- ਮਹਾਨ ਯਾਦਗਾਰ ਉਸਾਰਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ : ਸੰਯਮ ਅਗਰਵਾਲ
ਮਾਲੇਰਕੋਟਲਾ 18 ਮਈ (ਰਣਜੀਤ ਸਿੱਧਵਾਂ) : ਵੱਡਾ ਘੱਲੂਘਾਰਾ ਦੇਸ਼ ਅਤੇ ਕੌਮ ਦੀ ਆਣ ਅਤੇ ਸ਼ਾਨ ਨੂੰ ਬਚਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਪਣੀ ਵਿਰਾਸਤ 'ਤੇ ਮਾਣ ਕਰਦੇ ਹਾਂ। ਪੰਜਾਬ ਸਰਕਾਰ ਵਲੋਂ ਇਸ ਮਹਾਨ ਯਾਦਗਾਰ ਉਸਾਰਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ ਅਤੇ ਆਪਣੇ ਕੀਮਤੀ ਸਰਮਾਏ ਨੂੰ ਸਾਂਭ ਕੇ ਰੱਖਣਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਨੇ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤੇ । ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਈਏ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਮੈਂਬਰ ਸਕੱਤਰ ਕਮ ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਐਕਸੀਅਨ ਪੀ.ਡਵਲਿਓ.ਡੀ ਸ੍ਰੀ ਰਾਜੀਵ ਕੁਮਾਰ, ਐਸ.ਡੀ.ਓ ਪੀ.ਡਵਲਿਓ.ਡੀ ਵਰਿੰਦਰ ਸਿੰਘ, ਐਸ.ਡੀ.ਓ ਪਬਲਿਕ ਹੈਲਥ ਸ੍ਰੀ ਹਨੀ ਗੁਪਤਾ, ਸ੍ਰੀ ਸਾਹਿਲ ਜਿੰਦਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਰਕ ਦੀ ਰੱਖ ਰਖਾਓ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਟੈਂਡਰ ਦੀਆਂ ਉਪਚਾਰਿਕਤਾਵਾਂ ਪੂਰੀਆਂ ਕਰਕੇ ਜਲਦ ਤੋਂ ਜਲਦ ਟੈਂਡਰ ਲਗਾਇਆ ਜਾਵੇ ਤਾਂ ਜੋ ਬਿਨਾਂ ਰੁਕਾਵਟ ਤੋਂ ਕੰਮ ਨਿਰੰਤਰ ਚਲਦਾ ਰਹੇ । ਉਨ੍ਹਾਂ ਹੋਰ ਹਦਾਇਤ ਕੀਤੀ ਕਿ ਮੈਮੋਰੀਅਲ ਦੇ ਸਿਨੇਮਾ ਹਾਲ ਦੇ ਏ.ਸੀ.,ਜਨਰੇਟਰ ਅਤੇ ਹੋਰ ਰਿਪੇਅਰ ਦਾ ਅਨੁਮਾਨ ਤਿਆਰ ਕੀਤਾ ਜਾਵੇ । ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਕਿਹਾ ਕਿ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਵਿਖੇ ਆਉਣ ਵਾਲੇ ਯਾਤਰੀਆਂ ਦੀ ਦਰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ । ਯਾਤਰੀਆਂ ਨੂੰ ਇਸ ਮਹਾਨ ਯਾਦਗਾਰ ਵਿਖੇ ਸਿੱਖੀ ਇਤਿਹਾਸ ਦੇ ਦਸਤਾਵੇਜ਼ੀ ਫ਼ਿਲਮ ਵਿਖਾਉਣ ਲਈ ਸਮਾਂਬੱਧ ਤਰੀਕੇ ਨਾਲ ਫ਼ਿਲਮ ਦੇ ਸ਼ੋਅ ਕੀਤੇ ਜਾਣ । ਉਨ੍ਹਾਂ ਕਿਹਾ ਕਿ ਹੋਰ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਭਰਪੂਰ ਫ਼ਿਲਮਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਇਤਿਹਾਸ ਨਾਲ ਜੋੜਿਆ ਜਾ ਸਕੇ । ਉਨ੍ਹਾਂ ਹੋਰ ਕਿਹਾ ਸੰਗਤ ਦੀ ਸਹੂਲਤ ਲਈ ਕੰਟੀਨ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲੀ ਵਿਦਿਆਰਥੀਆਂ ਦਾ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਵਿਖੇ ਸਿੱਖਿਆ ਟੂਰ ਕਰਵਾਉਣ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵਲੋਂ ਮੈਮੋਰੀਅਲ ਦੇ ਸਿਨੇਮਾ ਹਾਲ ਵਿਖੇ ਚਾਰ ਸਾਹਿਬਜ਼ਾਦੇ ਫ਼ਿਲਮ ਵੀ ਦੇਖੀ ।