ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ
ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਪ੍ਰਕਿਰਿਆ ਦਾ ਵੀ ਲਿਆ ਜਾਇਜ਼ਾ
ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ. ਕੇ ਸ਼ਰਮਾ ਨੇ ਅੱਜ ਜ਼ਿਲੇ ਦੇ ਵੱਖ-ਵੱਖ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸ੍ਰੀ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ, ਸਰਕਾਰੀ ਐਲੀਮੈਂਟਰੀ ਸਕੂਲ ਖੀਰਾਂਵਾਲੀ, ਆਂਗਣਵਾੜੀ ਸੈਂਟਰ ਨੂਰਪੁਰ ਖੀਰਾਂਵਾਲੀ ਅਤੇ ਆਂਗਣਵਾੜੀ ਸੈਂਟਰ ਖੀਰਾਂਵਾਲੀ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਇਲਾਵਾ ਉਨਾਂ ਪਿੰਡ ਉੱਚਾ ਬੇਟ ਵਿਖੇ ਰਾਸ਼ਨ ਡਿਪੂ ’ਤੇ ਈ-ਪੋਸ ਮਸ਼ੀਨ ਰਾਹੀਂ ਕੀਤੀ ਜਾ ਰਹੀ ਕਣਕ ਦੀ ਵੰਡ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਜਿਥੇ ਸਕੂਲਾਂ ਵਿਚ ਮਿਡ-ਡੇਅ-ਮੀਲ ਅਤੇ ਆਂਗਣਵਾੜੀ ਸੈਂਟਰਾਂ ਦੇ ਖਾਣੇ ਦੀ ਜਾਂਚ ਕੀਤੀ ਉਥੇ ਰਾਸ਼ਨ ਡਿਪੂਆਂ ’ਤੇ ਲਾਭਪਾਤਰੀਆਂ ਨੂੰ ਅਨਾਜ ਦੀ ਕੀਤੀ ਜਾ ਰਹੀ ਵੰਡ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਮਿਡ-ਡੇਅ-ਮੀਲ ਦੇ ਸਟੋਰ, ਰਸੋਈ, ਮੈਨੀੳੂ ਆਦਿ ਦੀ ਜਾਂਚ ਤੋਂ ਇਲਾਵਾ ਇਸ ਨੂੰ ਤਿਆਰ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਸਮੇਂ-ਸਮੇਂ ’ਤੇ ਖੁਦ ਜਾਂਚ ਕਰਨ, ਤਾਂ ਜੋ ਖਾਣੇ ਦੀ ਗੁਣਵੱਤਾ ਨਾਲ ਸਮਝੌਤੇ ਦੀ ਕੋਈ ਗੁੰਜਾਇਸ਼ ਨਾ ਰਹੇ। ਉਨਾਂ ਹਦਾਇਤ ਕੀਤੀ ਕਿ ਮਿਡ-ਡੇਅ-ਮੀਲ ਲਈ ਖਰੀਦੇ ਜਾਣ ਵਾਲੇ ਸਾਮਾਨ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਕਿਉਂਕਿ ਇਹ ਮੁੱਦਾ ਸਿੱਧੇ ਤੌਰ ’ਤੇ ਬੱਚਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸੇ ਤਰਾਂ ਉਨਾਂ ਆਂਗਣਵਾੜੀ ਸੈਂਟਰਾਂ ਦਾ ਜਾਇਜ਼ਾ ਲੈਂਦਿਆਂ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ ਅਤੇ ਸਟਾਕ ਰਜਿਸਟਰ ਦੀ ਜਾਂਚ ਤੋਂ ਇਲਾਵਾ ਬੱਚਿਆਂ ਦੇ ਹੈਲਥ ਚੈਕਅੱਪ ਅਤੇ ਟੀਕਾਕਰਨ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨਾਂ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ ਦੀ ਗੁਣਵੱਤਾ ਅਤੇ ਸਿੱਲ ਦੀ ਜਾਂਚ ਕੀਤੀ ਅਤੇ ਲਾਭਪਾਤਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨਾਂ ਹਦਾਇਤ ਕੀਤੀ ਕਿ ਲਾਭਪਾਤਰੀਆਂ ਨੂੰ ਭੀੜ-ਭੜੱਕੇ ਅਤੇ ਖੱਜਲ-ਖੁਆਰੀ ਤੋਂ ਬਚਾਉਣ ਲਈ ਰਾਸ਼ਨ ਦੀ ਵੰਡ ਦਿਨ ਮਿੱਥ ਕੇ ਵਾਰਡ ਵਾਈਜ਼ ਕੀਤੀ ਜਾਵੇ।
ਇਸ ਤੋਂ ਪਹਿਲਾਂ ਸ੍ਰੀ ਏ. ਕੇ ਸ਼ਰਮਾ ਨੇ ਸਥਾਨਕ ਸਿਵਲ ਰੈਸਟ ਹਾੳੂਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨਾਂ ਕੋਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਮਿਡ-ਡੇਅ-ਮੀਲ ਦੀ ਵੰਡ, ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਖਾਣ-ਪੀਣ ਦੇ ਪ੍ਰਬੰਧ ਅਤੇ ਮੁਹੱਈਆ ਕਰਵਾਏ ਜਾ ਰਹੇ ਬੁਨਿਆਦੀ ਢਾਂਚੇ ਅਤੇ ਲਾਭਪਾਤਰੀਆਂ ਨੂੰ ਕੀਤੀ ਜਾ ਰਹੀ ਅਨਾਜ ਦੀ ਵੰਡ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮ ਜੀਤ ਸਿੰਘ, ਡੀ. ਐਫ. ਐਸ. ਓ ਸ. ਪ੍ਰੀਤਕੰਵਲ ਸਿੰਘ, ਸੀ. ਡੀ. ਪੀ. ਓ ਸ੍ਰੀਮਤੀ ਸੁਸ਼ੀਲ ਲਤਾ ਤੇ ਸ. ਬਲਵਿੰਦਰ ਜੀਤ ਸਿੰਘ, ਪਿ੍ਰੰਸੀਪਲ ਦਲਜੀਤ ਕੌਰ, ਸੁਪਰਡੈਂਟ ਸ੍ਰੀ ਸਾਹਿਲ ਓਬਰਾਏ, ਸਰਪੰਚ ਸ. ਯਾਦਵਿੰਦਰ ਸਿੰਘ ਅਤੇ ਜੀ. ਓ. ਜੀ ਸ. ਨਿਰਮਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :-ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ. ਕੇ ਸ਼ਰਮਾ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ।