You are here

ਪੰਜਾਬ

ਪਾਕਿ ’ਚ ਵਿਸ਼ਵ ਕਬੱਡੀ ਕੱਪ ਖੇਡ ਕੇ ਵਤਨ ਪਰਤੀ ਭਾਰਤੀ ਟੀਮ

ਰਿਜਿਜੂ ਵਲੋਂ ਕੌਮੀ ਕਬੱਡੀ ਖੇਡ ਫੈਡਰੇਸ਼ਨ ਨੂੰ ਜਾਂਚ ਦੇ ਆਦੇਸ਼

ਅਟਾਰੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

 ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ, ਜੋ ਪਾਕਿਸਤਾਨ ਵਿੱਚ ਕਰਵਾਇਆ ਗਿਆ, ਵਿੱਚ ਭਾਗ ਲੈਣ ਉਪਰੰਤ ਅੱਜ ਭਾਰਤੀ ਕਬੱਡੀ ਟੀਮ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੀ। ਭਾਰਤ ਤੋਂ 35 ਮੈਂਬਰੀ ਕਬੱਡੀ ਟੀਮ ਕੋਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 15 ਦਿਨਾਂ ਦੇ ਵੀਜ਼ੇ ’ਤੇ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਵਿਚ 9 ਤੋਂ 17 ਫਰਵਰੀ ਤੱਕ ਚੱਲੇ ਵਿਸ਼ਵ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਪਾਕਿਸਤਾਨ ਗਈ ਸੀ।
ਵਤਨ ਵਾਪਸੀ ਮੌਕੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਭਾਰਤ ਦੀ ਕਬੱਡੀ ਟੀਮ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ, ਜੋ ਲਾਹੌਰ ਵਿੱਚ ਕਰਵਾਇਆ ਗਿਆ, ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਲਈ ਕਬੱਡੀ ਟੀਮ ਵੀਜ਼ਾ ਲੈ ਕੇ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਅਜੇ ਤੱਕ ਕਿਸੇ ਵੀ ਭਾਰਤੀ ਅਥਾਰਿਟੀ ਨੇ ਸੰਪਰਕ ਨਹੀਂ ਕੀਤਾ ਹੈ ਅਤੇ ਜੇਕਰ ਕਿਸੇ ਵਲੋਂ ਸੰਪਰਕ ਕੀਤਾ ਜਾਵੇਗਾ ਤਾਂ ਉਹ ਉਸ ਨੂੰ ਜਵਾਬ ਦੇਣਗੇ। ਦੱਸਣਯੋਗ ਹੈ ਕਿ ਭਾਰਤੀ ਟੀਮ ਦੇ ਪਾਕਿਸਤਾਨ ਜਾ ਕੇ ਖੇਡਣ ਅਤੇ ਭਾਰਤ ਦੀ ਨੁਮਾਇੰਦਗੀ ਕਰਨ ਸਬੰਧੀ ਭਾਰਤ ਸਰਕਾਰ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ।

ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕੌਮੀ ਕਬੱਡੀ ਫੈਡਰੇਸ਼ਨ ਨੂੰ ‘ਅਣਅਧਿਕਾਰਤ’ ਭਾਰਤੀ ਟੀਮ ਦੇ ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਕਰਨ ਦੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਕੌਮਾਂਤਰੀ ਕਬੱਡੀ ਫੈਡਰੇਸ਼ਨ ਵਲੋਂ ‘ਅਯੋਗ’ ਕਰਾਰ ਦਿੱਤੇ ਗਏ ਇਸ ਟੂਰਨਾਮੈਂਂਟ ਦੇ ਫਾਈਨਲ ਵਿੱਚ ਲਾਹੌਰ ਤੋਂ ਹਾਰ ਕੇ ਪਰਤੀ ਭਾਰਤੀ ਟੀਮ ਦੀ ਸ਼ਮੂਲੀਅਤ ਕਰਨ ਦਾ ਮਾਮਲਾ ਭਖਿਆ ਹੋਇਆ ਹੈ। ਖੇਡ ਮੰਤਰੀ ਵਲੋਂ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਰਿਜਿਜੂ ਨੇ ਕਿਹਾ, ‘‘ਸਾਡੀ ਅਧਿਕਾਰਤ ਟੀਮ ਪਾਕਿਸਤਾਨ ਨਹੀਂ ਗਈ। ਸਾਨੂੰ ਨਹੀਂ ਪਤਾ ਉੱਥੇ ਕੌਣ ਗਿਆ ਹੈ। ਕਿਸੇ ਵੀ ਅਣਅਧਿਕਾਰਤ ਟੀਮ ਵਲੋਂ ਕਿਤੇ ਵੀ ਜਾ ਕੇ ਭਾਰਤ ਦੇ ਨਾਂ ਹੇਠ ਖੇਡਣਾ ਸਹੀ ਨਹੀਂ ਹੈ। ਅਸੀਂ ਕੋਈ ਅਧਿਕਾਰਤ ਟੀਮ ਨਹੀਂ ਭੇਜੀ ਹੈ। ਅਸੀਂ ਕਬੱਡੀ ਫੈਡਰੇਸ਼ਨ ਨੂੰ ਜਾਂਚ ਕਰਨ ਅਤੇ ਉਨ੍ਹਾਂ ਲੋਕਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ ਹੈ, ਜੋ ਉੱਥੇ ਗਏ ਅਤੇ ਬਿਨਾਂ ਇਜਾਜ਼ਤ ਤੋਂ ਭਾਰਤ ਦੇ ਨਾਂ ਦੀ ਵਰਤੋਂ ਕੀਤੀ। ਕਿਸੇ ਵੀ ਅਧਿਕਾਰਤ ਟੂਰਨਾਮੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਬੰਧਤ ਖੇਡ ਬਾਰੇ ਕੌਮੀ ਫੈਡਰੇਸ਼ਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ।’’ ਪਰ ਨਾਲ ਹੀ ਉਨ੍ਹਾਂ ਕਿਹਾ, ‘‘ਜੇਕਰ ਕੋਈ ਕਿਸੇ ਨਿੱਜੀ ਟੂਰਨਾਮੈਂਟ ਲਈ ਜਾਂਦਾ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ।’’
ਅੰਮ੍ਰਿਤਸਰ: ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ, ‘‘ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਨੂੰ ਕਿਸੇ ਵੀ ਅਥਾਰਿਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਸਾਰੇ ਨਿੱਜੀ ਸਮਰੱਥਾ ਵਿੱਚ ਉੱਥੇ ਗਏ ਸੀ। ਸਾਡੀਆਂ ਆਪਣੀਆਂ ਪੰਜ ਵੱਖ-ਵੱਖ ਆਜ਼ਾਦ ਫੈਡਰੇਸ਼ਨਾਂ ਹਨ, ਜੋ ਆਪਣੇ ਤੌਰ ’ਤੇ ਪਾਕਿਸਤਾਨ ਵਿਚਲੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਗਈਆਂ ਸਨ। ਇਸ ਕਰਕੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਟੀਮ ਜਾਇਜ਼ ਵੀਜ਼ੇ ’ਤੇ ਪਾਕਿਸਤਾਨ ਗਈ ਸੀ ਅਤੇ ਇਹ ਕੋਈ ਅਧਿਕਾਰਤ ਟੂਰਨਾਮੈਂਟ ਨਹੀਂ ਸੀ, ਜਿਸ ਦੇ ਲਈ ਕਿਸੇ ਵਿਭਾਗ ਤੋਂ ਆਗਿਆ ਲੈਣ ਦੀ ਲੋੜ ਪਵੇ। 

ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ 13 ਵਾਂ ਕੁਸ਼ਤੀ ਦੰਗਲ 

26 ਫ਼ਰਵਰੀ 2020  ਨੂੰ 11ਵਜੇ ਡਿਸਪੋਜਲ ਰੋਡ ਜਗਰਾਉਂ ਵਿਖੇ 

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ)-

ਆਰੀ ਆਰੀ ਆਰੀ ਵਿੱਚ ਜਗਰਾਵਾ ਦੇ ਕਹਿੰਦੇ ਲਗਦੀ ਰੋਸ਼ਨੀ ਭਾਰੀ  

2️⃣6️⃣ਨੂੰ ਛਿੰਝ ਪੈਣੀ ਆ ਕਿਰਪਾ ਬਾਬੇ ਦੀ ਸਾਰੀ  

ਦੂਰੋ ਦੂਰੋ ਮੱਲ ਆਉਣਗੇ, ਤੂੰ ਵੀ ਕੱਸ ਲਾ ਜਾਣ ਦੀ ਤਿਆਰੀ

ਚਲਕੇ ਦੇਖਾਗੇ,ਕਿਵੇ ਬਾਗੀਆਂ ਪੌਦੇ ਵਿਸ਼ਾਲ ਅਤੇ ਗੱਗੂ ਵਰਗੇ ਆੜੀ।

ਹਰੇਕ ਸਾਲ ਦੀ ਤਰਾਂ ਇਸ ਸਾਲ ਫੇਰ ਪਹਿਲਵਾਨੀ ਜਗਤ ਦੇ ਮਨੇ ਪਰਮਣੇ ਪਹਿਲਵਾਨ ਲਾਲ ਸਿੰਘ ਲਾਲੀ ਦੀ ਕਮਾਂਡ ਹੇਠ ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ 13 ਵਾਂ ਕੁਸ਼ਤੀ ਦੰਗਲ , 26 ਫ਼ਰਵਰੀ 2020  ਨੂੰ 11ਵਜੇ ਡਿਸਪੋਜਲ ਰੋਡ ਜਗਰਾਉਂ ਵਿਖੇ ਹੋ ਰਿਹਾ ਹੈ ।ਜਿਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿਤਾ ਜਾਂਦਾ ਹੈ ਕੇ ਅਖਾੜੇ ਦੀ ਨੂੰ ਵਧੋ ਅਤੇ ਆਪਣੇ ਮਨ ਪਸੰਦ ਪਹਿਲਵਾਨ ਦੇ ਦੇਖੋ ਜੌਹਰ।

ਸਿੱਖਿਆ ਅਧਿਕਾਰੀਆਂ ਨੇ ਸੁਲਤਾਨਪੁਰ ਲੋਧੀ ’ਚ ਸ਼ਤ-ਪ੍ਰਤੀਸ਼ਤ ਅਤੇ ਇਨਰੋਲਮੈਂਟ ਸਬੰਧੀ ਕੀਤੀ ਮਾਈਕਰੋ ਪਲਾਨਿੰਗ

