You are here

ਸਾਬਕਾ ਜਲ ਸੈਨਾ ਅਧਿਕਾਰੀ ਵਰੁਣ ਕੁਮਾਰ ਨੂੰ ਨਵੀਂ ਦਿੱਲੀ ’ਚ ਗ੍ਰਿਫ਼ਤਾਰ

ਲੁਧਿਆਣਾ, (ਮਨਜਿੰਦਰ ਗਿੱਲ )ਹੈਬੋਵਾਲ ਕਲਾਂ ਦੇ ਦੁਰਗਾਪੁਰੀ ਇਲਾਕੇ ਦੇ ਰਹਿਣ ਵਾਲੇ ਅਤੇ ਸਾਬਕਾ ਜਲ ਸੈਨਾ ਅਧਿਕਾਰੀ ਵਰੁਣ ਕੁਮਾਰ ਨੂੰ ਨਵੀਂ ਦਿੱਲੀ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਆਈਟੀ ਮਾਹਰ ਹੋਣ ਦੇ ਨਾਤੇ ਉਹ ਜਾਅਲੀ ਦਸਤਾਵੇਜ਼ ਅਤੇ ਜਾਅਲੀ ਵੀਜ਼ੇ ਬਣਾਉਂਦੇ ਹੈ ਅਤੇ ਇਸ ਰਾਹੀਂ ਉਹ ਲੋਕਾਂ ਨੂੰ ਸਮੁੰਦਰ ਦੇ ਰਸਤੇ ਵਿਦੇਸ਼ ਭੇਜਦਾ ਸੀ। ਉਹ ਆਈਟੀ ਸੈਕਟਰ ਵਿਚ ਮਾਹਰ ਹੈ ਅਤੇ ਵੈਬਸਾਈਟਾਂ ਨੂੰ ਹੈਕ ਕਰਨ ਵਿਚ ਮਾਹਰ ਹੈ।

ਸਮਾਜ ਵਿਰੋਧੀ ਕੰਮਾਂ ਨਾਲ ਉਸ ਦੀ ਪੁਰਾਣੀ ਸਾਂਝ ਹੈ ਅਤੇ ਇਸੇ ਕਾਰਨ ਉਹ ਲੁਧਿਆਣਾ ਛੱਡ ਕੇ ਦਿੱਲੀ ਚਲਾ ਗਿਆ। ਉਹ ਪਹਿਲਾਂ ਮਰਚੈਂਟ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਥੋਡ਼੍ਹੀ ਦੇਰ ਬਾਅਦ ਨੌਕਰੀ ਛੱਡ ਗਿਆ ਸੀ। ਉਸ ਨੇ ਹੁਣ ਹਰਿਆਣਾ ਦੇ ਕਬੱਡੀ ਖਿਡਾਰੀ ਅਮਿਤ ਅਤੇ ਗਾਇਕ ਯੋਗੇਸ਼ ਨਾਲ ਮਿਲ ਕੇ ਕਬੂਤਰਬਾਜ਼ੀ ਸ਼ੁਰੂ ਕਰ ਦਿੱਤੀ ਸੀ ਅਤੇ ਜਾਅਲੀ ਵੀਜ਼ੇ ਲਗਾ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਉਹ ਕੈਨੇਡਾ, ਵੀਅਤਨਾਮ, ਰੂਸ ਅਤੇ ਹੋਰ ਦੇਸ਼ਾਂ ਵਿਚ ਕੰਮ ਕਰਨ ਲਈ ਲੇਬਰ ਕੰਟਰੈਕਟ ਦੇ ਜ਼ਰੂਰੀ ਦਸਤਾਵੇਜ਼ ਆਸਾਨੀ ਨਾਲ ਬਣਾ ਲੈਂਦਾ ਸੀ। ਭਾਰਤ ਤੋਂ ਇਲਾਵਾ ਨੇਪਾਲ, ਅਫਗਾਨਿਸਤਾਨ, ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ’ਚ ਉਸ ਦੇ ਸੰਪਰਕ ਸਨ। ਇੰਨਾ ਹੀ ਨਹੀਂ ਉਸ ਨੇ ਕਈ ਵੈੱਬਸਾਈਟਾਂ ਵੀ ਬਣਾਈਆਂ ਜਿਨ੍ਹਾਂ ਰਾਹੀਂ ਉਹ ਲੋਕਾਂ ਨੂੰ ਵਿਦੇਸ਼ਾਂ ’ਚ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਾ ਸੀ।

