You are here

ਪੰਜਾਬ

ਜ਼ਿਲਾ ਮੈਜਿਸਟ੍ਰੇਟ ਵੱਲੋਂ ਕਰਫਿਊਦੌਰਾਨ ਛੋਟ ਦੇ ਵੱਖ-ਵੱਖ ਹੁਕਮ ਜਾਰੀ

ਸ੍ਰੀਮਤੀ ਦੀਪਤੀ ਉੱਪਲ ਵੱਲੋਂ 23 ਮਾਰਚ 2020 ਨੂੰ ਬਾਅਦ ਦੁਪਹਿਰ 1 ਵਜੇ ਤੋਂ ਅਗਲੇ ਹੁਕਮਾਂ ਤੱਕ ਜ਼ਿਲੇ ਵਿਚ ਕਰਫਿਊ ਲਗਾਉਣ ਦੇ ਹੁਕਮ ਜਾਰੀ

ਡੇਅਰੀਆਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੀਆਂ ਜਾਣਗੀਆਂ

ਅਖ਼ਬਾਰਾਂ ਵੰਡਣ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ

ਕੈਮਿਸਟ ਸ਼ਾਪ ਅਤੇ ਪੈਟਰੋਲ ਪੰਪ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੇ ਜਾਣਗੇ

ਰੇਹੜੀ ਵਿਕਰੇਤਾ ਵੱਲੋਂ ਮੁਹੱਲਿਆਂ ਵਿਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਜਾ ਕੇ ਕੀਤੀ ਜਾਵੇਗੀ

ਕਰਿਆਨਾ, ਬੇਕਰੀ ਅਤੇ ਐਲ. ਪੀ. ਜੀ ਗੈਸ ਦੀ ਸਪਲਾਈ ਸਬੰਧੀ ਆਮ ਜਨਤਾ ਵੱਲੋਂ ਲੋੜ ਪੈਣ ’ਤੇ ਸਬੰਧਤ ਸ਼ਾਪਕੀਪਰ/ਗੈਸ ਏਜੰਸੀ ਨਾਲ ਫੋਨ ’ਤੇ ਸੰਪਰਕ ਕੀਤਾ ਜਾਵੇ

ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਇਨਾਂ ਸੁਵਿਧਾਵਾਂ ਦੀ ‘ਹੋਮ ਡਿਲੀਵਰੀ’ ਕੀਤੀ ਜਾਵੇਗੀ

ਪਸ਼ੂਆਂ ਲਈ ਤੂੜੀ ਅਤੇ ਚਾਰੇ ਸਬੰਧੀ ਸਾਰੀ ਕਾਰਵਾਈ (ਢੋਆ-ਢੁਆਈ ਲੋਡਿੰਗ/ਅਨਲੋਡਿੰਗ) ਟਾਲ ਅਤੇ ਦੁਕਾਨਾਂ ਰੋਜ਼ਾਨਾ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ
ਕਪੂਰਥਲਾ , ਮਾਰਚ 2020- (ਹਰਜੀਤ ਸਿੰਘ ਵਿਰਕ)-
ਕੋਰੋਨਾ ਫਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ 23 ਮਾਰਚ 2020 ਨੂੰ ਬਾਅਦ ਦੁਪਹਿਰ 1 ਵਜੇ ਤੋਂ ਅਗਲੇ ਹੁਕਮਾਂ ਤੱਕ ਜ਼ਿਲੇ ਵਿਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਵਿਚ ਕੋਈ ਵੀ ਦੁਕਾਨ ਖੋਲਣ ਅਤੇ ਕਿਸੇ ਵੀ ਵਿਅਕਤੀ ਦੇ ਬਾਹਰ ਚੱਲਣ-ਫਿਰਨ ’ਤੇ ਮਨਾਹੀ ਹੈ। ਲੋਕ ਹਿੱਤ ਨੂੰ ਮੁੱਖ ਰੱਖਦਿਆਂ ਉਨਾਂ ਵੱਲੋਂ ਕਰਫਿਊ ਦੌਰਾਨ ਛੋਟ ਦੇ ਹੁਕਮ ਜਾਰੀ ਕੀਤੇ ਹਨ, ਜਿਨਾਂ ਅਨੁਸਾਰ ਡੇਅਰੀਆਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੀਆਂ ਜਾਣਗੀਆਂ ਅਤੇ ਦੋਧੀਆਂ ਵੱਲੋਂ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇਗਾ। ਸਵੇਰੇ 8 ਵਜੇ ਤੋਂ ਬਾਅਦ ਦੋਧੀਆਂ ਦੇ ਚੱਲਣ-ਫਿਰਨ ’ਤੇ ਮਨਾਹੀ ਹੋਵੇਗੀ। ਇਸੇ ਤਰਾਂ ਹਾਕਰਜ਼ ਵੱਲੋਂ ਅਖ਼ਬਾਰਾਂ ਵੰਡਣ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇਗਾ। ਸਵੇਰੇ 8 ਵਜੇ ਤੋਂ ਬਾਅਦ ਹਾਕਰਜ਼ ਦੇ ਚੱਲਣ-ਫਿਰਨ ’ਤੇ ਮਨਾਹੀ ਹੋਵੇਗੀ। ਕੈਮਿਸਟ ਸ਼ਾਪ ਅਤੇ ਪੈਟਰੋਲ ਪੰਪ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੋਲੇ ਜਾਣਗੇ। ਸਬਜ਼ੀਆਂ ਅਤੇ ਫਲ਼ਾਂ ਦੀ ਵਿਕਰੀ ਸਮੂਹ ਉੱਪ ਮੰਡਲ ਮੈਜਿਸਟਰੇਟਸ ਵੱਲੋਂ ਸ਼ਨਾਖ਼ਤ ਕੀਤੇ ਗਏ ਰੇਹੜੀ ਵਿਕਰੇਤਾ ਵੱਲੋਂ ਮੁਹੱਲਿਆਂ ਵਿਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਜਾ ਕੇ ਕੀਤੀ ਜਾਵੇਗੀ। ਇਸੇ ਤਰਾਂ ਕਰਿਆਨਾ, ਬੇਕਰੀ ਅਤੇ ਐਲ. ਪੀ. ਜੀ ਗੈਸ ਦੀ ਸਪਲਾਈ ਸਬੰਧੀ ਆਮ ਜਨਤਾ ਵੱਲੋਂ ਲੋੜ ਪੈਣ ’ਤੇ ਸਬੰਧਤ ਸ਼ਾਪਕੀਪਰ/ਗੈਸ ਏਜੰਸੀ ਨਾਲ ਫੋਨ ’ਤੇ ਸੰਪਰਕ ਕੀਤਾ ਜਾਵੇ, ਜਿਨਾਂ ਵੱਲੋਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਇਨਾਂ ਸੁਵਿਧਾਵਾਂ ਦੀ ‘ਹੋਮ ਡਿਲੀਵਰੀ’ ਕੀਤੀ ਜਾਵੇਗੀ। ਪਸ਼ੂਆਂ ਲਈ ਤੂੜੀ ਅਤੇ ਚਾਰੇ ਸਬੰਧੀ ਸਾਰੀ ਕਾਰਵਾਈ (ਢੋਆ-ਢੁਆਈ ਲੋਡਿੰਗ/ਅਨਲੋਡਿੰਗ) ਟਾਲ ਅਤੇ ਦੁਕਾਨਾਂ ਰੋਜ਼ਾਨਾ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ। ਪੋਲਟਰੀ ਫੀਡ/ਕੈਟਲ ਫੀਡ ਦੀਆਂ ਦੁਕਾਨਾਂ ਹਫ਼ਤੇ ਵਿਚ ਦੋ ਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ (6 ਘੰਟੇ) ਤੱਕ ਖੁੱਲਣਗੀਆਂ। ਜ਼ਿਲਾ ਕਪੂਰਥਲਾ ਦੇ ਸਾਰੇ ਪ੍ਰਾਈਵੇਟ ਹਸਪਤਾਲ/ਕਲੀਨਿਕ ਕੇਵਲ ਐਮਰਜੈਂਸੀ ਸੇਵਾਵਾਂ ਲਈ ਖੁੱਲੇ ਰਹਿਣਗੇ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉਪਰੋਕਤ ਸੁਵਿਧਾਵਾਂ ਲਈ ਕੇਵਲ ਇਕ ਹੀ ਵਿਅਕਤੀ ਘਰ ਤੋਂ ਬਾਹਰ ਆਵੇਗਾ।
  ਜੇਕਰ ਉਪਰੋਕਤ ਸੁਵਿਧਾਵਾਂ ਲੈਣ ਵਿਚ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ। ਇਨਾਂ ਵਿਚ ਪੁਲਿਸ ਕੰਟਰੋਲ ਰੂਮ ਦੇ ਨੰਬਰਾਂ 81948-00091, 95929-14519, 01822-233768 ਜਾਂ 100 ਅਤੇ 112 ਉੱਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਸਬ-ਡਵੀਜ਼ਨ ਪੱਧਰ ’ਤੇ ਸਬ-ਡਵੀਜ਼ਨ ਕਪੂਰਥਲਾ ਦੇ ਕੰਟਰੋਲ ਰੂਮ ਨੰਬਰ 88724-31200, ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ 98725-74175, ਸਬ-ਡਵੀਜ਼ਨ ਭੁਲੱਥ ਦੇ 01822-244202 ਅਤੇ ਸਬ-ਡਵੀਜ਼ਨ ਫਗਵਾੜਾ ਦੇ 01824-260201 ਅਤੇ 62397-45143 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।  
ਇਸੇ ਤਰਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ, ਫੋਟੋ ਜਰਨਲਿਸਟਾਂ ਅਤੇ ਕੈਮਰਾਮੈਨਾਂ (ਯੈਲੋ ਜਾਂ ਪਿੰਕ ਕਾਰਡ ਹੋਲਡਰਾਂ) ਨੂੰ ਕਵਰੇਜ ਕਰਨ ਦੀ ਖੁੱਲ ਹੋਵੇਗੀ। ਇਹ ਆਦੇਸ਼ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਫੋਟੋ :
-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਕਰਫਿਊ ਦੀ ਉਲੰਘਣਾ ਲਈ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ 232 ਮੁਕੱਦਮੇ ਦਰਜ ਕੀਤੇ

ਚੰਡੀਗੜ, ਮਾਰਚ, 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਕੋਵੀਡ -19 ਸੰਕਟ ਦਾ ਮੁਕਾਬਲਾ ਕਰਨ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਲਈ ਮੰਗਲਵਾਰ ਨੂੰ 232 ਮੁਕੱਦਮੇ ਦਰਜ ਕੀਤੇ ਅਤੇ 111 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਨਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਨੂੰ ਯਕੀਨੀ ਬਣਾਉਣ ਲਈ ਇਕ ਵਿਆਪਕ ਰਣਨੀਤੀ ਵੀ ਤਿਆਰ ਕੀਤੀ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਦੀਆਂ ਕੁੱਲ 38 ਐਫ.ਆਈ.ਆਰ. ਐਸ.ਏ.ਐੱਸ.ਨਗਰ (ਮੁਹਾਲੀ) ਵਿੱਚ ਦਰਜ ਕੀਤੀਆਂ, ਅੰਮ੍ਰਿਤਸਰ (ਦਿਹਾਤੀ) ਵਿੱਚ 34 ਮਾਮਲੇ ਦਰਜ ਕੀਤੇ, ਅਤੇ ਤਰਨ ਤਾਰਨ ਅਤੇ ਸੰਗਰੂਰ ਤੋਂ 30-30 ਮਾਮਲੇ ਦਰਜ ਹੋਏ ਹਨ।

ਤਰਨਤਾਰਨ ਤੋਂ 43 ਬੰਦੇ ਗ੍ਰਿਫਤਾਰ ਕੀਤੇ ਗਏ ਜਦਕਿ 23 ਵਿਅਕਤੀਆਂ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ, ਹੁਸ਼ਿਆਰਪੁਰ ਤੋਂ 15, ਬਠਿੰਡਾ (13), ਫਿਰੋਜ਼ਪੁਰ (5), ਪਟਿਆਲਾ (5), ਗੁਰਦਾਸਪੁਰ (4) ਅਤੇ ਲੁਧਿਆਣਾ ਦਿਹਾਤੀ (2) ਵਿਅਕਤੀ ਗ੍ਰਿਫ਼ਤਾਰ ਕੀਤੇ ਗਏ।

ਹੋਰਨਾਂ ਜ਼ਿਲਿਆਂ ਤੋਂ ਕਰਫਿਊ ਦੀ ਉਲੰਘਣਾ ਦੇ ਅੰਕੜਿਆਂ ਵਿਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ (14), ਕਮਿਸ਼ਨਰੇਟ ਪੁਲਿਸ ਜਲੰਧਰ (10), ਬਟਾਲਾ (6), ਗੁਰਦਾਸਪੁਰ (4), ਪਟਿਆਲਾ (7), ਰੋਪੜ (4), ਫਤਿਹਗੜ ਸਾਹਿਬ (11), ਜਲੰਧਰ ਦਿਹਾਤੀ (7), ਹੁਸ਼ਿਆਰਪੁਰ (9), ਕਪੂਰਥਲਾ (4), ਲੁਧਿਆਣਾ ਦਿਹਾਤੀ (2), ਐਸ.ਬੀ.ਐਸ ਨਗਰ (1), ਬਠਿੰਡਾ (3), ਫਿਰੋਜ਼ਪੁਰ (7), ਮੋਗਾ (4) ਅਤੇ ਫਰੀਦਕੋਟ (1) ਸ਼ਾਮਲ ਹਨ।

