੌਸ਼ਲ ਮੱਲ੍ਹਾ) ਸੈਂਟਰ ਪੱਧਰੀ ਮੁਕਾਬਲਿਆਂ ਵਿੱਚੋ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਚਕਰ ਦੀ ਐਸ ਐਮ ਸੀ ਕਮੇਟੀ ਅਤੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਇਸ ਸਕੂਲ ਦੇ ਵਿਿਦਆਰਥੀ ਸਹਿਜਪ੍ਰੀਤ ਸਿੰਘ ਕਲਾਸ ਤੀਜੀ ਨੇ 400 ਮੀਟਰ ਰੇਸ ਵਿਚੋ ਪਹਿਲਾ ਸਥਾਨ ਅਤੇ ਵਿਿਦਆਰਥਣ ਕੋਮਲਪ੍ਰੀਤ ਕੌਰ ਕਲਾਸ ਪੰਜਵੀਂ ਨੇ ਰੱਸੀ ਟੱਪਣ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਸਕੂਲ ਅਤੇ ਪਿੰਡ ਚਕਰ ਦਾ ਨਾਮ ਰੌਸਨ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਵਿਿਦਆਰਥੀ ਹੁਣ ਆਉਣ ਵਾਲੇ ਦਿਨਾਂ ਵਿਚ ਪਿੰਡ ਸਹਿਬਾਜਪੁਰਾ ਵਿਚ ਹੋਣ ਵਾਲੀਆ ਬਲਾਕ ਪੱਧਰੀ ਖੇਡਾਂ ਵਿਚ ਭਾਗ ਲੈਣਗੇ।ਇਸ ਮੌਕੇ ਇਨ੍ਹਾ ਦੋਵੇ ਬੱਚਿਆ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਵੱਲੋਂ ਯਾਦਗਾਰੀ ਚਿੰਨ ਅਤੇ ਨਗਦ ਰਾਸੀ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਕੱਤਰ ਪਰਮਜੀਤ ਸਿੰਘ,ਚੇਅਰਮੈਨ ਜਸਵੀਰ ਸਿੰਘ,ਸੁਖਵਿੰਦਰ ਸਿੰਘ,ਮੈਡਮ ਰਾਜਨਪ੍ਰੀਤ ਕੌਰ,ਮੈਡਮ ਬਲਵਿੰਦਰ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ ਅਤੇ ਹੋਰ।

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਦੋ-ਰੋਜ਼ਾ ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ

ਪਰਾਲੀ ਦੀ ਸਮੱਸਿਆ ਦੇ ਹੱਲ ਲਈ ਛੇਤੀ ਲੈ ਰਹੇ ਹਾਂ ਫੈਸਲਾ

ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੇਰਕਾ ਦਾ ਵਿਸਥਾਰ ਕਰਨ ਦਾ ਐਲਾਨ

ਖੇਤੀਬਾੜੀ ਮਾਹਿਰਾਂ ਨੂੰ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਉੱਨਤ ਖੇਤੀ ਬਾਰੇ ਜਾਗਰੂਕ ਕਰਨ ਲਈ ਕਿਹਾ

ਲੁਧਿਆਣਾ, 23 ਸਤੰਬਰ ( ਦਲਜੀਤ ਸਿੰਘ ਰੰਧਾਵਾ) ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੀਆਂ ਫਸਲਾਂ ਦੀ ਬਜਾਏ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਭਾਰਤ ਸਰਕਾਰ ਨੂੰ ਇਨ੍ਹਾਂ ਫਸਲਾਂ ’ਤੇ ਲਾਹੇਵੰਦ ਭਾਅ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਕਿਸਾਨੀ, ਜਵਾਨੀ ਤੇ ਪੌਣ-ਪਾਣੀ ਬਚਾਈਏ, ਆਓ ‘ਰੰਗਲਾ ਪੰਜਾਬ’ ਬਣਾਈਏ’ ਦੇ ਨਾਅਰੇ ਨਾਲ ਅੱਜ ਸ਼ੁਰੂ ਹੋਏ ਦੋ-ਰੋਜ਼ਾ ਕਿਸਾਨ ਮੇਲੇ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸੰਜ਼ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਝੋਨੇ ਦੇ ਬਦਲ ਵਜੋਂ ਸੂਰਜਮੁਖੀ, ਦਾਲਾਂ ਤੇ ਮੱਕੀ ਵਰਗੀਆਂ ਫਸਲਾਂ ਬੀਜਣ ਲਈ ਤਿਆਰ ਹਨ ਪਰ ਕੇਂਦਰ ਸਰਕਾਰ ਝੋਨੇ ਦੇ ਬਰਾਬਰ ਮੁਨਾਫੇ ਵਜੋਂ ਇਨ੍ਹਾਂ ਫਸਲਾਂ ਉਤੇ ਲਾਹੇਵੰਦ ਭਾਅ ਦੇਵੇ ਤਾਂ ਕਿ ਸੂਬੇ ਵਿਚ ਪਾਣੀ ਦੇ ਸੰਕਟ ਦੇ ਮੰਡਰਾ ਰਹੇ ਬੱਦਲ ਹੋਰ ਗਹਿਰੇ ਨਾ ਹੋਣ। ਭਗਵੰਤ ਮਾਨ ਨੇ ਕਿਹਾ, “ਸਾਡੇ ਕਿਸਾਨ ਵੀ ਦਿਨੋ-ਦਿਨ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਝੋਨੇ ਦੀ ਪਰਾਲੀ ਨਾਲ ਪਲੀਤ ਹੁੰਦੇ ਵਾਤਾਵਰਣ ਤੋਂ ਬਹੁਤ ਚਿੰਤਤ ਹਨ ਪਰ ਉਹ ਆਪਣੀ ਆਮਦਨ ਖੁੱਸਣ ਦੇ ਡਰ ਤੋਂ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਪੰਜਾਬ ਦੀ ਸੋਨੇ ਵਰਗੀ ਧਰਤੀ ਏਨੀ ਜਰਖੇਜ਼ ਹੈ ਕਿ ਇੱਥੇ ਕੁਝ ਵੀ ਬੀਜਿਆ ਹੋਇਆ ਪੁੰਗਰ ਜਾਂਦਾ ਹੈ। ਪਾਣੀ ਦੇ ਗੰਭੀਰ ਸੰਕਟ ਨੂੰ ਅਸੀਂ ਅੱਖੋਂ-ਪਰੋਖੇ ਨਹੀਂ ਕਰ ਸਕਦੇ ਕਿਉਂਕਿ ਖਾੜੀ ਮੁਲਕ ਆਪਣੀ ਧਰਤੀ ਵਿੱਚੋਂ ਜਿੰਨੀ ਡੂੰਘਾਈ ‘ਚੋਂ ਤੇਲ ਕੱਢ ਰਹੇ ਹਨ, ਅਸੀਂ ਇੱਥੇ ਉਨੀ ਡੂੰਘਾਈ ‘ਚੋਂ ਪਾਣੀ ਕੱਢ ਰਹੇ ਹਾਂ ਜੋ ਸਾਡੇ ਲਈ ਖਤਰੇ ਦੀ ਘੰਟੀ ਹੈ। ਚੌਲ ਪੰਜਾਬੀਆਂ ਦੀ ਮੁੱਖ ਖੁਰਾਕ ਨਹੀਂ ਹੈ ਪਰ ਇਕ ਕਿਲੋ ਚੌਲ ਪੈਦਾ ਕਰਨ ਲਈ 4000 ਲਿਟਰ ਤੱਕ ਪਾਣੀ ਦੀ ਖਪਤ ਕੀਤੀ ਜਾ ਰਹੀ ਹੈ ਜਿਸ ਕਰਕੇ ਸਾਨੂੰ ਹੋਰ ਫਸਲਾਂ ਅਪਣਾਉਣੀਆਂ ਹੀ ਪੈਣਗੀਆਂ।” ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਅਨਾਜ ਦੀ ਕਮੀ ਕਾਰਨ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਸਨ ਤਾਂ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ‘ਹਰੀ ਕ੍ਰਾਂਤੀ’ ਰਾਹੀਂ ਦੇਸ਼ ਦੇ ਅੰਨ-ਭੰਡਾਰ ਨੱਕੋ-ਨੱਕ ਭਰ ਦਿੱਤੇ ਅਤੇ ਇੱਥੋਂ ਤੱਕ ਕਿ ਇਸ ਲਈ ਪੰਜਾਬ ਨੂੰ ਆਪਣੇ ਬਹੁਮੁੱਲੇ ਕੁਦਰਤੀ ਸਰੋਤਾਂ ਪਾਣੀ, ਹਵਾ ਅਤੇ ਧਰਤੀ ਨੂੰ ਕੀਮਤ ਚੁਕਾਉਣੀ ਪਈ। ਹੁਣ ਜਦੋਂ ਉੜੀਸਾ, ਛੱਤੀਸਗੜ੍ਹ, ਤੇਲੰਗਾਨਾ ਵਰਗੇ ਸੂਬੇ ਝੋਨੇ ਦੀ ਖੇਤੀ ਕਰਨ ਲੱਗ ਪਏ ਤਾਂ ਪੰਜਾਬ ਦੇ ਝੋਨੇ ਨੂੰ ਐਮ.ਐਸ.ਪੀ. ਉਤੇ ਖਰੀਦਣ ਤੋਂ ਹੱਥ ਪਿੱਛੇ ਖਿੱਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੰਬੀਆ ਤੇ ਮੋਜ਼ੰਮਬੀਕ ਵਰਗੇ ਮੁਲਕਾਂ ਤੋਂ ਹਰੇਕ ਸਾਲ 120 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਦੀ ਦਰਾਮਦ ਕਰਦੀ ਹੈ ਜਦਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਦਾਲਾਂ ਦੀ ਕਾਸ਼ਤ ਕਰਨੀਆਂ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕੇਂਦਰ ਸਰਕਾਰ ਢੁਕਵਾਂ ਸਮਰਥਨ ਮੁੱਲ ਦੇਣ ਲਈ ਤਿਆਰ ਨਹੀਂ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਕ-ਦੋ ਦਿਨ ਵਿੱਚ ਪਰਾਲੀ ਦੀ ਸਮੱਸਿਆ ਲਈ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਤਾਂ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੁੰਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿਚ ਤਾਂ ਕੇਂਦਰ ਸਰਕਾਰ ਨੂੰ ਪਰਾਲੀ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਕਿਸਾਨ ਦੇਸ਼ ਲਈ ਚੌਲ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਚੌਲ ਦਾ ਕੇਂਦਰ ਦੇ ਭੰਡਾਰ ਵਿਚ ਚਲਾ ਜਾਂਦਾ ਹੈ ਪਰ ਪਰਾਲੀ ਸਾੜਨ ਮੌਕੇ ਕਿਸਾਨਾਂ ਉਤੇ ਸਖਤੀ ਕਰਨ ਲਈ ਸੂਬੇ ਨੂੰ ਕਹਿ ਦਿੱਤਾ ਜਾਂਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੂੰ ਨਵੀਆਂ ਤਕਨੀਕਾਂ ਅਤੇ ਚੁਣੌਤੀਆਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਖੁਦ ਉਨ੍ਹਾਂ ਕੋਲ ਪਹੁੰਚ ਕਰਨ ਦੇ ਆਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿਚ ਰੁੱਝੇ ਕਿਸਾਨ ਕੋਲ ਖੇਤੀ ਸੰਸਥਾਵਾਂ ਕੋਲ ਪਹੁੰਚ ਕਰਕੇ ਨਵੀਆਂ ਖੋਜਾਂ ਤੇ ਤਕਨੀਕਾਂ ਬਾਰੇ ਸਿੱਖਣ ਦਾ ਸਮਾਂ ਨਹੀਂ ਹੁੰਦਾ ਜਿਸ ਕਰਕੇ ਖੇਤੀ ਮਾਹਿਰਾਂ ਨੂੰ ਹੀ ਖੇਤਾਂ ਵੱਲ ਰੁਖ ਕਰਨਾ ਪਵੇਗਾ ਤਾਂ ਕਿ ਕਿਸਾਨ ਆਧੁਨਿਕ ਅਤੇ ਅਗਾਂਹਵਧੂ ਖੇਤੀ ਢੰਗ-ਤਰੀਕਿਆਂ ਨੂੰ ਅਪਣਾ ਕੇ ਹੋਰ ਤਰੱਕੀ ਕਰ ਸਕਣ। ਉਨ੍ਹਾਂ ਕਿਹਾ, “ਸਾਡੇ ਕਿਸਾਨਾਂ ਦੀ ਮਿਹਨਤ ਵਿਚ ਕੋਈ ਕਮੀ ਨਹੀਂ ਹੈ, ਕਮੀ ਤਾਂ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੂੰ ਮੁਸੀਬਤ ਮੌਕੇ ਸਮੇਂ ਸਿਰ ਸੇਧ ਨਹੀਂ ਮਿਲਦੀ। ਇਸ ਕਰਕੇ ਸਾਨੂੰ ਸਮੱਸਿਆਵਾਂ ਅਤੇ ਉਸ ਦੇ ਹੱਲ ਦਰਮਿਆਨ ਫਰਕ ਘਟਾਉਣਾ ਹੋਵੇਗਾ ਜੋ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੋ ਸਕਦਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਬੱਝਵੀਂ ਆਮਦਨ ਹੋਣ ਕਰਕੇ ਨਵੇਂ ਖੇਤੀ ਤਰਜਬੇ ਕਰਨ ਦਾ ਜੋਖਮ ਨਹੀਂ ਉਠਾ ਸਕਦਾ ਜਿਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਨੂੰ ਆਪਣੀ ਜ਼ਮੀਨ ਵਿਚ ਨਵੀਆਂ ਖੋਜਾਂ ਅਤੇ ਤਜਰਬੇ ਅਪਣਾ ਕੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵੀ ਖੇਤੀ ਖੇਤਰ ਵਿਚ ਨਵੇਂ ਬਦਲਾਅ ਲਿਆਉਣ ਦਾ ਸੱਦਾ ਦਿੱਤਾ। ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਵੇਰਕਾ’ ਦਾ ਹੋਰ ਵਿਸਥਾਰ ਕਰ ਰਹੀ ਹੈ ਕਿਉਂਕਿ ਵੇਰਕਾ ਦੇ ਉਤਪਾਦ ਪੂਰੇ ਦੁਨੀਆ ਵਿਚ ਮਸ਼ਹੂਰ ਹਨ ਜਿਸ ਕਰਕੇ ਕਿਸਾਨਾਂ ਦੀ ਆਮਦਨ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਲੀਚੀ ਅਤੇ ਅਬੋਹਰ ਦੇ ਕਿਨੂੰ ਦਾ ਸਹੀ ਮੰਡੀਕਰਨ ਵੀ ਕੀਤਾ ਜਾਵੇਗਾ ਤਾਂ ਕਿ ਉਤਪਾਦਕਾਂ ਨੂੰ ਹੋਰ ਵਿੱਤੀ ਲਾਭ ਮਿਲੇ। ਵਿਆਹ ਸਮਾਗਮਾਂ ਉਤੇ ਖਰਚੇ ਘਟਾਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਆਹਾਂ ਉਤੇ ਵਿੱਤੋਂ ਵੱਧ ਖਰਚੇ ਨਾਲ ਪਰਿਵਾਰ ਦੇ ਆਰਥਿਕ ਹਾਲਾਤ ਡਾਵਾਂਡੋਲ ਹੋ ਜਾਂਦੇ ਹਨ ਜਦਕਿ ਅਜਿਹੇ ਸਮਾਗਮ ਸਾਦਗੀ ਨਾਲ ਕੀਤੇ ਜਾਣੇ ਚਾਹੀਦੇ ਹਨ। ਨਸ਼ਿਆਂ ਨਾਲ ਪੰਜਾਬ ਦੀ ਬਰਬਾਦ ਹੋਈ ਨੌਜਵਾਨੀ ਬਾਰੇ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਸਾਨੂੰ ਥੋੜ੍ਹਾ ਜਿਹਾ ਵਕਤ ਦਿਓ, ਅਸੀਂ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਹੁਤ ਗੰਭੀਰਤਾ ਨਾਲ ਇਸ ਪਾਸੇ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਹਿਮ ਯੋਗਦਾਨ ਉਤੇ ਚਾਨਣਾ ਪਾਉਂਦੇ ਹੋਏ ਕਿਸਾਨਾਂ ਨੂੰ ਇਸ ਯੂਨੀਵਰਸਿਟੀ ਤੋਂ ਸਮੇਂ-ਸਮੇਂ ਸਿਰ ਸੇਧ ਲੈਂਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਦਾਰੇ ਪਨਸੀਡ ਵੱਲੋਂ ਕਣਕ ਦਾ ਮਿਆਰੀ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਫਸਲ ਦਾ ਵੱਧ ਤੋਂ ਵੱਧ ਝਾੜ ਲਿਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਵਾਰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਇਸ ਸਮੱਸਿਆ ਦਾ ਠੋਸ ਹੱਲ ਕੱਢ ਰਹੀ ਹੈ।ਇਸ ਮੌਕੇ ਮੁੱਖ ਮੰਤਰੀ ਨੇ ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਖੇਤਰ ਵਿਚ ਵਿਲੱਖਣ ਯੋਗਦਾਨ ਲਈ ਸਨਮਾਨਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ। ਇਸ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਜਿੰਦਰਪਾਲ ਸਿੰਘ ਛੀਨਾ, ਗੁਰਪ੍ਰੀਤ ਬੱਸੀ ਗੋਗੀ, ਜਗਤਾਰ ਸਿੰਘ ਦਿਆਲਪੁਰਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੂੰਡੀਆ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸੰਧੂ, ਅਸੋਕ ਪਰਾਸ਼ਰ ਪੱਪੀ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰੈਮਨ ਡਾ. ਸੁਖਪਾਲ ਸਿੰਘ, ਜੰਗਲਾਤ ਵਿਕਾਸ ਨਿਗਮ ਦੇ ਚੇਅਰਮੈਨ ਨਵਜੋਤ ਜਰਗ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸੁਰਭੀ ਮਲਿਕ ਤੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।