ਵਿਧਾਇਕ ਚੀਮਾ ਨੇ ਸਕੂਲ ਮੁਖੀਆਂ ਦਾ ਵਧਾਇਆ ਉਤਸ਼ਾਹ

ਸੁਲਤਾਨਪੁਰ ਲੋਧੀ/ ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)- 

ਸਿੱਖਿਆ ਵਿਭਾਗ ਕਪੂਰਥਲਾ ਇਸ ਮੌਕੇ ਸ਼ਤ-ਪ੍ਰਤੀਸ਼ਤ ਅਤੇ ਇਨਰੋਲਮੈਂਟ ਵਾਧੇ ਸਬੰਧੀ ਪੂਰਨ ਤੌਰ ’ਤੇ ਪੱਬਾਂ ਭਾਰ ਹੈ। ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ ਥਿੰਦ ਵੱਲੋਂ ਸੁਲਤਾਨਪੁਰ ਲੋਧੀ ਵਿਚ 58 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਦੀ ਮੀਟਿੰਗ ਬੁਲਾ ਕੇ ਮਾਈਕਰੋ ਪਲਾਨਿੰਗ ਕੀਤੀ, ਤਾਂ ਜੋ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਸੌ ਫੀਸਦੀ ਲਿਆਂਦੇ ਜਾ ਸਕਣ ਅਤੇ ਇਨਰੋਲਮੈਂਟ ਵਿਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ ਨੇ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਲਿਆਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਮਸੀਤਾਂ ਬਲਾਕਾਂ ਦੇ ਸਕੂਲਾਂ ਦੀ ਕਾਰਗੁਜ਼ਾਰੀ ਸਲਾਹੁਣਯੋਗ ਹੈ ਅਤੇ ਇਸ ਵਰੇ ਹੋਰ ਵੀ ਵਧੀਆ ਨਤੀਜਿਆਂ ਦੀ ਆਸ ਰੱਖੀ ਜਾ ਰਹੀ ਹੈ। ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਸਿੰਘ ਥਿੰਦ ਨੇ ਸਕੂਲ ਮੁਖੀਆਂ ਨਾਲ ਦਸੰਬਰ ਅਤੇ ਪ੍ਰੀ-ਬੋਰਡ ਪ੍ਰੀਖਿਆ ਵਿਚ ਆਏ ਨਤੀਜਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ‘ਡਾਟਾ ਅਨੈਲਸਿਜ਼’ ਰਾਹੀਂ ਕੀਤਾ। ਉਨਾਂ ਜਿਥੇ 33 ਫੀਸਦੀ ਤੇ 40 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਨਤੀਜਿਆਂ ’ਤੇ ਚਰਚਾ ਕੀਤੀ ਉਥੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਨੰਬਰਾਂ ਦਾ ਵੀ ਲੇਖਾ-ਜੋਖਾ ਕੀਤਾ। ਉਨਾਂ ਸਕੂਲ ਮੁਖੀਆਂ ਨੂੰ ਜਿਥੇ ਦਾਖ਼ਲਾ ਵਧਾਉਣ ਲਈ ਪ੍ਰੇਰਿਤ ਕੀਤਾ ਉਥੇ ਇਕ-ਇਕ ਵਿਦਿਆਰਥੀ ਨੂੰ ਨਿੱਜੀ ਰੂਪ ਵਿਚ ਲੈ ਕੇ ਸ਼ਾਨਦਾਰ ਨਤੀਜਿਆਂ ਲਈ ਵੀ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨਾਂ ਸਮਾਰਟ ਸਕੂਲਾਂ ਸਬੰਧੀ ਸਕੂਲ ਮੁਖੀਆਂ ਵੱਲੋਂ ਕੀਤੀ ਮਿਹਨਤ ਦੀ ਵੀ ਸ਼ਲਾਘਾ ਕੀਤੀ। 

ਵਿਧਾਇਕ ਚੀਮਾ ਨੇ ਵੀ ਵਧਾਇਆ ਉਤਸ਼ਾਹ :

ਸਿੱਖਿਆ ਅਧਿਕਾਰੀਆਂ ਵੱਲੋਂ ਲਈ ਜਾ ਰਹੀ ਮੀਟਿੰਗ ਵਿਚ ਉਸ ਸਮੇਂ ਉਤਸ਼ਾਹ ਹਰ ਵੱਧ ਗਿਆ, ਜਦੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨਾਂ ਜਿਥੇ ਸਿੱਖਿਆ ਅਧਿਕਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਉਥੇ ਨੇ 550 ਸਾਲਾ ਸ਼ਤਾਬਦੀ ਸਮਾਗਮਾਂ ਵਿਚ ਸਿੱਖਿਆ ਵਿਭਾਗ ਵੱਲੋਂ ਨਿਭਾਈ ਗਈ ਸੇਵਾ ਦੀ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਰੋਕਣ ਲਈ ਅਧਿਆਪਕ ਹੀ ਇਕ ਜਿੰਮੇਵਾਰ ਕੜੀ ਹੈ। ਉਨਾਂ ਸਕੂਲਾਂ ਨੂੰ ਹਰ ਸੰਭਵ ਸਹਾਇਤਾ, ਗ੍ਰਾਂਟਾਂ, ਬੁਨਿਆਦੀ ਢਾਂਚਾ ਅਤੇ ਵੱਧ ਤੋਂ ਵੱਧ ਸਟਾਫ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਵਚਨਬੱਧਤਾ ਬਾਰੇ ਵੀ ਸਕੂਲੀ ਮੁਖੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਦਵਿੰਦਰ ਸਿੰਘ ਘੁੰਮਣ ਨੇ ਡਾਟਾ ਵਿਚਾਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡੀ. ਐਮ ਦਵਿੰਦਰ ਸ਼ਰਮਾ, ਡੀ. ਐਮ ਅਰੁਸ਼, ਡੀ. ਐਮ ਦਵਿੰਦਰ ਪੱਬੀ, ਸਮੂਹ ਸਕੂਲਾਂ ਦੇ ਮੁਖੀ ਅਤੇ ਬਲਾਕ ਸੁਲਤਾਨਪੁਰ ਲੋਧੀ ਦੇ ਸਮੂਹ ਬੀ. ਐਮਜ਼ ਹਾਜ਼ਰ ਸਨ। 

ਕੈਪਸ਼ਨ : -ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ। ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ ਤੇ ਹੋਰ।

 

ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਨੇ ਸਿੱਧਵਾਂ ਦੋਨਾ ਵਿਖੇ 66 ਕੇ. ਵੀ ਸਬ-ਸਟੇਸ਼ਨ ਲੋਕਾਂ ਨੂੰ ਕੀਤਾ ਸਮਰਪਿਤ

7.50 ਕਰੋੜ ਰੁਪਏ ਦੀ ਲਾਗਤ ਵਾਲੇ ਬਿਜਲੀ ਘਰ ਨਾਲ 9 ਪਿੰਡਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ

ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)-

ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਸਿੱਧਵਾਂ ਦੋਨਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 7.50 ਕਰੋੜ ਰੁਪਏ ਦੀ ਲਾਗਤ ਵਾਲਾ 66 ਕੇ. ਵੀ ਸਬ-ਸਟੇਸ਼ਨ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਇਸ ਤਹਿਤ ਜਿਥੇ ਬਹੁਤ ਸਾਰੇ ਨਵੇਂ ਬਿਜਲੀ ਗਿ੍ਰਡ ਬਣਾਏ ਗਏ ਹਨ, ਉਥੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਵੀ ਸੁਧਾਰਿਆ ਗਿਆ ਹੈ। ਉਨਾਂ ਕਿਹਾ ਕਿ ਹੁਣ ਇਸ ਇਲਾਕੇ ਦੇ 9 ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਪਿੰਡ ਦੀ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈਜ਼ ਨੂੰ ਨਵੇਂ ਬਣੇ ਬਿਜਲੀ ਘਰ ਦੀ ਵਧਾਈ ਦਿੱਤੀ, ਜਿਨਾਂ ਦੇ ਸਹਿਯੋਗ ਸਦਕਾ ਇਹ ਕੰਮ ਨੇਪਰੇ ਚੜਿਆ ਹੈ। ਉਨਾਂ ਇਸ ਕੰਮ ਨੂੰ ਰਿਕਾਰਡ ਸਮੇਂ ਵਿਚ ਮੁਕੰਮਲ ਕਰਨ ਲਈ ਪਾਵਰਕਾਮ ਦੇ ਅਧਿਕਾਰੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਿੱਧਵਾਂ ਦੋਨਾ ਨੂੰ ਨਮੂਨੇ ਦਾ ਪਿੰਡ ਬਣਾਉਣ ਵਿਚ ਇਥੋਂ ਦੇ ਐਨ. ਆਰ. ਆਈ ਭਰਾਵਾਂ ਦਾ ਬੇਹੱਦ ਯੋਗਦਾਨ ਹੈ। ਉਨਾਂ ਕਿਹਾ ਕਿ ਜਲਦ ਹੀ ਇਸ ਇਲਾਕੇ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਜਾਵੇਗਾ। 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਬਣਨ ਨਾਲ ਜਿਥੇ ਬਿਜਲੀ ਸਪਲਾਈ ਵਿਚ ਬੇਹੱਦ ਸੁਧਾਰ ਹੋਵੇਗਾ, ਉਥੇ ਪਹਿਲਾਂ ਤੋਂ ਚੱਲ ਰਹੇ ਓਵਰਲੋਡ ਬਿਜਲੀ ਗਿ੍ਰਡਾਂ ’ਤੇ ਵੀ ਲੋਡ ਘਟੇਗਾ। ਉਨਾਂ ਕਿਹਾ ਕਿ ਇਸ ਗਿ੍ਰਡ ਦੇ ਚਾਲੂ ਹੋਣ ਨਾਲ ਅੱਜ ਇਸ ਇਲਾਕੇ ਦੀ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਦੇ ਚੇਅਰਮੈਨ ਇੰਜੀ: ਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਹਤਰੀਨ ਬਿਜਲੀ ਸਪਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਇਸ ਤਹਿਤ ਬਿਜਲੀ ਚੋਰੀ ਨੂੰ ਰੋਕਣ ਲਈ ਵੱਡੀ ਮੁਹਿੰਮ ਚਲਾਈ ਗਈ ਹੈ ਅਤੇ ਰਿਹਾਇਸ਼ੀ ਮੀਟਰਾਂ ’ਤੇ ਚਲਾਏ ਜਾ ਰਹੇ ਹੋਟਲਾਂ, ਗੈਸਟ ਹਾੳੂਸਾਂ ਅਤੇ ਹੋਰਨਾਂ ਕਮਰਸ਼ੀਅਲ ਅਦਾਰਿਆਂ ’ਤੇ ਨਕੇਲ ਕੱਸੀ ਜਾ ਰਹੀ ਹੈ। ਉਨਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕਰਨ। 

ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਸਿੱਧਵਾਂ ਦੋਨਾ ਦੇ ਇਸ 66 ਕੇ. ਵੀ ਸਬ-ਸਟੇਸ਼ਨ ਵਿਚ 12.5 ਐਮ. ਵੀ. ਏ ਟ੍ਰਾਂਸਫਾਰਮਰ ਲੱਗਾ ਹੈ ਅਤੇ ਇਸ ਤੋਂ 8 ਕੇ. ਵੀ ਫੀਡਰ ਨਿਕਲਣੇ ਹਨ। 

ਇਸ ਮੌਕੇ ਐਕਸੀਅਨ ਅਸ਼ਵਨੀ ਕੁਮਾਰ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ, ਜੇ. ਈ ਗੁਰਿੰਦਰ ਸਿੰਘ, ਪਰਵੀਨ ਕੁਮਾਰ ਤੇ ਜਸਪਾਲ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ ਸੋਨੀ, ਗੁਰਦੀਪ ਸਿੰਘ ਬਿਸ਼ਨਪੁਰ, ਅਮਨਦੀਪ ਸਿੰਘ ਗੋਰਾ ਗਿੱਲ, ਨਰਿੰਦਰ ਸਿੰਘ ਮੰਨਸੂ, ਤਰਲੋਚਨ ਸਿੰਘ ਧਿੰਜਣ, ਸੁਖਵਿੰਦਰ ਸਿੰਘ ਨੇਕੀ, ਜਸਵਿੰਦਰ ਸਿੰਘ ਸਰਪੰਚ, ਬਲਬੀਰ ਸਿੰਘ ਬੱਲੀ, ਮਨਿੰਦਰ ਸਿੰਘ ਮੰਨਾ, ਸਰਵਨ ਸਿੰਘ, ਗੁਰਨਾਮ ਸਿੰਘ ਸਿੱਧੂ, ਅਮਰੀਕ ਸਿੰਘ ਹੇਅਰ, ਬਹਾਦਰ ਸਿੰਘ ਸਿੱਧੂ,  ਗੁਰਮੀਤ ਸਿੰਘ ਯੂ. ਕੇ, ਪੰਚ ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸਰਵਣ ਸਿੰਘ ਤੇ ਮਮਤਾ ਰਾਣੀ, ਮਾਸਟਰ ਵਿਜੇ ਕੁਮਾਰ, ਤਜਿੰਦਰ ਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਸਿੱਧੂ, ਕੁਲਵੰਤ ਰਾਏ ਭੱਲਾ, ਰਖਵੀਰ ਸਿੰਘ, ਜਸਵੀਰ ਸਿੰਘ ਸਿੱਧੂ, ਬਹਾਦਰ ਸਿੰਘ ਯੂੱ ਕੇ, ਅਵਤਾਰ ਸਿੰਘ ਵਿਰਦੀ, ਮੁਸ਼ਤਾਕ ਮੁਹੰਮਦ, ਲਾਭ ਚੰਦ ਨੰਬਰਵਾਰ, ਸਰਦੂਲ ਸਿੰਘ ਸਿਆਲਾਂ, ਬਲਵਿੰਦਰ ਸਿੰਘ ਰਾਣਾ ਕਾਹਲਵਾਂ, ਹਰਭਜਨ ਸਿੰਘ ਭਲਾਈਪੁਰ। ਮਨਜੀਤ ਸਿੰਘ ਭੰਡਾਲ, ਬਲਦੇਵ ਸਿੰਘ ਦੇਬੀ, ਅਸ਼ਵਨੀ ਕੁਮਾਰ, ਰਘੁਬੀਰ ਪੰਲੀ, ਡਾ. ਪ੍ਰੇਮ ਲਆਲ ਗਿੱਲ, ਰਛਪਾਲ ਸਿੰਘ ਭਾਣੋਲੰਗਾ, ਨੰਬਰਦਾਰ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਜੀਤ ਸਿੱਧੂ, ਗੁਰਮੇਲ ਸਿੰਘ ਗਿੱਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 

ਕੈਪਸ਼ਨ : -ਸਿੱਧਵਾਂ ਦੋਨਾ ਵਿਖੇ 66 ਕੇ. ਵੀ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਚੀਫ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ, ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ ਤੇ ਹੋਰ।

ਚੰਡੀਗੜ੍ਹ ਵਾਲੇ ਧਰਨੇ ਚ ਜ਼ਿਲ੍ਹਾ ਵੱਲੋਂ ਸੈਂਕੜੇ ਕਿਸਾਨ ਸ਼ਾਮਲ ਹੋਣਗੇ- ਨਿਰਭੈ ਸਿੰਘ ਛੀਨੀਵਾਲ

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਮੰਡੀਕਰਨ ਬੋਰਡ  ਨੂੰ ਪ੍ਰਾਈਵੇਟ ਕਰਨ ਦੇ ਵਿਰੋਧ ਵਿੱਚ ਅਤੇ ਹੋਰ ਹੱਕੀ   ਮੰਗਾਂ ਨੂੰ ਲੈ ਕੇ  24  ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ 25 ਸੈਕਟਰ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ।ਇਹ ਜਾਣਕਾਰੀ ਪੱਤਰਕਾਰਾਂ ਦਿੰਦਿਆਂ  ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ  ਨੇ ਦੱਸਿਆ ਕਿ ਇਸ ਧਰਨੇ ਵਿੱਚ ਆੜ੍ਹਤੀਆਂ ਐਸੋਸੀਏਸ਼ਨ ਸਮੇਤ ਹੋਰ ਵੀ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ ।ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰਕੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਉਕਤ ਰੋਸ ਧਰਨੇ ਵਿੱਚ ਜ਼ਿਲ੍ਹਾ ਬਰਨਾਲਾ ਤੋਂ ਸੈਂਕੜੇ ਕਿਸਾਨ ਕਾਫਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨਗੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧਰਨੇ ਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ। ਇਸ ਮੌਕੇ ਜਨਰਲ ਸਕੱਤਰ ਅਜਮੇਰ  ਸਿੰਘ ਹੁੰਦਲ, ਜਸਮੇਲ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ ਲੋਹਗੜ ,ਜਗਦੇਵ ਸਿੰਘ, ਦਰਬਾਰ ਸਿੰਘ ਅਤੇ ਜਗਤਾਰ ਸਿੰਘ ਹਾਜ਼ਰ ਸਨ ।

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ

ਮਾਸੂਮਾਂ ਦੇ ਜਿੰਦਾ ਸੜ ਜਾਣ ਕਾਰਨ ਮਾਪਿਆਂ 'ਚ ਚਿੰਤਾ ਵਧੀ ਹੈ,ਮਾਪੇ ਵੀ ਹੋਣ ਜਾਗਰੂਕ -ਧਨੇਰ

ਮਹਿਲ ਕਲਾਂ/ਬਰਨਾਲਾ/ਮੋਗਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਲੰਘੀ 15 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਚ ਲੱਗੀ ਅੱਗ ਕਾਰਨ 

4 ਮਾਸੂਮ ਬੱਚਿਆਂ ਦੇ ਅੱਗ 'ਚ ਜਿੰਦਾ ਸੜ ਜਾਣ ਤੋਂ ਬਾਅਦ ਲੋਕ ਪੂਰੀ ਤਰਾਂ ਗੰਭੀਰ ਦਿਖਾਈ ਦੇ ਰਹੇ ਹਨ, ਸਕੂਲਾਂ ਵੱਲੋਂ ਵੀ ਲਗਾਤਾਰ ਸਕੂਲੀ ਬੱਸਾਂ 'ਚ ਘਾਟਾਂ ਨੂੰ ਪੂਰਾ ਕਰਨ ਦੇ  ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਕਸਬਾ  ਮਹਿਲ ਕਲਾਂ ਵਿਖੇ ਸ੍ਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ 'ਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗੋਪੀ ਧਨੇਰ ਵੱਲੋਂ ਆਪਣੀ ਟੀਮ ਸਮੇਤ ਮਾਪਿਆਂ ਨੂੰ ਨਾਲ ਲੈ ਕੇ ਸਕੂਲੀ ਬੱਸਾਂ ਦੀ ਸਵੇਰੇ 7-30 ਵਜੇ ਤੋਂ ਲੈ ਕੇ 9-30ਵਜੇ ਤੱਕ ਜਾਂਚ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਗੋਪੀ ਧਨੇਰ ਨੇ ਕਿਹਾ ਕਿ ਲੌਗੋਵਾਲ ਵਿਖੇ ਵਾਪਰੀ ਇਸ ਦਰਦਨਾਕ 'ਤੇ ਦਿਲ ਕੰਬਾਊ ਘਟਨਾ ਕਾਰਨ ਹਰ ਅੱਖ ਰੋਈ ਹੈ ,ਜਿਸ ਨੇ ਸਮੁੱਚੀ ਮਨੁੱਖਤਾ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਉਥੇ ਚਾਰ ਮਾਸੂਮਾਂ ਦੇ ਜਿੰਦਾ ਸੜ ਜਾਣ ਕਾਰਨ ਮਾਪਿਆਂ 'ਚ ਆਪਣੇ ਬੱਚਿਆਂ ਪ੍ਰਤੀ ਚਿੰਤਾ ਵਧੀ ਹੈ। ਉਨਾਂ ਕਿਹਾ ਕਿ ਸਕੂਲਾਂ ਦੀਆਂ ਬੱਸਾਂ ਨੂੰ ਚੈਕ ਕਰਨ ਸਮੇਂ ਜਿਆਦਾਤਰ ਸਕੂਲਾਂ ਦੀਆਂ ਬੱਸਾਂ 'ਚ ਵੱਡੀਆਂ ਘਾਟਾਂ ਸਨ। ਜਿਨ੍ਹਾਂ ਵਿੱਚ ਡਰਾਈਵਰਾਂ ਦੇ ਲਾਇਸੈਸ, ਫਸਟ ਏਡ ਕਿੱਟ , ਅੱਗ ਬਝਾਉ ਯੰਤਰ 'ਤੇ ਸੀਸਾ ਭੰਨਣ ਵਾਲਾ ਹਥੌੜਾ ਜਿਆਦਾਤਰ ਬੱਸਾਂ 'ਚ ਨਹੀ ਸੀ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਰੁਟੀਨ ਚ ਇਸੇ ਤਰ੍ਹਾਂ ਜਾਰੀ ਰਹੇਗੀ। ਧਨੇਰ ਨੇ ਸਕੂਲਾਂ ਚ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਵੀ ਇਨ੍ਹਾਂ ਕਮੀਆਂ ਪ੍ਰਤੀ ਜਾਗਰੂਕ ਹੋਣ ,ਕਿਉਂਕਿ ਮਹਿੰਗੀਆਂ ਫੀਸਾਂ ਦੇਣ ਦੇ ਬਾਵਜੂਦ ਵੀ ਅਗਰ ਸਕੂਲਾਂ ਵਾਲੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਰਤਦੇ ਹਨ ,ਉਨ੍ਹਾਂ ਨੂੰ ਜਾਣੂੰ ਤੇ ਕਾਰਵਾਈ ਕਰਵਾ ਸਕੀਏ।।ਉਹਨਾਂ ਦੱਸਿਆਂ ਕਿ ਚੈਕਿੰਗ ਦੌਰਾਨ ਮੌਕੇ ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ ਪ੍ਰਿੰਸੀਪਲ ਹਿਮਾਸੂ ਦੱਤ ਨੇ ਮੌਕੇ 'ਤੇ ਪੁੱਜ ਕੇ ਲਿਖਤੀ ਤੌਰ ਤੇ  ਬੱਸਾਂ ਦੀਆਂ ਘਾਟਾਂ ਪੂਰੀਆਂ ਕਰਨ ਦਾ ਵਿਸਵਾਸ ਦਿਵਾਇਆ ਹੈ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜਿੱਥੇ ਉਹ ਮਹਿੰਗੀਆਂ ਫੀਸਾਂ ਭਰ ਕੇ ਆਪਣੇ ਬੱਚਿਆਂ ਨੂੰ ਪੜਾ ਰਹੇ ਹਨ ਉੱਥੇ ਸਕੂਲ ਪ੍ਰਬੰਧਾਂ ਦੀ ਘਾਟ ਸਬੰਧੀ ਵੀ ਸਮੇਂ ਸਮੇਂ ਮਿਲ ਬੈਠ ਕੇ ਚਰਚਾ ਕਰਨ 'ਤੇ ਸਕੂਲ ਪ੍ਰਬੰਧਕਾਂ ਨੂੰ ਜਾਣੂ ਕਰਵਾਉਦੇ ਰਹਿਣ ਤਾਂ ਜੋ ਅਜਿਹੀ ਕੋਈ ਵੀ ਅਣਸੁਖਾਵੀ ਘਟਨਾ ਕਿਸੇ ਪਿੰਡ 'ਚ ਨਾ ਵਾਪਰੇ। ਇਸ ਮੌਕੇ ਮਿ ਗੁਰਜੰਟ ਸਿੰਘ ਕਾਲਾ,ਬਿੱਲੂ ਜਗੇੜਾ ਧਨੇਰ,ਰਵੀ, ਪਰਦੀਪ ਸਿੰਘ,ਸੁੁੁਰਿੰਦਰ ਸਿੰਘ ਕਾਲਾ ਸਮੇਤ ਇੱਕ ਦਰਜਨ ਦੇ ਕਰੀਬ ਮਾਪੇ ਹਾਜਰ ਸਨ।