ਡੀ.ਜੀ.ਪੀ ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਖੰਨਾ, ਪਠਾਨਕੋਟ, ਬਰਨਾਲਾ, ਸੀ.ਪੀ. ਲੁਧਿਆਣਾ, ਫਾਜ਼ਿਲਕਾ ਤੇ ਮਾਨਸਾ ਤੋਂ ਕਰਫਿਊ ਦੀ ਉਲੰਘਣਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਡੀ.ਜੀ.ਪੀ ਨੇ ਦੱਸਿਆ ਕਿ ਦਿਨ ਵੇਲੇ ਸ੍ਰੀ ਮੁਕਤਸਰ ਸਾਹਿਬ ਤੋਂ ਕੁਅਰੰਟਾਈਨ ਦੀ ਉਲੰਘਣਾ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੋਂ ਹੀ ਕਰਫਿਊ ਦੀ ਉਲੰਘਣਾ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ।

ਹੁਣ ਤੱਕ ਵੱਖ-ਵੱਖ ਰੈਂਕ ਦੇ ਕੁੱਲ 38,160 ਪੁਲਿਸ ਮੁਲਾਜ਼ਮ ਕਰਫਿਊ ਲਾਗੂ ਕਰਨ ਲਈ ਵੱਖ ਵੱਖ ਰੈਂਕ / ਪੁਲਿਸ ਕਮਿਸ਼ਨਰੇਟਾਂ ਵਿਚ ਤਾਇਨਾਤ ਕੀਤੇ ਗਏ ਹਨ, ਜਿਸ ਵਿਚ ਪ੍ਰਭਾਵਿਤ ਖੇਤਰਾਂ (ਐਸ.ਬੀ.ਐੱਸ. ਨਗਰ ਜ਼ਿਲਾ) ਨੂੰ ਸੀਲ ਕਰਨ ਤੋਂ ਇਲਾਵਾ ਜ਼ਰੂਰੀ ਚੀਜਾਂ ਦੀ ਸਪਲਾਈ ਅਤੇ ਕਾਨੂੰਨ ਦੀ ਸਾਂਭ-ਸੰਭਾਲ ਵੀ ਸ਼ਾਮਲ ਹੈ। ਇਨਾਂ ਵਿੱਚ 981 ਵਲੰਟੀਅਰ ਸ਼ਾਮਲ ਹਨ।

ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਕਰਫਿਊ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਹਿੱਤ ਡੀਜੀਪੀ ਨੇ ਪੰਜਾਬ ਪੁਲਿਸ ਦੀ ਸੀਨੀਅਰ ਮੈਨੇਜਮੈਂਟ ਟੀਮ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਆਈ.ਜੀ / ਡੀਆਈਜੀ ਰੇਂਜ ਅਤੇ ਸੀਪੀ / ਐਸ.ਐਸ.ਪੀਜ਼ ਨਾਲ ਅੱਜ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਜਿਵੇਂ ਕਿ ਦੁੱਧ ਅਤੇ ਖਾਣ ਪੀਣ ਦੀਆਂ ਚੀਜ਼ਾਂ, ਦਵਾਈਆਂ, ਸਿਹਤ ਸਹੂਲਤਾਂ ਆਦਿ ਪਹੁੰਚਾਉਣ ਲਈ ਵਿਚਾਰ ਵਟਾਂਦਰੇ ਵੀ ਕੀਤਾ ਗਿਆ।

ਡੀ.ਜੀ.ਪੀ ਨੇ ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੂਰਸੰਚਾਰ, ਬੈਂਕਾਂ, ਏ.ਟੀ.ਐਮਜ਼, ਪੱਤਰਕਾਰਾਂ, ਅਖਬਾਰਾਂ, ਡਾਕਟਰਾਂ, ਪੈਰਾਮੈਡਿਕਲ, ਸੈਨੇਟਰੀ ਵਰਕਰਾਂ, ਇਲੈਕਟ੍ਰੀਸ਼ੀਅਨ, ਪਲੰਬਰ ਆਦਿ ਸਮੇਤ ਜ਼ਰੂਰੀ ਸੇਵਾਵਾਂ ਨੂੰ ਬਣਾਈ ਰੱਖਣ ਲਈ ਕਰਫਿਊ ਨੂੰ ਲੋੜ ਅਨੁਸਾਰ ਪਾਸ ਮੁਹੱਈਆ ਕਰਵਾਇਆ ਜਾਵੇ।

ਡੀਜੀਪੀ ਪੰਜਾਬ ਨੇ ਫੀਲਡ ਪੁਲਿਸ ਸਟਾਫ ਨੂੰ ਦੇਸ਼ ਦੇ ਨਾਗਰਿਕਾਂ ਲਈ ਮੁਸ਼ਕਿਲਾਂ ਵਾਲੇ ਸਮੇਂ ਵਿੱਚ ਪ੍ਰਚਾਰਕਾਂ ਅਤੇ ਸਮਾਜ ਸੇਵੀਆਂ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਨਾਂ ਨੇ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਤਾਲਮੇਲ ਬਿਠਾਉਣ ਸਬੰਧੀ ਲਗਭਗ 50-100 ਪੁਲਿਸ ਮੁਲਾਜਮਾਂ ਦੀ ਟੀਮ ਬਣਾਉਣ ਅਤੇ ਤਾਇਨਾਤ ਕਰਨ ਲਈ ਕਿਹਾ।

ਉਹਨਾਂ ਅੱਗੇ ਇਹਨਾਂ ਟੀਮਾਂ ਨੂੰ ਖਾਣ ਪੀਣ ਦੀਆਂ ਚੀਜਾਂ ਅਤੇ ਹੋਰ ਜਰੂਰੀ ਚੀਜਾਂ ਦੀ ਸਪੁਰਦਗੀ ਯਕੀਨੀ ਬਣਾਈ ਲਈ ਨੌਜਵਾਨ ਨਾਗਰਿਕਾਂ ਦੇ ਨਾਲ-ਨਾਲ ਡਲੀਵਰੀ ਵਾਲੇ ਲੜਕਿਆਂ ਨੂੰ ਇੱਕ ਵਾਲੰਟੀਅਰ ਕੋਰ ਵਜੋਂ ਲਾਮਬੰਦ ਕਰਕੇ ਕਰਿਆਨੇ ਦੀਆਂ ਦੁਕਾਨਾਂ ਅਤੇ ਖਪਤਕਾਰਾਂ ਦਰਮਿਆਨ ਇੱਕ ਸਪਲਾਈ ਕੜੀ ਸਥਾਪਤ ਕਰਨ ਲਈ ਕਿਹਾ।

ਸ੍ਰੀ ਗੁਪਤਾ ਨੇ ਸੁਝਾਅ ਦਿੱਤਾ ਕਿ ਕੰਮ ਨਾ ਕਰ ਰਹੇ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ ਡਿਲੀਵਰੀ ਲੜਕਿਆਂ ਵਜੋਂ ਜਰੂਰਤ ਦਾ ਸਮਾਨ ਘਰ-ਘਰ ਪਹੁੰਚਾਉਣ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਲੁਧਿਆਣਾ, ਸੰਗਰੂਰ ਅਤੇ ਬਰਨਾਲਾ ਜਿਲੇ ਵਿਚ ਪਹਿਲਾਂ ਹੀ ਅਜਿਹੀ ਪ੍ਰਣਾਲੀ ਚਾਲੂ ਕੀਤੀ ਗਈ ਹੈ। ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਰੇਹੜੀਆਂ ਅਤੇ ਦੁੱਧ ਵਾਲੀਆਂ ਵੈਨਾਂ ਨੂੰ ਘਰ-ਘਰ ਡਲੀਵਰੀ ਲਈ ਬਸਤੀ, ਮੁਹੱਲਿਆਂ ਅਤੇ ਗਲੀਆਂ ਵਿਚ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਡੀਜੀਪੀ ਨੇ ਜਿਲਾ ਪੁਲਿਸ ਮੁਖੀਆਂ ਨੂੰ ਸਲਾਹ ਦਿੱਤੀ ਕਿ ਉਹ ਅੰਤਰ-ਰਾਜੀ ਸਰਹੱਦਾਂ ਤੋਂ ਪਾਰ ਖਾਣ-ਪੀਣ ਅਤੇ ਜਰੂਰੀ ਸਮਾਨ ਪੰਜਾਬ ਵਿੱਚ ਲਿਜਾਣ ਲਈ ਟਰੱਕਾਂ ਦੀ ਸੁਚਾਰੂ ਆਵਾਜਾਈ ਨੂੰ ਪ੍ਰਵਾਨਗੀ ਦੇਣ ਤਾਂ ਜੋ ਜਰੂਰੀ ਵਸਤਾਂ ਦੀ ਕਮੀ ਨਾ ਹੋਵੇ। ਉਨਾਂ ਪਠਾਨਕੋਟ ਦੇ ਮਾਧੋਪੁਰ ਬੈਰੀਅਰ ਵਿਖੇ ਫਸੇ ਸੈਂਕੜੇ ਮਾਲ ਟਰੱਕਾਂ ਦੇ ਜੰਮੂ-ਕਸਮੀਰ ਵਿਚ ਦਾਖਲ ਹੋਣ ਲਈ ਜੰਮੂ-ਕਸਮੀਰ ਦੇ ਮੁੱਖ ਸਕੱਤਰ ਅਤੇ ਡੀਜੀਪੀ ਨਾਲ ਵੀ ਗੱਲਬਾਤ ਕੀਤੀ।

ਉਨਾਂ ਕਸਮੀਰੀ ਵਿਦਿਆਰਥੀਆਂ ਦੇ ਮੁੱਦੇ ਸਬੰਧੀ ਜੰਮੂ-ਕਸਮੀਰ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਜੋ ਜੰਮੂ-ਕਸਮੀਰ ਸਰਕਾਰ ਵੱਲੋਂ ਜੰਮੂ-ਕਸਮੀਰ ਵਿਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਨੂੰ ਅਲੱਗ ਰੱਖਣ ਲਈ ਕੀਤੇ ਗਏ ਫੈਸਲੇ ਕਾਰਨ ਮਾਧੋਪੁਰ ਵਿਚ ਫਸੇ ਹੋਏ ਸਨ।

ਇਹ ਵੀ ਵਿਚਾਰਿਆ ਗਿਆ ਕਿ ਹਾਈਵੇਅ ਸੁੱਤੇਚੱਲਦੇ ਪੈਟਰੋਲ ਪੰਪਾਂ ਨੂੰ ਯਾਤਰੀਆਂ ਦੀ ਸਹੂਲਤ ਲਈ ਕਾਰਜਸ਼ੀਲ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਕਰਫਿਊ ਪਾਸ ਵਜੋਂ ਸਟੀਕਰਾਂ ਦਾ ਇੱਕ ਸਿਸਟਮ ਵੀ ਤਿਆਰ ਕਰ ਰਹੀ ਹੈ।

ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਦੇ ਮੈਂਬਰਾਂ ਨੂੰ ਇੱਕ ਵੀਡੀਓ ਰਾਹੀਂ ਸੰਦੇਸ਼ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਇਸ ਮੁਸ਼ਕਿਲਾਂ ਭਰੇ ਸਮੇਂ ਵਿੱਚ ਪੁਲਿਸ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਜਾਬ ਦੇ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਸਾਨਦਾਰ ਕਾਰਜਾਂ ਦੀ ਮੁੱਖ ਮੰਤਰੀ ਵੱਲੋਂ ਖੂਬ ਸਲਾਘਾ ਕੀਤੀ ਗਈ ਹੈ।

ਡੀਜੀਪੀ ਪੰਜਾਬ ਨੇ ਕਿਹਾ ਕਿ ਉਨਾਂ ਨੂੰ ਪੰਜਾਬ ਪੁਲਿਸ ਨੂੰ ਸੰਸਾਰ ਦੀ ਇਕ ਸਰਵਉੱਚ ਪੁਲਿਸ ਫੋਰਸਾਂ ਵਿਚੋਂ ਦਰਸਾਉਣ ਲਈ ਲਈ ਫੋਰਸ ਦੇ ਸਾਰੇ ਮੈਂਬਰਾਂ ‘ਤੇ ਮਾਣ ਹੈ।

ਡੀਜੀਪੀ ਨੇ ਬਾਅਦ ਵਿੱਚ ਕਿਹਾ ਕਿ ਖੇਤਰ ਵਿੱਚ ਪੁਲਿਸ ਮੁਲਾਜਮਾਂ ਨੂੰ ਸਮੇਂ ਸਮੇਂ ਤੇ ਕਰਫਿਊ ਅਤੇ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਸੰਬੰਧੀ ਸਰਕਾਰ ਵੱਲੋਂ ਪ੍ਰਾਪਤ ਨਿਰਦੇਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਡੀਜੀਪੀ ਨੇ ਕਿਹਾ ਕਿ ਐਨਜੀਓ ਦੀ ਸਹਾਇਤਾ ਨਾਲ ਉਨਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਜਾ ਰਹੇ ਹਨ ਅਤੇ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਹਰ ਕਦਮ ਚੁੱਕੇ ਜਾ ਰਹੇ ਹਨ।

ਸ੍ਰੀ ਗੁਪਤਾ ਨੇ ਕਿਹਾ ਕਿ ਪੁਲਿਸ ਵੀ ਮੌਜੂਦਾ ਸਥਿਤੀ ਵਿਚ ਜਰੂਰੀ ਪਾਬੰਦੀਆਂ ਅਤੇ ਸਾਵਧਾਨੀਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਲੱਗੀ ਹੋਈ ਹੈ। ਲੋਕਾਂ ਨੂੰ ਘਰ-ਘਰ ਜਾ ਕੇ ਸਿੱਖਿਅਤ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ ਜਿਸ ਵਿੱਚ ਯੁਵਾ ਕਲੱਬਾਂ ਅਤੇ ਪੰਚਾਇਤਾਂ ਦੇ ਨਾਲ ਨਾਲ ਸਿਆਸੀ ਨੇਤਾ ਅਤੇ ਸਿਆਸੀ ਆਗੂ ਵੀ ਸਾਮਲ ਹਨ।

60 ਸਾਲ ਤੱਕ ਦੇ ਲੋਕਾਂ ਨੂੰ ਘਰ ਬੈਠੇ ਮੁਹੱਈਆ ਕਰਵਾਈਆਂ ਜਾਣਗੀਆਂ ਲੋੜੀਂਦੀਆਂ ਵਸਤਾਂ ਤੇ ਦਵਾਈਆਂ

ਕਪੂਰਥਲਾ,ਮਾਰਚ 2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲੇ ਦੇ 60 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਨੂੰ 31 ਮਾਰਚ ਤੱਕ ਘਰਾਂ ਵਿਚ ਹੀ ਰਹਿਣ ਵੀ ਅਪੀਲ ਕਰਦਿਆਂ ਕਿਹਾ ਹੈ ਕਿ ਉਨਾਂ ਨੂੰ ਜੇਕਰ ਕਿਸੇ ਰਾਸ਼ਨ, ਸਾਮਾਨ ਜਾਂ ਦਵਾਈ ਆਦਿ ਦੀ ਲੋੜ ਹੈ ਤਾਂ ਉਨਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ ਬੈਠੇ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਨੰਬਰ ਜਾਰੀ ਕੀਤੇ ਗਏ ਹਨ, ਜਿਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਫੋਨ ਕਰਕੇ ਉਹ ਆਪਣਾ ਨਾਂਅ, ਉਮਰ, ਪੂਰਾ ਪਤਾ ਅਤੇ ਮੰਗਵਾਈਆਂ ਜਾਣ ਵਾਲੀਆਂ ਵਸਤਾਂ, ਜਿਵੇਂ ਕਰਿਆਨਾ, ਫਲ, ਸਬਜ਼ੀਆਂ, ਦੁੱਧ ਅਤੇ ਡੇਅਰੀ ਉਤਪਾਦ ਆਦਿ ਮੰਗਵਾ ਸਕਦੇ ਹਨ। ਉਨਾਂ ਕਿਹਾ ਕਿ ਮੰਗਵਾਏ ਗਏ ਸਾਮਾਨ ਦੇ ਬਿੱਲ ਦੀ ਅਦਾਇਗੀ ਉਨਾਂ ਨੂੰ ਕਰਨੀ ਹੋਵੇਗੀ। ਉਨਾਂ ਦੱਸਿਆ ਕਿ ਕਪੂਰਥਲਾ ਸ਼ਹਿਰ ਲਈ 98882-41178 ਅਤੇ 98142-02873 ਉੱਤੇ ਸੰਪਰਕ ਕਰ ਸਕਦੇ ਹਨ। ਇਸੇ ਤਰਾਂ ਫਗਵਾੜਾ ਸ਼ਹਿਰ ਲਈ 01824-260201 ਅਤੇ 62397-45143 ਉੱਤੇ, ਸੁਲਤਾਨਪੁਰ ਲੋਧੀ ਸ਼ਹਿਰ ਲਈ 98726-96727 ਉੱਤੇ ਅਤੇ ਭੁਲੱਥ, ਨਡਾਲਾ ਤੇ ਬੇਗੋਵਾਲ ਲਈ 79861-92955 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਨੋਵਲ ਕੋਰੋਨਾ ਸਬੰਧੀ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਨੰਬਰ ਜਾਰੀ

ਕਪੂਰਥਲਾ,ਮਾਰਚ 2020-(ਹਰਜੀਤ ਸਿੰਘ ਵਿਰਕ)-
ਨੋਵਲ ਕੋਰੋਨਾ (ਕੋਵਿਡ-19) ਸਬੰਧੀ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ’ਤੇ ਕੰਟਰੋਲ ਨੰਬਰ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲਾ ਪੱਧਰ ਦੇ ਕੰਟਰੋਲ ਰੂਮ ਨੰਬਰ 100, 112 ਅਤੇ 01822-233768 ਹਨ। ਇਸੇ ਤਰਾਂ ਸਬ-ਡਵੀਜ਼ਨ ਕਪੂਰਥਲਾ ਦਾ ਕੰਟਰੋਲ ਰੂਮ ਨੰਬਰ 88724-31200, ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦਾ 98725-74175, ਸਬ-ਡਵੀਜ਼ਨ ਭੁਲੱਥ ਦਾ 01822-244202 ਅਤੇ ਸਬ-ਡਵੀਜ਼ਨ ਫਗਵਾੜਾ ਦਾ 01824-260201 ਹੈ। ਇਨਾਂ ਤੋਂ ਇਲਾਵਾ ਹੈਲਪਲਾਈਨ ਨੰਬਰ 104 ਨੰਬਰ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਫਲੈਗ ਮਾਰਚ

ਕਪੂਰਥਲਾ,ਮਾਰਚ 2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਅੱਜ ਕਪੂਰਥਲਾ ਵਿਖੇ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਲੱਗੀਆਂ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਮੈਡੀਕਲ ਸਟੋਰਾਂ ਵਾਲਿਆਂ ਨੂੰ ਵੀ ਸਟੋਰਾਂ ’ਤੇ ਭੀੜ ਇਕੱਠੀ ਨਾ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨਾਂ ਲੋਕਾਂ ਨੂੰ ਇਕ-ਦੂਜੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਹ ਫਲੈਗ ਮਾਰਚ ਡੀ. ਸੀ ਚੌਕ ਤੋਂ ਸ਼ੁਰੂ ਹੋਇਆ ਅਤੇ ਸੁਲਤਾਨਪੁਰ ਬਾਈਪਾਸ ਤੋਂ ਹੁੰਦਾ ਹੋਇਆ ਰਮਣੀਕ ਚੌਕ, ਸਿਵਲ ਹਸਪਤਾਲ, ਕਚਹਿਰੀ ਚੌਕ, ਸਬਜ਼ੀ ਮੰਡੀ, ਸੱਤ ਨਾਰਾਇਣ ਬਾਜ਼ਾਰ, ਅੰਮਿ੍ਰਤਸਰ ਚੁੰਗੀ, ਕਾਂਜਲੀ ਰੋਡ ਹੁੰਦਾ ਹੋਇਆ ਵਾਪਸ ਡੀ. ਸੀ. ਚੌਕ ਜਾ ਕੇ ਸਮਾਪਤ ਹੋਇਆ।
ਕੈਪਸ਼ਨ :- ਕਪੂਰਥਲਾ ਵਿਖੇ ਕੱਢੇ ਗਏ ਫਲੈਗ ਮਾਰਚ ਦੇ ਵੱਖ-ਵੱਖ ਦਿ੍ਰਸ਼।

ਸੁਖਪਾਲ ਸਿੰਘ ਸਿੱਧੂ ਵੱਲੋਂ ਆਪਣੀ ਤਨਖਾਹ ਵਿੱਚੋਂ 5100 ਰੁਪਏ ਮੁੱਖ ਮੰਤਰੀ ਪੰਜਾਬ ਰਾਹਤ ਕੋਸ਼ ਵਿੱਚ ਦੇਣ ਦਾ ਐਲਾਨ

ਬਠਿੰਡਾ,ਮਾਰਚ 2020- (ਮਨਜਿੰਦਰ ਗਿੱਲ) ਇਸ ਮੌਕੇ ਪੂਰਾ ਵਿਸ਼ਵ  ਸਮੇਤ ਭਾਰਤ ਦੇਸ਼ ਕੋਰੋਨਾ ਵਾਇਰਸ ਦੇ ਖਿਲਾਫ਼ ਜੰਗ ਲੜ ਰਿਹਾ ਹੈ। ਪੰਜਾਬ ਸਰਕਾਰ ਨੇ ਵੀ ਆਪਣੇ ਸੂਬੇ ਦੇ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਲਈ ਕਰਫਿਊ ਲਗਾ ਦਿੱਤਾ ਹੈ। ਇਸ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਨੂੰ ਦੇਖਦਿਆਂ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਅਧਿਆਪਕ ਅਤੇ  ਜ਼ਿਲ੍ਹਾ ਬਠਿੰਡਾ ਦੇ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਨੇ ਆਪਣੀ ਮਾਰਚ ਮਹੀਨੇ ਦੀ ਤਨਖ਼ਾਹ ਵਿੱਚੋਂ 5100 ਰੁਪਏ ਮੁੱਖ ਮੰਤਰੀ ਪੰਜਾਬ ਰਾਹਤ ਕੋਸ਼ ਵਿੱਚ ਪਾਉਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਨੂੰ ਬਕਾਇਦਾ ਇੱਕ ਪੱਤਰ ਲਿਖ ਕੇ ਆਪਣੀ ਸਹਿਮਤੀ ਭੇਜ ਦਿੱਤੀ ਹੈ ਕਿ ਉਨ੍ਹਾਂ ਦੀ ਤਨਖਾਹ ਵਿੱਚੋਂ ₹ 5100 ਦੀ ਰਾਸ਼ੀ ਸਿੱਧੀ ਮੁੱਖ ਮੰਤਰੀ ਪੰਜਾਬ ਰਿਲੀਫ ਫੰਡ ਵਿੱਚ ਭੇਜ ਦਿੱਤੀ ਜਾਵੇ।

ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਤੇ ਕੰਟਰੋਲ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਦਾ ਅਰਬਾਂ ਰੁਪਇਆ ਖਰਚ ਹੋ ਰਿਹਾ ਹੈ। ਅਜਿਹੇ ਵਿੱਚ ਮੈਂ ਇੱਕ ਭਾਰਤੀ ਨਾਗਰਿਕ ਦੇ ਤੌਰ ਤੇ ਮੁੱਖ ਮੰਤਰੀ ਪੰਜਾਬ ਰਿਲੀਫ ਫੰਡ ਵਿੱਚ ਤੁੱਛ ਯੋਗਦਾਨ ਪਾ ਕੇ ਆਪਣਾ ਫਰਜ਼ ਨਿਭਾਇਆ ਹੈ। 

ਜ਼ਿਕਰਯੋਗ ਹੈ ਕਿ ਜਿੱਥੇ ਸੁਖਪਾਲ ਸਿੰਘ ਸਿੱਧੂ ਨੇ ਆਪਣੇ ਸਕੂਲ ਨੂੰ ਸਕੂਲ ਸਟਾਫ, ਸਮਾਜ ਸੇਵੀਆਂ ਅਤੇ ਸਾਬਕਾ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣਾਇਆ ਹੈ ਉੱਥੇ ਹੀ ਉਨ੍ਹਾਂ ਵੱਲੋਂ ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਵਰਲਡ ਕੈਂਸਰ ਕੇਅਰ ਅਤੇ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੰਗਰ ਲਗਾਉਣ ਤੋਂ ਇਲਾਵਾ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਲੋੜਵੰਦ ਬੱਚਿਆਂ ਲਈ ਲੋੜੀਂਦੀਆਂ ਵਸਤਾਂ ਅਤੇ ਖਾਣੇ ਦੀ ਸੇਵਾ ਵੀ ਕੀਤੀ ਜਾਂਦੀ ਹੈ। ਹੁਣ ਤੱਕ 31 ਵਾਰ ਖੂਨਦਾਨ ਕਰਨ ਵਾਲੇ ਸਿੱਧੂ ਨੇ ਆਪਣੇ ਸਕੂਲ ਵਿੱਚ ਭਾਰਤ ਸਕਾਊਟ ਐਂਡ ਗਾਈਡ ਦਾ ਯੂਨਿਟ ਵੀ ਚਲਾਇਆ ਹੋਇਆ ਹੈ ਜੋ ਬੱਚਿਆਂ ਵਿੱਚ ਚੰਗੇ ਨਾਗਰਿਕ ਅਤੇ ਸਮਾਜ ਸੇਵਾ ਦੇ ਗੁਣ ਪੈਦਾ ਕਰਨ ਤੋਂ ਇਲਾਵਾ ਐਮਰਜੈਂਸੀ ਹਾਲਾਤਾਂ ਵਿੱਚ ਸੇਵਾ ਕਰਨਾ ਸਿਖਾਉਂਦਾ ਹੈ। ਇਸੇ ਮਹੀਨੇ ਹੀ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੁਖਪਾਲ ਸਿੰਘ ਸਿੱਧੂ ਦੁਆਰਾ ਗਾਇਆ ਗੀਤ "ਸਰਕਾਰੀ ਸਕੂਲ" ਰਿਲੀਜ਼ ਕੀਤਾ ਗਿਆ ਜੋ ਕਿ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿੱਚ ਵੀ ਬਹੁਤ ਵਾਇਰਲ ਹੋ ਰਿਹਾ ਹੈ। ਇਸ ਸਮੇਂ ਕਰਫਿਊ ਦੇ ਹਾਲਾਤਾਂ ਵਿੱਚ ਵੀ ਉਨ੍ਹਾਂ ਵੱਲੋਂ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਭਾਰਤ ਬੰਦ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਤੇ ਥਾਣਾ ਟੱਲੇਵਾਲ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ।

ਬਰਨਾਲਾ /ਮਹਿਲ ਕਲਾਂ ,ਮਾਰਚ 2020 -(ਗੁਰਸੇਵਕ ਸਿੰਘ ਸੋਹੀ) - ਕਰੋਨਾ ਵਾਇਰਸ ਨੂੰ ਲੈ ਕੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਦੇਸ ਬੰਦ ਦੇ ਸੱਦੇ ਤੋਂ ਦੂਸਰੇ ਦਿਨ ਪੰਜਾਬ ਸਰਕਾਰ ਵੱਲੋਂ ਕੀਤੇ ਲਾਕਡਾਉਨ ਨੂੰ ਕੋਈ ਖਾਸ ਹੁੰਘਾਰਾ ਨਾ ਮਿਲਦਾ ਦੇਖਦੇ ਹੋਏ ਦੁਪਹਿਰ 1 ਵਜੇ ਤੋਂ ਬਾਅਦ ਮੁੜ ਅਣਮਿਥੇ ਸਮੇਂ ਲਈ ਕਰਫਿਊ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਪੈਂਦਾ ਹੋ ਰਹੇ ਡਰ ਨੂੰ ਕੱਢਣ ਲਈ ਐਸ,ਐਸ,ਪੀ ਬਰਨਾਲਾ ਸੰਦੀਪ ਗੋਇਲ ਦੀਆਂ ਹਦਾਇਤਾਂ ਅਨੁਸਾਰ ਥਾਣਾ ਟੱਲੇਵਾਲ ਦੀ ਪੁਲਿਸ ਵੱਲੋ ਤੇਜ਼ੀ  ਨਾਲ ਗਸ਼ਤ ਕੀਤੀ ਜਾ ਰਹੀ ਹੈ ਇਸ ਮੌਕੇ ਐਸ,ਐਚ,ਓ ਮੈਡਮ ਅਮਨਦੀਪ ਕੌਰ ਦੀ ਅਗਵਾਈ ਹੇਠ ਪੁਲਸ ਪਾਰਟੀ ਪਿੰਡਾਂ ਚ ਤੇਜੀ ਨਾਲ ਆਪਣੇ ਕੰਮ ਵਿੱਚ ਜੁਟੀ ਹੋਈ ਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਥੇ ਆਪਣੀ ਡਿਉਟੀ ਤਨਦੇਹੀ ਨਾਲ ਕਰ ਰਹੀ ਹੈ। ਕਰੋਨਾ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਦਿੱਤੇ ਜਾ ਰਹੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਇਸ ਦੌਰਾਨ ਜੇਕਰ ਕੋਈ ਸਰਕਾਰ ਦੇ ਹੁਕਮਾਂ  ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ । ਵਿਦੇਸ਼ ਤੋ ਆਉਣ ਵਾਲੇ ਲੋਕਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੀ ਰੋਕਥਾਮ ਲਈ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਦਾ ਸਮਰਥਨ ਕੀਤਾ ਜਾਵੇ।

ਪੰਜਾਬੀਆਂ ਦੇ ਵਡੇਰੇ ਹਿੱਤਾਂ ਲਈ ਕਰਫਿਊ ਲਾਉਣ ਲਈ ਹੋਇਆ ਮਜ਼ਬੂਰ 

ਤੁਹਾਡੇ ਭਲੇ ਲਈ ਮੈਨੂੰ ਮਜ਼ਬੂਰਨ ਕਰਫਿਊ ਲਾਉਣ ਦਾ ਸਿਖਰਲਾ ਕਦਮ ਚੁੱਕਣਾ ਪਿਆ - ਕੈਪਟਨ 

ਚੰਡੀਗੜ੍ਹ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੌਜੂਦਾ ਸਮੇਂ ਪੈਦਾ ਹੋਏ ਜੰਗ ਵਰਗੇ ਹਾਲਾਤ ਨਾਲ ਨਿਪਟਣ ਵਾਸਤੇ ਲਾਏ ਗਏ ਕਰਫਿਊ ਦੀ ਸਵੈ-ਇੱਛਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਸੂਬੇ ਦੇ ਵਡੇਰੇ ਹਿੱਤ 'ਚ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕ ਵੀਡੀਓ ਸੰਦੇਸ਼ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤਾਂ ਅਤੇ ਤੁਹਾਡੇ ਭਲੇ ਲਈ ਮੈਨੂੰ ਮਜ਼ਬੂਰਨ ਕਰਫਿਊ ਲਾਉਣ ਦਾ ਸਿਖਰਲਾ ਕਦਮ ਚੁੱਕਣਾ ਪਿਆ ਕਿਉਂਕਿ ਅੱਜ ਸਵੇਰ ਤੋਂ ਸੂਬੇ 'ਚ ਮੁਕੰਮਲ ਬੰਦ (ਲੌਕਡਾਊਨ) ਦੇ ਅਮਲ 'ਚ ਆਉਣ ਦੇ ਬਾਵਜੂਦ ਸ਼ਹਿਰਾਂ, ਮੁਹੱਲਿਆਂ ਤੇ ਕਸਬਿਆਂ 'ਚ ਲੋਕਾਂ ਦੇ ਆਮ ਵਾਂਗ ਇਧਰ-ਉਧਰ ਫਿਰਨ ਦੀਆਂ ਰਿਪੋਰਟਾਂ ਹਾਸਲ ਹੋਈਆਂ ਸਨ।ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਬੰਦ ਦੀ ਉਲੰਘਣਾ ਕਰਨਾ ਨਾ-ਸਵਿਕਾਰਨਯੋਗ ਹੈ। ਉਨ੍ਹਾਂ ਕਿਹਾ,'ਇਕ ਮੁਖੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣਾ ਮੇਰੀ ਅਤੇ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ 'ਚ ਕਰਫਿਊ ਪੂਰੇ ਦਿਨ 24 ਘੰਟਿਆਂ ਲਈ ਲਾਗੂ ਰਹੇਗਾ ਅਤੇ ਹੰਗਾਮੀ ਲੋੜਾਂ ਪੈਦਾ ਹੋਣ 'ਤੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਪਾਸੋਂ ਬਕਾਇਦਾ ਇਜਾਜ਼ਤ ਲੈ ਕੇ ਹੀ ਬਾਹਰ ਜਾਣ ਦੀ ਆਗਿਆ ਹੋਵੇਗੀ ਅਤੇ ਡਿਪਟੀ ਕਮਿਸ਼ਨਰਾਂ ਦੇ ਮੋਬਾਈਲ ਨੰਬਰ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮਿਆਂ 'ਚ ਔਖੇ ਫੈਸਲੇ ਲੈਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸ਼ਕਲ ਸਮਿਆਂ 'ਚੋਂ ਨਿਕਲਣ ਲਈ ਕਰਫਿਊ ਲਾਉਣਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ,''ਕ੍ਰਿਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਮੇਰੇ ਨਾਲ ਸਹਿਯੋਗ ਕਰੋ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਸ ਸੰਕਟ 'ਚੋਂ ਨਿਕਲਣ ਲਈ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਨੂੰ ਆਪਣੇ ਸੂਬੇ ਅਤੇ ਸਾਡੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ, ਜਿੱਥੇ ਸਾਡੇ ਬੱਚੇ ਹਨ ਅਤੇ ਪਰਿਵਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਕ ਛੋਟਾ ਰਾਜ ਹੋਣ ਦੇ ਨਾਤੇ ਪੰਜਾਬ ਦੀ ਆਪਣੀ ਵਸੋਂ ਨੂੰ ਸੁਰੱਖਿਅਤ ਰੱਖਣ ਅਤੇ ਆਉਣ ਵਾਲੇ ਸਾਲਾਂ ਲਈ ਖੁਸ਼ੀ ਭਰੇ ਜੀਵਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦਾ ਸਭ ਤੋਂ ਵੱਧ ਕਾ

ਪੰਜਾਬ ਤੇ ਚੰਡੀਗੜ੍ਹ 'ਚ 31 ਮਾਰਚ ਤਕ ਮੁਕੰਮਲ ਬੰਦ

ਚੰਡੀਗੜ੍ਹ , ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-   ਪੰਜਾਬ ਤੇ ਚੰਡੀਗੜ੍ਹ 'ਚ 31 ਮਾਰਚ ਤਕ ਮੁਕੰਮਲ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਤੇ ਯੂਟੀ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਪੀਆਰਓ ਦਫ਼ਤਰ ਵੱਲੋਂ ਇਕ ਟਵੀਟ ਜਾਰੀ ਕਰ ਕੇ ਸੂਬੇ ਅੰਦਰ ਲਾਕਡਾਊਨ ਦੀ ਸੂਚਨਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਤੇ ਯੂਟੀ ਪ੍ਰਸ਼ਾਸਨ ਨੇ ਇਹ ਵੱਡਾ ਐਲਾਨ ਕੀਤਾ ਹੈ। ਸਿਰਫ਼ ਐਮਰਜੈਂਸੀ ਸੇਵਾਵਾਂ ਚਲਾਉਣ ਦੀ ਹੀ ਛੋਟ ਰਹੇਗੀ। 

 

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੇ ਸੋਮਵਾਰ ਸਵੇਰੇ 6 ਵਜੇ ਤੋਂ 31 ਮਾਰਚ ਤਕ ਪੂਰੇ ਸੂਬੇ ਨੂੰ ਲਾਕਡਾਊਨ ਕਰਨ ਦੇ ਹੁਕਮ ਜਾਰੀਕ ਰ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਨੇ ਅੱਜ ਸਵੇਰੇ ਹੀ ਸੂਬੇ ਦੇ ਸਾਰੇ ਡੀਸੀਜ਼ ਨੂੰ ਸਾਰੇ ਜ਼ਿਲ੍ਹਿਆਂ ਨੂੰ ਲਾਕਡਾਊਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪਰ ਨਾਲ ਹੀ ਇਹ ਵੀ ਕਿਹਾ ਕਿ ਜ਼ਰੂਰ ਸੇਵਾਵਾਂ ਚੱਲਦੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਸੂਬੇ ਦੇ ਤਿੰਨ-ਚਾਰ ਡਿਪਟੀ ਕਮਿਸ਼ਨਰਾਂ ਨੇ 31 ਮਾਰਚ ਤਕ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਹਨ।

ਸਾਰੇ ਡੀਸੀਜ਼ ਨੂੰ ਕਿਹਾ ਗਿਆ ਹੈ ਕਿ ਉਹ ਲੋੜੀਂਦੀਆਂ ਵਸਤਾਂ ਦੂੀ ਸੂਚੀ ਜਨਤਾ ਲਈ ਤੁਰੰਤ ਜਾਰੀ ਕਰ ਦੇਣ ਤਾਂ ਜੋ ਲੋਕ ਦੁਚਿੱਤੀ 'ਚ ਨਾ ਰਹਿਣ। ਕਾਬਿਲੇਗ਼ੌਰ ਹੈ ਕਿ ਵਾਰ-ਵਾਰ ਅਪੀਲ ਦੇ ਬਾਵਜੂਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਤੇ ਕਈ ਜਗ੍ਹਾ ਇਹ ਦੇਖਣ ਵਿਚ ਆਇਾ ਹੈ ਕਿ ਜਿਨ੍ਹਾਂ ਲੋਕਾਂ 'ਚ ਕੋਰੋਨਾ ਦੇ ਲੱਛਣ ਮਿਲੇ ਹਨ, ਉਹ ਹਸਪਤਾਲਾਂ ਤੇ ਆਇਸੋਲੇਸ਼ਨ ਸੈਂਟਰ 'ਚ ਰੁਕ ਨਹੀਂ ਰਹੇ ਹਨ ਬਲਕਿ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੀ ਮਨ ਮੁਤਾਬਿਕ ਕਿਤੇ ਵੀ ਜਾਣ ਦੀ ਜ਼ਿੱਦ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਸਖ਼ਤ ਕਦਮ ਉਠਾਉਂਦੇ ਹੋਏ ਪੂਰੇ ਸੂਬੇ 'ਚ ਲਾਕਡਾਊਨ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਕੋਰੋਨਾ ਵਾਇਰਸ ਜ਼ਿਆਦਾ ਪੈਰ ਨਾ ਪਸਾਰ ਸਕੇ।

ਪੰਜਾਬ ਤੇ ਚੰਡੀਗੜ੍ਹ 'ਚ ਕੁੱਲ 20 ਪੌਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਇਕੱਲੇ ਸ਼ੁੱਕਰਵਾਰ ਨੂੰ ਹੀ 11 ਕੇਸ ਸਾਹਮਣੇ ਆਏ। ਇਸ ਨਾਲ ਇਸ ਦੇ ਵੱਡੇ ਪੱਧਰ 'ਤੇ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਸਰਕਾਰ ਨੇ ਪੂਰੇ ਸੂਬੇ ਨੂੰ ਲਾਕਡਾਊਨ ਕਰਨ ਦੇ ਹੁਕਮ ਜਾਰੀ ਕੀਤੇ।

 

Image preview

Image preview

ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਦੇਸ਼ 'ਚ 7ਵੀਂ ਮੌਤ

ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 21 ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ ਅੱਜ ਤੱਕ ਕੋਰੋਨਾ ਵਾਇਰਸ ਦੇ 203 ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 21 ਦੀ ਰਿਪੋਰਟ ਪਾਜ਼ਿਟਿਵ ਤੇ 160 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 22 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਦੇ ਜੋ ਮਾਮਲੇ ਪਾਜ਼ਿਟਿਵ ਪਾਏ ਗਏ ਹਨ, ਉਨ੍ਹਾਂ 'ਚੋਂ 14 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 4 ਜ਼ਿਲ੍ਹਾ ਐੱਸ.ਏ.ਐੱਸ ਨਗਰ, 2 ਜ਼ਿਲ੍ਹਾ ਹੁਸ਼ਿਆਰਪੁਰ ਅਤੇ 1 ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਹਨ। 

ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਪੀੜਤ ਮਰੀਜ਼ਾਂ ਦੀ ਗਿਣਤੀ 349 ਤਕ ਪਹੁੰਚ ਗਈ ਹੈ। ਉੱਥੇ ਹੀ ਦੇਸ਼ 'ਚ ਕੋਰੋਨਾ ਵਾਇਰਸ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਦੇ ਸੂਰਤ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 69 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਗੁਜਰਾਤ 'ਚ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਦੀ ਸੂਰਤ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੀਟਿਵ ਮਰੀਜ਼ ਦਿੱਲੀ ਅਤੇ ਜੈਪੁਰ ਤੋਂ ਸੂਰਤ ਟਰੇਨ ਤੋਂ ਯਾਤਰਾ ਕਰ ਕੇ ਆਇਆ ਸੀ। ਮਰੀਜ਼ ਪਹਿਲਾਂ ਤੋਂ ਹੀ ਕਿਡਨੀ ਅਤੇ ਅਸਥਮਾ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਇਸ ਦੇ ਨਾਲ ਹੀ ਭਾਰਤ 'ਚ ਕੋਰੋਨਾ ਵਾਇਰਸ ਨਾਲ ਇਹ 7ਵੀਂ ਮੌਤ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ 'ਚ 2, ਪਟਨਾ, ਕਰਨਾਟਕ, ਦਿੱਲੀ, ਗੁਜਰਾਤ ਅਤੇ ਪੰਜਾਬ 'ਚ 1-1 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਵਿਚ ਕੋਰੋਨਾ ਵਾਇਰਸ ਦੇ 14 ਮਰੀਜ਼ ਪਾਏ ਗਏ ਹਨ। ਗੁਆਂਢੀ ਦੇਸ਼ ਮਹਾਰਾਸ਼ਟਰ ਵਿਚ ਕੋਰੋਨਾ ਦੇ ਹੁਣ ਤਕ ਸਭ ਤੋਂ ਜ਼ਿਆਦਾ 65 ਦੇ ਕਰੀਬ ਮਰੀਜ਼ ਪਾਏ ਗਏ ਹਨ। ਇਸ ਵਾਇਰਸ ਨੇ ਕਰੀਬ 180 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਦੁਨੀਆ ਭਰ 'ਚ 12,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

 

 

ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’

ਪੰਜਾਬ ਫ਼ਿਲਮ ਸਨੱਅਤ ਵਿੱਚ ਅੱਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਪੰਜਾਬੀ ਫ਼ਿਲਮ ਉਦਯੋਗ ਸਿਖ਼ਰਾਂ 'ਤੇ ਹੈ ਉੱਥੇ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਪੰਜਾਬ ਦੀਆਂ ਖੂਬਸੂੂਰਤ ਲੁਕੇਸ਼ਨਾਂ 'ਤੇ ਫ਼ਿਲਮਾਈਆ ਜਾ ਰਹੀਆਂ ਹਨ।ਬੀਤੇ ਦਿਨੀ ਹੀ ਬਾਲੀਵੁੱਡ ਦੇ ਨਵੇਂ ਬੈਨਰ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’ ਵਲੋਂ ਵੀ ਆਪਣੀਆਂ ਦੋ ਹਿੰਦੀ ਫਿਲਮਾਂ ਦਾ ਐਲਾਨ ਕੀਤਾ ਗਿਆ।ਇਸ ਪ੍ਰੋਡਕਸ਼ਨ ਹਾਊਸ ਦੀਆਂ ਇਹ ਫਿਲ਼ਮਾਂ 'ਸੀ ਯੂ ਇਨ ਕੌਰਟ' ਅਤੇ ਕਿਸੀ ਸੇ ਨਾ ਕਹਿਣਾ' ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ 'ਤੇ ਫਿਲਮਾਈਆਂ ਜਾਣਗੀਆਂ। ਕਾਮੇਡੀ , ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਿਸ਼ਆਂ 'ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ 'ਚ ਦੱਸੀ ਜਾ ਰਹੀ ਹੈ। ਇਨਾਂ 'ਚੋਂ ਪਹਿਲੀ ਫ਼ਿਲਮ 'ਸੀ ਯੂ ਇਨ ਕੌਰਟ' ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਜੋ ਕਿ ਕਾਮੇਡੀ ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ। ਇਸ ਫ਼ਿਲਮ ਵਿੱਚ ਅਦਾਕਾਰ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿੱਵਸ ,ਪ੍ਰਵੀਨ ਸਸੋਦੀਆ, ਅਫਰੀਨ, ਟੀਨਾ ਅਤੇ ਅਵਿਨਾਸ਼ ਵਧਾਵਨ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਸ ਫਿਲਮ ਦਾ ਸੰਗੀਤ ਵਿਬਾਸ ਅਰੋੜਾ ਵਲੋਂ ਦਿੱਤਾ ਜਾਵੇਗਾ।ਇਸ ਪ੍ਰੋਡਕਸ਼ਨ ਹਾਊਸ ਦੀ ਦੂਜੀ ਫ਼ਿਲਮ 'ਕਿਸੀ ਸੇ ਨਾ ਕਹਿਣਾ' ਦਾ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਵੇਗਾ।ਇਸ ਫਿਲਮ ਡਾਇਲਾਗ ਅਤੇ ਸਕਰੀਨਪਲੇ ਲੇਖ ਵੀ ਯੁਧਿਸ਼ਟਰ ਹੀ ਹਨ।ਇਸ ਫਿਲਮ 'ਚ ਅਦਾਕਾਰ ਰਾਜਵੀਰ, ਚਿੱਤਰਾ ਸ਼ੁਕਲਾ,ਨਿਹਾਰਿਕਾ ਰਾਏਜੀਦਾ,ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਆਦਿ ਅਹਿਮ ਭੂਮਿਕਾ ਨਿਭਾਉਣਗੇ।ਇਹ ਫ਼ਿਲਮ ਸਮਾਜਿਕ ਮਾਹੌਲ ਦੀਂ ਪਰਿਵਾਰਕ ਕਹਾਣੀ ਤੇ ਅਧਾਰਤ ਹੋਵੇਗੀ।

ਹਰਜਿੰਦਰ ਸਿੰਘ 9463828000

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ ✍️ਗੋਬਿੰਦਰ ਸਿੰਘ ਢੀਂਡਸਾ

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ
ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ।
ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ
ਹੈ ਅਤੇ ਤਕਰੀਬਨ 308,564 ਮਾਮਲੇ ਸਾਹਮਣੇ ਆਏ ਹਨ ਅਤੇ 95,829 ਮਰੀਜ਼ ਠੀਕ ਹੋ ਗਏ ਹਨ ਅਤੇ 13069 ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ
ਜ਼ਿਆਦਾ ਚੀਨ ਵਿੱਚ ਆਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ 4,825 ਇਟਲੀ ਵਿੱਚ ਹੋਈਆਂ ਹਨ। ਭਾਰਤ ਵਿੱਚ 332 ਮਾਮਲੇ ਸਾਹਮਏ ਆਏ
ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ ਜਦਕਿ 24 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਭਾਰਤ ਵਿੱਚ ਪਹਿਲੀ ਮੌਤ ਉੱਤਰੀ
ਕਰਨਾਟਕ ਦੇ ਕਲਬੁਰਗੀ ਸ਼ਹਿਰ ਵਿੱਚ 76 ਸਾਲਾ ਵਿਅਕਤੀ ਦੀ ਹੋਈ ਜੋ ਕਿ ਸਾਊਦੀ ਅਰਬ ਵਿੱਚੋਂ ਧਾਰਮਿਕ ਯਾਤਰਾ ਕਰਕੇ ਆਇਆ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੁੱਲ 14 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ ਜਿਸ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰੀਕਿਆਂ ਨਾਲ ਫੈਲ ਸਕਦਾ ਹੈ ਜਿਵੇਂ ਕਿ ਨਿੱਜੀ ਵਿਅਕਤੀਗਤ ਛੂਹਣ,
ਖੰਘਣ ਸਮੇਂ ਲਾਪਰਵਾਹੀ ਆਦਿ। ਕਿਸੇ ਸੰਕ੍ਰਮਿਤ ਵਸਤੂ ਜਾਂ ਸਤਹਿ ਨੂੰ ਛੂਹਣਾ ਅਤੇ ਫਿਰ ਬਿਨ੍ਹਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ
ਛੂਹਣਾ ਕੋਰੋਨਾ ਵਾਇਰਸ ਨੂੰ ਸਿੱਧਾ ਸੱਦਾ ਸਾਬਿਤ ਹੋ ਸਕਦਾ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ
ਦੀ ਸਫ਼ਾਈ ਤੋਂ ਬਿਨ੍ਹਾਂ ਅੱਖਾਂ, ਨੱਕ ਜਾਂ ਮੂੰਹ ਨੂੰ ਸਿੱਧਾ ਹੀ ਨਹੀਂ ਛੂਹਣਾ ਚਾਹੀਦਾ। ਖੰਘਦੇ ਸਮੇਂ ਮੂੰਹ ਉੱਤੇ ਰੁਮਾਲ ਜਾਂ ਟੀਸ਼ੂ ਪੇਪਰ ਆਦਿ ਦੀ ਵਰਤੋਂ
ਕਰਨੀ ਚਾਹੀਦੀ ਹੈ ਅਤੇ ਦੂਸ਼ਿਤ ਰੁਮਾਲ ਜਾਂ ਟੀਸ਼ੂ ਪੇਪਰ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ।ਟੀਸ਼ੂ ਪੇਪਰ ਜਾਂ ਰੁਮਾਲ ਦੀ ਥਾਂ ਕੁਹਣੀ ਦਾ
ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।
ਵਿਗਿਆਨੀਆਂ ਅਨੁਸਾਰ ਕੋਰੋਨਾ ਵਾਇਰਸ ਸਰੀਰ ਵਿੱਚ ਪਹੁੰਚਣ ਤੇ ਫੇਫੜਿਆਂ ਨੂੰ ਸੰਕ੍ਰਮਿਤ ਕਰਦਾ ਹੈ। ਇਸ ਕਰਕੇ ਹੀ ਸਭ ਤੋਂ ਪਹਿਲਾਂ ਬੁਖਾਰ,
ਫਿਰ ਸੁੱਖੀ ਖੰਘ ਅਤੇ ਬਾਦ ਵਿੱਚ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਸਾਧਾਰਣ ਤੌਰ ਤੇ ਲੱਛਣ ਨਜ਼ਰ ਆਉਣ ਵਿੱਚ ਪੰਜ ਦਿਨ ਲੱਗਦੇ ਹਨ
ਪਰੰਤੂ ਕੁਝ ਵਿਅਕਤੀਆਂ ਵਿੱਚ ਇਸਦੇ ਲੱਛਣ ਬਹੁਤ ਦੇਰ ਨਾਲ ਵੀ ਨਜ਼ਰ ਆ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਦੇ
ਸਰੀਰ ਵਿੱਚ ਪਹੁੰਚਣ ਅਤੇ ਲੱਛਣ ਨਜ਼ਰੀਂ ਆਉਣ ਵਿੱਚ 14 ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪਰੰਤੂ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ
ਇਹ ਸਮਾਂ 24 ਦਿਨਾਂ ਦਾ ਵੀ ਹੋ ਸਕਦਾ ਹੈ। ਬੀਮਾਰੀ ਦੇ ਸ਼ੁਰੂਆਤੀ ਲੱਛਣ ਠੰਡ ਅਤੇ ਫਲੂ ਨਾਲ ਮਿਲਦੇ ਜੁਲਦੇ ਹਨ ਜਿਸ ਕਰਕੇ ਕੋਈ ਵੀ
ਸੁਖਾਲਿਆਂ ਹੀ ਉਲਝ ਸਕਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਨਜ਼ਰੀਂ ਆਉਣ ਤੇ ਨੇੜਲੀਆਂ ਸਿਹਤ ਸੇਵਾਵਾਂ ਨਾਲ ਰਾਬਤਾ ਕਾਇਮ ਕਰਨਾ
ਚਾਹੀਦਾ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਜਨਤਕ ਥਾਵਾਂ ਅਤੇ ਸਮਾਗਮਾਂ ਵਿੱਚ ਭਾਰੀ ਇਕੱਠ ਨਾਂਹ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਲੋਕਾਂ ਨੂੰ ਵੱਖੇ ਵੱਖਰੇ ਢੰਗਾਂ
ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। 15 ਜਨਵਰੀ ਤੋਂ ਬਾਅਦ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੁਆਰਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ
ਕਰਨਾ ਚਾਹੀਦਾ ਹੈ ਅਤੇ 2019-NCoV ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਤੋਂ ਜੰਗ ਜਿੱਤੀ ਜਾ ਸਕੇ।
ਭਾਰਤੀ ਸਮਾਜ ਦਾ ਦੁਖਾਂਤ ਹੀ ਹੈ ਕਿ ਜਿੱਥੇ ਹੋਰ ਦੇਸ਼ਾਂ ਵਿੱਚ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਹਰ ਕੋਈ ਆਪਣੇ ਦੇਸ਼ ਨਾਲ ਮੋਢੇ ਨਾਲ ਮੋਢਾ
ਲਾਈ ਖੜ੍ਹਾ ਹੈ ਉੱਥੇ ਹੀ ਮੀਡੀਆ ਦਾ ਇੱਕ ਹਿੱਸਾ ਸਾਡੇ ਨਿਊਜ਼ ਚੈੱਨਲ ਸਾਰਥਿਕ ਸੂਚਨਾ ਤੋਂ ਵੱਧ ਲੋਕਾਂ ਨੂੰ ਡਰਾਉਂਦੇ ਜਾਪ ਰਹੇ ਹਨ। ਇਸ
ਵਕਤੀ ਮਾਰ ਸਮੇਂ ਜ਼ਿਆਦਾਤਰ ਕੈਮਿਸਟ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦਿਆਂ ਆਪਣਾ ਮੁਨਾਫ਼ਾ ਕਮਾਉਣ ਅਤੇ ਸ਼ੋਸ਼ਲ ਮੀਡੀਆ
ਪ੍ਰਮਾਣਿਕ ਤੱਥਾਂ ਤੋਂ ਕਿਤੇ ਵੱਧ ਵੱਖੋ ਵੱਖਰੀਆਂ ਤੱਤਹੀਣ ਅਫ਼ਵਾਹਾਂ ਫੈਲਾਉਣ ਵਿੱਚ ਰੁੱਝਿਆ ਹੋਇਆ ਹੈ ਤੇ ਆਮ ਲੋਕ ਸਹਿਮੇ ਹੋਏ, ਭੰਬਲਭੂਸੇ
ਵਿੱਚ ਹਨ ਕੀ ਕਰਨ ਤੇ ਕੀ ਨਾਂਹ।
ਵਕਤ ਦੀ ਨਜ਼ਾਕਤ ਹੈ ਕਿ ਅਫ਼ਵਾਹਾਂ ਤੋਂ ਸੁਚੇਤ ਹੁੰਦਿਆਂ ਸਹਿਜਤਾ ਨਾਲ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪਰਹੇਜ਼ਾਂ ਨੂੰ ਅਮਲੀ ਰੂਪ ਦਈਏ
ਤਾਂ ਜੋ ਦੁਨੀਆਂ ਵਿੱਚ ਮਹਾਂਮਾਰੀ ਬਣ ਫੈਲੇ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਕੇਂਦਰ ਸਰਕਾਰਾਂ ਅਤੇ ਡਾਕਟਰਾਂ ਦੇ ਵਿਚਾਰਾਂ ਵੱਲ ਧਿਆਨ ਦਿਓ । ਮਹੰਤ ਗੁਰਮੀਤ ਸਿੰਘ ਠੀਕਰੀਵਾਲ