ਉਸ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਉਸ ਨੇ ਅਮਨ ਕੁਮਾਰ ਨਾਂ ਦੇ ਨੌਜਵਾਨ ਨੂੰ ਕੈਨੇਡਾ ਜਾਣ ਦਾ ਜਾਅਲੀ ਵੀਜ਼ਾ ਦਿੱਤਾ ਸੀ। ਅਮਨ ਨੇ ਦੁਬਈ-ਮੈਕਸੀਕੋ ਦੇ ਰਸਤੇ ਕੈਨੇਡਾ ਜਾਣਾ ਸੀ। ਜਾਂਚ ਦੌਰਾਨ ਉਸ ਦਾ ਵੀਜ਼ਾ ਫ਼ਰਜ਼ੀ ਪਾਇਆ ਗਿਆ। ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਇਹ ਵੀਜ਼ਾ ਪਾਣੀਪਤ ਨਿਵਾਸੀ ਅਮਿਤ ਅਤੇ ਹਿਸਾਰ ਨਿਵਾਸੀ ਯੋਗੇਸ਼ ਤੋਂ ਪੈਸੇ ਲੈ ਕੇ ਲਿਆ ਸੀ। ਪੁਲਿਸ ਨੇ ਜਦੋਂ ਇਨ੍ਹਾਂ ਨੂੰ ਕਾਬੂ ਕੀਤਾ ਤਾਂ ਪੁਲਿਸ ਨੂੰ ਵਰੁਣ ਕੁਮਾਰ ਬਾਰੇ ਜਾਣਕਾਰੀ ਮਿਲੀ।

ਜਾਂਚ ’ਚ ਸਾਹਮਣੇ ਆਇਆ ਕਿ ਵਰੁਣ ਲੋਕਾਂ ਦੇ ਪਾਸਪੋਰਟ ’ਤੇ ਜਾਅਲੀ ਸਟਿੱਕਰ ਲਗਾ ਕੇ ਵੀਜ਼ਾ ਬਣਵਾਉਂਦਾ ਸੀ। ਉਸ ਦਾ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਉਸ ਨੂੰ ਕੋਲਕਾਤਾ ਹਵਾਈ ਅੱਡੇ ’ਤੇ ਕਾਬੂ ਕੀਤਾ ਗਿਆ, ਉਹ ਥਾਈਲੈਂਡ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਹੈ ਅਤੇ ਉੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਵਰੁਣ ਵਾਰ-ਵਾਰ ਸਿਮ ਬਦਲ ਰਿਹਾ ਸੀ

ਵਰੁਣ ਕੁਮਾਰ ਇੰਨਾ ਹੁਸ਼ਿਆਰ ਅਤੇ ਮਾਹਰ ਹੈ ਕਿ ਉਹ ਲਗਾਤਾਰ ਆਪਣਾ ਠਿਕਾਣਾ ਬਦਲ ਰਿਹਾ ਸੀ ਤਾਂ ਜੋ ਪੁਲਿਸ ਉਸ ਦਾ ਪਤਾ ਨਾ ਲਗਾ ਸਕੇ। ਪੁਲਿਸ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਉਸ ਦੇ ਹੱਥ ਨਹੀਂ ਲੱਗ ਸਕਿਆ। ਆਈਟੀ ਮਾਹਰ ਹੋਣ ਕਾਰਨ ਉਹ ਲਗਾਤਾਰ ਸਿਮ ਕਾਰਡ ਬਦਲ ਕੇ ਆਪਣਾ ਟਿਕਾਣਾ ਬਦਲ ਰਿਹਾ ਸੀ ਪਰ ਉਹ ਏਅਰਪੋਰਟ ’ਤੇ ਲੁੱਕ ਆਊਟ ਸਰਕੂਲਰ ਦੇ ਮੁੱਦੇ ਤੋਂ ਜਾਣੂ ਨਹੀਂ ਸੀ ਅਤੇ ਕਲਕੱਤਾ ਏਅਰਪੋਰਟ ’ਤੇ ਫਡ਼ਿਆ ਗਿਆ ਸੀ।

ਵਰੁਣ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੁਲਿਸ ਤੋਂ ਬਚਣ ਲਈ ਸਮੇਂ-ਸਮੇਂ ’ਤੇ ਆਪਣਾ ਮੋਬਾਈਲ ਨੰਬਰ ਬਦਲਦਾ ਰਹਿੰਦਾ ਸੀ, ਤਾਂ ਜੋ ਉਸ ੀ ਲੋਕੇਸ਼ਨ ਟਰੇਸ ਨਾ ਹੋ ਸਕੇ। ਉਸ ਨੇ ਦੱਸਿਆ ਕਿ ਉਸ ਨੇ ਮਰਚੈਂਟ ਨੇਵੀ ਨੌਕਰੀ ਛੱਡ ਦਿੱਤੀ ਕਿਉਂਕਿ ਉਸ ਨੂੰ ਆਈਟੀ ਵਿਚ ਬਹੁਤ ਦਿਲਚਸਪੀ ਸੀ। ਉਹ ਵੈੱਬ ਐਪਲੀਕੇਸ਼ਨਾਂ ਅਤੇ ਸੌਫਟਵੇਅਰ ਬਣਾਉਣ ਵਿਚ ਬਹੁਤ ਨਿਪੁੰਨ ਹੈ। ਇਸ ਮੁਹਾਰਤ ਦਾ ਫਾਇਦਾ ਉਠਾ ਕੇ ਉਹ ਫਰਜ਼ੀ ਦਸਤਾਵੇਜ਼ ਤਿਆਰ ਕਰਦਾ ਸੀ।