ਕੀ ਕਹਿੰਦੇ ਹਨ ਐਸ ਐਚ ਓ ਮਹਿਲ ਕਲਾਂ

ਇਸ ਸਬੰਧੀ ਗੱਲ ਕਰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਲੌਗੋਂਵਾਲ ਦੀ ਘਟਨਾ ਬਹੁਤ ਦੁਖਦਾਈ ਹੈ, ਅਜਿਹੀ ਘਟਨਾ ਕਿਤੇ ਹੋਰ ਨਾ ਵਾਪਰੇ ਇਸ ਲਈ ਉਹ ਖੁਦ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਨਗੇ। ਉਨਾਂ ਕਿਹਾ ਕਿ ਜੇਕਰ ਕੋਈ ਸਕੂਲੀ ਬੱਸ 'ਚ ਕਾਗਜੀ ਘਾਟ ਪਾਈ ਗਈ ਤਾਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਨੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ ਹਿਮਾਂਸੂ ਦੱਤ ਨੇ ਕਿਹਾ ਕਿ ਕੁਝ ਸਮਾਜ ਸੇਵੀ ਸੰਸਥਾਵਾ ਨੇ ਬੱਸਾਂ ਦੀ ਜਾਂਚ ਕੀਤੀ ਸੀ, ਉਸ ਸਮੇਂ ਜੋ ਵੀ ਘਾਟ ਬੱਸਾਂ 'ਚ ਪਾਈ ਗਈ ਉਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਸਕੂਲ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕੀ ਕਹਿੰਦੇ ਨੇ ਜੀ  ਹੋਲੀ ਹਾਰਟ ਸਕੂਲ ਦੇ ਐਮ ਡੀ ਤੇ ਪ੍ਰਿੰਸੀਪਲ 

ਇਸ ਸਬੰਧੀ ਜੀ.ਹੋਲੀ ਹਾਰਟ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸੀਲ ਗੋਇਲ ਤੇ ਪ੍ਰਿੰਸੀਪਲ ਮਿਸ ਨਵਜੋਤ ਕੌਰ ਟੱਕਰ ਨੇ ਕਿਹਾ ਜੋ ਸਕੂਲ ਬੱਸਾਂ ਦੀ ਜਾਂਚ ਕੀਤੀ ਗਈ ਹੈ, ਉਹ ਸਲਾਘਾਯੋਗ ਹੈ। ਸਕੂਲ ਦੀਆਂ ਬੱਸਾਂ ਸਾਰੀਆਂ ਸਹੂਲਤਾਂ ਨਾਲ ਲੈਸ ਹਨ। ਉਹਨਾਂ ਕਿਹਾ ਕਿ ਸਕੂਲ ਦੇ ਬੱਚਿਆਂ ਦੀ ਸਰੁੱਖਿਆ ਲਈ ਬੱਸਾਂ ਦੇ ਡਰਾਈਵਰਾਂ ਨੂੰ ਸਖਤ ਆਦੇਸ ਜਾਰੀ ਕੀਤੇ ਹਨ। ਜੇਕਰ ਕੋਈ ਡਰਾਈਵਰ ਫਿਰ ਅਣਗਹਿਲੀ ਕਰਦਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ,ਕਿਉਂਕਿ ਬੱਚਿਆਂ ਦੀ ਸੇਫਟੀ ਸਭ ਤੋਂ ਜਰੂਰੀ ਹੈ। 

ਕੀ  ਕਹਿੰਦੇ ਨੇ ਅਕਾਲ ਐਕਡਮੀ ਮਹਿਲ ਕਲਾਂ ਦੇ ਪ੍ਰਿੰਸੀਪਲ - 

ਇਸ ਸਬੰਧੀ ਅਕਾਲ ਅਕੈਡਮੀ ਮਹਿਲ ਕਲਾਂ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਕਿਹਾ ਕਿ ਸਾਡੀਆਂ ਸਭ ਬੱਸਾਂ ਸਹੂਲਤਾਂ ਨਾਲ ਲੈੱਸ ਹਨ, ਪਰ ਫਿਰ ਵੀ ਕਿਸੇ ਮਾਪੇ ਜਾ ਹੋਰ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਲੱਗਦੀ ਹੈ ਤਾਂ ਉਹ ਸਾਨੂੰ ਜਾਣੂੰ ਕਰਵਾਏ , ਉਸ ਨੂੰ ਅਸੀ ਤੁਰੰਤ ਪੂਰਾ ਕਰਾਂਗੇ।

ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ

20ਵਾਂ ਓਪਾ ਧਾਲੀਵਾਲ ਯਾਦਗਾਰੀ ਖੇਡ ਮੇਲਾ 19 'ਤੇ 20 ਨੂੰ

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਓਪਾ ਸਪੋਰਟਸ ਕਲੱਬ (ਰਜਿ.) ਚੰਨਣਵਾਲ, ਟੂਰਨਾਮੈਂਟ ਪ੍ਰਬੰਧਕ ਕਮੇਟੀ, ਐਨਆਰਆਈ ਵੀਰ, ਨਗਰ ਪੰਚਾਇਤ ਵੱਲੋਂ 20ਵਾਂ ਓਪਾ ਧਾਲੀਵਾਲ ਯਾਦਗਾਰੀ ਖੇਡ ਮੇਲਾ 19 'ਤੇ 20 ਫਰਵਰੀ ਨੂੰ ਪਿੰਡ ਚੰਨਣਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਆੜਤੀਆ ਕੁਲਵੀਰ ਸਿੰਘ ਗਿੱਲ, ਜਸਵਿੰਦਰ ਸਿੰਘ ਗੋਗਾ ਕੇਨੈਡੀਅਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਕਤ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ।ਜਿਸ 'ਚ ਕਬੱਡੀ ਓਪਨ (3 ਬਾਹਰੋਂ), ਕਬੱਡੀ ਓਪਨ (1 ਪਿੰਡ ਨਿਰੋਲ), ਕਬੱਡੀ 65 ਕਿੱਲੋ(2 ਬਾਹਰੋ), ਬਾਲੀਬਾਲ ਸਮੈਸਿੰਗ (1 ਪਿੰਡ ਨਿਰੋਲ) ਅਤੇ ਤਾਸ ਸੀਪ (4 ਹੱਥ) ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਜਿੱਥੇ ਲੱਖਾਂ ਰੂਪਏ ਦੇ ਇਨਾਮ ਦਿੱਤੇ ਜਾਣਗੇ ਉੱਥੇ ਬੈਸਟ ਰੇਡਰ 'ਤੇ ਬੈਸਟ ਸਟੌਪਰ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਚ ਕਬੱਡੀ ਓਪਨ ਤੇ 65 

ਕਿਲੋਂ ਦੀਆਂ ਪਹਿਲੀਆਂ  ਸਿਰਫ 32ਟੀਮਾਂ ਹੀ ਐਟਰ ਕੀਤੀਆਂ ਜਾਣਗੀਆਂ। ਇਸ ਖੇਡ ਮੇਲੇ ਦੇ ਦੋਵੇਂ ਦਿਨ ਲੰਗਰ ਦਾ ਪ੍ਰਬੰਧ ਨਿਰਮਲਾ ਡੇਰਾ ਚੰਨਣਵਾਲ ਦੇ ਮੁੱਖ ਸੇਵਾਦਾਰ ਬਾਬਾ ਯਾਦਵਿੰਦਰ ਸਿੰਘ ਬੁੱਟਰ ਵੱਲੋਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਜੇਤੂ ਟੀਮਾਂ ਤੋਂ ਇਲਾਵਾ ਸਹਿਯੋਗੀ ਸੱਜਣ 'ਤੇ ਹੋਰਨਾ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਇਲਾਕੇ ਦੇ ਲੋਕਾਂ ਨੂੰ ਇਸ ਖੇਡ ਮੇਲੇ ਸਮੇਂ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਮਨਦੀਪ ਸਿੰਘ ਜਟਾਣਾ, ਗੁਰਦੀਪ ਸਿੰਘ ਜਟਾਣਾ, ਨਵਜੋਤ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਡਾ ਮਹੁੰਮਦ ਜਾਸੀਨ, ਚਰਨਜੀਤ ਸਿੰਘ ਅਤੇ ਭੋਲਾ ਸਿੰਘ ਹਾਜਰ ਸਨ।

ਸਰਦਾਰ ਚਮਕੌਰ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਵਾਇਆ ਗਿਆ

ਨਿਹਾਲ ਸਿੰਘ ਵਾਲਾ /ਮੋਗਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਪਿੰਡ ਲੁਹਾਰੇ ਦੇ ਸਰਦਾਰ ਚਮਕੌਰ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਸਰਦਾਰਨੀ ਸੁਖਨਿੰਦਰ ਕੌਰ ਮੈਮੋ: ਚੈਰੀਟੇਬਲ ਹਸਪਤਾਲ ਲੁਹਾਰਾ (ਮੋਗਾ) ਵਿਖੇ ਕੈਂਪ ਲਾਇਆ ਗਿਆ। ਜਿਸ ਵਿੱਚ ਹਾਰਟ ਦੇ ਮਾਹਿਰ ਡਾਕਟਰ ਰਾਜਵੰਤ ਹੇਅਰ ਅੱਖਾਂ ਦੇ ਮਾਹਿਰ ਡਾਕਟਰ ਚਰਨਜੀਤ ਸਿੰਘ ਦੰਦਾਂ ਦੇ ਮਾਹਿਰ ਪਰਵਿੰਦਰ ਕੌਰ ਡਾਕਟਰੀ ਟੀਮ ਵੱਲੋਂ1000 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਜਿਸ ਵਿੱਚ 208 ਦੇ ਕਰੀਬ ਮਰੀਜ਼ ਆਪ੍ਰੇਸ਼ਨ ਦੇ ਲਈ ਚੁਣੇ ਗਏ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਸਪਤਾਲ ਦੇ ਇੰਚਾਰਜ ਲਖਵੀਰ ਸਿੰਘ ਅਤੇ ਗੁਰਸੇਵਕ ਸਿੰਘ ਥਰੀਕੇ ਨੇ ਕਿਹਾ ਕਿ ਸਾਨੂੰ ਮਹਿੰਗੇ ਵਿਆਹ ਮਹਿੰਗੀਆਂ ਕੋਠੀਆਂ ਕਾਰਾਂ ਤੋਂ ਗੁਰੇਜ਼ ਕਰਕੇ ਮਨੁੱਖਤਾ ਦੇ ਭਲੇ ਲਈ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਧਾਲੀਵਾਲ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕਹਿ ਕੇ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਕੀਤੀ ਲਗਨ ਮਿਹਨਤ ਨਾਲ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਅਤੇ ਕਰਨੀ ਚਾਹੀਦੀ ਹੈ।ਇਸ ਮੌਕੇ ਕੈਂਪ ਨੂੰ ਸਫਲ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਹਰਭਜਨ ਸਿੰਘ ਮਲਕੀਤ ਸਿੰਘ ਹਰਪਾਲ ਸਿੰਘ ਠੀਕਰੀਵਾਲ, ਜਗਜੀਤ ਸਿੰਘ ਗਰੇਵਾਲ ,ਤੇਜਿੰਦਰ ਸਿੰਘ, ਜੀਤ ਸਿੰਘ ਯੂ ਐਸ ਏ ,ਪਰਮਜੀਤ ਸਿੰਘ ਯੂ ਐਸ ਏ, ਜਤਿੰਦਰ ਸਿੰਘ ਯੂ ਐਸ ਏ ਚਮਕੌਰ ਸਿੰਘ, ਸਵਰਨਜੀਤ ਕੌਰ ਯੂ ਐਸ ਏ, ਗ੍ਰੀਸ ਕੌਰ ਯੂ ਐਸ ਏ ਹਰਮਿੰਦਰ ਕੌਰ ਯੂ ਐਸ ਏ, ਗਗਨਦੀਪ ਕੌਰ ਯੂ ਐਸ ਏ ਆਦਿ ਹਾਜ਼ਰ ਸਨ l

ਜਪੁਜੀ ਖਹਿਰਾ ਬਣੀ ਵਰਲਡ ਕੈਂਸਰ ਕੇਅਰ ਦੀ ਬ੍ਰੈਡ ਐਬਸਡਰ-Video

ਜਪੁਜੀ ਖਹਿਰਾ ਦੇ ਬ੍ਰੈਡ ਐਬਸਡਰ ਬਣਨ ਨਾਲ ਵਰਲਡ ਕੈਂਸਰ ਕੇਅਰ ਦੀ ਟੀਮ ਨੂੰ ਵੱਡਾ ਹੌਸਲਾ ਮਿਲਿਆ-ਡਾ ਕੁਲਵੰਤ ਸਿੰਘ ਧਾਲੀਵਾਲ

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 

ਪਿਛਲੇ ਦਿਨੀ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਜਪੁਜੀ ਖਹਿਰਾ ਨੂੰ ਵਰਲਡ ਕੈਂਸਰ ਕੇਅਰ ਦੀ ਬੈਡ ਐਬਸਡਰ ਘੋਸ਼ਤ ਕੀਤਾ ਗਿਆ।ਉਸ ਸਮੇ ਓਹਨਾ ਨਾਲ ਅਤੇ ਜਪੁਜੀ ਖਹਿਰਾ ਨਾਲ ਹੋਈ ਗੱਲਬਾਤ ਨੂੰ ਤੁਸੀਂ ਵੀਡਿਓ ਰਾਹੀਂ ਦੇਖ ਸਕਦੇ ਹੋ।ਕਰੋ ਕਲਿਕ ਹੇਠਾਂ ਲਿੰਕ ਉਪਰ...

16 ਫਰਵਰੀ 2020- - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਫਰਵਰੀ 2020- 

ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ

ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਗੜ੍ਹਦੀਵਾਲਾ ਵਿਖੇ ਡਾ ਕੁਲਵੰਤ ਸਿੰਘ ਧਾਲੀਵਾਲ ਦਾ ਸਨਮਾਣ

ਗੜ੍ਹਦੀਵਾਲਾ/ਹੁਸ਼ਿਆਰਪੁਰ, ਫ਼ਰਵਰੀ 2020-(ਮਨਜਿੰਦਰ ਗਿੱਲ)-

ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਗਜ ਧਾਲੀਵਾਲ ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾ ਐਮ ਐਸ ਰੰਧਾਵਾ ਮੈਮੋਰੀਲ ਐਵਾਰਡ ਨਾਲ ਸਨਮਾਣਿਆ ਗਿਆ। ਉਸ ਸਮੇ ਓਹਨਾ ਨੂ ਚੈੱਕ ਰਾਹੀਂ ਮਾਇਆ ਦਾਨ ਵੀ ਦਿਤੀ ਗਈ ਜੋ ਕੇ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਓਸੇ ਸਮੇ ਕੈਂਸਰ ਦੇ ਮਰੀਜ਼ ਨੂੰ ਭੇਟ ਕਰ ਦਿਤੀ ਗਈ।ਸਾਡੇ ਪ੍ਰਤੀ ਨਿਧ ਨਾਲ ਗੱਲ ਕਰਦੇ ਧਾਲੀਵਾਲ ਨੇ ਦਸਿਆ ਕਿ ਪੰਜਾਬ ਵਿੱਚ ਦਾਨੀ ਸੱਜਣਾਂ ਦਾ ਕੋਈ ਅੰਤ ਨਹੀਂ ਬੱਸ ਇਕੋ ਹੀ ਚੀਜ ਦੀ ਜਰੂਰਤ ਹੈ ਕੇ ਲੋਕਾਂ ਦੁਆਰਾ ਦਿਤਾ ਦਾਨ ਸਹੀ ਵਰਤੋਂ ਵਿੱਚ ਆ ਜਾਵੇ ਅਤੇ ਮੇਰਾ ਇਹ ਹੀ ਮਿਸ਼ਨ ਹੈ ਇਕ ਇਕ ਪੈਸੇ ਤੇ ਆਪ ਨਜਰ ਰੱਖੀ ਜਾਂਦੀ ਹੈ।ਮੈਂ ਬਹੁਤ ਧੰਨਵਾਦੀ ਹਾਂ ਸਮੂਹ ਲੋਕਾਂ ਦਾ ਜੋ ਸਾਡੀ ਮਦਦ ਕਰਦੇ ਹਨ।

ਫ਼ਿਲਮ ‘ਜ਼ੋਰਾ ਦਾ ਸੈਂਕਡ ਚੈਪਟਰ’ ਨਾਲ ਨਵੀਆਂ ਪੈੜ੍ਹਾਂ ਪਾਵੇਗਾ – ਯਾਦ ਗਰੇਵਾਲ

ਚੰਡੀਗੜ,ਫ਼ਰਵਰੀ 2020-(ਹਰਜਿੰਦਰ ਜਵੰਦਾ/ਮਨਜਿੰਦਰ ਗਿੱਲ)-

ਪੰਜਾਬੀ ਫ਼ਿਲਮ 'ਜ਼ੋਰਾ ਦਾ ਸੈਂਕਡ ਚੈਪਟਰ' ਦੀ ਸਟਾਰ ਕਾਸਟ ਬਾਰੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਜਾਨਣ ਦੀ ਸਿਲਸਿਲੇ ਵਿੱਚ ਅੱਜ ਅਸੀਂ ਯਾਦ ਗਰੇਵਾਲ ਬਾਰੇ ਗੱਲ ਕਰਾਂਗੇ।ਆਗਾਮੀ 6 ਮਾਰਚ 2020 ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਇਸ ਫਿਲ਼ਮ 'ਚ ਯਾਦ ਗਰੇਵਾਲ ਨੇ ਦੀਪੇ ਦਾ ਕਿਰਦਾਰ ਨਿਭਾਇਆ ਹੈ।ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ, ਕਿ ਯਾਦ ਗਰੇਵਾਲ ਬਠਿੰਡੇ ਸ਼ਹਿਰ ਦਾ ਹੀ ਜੰਮਪਲ ਹੈ। ਯਾਦ ਉਹਨਾਂ ਦੇ ਬਹੁਤ ਕਰੀਬ ਹੈ ਅਤੇ ਬਹੁਤ ਪੁਰਾਣਾ ਜਾਣਕਾਰ ਹੈ। ਯਾਦ ਗਰੇਵਾਲ ਦੀ ਦਿੱਖ ਅਤੇ ਪਰਸਨੈਲਿਟੀ ਵਰਗਾ ਕੋਈ ਦੂਸਰਾ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਹੀਂ। ਯਾਦ ਗਰੇਵਾਲ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਹੀ ਬੇਹਤਰੀਨ ਤੇ ਬਾਕਮਾਲ ਅਦਾਕਾਰ ਹੋਣ ਦੇ ਬਾਵਜੂਦ ਬਹੁਤਾ ਕੰਮ ਨਹੀਂ ਮਿਲਿਆ ਕਿਉਂਕਿ ਮੌਜੂਦਾ ਦੌਰ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦਾ ਰੁਝਾਨ ਕਾਮੇਡੀ ਫ਼ਿਲਮਾਂ ਵੱਲ ਹੈ। ਜੋ ਯਾਦ ਦੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੀਆਂ।ਯਾਦ ਗਰੇਵਾਲ ਨੇ ਮਿੱਟੀ (2010) ਨਾਲ ਸਿਲਵਰ ਸਕ੍ਰੀਨ ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਲਾਇਨ ਆਫ ਪੰਜਾਬ (2011), ਕਬੱਡੀ ਵਨਸ ਅਗੇਨ (2012), ਸਾਡਾ ਹੱਕ (2013), ਵਨਸ ਅਪਨ ਏ ਟਾਈਮ ਇਨ ਮੁੰਬਈ ਦੁਬਾਰਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ! ਇਹਨਾਂ ਸਾਰੀਆਂ ਫ਼ਿਲਮ ਵਿਚ ਯਾਦ ਗਰੇਵਾਲ ਦਾ ਰੋਲ ਨੇਗਟਿਵ ਹੈ। ਸਰਦਾਰ ਗਿੱਲ ਨੇ ਦੱਸਿਆ ਕਿ ਜਦੋਂ ਉਹ ਜੋਰਾ ਫਿਲਮ ਦੀ ਕਹਾਣੀ ਲਿਖ ਰਹੇ ਸਨ ਤਾਂ ਉਹਨਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਯਾਦ ਨੂੰ ਫਿਲਮ ਵਿਚ ਰੋਲ ਲਾਜ਼ਮੀ ਦੇਣਾ ਹੈ ਅਤੇ ਉਸ ਕੋਲੋਂ ਨਾਗਿਟਿਵ ਨਹੀਂ ਬਲਕਿ ਪੋਜਟਿਵ ਤੇ ਵੱਡਾ ਰੋਲ ਕਰਵਾਉਣਾ ਹੈ। ਯਾਦ ਗਰੇਵਾਲ ਨੂੰ ਪਹਿਲਾਂ ਜੋਰਾ ਫਿਲਮ ਦੇ ਇੱਕ ਹੋਰ ਕਿਰਦਾਰ ਸ਼ੇਰੇ ਰਾਠੌਰ ਦੇ ਲਈ ਚੁਣਿਆ ਗਿਆ ਸੀ। ਜੋ ਕਿ ਬਾਅਦ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਮੁਕੁਲ ਦੇਵ ਨੇ ਕੀਤਾ।ਅਮਰਦੀਪ ਸਿੰਘ ਗਿੱਲ ਮੁਤਾਬਿਕ, ਫ਼ਿਲਮ ਵਿੱਚ ਵੀ ਦੀਪੇ ਦਾ ਕਿਰਦਾਰ ਬਹੁਸਤ ਹੀ ਵੱਖਰਾ ਤੇ ਬਹੁਤ ਵੱਡਾ ਹੈ। ਫਿਲਮ ਵਿੱਚ ਦੀਪੇ ਦੇ ਡਾਇਲਾਗ ਕਿਤੇ ਨਾ ਕਿਤੇ ਜੋਰੇ ਨਾਲੋਂ ਵੀ ਵੱਧ ਅਤੇ ਵੱਡੇ ਹਨ। ਜੋਰੇ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਦੀਪਾ ਬਚਪਨ ਤੋਂ ਜਾਣੂ ਹੈ ।ਦੀਪਾ ਅਤੇ ਜੋਰਾ ਇਕੱਠੇ ਸਕੂਲ਼ ਪੜ੍ਹਨ ਜਾਂਦੇ, ਇਕੱਠੇ ਵੱਡੇ ਹੁੰਦੇ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦੀਪਾ ਜੋਰੇ ਦੇ ਨਾਲ ਉਸਦੇ ਪਰਛਾਵੇਂ ਵਾਂਗ ਰਹਿੰਦਾ ਹੈ।ਦੀਪਾ ਕਦੇ ਵੀ ਲੀਡ ਨਹੀਂ ਕਰਦਾ ਪਰ ਦੀਪਾ ਇੱਕ ਹੁੰਗਾਰੇ ਵਾਂਗ ਜੋਰੇ ਦੇ ਨਾਲ-ਨਾਲ ਰਹਿੰਦਾ ਹੈ। ਦੀਪਾ ਜੋਰੇ ਨੂੰ ਕਦੇ ਵੀ ਕਿਸੇ ਕੰਮ ਤੋਂ ਮਨ੍ਹਾ ਨਹੀਂ ਕਰਦਾ। ਜਦੋਂ ਕਿ ਉਹ ਉਮਰ ਵਿੱਚ ਜੋਰੇ ਨਾਲੋਂ ਵੱਡਾ ਹੈ ਅਤੇ ਜੋਰਾ ਵੀ ਹਮੇਸ਼ਾ ਦੀਪੇ ਨੂੰ ਸਤਿਕਾਰ ਅਤੇ ਅਦਬ ਨਾਲ ਦੀਪਾ ਬਾਈ ਕਹਿ ਕੇ ਹੀ ਬੁਲਾਉਂਦਾ ਹੈ। ਜੋਰਾ ਦੀਪੇ ਕਰਕੇ ਹੀ ਜੋਰਾ ਹੈ।ਦੀਪੇ ਦੇ ਕਿਰਦਾਰ ਲਈ ਯਾਦ ਗਰੇਵਾਲ ਦੀ ਲੁੱਕ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਸ ਦੀਆਂ ਮੁੱਛਾਂ, ਦਾਹੜੀ, ਵਾਲਾਂ ਦਾ ਸਟਾਈਲ, ਕੱਪੜੇ, ਬੋਲਣ , ਤੁਰਨ, ਖੜਨ ਆਦਿ ਦੇ ਢੰਗ ਆਦਿ ਯਾਦ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੇਖਦੇ ਤੇ ਸੱਜਰੇ ਹਨ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਯਾਦ ਗਰੇਵਾਲ ਨੂੰ ਦੀਪੇ ਦੇ ਕਿਰਦਾਰ ਲਈ ਚੁਣਿਆ ਅਤੇ ਮਾਣ ਹੈ ਕਿ ਯਾਦ ਨੇ ਜਿਵੇਂ ਦੀਪੇ ਦੇ ਕਿਰਦਾਰ ਨੂੰ ਨਿਭਾਇਆ ਉਸ ਨੇ ਇਸ ਕਿਰਦਾਰ ਨੂੰ ਅਮਰ ਕਰ ਦਿੱਤਾ ਹੈ। ਯਾਦ ਗਰੇਵਾਲ ਦਾ 'ਜ਼ੋਰਾ ਦਾ ਸੈਂਕਡ ਚੈਪਟਰ' ਵਿੱਚ ਦੀਪੇ ਦਾ ਕਿਰਦਾਰ ਵੀ ਸਭ ਨੂੰ ਬਹੁਤ ਪਸੰਦ ਆਏਗਾ।