ਮਹਿਲ ਕਲਾਂ/ਬਰਨਾਲਾ/ਮੋਗਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-  

ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਕਿ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾ ਗੰਭੀਰ ਬਣੋ ਆਪਣੀ ਸਰਕਾਰ ਦੇ ਹਰ ਆਦੇਸ਼ ਦਾ ਗੰਭੀਰਤਾ ਨਾਲ ਪਾਲਣ ਕਰਨਾ ਹੈ। ਸਿਹਤ ਵਿਭਾਗ ਇਸ ਰੁਝਾਨ ਨੂੰ ਸਮਝ ਗਿਆ ਹੈ ਅਤੇ ਸਕੂਲ, ਕਾਲਜ, ਰੇਲ, ਮੰਦਰ ਸਭ ਹੌਲੀ- ਹੌਲੀ ਬੰਦ ਹੋ ਰਹੇ ਨੇ ਤਾਂ ਕਿ ਕਰੋਨਾ ਵਾਇਰਸ  ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਾਰ- ਵਾਰ ਹੱਥ ਸਾਫ ਕਰੋ ਕਿਸੇ ਨਾਲ ਹੱਥ ਨਾ ਮਿਲਾਓ। ਜੇਕਰ ਕੋਈ ਸ਼ੱਕ ਹੈ ਤਾਂ ਡਾਕਟਰ ਨੂੰ  ਜ਼ਰੂਰ ਮਿਲੋ। ਇਸ ਵਾਇਰਸ ਤੇ ਚੁਟਕਲੇ ਬਣਾਉਣ ਵਾਲੇ ਤੇ ਗੀਤ ਗਾਉਣ ਵਾਲੇ ਇਸ ਵਾਇਰਸ ਦੇ ਨੇੜੇ ਹੋ ਗਏ ਤਾਂ ਉਨ੍ਹਾਂ ਦੇ ਹਮੇਸ਼ਾ ਲਈ ਚੁੱਟਕਲੇ ਅਤੇ ਗੀਤ ਬੰਦ ਹੋ ਜਾਣਗੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਗੁਰਮੀਤ ਸਿੰਘ ਜੀ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਲਪਨਾਸ਼ੀਲ ਹੋਵੋਗੇ ਜਾਂ ਨਹੀਂ ਪਰ ਜੇ ਤੁਸੀਂ ਸਰਕਾਰ ਦਾ ਸਮਰਥਨ ਕਰੋ ਅਤੇ ਸਹੀ ਰਾਹ ਤੁਰੋ ਆਪਣੇ ਆਪ ਅਤੇ ਪਰਿਵਾਰ ਤੇ ਪੂਰਾ ਧਿਆਨ ਰੱਖੋ। ਕੇਂਦ੍ਰਤ ਕਰਦਿਆਂ ਸਾਡੇ ਡਾਕਟਰਾਂ ਦਾ ਇਸ ਤੇ ਪੂਰਾ ਧਿਆਨ ਹੈ।ਅਖੀਰ ਵਿੱਚ ਉਨਾ ਨੇ ਕਿਹਾ ਕਿ ਮੈਂ ਨਿਰਮਤਾ ਨਾਲ  ਬੇਨਤੀ ਕਰਦਾ ਹਾਂ ਕਿ ਸਮੇਂ ਦਾ ਧਿਆਨ ਰੱਖਿਆ ਜਾਵੇ ਜਨਤਕ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਪੰਜਾਬ ਵਿੱਚ ਪੱਕੇ ਖਾਲ਼ਾਂ ਦਾ ਨਵਾਂ ਮਾਡਲ ਵਿਕਸਤ ਕੀਤਾ ਜਾਵੇਗਾ-ਸੁਖਬਿੰਦਰ ਸਿੰਘ ਸਰਕਾਰੀਆ

ਕੋਟਲਾ ਪ੍ਰੋਜੈਕਟ ਤਹਿਤ 477 ਕਰੋੜ ਰੁਪਏ ਦੀ ਲਾਗਤ ਨਾਲ 4 ਜ਼ਿਲਿਆਂ ਵਿੱਚ ਕੰਕਰੀਟ ਨਾਲ ਪੱਕੇ ਕੀਤੇ ਜਾਣਗੇ ਸਿੰਚਾਈ ਵਾਲੇ ਖਾਲ਼ੇ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-  

ਪੰਜਾਬ ਦੇ ਵੱਧ ਤੋਂ ਵੱਧ ਫਸਲੀ ਰਕਬੇ ਨੂੰ ਨਹਿਰੀ ਪਾਣੀ ਨਾਲ ਜੋੜਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਸੂਬੇ ਵਿੱਚ ਕੱਚੇ ਖਾਲ਼ਾਂ ਨੂੰ ਪੱਕਾ ਕਰਨ ਲਈ ਨਵਾਂ ਮਾਡਲ ਵਿਕਸਤ ਕਰਨ ਜਾ ਰਹੀ ਹੈ। ਇਸ ਮਾਡਲ ਤਹਿਤ ਹੁਣ ਇੱਟਾਂ ਦੀ ਬਿਜਾਏ ਬਜਰੀ ਅਤੇ ਸੀਮਿੰਟ ਨਾਲ ਖਾਲ਼ੇ ਪੱਕੇ ਕੀਤੇ ਜਾਇਆ ਕਰਨਗੇ। ਇਹ ਮਾਡਲ ਪੁਰਾਣੀ ਵਿਧੀ ਤੋਂ ਕਿਤੇ ਸਸਤਾ ਅਤੇ ਟਿਕਾਊ ਸਾਬਿਤ ਹੋਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਸਰਕਾਰ ਦੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਥਾਨਕ ਪਿੰਡ ਗੁਰਥੜੀ ਵਿਖੇ ਪੰਜਾਬ ਪਾਣੀ ਵਸੀਲੇ ਪ੍ਰਬੰਧਨ ਅਤੇ ਵਿਕਾਸ ਨਿਗਮ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਦੌਰਾਨ ਕੀਤਾ। ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ 'ਤੇ ਪਹਿਲੇ ਗੇੜ ਵਿੱਚ 477 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਨਾਲ ਜ਼ਿਲਾ ਸੰਗਰੂਰ, ਬਰਨਾਲਾ, ਮਾਨਸਾ ਅਤੇ ਬਠਿੰਡਾ ਵਿੱਚ 1,46,658 ਹੈਕਟੇਅਰ ਰਕਬੇ ਨੂੰ ਕਵਰ ਕਰਨ ਲਈ 3500 ਕਿਲੋਮੀਟਰ ਲੰਮੇ ਕੱਚੇ ਖਾਲ਼ੇ ਪੱਕੇ ਕੀਤੇ ਜਾਣਗੇ। ਇਸ ਸੰਬੰਧੀ ਪਾਇਲਟ ਪ੍ਰੋਜੈਕਟ ਜਲਦੀ ਹੀ ਮੌੜ (ਜ਼ਿਲਾ ਮਾਨਸਾ) ਖੇਤਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪਹਿਲਾ ਗੇੜ ਸਾਲ 2022 ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨਾਂ ਦੱਸਿਆ ਕਿ ਪਹਿਲਾਂ ਸੂਬੇ ਵਿੱਚ ਖਾਲ਼ ਪੱਕੇ ਕਰਨ ਲਈ ਇੱਟਾਂ ਅਤੇ ਸੀਮਿੰਟ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਇਹ ਕੰਮ ਸੀਮੈਂਟ ਅਤੇ ਬਜਰੀ ਨਾਲ ਕੀਤਾ ਜਾਇਆ ਕਰੇਗਾ। ਪਹਿਲਾਂ ਇਹ ਖਾਲ਼ੇ ਦੀ ਮਿਆਦ 15 ਸਾਲ ਦੀ ਹੋਇਆ ਕਰਦੀ ਸੀ ਅਤੇ ਇਹ ਥਾਂ-ਥਾਂ ਤੋਂ ਪਾਣੀ ਦਾ ਵਹਾਅ ਨਾਲ ਨੁਕਸਾਨੇ ਜਾਂਦੇ ਸਨ ਪਰ ਹੁਣ ਨਵੀਂ ਅਤੇ ਸਸਤੀ ਤਕਨੀਕ ਨਾਲ ਤਿਆਰ ਕੀਤੇ ਖਾਲ਼ੇ ਦੀ ਮਿਆਦ 50 ਸਾਲ ਤੱਕ ਰਹੇਗੀ। ਇਨਾਂ ਖਾਲ਼ਾਂ ਦੇ ਬਲਾਕਾਂ ਦਾ ਡਿਜ਼ਾਈਨ ਨਿਗਮ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ। ਇਨਾਂ ਖਾਲ਼ਾਂ ਦੇ ਬਣਨ ਨਾਲ ਸਿੰਚਾਈ ਵਾਲੇ ਪਾਣੀ ਦਾ ਰਿਸਾਵ (ਲੀਕੇਜ਼) ਬਿਲਕੁਲ ਖ਼ਤਮ ਹੋ ਜਾਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖ਼ਬੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀ. ਪੀ. (ਦੋਵੇਂ ਵਿਧਾਇਕ), ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸ਼ਾਦ, ਜਗਬੀਰ ਸਿੰਘ ਬਰਾੜ ਚੇਅਰਮੈਨ ਪੰਜਾਬ ਪਾਣੀ ਵਸੀਲੇ ਪ੍ਰਬੰਧਨ ਅਤੇ ਵਿਕਾਸ ਨਿਗਮ, ਜ਼ਿਲਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਐੱਸ. ਡੀ. ਐੱਮ. ਸਾਗਰ ਸੇਤੀਆ, ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰਪਾਲ ਸਿੰਘ, ਨਗਰ ਕੌਂਸਲ ਦੋਰਾਹਾ ਪ੍ਰਧਾਨ ਬੰਤ ਸਿੰਘ ਦੋਬੁਰਜੀ, ਐਕਸੀਅਨ ਸ਼ੰਮੀ ਸਿੰਗਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ 

ਪਿੰਡ ਗਹਿਲ ਵਿਖੇ ਕਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ।

ਮਹਿਲ ਕਲਾਂ/ ਬਰਨਾਲਾ,ਮਾਰਚ 2020- (ਗੁਰਸੇਵਕ ਸਿੰਘ ਸੋਹੀ)- ਸਿਵਲ ਸਰਜਨ ਬਰਨਾਲਾ ਡਾਂ ਗੁਰਿੰਦਰਬੀਰ ਸਿੰਘ ਦੀਆ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਂ ਜਤਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੀ,ਐਚ,ਸੀ ਗਹਿਲ ਦੇ ਮੈਡੀਕਲ ਅਫ਼ਸਰ ਡਾਂ ਜਤਿੰਦਰ ਜੁਨੇਜਾ ਦੀ ਟੀਮ ਵੱਲੋਂ ਪਿੰਡ ਗਹਿਲ ਵਿਖੇ ਆਮ ਲੋਕਾਂ ਦਾ ਇਕੱਠ ਕਰਕੇ ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋ ਨੇ ਲੋਕਾ ਨੂੰ ਦੱਸਿਆ ਕਿ ਕਰੋਨਾ ਵਾਇਰਸ ਲਾਗ ਦੀ ਬਿਮਾਰੀ ਹੈ।ਖੰਘ ਬੁਖਾਰ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ ਥਕਾਵਟ ਇਸ ਬਿਮਾਰੀ ਦੇ ਮੁੱਢਲੇ ਲੱਛਣ ਹਨ। ਸਰੀਰਕ ਸਫਾਈ  ਤੇ ਹੋਰ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਥਕਾਵਟ ਹੋਵੇ ਤਾਂ ਤੁਰੰਤ ਉਸ ਨੂੰ ਨੇੜਲੇ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਲਈ ਲਿਜਾਇਆ ਜਾਵੇ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋ ਸੁਚੇਤ ਰਹਿ ਕੇ ਸਿਹਤ ਵਿਭਾਗ ਦੀ ਜਾਣਕਾਰੀ ਨੂੰ ਹੀ ਸਹੀ ਮੰਨਿਆ ਜਾਵੇ। ਇਸ ਮੌਕੇ ਡਾਂ ਜਤਿੰਦਰ ਜੁਨੇਜਾ, ਡਾ ਸੀਮਾ ਬਾਂਸਲ, ਮਨਜੀਤ ਕੌਰ ਸਿਹਤ ਸੁਪਰਵਾਈਜ਼ਰ, ਰਾਜ ਸਿੰਘ ਐਮ, ਪੀ ਡਬਲਿਊ, ਰਾਕੇਸ਼ ਕੁਮਾਰ ਫਾਰਮਾਸਿਸਟ, ਪਰਮਜੀਤ ਕੌਰ ਏ, ਐਨ, ਐਮ, ਸਰਬਜੀਤ ਕੌਰ ਉਪ ਵੈਦ, ਆਸ਼ਾ ਵਰਕਰਾਂ ਤੋਂ ਇਲਾਵਾ ਪਿੰਡ ਗਹਿਲ ਦੇ ਪਤਵੰਤੇ ਸੱਜਣ ਹਾਜ਼ਰ ਸਨ।

ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਮਾਰਕਿਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਹਰਵਿੰਦਰ ਕੁਮਾਰ ਜਿੰਦਲ ਬਣੇ ਵਾਇਸ ਚੇਅਰਮੈਨ

ਮਹਿਲ ਕਲਾਂ17 ਮਾਰਚ (ਗੁਰਸੇਵਕ ਸਿੰਘ ਸੋਹੀ)  ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤੇ ਬਾਰ ਚੇਅਰਮੈਨ ਸੂਚੀ ਵਿੱਚ ਮਾਰਕੀਟ ਕਮੇਟੀ ਮਹਿਲ ਕਲਾਂ ਲਈ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੀ ਸਿਫ਼ਾਰਸ਼ ਤੇ ਪੰਚਾਇਤ ਯੂਨੀਅਨ ਬਲਾਕ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਜੌਹਲ ਪੰਡੋਰੀ ਨੂੰ ਚੇਅਰਮੈਨ ਤੇ ਮਰਹੂਮ ਵਜ਼ੀਰ ਚੰਦ ਦੇ ਸਪੁੱਤਰ ਹਰਵਿੰਦਰ ਕੁਮਾਰ ਜਿੰਦਲ ਮਹਿਲ ਕਲਾਂ  ਨੂੰ ਉਪ ਚੇਅਰਮੈਨ ਬਣਾਉਣ ਦਾ ਐਲਾਨ ਕੀਤਾ ਹੈ ।    ਪੱਤਰਕਾਰਾਂ ਨਾਲ ਗੱਲਬਾਤ ਕਰਦੇ     ਨਵੇਂ ਬਣੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਅਤੇ ਵਾਇਸ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲਨੇ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸੂਬਾ ਪ੍ਰਧਾਨ ਸੁਨੀਲ ਸੁਨੀਲ ਜਾਖੜ ,ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜੋ ਜ਼ੁੰਮੇਵਾਰੀ ਸਰਕਾਰ ਵੱਲੋਂ ਸਾਨੂੰ ਸੌਂਪੀ ਗਈ ਹੈ ।ਉਸ ਨੂੰ ਮੈਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਗਾ ਅਤੇ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ । ਇਸ ਨਿਯੁਕਤੀ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਐਨ ਆਰ ਆਈ ਜੁਗਰਾਜ ਸਿੰਘ ਰੰਧਾਵਾ ਬੀਹਲਾ,  ਤਜਿੰਦਰ ਸਿੰਘ ਨਰਾਇਣਗੜ੍ਹ ਸੋਹੀਆਂ ਸਰਪੰਚ , ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਸਰਪੰਚ ਡਾਕਟਰ ਗੁਰਪ੍ਰੀਤ ਸਿੰਘ ਰਾਏਸਰ ,ਸਰਪੰਚ ਗੁਰਜੀਤ ਕੌਰ ਬਾਹਮਣੀਆਂ ,ਅਸੋਕ ਅਗਰਵਾਲ,ਤੀਰਥ ਬੀਹਲਾ, ਸਰਪੰਚ ਦਲਬਾਗ ਸਿੰਘ ਲੋਹਗੜ੍ਹ, ਗਮਦੂਰ ਸਿੰਘ ਖਿਆਲੀ ,ਨੱਥਾ ਸਿੰਘ ਬਾਠ ਪੰਡੋਰੀ ,ਕਲੱਬ ਪ੍ਰਧਾਨ ਨਿਰਭੈ ਸਿੰਘ ਪੰਡੋਰੀ ,ਸਰਪੰਚ ਪਲਵਿੰਦਰ ਸਿੰਘ ਕਲਾਲਮਾਜਰਾ ,ਬਲਾਕ ਸੰਮਤੀ ਦੀ ਚੇਅਰਪਰਸਨ ਹਰਜਿੰਦਰ ਕੌਰ ਮਹਿਲ ਖੁਰਦ ,ਵਾਇਸ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ,ਸਰਪੰਚ ਬਲੌਰ ਸਿੰਘ ਤੋਤੀ, ਸੰਮਤੀ ਮੈਂਬਰ  ਗੁਰਪ੍ਰੀਤ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਤੇ ਹਰਵਿੰਦਰ ਕੁਮਾਰ ਜਿੰਦਲ ਦੇ ਕ੍ਮਵਾਰ ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ।

ਧਾਰਮਿਕ ਸੰਸਥਾਵਾਂ ਦੇ ਮੁਖੀ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨ: ਕੈਪਟਨ

ਚੰਡੀਗੜ੍ਹ, ਮਾਰਚ 2020 ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ ) 
ਸੂਬਾ ਸਰਕਾਰ ਵੱਲੋਂ ਕਰੋਨਾਵਾਇਰਸ (ਕੋਵਿਡ-19) ਬਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਸਬੰਧੀ ਭਲਕ ਤੋਂ ਵਿੱਢੀ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਮਾਗਮਾਂ ਦੌਰਾਨ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੋੋਸ਼ਿਸ਼ ਕੀਤੀ ਜਾਵੇ ਕਿ ਪੰਜਾਹ ਤੋਂ ਘੱਟ ਵਿਅਕਤੀ ਹੀ ਇਕੱਤਰ ਹੋਣ। ਸਿਹਤ ਤੇ ਹੋਰ ਸਬੰਧਤ ਵਿਭਾਗਾਂ ਨਾਲ ਲੜੀਵਾਰ ਸਮੀਖਿਆ ਮੀਟਿੰਗਾਂ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾਵਾਇਰਸ ਦਾ ਇਕਹਿਰਾ ਕੇਸ ਸਾਹਮਣੇ ਆਉਣ ਕਰਕੇ ਸੂਬਾ ਹੁਣ ਤੱਕ ਸੁਰੱਖਿਅਤ ਹੈ, ਪਰ ਆਲਮੀ ਪੱਧਰ ’ਤੇ ਫੈਲ ਰਹੀ ਇਸ ਮਹਾਮਾਰੀ ਨੂੰ ਦੇਖਦਿਆਂ ਕੋਈ ਵੀ ਢਿੱਲ-ਮੱਠ ਨਹੀਂ ਵਰਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੋਟੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਜ਼ਮਾਨਤ ਦੇਣ ਅਤੇ ਜੇਲ੍ਹ ਵਿੱਚ ਕਾਫੀ ਸਮਾਂ ਬਿਤਾਉਣ ਵਾਲੇ ਦੋਸ਼ੀਆਂ ਨੂੰ ਪੈਰੋਲ ਦੇਣ ’ਤੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਘਟਾਉਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਿਮ ਫੈਸਲਾ ਅਦਾਲਤਾਂ ’ਤੇ ਨਿਰਭਰ ਹੈ। ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਉਠਾ ਰਹੇ ਹਨ। ਕੈਪਟਨ ਨੇ ਕਿਹਾ ਕਿ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੀ ਮਾਰ ਹੇਠ ਆਏ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 116 ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਮਿੱਡ-ਡੇਅ ਮੀਲ ਮੁਹੱਈਆ ਕਰਵਾਉਣ ਜਾਂ ਇਸ ਦੇ ਬਦਲ ਵਜੋਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਨੂੰ ਵੀ ਵਿਚਾਰ ਰਹੀ ਹੈ, ਹਾਲਾਂਕਿ ਅਜੇ ਤਕ ਅਜਿਹੀ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ। ਬਜ਼ੁਰਗਾਂ ਅਤੇ ਰੋਗਾਂ ਤੋਂ ਲੜਨ ਦੀ ਘੱਟ ਸਮਰੱਥਾ ਵਾਲੇ ਲੋਕਾਂ ਵਿੱਚ ਕੋਵਿਡ-19 ਕਾਰਨ ਵੱਧ ਮੌਤ ਦਰ ਨੂੰ ਦੇਖਦਿਆਂ ਉਨ੍ਹਾਂ ਅਜਿਹੇ ਲੋਕਾਂ ਨੂੰ ਵੱਧ ਤੋਂ ਵੱਧ ਚੌਕਸ ਰਹਿਣ ਅਤੇ ਸਾਵਧਾਨੀ ਵਰਤਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਧਿਆਨ ਰੱਖਣ ਦੀ ਵੀ ਅਪੀਲ ਕੀਤੀ। ਇਸ ਸਮੱਸਿਆ ਨਾਲ ਨਜਿੱਠਣ ਵਿਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕੈਪਟਨ ਨੇ ਕਿਹਾ ਕਿ ਸੂਬੇ ਕੋਲ ਹਾਲਾਤ ਨਾਲ ਨਜਿੱਠਣ ਲਈ ਢੁਕਵੇਂ ਸਾਧਨ ਅਤੇ ਦਵਾਈਆਂ ਉਪਲੱਬਧ ਹਨ। ਕੋਵਿਡ-19 ਦੇ ਮਰੀਜ਼ਾਂ ਨੂੰ ਆਇਸੋਲੇਸ਼ਨ ਵਿੱਚ ਰੱਖਣ ਲਈ ਗਿਆਨ ਸਾਗਰ ਮੈਡੀਕਲ ਕਾਲਜ, ਰਾਜਪੁਰਾ ਦੇ ਸਾਰੇ ਹੋਸਟਲ ਵਿੱਚ ਕੁੱਲ 1700 ਬੈੱਡ ਉਪਲੱਬਧ ਹਨ।

ਹਰਸਿਮਰਤ ਅਤੇ ਕੈਪਟਨ ’ਚ ਮੁੜ ਖੜਕੀ

ਚੰਡੀਗੜ੍ਹ, ਮਾਰਚ 2020 ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )

 ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ’ਚ ਸਥਾਪਤ ਹੋ ਰਹੇ ਮੈਗਾ ਫੂਡ ਪਾਰਕ ਸਬੰਧੀ ਮੁੱਖ ਮੰਤਰੀ ’ਤੇ ਸੰਜੀਦਾ ਨਾ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੂਡ ਪਾਰਕ ਨੂੰ ਜਲਦੀ ਮੁਕੰਮਲ ਕਰਨ ਪ੍ਰਤੀ ਦਿਲਚਸਪੀ ਨਾ ਦਿਖਾਈ ਤਾਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਤੀਜੀ ਅਤੇ ਚੌਥੀ ਕਿਸ਼ਤ ਜਾਰੀ ਨਹੀਂ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਵਿਖਾਈ ਸੁਸਤੀ ਨੇ ਇਸ ਪ੍ਰਾਜੈਕਟ ਨੂੰ 2 ਸਾਲ ਲਈ ਪਛਾੜ ਦਿੱਤਾ ਹੈ ਅਤੇ ਕਿਸਾਨਾਂ ਤੇ ਨੌਜਵਾਨਾਂ ਨੂੰ ਲਾਭ ਨਹੀਂ ਮਿਲ ਸਕੇ ਹਨ।
ਮੁੱਖ ਮੰਤਰੀ ਨੂੰ ਲਿਖੀ ਤਾਜ਼ਾ ਚਿੱਠੀ ਵਿਚ ਬੀਬੀ ਬਾਦਲ ਨੇ ਕਿਹਾ ਕਿ ਪ੍ਰਾਜੈਕਟ ਵਾਸਤੇ ਰਾਖਵੀਂ ਰੱਖੀ 50 ਕਰੋੜ ਰੁਪਏ ਦੀ ਰਾਸ਼ੀ ਵਿਚੋਂ 35 ਕਰੋੜ ਰੁਪਏ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮੈਗਾ ਫੂਡ ਪਾਰਕ 2018 ਵਿਚ ਮੁਕੰਮਲ ਕੀਤਾ ਜਾਣਾ ਸੀ, ਪਰ ਕਾਂਗਰਸ ਸਰਕਾਰ ਦੀ ਮਾੜੀ ਯੋਜਨਾਬੰਦੀ ਅਤੇ ਫੈਸਲਿਆਂ ਦੀ ਢਿੱਲੀ ਰਫ਼ਤਾਰ ਨੇ ਪ੍ਰਾਜੈਕਟ ਵਿਚ ਵਾਰ ਵਾਰ ਤਬਦੀਲੀਆਂ ਕੀਤੀਆਂ। ਫਲਸਰੂਪ ਪ੍ਰਾਜੈਕਟ ਮੁਕੰਮਲ ਕਰਨ ਵਾਲੀ ਏਜੰਸੀ ਪੀਏਆਈਸੀ ਇਸ ਨੂੰ ਪੂਰਾ ਕਰਨ ਤੋਂ ਵਾਰ ਵਾਰ ਖੁੰਝਦੀ ਗਈ।
ਮੁੱਖ ਮੰਤਰੀ ਵੱਲੋਂ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਨੂੰ ਪ੍ਰਾਜੈਕਟ ਦੀ ਚੌਥੀ ਅਤੇ ਆਖਰੀ ਕਿਸ਼ਤ ਜਾਰੀ ਕਰਨ ਲਈ ਕੀਤੀ ਬੇਨਤੀ ਦਾ ਜਵਾਬ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਦੇ ਉਲਟ ਇਸ ਪਾਰਕ ਦੇ ਸਿਰਫ ਚਾਰ ਯੂਨਿਟ ਚਾਲੂ ਹੋਏ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦੇ ਵਧੀਕ ਸਕੱਤਰ ਵੱਲੋਂ ਵੀ ਮੁਲਾਂਕਣ ਕੀਤਾ ਗਿਆ ਸੀ, ਜਿਸ ਦੌਰਾਨ ਪਾਇਆ ਗਿਆ ਕਿ ਪ੍ਰਾਜੈਕਟ ਦੀਆਂ ਮੁੱਖ ਸਹੂਲਤਾਂ ਨੂੰ ਚਾਲੂ ਨਹੀਂ ਕੀਤਾ ਗਿਆ ਹੈ। ਬੀਬੀ ਬਾਦਲ ਨੇ ਕਿਹਾ ਕਿ ਇਹ ਵੀ ਰਿਪੋਰਟ ਆਈ ਹੈ ਕਿ ਬਿਜਲੀ ਦਾ ਕੁਨੈਕਸ਼ਨ ਅਤੇ ਜਨਰੇਟਰ ਦੇਣ ਵਿਚ ਕੀਤੀ ਦੇਰੀ ਕਰਕੇ ਕੋਲਡ ਸਟੋਰੇਜ ਦੀ ਸਹੂਲਤ ਪਿਛਲੇ ਇੱਕ ਸਾਲ ਤੋਂ ਅਣਵਰਤੀ ਪਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਿਲੋਜ਼ ਮੁਕੰਮਲ ਹੋ ਚੁੱਕੇ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੀਏਆਈਸੀ ਦੇ ਦੱਸਣ ਮੁਤਾਬਕ ਕੋਲਡ ਸਟੋਰੇਜ ਦੀ ਪਰਖ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਅਪਰੈਲ ਦੇ ਅਖੀਰ ਤਕ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਏਆਈਸੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਲਾਸਟ ਫਰੀਜ਼ਰ ਸਥਾਪਤ ਕਰਨ ਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ ਹੈ ਅਤੇ ਆਰਟੀਟੀ (ਰੈਡੀ ਟੂ ਈਟ) ਲਾਈਨ ਲਈ ਅਜੇ ਟੈਂਡਰ ਵੀ ਜਾਰੀ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੇਸਿਕ ਫੂਡ ਟੈਸਟਿੰਗ ਲੈਬਾਰਟਰੀ ਲਈ ਸਾਜ਼ੋ-ਸਾਮਾਨ ਖਰੀਦਣ ਦੀ ਪ੍ਰਕਿਰਿਆ ਵੀ ਅਜੇ ਸ਼ੁਰੂ ਕਰਨੀ ਹੈ। ਪ੍ਰਾਜੈਕਟ ਦੀਆਂ ਤਿਆਰ ਹੋ ਚੁੱਕੀਆਂ ਸਹੂਲਤਾਂ ਦੀ ਸੰਭਾਲ ਅਤੇ ਮੁਰੰਮਤ ਲਈ ਅਜੇ ਤਕ ਕੋਈ ਠੇਕੇਦਾਰ ਵੀ ਭਰਤੀ ਨਹੀਂ ਕੀਤਾ ਗਿਆ ਹੈ।
ਫੂਡ ਪ੍ਰੋਸੈਸਿੰਗ ਮੰਤਰੀ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਪੀਏਆਈਸੀ ਨੂੰ ਚੌਥੀ ਅਤੇ ਆਖਰੀ 10 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਕੀਮ ਦੀਆਂ ਸ਼ਰਤਾਂ ਨੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ, ਜਿਨ੍ਹਾਂ ਵਿਚ ਸਾਫ ਲਿਖਿਆ ਹੈ ਕਿ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਆਖਰੀ ਕਿਸ਼ਤ ਜਾਰੀ ਕੀਤੀ ਜਾ ਸਕੇਗੀ, ਜਿਸ ਵਿਚ ਪ੍ਰਾਜੈਕਟ ਤਿਆਰ ਕਰਨ ਵਾਲੀ ਏਜੰਸੀ ਦੇ 100 ਫੀਸਦੀ ਖਰਚਿਆਂ ਦਾ ਯੋਗਦਾਨ, ਕੁੱਲ ਪਲਾਟਾਂ ਦੇ 75 ਫੀਸਦੀ ਦੀ ਅਲਾਟਮੈਂਟ, ਅਲਾਟਿਡ ਯੂਨਿਟਾਂ ਵਿਚੋਂ ਘੱਟੋ ਘੱਟ 25 ਫੀਸਦੀ ਉੱਤੇ ਕੰਮ ਸ਼ੁਰੂ ਹੋਣਾ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਤਕ ਕੈਪਟਨ ਸਰਕਾਰ ਨੇ ਉਪਰੋਕਤ ਸ਼ਰਤਾਂ ਵਿਚੋਂ ਕੋਈ ਵੀ ਪੂਰੀ ਨਹੀਂ ਕੀਤੀ ਹੈ ਅਤੇ ਇਸ ਲਈ ਆਖਰੀ ਕਿਸ਼ਤ ਜਾਰੀ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

23 ਮਾਰਚ ਨੂੰ ਕੁੱਬੇ ਦੀ ਧਰਤੀ ਤੇ ਪੈਣਗੀਆਂ ਕਬੱਡੀਆਂ - ਗੁਰੀ ਕੈਨੇਡਾ 24 ਮਾਰਚ ਨੂੰ ਲੱਗੇਗਾ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ

24  ਮਾਰਚ ਨੂੰ ਲੱਗੇਗਾ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ

ਮਹਿਲ ਕਲਾਂ /ਬਰਨਾਲਾ, ਮਾਰਚ 2020 -(ਗੁਰਸੇਵਕ ਸਿੰਘ ਸੋਹੀ)- ਯੁਵਕ ਸੇਵਾਵਾਂ ਕਲੱਬ ਪਿੰਡ ਕੁੱਬੇ ਅਤੇ ਪਿੰਡ ਬੁੱਗਰ (ਬਰਨਾਲਾ) ਵੱਲੋਂ ਤੀਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ 23 ਅਤੇ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਨੌਜਵਾਨ ਗੁਰੀ ਸੋਹੀ ਕੈਨੇਡਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਟੂਰਨਾਮੈਂਟ ਲੁੱਕ ਪਲਾਂਟ ਬੁੱਗਰ ਰੋਡ ਕੁੱਬੇ ਵਿਖੇ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਕਬੱਡੀ ਓਪਨ ,ਕਬੱਡੀ80 ਕਿੱਲੋ, ਕਬੱਡੀ 65 ਕਿੱਲੋ ,ਕਬੱਡੀ 52 ਕਿੱਲੋ ਦੇ ਸ਼ਾਨਦਾਰ ਮੁਕਾਬਲੇ ਹੋਣਗੇ । ਜਿਸ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ । ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਧਨੌਲਾ ਤੇ ਕਾਲਾ ਹਠੂਰ  ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।ਗੁਰੀ ਕੈਨੇਡਾ ਨੇ ਦੱਸਿਆ ਕਿ 24  ਮਾਰਚ ਨੂੰ ਉੱਘੇ ਪੰਜਾਬੀ ਲੋਕ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ । ਇਸ ਮੌਕੇ ਨਵਦੀਪ ਸਿੰਘ ਭੱਠਲ ਕੈਨੇਡਾ, ਸੰਦੀਪ ਭੱਠਲ ਕੈਨੇਡਾ, ਮਨਪ੍ਰੀਤ ਸਿੰਘ ਕਾਲਾਬੂਲਾ ਕੈਨੇਡਾ, ਗਗਨਦੀਪ ਗਿੱਲ ਕੈਨੇਡਾ ,ਪੰਮਾਂ ਘੋੜੀਆਂ ਵਾਲਾ ਕੈਨੇਡਾ ਸਮੇਤ ਕਲੱਬ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਸਰਪੰਚ ਕੁਲਦੀਪ ਸਿੰਘ ਬੁੱਗਰ ਅਤੇ ਸਰਪੰਚ ਕਾਲਾ ਸਿੰਘ ਪਿੰਡ ਕੁੱਬੇ ਹਾਜ਼ਰ ਸਨ ।

ਪੰਜਾਬ 'ਚ ਮੈਰਿਜ ਪੈਲੇਸਾਂ 'ਚ 50 ਵਿਅਕਤੀਆਂ ਤੋਂ ਵੱਧ ਦੇ ਇਕੱਠ 'ਤੇ ਪਾਬੰਦੀ, ਕਿਸਾਨ ਮੰਡੀਆਂ, ਸ਼ਾਪਿੰਗ ਮਾਲਜ਼ ਅਤੇ ਅਜਾਇਬ ਘਰਾਂ ਨੂੰ ਬੰਦ ਕਰਨ ਦੇ ਨਿਰਦੇਸ਼

ਚੰਡੀਗੜ੍ਹ : ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-  

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੰਤਰੀ ਸਮੂਹ ਨੇ ਅੱਜ ਜਨਤਕ ਇਕੱਠ ਨੂੰ ਰੋਕਣ ਲਈ ਕਈ ਹੋਰ ਸਖ਼ਤ ਕਦਮ ਚੁੱਕੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਸਾਰੇ ਸ਼ਾਪਿੰਗ ਕੰਪਲੈਕਸਾਂ, ਮਾਲਜ਼, ਅਜਾਇਬਘਰ ਅਤੇ ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਨੂੰ ਬੰਦ ਕਰਨ ਦੇ ਨਾਲ ਨਾਲ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ 31 ਮਾਰਚ, 2020 ਤਕ ਮੁਲਤਵੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੇ ਆਧਾਰ 'ਤੇ, ਮੰਤਰੀ ਸਮੂਹ ਨੇ ਮੈਰਿਜ ਪੈਲੇਸਾਂ ਵਿਖੇ ਕਰਵਾਏ ਜਾ ਰਹੇ ਵਿਆਹ ਸਮਾਗਮਾਂ ਦੌਰਾਨ ਇਕੱਠ ਕਰਨ 'ਤੇ ਰੋਕ ਲਗਾਉਣ ਦਾ ਵੀ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸਾਂ ਵਿੱਚ ਕਿਸੇ ਵੀ ਸਮਾਰੋਹ ਦੌਰਾਨ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਇਸੇ ਤਰਾਂ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਅਤੇ ਫੂਡ ਕੋਰਟਾਂ ਵਿੱਚ ਹੈਂਡ ਵਾਸ਼ਿੰਗ ਪ੍ਰੋਟੋਕੋਲ ਲਾਗੂ ਕਰਨ ਅਤੇ ਜਿਸ ਜਗ੍ਹਾ ਨੂੰ ਵੱਧ ਲੋਕ ਛੂੰਹਦੇ ਹਨ ਉਹਨਾਂ ਥਾਵਾਂ ਦੀ ਢੁੱਕਵੀਂ ਸਫਾਈ ਤੋਂ ਇਲਾਵਾ ਵਿਅਕਤੀਆਂ ਅਤੇ ਟੇਬਲਾਂ ਵਿਚਕਾਰ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਸੂਬੇ ਦੇ ਸਾਰੇ ਸ਼ਾਪਿੰਗ ਕੰਪਲੈਕਸ, ਮਾਲ ਅਤੇ ਸਿਨੇਮਾ 31 ਮਾਰਚ ਤਕ ਬੰਦ ਰਹਿਣਗੇ ਪਰ ਮਾਲਜ਼ ਵਿਚਲੀਆਂ ਕੈਮਿਸਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ•੍ਹਾਂ ਲੋਕਾਂ ਨੂੰ ਇਕ ਥਾਂ 'ਤੇ ਇਕੱਠੇ ਹੋਣ ਤੋਂ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਮੰਤਰੀ ਸਮੂਹ ਨੇ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀ/ਮੁਹੱਲਿਆਂ ਵਿਚ ਸਬਜ਼ੀ ਵੇਚਣ ਦੀ ਆਗਿਆ ਦੇ ਦਿੱਤੀ ਹੈ।

ਮੰਤਰੀ ਸਮੂਹ ਨੇ ਸਕੂਲ ਸਿੱਖਿਆ ਵਿਭਾਗ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇ ਪ੍ਰੀਖਿਆਵਾਂ ਕਰਵਾਉਣ ਦੀ ਸਖ਼ਤ ਜਰੂਰਤ ਹੈ ਤਾਂ ਉਹ ਸੰਸਥਾਵਾਂ ਅਤੇ ਸਕੂਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇਕ ਮੀਟਰ ਦੀ ਦੂਰੀ ਰੱਖੀ ਜਾਵੇ।

ਮੰਤਰੀ ਸਮੂਹ ਨੇ ਸੂਬੇ ਦੀ ਮੌਜੂਦਾ ਸਥਿਤੀ ਦਾ ਜਾਇਜ਼ ਲਿਆ ਅਤੇ ਨਿਰਧਾਰਤ ਦਵਾਈਆਂ ਦੀ ਉਪਲਬਧਤਾ ਅਤੇ ਮਹੱਤਵਪੂਰਨ ਸਥਾਨਾਂ 'ਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਦਾ ਵੀ ਜਾਇਜ਼ ਲਿਆ। ਮੰਤਰੀ ਸਮੂਹ ਨੇ ਇਸ ਤੱਥ 'ਤੇ ਗੰਭੀਰਤਾ ਜਾਹਰ ਕੀਤੀ ਕਿ ਕੋਵਿਡ-19 ਨੇ ਸਾਰੇ ਯੂਰਪ ਵਿੱਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਯੂਰਪ ਦੇ ਸਾਰੇ ਕਾਰੋਬਾਰ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂਨੂੰ ਬੰਦ ਕਰ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਮੰਤਰੀ ਸਮੂਹ ਦੇ ਮੈਂਬਰ ਸ੍ਰੀ ਓਮ ਪ੍ਰਕਾਸ਼ ਸੋਨੀ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ੍ਰੀਮਤੀ ਰਜ਼ੀਆ ਸੁਲਤਾਨਾ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀਕੇ ਤਿਵਾੜੀ, ਪੀਐੱਚਐੱਸਸੀ ਦੇ ਐੱਮਡੀ ਸ੍ਰੀ ਮਨਵੇਸ਼ ਸਿੰਘ ਸਿੱਧੂ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ ਸਾਮਲ ਸਨ।