ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਨ ਦੋ ਹੋਰ ਲੋਕਾਂ ਦੀ ਜਾਨ ਚਲੀ ਗਈ। ਤਰਨਤਾਰਨ ਦੀ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਇੰਸਪੈਕਟਰ 70 ਸਾਲਾ ਵੀਰ ਸਿੰਘ ਨੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਹਸਪਤਾਲ ਦਾ ਇਕ ਮੁਲਾਜ਼ਮ ਚਾਰ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਉੱਥੇ ਲੁਧਿਆਣਾ ਦੇ ਪਿੰਡ ਮੰਸੂਰਾ ਦੇ 72 ਸਾਲਾ ਬਜ਼ੁਰਗ ਦੀ ਵੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਬਜ਼ੁਰਗ ਸ਼ੂਗਰ, ਦਿਲ ਦੀ ਬਿਮਾਰੀ ਤੇ ਨਿਮੋਨੀਆ ਤੋਂ ਪੀੜਤ ਸੀ। ਉਸ ਨੂੰ 14 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। ਪੰਜਾਬ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਹੈ।
ਉੱਥੇ ਪੰਜਾਬ 'ਚ ਸੋਮਵਾਰ ਨੂੰ 98 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਇਨ੍ਹਾਂ ਤੋਂ ਇਲਾਵਾ ਬੀਐੱਸਐੱਫ ਦੀ 32ਵੀਂ ਬਟਾਲੀਅਨ ਦੇ 16 ਜਵਾਨ ਵੀ ਪਾਜ਼ੇਟਿਵ ਪਾਏ ਗਏ ਹਨ। ਇਹ ਅਹਿਮਦਾਬਾਦ ਤੋਂ ਕੁਝ ਦਿਨ ਪਹਿਲਾਂ ਹੀ ਇੱਥੇ ਪਰਤੇ ਸਨ ਤੇ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਬਟਾਲੀਅਨ 'ਚ ਤਾਇਨਾਤ ਹਨ। ਇਨ੍ਹਾਂ ਨੂੰ ਪੰਜਾਬ ਦੀ ਕੁੱਲ ਪੀੜਤਾਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ। ਜਲੰਧਰ 'ਚ ਪਾਜ਼ੇਟਿਵ ਆਏ 12 ਲੋਕਾਂ 'ਚੋਂ ਛੇ ਪੁਲਿਸ ਮੁਲਾਜ਼ਮ ਹਨ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 38 ਕੇਸ ਰਿਪੋਰਟ ਹੋਏ ਹਨ, ਜਦਕਿ ਅੰਮ੍ਰਿਤਸਰ 'ਚ 17, ਪਟਿਆਲਾ 'ਚ 9, ਹੁਸ਼ਿਆਰਪੁਰ ਤੇ ਮੋਹਾਲੀ 'ਚ ਪੰਜ-ਪੰਜ, ਨਵਾਂਸ਼ਹਿਰ 'ਚ ਚਾਰ, ਪਠਾਨਕੋਟ ਤੇ ਗੁਰਦਾਸਪੁਰ 'ਚ ਦੋ-ਦੋ ਅਤੇ ਫਿਰੋਜ਼ਪੁਰ, ਫ਼ਰੀਦਕੋਟ, ਰੂਪਨਗਰ ਤੇ ਮੋਗਾ 'ਚ ਇਕ-ਇਕ ਕੇਸ ਪਾਜ਼ੇਟਿਵ ਆਇਆ ਹੈ। ਸੂਬੇ 'ਚ ਇਕ ਦਿਨ 'ਚ 87 ਮਰੀਜ਼ ਸਿਹਤਯਾਬ ਹੋਏ। ਸਰਗਰਮ ਮਰੀਜ਼ਾਂ ਦੀ ਗਿਣਤੀ ਸਿਰਫ਼ 813 ਹੈ।
ਅਹਿਮਦਾਬਾਦ ਤੋਂ ਪਰਤੇ ਸਨ ਬੀਐੱਸਐੱਫ ਦੇ 16 ਜਵਾਨ ਪਾਜੀਟਿਵ
ਬੀਐੱਸਐੱਫ ਦੇ 69 ਜਵਾਨ ਅਹਿਮਦਾਬਾਦ 'ਚ ਡਿਊਟੀ ਦੇ ਕੇ ਪਿਛਲੇ ਮਹੀਨੇ ਹੀ ਪਰਤੇ ਸਨ। ਇਨ੍ਹਾਂ ਜਵਾਨਾਂ ਨੂੰ ਜਲੰਧਰ ਦੇ ਆਰਮੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ 'ਚੋਂ ਤਿੰਨ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ। ਇਕ ਜਵਾਨ ਸ੍ਰੀ ਗੰਗਾਨਗਰ 'ਚ ਬਿਮਾਰ ਹੋ ਗਿਆ। ਉਸ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਬਾਕੀ 68 ਜਵਾਨ ਅਜਨਾਲਾ ਪਰਤ ਆਏ। ਇਨ੍ਹਾਂ ਨੂੰ ਬੰਦ ਪਈ ਇਕ ਪੁਲਿਸ ਚੌਕੀ 'ਚ ਕੁਆਰੰਟਾਈਨ ਕੀਤਾ ਗਿਆ ਸੀ। ਅੱਠ ਜਵਾਨਾਂ ਦੀ ਰਿਪੋਰਟ 6 ਜੂਨ ਨੂੰ ਆਈ, ਜਿਨ੍ਹਾਂ 'ਚੋਂ ਦੋ ਪਾਜ਼ੇਟਿਵ ਪਾਏ ਗਏ। ਬਾਕੀ 60 ਜਵਾਨਾਂ ਦੀ ਰਿਪੋਰਟ ਸੋਮਵਾਰ ਨੂੰ ਆਈ, ਜਿਨ੍ਹਾਂ 'ਚੋਂ 16 ਜਵਾਨ ਪਾਜ਼ੇਟਿਵ ਪਾਏ ਗਏ ਹਨ।