12ਵੀਂ ਦੇ 2 ਪੇਪਰਾਂ ਦੀਆਂ ਤਰੀਕਾਂ ਬਦਲੀਆਂ

ਐੱਸ. ਏ. ਐੱਸ. ਨਗਰ,  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਲਿਖਤੀ ਪ੍ਰੀਖਿਆ ਮਾਰਚ-2020 ਲਈ ਜਾਰੀ ਡੇਟਸ਼ੀਟ 'ਚ ਕੁਝ ਤਬਦੀਲੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਬੋਰਡ ਵਲੋਂ 12ਵੀਂ ਸ਼੍ਰੇਣੀ ਦੇ ਇਤਿਹਾਸ (ਹਿਸਟਰੀ) ਵਿਸ਼ੇ ਦੀ ਪ੍ਰੀਖਿਆ 12 ਮਾਰਚ ਨੂੰ ਅਤੇ ਭੂਗੋਲ (ਜੋਗਰਫੀ) ਵਿਸ਼ੇ ਦੀ ਪ੍ਰੀਖਿਆ 27 ਮਾਰਚ ਨੂੰ ਲਈ ਜਾਣੀ ਸੀ, ਜਿਸ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲ ਕੀਤਾ ਗਿਆ ਹੈ ਅਤੇ ਹੁਣ ਭੂਗੋਲ ਵਿਸ਼ੇ ਦੀ ਪ੍ਰੀਖਿਆ 1 ਅਪ੍ਰੈਲ ਨੂੰ ਅਤੇ ਇਤਿਹਾਸ ਵਿਸ਼ੇ ਦੀ ਪ੍ਰੀਖਿਆ 3 ਅਪ੍ਰੈਲ ਨੂੰ ਹੋਵੇਗੀ, ਜਦਕਿ ਬਾਕੀ ਡੇਟਸ਼ੀਟ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਬੋਰਡ ਵੈੱਬਸਾਈਟ 'ਤੇ ਉਪਲੱਬਧ ਹੈ | ਇਸ ਤਬਦੀਲੀ ਦਾ ਜੋਗਰਫੀ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਵਲੋਂ ਸਵਾਗਤ ਕੀਤਾ ਗਿਆ ਹੈ |

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਦੀ ਸ਼ਲਾਘਾ

ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਸੁਲਾਹ ਸਫਾਈ ਵਾਲੇ ਮਾਮਲੇ ਕਮਿਸ਼ਨ ਕੋਲ ਭੇਜਣ ਬਾਰੇ ਕਿਹਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਵਿਮੈਨ ਸੈੱਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਪਰਿਵਾਰ ਨੂੰ ਪਿਆਰ ਅਤੇ ਮਿਲਵਰਤਣ ਨਾਲ ਰਹਿਣਾ ਚਾਹੀਦਾ ਹੈ। ਉਹ ਅੱਜ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਵੱਲੋਂ ਪੁਲਿਸ ਲਾਈਨਜ਼ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਵਿੱਚ ਸਨ। ਇਸ ਸਮਾਗਮ ਵਿੱਚ 250 ਦੇ ਕਰੀਬ ਓਨ੍ਹਾਂ ਜੋੜਿਆਂ ਵੱਲੋਂ ਸ਼ਿਰਕਤ ਕੀਤੀ ਗੱਈ ਜਿਨ੍ਹਾਂ ਦੇ ਵਿਮੈਨ ਸੈੱਲ ਵੱਲੋ ਰਾਜੀਨਾਮੇ ਕਰਵਾਏ ਗਏ। ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਰਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਗਜੀਤ ਸਿੰਘ ਸਰੋਏ, ਸਹਾਇਕ ਕਮਿਸ਼ਨਰ ਪੁਲਿਸ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਲੁਧਿਆਣਾ ਦੇ ਵਿਮੈਨ ਸੈੱਲ ਦੀ ਕਾਰਗੁਜ਼ਾਰੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸੈੱਲ ਵੱਲੋਂ ਪਿਛਲੇ ਸਾਲ ਅਜਿਹੇ 4000 ਮਾਮਲੇ ਸੁਲਝਾਏ ਗਏ, ਜਦਕਿ ਸਿਰਫ਼ 151 ਮਾਮਲੇ ਹੀ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਲੁਧਿਆਣਾ ਪੁਲਿਸ ਇਸ ਦਿਸ਼ਾ ਵਿੱਚ ਬਹੁਤ ਹੀ ਜਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਸੁਲਾਹ ਸਫ਼ਾਈ ਲਈ 41 ਕਾਊਂਸਲਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮਕਸਦ ਹੈ ਕਿ ਵਿਆਹੁਤਾ ਰਿਸ਼ਤਿਆਂ ਨਾਲ ਸੰਬੰਧਤ ਮਾਮਲਿਆਂ ਨੂੰ ਆਪਸੀ ਸੁਲਾਹ ਸਫਾਈ ਨਾਲ ਸੁਲਝਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਅਧਿਕਾਰੀ ਜਦੋਂ ਕਿਸੇ ਮਾਮਲੇ ਵਿੱਚ ਸੁਲਾਹ ਸਫਾਈ ਕਰਾਉਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਮਾਮਲਾ ਦਰਜ ਕਰਨ ਤੋਂ ਪਹਿਲਾਂ ਅਜਿਹੇ ਕੇਸ ਕਮਿਸ਼ਨ ਕੋਲ ਭੇਜਣੇ ਚਾਹੀਦੇ ਹਨ ਤਾਂ ਜੋ ਕਮਿਸ਼ਨ ਵੱਲੋਂ ਸੁਲਾਹ ਸਫਾਈ ਨਾਲ ਅਜਿਹੇ ਕੇਸ ਹੱਲ ਕਰਾਉਣ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਬੀਤੇ ਦਿਨੀਂ ਅਜਿਹੇ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 40 ਮਾਮਲੇ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 7 ਮਾਮਲਿਆਂ ਦਾ ਆਪਸੀ ਸੁਲਾਹ ਸਫਾਈ ਨਾਲ ਫੈਸਲਾ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਇੱਛਾ ਹੁੰਦੀ ਹੈ ਕਿ ਅਜਿਹੇ ਵੱਧ ਤੋਂ ਵੱਧ ਕੇਸਾਂ ਨਾਲ ਸੁਲਾਹ ਸਫਾਈ ਨਾਲ ਸੁਲਝਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਪਤੀ ਪਤਨੀ ਦੀ ਆਪਸੀ ਈਗੋ ਕਾਰਨ ਹੀ ਮਸਲੇ ਉਲਝ ਜਾਂਦੇ ਹਨ। ਪਤੀ ਪਤਨੀ ਦੀ ਆਪਸੀ ਸਮਝਦਾਰੀ ਨਾਲ ਹੀ ਕਈ ਮਾਮਲੇ ਸੁਲਝ ਸਕਦੇ ਹਨ।

ਸ਼ਹਿਰ ਵਿੱਚ ਵਾਤਾਵਰਣ ਬਚਾਉਣ ਲਈ ਕੇਤੇ ਰਹੇ ਉਪਰਾਲਿਆਂ ਦਾ ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਵੱਲੋਂ ਜਾਇਜ਼ਾ

ਬਿਹਤਰ ਤਾਲਮੇਲ ਲਈ, ਡਿਪਟੀ ਕਮਿਸ਼ਨਰ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਟਾਸਕ ਫੋਰਸ ਦਾ ਮੁੱਖੀ ਲਗਾਇਆ-ਜਸਟਿਸ ਜਸਬੀਰ ਸਿੰਘ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਤਲੁੱਜ ਅਤੇ ਬਿਆਸ ਦਰਿਆਵਾਂ ਦੀ ਨਿਗਰਾਨੀ ਲਈ ਬਣਾਈ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਉੱਚ ਪੱਧਰੀ ਟੀਮ ਵੱਲੋਂ ਅੱਜ ਸ਼ਹਿਰ ਲੁਧਿਆਣਾ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਟੀਮ ਵਿੱਚ ਸਾਬਕਾ ਮੁੱਖ ਸਕੱਤਰ ਐੱਸ. ਸੀ. ਅਗਰਵਾਲ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਟੀਮ ਵੱਲੋਂ ਪਹਿਲਾਂ ਸਥਾਨਕ ਸਰਕਟ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਬਾਅਦ ਵਿੱਚ ਹੈਬੋਵਾਲ ਨਜ਼ਦੀਕ ਬੁੱਢਾ ਨਾਲਾ, ਲਾਡੋਵਾਲ ਨਜ਼ਦੀਕ ਹੱਡਾ ਰੋੜੀ, ਤਾਜਪੁਰ ਸੜਕ 'ਤੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਫੋਕਲ ਪੁਆਇੰਟ ਵਿੱਚ ਪੈਂਦੇ ਕਾਮਨ ਇੰਫੂਲੀਏਂਟ ਟਰੀਟਮੈਂਟ ਪਲਾਂਟ (ਸੀ. ਈ. ਟੀ. ਪੀ.) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬੁੱਢਾ ਨਾਲਾ ਦੇ ਕਿਨਾਰੇ 'ਤੇ ਪੌਦੇ ਵੀ ਲਗਾਏ। ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਫੇਰੀ ਦਾ ਮੁੱਖ ਮਕਸਦ ਸ਼ਹਿਰ ਵਿੱਚ ਇਸ ਦਿਸ਼ਾ ਵਿੱਚ ਨਵੰਬਰ 2019 ਤੋਂ ਬਾਅਦ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣਾ ਸੀ, ਜਿਨਾਂ 'ਤੇ ਟੀਮ ਵੱਲੋਂ ਤਸੱਲੀ ਪ੍ਰਗਟਾਈ ਗਈ। ਉਨਾਂ ਭਰੋਸਾ ਪ੍ਰਗਟਾਇਆ ਕਿ ਇਸ ਦਿਸ਼ਾ ਵਿੱਚ ਹੋਰ ਉਪਰਾਲੇ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਕਿ ਸਾਰੇ ਕਾਰਜ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣ। ਦੇਰੀ ਹੋਣ ਦੀ ਸਥਿਤੀ ਵਿੱਚ ਦੋਸ਼ੀ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਸਿਰਜਣ। ਉਨਾਂ ਸਮੂਹ ਵਿਭਾਗਾਂ ਨੂੰ ਵੀ ਇਸ ਦਿਸ਼ਾ ਵਿੱਚ ਹਾਂ ਪੱਖੀ ਸੋਚ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਹਾਂ ਪੱਖੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਐÎੱਨ. ਜੀ. ਟੀ. ਟਾਸਕ ਫੋਰਸ ਦਾ ਮੁੱਖੀ ਥਾਪਿਆ ਗਿਆ ਹੈ। ਡਿਪਟੀ ਕਮਿਸ਼ਨਰ ਇਸ ਸੰਬੰਧੀ ਮਹੀਨਾਵਾਰ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ। ਉਨਂ ਕਿਹਾ ਕਿ ਬੁੱਢਾ ਨਾਲਾ ਨੂੰ ਜਲਦ ਹੀ ਸਾਫ਼ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਹੋਰ ਯਾਦਗਾਰੀ ਪਲ

ਸ ਕੁਲਵੰਤ ਸਿੰਘ ਧਾਲੀਵਾਲ ਦਾ ਮੁਨਖਤਾ ਦੀ ਸੇਵਾ ਬਦਲੇ ਇਕ ਹੋਰ ਡਾਕਟਰੀਏਟ ਦੀ ਡਿਗਰੀ ਨਾਲ ਸਨਮਾਣ

ਗੋਬਿੰਦਗੜ੍ਹ,ਪੰਜਾਬ/ਮਾਨਚੈਸਟਰ,ਇੰਗਲੈਡ,ਫ਼ਰਵਰੀ 2020-(ਮਨਜਿੰਦਰ ਗਿੱਲ/ਗਿਆਨੀ ਅਮਰੀਕ ਸਿੰਘ ਰਾਠੌਰ)-

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਉਸ ਸਮੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋ ਆਂਧਰਾ ਪ੍ਰਦੇਸ਼ ਦੇ ਗਵਰਨਰ ਅਤੇ ਦੇਸ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜੋਰਾ ਸਿੰਘ ਜੀ ਵਲੋਂ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਮੁਨਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾਕਟਰੀਏਟ ਦੀ ਡਿਗਰੀ ਦਿਤੀ ਗਈ।ਉਸ ਸਮੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰੇਸ ਨਾਲ ਗੱਲਬਾਤ ਕਰਦੇ ਦਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਐਨਾ ਮਾਣ ਸਨਮਾਣ ਮਿਲੇ ਗਾ।ਇਹ ਸਭ ਗੁਰੂ ਦੀ ਬਖਸ਼ਸ਼ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲਾ ਗੁਰੂ ਦੇ ਹੁਕਮ ਅਨੁਸਾਰ ਮੁਨਖਤਾ ਦੀ ਸੇਵਾ ਕਰਦਾ ਰਹਾ ਗਾ। ਓਹਨਾ ਅਖੀਰ ਵਿੱਚ ਓਹਨਾ ਦੀ ਮਦਦ ਕਰਨ ਵਾਲੇ ਹਰੇਕ ਇਨਸਾਨ ਦਾ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਸਮੇਤ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ

ਨਾਜ਼ੁਕ ਥਾਵਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਪਲਟੂਨ ਪੁਲ, ਟਾਪੂਨੁਮਾ ਪਿੰਡਾਂ ਅਤੇ ਗਿੱਦੜਪਿੰਡੀ ਪੁਲ ਦਾ ਵੀ ਕੀਤਾ ਦੌਰਾ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਨਾਲ ਜ਼ਿਲੇ ਅੰਦਰ ਦਰਿਆ ਬਿਆਸ ਨਾਲ ਲਗਦੇ ਧੁੱਸੀ ਬੰਨ ਅਤੇ ਐਡਵਾਂਸ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਜਿਥੇ ਉਨਾਂ ਬਾਘੂਵਾਲ, ਕੰਮੇਵਾਲ, ਕਿਸ਼ਨ ਸਿੰਘ ਵਾਲਾ, ਡੇਰਾ ਹਰੀ ਸਿੰਘ, ਪੱਸਣ ਕਦੀਮ, ਮੰਡ ਬਾੳੂਪੁਰ ਆਦਿ ਵਿਖੇ ਨਾਜ਼ੁਕ ਥਾਵਾਂ ਦਾ ਨਿਰੀਖਣ ਕੀਤਾ ਉਥੇ ਬੀਤੇ ਸਾਲ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਸਰੂਪਵਾਲ, ਭਰੋਆਣਾ ਅਤੇ ਟਿੱਬੀ ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ ਉਹ ਗਿੱਦੜਪਿੰਡੀ ਪੁਲ ਅਤੇ ਪਲਟੂਨ ਪੁਲ ਤੋਂ ਪਾਰ ਟਾਪੂਨੁਮਾ ਪਿੰਡਾਂ ਵਿਚ ਵੀ ਗਏ। ਇਸ ਦੌਰਾਨ ਉਨਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨਾਂ ਦੇ ਹੱਲ ਦਾ ਭਰੋਸਾ ਦਿਵਾਇਆ। ਬਿਆਸ ਪੁਲ ਤੋਂ ਸ਼ੁਰੂ ਕੀਤੇ ਆਪਣੇ ਲੰਬੇ ਦੌਰੇ ਦੌਰਾਨ ਉਨਾਂ ਵੱਖ-ਵੱਖ ਥਾਵਾਂ ’ਤੇ ਡਰੇਨੇਜ ਵਿਭਾਗ ਵੱਲੋਂ ਕੀਤੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਬਿਆਸ ਪੁਲ ਤੋਂ ਕਿਸ਼ਨ ਸਿੰਘ ਵਾਲਾ ਤੱਕ ਧੁੱਸੀ ਬੰਨ ਦੀ ਮਜ਼ਬੂਤੀ ਲਈ ਪਰਪੋਜ਼ਲ ਤਿਆਰ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਕੁਝ ਘਰਾਂ ਅਤੇ ਡੇਰਿਆਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਤਿੰਨ-ਚਾਰ ਛੋਟੇ ਬੰਨ ਬਣਾਉਣ ਦੀ ਵੀ ਹਦਾਇਤ ਕੀਤੀ। ਇਸੇ ਦੌਰਾਨ ਉਨਾਂ ਬੀਤੇ ਸਾਲ ਆਏ ਹੜਾਂ ਦੌਰਾਨ ਸਰੂਪਵਾਲ, ਭਰੋਆਣਾ ਅਤੇ ਟਿੱਬੀ ਵਿਖੇ ਪਾੜ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ ਅਤੇ ਇਨਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨਾਂ ਸਤਲੁਜ ਵਾਲੇ ਪਾਸਿਓਂ ਜ਼ਿਲੇ ਨੂੰ ਨੁਕਸਾਨ ਤੋਂ ਰੋਕਣ ਲਈ ਇਸ ਦੇ ਹੱਲ ਸਬੰਧੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨਾਂ ਕਿਹਾ ਕਿ ਜ਼ਿਲੇ ਦੇ ਲੋਕਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਇਸ ਸਬੰਧੀ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਉਨਾਂ ਕਿਹਾ ਕਿ ਜ਼ਿਲੇ ਵਿਚ ਅਜਿਹੀ  ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੂਰੀ ਸਖਤੀ ਵਰਤੀ ਜਾਵੇਗੀ। ਇਸ ਮੌਕੇ ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਐਸ. ਡੀ. ਓ ਡਰੇਨੇਜ ਸ੍ਰੀ ਕੰਵਲਜੀਤ ਲਾਲ ਅਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਧੁੱਸੀ ਬੰਨ ਅਤੇ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। 

 

ਸੜਕ ਉੱਤੇ ਜਿਆਦਾ ਸਾਵਧਾਨੀ ਨਾਲ ਹਾਦਸੇ ਘੱਟ ਸਕਦੇ ਹਨ-: ਦੀਪਕ ਸ਼ਰਮਾ ਟ੍ਰੈਫ਼ਿਕ ਇੰਚਾਰਜ਼ 

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਟ੍ਰੈਫ਼ਿਕ ਨਿਯਮਾਂ ਪ੍ਰਤੀ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਮੁੰਹਿਮ ਚਲਾਈ ਜਾ ਰਹੀ ਹੈ , ਜਿਸ ਤਹਿਤ ਜਿਲ੍ਹਾਂ ਕਪੂਰਥਲਾ ਦੇ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾ ਅਤੇ ਏਐਸਆਈ ਗੁਰਬਚਨ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸਾਰੇ ਵਾਹਨ ਚਾਲਕਾਂ ਵੱਲੋਂ ਸੜਕ ਉਪਰ ਵਾਹਨ ਚਲਾਉਂਦੇ ਸਮੇਂ ਖੁਦ ਦੁਸਰਿਆਂ ਦਾ ਧਿਆਨ ਰਖਣ ਤਾ ਇਸ ਨਾਲ ਸੜਕੀ ਹਾਦਸੇ ਘੱਟ ਸਕਦੇ ਹਨ।ਸ਼ਹਿਰ ਵਿੱਚ ਟੈ੍ਰਫਿਕ ਸਮੱਸਿਆਂ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਅੱਜ ਇਸਦੇ ਸਬੰਧ ਵਿੱਚ ‘ਕਰਾਈਸਟ ਦਾ ਕਿੰਗ ਕੋਨਵੇਂਟ ਸੀਨੀਅਰ ਸਕੈਂਡਰੀ ਸਕੂਲ ਕਪੂਰਥਲਾ।ਜਿਹੜੇ ਬੱਚੇ ਸਕੂਲਾਂ ਵਿਚ  ਵਾਹਨ ਲੈਕੇ ਆਉਂਦੇ ਹਨ,ਉਹਨਾਂ ਦੇ ਕੋਲ ਪੁਰੇ ਕਾਗਜਾਤ ਹੋਣੇ ਚਹਿੰਦੇ ਹਨ,ਨਹੀਂ ਤੇ ਵਾਹਨ ਜਪਤ ਕੀਤੇ  ਜਾਣਗੇ।ਉਹਨਾ ਮਾਪਿਆਂ ਨੂੰ ਅਪੀਲ ਕੀਤੀ ਜਦ ਵੀ ਬੱਚਿਆਂ ਨੂੰ ਸਕੂਲ/ਕਾਲਜ ਛੱਡਣ ਲਈ ਆਉਂਦੇ ਹਨ ਤਾਂ ਦੋ-ਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਾਉਣ,ਚਾਰ ਪਹੀਆਂ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣ ਨਾਲ ਦੁਰਘਟਨ ਤੋਂ ਬਚਿਆ ਜਾ ਸਕਦਾ ਹੈ।ਆਪਣੇ ਛੋਟੇ ਬੱਚਿਆਂ ਵਾਹਨ ਨਾ ਦੇਣ ਇਸ ਨਾਲ ਟ੍ਰੈਫਿਕ ਸੱਮਸਿਆਂ ਵਿਚ ਵਾਧਾ ਹੋ ਰਿਹਾ ਹੈ,ਜਾਨੀ ਨੁਕਸਾਨ ਵੀ ਹੋ ਰਿਹਾ ਹੈ।ਗ਼ਲਤ ਦਿਸ਼ਾ ‘ਚ ਵਾਹਨ ਚਲਾਉਣਾ,ਵਾਹਨ ਚਲਾਉਣ ਲੱਗਿਆਂ ਮੋਬਾਈਬ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ,ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ।ਇਸ ਮੌਕੇ ਟੈ੍ਰਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ.ਗੁਰਬਚਨ ਸਿੰਘ ਨੇ ਕਿਹਾ ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ।ਡਰਾਈਵਰਾਂ ਨੂੰ ਕਦੇ ਵੀ ਨਸ਼ੇ ਦੀ ਲੋਰ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ ਇਸ ਨਾਲ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ,ਸਮੱਰਥਾਂ ਤੋ ਵੱਧ ਵਿਦਿਆਰਥੀਆਂ ਨੂੰ ਸਕੂਲ ਬਸਾਂ ਵਿੱਚ ਨਾ ਬੈਠਾਇਆਂ ਜਾਵੇ,ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ।ਇਸ ਮੌਕੇ ਮੁੱਖ ਸਬ ਇੰਸਪੈਕਟਰ ਦਰਸ਼ਨ ਸਿੰਘ,ਏ.ਐਸ.ਆਈ ਬਲਵਿੰਦਰ ਸਿੰਘ,ਸਰਵਣ ਸਿੰਘ,ਐਡਵੋਕੇਟ ਚੰਦਨ ਪੁਰੀ ਮੈਂਬਰ ਰੋਡ ਸੇਫਟੀ ਕਮੇਟੀ,ਸੋਰਵ ਮੜੀਆ,ਮਾਸਟਰ ਪਿਆਰਾ ਸਿੰਘ,ਮਨਜੀਤ ਕੌਰ ਹਾਜਰ ਸਨ।

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕੀਤੀ ਵਿਦਿਆਰਥੀਆਂ ਦੀ ਕੈਰੀਅਰ ਕਾਊਂਸਲਿੰਗ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਨੀਲਮ ਮਹੇ ਦੀ ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪੱਈ ਦੇ ਬਾਰਵੀਂ ਜਮਾਤ ਦੇ 23 ਵਿਦਿਆਰਥੀਆਂ ਦੀ ਕੈਰੀਅਰ ਕਾੳੂਂਸਿਗ ਕੀਤੀ ਗਈ। ਇਸ ਦੌਰਾਨ ਸ੍ਰੀਮਤੀ ਨੀਲਮ ਮਹੇ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ, ਨੌਕਰੀਆਂ ਅਤੇ ਫ਼ੌਜ ਵਿਚ ਭਰਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਰੀਅਰ ਕਾੳੂਂਸਲਰ ਸ੍ਰੀ ਗੌਰਵ ਕੁਮਾਰ ਨੇ ਵਿਦਿਆਰਥੀਆਂ ਦੀ ਕੈਰੀਅਰ ਕਾੳੂਂਸਿਗ ਕੀਤੀ ਅਤੇ ਉਨਾਂ ਨੂੰ ਬਿੳੂਰੋ ਵਿਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਨਾਂ ਵਿਦਿਆਰਥੀਆਂ ਨੂੰ ਸਹੀ ਕੋਰਸ ਚੁਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਚੋਣ ਹਰੇਕ ਵਿਦਿਆਰਥੀ ਦੇ ਜੀਵਨ ਲਈ ਬੜੀ ਹੀ ਸੰਵੇਦਨਸ਼ੀਲ ਹੁੰਦੀ ਹੈ, ਕਿਉਂਕਿ ਇਸੇ ਚੋਣ ਨਾਲ ਵਿਦਿਆਰਥੀ ਦਾ ਸਮੁੱਚਾ ਭਵਿੱਖ ਜੁੜਿਆ ਹੁੰਦਾ ਹੈ। ਉਨਾਂ ਇਸ ਮੌਕੇ ਬੱਚਿਆਂ ਨੂੰ ਸਵੈ-ਰੋਜ਼ਗਾਰ, ਕਰਜ਼ਾ ਸਹੂਲਤਾਂ, ਕਾੳੂਂਸਿਗ, ਕਿੱਤਾ ਅਗਵਾਈ ਅਤੇ ਵਿਦੇਸ਼ ਵਿਚ ਪੜਾਈ ਤੇ ਰੋਜ਼ਗਾਰ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿੳੂਰੋ ਤੋਂ ਕੈਰੀਅਰ ਅਤੇ ਰੋਜ਼ਗਾਰ ਸਬੰਧੀ ਜਾਣਕਾਰੀ ਤੋਂ ਇਲਾਵਾ ਕਰਜ਼ਾ ਸਹੂਲਤਾਂ ਦਾ ਲਾਭ ਵੀ ਲਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਦੇ ਅਧਿਆਪਕ ਸ੍ਰੀਮਤੀ ਰਜਨੀ ਅਤੇ ਸ੍ਰੀਮਤੀ ਹਰਦੀਪ ਕੌਰ ਵੀ ਹਾਜ਼ਰ ਸਨ। 

ਕੈਪਸ਼ਨ :-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਦੀ ਕੈਰੀਅਰ ਕਾਊਸਲਿੰਗ ਕਰਦੇ ਹੋਏ ਸ੍ਰੀ ਗੌਰਵ ਕੁਮਾਰ।

ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ-ਏ. ਕੇ ਸ਼ਰਮਾ

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ

ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਪ੍ਰਕਿਰਿਆ ਦਾ ਵੀ ਲਿਆ ਜਾਇਜ਼ਾ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ. ਕੇ ਸ਼ਰਮਾ ਨੇ ਅੱਜ ਜ਼ਿਲੇ ਦੇ ਵੱਖ-ਵੱਖ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸ੍ਰੀ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ, ਸਰਕਾਰੀ ਐਲੀਮੈਂਟਰੀ ਸਕੂਲ ਖੀਰਾਂਵਾਲੀ, ਆਂਗਣਵਾੜੀ ਸੈਂਟਰ ਨੂਰਪੁਰ ਖੀਰਾਂਵਾਲੀ ਅਤੇ ਆਂਗਣਵਾੜੀ ਸੈਂਟਰ ਖੀਰਾਂਵਾਲੀ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਇਲਾਵਾ ਉਨਾਂ ਪਿੰਡ ਉੱਚਾ ਬੇਟ ਵਿਖੇ ਰਾਸ਼ਨ ਡਿਪੂ ’ਤੇ ਈ-ਪੋਸ ਮਸ਼ੀਨ ਰਾਹੀਂ ਕੀਤੀ ਜਾ ਰਹੀ ਕਣਕ ਦੀ ਵੰਡ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਜਿਥੇ ਸਕੂਲਾਂ ਵਿਚ ਮਿਡ-ਡੇਅ-ਮੀਲ ਅਤੇ ਆਂਗਣਵਾੜੀ ਸੈਂਟਰਾਂ ਦੇ ਖਾਣੇ ਦੀ ਜਾਂਚ ਕੀਤੀ ਉਥੇ ਰਾਸ਼ਨ ਡਿਪੂਆਂ ’ਤੇ ਲਾਭਪਾਤਰੀਆਂ ਨੂੰ ਅਨਾਜ ਦੀ ਕੀਤੀ ਜਾ ਰਹੀ ਵੰਡ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਮਿਡ-ਡੇਅ-ਮੀਲ ਦੇ ਸਟੋਰ, ਰਸੋਈ, ਮੈਨੀੳੂ ਆਦਿ ਦੀ ਜਾਂਚ ਤੋਂ ਇਲਾਵਾ ਇਸ ਨੂੰ ਤਿਆਰ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। 

  ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਸਮੇਂ-ਸਮੇਂ ’ਤੇ ਖੁਦ ਜਾਂਚ ਕਰਨ, ਤਾਂ ਜੋ ਖਾਣੇ ਦੀ ਗੁਣਵੱਤਾ ਨਾਲ ਸਮਝੌਤੇ ਦੀ ਕੋਈ ਗੁੰਜਾਇਸ਼ ਨਾ ਰਹੇ। ਉਨਾਂ ਹਦਾਇਤ ਕੀਤੀ ਕਿ ਮਿਡ-ਡੇਅ-ਮੀਲ ਲਈ ਖਰੀਦੇ ਜਾਣ ਵਾਲੇ ਸਾਮਾਨ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਕਿਉਂਕਿ ਇਹ ਮੁੱਦਾ ਸਿੱਧੇ ਤੌਰ ’ਤੇ ਬੱਚਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸੇ ਤਰਾਂ ਉਨਾਂ ਆਂਗਣਵਾੜੀ ਸੈਂਟਰਾਂ ਦਾ ਜਾਇਜ਼ਾ ਲੈਂਦਿਆਂ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ ਅਤੇ ਸਟਾਕ ਰਜਿਸਟਰ ਦੀ ਜਾਂਚ ਤੋਂ ਇਲਾਵਾ ਬੱਚਿਆਂ ਦੇ ਹੈਲਥ ਚੈਕਅੱਪ ਅਤੇ ਟੀਕਾਕਰਨ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨਾਂ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ ਦੀ ਗੁਣਵੱਤਾ ਅਤੇ ਸਿੱਲ ਦੀ ਜਾਂਚ ਕੀਤੀ ਅਤੇ ਲਾਭਪਾਤਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨਾਂ ਹਦਾਇਤ ਕੀਤੀ ਕਿ ਲਾਭਪਾਤਰੀਆਂ ਨੂੰ ਭੀੜ-ਭੜੱਕੇ ਅਤੇ ਖੱਜਲ-ਖੁਆਰੀ ਤੋਂ ਬਚਾਉਣ ਲਈ ਰਾਸ਼ਨ ਦੀ ਵੰਡ ਦਿਨ ਮਿੱਥ ਕੇ ਵਾਰਡ ਵਾਈਜ਼ ਕੀਤੀ ਜਾਵੇ। 

  ਇਸ ਤੋਂ ਪਹਿਲਾਂ ਸ੍ਰੀ ਏ. ਕੇ ਸ਼ਰਮਾ ਨੇ ਸਥਾਨਕ ਸਿਵਲ ਰੈਸਟ ਹਾੳੂਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨਾਂ ਕੋਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਮਿਡ-ਡੇਅ-ਮੀਲ ਦੀ ਵੰਡ, ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਖਾਣ-ਪੀਣ ਦੇ ਪ੍ਰਬੰਧ ਅਤੇ ਮੁਹੱਈਆ ਕਰਵਾਏ ਜਾ ਰਹੇ ਬੁਨਿਆਦੀ ਢਾਂਚੇ ਅਤੇ ਲਾਭਪਾਤਰੀਆਂ ਨੂੰ ਕੀਤੀ ਜਾ ਰਹੀ ਅਨਾਜ ਦੀ ਵੰਡ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮ ਜੀਤ ਸਿੰਘ, ਡੀ. ਐਫ. ਐਸ. ਓ ਸ. ਪ੍ਰੀਤਕੰਵਲ ਸਿੰਘ, ਸੀ. ਡੀ. ਪੀ. ਓ ਸ੍ਰੀਮਤੀ ਸੁਸ਼ੀਲ ਲਤਾ ਤੇ ਸ. ਬਲਵਿੰਦਰ ਜੀਤ ਸਿੰਘ, ਪਿ੍ਰੰਸੀਪਲ ਦਲਜੀਤ ਕੌਰ, ਸੁਪਰਡੈਂਟ ਸ੍ਰੀ ਸਾਹਿਲ ਓਬਰਾਏ, ਸਰਪੰਚ ਸ. ਯਾਦਵਿੰਦਰ ਸਿੰਘ ਅਤੇ ਜੀ. ਓ. ਜੀ ਸ. ਨਿਰਮਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ. ਕੇ ਸ਼ਰਮਾ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ।